ਯਿਸੂ ਵਾਂਗ “ਸ਼ਤਾਨ ਦਾ ਸਾਹਮਣਾ ਕਰੋ”
“ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।”—ਯਾਕੂ. 4:7.
1. ਉਤਪਤ 3:15 ਮੁਤਾਬਕ ਧਰਤੀ ਉੱਤੇ ਕਿਸ ਨੇ ਯਿਸੂ ਦਾ ਵਿਰੋਧ ਕਰਨਾ ਸੀ ਅਤੇ ਇਸ ਦਾ ਕੀ ਨਤੀਜਾ ਨਿਕਲਣਾ ਸੀ?
ਯਿਸੂ ਜਾਣਦਾ ਸੀ ਕਿ ਸ਼ਤਾਨ ਨੇ ਧਰਤੀ ਉੱਤੇ ਉਸ ਦਾ ਵਿਰੋਧ ਕਰਨਾ ਸੀ ਕਿਉਂਕਿ ਯਹੋਵਾਹ ਨੇ ਸ਼ਤਾਨ ਨੂੰ ਅਦਨ ਦੇ ਬਾਗ਼ ਵਿਚ ਕਿਹਾ ਸੀ: “ਤੇਰੇ ਤੇ ਤੀਵੀਂ ਵਿੱਚ [ਸਵਰਗ ਵਿਚ ਯਹੋਵਾਹ ਦੀ ਸੰਸਥਾ] ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ [ਯਿਸੂ ਮਸੀਹ] ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤ. 3:14, 15; ਪਰ. 12:9) ਯਿਸੂ ਦੀ ਅੱਡੀ ਨੂੰ ਡੰਗ ਮਾਰਨ ਦਾ ਮਤਲਬ ਇਹ ਸੀ ਕਿ ਉਸ ਨੂੰ ਥੋੜ੍ਹੇ ਹੀ ਦਿਨਾਂ ਲਈ ਮਾਰਿਆ ਜਾਣਾ ਸੀ। ਬਾਅਦ ਵਿਚ ਯਹੋਵਾਹ ਨੇ ਉਸ ਨੂੰ ਦੁਬਾਰਾ ਸਵਰਗ ਵਿਚ ਜ਼ਿੰਦਾ ਕਰ ਲੈਣਾ ਸੀ। ਪਰ ਸੱਪ ਦੇ ਸਿਰ ਨੂੰ ਫੇਹਣ ਦਾ ਮਤਲਬ ਇਹ ਸੀ ਕਿ ਉਸ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਣਾ ਸੀ।—ਰਸੂਲਾਂ ਦੇ ਕਰਤੱਬ 2:31, 32; ਇਬਰਾਨੀਆਂ 2:14 ਪੜ੍ਹੋ।
2. ਯਹੋਵਾਹ ਨੂੰ ਪੂਰਾ ਭਰੋਸਾ ਕਿਉਂ ਸੀ ਕਿ ਯਿਸੂ ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਕਾਮਯਾਬ ਹੋਵੇਗਾ?
2 ਯਹੋਵਾਹ ਨੂੰ ਯਿਸੂ ਉੱਤੇ ਪੂਰਾ ਭਰੋਸਾ ਸੀ ਕਿ ਉਹ ਧਰਤੀ ਉੱਤੇ ਵਫ਼ਾਦਾਰ ਰਹੇਗਾ ਅਤੇ ਸ਼ਤਾਨ ਦਾ ਸਾਮ੍ਹਣਾ ਕਰ ਪਾਵੇਗਾ। ਯਹੋਵਾਹ ਦਾ ਭਰੋਸਾ ਇੰਨਾ ਪੱਕਾ ਕਿਉਂ ਸੀ? ਕਿਉਂਕਿ ਯਹੋਵਾਹ ਯਿਸੂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਬਹੁਤ ਚਿਰ ਪਹਿਲਾਂ ਯਿਸੂ ਨੂੰ ਸਵਰਗ ਵਿਚ ਰਚਿਆ ਸੀ। ਇੰਨਾ ਸਮਾਂ ਇਕੱਠੇ ਰਹਿਣ ਕਰਕੇ ਯਹੋਵਾਹ ਜਾਣਦਾ ਸੀ ਕਿ ਉਸ ਦਾ “ਰਾਜ ਮਿਸਤਰੀ” ਅਤੇ “ਸਾਰੀ ਸਰਿਸ਼ਟ ਵਿੱਚੋਂ ਜੇਠਾ” ਪੁੱਤਰ ਆਗਿਆਕਾਰ ਅਤੇ ਵਫ਼ਾਦਾਰ ਸੀ। (ਕਹਾ. 8:22-31; ਕੁਲੁ. 1:15) ਸੋ ਜਦ ਯਿਸੂ ਨੂੰ ਧਰਤੀ ਉੱਤੇ ਭੇਜਿਆ ਗਿਆ ਸੀ ਅਤੇ ਸ਼ਤਾਨ ਨੇ ਮੌਤ ਤਕ ਉਸ ਦੀ ਵਫ਼ਾਦਾਰੀ ਪਰਖੀ, ਤਾਂ ਪਰਮੇਸ਼ੁਰ ਨੂੰ ਪੂਰਾ ਯਕੀਨ ਸੀ ਕਿ ਉਸ ਦਾ ਇਕਲੌਤਾ ਪੁੱਤਰ ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਕਾਮਯਾਬ ਹੋਵੇਗਾ।—ਯੂਹੰ. 3:16.
ਯਹੋਵਾਹ ਆਪਣੇ ਸੇਵਕਾਂ ਦੀ ਰਾਖੀ ਕਰਦਾ ਹੈ
3. ਸ਼ਤਾਨ ਯਹੋਵਾਹ ਦੇ ਸੇਵਕਾਂ ਦੇ ਪਿੱਛੇ ਕਿਉਂ ਪਿਆ ਹੋਇਆ ਹੈ?
3 ਯਿਸੂ ਨੇ ਸ਼ਤਾਨ ਨੂੰ “ਇਸ ਜਗਤ ਦਾ ਸਰਦਾਰ” ਕਿਹਾ ਸੀ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਸਤਾਇਆ ਜਾਵੇਗਾ ਜਿਸ ਤਰ੍ਹਾਂ ਉਸ ਨੂੰ ਸਤਾਇਆ ਗਿਆ ਸੀ। (ਯੂਹੰ. 12:31; 15:20) ਇਹ ਦੁਨੀਆਂ ਜੋ ਸ਼ਤਾਨ ਦੇ ਵਸ ਵਿਚ ਹੈ ਇਸ ਲਈ ਯਿਸੂ ਦੇ ਚੇਲਿਆਂ ਨਾਲ ਨਫ਼ਰਤ ਕਰਦੀ ਹੈ ਕਿਉਂਕਿ ਉਹ ਯਹੋਵਾਹ ਦੀ ਸੇਵਾ ਕਰਦੇ ਹਨ ਅਤੇ ਧਾਰਮਿਕਤਾ ਦਾ ਪ੍ਰਚਾਰ ਕਰਦੇ ਹਨ। (ਮੱਤੀ 24:9; 1 ਯੂਹੰ. 5:19) ਸ਼ਤਾਨ ਖ਼ਾਸ ਕਰਕੇ ਮਸਹ ਕੀਤੇ ਹੋਏ ਮਸੀਹੀਆਂ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਹੈ ਜਿਨ੍ਹਾਂ ਨੇ ਯਿਸੂ ਮਸੀਹ ਨਾਲ ਸਵਰਗ ਵਿਚ ਰਾਜ ਕਰਨਾ ਹੈ। ਸ਼ਤਾਨ ਯਹੋਵਾਹ ਦੇ ਉਨ੍ਹਾਂ ਸੇਵਕਾਂ ਦੇ ਵੀ ਪਿੱਛੇ ਪਿਆ ਹੋਇਆ ਹੈ ਜੋ ਧਰਤੀ ਉੱਤੇ ਹਮੇਸ਼ਾ ਲਈ ਜੀਣ ਦੀ ਉਮੀਦ ਰੱਖਦੇ ਹਨ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!”—1 ਪਤ. 5:8.
4. ਇਸ ਗੱਲ ਦਾ ਕੀ ਸਬੂਤ ਹੈ ਕਿ ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਕਾਮਯਾਬ ਹੋਏ ਹਾਂ?
4 ਇਕ ਸੰਸਥਾ ਵਜੋਂ ਯਹੋਵਾਹ ਪਰਮੇਸ਼ੁਰ ਸਾਡੀ ਰਾਖੀ ਕਰਦਾ ਹੈ ਅਤੇ ਇਸ ਕਰਕੇ ਅਸੀਂ ਸ਼ਤਾਨ ਦਾ ਸਾਮ੍ਹਣਾ ਕਰ ਪਾਉਂਦੇ ਹਾਂ। ਜ਼ਰਾ ਸੋਚੋ: ਪਿਛਲੇ 100 ਸਾਲਾਂ ਵਿਚ ਦੁਨੀਆਂ ਦੀਆਂ ਨਾਜ਼ੀ ਹਕੂਮਤ ਵਰਗੀਆਂ ਸਰਕਾਰਾਂ ਨੇ ਯਹੋਵਾਹ ਦੇ ਗਵਾਹਾਂ ਵਜੋਂ ਸਾਡਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਸਾਡੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਹੁਣ 70,00,000 ਦੇ ਕਰੀਬ ਹੈ ਤੇ ਦੁਨੀਆਂ ਭਰ ਵਿਚ ਸਾਡੀਆਂ 1,00,000 ਤੋਂ ਜ਼ਿਆਦਾ ਕਲੀਸਿਯਾਵਾਂ ਹਨ। ਜਿਨ੍ਹਾਂ ਹਕੂਮਤਾਂ ਨੇ ਸਾਨੂੰ ਖ਼ਤਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ ਹੁਣ ਉਹ ਖ਼ੁਦ ਖ਼ਤਮ ਹੋ ਚੁੱਕੀਆਂ ਹਨ!
5. ਪਰਮੇਸ਼ੁਰ ਦੇ ਲੋਕਾਂ ਲਈ ਯਸਾਯਾਹ 54:17 ਦਾ ਵਾਅਦਾ ਕਿਵੇਂ ਸੱਚਾ ਸਾਬਤ ਹੋਇਆ ਹੈ?
5 ਆਪਣੀ “ਤੀਵੀਂ” ਵਜੋਂ ਪ੍ਰਾਚੀਨ ਇਸਰਾਏਲ ਨਾਲ ਗੱਲ ਕਰਦੇ ਹੋਏ ਪਰਮੇਸ਼ੁਰ ਨੇ ਵਾਅਦਾ ਕੀਤਾ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗੀ,—ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਨ੍ਹਾਂ ਦਾ ਧਰਮ ਮੈਥੋਂ ਹੈ।” (ਯਸਾ. 54:11, 17) ਇਨ੍ਹਾਂ “ਅੰਤ ਦਿਆਂ ਦਿਨਾਂ” ਦੌਰਾਨ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਲੋਕਾਂ ਲਈ ਯਹੋਵਾਹ ਦਾ ਇਹ ਵਾਅਦਾ ਸੱਚਾ ਸਾਬਤ ਹੋਇਆ ਹੈ। (2 ਤਿਮੋ. 3:1-5, 13) ਅਸੀਂ ਸ਼ਤਾਨ ਦਾ ਸਾਮ੍ਹਣਾ ਕਰਦੇ ਹਾਂ ਅਤੇ ਸਾਡੇ ਵਿਰੁੱਧ ਉਸ ਦਾ ਕੋਈ ਵੀ ਹਥਿਆਰ ਕਾਮਯਾਬ ਨਹੀਂ ਹੋਇਆ ਕਿਉਂਕਿ ਯਹੋਵਾਹ ਸਾਡੇ ਨਾਲ ਹੈ।—ਜ਼ਬੂ. 118:6, 7.
6. ਦਾਨੀਏਲ ਦੀ ਭਵਿੱਖਬਾਣੀ ਸਾਨੂੰ ਸ਼ਤਾਨ ਦੇ ਰਾਜ ਬਾਰੇ ਕੀ ਦੱਸਦੀ ਹੈ?
6 ਸ਼ਤਾਨ ਦੀ ਦੁਨੀਆਂ ਦਾ ਅੰਤ ਬਹੁਤ ਜਲਦੀ ਕੀਤਾ ਜਾਵੇਗਾ। ਉਸ ਸਮੇਂ ਸ਼ਤਾਨ ਦਾ ਰਾਜ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ। ਦਾਨੀਏਲ ਨਬੀ ਨੇ ਭਵਿੱਖਬਾਣੀ ਕੀਤੀ ਸੀ: “ਉਨ੍ਹਾਂ ਰਾਜਿਆਂ ਦੇ ਦਿਨਾਂ [ਯਾਨੀ ਸਾਡੇ ਜ਼ਮਾਨੇ] ਵਿੱਚ ਅਕਾਸ਼ ਦਾ ਪਰਮੇਸ਼ੁਰ [ਸਵਰਗ ਵਿਚ] ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ [ਜੋ ਹੁਣ ਰਾਜ ਕਰ ਰਹੀਆਂ ਹਨ] ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀ. 2:44) ਜਦ ਇਹ ਭਵਿੱਖਬਾਣੀ ਪੂਰੀ ਹੋਵੇਗੀ, ਤਾਂ ਸ਼ਤਾਨ ਅਤੇ ਇਨਸਾਨਾਂ ਦਾ ਰਾਜ ਨਹੀਂ ਰਹੇਗਾ। ਸ਼ਤਾਨ ਦੀ ਦੁਨੀਆਂ ਦਾ ਨਾਮੋ-ਨਿਸ਼ਾਨ ਨਹੀਂ ਰਹੇਗਾ ਤੇ ਫਿਰ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਸਾਰੀ ਧਰਤੀ ਉੱਤੇ ਹੋਵੇਗਾ।—2 ਪਤਰਸ 3:7, 13 ਪੜ੍ਹੋ।
7. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਦਾ ਹਰ ਸੇਵਕ ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਕਾਮਯਾਬ ਹੋ ਸਕਦਾ ਹੈ?
7 ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਦੀ ਸੰਸਥਾ ਬਚੇਗੀ ਅਤੇ ਉਸ ਉੱਤੇ ਯਹੋਵਾਹ ਦੀ ਮਿਹਰ ਰਹੇਗੀ। (ਜ਼ਬੂਰਾਂ ਦੀ ਪੋਥੀ 125:1, 2 ਪੜ੍ਹੋ।) ਪਰ ਸਾਡੇ ਬਾਰੇ ਕੀ? ਬਾਈਬਲ ਸਾਨੂੰ ਦੱਸਦੀ ਹੈ ਕਿ ਹਰ ਮਸੀਹੀ ਯਿਸੂ ਦੀ ਤਰ੍ਹਾਂ ਸ਼ਤਾਨ ਦਾ ਸਾਮ੍ਹਣਾ ਕਰ ਸਕਦਾ ਹੈ। ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਦੇਖਿਆ ਸੀ ਕਿ ਸ਼ਤਾਨ ਦੀ ਵਿਰੋਧਤਾ ਦੇ ਬਾਵਜੂਦ “ਇੱਕ ਵੱਡੀ ਭੀੜ,” ਜਿਸ ਦੀ ਧਰਤੀ ਉੱਤੇ ਰਹਿਣ ਦੀ ਉਮੀਦ ਹੈ, ਦੁਨੀਆਂ ਦੇ ਅੰਤ ਵਿੱਚੋਂ ਬਚੇਗੀ। ਬਾਈਬਲ ਅਨੁਸਾਰ ਇਹ ਲੋਕ ਕਹਿੰਦੇ ਹਨ: “ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ [ਯਾਨੀ ਯਿਸੂ ਮਸੀਹ] ਵੱਲੋਂ ਹੈ!” (ਪਰ. 7:9-14) ਮਸਹ ਕੀਤੇ ਹੋਏ ਮਸੀਹੀਆਂ ਬਾਰੇ ਦੱਸਿਆ ਹੈ ਕਿ ਉਹ ਸ਼ਤਾਨ ਉੱਤੇ ਜਿੱਤ ਪ੍ਰਾਪਤ ਕਰਨਗੇ ਅਤੇ ‘ਹੋਰ ਭੇਡਾਂ’ ਵੀ ਉਸ ਦਾ ਸਾਮ੍ਹਣਾ ਕਰਨ ਵਿਚ ਕਾਮਯਾਬ ਹੋਣਗੀਆਂ। (ਯੂਹੰ. 10:16; ਪਰ. 12:10, 11) ਪਰ ਕਾਮਯਾਬ ਹੋਣ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਅੱਗੇ ‘ਦੁਸ਼ਟ ਤੋਂ ਬਚਾਏ ਜਾਣ’ ਦੀਆਂ ਮਿੰਨਤਾਂ ਕਰੀਏ ਅਤੇ ਸ਼ਤਾਨ ਦਾ ਸਾਮ੍ਹਣਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।—ਮੱਤੀ 6:13, ERV.
ਸ਼ਤਾਨ ਦਾ ਸਾਮ੍ਹਣਾ ਕਰਨ ਦੀ ਉੱਤਮ ਮਿਸਾਲ
8. ਉਜਾੜ ਵਿਚ ਸ਼ਤਾਨ ਨੇ ਯਿਸੂ ਨੂੰ ਕਿਵੇਂ ਪਰਤਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਯਿਸੂ ਨੇ ਕੀ ਜਵਾਬ ਦਿੱਤਾ ਸੀ?
8 ਸ਼ਤਾਨ ਨੇ ਯਿਸੂ ਨੂੰ ਯਹੋਵਾਹ ਦੇ ਖ਼ਿਲਾਫ਼ ਕਰਨ ਦੀ ਕੋਸ਼ਿਸ਼ ਕੀਤੀ। ਉਜਾੜ ਵਿਚ ਸ਼ਤਾਨ ਨੇ ਯਹੋਵਾਹ ਦੇ ਹੁਕਮ ਤੋੜਨ ਲਈ ਯਿਸੂ ਨੂੰ ਪਰਤਾਇਆ। ਪਰ ਯਿਸੂ ਨੇ ਸ਼ਤਾਨ ਦਾ ਸਾਮ੍ਹਣਾ ਕਰਨ ਦੀ ਉੱਤਮ ਮਿਸਾਲ ਕਾਇਮ ਕੀਤੀ। 40 ਦਿਨਾਂ ਤੇ 40 ਰਾਤਾਂ ਤਕ ਵਰਤ ਰੱਖਣ ਤੋਂ ਬਾਅਦ ਯਿਸੂ ਨੂੰ ਬਹੁਤ ਭੁੱਖ ਲੱਗੀ ਹੋਣੀ। ਇਸ ਦਾ ਫ਼ਾਇਦਾ ਉਠਾਉਣ ਲਈ ਸ਼ਤਾਨ ਨੇ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਕਹੁ ਜੋ ਏਹ ਪੱਥਰ ਰੋਟੀਆਂ ਬਣ ਜਾਣ।” ਪਰ ਯਿਸੂ ਨੇ ਆਪਣੇ ਸੁਆਰਥ ਲਈ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਤੋਂ ਇਨਕਾਰ ਕੀਤਾ। ਉਸ ਨੇ ਜਵਾਬ ਦਿੱਤਾ: “ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।”—ਮੱਤੀ 4:1-4; ਬਿਵ. 8:3.
9. ਭਾਵੇਂ ਸ਼ਤਾਨ ਸਾਡੀਆਂ ਕੁਦਰਤੀ ਇੱਛਾਵਾਂ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਸਾਨੂੰ ਕੀ ਕਰਨਾ ਚਾਹੀਦਾ ਹੈ?
9 ਸ਼ਤਾਨ ਅੱਜ ਵੀ ਯਹੋਵਾਹ ਦੇ ਸੇਵਕਾਂ ਦੀਆਂ ਕੁਦਰਤੀ ਇੱਛਾਵਾਂ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਸਾਨੂੰ ਠਾਣ ਲੈਣਾ ਚਾਹੀਦਾ ਹੈ ਕਿ ਅਸੀਂ ਗੰਦੇ ਕੰਮਾਂ ਵਿਚ ਨਹੀਂ ਪਵਾਂਗੇ। ਦੁਨੀਆਂ ਵਿਚ ਗੰਦੇ ਕੰਮ ਆਮ ਹਨ ਅਤੇ ਸਾਨੂੰ ਇਨ੍ਹਾਂ ਵੱਲ ਖਿੱਚੇ ਜਾਣ ਤੋਂ ਬਚਣਾ ਚਾਹੀਦਾ ਹੈ। ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਕਹਿੰਦਾ ਹੈ: “ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, . . . ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।” (1 ਕੁਰਿੰ. 6:9, 10) ਤਾਂ ਫਿਰ ਜਿਹੜੇ ਬਦਚਲਣ ਲੋਕ ਬਦਲਣ ਤੋਂ ਇਨਕਾਰ ਕਰਦੇ ਹਨ ਉਨ੍ਹਾਂ ਲਈ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਕੋਈ ਜਗ੍ਹਾ ਨਹੀਂ ਹੋਵੇਗੀ।
10. ਮੱਤੀ 4:5, 6 ਦੇ ਅਨੁਸਾਰ ਸ਼ਤਾਨ ਨੇ ਯਿਸੂ ਨੂੰ ਹੋਰ ਕਿਸ ਤਰ੍ਹਾਂ ਪਰਤਾਉਣ ਦੀ ਕੋਸ਼ਿਸ਼ ਕੀਤੀ ਸੀ?
10 ਉਜਾੜ ਵਿਚ ਯਿਸੂ ਦੇ ਇਕ ਹੋਰ ਪਰਤਾਵੇ ਬਾਰੇ ਬਾਈਬਲ ਕਹਿੰਦੀ ਹੈ: “ਸ਼ਤਾਨ ਉਹ ਨੂੰ ਪਵਿੱਤ੍ਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੈਕਲ ਦੇ ਕਿੰਗਰੇ ਉੱਤੇ ਖੜਾ ਕਰ ਕੇ ਉਹ ਨੂੰ ਕਿਹਾ, ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦਿਹ ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।” (ਮੱਤੀ 4:5, 6) ਸ਼ਤਾਨ ਦਾ ਦਾਅਵਾ ਸੀ ਕਿ ਇਸ ਵੱਡੇ ਚਮਤਕਾਰ ਰਾਹੀਂ ਯਿਸੂ ਸਾਬਤ ਕਰ ਸਕੇਗਾ ਕਿ ਉਹ ਸੱਚ-ਮੁੱਚ ਮਸੀਹਾ ਹੈ। ਪਰ ਅਸਲ ਵਿਚ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਗ਼ਲਤ ਸੀ ਅਤੇ ਇਹ ਪਰਮੇਸ਼ੁਰ ਨੂੰ ਭੋਰਾ ਵੀ ਪਸੰਦ ਨਹੀਂ ਹੋਣਾ ਸੀ। ਸੋ ਇਕ ਵਾਰ ਫਿਰ ਯਿਸੂ ਯਹੋਵਾਹ ਦੇ ਵਫ਼ਾਦਾਰ ਰਿਹਾ ਅਤੇ ਉਸ ਨੇ ਬਾਈਬਲ ਦਾ ਹਵਾਲਾ ਦਿੰਦੇ ਹੋਏ ਕਿਹਾ: “ਇਹ ਭੀ ਲਿਖਿਆ ਹੈ ਜੋ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਨਾ ਪਰਤਾ।”—ਮੱਤੀ 4:7; ਬਿਵ. 6:16.
11. ਸ਼ਤਾਨ ਸ਼ਾਇਦ ਸਾਨੂੰ ਕਿਸ ਤਰ੍ਹਾਂ ਪਰਤਾਵੇ ਅਤੇ ਇਸ ਦਾ ਅੰਜਾਮ ਕੀ ਹੋ ਸਕਦਾ ਹੈ?
11 ਸ਼ਤਾਨ ਸ਼ਾਇਦ ਸਾਨੂੰ ਆਪਣੀ ਵਡਿਆਈ ਕਰਨ ਲਈ ਪਰਤਾਵੇ। ਉਹ ਸ਼ਾਇਦ ਸਾਡੇ ਮਨ ਵਿਚ ਦੁਨੀਆਂ ਦੇ ਲੋਕਾਂ ਵਾਂਗ ਫ਼ੈਸ਼ਨ ਕਰਨ ਦਾ ਲਾਲਚ ਪਾਵੇ ਜਾਂ ਸਾਨੂੰ ਅਜਿਹਾ ਮਨੋਰੰਜਨ ਕਰਨ ਲਈ ਭਰਮਾਵੇ ਜੋ ਪਰਮੇਸ਼ੁਰ ਨੂੰ ਪਸੰਦ ਨਹੀਂ ਹੈ। ਜੇ ਅਸੀਂ ਜਾਣ-ਬੁੱਝ ਕੇ ਬਾਈਬਲ ਦੀ ਸਲਾਹ ਨੂੰ ਠੁਕਰਾ ਕੇ ਦੁਨੀਆਂ ਦੀ ਰੀਸ ਕਰਾਂਗੇ, ਤਾਂ ਕੀ ਅਸੀਂ ਇਹ ਉਮੀਦ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਦੂਤ ਬੁਰੇ ਅੰਜਾਮ ਤੋਂ ਸਾਡੀ ਰਾਖੀ ਕਰਨਗੇ? ਭਾਵੇਂ ਰਾਜਾ ਦਾਊਦ ਨੂੰ ਬਥ-ਸ਼ਬਾ ਨਾਲ ਕੀਤੇ ਪਾਪ ਦਾ ਪਛਤਾਵਾ ਸੀ, ਫਿਰ ਵੀ ਉਸ ਨੂੰ ਆਪਣੀ ਕਰਨੀ ਦੀ ਸਜ਼ਾ ਭੁਗਤਣੀ ਪਈ। (2 ਸਮੂ. 12:9-12) ਸਾਨੂੰ ਵੀ ਗ਼ਲਤ ਕੰਮਾਂ ਰਾਹੀਂ ਯਹੋਵਾਹ ਨੂੰ ਪਰਤਾਉਣਾ ਨਹੀਂ ਚਾਹੀਦਾ ਜਿਵੇਂ ਕਿ ਦੁਨੀਆਂ ਨਾਲ ਦੋਸਤੀ ਕਰ ਕੇ।—ਯਾਕੂਬ 4:4; 1 ਯੂਹੰਨਾ 2:15-17 ਪੜ੍ਹੋ।
12. ਮੱਤੀ 4:8, 9 ਵਿਚ ਸ਼ਤਾਨ ਨੇ ਯਿਸੂ ਨੂੰ ਕਿਸ ਚੀਜ਼ ਦਾ ਲਾਲਚ ਦਿੱਤਾ ਅਤੇ ਯਿਸੂ ਦਾ ਕੀ ਜਵਾਬ ਸੀ?
12 ਸ਼ਤਾਨ ਨੇ ਯਿਸੂ ਨੂੰ ਦੁਨੀਆਂ ਦਾ ਰਾਜਾ ਬਣਨ ਦਾ ਲਾਲਚ ਦੇਣ ਦੀ ਕੋਸ਼ਿਸ਼ ਵੀ ਕੀਤੀ। ਉਸ ਨੇ ਉਸ ਨੂੰ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਦਿਖਾਈਆਂ ਅਤੇ ਕਿਹਾ: “ਜੇ ਤੂੰ ਨਿਉਂ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸੱਭੋ ਕੁਝ ਮੈਂ ਤੈਨੂੰ ਦੇ ਦਿਆਂਗਾ।” (ਮੱਤੀ 4:8, 9) ਸ਼ਤਾਨ ਦੀ ਇੰਨੀ ਜੁਰਅਤ ਕਿ ਯਿਸੂ ਯਹੋਵਾਹ ਦੀ ਬਜਾਇ ਉਸ ਦੀ ਭਗਤੀ ਕਰੇ ਅਤੇ ਇਸ ਤਰ੍ਹਾਂ ਯਹੋਵਾਹ ਤੋਂ ਮੂੰਹ ਮੋੜ ਲਵੇ! ਭਾਵੇਂ ਸ਼ਤਾਨ ਪਹਿਲਾਂ ਇਕ ਵਫ਼ਾਦਾਰ ਫ਼ਰਿਸ਼ਤਾ ਹੁੰਦਾ ਸੀ, ਪਰ ਉਸ ਨੇ ਰੱਬ ਦੀ ਜਗ੍ਹਾ ਲੈਣੀ ਚਾਹੀ। ਇਸ ਲਾਲਚ ਦੇ ਕਾਰਨ ਉਹ ਪਾਪ ਵਿਚ ਪੈ ਗਿਆ ਅਤੇ ਸ਼ਤਾਨ ਬਣ ਗਿਆ। (ਯਾਕੂ. 1:14, 15) ਇਸ ਦੇ ਉਲਟ ਯਿਸੂ ਨੇ ਆਪਣੇ ਪਿਤਾ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਠਾਣ ਲਈ ਸੀ ਅਤੇ ਇਸ ਲਈ ਉਸ ਨੇ ਕਿਹਾ: ‘ਹੇ ਸ਼ਤਾਨ ਚੱਲਿਆ ਜਾਹ! ਕਿਉਂ ਜੋ ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।’ ਯਿਸੂ ਨੇ ਇਕ ਵਾਰ ਫਿਰ ਸ਼ਤਾਨ ਦਾ ਸਾਮ੍ਹਣਾ ਕੀਤਾ। ਪਰਮੇਸ਼ੁਰ ਦਾ ਪੁੱਤਰ ਸ਼ਤਾਨ ਦੀ ਦੁਨੀਆਂ ਤੋਂ ਕੁਝ ਨਹੀਂ ਚਾਹੁੰਦਾ ਸੀ ਅਤੇ ਉਹ ਉਸ ਦੁਸ਼ਟ ਦੇ ਅੱਗੇ ਕਦੀ ਵੀ ਨਹੀਂ ਝੁਕੇਗਾ!—ਮੱਤੀ 4:10; ਬਿਵ. 6:13; 10:20.
“ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ”
13, 14. (ੳ) ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਦਿਖਾ ਕੇ ਸ਼ਤਾਨ ਯਿਸੂ ਨੂੰ ਕੀ ਪੇਸ਼ ਕਰ ਰਿਹਾ ਸੀ? (ਅ) ਸ਼ਤਾਨ ਸਾਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਿਵੇਂ ਕਰਦਾ ਹੈ?
13 ਜਦ ਸ਼ਤਾਨ ਨੇ ਯਿਸੂ ਨੂੰ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਦਿਖਾਈਆਂ ਸਨ, ਤਾਂ ਉਹ ਉਸ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਇਨਸਾਨ ਬਣਨ ਦਾ ਮੌਕਾ ਦੇ ਰਿਹਾ ਸੀ। ਸ਼ਤਾਨ ਦੀ ਇਹ ਉਮੀਦ ਸੀ ਕਿ ਜੋ ਯਿਸੂ ਨੇ ਦੇਖਿਆ ਉਹ ਉਸ ਨੂੰ ਚੰਗਾ ਲੱਗੇ ਅਤੇ ਉਸ ਵਿਚ ਧਰਤੀ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਬਣਨ ਦੀ ਇੱਛਾ ਪੈਦਾ ਕਰੇ। ਸ਼ਤਾਨ ਅੱਜ ਸਾਨੂੰ ਪਾਤਸ਼ਾਹੀਆਂ ਪੇਸ਼ ਨਹੀਂ ਕਰਦਾ, ਪਰ ਉਹ ਸਾਡੀਆਂ ਅੱਖਾਂ, ਕੰਨਾਂ ਅਤੇ ਮਨਾਂ ਰਾਹੀਂ ਸਾਡੇ ਦਿਲਾਂ ਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ।
14 ਇਹ ਦੁਨੀਆਂ ਸ਼ਤਾਨ ਦੇ ਵਸ ਵਿਚ ਹੈ ਅਤੇ ਇਸ ਦੀ ਮੀਡੀਆ ਉੱਤੇ ਵੀ ਉਸ ਦਾ ਪੂਰੇ ਕੰਟਰੋਲ ਹੈ। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਕਿ ਦੁਨੀਆਂ ਦੇ ਲੋਕ ਜੋ ਦੇਖਦੇ, ਸੁਣਦੇ ਅਤੇ ਪੜ੍ਹਦੇ ਹਨ ਉਹ ਬਦਚਲਣੀ ਅਤੇ ਹਿੰਸਾ ਨਾਲ ਭਰਿਆ ਹੋਇਆ ਹੈ। ਇਹ ਦੁਨੀਆਂ ਅਜਿਹੀਆਂ ਨਵੀਆਂ ਤੋਂ ਨਵੀਆਂ ਚੀਜ਼ਾਂ ਖ਼ਰੀਦਣ ਦੀ ਖ਼ਾਹਸ਼ ਪੈਦਾ ਕਰਦੀ ਹੈ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੁੰਦੀ। ਇਸ ਤਰ੍ਹਾਂ ਸ਼ਤਾਨ ਸਾਨੂੰ ਮਾਇਆ ਦੇ ਜਾਲ ਵਿਚ ਫਸਾਉਣਾ ਚਾਹੁੰਦਾ ਹੈ। ਉਹ ਸਾਡੀਆਂ ਅੱਖਾਂ, ਕੰਨਾਂ ਅਤੇ ਮਨਾਂ ਰਾਹੀਂ ਸਾਨੂੰ ਚੀਜ਼ਾਂ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਦ ਅਸੀਂ ਅਜਿਹਾ ਕੁਝ ਦੇਖਣ, ਸੁਣਨ ਤੇ ਪੜ੍ਹਨ ਤੋਂ ਇਨਕਾਰ ਕਰਦੇ ਹਾਂ ਜੋ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹੈ, ਤਾਂ ਅਸੀਂ ਵੀ ਸ਼ਤਾਨ ਨੂੰ ਕਹਿ ਰਹੇ ਹਾਂ: “ਹੇ ਸ਼ਤਾਨ ਚੱਲਿਆ ਜਾਹ!” ਇਸ ਤਰ੍ਹਾਂ ਅਸੀਂ ਯਿਸੂ ਵਾਂਗ ਠਾਣ ਲੈਂਦੇ ਹਾਂ ਕਿ ਅਸੀਂ ਸ਼ਤਾਨ ਦੀ ਬੁਰੀ ਦੁਨੀਆਂ ਦਾ ਕੋਈ ਹਿੱਸਾ ਨਹੀਂ ਚਾਹੁੰਦੇ। ਜੇ ਅਸੀਂ ਕੰਮ ਦੀ ਥਾਂ ਤੇ, ਸਕੂਲੇ, ਆਂਢ-ਗੁਆਂਢ ਵਿਚ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਦਲੇਰੀ ਨਾਲ ਦੱਸੀਏ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸ਼ਤਾਨ ਦੀ ਦੁਨੀਆਂ ਨਾਲ ਸਾਡਾ ਕੋਈ ਮੇਲ ਨਹੀਂ।—ਮਰਕੁਸ 8:38 ਪੜ੍ਹੋ।
15. ਸ਼ਤਾਨ ਦਾ ਸਾਮ੍ਹਣਾ ਕਰਨ ਲਈ ਸਾਨੂੰ ਹਰ ਵੇਲੇ ਚੌਕਸ ਕਿਉਂ ਰਹਿਣ ਦੀ ਲੋੜ ਹੈ?
15 ਯਿਸੂ ਨੂੰ ਪਰਤਾਉਣ ਦੇ ਤੀਜੇ ਜਤਨ ਵਿਚ ਨਾਕਾਮਯਾਬ ਹੋਣ ਤੋਂ ਬਾਅਦ “ਸ਼ਤਾਨ ਉਹ ਨੂੰ ਛੱਡ ਗਿਆ।” (ਮੱਤੀ 4:11) ਪਰ ਸ਼ਤਾਨ ਨੇ ਹਾਰ ਨਹੀਂ ਮੰਨੀ ਕਿਉਂਕਿ ਅਸੀਂ ਪੜ੍ਹਦੇ ਹਾਂ ਕਿ “ਸ਼ਤਾਨ ਜਾਂ [ਉਜਾੜ ਵਿਚ] ਸਾਰਾ ਪਰਤਾਵਾ ਕਰ ਹਟਿਆ ਤਾਂ ਕੁਝ ਚਿਰ ਤੀਕਰ ਉਸ ਕੋਲੋਂ ਦੂਰ ਰਿਹਾ।” (ਲੂਕਾ 4:13) ਜਦ ਅਸੀਂ ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਕਾਮਯਾਬ ਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ। ਸਾਨੂੰ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਤਾਨ ਮੌਕਾ ਮਿਲਣ ਤੇ ਸਾਨੂੰ ਕਿਸੇ ਵੀ ਵੇਲੇ ਪਰਤਾ ਸਕਦਾ ਹੈ, ਅਜਿਹੇ ਵੇਲੇ ਵੀ ਜਦ ਅਸੀਂ ਉਸ ਦੀ ਉਮੀਦ ਨਹੀਂ ਰੱਖਦੇ। ਇਸ ਲਈ ਸਾਨੂੰ ਹਰ ਵੇਲੇ ਚੌਕਸ ਰਹਿਣਾ ਚਾਹੀਦਾ ਹੈ ਅਤੇ ਜਿਹੜੇ ਵੀ ਪਰਤਾਵੇ ਸਾਡੇ ਉੱਤੇ ਆਉਣ ਸਾਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ।
16. ਯਹੋਵਾਹ ਸਾਨੂੰ ਕਿਹੜੀ ਸ਼ਕਤੀ ਦਿੰਦਾ ਹੈ ਅਤੇ ਸਾਨੂੰ ਇਸ ਲਈ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
16 ਸ਼ਤਾਨ ਦਾ ਸਾਮ੍ਹਣਾ ਕਰਨ ਲਈ ਸਾਨੂੰ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਫਿਰ ਪਰਮੇਸ਼ੁਰ ਸਾਨੂੰ ਆਪਣੀ ਸ਼ਕਤੀ ਦੇਵੇਗਾ। ਇਸ ਸ਼ਕਤੀ ਨਾਲ ਅਸੀਂ ਉਹ ਕੰਮ ਕਰ ਸਕਾਂਗੇ ਜੋ ਆਪਣੀ ਤਾਕਤ ਵਿਚ ਨਹੀਂ ਹੋ ਸਕਦਾ। ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਮਿਲ ਸਕੇਗੀ ਜਦ ਉਸ ਨੇ ਕਿਹਾ: “ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ [ਯਾਨੀ ਸ਼ਕਤੀ] ਦੇਵੇਗਾ!” (ਲੂਕਾ 11:13) ਆਓ ਆਪਾਂ ਯਹੋਵਾਹ ਤੋਂ ਉਸ ਦੀ ਸ਼ਕਤੀ ਮੰਗਦੇ ਰਹੀਏ। ਇਸ ਵੱਡੀ ਸ਼ਕਤੀ ਨਾਲ ਅਸੀਂ ਨਾ ਸਿਰਫ਼ ਸ਼ਤਾਨ ਦਾ ਸਾਮ੍ਹਣਾ ਕਰ ਸਕਾਂਗੇ, ਪਰ ਉਸ ਉੱਤੇ ਜਿੱਤ ਵੀ ਪ੍ਰਾਪਤ ਕਰ ਸਕਾਂਗੇ। ਦਿਲੋਂ ਅਤੇ ਬਾਕਾਇਦਾ ਪ੍ਰਾਰਥਨਾ ਕਰਨ ਦੇ ਨਾਲ-ਨਾਲ ਸਾਨੂੰ ਪਰਮੇਸ਼ੁਰ ਦੇ ਸਾਰੇ ਸ਼ਸਤਰ-ਬਸਤਰ ਪਹਿਨਣੇ ਚਾਹੀਦੇ ਹਨ ਤਾਂ ਜੋ ‘ਅਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੀਏ।’—ਅਫ਼. 6:11-18.
17. ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਹੋਰ ਕਿਹੜੀ ਚੀਜ਼ ਨੇ ਯਿਸੂ ਦੀ ਮਦਦ ਕੀਤੀ ਸੀ?
17 ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਇਕ ਹੋਰ ਚੀਜ਼ ਨੇ ਵੀ ਯਿਸੂ ਦੀ ਮਦਦ ਕੀਤੀ ਸੀ ਅਤੇ ਇਹ ਸਾਡੀ ਵੀ ਮਦਦ ਕਰ ਸਕਦੀ ਹੈ। ਬਾਈਬਲ ਕਹਿੰਦੀ ਹੈ ਕਿ ਯਿਸੂ ਨੇ “ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।” (ਇਬ. 12:2) ਸਾਨੂੰ ਵੀ ਯਿਸੂ ਵਾਂਗ ਅਜਿਹੀ ਖ਼ੁਸ਼ੀ ਮਿਲ ਸਕਦੀ ਹੈ ਜੇ ਅਸੀਂ ਯਹੋਵਾਹ ਦੇ ਰਾਜ ਕਰਨ ਦੇ ਅਧਿਕਾਰ ਨੂੰ ਸਵੀਕਾਰ ਕਰੀਏ, ਉਸ ਦੇ ਨਾਂ ਨੂੰ ਉੱਚਾ ਕਰੀਏ ਅਤੇ ਹਮੇਸ਼ਾ ਦੀ ਜ਼ਿੰਦਗੀ ਦੇ ਇਨਾਮ ਵੱਲ ਤੱਕਦੇ ਰਹੀਏ। ਅਸੀਂ ਉਸ ਸਮੇਂ ਲਈ ਉਤਾਵਲੇ ਹਾਂ ਜਦ ਸ਼ਤਾਨ ਤੇ ਉਸ ਦੇ ਸਾਰੇ ਕੰਮਾਂ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ। ਉਹ ਸਮਾਂ ਕਿੰਨਾ ਖ਼ੁਸ਼ੀਆਂ ਭਰਿਆ ਹੋਵੇਗਾ ਜਦ “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ”! (ਜ਼ਬੂ. 37:11) ਇਸ ਲਈ ਆਓ ਆਪਾਂ ਵੀ ਯਿਸੂ ਦੀ ਤਰ੍ਹਾਂ ਸ਼ਤਾਨ ਦਾ ਸਾਮ੍ਹਣਾ ਕਰਦੇ ਰਹੀਏ।—ਯਾਕੂਬ 4:7, 8 ਪੜ੍ਹੋ।
ਤੁਸੀਂ ਕੀ ਜਵਾਬ ਦਿਓਗੇ?
• ਕੀ ਸਬੂਤ ਹੈ ਕਿ ਯਹੋਵਾਹ ਆਪਣੇ ਸੇਵਕਾਂ ਦੀ ਰਾਖੀ ਕਰਦਾ ਹੈ?
• ਯਿਸੂ ਨੇ ਸ਼ਤਾਨ ਦਾ ਸਾਮ੍ਹਣਾ ਕਰਨ ਦੀ ਮਿਸਾਲ ਕਿਵੇਂ ਕਾਇਮ ਕੀਤੀ?
• ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਸ਼ਤਾਨ ਦਾ ਸਾਮ੍ਹਣਾ ਕਰ ਸਕਦੇ ਹੋ?
[ਸਫ਼ਾ 29 ਉੱਤੇ ਤਸਵੀਰ]
ਦੁਨੀਆਂ ਨਾਲ ਦੋਸਤੀ ਕਰ ਕੇ ਅਸੀਂ ਪਰਮੇਸ਼ੁਰ ਦੇ ਵੈਰੀ ਬਣ ਜਾਂਦੇ ਹਾਂ
[ਸਫ਼ਾ 31 ਉੱਤੇ ਤਸਵੀਰ]
ਜਦ ਸ਼ਤਾਨ ਨੇ ਯਿਸੂ ਨੂੰ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਪੇਸ਼ ਕੀਤੀਆਂ, ਤਾਂ ਉਸ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ