ਜ਼ਕਰਯਾਹ
11 “ਹੇ ਲਬਾਨੋਨ, ਆਪਣੇ ਦਰਵਾਜ਼ੇ ਖੋਲ੍ਹ
ਤਾਂਕਿ ਅੱਗ ਤੇਰੇ ਦਿਆਰਾਂ ਨੂੰ ਭਸਮ ਕਰ ਦੇਵੇ।
2 ਹੇ ਸਨੋਬਰ ਦੇ ਦਰਖ਼ਤ, ਕੀਰਨੇ ਪਾ ਕਿਉਂਕਿ ਦਿਆਰ ਡਿਗ ਗਿਆ ਹੈ;
ਵੱਡੇ-ਵੱਡੇ ਦਰਖ਼ਤ ਨਸ਼ਟ ਹੋ ਗਏ ਹਨ!
ਹੇ ਬਾਸ਼ਾਨ ਦੇ ਬਲੂਤੋ, ਵੈਣ ਪਾਓ
ਕਿਉਂਕਿ ਸੰਘਣਾ ਜੰਗਲ ਤਬਾਹ ਹੋ ਗਿਆ ਹੈ!
3 ਚਰਵਾਹਿਆਂ ਦੇ ਕੀਰਨੇ ਸੁਣੋ
ਕਿਉਂਕਿ ਉਨ੍ਹਾਂ ਦੀ ਸ਼ਾਨ ਮਿਟ ਗਈ ਹੈ।
ਜਵਾਨ ਸ਼ੇਰਾਂ ਦੇ ਗਰਜਣ ਦੀ ਆਵਾਜ਼ ਸੁਣੋ
ਕਿਉਂਕਿ ਯਰਦਨ ਕਿਨਾਰੇ ਦੀਆਂ ਸੰਘਣੀਆਂ ਝਾੜੀਆਂ ਨਸ਼ਟ ਹੋ ਗਈਆਂ ਹਨ।
4 “ਮੇਰਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਵੱਢੇ ਜਾਣ ਵਾਲੇ ਝੁੰਡ ਦੀ ਚਰਵਾਹੀ ਕਰ+ 5 ਜਿਸ ਨੂੰ ਖ਼ਰੀਦਣ ਵਾਲੇ ਵੱਢ ਦਿੰਦੇ ਹਨ,+ ਪਰ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਂਦਾ। ਅਤੇ ਵੇਚਣ ਵਾਲੇ+ ਕਹਿੰਦੇ ਹਨ, “ਯਹੋਵਾਹ ਦੀ ਮਹਿਮਾ ਹੋਵੇ ਕਿਉਂਕਿ ਮੈਂ ਮਾਲਾਮਾਲ ਹੋ ਜਾਵਾਂਗਾ।” ਭੇਡਾਂ ਦੇ ਚਰਵਾਹਿਆਂ ਨੂੰ ਉਨ੍ਹਾਂ ʼਤੇ ਜ਼ਰਾ ਵੀ ਤਰਸ ਨਹੀਂ ਆਉਂਦਾ।’+
6 “‘ਮੈਂ ਹੁਣ ਤੋਂ ਦੇਸ਼ ਦੇ ਵਾਸੀਆਂ ʼਤੇ ਤਰਸ ਨਹੀਂ ਕਰਾਂਗਾ,’ ਯਹੋਵਾਹ ਕਹਿੰਦਾ ਹੈ। ‘ਇਸ ਲਈ ਮੈਂ ਹਰੇਕ ਆਦਮੀ ਨੂੰ ਉਸ ਦੇ ਗੁਆਂਢੀ ਅਤੇ ਉਸ ਦੇ ਰਾਜੇ ਦੇ ਹਵਾਲੇ ਕਰ ਦੇਵਾਂਗਾ; ਅਤੇ ਉਹ ਦੇਸ਼ ਨੂੰ ਤਬਾਹ ਕਰ ਦੇਣਗੇ ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਹੱਥੋਂ ਨਹੀਂ ਛੁਡਾਵਾਂਗਾ।’”
7 ਹੇ ਸਤਾਈ ਹੋਈਓ ਭੇਡੋ, ਤੁਹਾਡੀ ਖ਼ਾਤਰ ਮੈਂ ਵੱਢੇ ਜਾਣ ਵਾਲੇ ਝੁੰਡ ਦੀ ਚਰਵਾਹੀ ਕਰਨ ਲੱਗ ਪਿਆ।+ ਮੈਂ ਦੋ ਲਾਠੀਆਂ ਲਈਆਂ ਅਤੇ ਮੈਂ ਇਕ ਦਾ ਨਾਂ “ਮਿਹਰ” ਰੱਖਿਆ ਤੇ ਦੂਜੀ ਦਾ ਨਾਂ “ਏਕਤਾ” ਰੱਖਿਆ+ ਅਤੇ ਮੈਂ ਝੁੰਡ ਦੀ ਚਰਵਾਹੀ ਕਰਨ ਲੱਗ ਪਿਆ। 8 ਮੈਂ ਇੱਕੋ ਮਹੀਨੇ ਵਿਚ ਤਿੰਨ ਚਰਵਾਹੇ ਕੱਢ ਦਿੱਤੇ ਕਿਉਂਕਿ ਮੈਂ ਉਨ੍ਹਾਂ ਤੋਂ ਖਿਝ ਗਿਆ ਸੀ ਅਤੇ ਉਹ ਵੀ ਮੇਰੇ ਨਾਲ ਨਫ਼ਰਤ ਕਰਦੇ ਸਨ। 9 ਮੈਂ ਕਿਹਾ: “ਮੈਂ ਅੱਗੇ ਤੋਂ ਤੁਹਾਡੀ ਚਰਵਾਹੀ ਨਹੀਂ ਕਰਾਂਗਾ। ਜਿਹੜਾ ਮਰਦਾ ਹੈ, ਮਰੀ ਜਾਵੇ ਅਤੇ ਜਿਹੜਾ ਨਾਸ਼ ਹੁੰਦਾ ਹੈ, ਨਾਸ਼ ਹੋਈ ਜਾਵੇ। ਜਿਹੜੇ ਬਚ ਜਾਣ, ਉਹ ਇਕ-ਦੂਜੇ ਦਾ ਮਾਸ ਖਾਣ।” 10 ਫਿਰ ਮੈਂ “ਮਿਹਰ” ਨਾਂ ਦੀ ਆਪਣੀ ਲਾਠੀ ਲਈ+ ਤੇ ਉਸ ਨੂੰ ਤੋੜ ਦਿੱਤਾ। ਇਸ ਤਰ੍ਹਾਂ ਮੈਂ ਸਾਰੇ ਲੋਕਾਂ ਨਾਲ ਕੀਤਾ ਆਪਣਾ ਇਕਰਾਰ ਤੋੜ ਦਿੱਤਾ। 11 ਇਹ ਉਸੇ ਦਿਨ ਤੋੜ ਦਿੱਤਾ ਗਿਆ ਅਤੇ ਝੁੰਡ ਦੀਆਂ ਸਤਾਈਆਂ ਹੋਈਆਂ ਭੇਡਾਂ ਨੇ ਮੈਨੂੰ ਇਹ ਕਰਦਿਆਂ ਦੇਖਿਆ ਤੇ ਉਹ ਜਾਣ ਗਈਆਂ ਕਿ ਇਹ ਯਹੋਵਾਹ ਵੱਲੋਂ ਸੰਦੇਸ਼ ਸੀ।
12 ਫਿਰ ਮੈਂ ਉਨ੍ਹਾਂ ਨੂੰ ਕਿਹਾ: “ਜੇ ਤੁਹਾਨੂੰ ਚੰਗਾ ਲੱਗੇ, ਤਾਂ ਮੇਰੀ ਮਜ਼ਦੂਰੀ ਦੇ ਦਿਓ; ਪਰ ਜੇ ਨਹੀਂ, ਤਾਂ ਨਾ ਸਹੀ।” ਤਦ ਉਨ੍ਹਾਂ ਨੇ ਮਜ਼ਦੂਰੀ ਵਜੋਂ ਮੈਨੂੰ ਚਾਂਦੀ ਦੇ 30 ਟੁਕੜੇ ਦੇ ਦਿੱਤੇ।*+
13 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਬਹੁਤ ਵੱਡਾ ਮੁੱਲ ਪਾਇਆ ਉਨ੍ਹਾਂ ਨੇ ਮੇਰਾ!+ ਜਾਹ ਇਸ ਨੂੰ ਖ਼ਜ਼ਾਨੇ ਵਿਚ ਸੁੱਟ ਆ।” ਇਸ ਲਈ ਮੈਂ ਚਾਂਦੀ ਦੇ 30 ਟੁਕੜੇ ਲਏ ਅਤੇ ਇਨ੍ਹਾਂ ਨੂੰ ਯਹੋਵਾਹ ਦੇ ਘਰ ਦੇ ਖ਼ਜ਼ਾਨੇ ਵਿਚ ਸੁੱਟ ਦਿੱਤਾ।+
14 ਫਿਰ ਮੈਂ ਆਪਣੀ ਦੂਜੀ ਲਾਠੀ “ਏਕਤਾ”+ ਨੂੰ ਤੋੜ ਦਿੱਤਾ। ਇਸ ਤਰ੍ਹਾਂ ਮੈਂ ਯਹੂਦਾਹ ਅਤੇ ਇਜ਼ਰਾਈਲ ਵਿਚਲੇ ਭਾਈਚਾਰੇ ਨੂੰ ਤੋੜ ਦਿੱਤਾ।+
15 ਯਹੋਵਾਹ ਨੇ ਮੈਨੂੰ ਕਿਹਾ: “ਹੁਣ ਤੂੰ ਨਿਕੰਮੇ ਚਰਵਾਹੇ ਕੋਲੋਂ ਉਸ ਦਾ ਸਾਮਾਨ ਲੈ।+ 16 ਕਿਉਂਕਿ ਮੈਂ ਦੇਸ਼ ਵਿਚ ਇਕ ਚਰਵਾਹਾ ਖੜ੍ਹਾ ਹੋਣ ਦੇਵਾਂਗਾ। ਉਹ ਨਾਸ਼ ਹੋ ਰਹੀਆਂ ਭੇਡਾਂ ਦੀ ਦੇਖ-ਭਾਲ ਨਹੀਂ ਕਰੇਗਾ;+ ਉਹ ਨਿੱਕੀਆਂ ਭੇਡਾਂ ਨੂੰ ਨਹੀਂ ਭਾਲੇਗਾ, ਨਾ ਜ਼ਖ਼ਮੀਆਂ ਦੀ ਮਲ੍ਹਮ-ਪੱਟੀ ਕਰੇਗਾ+ ਤੇ ਨਾ ਹੀ ਤੰਦਰੁਸਤ ਭੇਡਾਂ ਨੂੰ ਚਾਰੇਗਾ। ਇਸ ਦੀ ਬਜਾਇ, ਉਹ ਮੋਟੀਆਂ ਭੇਡਾਂ ਦਾ ਮਾਸ ਨਿਗਲ਼ ਜਾਵੇਗਾ+ ਅਤੇ ਭੇਡਾਂ ਦੇ ਖੁਰਾਂ ਨੂੰ ਉਖਾੜ ਸੁੱਟੇਗਾ।+
17 ਹਾਇ ਮੇਰੇ ਨਿਕੰਮੇ ਚਰਵਾਹੇ ʼਤੇ,+ ਜੋ ਝੁੰਡ ਨੂੰ ਬੇਸਹਾਰਾ ਛੱਡ ਦਿੰਦਾ ਹੈ!+
ਉਸ ਦੀ ਬਾਂਹ ਅਤੇ ਉਸ ਦੀ ਸੱਜੀ ਅੱਖ ਉੱਤੇ ਤਲਵਾਰ ਦਾ ਵਾਰ ਹੋਵੇਗਾ।
ਉਸ ਦੀ ਬਾਂਹ ਪੂਰੀ ਤਰ੍ਹਾਂ ਸੁੱਕ ਜਾਵੇਗੀ
ਅਤੇ ਉਸ ਦੀ ਸੱਜੀ ਅੱਖ ਪੂਰੀ ਤਰ੍ਹਾਂ ਅੰਨ੍ਹੀ* ਹੋ ਜਾਵੇਗੀ।”