ਅੱਯੂਬ
42 ਫਿਰ ਅੱਯੂਬ ਨੇ ਯਹੋਵਾਹ ਨੂੰ ਜਵਾਬ ਦਿੱਤਾ:
2 “ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈਂ,
ਤੂੰ ਜੋ ਵੀ ਕਰਨ ਦੀ ਸੋਚਦਾ ਹੈਂ, ਉਹ ਤੇਰੇ ਲਈ ਕਰਨਾ ਨਾਮੁਮਕਿਨ ਨਹੀਂ।+
3 ਤੂੰ ਕਿਹਾ, ‘ਇਹ ਕੌਣ ਹੈ ਜੋ ਬਿਨਾਂ ਗਿਆਨ ਦੇ ਮੇਰੀ ਸਲਾਹ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਿਹਾ ਹੈ?’+
ਮੈਂ ਬਿਨਾਂ ਸਮਝ ਦੇ ਬੋਲਿਆ,
ਹਾਂ, ਉਨ੍ਹਾਂ ਚੀਜ਼ਾਂ ਬਾਰੇ ਜੋ ਮੇਰੇ ਲਈ ਬਹੁਤ ਹੀ ਅਦਭੁਤ ਹਨ, ਜਿਨ੍ਹਾਂ ਬਾਰੇ ਮੈਂ ਜਾਣਦਾ ਨਹੀਂ।+
4 ਤੂੰ ਕਿਹਾ, ‘ਕਿਰਪਾ ਕਰ ਕੇ ਸੁਣ ਤੇ ਮੈਂ ਬੋਲਾਂਗਾ।
ਮੈਂ ਤੈਥੋਂ ਸਵਾਲ ਪੁੱਛਦਾ ਹਾਂ ਤੇ ਤੂੰ ਮੈਨੂੰ ਦੱਸ।’+
5 ਮੇਰੇ ਕੰਨਾਂ ਨੇ ਤੇਰੇ ਬਾਰੇ ਸੁਣਿਆ ਹੈ,
ਪਰ ਹੁਣ ਮੈਂ ਆਪਣੀ ਅੱਖੀਂ ਤੈਨੂੰ ਦੇਖਦਾ ਹਾਂ।
7 ਜਦ ਯਹੋਵਾਹ ਅੱਯੂਬ ਨੂੰ ਇਹ ਗੱਲਾਂ ਕਹਿ ਚੁੱਕਿਆ, ਤਾਂ ਯਹੋਵਾਹ ਨੇ ਅਲੀਫਾਜ਼ ਤੇਮਾਨੀ ਨੂੰ ਕਿਹਾ:
“ਮੇਰਾ ਗੁੱਸਾ ਤੇਰੇ ਉੱਤੇ ਅਤੇ ਤੇਰੇ ਦੋਹਾਂ ਸਾਥੀਆਂ+ ਉੱਤੇ ਭੜਕ ਉੱਠਿਆ ਹੈ ਕਿਉਂਕਿ ਤੁਸੀਂ ਮੇਰੇ ਬਾਰੇ ਸੱਚ ਨਹੀਂ ਬੋਲਿਆ+ ਜਿਵੇਂ ਮੇਰੇ ਸੇਵਕ ਅੱਯੂਬ ਨੇ ਬੋਲਿਆ। 8 ਹੁਣ ਸੱਤ ਬਲਦ ਅਤੇ ਸੱਤ ਭੇਡਾਂ ਲਓ ਤੇ ਮੇਰੇ ਸੇਵਕ ਅੱਯੂਬ ਕੋਲ ਜਾਓ ਅਤੇ ਆਪਣੇ ਲਈ ਹੋਮ-ਬਲ਼ੀ ਚੜ੍ਹਾਓ। ਮੇਰਾ ਸੇਵਕ ਅੱਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ।+ ਮੈਂ ਉਸ ਦੀ ਬੇਨਤੀ ਜ਼ਰੂਰ ਕਬੂਲ ਕਰਾਂਗਾ* ਕਿ ਮੈਂ ਤੁਹਾਡੇ ਨਾਲ ਤੁਹਾਡੀ ਮੂਰਖਤਾ ਅਨੁਸਾਰ ਪੇਸ਼ ਨਾ ਆਵਾਂ ਕਿਉਂਕਿ ਤੁਸੀਂ ਮੇਰੇ ਬਾਰੇ ਸੱਚ ਨਹੀਂ ਬੋਲਿਆ ਜਿਵੇਂ ਮੇਰੇ ਸੇਵਕ ਅੱਯੂਬ ਨੇ ਬੋਲਿਆ।”
9 ਇਸ ਲਈ ਅਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਸੋਫਰ ਨਾਮਾਥੀ ਗਏ ਅਤੇ ਉਨ੍ਹਾਂ ਨੇ ਉਹੀ ਕੀਤਾ ਜੋ ਯਹੋਵਾਹ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ। ਅਤੇ ਯਹੋਵਾਹ ਨੇ ਅੱਯੂਬ ਦੀ ਪ੍ਰਾਰਥਨਾ ਮਨਜ਼ੂਰ ਕਰ ਲਈ।
10 ਜਦ ਅੱਯੂਬ ਆਪਣੇ ਸਾਥੀਆਂ ਲਈ ਪ੍ਰਾਰਥਨਾ ਕਰ ਚੁੱਕਿਆ,+ ਤਾਂ ਯਹੋਵਾਹ ਨੇ ਅੱਯੂਬ ਦੇ ਦੁੱਖ ਮਿਟਾ ਦਿੱਤੇ+ ਅਤੇ ਉਸ ਦੀ ਖ਼ੁਸ਼ਹਾਲੀ ਉਸ ਨੂੰ ਮੋੜ ਦਿੱਤੀ।* ਉਸ ਕੋਲ ਪਹਿਲਾਂ ਜੋ ਕੁਝ ਸੀ, ਉਸ ਨਾਲੋਂ ਦੁਗਣਾ ਯਹੋਵਾਹ ਨੇ ਉਸ ਨੂੰ ਦਿੱਤਾ।+ 11 ਉਸ ਦੇ ਸਾਰੇ ਭੈਣ-ਭਰਾ ਅਤੇ ਉਸ ਦੇ ਸਾਰੇ ਪੁਰਾਣੇ ਦੋਸਤ+ ਉਸ ਕੋਲ ਆਏ ਤੇ ਉਨ੍ਹਾਂ ਨੇ ਉਸ ਦੇ ਘਰ ਉਸ ਦੇ ਨਾਲ ਖਾਧਾ-ਪੀਤਾ। ਯਹੋਵਾਹ ਨੇ ਉਸ ਉੱਤੇ ਜਿਹੜੀਆਂ ਮੁਸੀਬਤਾਂ ਆਉਣ ਦਿੱਤੀਆਂ ਸਨ, ਉਨ੍ਹਾਂ ਦੇ ਕਾਰਨ ਉਨ੍ਹਾਂ ਨੇ ਉਸ ਨਾਲ ਹਮਦਰਦੀ ਜਤਾਈ ਅਤੇ ਉਸ ਨੂੰ ਦਿਲਾਸਾ ਦਿੱਤਾ। ਉਨ੍ਹਾਂ ਵਿੱਚੋਂ ਹਰੇਕ ਜਣੇ ਨੇ ਉਸ ਨੂੰ ਚਾਂਦੀ ਦਾ ਇਕ ਟੁਕੜਾ ਅਤੇ ਸੋਨੇ ਦੀ ਇਕ ਵਾਲ਼ੀ ਦਿੱਤੀ।
12 ਯਹੋਵਾਹ ਨੇ ਅੱਯੂਬ ਦੀ ਜ਼ਿੰਦਗੀ ਦੇ ਪਹਿਲੇ ਸਾਲਾਂ ਨਾਲੋਂ ਆਖ਼ਰੀ ਸਾਲਾਂ ਵਿਚ ਉਸ ਨੂੰ ਕਿਤੇ ਜ਼ਿਆਦਾ ਬਰਕਤਾਂ ਦਿੱਤੀਆਂ।+ ਅੱਯੂਬ ਕੋਲ 14,000 ਭੇਡਾਂ, 6,000 ਊਠ, 1,000 ਜੋੜੀ ਬਲਦ ਅਤੇ 1,000 ਗਧੀਆਂ ਹੋ ਗਈਆਂ।+ 13 ਨਾਲੇ ਉਸ ਦੇ ਸੱਤ ਹੋਰ ਪੁੱਤਰ ਅਤੇ ਤਿੰਨ ਹੋਰ ਧੀਆਂ ਹੋਈਆਂ।+ 14 ਉਸ ਨੇ ਪਹਿਲੀ ਧੀ ਦਾ ਨਾਂ ਯਮੀਮਾਹ, ਦੂਸਰੀ ਦਾ ਕਸੀਆਹ ਅਤੇ ਤੀਸਰੀ ਦਾ ਨਾਂ ਕਰਨ-ਹੱਪੂਕ ਰੱਖਿਆ। 15 ਸਾਰੇ ਦੇਸ਼ ਵਿਚ ਹੋਰ ਕੋਈ ਵੀ ਔਰਤ ਅੱਯੂਬ ਦੀਆਂ ਧੀਆਂ ਜਿੰਨੀ ਸੋਹਣੀ ਨਹੀਂ ਸੀ ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਭਰਾਵਾਂ ਨਾਲ ਉਨ੍ਹਾਂ ਨੂੰ ਵਿਰਾਸਤ ਦਿੱਤੀ।
16 ਇਸ ਤੋਂ ਪਿੱਛੋਂ ਅੱਯੂਬ 140 ਸਾਲ ਜੀਉਂਦਾ ਰਿਹਾ ਅਤੇ ਉਸ ਨੇ ਆਪਣੇ ਬੱਚਿਆਂ ਤੇ ਪੋਤੇ-ਪੜਪੋਤਿਆਂ ਨੂੰ ਦੇਖਿਆ, ਹਾਂ, ਕੁੱਲ ਚਾਰ ਪੀੜ੍ਹੀਆਂ ਨੂੰ। 17 ਅਖ਼ੀਰ ਅੱਯੂਬ ਲੰਬੀ ਤੇ ਵਧੀਆ ਜ਼ਿੰਦਗੀ ਭੋਗ ਕੇ* ਮਰ ਗਿਆ।