ਕੁਰਿੰਥੀਆਂ ਨੂੰ ਪਹਿਲੀ ਚਿੱਠੀ
8 ਹੁਣ ਮੈਂ ਮੂਰਤੀਆਂ ਅੱਗੇ ਚੜ੍ਹਾਈਆਂ ਗਈਆਂ ਖਾਣ ਵਾਲੀਆਂ ਚੀਜ਼ਾਂ ਬਾਰੇ ਸਵਾਲ ਦਾ ਜਵਾਬ ਦਿੰਦਾ ਹਾਂ:+ ਅਸੀਂ ਜਾਣਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਇਸ ਬਾਰੇ ਗਿਆਨ ਹੈ।+ ਗਿਆਨ ਹੋਣ ਕਰਕੇ ਇਨਸਾਨ ਘਮੰਡ ਨਾਲ ਫੁੱਲ ਜਾਂਦਾ ਹੈ, ਪਰ ਪਿਆਰ ਹੱਲਾਸ਼ੇਰੀ ਦਿੰਦਾ ਹੈ।+ 2 ਜੇ ਕੋਈ ਸੋਚਦਾ ਹੈ ਕਿ ਉਹ ਕੋਈ ਗੱਲ ਜਾਣਦਾ ਹੈ, ਤਾਂ ਉਹ ਅਸਲ ਵਿਚ ਉਸ ਗੱਲ ਨੂੰ ਉੱਨੀ ਚੰਗੀ ਤਰ੍ਹਾਂ ਨਹੀਂ ਜਾਣਦਾ ਜਿੰਨੀ ਚੰਗੀ ਤਰ੍ਹਾਂ ਉਸ ਨੂੰ ਜਾਣਨਾ ਚਾਹੀਦਾ ਹੈ। 3 ਪਰ ਜੇ ਕੋਈ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਤਾਂ ਉਹ ਉਸ ਨੂੰ ਜਾਣਦਾ ਹੈ।
4 ਹੁਣ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਖਾਣ ਵਾਲੀਆਂ ਚੀਜ਼ਾਂ ਸੰਬੰਧੀ ਅਸੀਂ ਜਾਣਦੇ ਹਾਂ ਕਿ ਮੂਰਤੀਆਂ ਕੁਝ ਵੀ ਨਹੀਂ ਹਨ+ ਅਤੇ ਸਿਰਫ਼ ਇੱਕੋ ਪਰਮੇਸ਼ੁਰ ਹੈ।+ 5 ਭਾਵੇਂ ਸਵਰਗ ਵਿਚ ਅਤੇ ਧਰਤੀ ʼਤੇ ਬਹੁਤ ਸਾਰਿਆਂ ਨੂੰ ਈਸ਼ਵਰ ਕਿਹਾ ਜਾਂਦਾ ਹੈ+ ਅਤੇ ਬਹੁਤ ਸਾਰੇ “ਈਸ਼ਵਰ” ਤੇ ਬਹੁਤ ਸਾਰੇ “ਪ੍ਰਭੂ” ਹਨ, 6 ਪਰ ਅਸਲ ਵਿਚ ਸਾਡਾ ਇੱਕੋ ਪਰਮੇਸ਼ੁਰ ਹੈ+ ਜੋ ਸਾਡਾ ਪਿਤਾ+ ਹੈ। ਸਾਰੀਆਂ ਚੀਜ਼ਾਂ ਉਸ ਵੱਲੋਂ ਹਨ ਅਤੇ ਅਸੀਂ ਉਸ ਲਈ ਹਾਂ।+ ਨਾਲੇ ਇੱਕੋ ਪ੍ਰਭੂ ਹੈ ਯਿਸੂ ਮਸੀਹ ਜਿਸ ਰਾਹੀਂ ਸਾਰੀਆਂ ਚੀਜ਼ਾਂ ਹਨ+ ਅਤੇ ਅਸੀਂ ਵੀ ਉਸ ਰਾਹੀਂ ਹਾਂ।
7 ਪਰ ਸਾਰਿਆਂ ਨੂੰ ਇਹ ਗਿਆਨ ਨਹੀਂ ਹੈ।+ ਕੁਝ ਮਸੀਹੀ ਪਹਿਲਾਂ ਮੂਰਤੀਆਂ ਦੀ ਪੂਜਾ ਕਰਦੇ ਹੁੰਦੇ ਸਨ, ਇਸ ਕਰਕੇ ਜਦੋਂ ਉਹ ਮੂਰਤੀਆਂ ਨੂੰ ਚੜ੍ਹਾਈ ਕੋਈ ਚੀਜ਼ ਖਾਂਦੇ ਹਨ, ਤਾਂ ਉਨ੍ਹਾਂ ਨੂੰ ਉਹ ਮੂਰਤੀਆਂ ਚੇਤੇ ਆ ਜਾਂਦੀਆਂ ਹਨ।+ ਇਸ ਕਰਕੇ ਉਨ੍ਹਾਂ ਦੀ ਜ਼ਮੀਰ ਕਮਜ਼ੋਰ ਹੋਣ ਕਾਰਨ ਭ੍ਰਿਸ਼ਟ ਹੋ ਜਾਂਦੀ ਹੈ।+ 8 ਪਰ ਭੋਜਨ ਕਰਕੇ ਅਸੀਂ ਪਰਮੇਸ਼ੁਰ ਦੇ ਨੇੜੇ ਨਹੀਂ ਆਉਂਦੇ।+ ਜੇ ਅਸੀਂ ਇਹ ਚੀਜ਼ਾਂ ਨਹੀਂ ਖਾਂਦੇ, ਤਾਂ ਸਾਨੂੰ ਕੋਈ ਘਾਟਾ ਨਹੀਂ ਹੁੰਦਾ ਅਤੇ ਜੇ ਅਸੀਂ ਖਾਂਦੇ ਹਾਂ, ਤਾਂ ਸਾਨੂੰ ਕੋਈ ਫ਼ਾਇਦਾ ਨਹੀਂ ਹੁੰਦਾ।+ 9 ਪਰ ਇਸ ਗੱਲ ਦਾ ਧਿਆਨ ਰੱਖੋ ਕਿ ਫ਼ੈਸਲਾ ਕਰਨ ਦਾ ਤੁਹਾਡਾ ਹੱਕ ਕਮਜ਼ੋਰ ਲੋਕਾਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਖੜ੍ਹੀ ਕਰੇ।+ 10 ਜੇ ਕੋਈ ਇਨਸਾਨ ਦੇਖੇ ਕਿ ਤੁਹਾਨੂੰ ਗਿਆਨ ਹੈ ਅਤੇ ਤੁਸੀਂ ਮੰਦਰ ਵਿਚ ਬੈਠ ਕੇ ਭੋਜਨ ਕਰ ਰਹੇ ਹੋ ਜਿੱਥੇ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਕੀ ਉਸ ਕਮਜ਼ੋਰ ਇਨਸਾਨ ਦੀ ਜ਼ਮੀਰ ਨੂੰ ਵੀ ਇਸ ਹੱਦ ਤਕ ਹੱਲਾਸ਼ੇਰੀ ਨਹੀਂ ਮਿਲੇਗੀ ਕਿ ਉਹ ਵੀ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਖਾਣ ਲੱਗ ਪਵੇ? 11 ਅਸਲ ਵਿਚ, ਤੁਹਾਡੇ ਗਿਆਨ ਕਰਕੇ ਉਹ ਕਮਜ਼ੋਰ ਇਨਸਾਨ ਤਬਾਹ* ਹੁੰਦਾ ਹੈ ਜੋ ਤੁਹਾਡਾ ਭਰਾ ਹੈ ਅਤੇ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ।+ 12 ਪਰ ਜਦੋਂ ਤੁਸੀਂ ਆਪਣੇ ਭਰਾਵਾਂ ਖ਼ਿਲਾਫ਼ ਇਹ ਪਾਪ ਕਰਦੇ ਹੋ ਅਤੇ ਉਨ੍ਹਾਂ ਦੀ ਕਮਜ਼ੋਰ ਜ਼ਮੀਰ ਨੂੰ ਸੱਟ ਮਾਰਦੇ ਹੋ,+ ਤਾਂ ਤੁਸੀਂ ਅਸਲ ਵਿਚ ਮਸੀਹ ਦੇ ਖ਼ਿਲਾਫ਼ ਪਾਪ ਕਰਦੇ ਹੋ। 13 ਇਸ ਲਈ ਜੇ ਖਾਣ-ਪੀਣ ਵਾਲੀਆਂ ਚੀਜ਼ਾਂ ਮੇਰੇ ਭਰਾ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਬਣਦੀਆਂ ਹਨ, ਤਾਂ ਮੈਂ ਕਦੀ ਵੀ ਮੀਟ ਨਹੀਂ ਖਾਵਾਂਗਾ ਤਾਂਕਿ ਮੈਂ ਆਪਣੇ ਭਰਾ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰਾਂ।+