ਕੁਰਿੰਥੀਆਂ ਨੂੰ ਦੂਜੀ ਚਿੱਠੀ
11 ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਥੋੜ੍ਹੀ ਜਿਹੀ ਨਾਸਮਝੀ ਨੂੰ ਬਰਦਾਸ਼ਤ ਕਰ ਲਓ। ਅਸਲ ਵਿਚ ਤੁਸੀਂ ਮੈਨੂੰ ਬਰਦਾਸ਼ਤ ਕਰ ਵੀ ਰਹੇ ਹੋ! 2 ਪਰਮੇਸ਼ੁਰ ਵਾਂਗ ਮੈਨੂੰ ਵੀ ਤੁਹਾਡਾ ਬਹੁਤ ਫ਼ਿਕਰ ਹੈ ਕਿਉਂਕਿ ਮੈਂ ਆਪ ਇਕ ਆਦਮੀ ਨਾਲ ਯਾਨੀ ਮਸੀਹ ਨਾਲ ਤੁਹਾਡੀ ਕੁੜਮਾਈ ਕਰਾਈ ਹੈ ਅਤੇ ਮੈਂ ਤੁਹਾਨੂੰ ਉਸ ਕੋਲ ਪਾਕ* ਕੁਆਰੀ ਵਜੋਂ ਲੈ ਕੇ ਜਾਣਾ ਚਾਹੁੰਦਾ ਹਾਂ।+ 3 ਪਰ ਮੈਨੂੰ ਡਰ ਹੈ ਕਿ ਜਿਵੇਂ ਸੱਪ ਨੇ ਚਲਾਕੀ ਨਾਲ ਹੱਵਾਹ ਨੂੰ ਭਰਮਾਇਆ ਸੀ,+ ਕਿਤੇ ਉਸੇ ਤਰ੍ਹਾਂ ਕੋਈ ਤੁਹਾਡੀ ਸੋਚ ਨੂੰ ਵੀ ਖ਼ਰਾਬ ਕਰ ਕੇ ਤੁਹਾਡੀ ਸਾਫ਼ਦਿਲੀ ਅਤੇ ਪਵਿੱਤਰਤਾ* ਖ਼ਤਮ ਨਾ ਕਰ ਦੇਵੇ ਜਿਸ ਉੱਤੇ ਸਿਰਫ਼ ਮਸੀਹ ਦਾ ਹੱਕ ਹੈ।+ 4 ਮੈਂ ਇਸ ਲਈ ਇਹ ਕਹਿੰਦਾ ਹਾਂ ਕਿਉਂਕਿ ਤੁਸੀਂ ਉਸ ਇਨਸਾਨ ਨੂੰ ਤਾਂ ਝੱਟ ਬਰਦਾਸ਼ਤ ਕਰ ਲੈਂਦੇ ਹੋ ਜਿਹੜਾ ਆ ਕੇ ਕਿਸੇ ਹੋਰ ਯਿਸੂ ਦਾ ਪ੍ਰਚਾਰ ਕਰਦਾ ਹੈ ਜਿਸ ਦਾ ਅਸੀਂ ਪ੍ਰਚਾਰ ਨਹੀਂ ਕੀਤਾ ਸੀ ਜਾਂ ਤੁਹਾਡੇ ਵਿਚ ਮਨ ਦਾ ਜੋ ਸੁਭਾਅ ਪੈਦਾ ਕੀਤਾ ਗਿਆ ਸੀ, ਉਸ ਦੀ ਬਜਾਇ ਉਹ ਤੁਹਾਡੇ ਵਿਚ ਕੋਈ ਹੋਰ ਮਨ ਦਾ ਸੁਭਾਅ ਪੈਦਾ ਕਰਦਾ ਹੈ ਜਾਂ ਤੁਸੀਂ ਜਿਸ ਖ਼ੁਸ਼ ਖ਼ਬਰੀ ਨੂੰ ਕਬੂਲ ਕੀਤਾ ਸੀ,+ ਉਸ ਦੀ ਬਜਾਇ ਕਿਸੇ ਹੋਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ। 5 ਮੈਂ ਸਮਝਦਾ ਹਾਂ ਕਿ ਮੈਂ ਤੁਹਾਡੇ ਮਹਾਂ ਰਸੂਲਾਂ ਨਾਲੋਂ ਕਿਸੇ ਵੀ ਗੱਲ ਵਿਚ ਘੱਟ ਸਾਬਤ ਨਹੀਂ ਹੋਇਆ।+ 6 ਪਰ ਜੇ ਮੇਰੇ ਅੰਦਰ ਚੰਗੀ ਤਰ੍ਹਾਂ ਗੱਲ ਕਰਨ ਦੀ ਯੋਗਤਾ ਨਹੀਂ ਵੀ ਹੈ,+ ਤਾਂ ਵੀ ਮੈਂ ਗਿਆਨ ਵਿਚ ਘੱਟ ਨਹੀਂ ਹਾਂ। ਅਸਲ ਵਿਚ, ਅਸੀਂ ਤੁਹਾਨੂੰ ਸਾਰੀਆਂ ਗੱਲਾਂ ਵਿਚ ਆਪਣੇ ਗਿਆਨ ਦਾ ਹਰ ਤਰੀਕੇ ਨਾਲ ਸਬੂਤ ਦਿੱਤਾ ਹੈ।
7 ਮੈਂ ਤੁਹਾਨੂੰ ਉੱਚਾ ਕਰਨ ਲਈ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਖ਼ੁਸ਼ੀ-ਖ਼ੁਸ਼ੀ ਤੁਹਾਨੂੰ ਮੁਫ਼ਤ ਵਿਚ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ। ਕੀ ਇਸ ਤਰ੍ਹਾਂ ਕਰ ਕੇ ਮੈਂ ਕੋਈ ਗੁਨਾਹ ਕੀਤਾ?+ 8 ਮੈਂ ਤੁਹਾਡੀ ਸੇਵਾ ਕਰਨ ਲਈ ਦੂਸਰੀਆਂ ਮੰਡਲੀਆਂ ਤੋਂ ਚੀਜ਼ਾਂ ਲਈਆਂ।*+ 9 ਪਰ ਤੁਹਾਡੇ ਨਾਲ ਹੁੰਦਿਆਂ ਜਦੋਂ ਮੈਨੂੰ ਕਿਸੇ ਚੀਜ਼ ਦੀ ਲੋੜ ਪਈ, ਤਾਂ ਮੈਂ ਕਿਸੇ ਉੱਤੇ ਵੀ ਬੋਝ ਨਹੀਂ ਬਣਿਆ ਕਿਉਂਕਿ ਮਕਦੂਨੀਆ ਤੋਂ ਆਏ ਭਰਾਵਾਂ ਨੇ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਮੈਨੂੰ ਬਹੁਤ ਕੁਝ ਦਿੱਤਾ।+ ਹਾਂ, ਮੈਂ ਪੂਰਾ ਧਿਆਨ ਰੱਖਿਆ ਕਿ ਮੈਂ ਤੁਹਾਡੇ ਲਈ ਬੋਝ ਨਾ ਬਣਾਂ ਅਤੇ ਨਾ ਹੀ ਕਦੇ ਬਣਾਂਗਾ।+ 10 ਜਿਵੇਂ ਇਹ ਗੱਲ ਪੱਕੀ ਹੈ ਕਿ ਮਸੀਹ ਬਾਰੇ ਸੱਚਾਈ ਮੇਰੇ ਅੰਦਰ ਹੈ, ਉਸੇ ਤਰ੍ਹਾਂ ਇਹ ਗੱਲ ਵੀ ਪੱਕੀ ਹੈ ਕਿ ਮੈਂ ਪੂਰੇ ਅਖਾਯਾ ਵਿਚ ਇਸ ਗੱਲ ʼਤੇ ਸ਼ੇਖ਼ੀ ਮਾਰਨ ਤੋਂ ਨਹੀਂ ਹਟਾਂਗਾ।+ 11 ਮੈਂ ਤੁਹਾਡੇ ʼਤੇ ਬੋਝ ਕਿਉਂ ਨਹੀਂ ਬਣਿਆ? ਇਸ ਲਈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ? ਪਰਮੇਸ਼ੁਰ ਜਾਣਦਾ ਹੈ ਕਿ ਮੈਂ ਪਿਆਰ ਕਰਦਾ ਹਾਂ।
12 ਪਰ ਮੈਂ ਜੋ ਕਰ ਰਿਹਾ ਹਾਂ, ਉਹ ਕਰਦਾ ਰਹਾਂਗਾ+ ਤਾਂਕਿ ਮੈਂ ਉਨ੍ਹਾਂ ਲੋਕਾਂ ਨੂੰ ਕੋਈ ਮੌਕਾ ਨਾ ਦਿਆਂ ਜਿਹੜੇ ਉਨ੍ਹਾਂ ਗੱਲਾਂ* ਵਿਚ ਸਾਡੀ ਬਰਾਬਰੀ ਕਰਨ ਦਾ ਬਹਾਨਾ ਭਾਲਦੇ ਹਨ ਜਿਨ੍ਹਾਂ ʼਤੇ ਉਹ ਸ਼ੇਖ਼ੀਆਂ ਮਾਰਦੇ ਹਨ। 13 ਅਜਿਹੇ ਆਦਮੀ ਝੂਠੇ ਰਸੂਲ ਅਤੇ ਧੋਖੇਬਾਜ਼ ਹਨ ਅਤੇ ਮਸੀਹ ਦੇ ਰਸੂਲ ਹੋਣ ਦਾ ਦਿਖਾਵਾ ਕਰਦੇ ਹਨ।+ 14 ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਸ਼ੈਤਾਨ ਵੀ ਚਾਨਣ ਦਾ ਦੂਤ ਹੋਣ ਦਾ ਦਿਖਾਵਾ ਕਰਦਾ ਹੈ।+ 15 ਇਸ ਲਈ ਮੈਂ ਇਸ ਗੱਲੋਂ ਹੈਰਾਨ ਨਹੀਂ ਹਾਂ ਕਿ ਉਸ ਦੇ ਸੇਵਕ ਵੀ ਸਹੀ ਕੰਮ ਕਰਨ ਦਾ ਦਿਖਾਵਾ ਕਰਦੇ ਹਨ। ਪਰ ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਅਨੁਸਾਰ ਹੀ ਹੋਵੇਗਾ।+
16 ਮੈਂ ਦੁਬਾਰਾ ਕਹਿੰਦਾ ਹਾਂ ਕਿ ਕੋਈ ਵੀ ਇਹ ਨਾ ਸੋਚੇ ਕਿ ਮੈਂ ਨਾਸਮਝ ਹਾਂ। ਪਰ ਜੇ ਤੁਸੀਂ ਮੈਨੂੰ ਨਾਸਮਝ ਮੰਨਦੇ ਵੀ ਹੋ, ਤਾਂ ਵੀ ਤੁਸੀਂ ਮੈਨੂੰ ਬਰਦਾਸ਼ਤ ਕਰ ਲਓ ਤਾਂਕਿ ਮੈਂ ਵੀ ਉਨ੍ਹਾਂ ਵਾਂਗ ਥੋੜ੍ਹੀ ਜਿਹੀ ਸ਼ੇਖ਼ੀ ਮਾਰ ਸਕਾਂ। 17 ਮੈਂ ਹੁਣ ਪ੍ਰਭੂ ਦੀ ਮਿਸਾਲ ਉੱਤੇ ਚੱਲ ਕੇ ਨਹੀਂ, ਸਗੋਂ ਇਕ ਨਾਸਮਝ ਇਨਸਾਨ ਵਾਂਗ ਗੱਲ ਕਰ ਰਿਹਾ ਹਾਂ ਜਿਹੜਾ ਆਪਣੇ ਉੱਤੇ ਹੱਦੋਂ ਵੱਧ ਭਰੋਸਾ ਕਰ ਕੇ ਸ਼ੇਖ਼ੀਆਂ ਮਾਰਦਾ ਹੈ। 18 ਬਹੁਤ ਸਾਰੇ ਲੋਕ ਦੁਨਿਆਵੀ ਚੀਜ਼ਾਂ ਉੱਤੇ ਸ਼ੇਖ਼ੀਆਂ ਮਾਰ ਰਹੇ ਹਨ, ਇਸ ਲਈ ਮੈਂ ਵੀ ਸ਼ੇਖ਼ੀਆਂ ਮਾਰਾਂਗਾ। 19 ਇਹ ਕਿੱਦਾਂ ਹੋ ਸਕਦਾ ਕਿ ਤੁਸੀਂ ਇੰਨੇ “ਸਮਝਦਾਰ” ਹੁੰਦੇ ਹੋਏ ਨਾਸਮਝ ਲੋਕਾਂ ਨੂੰ ਖ਼ੁਸ਼ੀ-ਖ਼ੁਸ਼ੀ ਬਰਦਾਸ਼ਤ ਕਰਦੇ ਹੋ? 20 ਅਸਲ ਵਿਚ, ਤੁਸੀਂ ਹਰ ਉਸ ਇਨਸਾਨ ਨੂੰ ਬਰਦਾਸ਼ਤ ਕਰਦੇ ਹੋ ਜਿਹੜਾ ਤੁਹਾਨੂੰ ਆਪਣਾ ਗ਼ੁਲਾਮ ਬਣਾਉਂਦਾ ਹੈ, ਤੁਹਾਡੀਆਂ ਚੀਜ਼ਾਂ ਹੜੱਪ ਲੈਂਦਾ ਹੈ, ਤੁਹਾਡਾ ਸਭ ਕੁਝ ਖੋਹ ਲੈਂਦਾ ਹੈ ਅਤੇ ਆਪਣੇ ਆਪ ਨੂੰ ਤੁਹਾਡੇ ਤੋਂ ਉੱਚਾ ਕਰਦਾ ਹੈ ਅਤੇ ਤੁਹਾਡੇ ਮੂੰਹ ʼਤੇ ਚਪੇੜਾਂ ਮਾਰਦਾ ਹੈ।
21 ਸਾਨੂੰ ਇਹ ਕਹਿੰਦਿਆਂ ਸ਼ਰਮ ਆਉਂਦੀ ਹੈ ਕਿਉਂਕਿ ਕਈਆਂ ਨੂੰ ਲੱਗਦਾ ਹੈ ਕਿ ਅਸੀਂ ਆਪਣੇ ਰਸੂਲ ਹੋਣ ਦੇ ਅਧਿਕਾਰ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਵਿਚ ਕਮਜ਼ੋਰ ਹਾਂ।
ਪਰ ਜੇ ਦੂਸਰੇ ਦਲੇਰੀ ਦਿਖਾਉਂਦੇ ਹਨ, ਤਾਂ ਮੈਂ ਵੀ ਦਲੇਰੀ ਦਿਖਾਉਂਦਾ ਹਾਂ, ਫਿਰ ਭਾਵੇਂ ਕੋਈ ਮੈਨੂੰ ਨਾਸਮਝ ਕਹੇ। 22 ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ।+ ਕੀ ਉਹ ਇਜ਼ਰਾਈਲੀ ਹਨ? ਮੈਂ ਵੀ ਹਾਂ। ਕੀ ਉਹ ਅਬਰਾਹਾਮ ਦੀ ਸੰਤਾਨ* ਹਨ? ਮੈਂ ਵੀ ਹਾਂ।+ 23 ਕੀ ਉਹ ਮਸੀਹ ਦੇ ਸੇਵਕ ਹਨ? ਮੈਂ ਪਾਗਲਾਂ ਵਾਂਗ ਚੀਕ-ਚੀਕ ਕੇ ਕਹਿੰਦਾ ਹਾਂ ਕਿ ਮੈਂ ਉਨ੍ਹਾਂ ਨਾਲੋਂ ਕਿਤੇ ਵੱਧ ਕੇ ਹਾਂ: ਮੈਂ ਉਨ੍ਹਾਂ ਨਾਲੋਂ ਜ਼ਿਆਦਾ ਕੰਮ ਕੀਤਾ ਹੈ,+ ਜ਼ਿਆਦਾ ਵਾਰ ਜੇਲ੍ਹ ਗਿਆ ਹਾਂ,+ ਅਣਗਿਣਤ ਵਾਰ ਕੁੱਟ ਖਾਧੀ ਹੈ ਅਤੇ ਕਈ ਵਾਰ ਮਰਦੇ-ਮਰਦੇ ਬਚਿਆ ਹਾਂ।+ 24 ਮੈਂ ਪੰਜ ਵਾਰ ਯਹੂਦੀਆਂ ਦੇ ਹੱਥੋਂ ਇਕ ਘੱਟ ਚਾਲੀ ਕੋਰੜੇ ਖਾਧੇ,+ 25 ਤਿੰਨ ਵਾਰ ਮੈਨੂੰ ਡੰਡਿਆਂ ਨਾਲ ਕੁੱਟਿਆ ਗਿਆ,+ ਇਕ ਵਾਰ ਮੈਨੂੰ ਪੱਥਰ ਮਾਰੇ ਗਏ,+ ਤਿੰਨ ਵਾਰ ਸਫ਼ਰ ਕਰਦਿਆਂ ਮੇਰਾ ਜਹਾਜ਼ ਤਬਾਹ ਹੋਇਆ,+ ਇਕ ਦਿਨ ਅਤੇ ਇਕ ਰਾਤ ਮੈਂ ਸਮੁੰਦਰ ਦੇ ਪਾਣੀਆਂ ਵਿਚ ਕੱਟੀ; 26 ਮੈਂ ਜ਼ਿਆਦਾ ਸਫ਼ਰ ਕੀਤਾ, ਦਰਿਆਵਾਂ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਡਾਕੂਆਂ ਦੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਆਪਣੀ ਕੌਮ ਦੇ ਲੋਕਾਂ ਤੋਂ ਅਤੇ ਹੋਰ ਕੌਮਾਂ ਦੇ ਲੋਕਾਂ ਤੋਂ ਖ਼ਤਰਿਆਂ ਦਾ ਸਾਮ੍ਹਣਾ ਕੀਤਾ,+ ਸ਼ਹਿਰਾਂ ਵਿਚ,+ ਉਜਾੜ ਵਿਚ ਅਤੇ ਸਮੁੰਦਰ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਪਖੰਡੀ ਭਰਾਵਾਂ ਦੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ, 27 ਮੈਂ ਉਨ੍ਹਾਂ ਤੋਂ ਵੱਧ ਖ਼ੂਨ-ਪਸੀਨਾ ਵਹਾਇਆ, ਕਈ-ਕਈ ਰਾਤਾਂ ਜਾਗ ਕੇ ਕੱਟੀਆਂ,+ ਭੁੱਖ-ਪਿਆਸ ਸਹਾਰੀ,+ ਕਈ ਵਾਰ ਖਾਣ ਲਈ ਕੁਝ ਨਹੀਂ ਸੀ,+ ਮੈਨੂੰ ਠੰਢ ਵਿਚ ਰਹਿਣਾ ਪਿਆ ਤੇ ਕਈ ਵਾਰ ਤਨ ਢਕਣ ਜੋਗੇ ਵੀ ਕੱਪੜੇ ਨਹੀਂ ਸਨ।
28 ਇਨ੍ਹਾਂ ਤੋਂ ਇਲਾਵਾ, ਮੈਨੂੰ ਦਿਨ-ਰਾਤ ਸਾਰੀਆਂ ਮੰਡਲੀਆਂ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ।+ 29 ਜੇ ਕੋਈ ਕਮਜ਼ੋਰ ਹੈ, ਤਾਂ ਮੈਨੂੰ ਦੁੱਖ ਹੁੰਦਾ ਹੈ। ਜੇ ਕੋਈ ਗੁਮਰਾਹ ਹੁੰਦਾ ਹੈ, ਤਾਂ ਮੈਨੂੰ ਗੁੱਸਾ ਆਉਂਦਾ ਹੈ।
30 ਜੇ ਮੇਰੇ ਲਈ ਸ਼ੇਖ਼ੀਆਂ ਮਾਰਨੀਆਂ ਜ਼ਰੂਰੀ ਹਨ, ਤਾਂ ਮੈਂ ਉਨ੍ਹਾਂ ਗੱਲਾਂ ʼਤੇ ਸ਼ੇਖ਼ੀਆਂ ਮਾਰਾਂਗਾ ਜਿਨ੍ਹਾਂ ਤੋਂ ਮੇਰੀਆਂ ਕਮਜ਼ੋਰੀਆਂ ਜ਼ਾਹਰ ਹੁੰਦੀਆਂ ਹਨ। 31 ਸਾਡੇ ਪ੍ਰਭੂ ਯਿਸੂ ਦਾ ਪਿਤਾ ਪਰਮੇਸ਼ੁਰ, ਜਿਸ ਦਾ ਗੁਣਗਾਨ ਯੁਗੋ-ਯੁਗ ਹੋਣਾ ਚਾਹੀਦਾ ਹੈ, ਜਾਣਦਾ ਹੈ ਕਿ ਮੈਂ ਝੂਠ ਨਹੀਂ ਬੋਲ ਰਿਹਾ। 32 ਰਾਜਾ ਅਰਿਤਾਸ ਦੇ ਅਧੀਨ ਦਮਿਸਕ ਦੇ ਰਾਜਪਾਲ ਨੇ ਮੈਨੂੰ ਫੜਨ ਲਈ ਸ਼ਹਿਰ ਉੱਤੇ ਪਹਿਰਾ ਲਾਇਆ ਹੋਇਆ ਸੀ, 33 ਪਰ ਭਰਾਵਾਂ ਨੇ ਮੈਨੂੰ ਇਕ ਟੋਕਰੀ ਵਿਚ ਬਿਠਾ ਕੇ ਸ਼ਹਿਰ ਦੀ ਕੰਧ ਵਿਚ ਰੱਖੀ ਬਾਰੀ ਥਾਣੀਂ ਥੱਲੇ ਉਤਾਰ ਦਿੱਤਾ+ ਅਤੇ ਮੈਂ ਉਸ ਦੇ ਹੱਥੋਂ ਬਚ ਨਿਕਲਿਆ।