ਨਿਆਈਆਂ
4 ਪਰ ਏਹੂਦ ਦੇ ਮਰਨ ਤੋਂ ਬਾਅਦ ਇਜ਼ਰਾਈਲੀਆਂ ਨੇ ਫਿਰ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ।+ 2 ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜੇ ਯਾਬੀਨ ਦੇ ਹੱਥ ਵਿਚ ਵੇਚ ਦਿੱਤਾ+ ਜੋ ਹਾਸੋਰ ਵਿਚ ਰਾਜ ਕਰਦਾ ਸੀ। ਉਸ ਦੀ ਫ਼ੌਜ ਦਾ ਮੁਖੀ ਸੀਸਰਾ ਸੀ ਜੋ ਕੌਮਾਂ ਦੇ ਹਰੋਸ਼ਥ* ਵਿਚ ਰਹਿੰਦਾ ਸੀ।+ 3 ਯਾਬੀਨ* ਕੋਲ ਯੁੱਧ ਦੇ 900 ਰਥ ਸਨ ਜਿਨ੍ਹਾਂ ਨੂੰ ਲੋਹੇ ਦੀਆਂ ਦਾਤੀਆਂ ਲੱਗੀਆਂ ਹੋਈਆਂ ਸਨ*+ ਅਤੇ ਉਹ 20 ਸਾਲਾਂ ਤਕ ਇਜ਼ਰਾਈਲੀਆਂ ʼਤੇ ਬੇਰਹਿਮੀ ਨਾਲ ਜ਼ੁਲਮ ਢਾਹੁੰਦਾ ਰਿਹਾ।+ ਇਸ ਕਰਕੇ ਇਜ਼ਰਾਈਲੀਆਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ।+
4 ਉਸ ਸਮੇਂ ਲੱਪੀਦੋਥ ਦੀ ਪਤਨੀ ਨਬੀਆ ਦਬੋਰਾਹ+ ਇਜ਼ਰਾਈਲ ਵਿਚ ਨਿਆਂ ਕਰਦੀ ਸੀ। 5 ਉਹ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਰਾਮਾਹ+ ਅਤੇ ਬੈਤੇਲ+ ਦੇ ਵਿਚਕਾਰ ਦਬੋਰਾਹ ਦੇ ਖਜੂਰ ਦੇ ਦਰਖ਼ਤ ਥੱਲੇ ਬੈਠਦੀ ਹੁੰਦੀ ਸੀ; ਇਜ਼ਰਾਈਲੀ ਉਸ ਕੋਲ ਨਿਆਂ ਲਈ ਜਾਂਦੇ ਹੁੰਦੇ ਸਨ। 6 ਉਸ ਨੇ ਕੇਦਸ਼-ਨਫ਼ਤਾਲੀ+ ਤੋਂ ਅਬੀਨੋਅਮ ਦੇ ਪੁੱਤਰ ਬਾਰਾਕ+ ਨੂੰ ਬੁਲਵਾਇਆ ਅਤੇ ਉਸ ਨੂੰ ਕਿਹਾ: “ਭਲਾ, ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਹੁਕਮ ਨਹੀਂ ਦਿੱਤਾ? ‘ਜਾਹ ਤੇ ਤਾਬੋਰ ਪਹਾੜ ਉੱਤੇ ਚੜ੍ਹ* ਅਤੇ ਆਪਣੇ ਨਾਲ ਨਫ਼ਤਾਲੀ ਤੇ ਜ਼ਬੂਲੁਨ ਦੇ 10,000 ਆਦਮੀ ਲੈ ਜਾ। 7 ਮੈਂ ਯਾਬੀਨ ਦੀ ਫ਼ੌਜ ਦੇ ਮੁਖੀ ਸੀਸਰਾ ਨੂੰ ਉਸ ਦੇ ਯੁੱਧ ਦੇ ਰਥਾਂ ਅਤੇ ਉਸ ਦੀਆਂ ਫ਼ੌਜਾਂ ਸਣੇ ਕੀਸ਼ੋਨ ਨਦੀ*+ ʼਤੇ ਤੇਰੇ ਕੋਲ ਲੈ ਆਵਾਂਗਾ। ਮੈਂ ਉਸ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ।’”+
8 ਇਹ ਸੁਣ ਕੇ ਬਾਰਾਕ ਨੇ ਉਸ ਨੂੰ ਕਿਹਾ: “ਮੈਂ ਤਾਂ ਹੀ ਜਾਣਾ ਜੇ ਤੂੰ ਮੇਰੇ ਨਾਲ ਚੱਲੇਂਗੀ, ਪਰ ਜੇ ਤੂੰ ਮੇਰੇ ਨਾਲ ਨਹੀਂ ਚੱਲੇਂਗੀ, ਤਾਂ ਮੈਂ ਨਹੀਂ ਜਾਣਾ।” 9 ਉਸ ਨੇ ਕਿਹਾ: “ਮੈਂ ਤੇਰੇ ਨਾਲ ਜ਼ਰੂਰ ਜਾਵਾਂਗੀ। ਪਰ ਜੋ ਯੁੱਧ ਤੂੰ ਲੜਨ ਜਾ ਰਿਹਾ ਹੈਂ, ਉਸ ਨਾਲ ਤੇਰੀ ਵਡਿਆਈ ਨਹੀਂ ਹੋਵੇਗੀ ਕਿਉਂਕਿ ਯਹੋਵਾਹ ਸੀਸਰਾ ਨੂੰ ਇਕ ਔਰਤ ਦੇ ਹੱਥ ਵਿਚ ਦੇ ਦੇਵੇਗਾ।”+ ਫਿਰ ਦਬੋਰਾਹ ਉੱਠੀ ਅਤੇ ਬਾਰਾਕ ਨਾਲ ਕੇਦਸ਼+ ਨੂੰ ਚਲੀ ਗਈ। 10 ਬਾਰਾਕ ਨੇ ਜ਼ਬੂਲੁਨ ਤੇ ਨਫ਼ਤਾਲੀ+ ਨੂੰ ਕੇਦਸ਼ ਬੁਲਾਇਆ ਅਤੇ 10,000 ਆਦਮੀ ਉਸ ਦੇ ਪਿੱਛੇ-ਪਿੱਛੇ ਚਲੇ ਗਏ। ਦਬੋਰਾਹ ਵੀ ਉਸ ਨਾਲ ਗਈ।
11 ਹੇਬਰ ਕੇਨੀ ਉਨ੍ਹਾਂ ਕੇਨੀਆਂ+ ਤੋਂ ਅਲੱਗ ਹੋ ਗਿਆ ਸੀ ਜੋ ਮੂਸਾ ਦੇ ਸਹੁਰੇ+ ਹੋਬਾਬ ਦੀ ਔਲਾਦ ਸਨ ਅਤੇ ਉਸ ਦਾ ਤੰਬੂ ਵੱਡੇ ਦਰਖ਼ਤ ਦੇ ਨੇੜੇ ਲੱਗਾ ਹੋਇਆ ਸੀ ਜੋ ਕੇਦਸ਼ ਦੇ ਸਨਾਨਨਿਮ ਵਿਚ ਹੈ।
12 ਉਨ੍ਹਾਂ ਨੇ ਸੀਸਰਾ ਨੂੰ ਖ਼ਬਰ ਦਿੱਤੀ ਕਿ ਅਬੀਨੋਅਮ ਦਾ ਪੁੱਤਰ ਬਾਰਾਕ ਤਾਬੋਰ ਪਹਾੜ ʼਤੇ ਚਲਾ ਗਿਆ ਹੈ।+ 13 ਉਸੇ ਵੇਲੇ ਸੀਸਰਾ ਨੇ ਕੀਸ਼ੋਨ ਨਦੀ* ʼਤੇ ਜਾਣ ਲਈ ਆਪਣੇ ਯੁੱਧ ਦੇ ਸਾਰੇ ਰਥ, ਹਾਂ, ਲੋਹੇ ਦੀਆਂ ਦਾਤੀਆਂ ਵਾਲੇ 900 ਰਥ* ਅਤੇ ਕੌਮਾਂ ਦੇ ਹਰੋਸ਼ਥ ਤੋਂ ਆਪਣੇ ਨਾਲ ਦੇ ਸਾਰੇ ਫ਼ੌਜੀ ਇਕੱਠੇ ਕੀਤੇ।+ 14 ਫਿਰ ਦਬੋਰਾਹ ਨੇ ਬਾਰਾਕ ਨੂੰ ਕਿਹਾ: “ਉੱਠ, ਕਿਉਂਕਿ ਇਹ ਉਹ ਦਿਨ ਹੈ ਜਦੋਂ ਯਹੋਵਾਹ ਸੀਸਰਾ ਨੂੰ ਤੇਰੇ ਹੱਥ ਵਿਚ ਦੇ ਦੇਵੇਗਾ। ਨਾਲੇ ਕੀ ਯਹੋਵਾਹ ਤੇਰੇ ਅੱਗੇ-ਅੱਗੇ ਨਹੀਂ ਜਾ ਰਿਹਾ?” ਇਸ ਲਈ ਬਾਰਾਕ ਅਤੇ ਉਸ ਦੇ ਪਿੱਛੇ-ਪਿੱਛੇ 10,000 ਆਦਮੀ ਤਾਬੋਰ ਪਹਾੜ ਤੋਂ ਥੱਲੇ ਆ ਗਏ। 15 ਫਿਰ ਯਹੋਵਾਹ ਨੇ ਬਾਰਾਕ ਦੀ ਤਲਵਾਰ ਦੇ ਅੱਗੇ ਸੀਸਰਾ, ਯੁੱਧ ਦੇ ਉਸ ਦੇ ਸਾਰੇ ਰਥਾਂ ਅਤੇ ਸਾਰੀ ਫ਼ੌਜ ਵਿਚ ਗੜਬੜੀ ਫੈਲਾ ਦਿੱਤੀ।+ ਅਖ਼ੀਰ ਸੀਸਰਾ ਆਪਣੇ ਰਥ ਤੋਂ ਉੱਤਰ ਕੇ ਪੈਦਲ ਦੌੜ ਗਿਆ। 16 ਬਾਰਾਕ ਨੇ ਕੌਮਾਂ ਦੇ ਹਰੋਸ਼ਥ ਤਕ ਯੁੱਧ ਦੇ ਰਥਾਂ ਅਤੇ ਫ਼ੌਜ ਦਾ ਪਿੱਛਾ ਕੀਤਾ। ਇਸ ਲਈ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਮਾਰੀ ਗਈ; ਕੋਈ ਵੀ ਜੀਉਂਦਾ ਨਾ ਬਚਿਆ।+
17 ਪਰ ਸੀਸਰਾ ਪੈਦਲ ਦੌੜ ਕੇ ਹੇਬਰ+ ਕੇਨੀ ਦੀ ਪਤਨੀ ਯਾਏਲ+ ਦੇ ਤੰਬੂ ਵੱਲ ਚਲਾ ਗਿਆ ਕਿਉਂਕਿ ਉਸ ਸਮੇਂ ਹਾਸੋਰ ਦੇ ਰਾਜੇ ਯਾਬੀਨ+ ਅਤੇ ਹੇਬਰ ਕੇਨੀ ਦੇ ਘਰਾਣੇ ਵਿਚ ਸ਼ਾਂਤੀ ਸੀ। 18 ਫਿਰ ਯਾਏਲ ਸੀਸਰਾ ਨੂੰ ਮਿਲਣ ਬਾਹਰ ਆਈ ਤੇ ਉਸ ਨੂੰ ਕਿਹਾ: “ਆਓ ਮੇਰੇ ਮਾਲਕ, ਅੰਦਰ ਆ ਜਾਓ। ਡਰੋ ਨਾ।” ਇਸ ਲਈ ਉਹ ਤੰਬੂ ਵਿਚ ਚਲਾ ਗਿਆ ਤੇ ਯਾਏਲ ਨੇ ਉਸ ʼਤੇ ਕੰਬਲ ਦੇ ਦਿੱਤਾ। 19 ਫਿਰ ਉਸ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਪੀਣ ਲਈ ਥੋੜ੍ਹਾ ਪਾਣੀ ਦੇ, ਮੈਨੂੰ ਪਿਆਸ ਲੱਗੀ ਹੈ।” ਉਸ ਨੇ ਦੁੱਧ ਦੀ ਮਸ਼ਕ ਖੋਲ੍ਹੀ ਤੇ ਪੀਣ ਲਈ ਉਸ ਨੂੰ ਦੁੱਧ ਦਿੱਤਾ+ ਤੇ ਇਸ ਤੋਂ ਬਾਅਦ ਉਸ ਨੇ ਦੁਬਾਰਾ ਸੀਸਰਾ ਨੂੰ ਢਕ ਦਿੱਤਾ। 20 ਉਸ ਨੇ ਉਸ ਨੂੰ ਕਿਹਾ: “ਤੰਬੂ ਦੇ ਬਾਹਰ ਖੜ੍ਹੀ ਹੋ ਜਾ ਅਤੇ ਜੇ ਕੋਈ ਤੈਨੂੰ ਆ ਕੇ ਪੁੱਛੇ, ‘ਕੀ ਇੱਥੇ ਕੋਈ ਆਦਮੀ ਹੈ?’ ਤਾਂ ਤੂੰ ਕਹੀਂ, ‘ਨਹੀਂ!’”
21 ਪਰ ਹੇਬਰ ਦੀ ਪਤਨੀ ਯਾਏਲ ਨੇ ਆਪਣੇ ਹੱਥ ਵਿਚ ਤੰਬੂ ਦਾ ਇਕ ਕਿੱਲ ਅਤੇ ਹਥੌੜਾ ਲਿਆ। ਫਿਰ ਜਦੋਂ ਸੀਸਰਾ ਥੱਕਿਆ-ਟੁੱਟਿਆ ਗੂੜ੍ਹੀ ਨੀਂਦ ਸੁੱਤਾ ਪਿਆ ਸੀ, ਤਾਂ ਉਹ ਦੱਬੇ ਪੈਰੀਂ ਉਸ ਕੋਲ ਗਈ ਤੇ ਉਸ ਦੀਆਂ ਪੁੜਪੁੜੀਆਂ ਵਿਚ ਕਿੱਲ ਠੋਕ ਦਿੱਤਾ ਜੋ ਜ਼ਮੀਨ ਵਿਚ ਜਾ ਧੱਸਿਆ ਤੇ ਉਹ ਮਰ ਗਿਆ।+
22 ਸੀਸਰਾ ਦਾ ਪਿੱਛਾ ਕਰਦਾ ਹੋਇਆ ਬਾਰਾਕ ਉੱਥੇ ਆ ਗਿਆ ਅਤੇ ਯਾਏਲ ਉਸ ਨੂੰ ਮਿਲਣ ਲਈ ਬਾਹਰ ਆਈ ਤੇ ਕਿਹਾ: “ਆਜਾ, ਮੈਂ ਤੈਨੂੰ ਉਹ ਆਦਮੀ ਦਿਖਾਉਂਦੀ ਹਾਂ ਜਿਸ ਨੂੰ ਤੂੰ ਲੱਭ ਰਿਹਾ ਹੈਂ।” ਉਹ ਉਸ ਨਾਲ ਅੰਦਰ ਗਿਆ ਤੇ ਦੇਖਿਆ ਕਿ ਸੀਸਰਾ ਮਰਿਆ ਪਿਆ ਸੀ ਤੇ ਉਸ ਦੀਆਂ ਪੁੜਪੁੜੀਆਂ ਵਿਚ ਕਿੱਲ ਠੁਕਿਆ ਹੋਇਆ ਸੀ।
23 ਇਸ ਤਰ੍ਹਾਂ ਪਰਮੇਸ਼ੁਰ ਨੇ ਉਸ ਦਿਨ ਕਨਾਨ ਦੇ ਰਾਜੇ ਯਾਬੀਨ ਨੂੰ ਇਜ਼ਰਾਈਲੀਆਂ ਦੇ ਅਧੀਨ ਕਰ ਦਿੱਤਾ।+ 24 ਇਜ਼ਰਾਈਲੀਆਂ ਦਾ ਹੱਥ ਕਨਾਨ ਦੇ ਰਾਜੇ ਯਾਬੀਨ ʼਤੇ ਭਾਰੀ ਹੁੰਦਾ ਗਿਆ+ ਜਦ ਤਕ ਉਨ੍ਹਾਂ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਨਾਸ਼ ਨਾ ਕਰ ਦਿੱਤਾ।+