ਪਹਿਲਾ ਸਮੂਏਲ
30 ਤੀਸਰੇ ਦਿਨ ਜਦ ਦਾਊਦ ਤੇ ਉਸ ਦੇ ਆਦਮੀ ਸਿਕਲਗ+ ਆਏ, ਤਾਂ ਅਮਾਲੇਕੀ+ ਦੱਖਣ* ਵਿਚ ਤੇ ਸਿਕਲਗ ਵਿਚ ਲੁੱਟ-ਮਾਰ ਕਰ ਚੁੱਕੇ ਸਨ ਅਤੇ ਉਨ੍ਹਾਂ ਨੇ ਸਿਕਲਗ ʼਤੇ ਹਮਲਾ ਕਰ ਕੇ ਉਸ ਨੂੰ ਅੱਗ ਨਾਲ ਸਾੜ ਦਿੱਤਾ ਸੀ। 2 ਉਨ੍ਹਾਂ ਨੇ ਔਰਤਾਂ+ ਅਤੇ ਸ਼ਹਿਰ ਵਿਚ ਛੋਟੇ ਤੋਂ ਲੈ ਕੇ ਵੱਡੇ ਤਕ ਸਭ ਨੂੰ ਬੰਦੀ ਬਣਾ ਲਿਆ ਸੀ। ਉਨ੍ਹਾਂ ਨੇ ਕਿਸੇ ਨੂੰ ਜਾਨੋਂ ਨਹੀਂ ਮਾਰਿਆ, ਸਗੋਂ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਰਾਹ ਪੈ ਗਏ ਸਨ। 3 ਜਦ ਦਾਊਦ ਤੇ ਉਸ ਦੇ ਆਦਮੀ ਸ਼ਹਿਰ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਹਿਰ ਸੜ ਚੁੱਕਾ ਸੀ ਅਤੇ ਉਨ੍ਹਾਂ ਦੀਆਂ ਪਤਨੀਆਂ ਤੇ ਉਨ੍ਹਾਂ ਦੇ ਧੀਆਂ-ਪੁੱਤਰਾਂ ਨੂੰ ਬੰਦੀ ਬਣਾ ਕੇ ਲਿਜਾਇਆ ਜਾ ਚੁੱਕਾ ਸੀ। 4 ਇਸ ਲਈ ਦਾਊਦ ਤੇ ਉਸ ਦੇ ਆਦਮੀ ਉੱਚੀ-ਉੱਚੀ ਰੋਣ ਲੱਗੇ। ਉਹ ਤਦ ਤਕ ਰੋਂਦੇ ਰਹੇ ਜਦ ਤਕ ਉਨ੍ਹਾਂ ਵਿਚ ਹੋਰ ਰੋਣ ਦੀ ਤਾਕਤ ਨਾ ਰਹੀ। 5 ਦਾਊਦ ਦੀਆਂ ਦੋਹਾਂ ਪਤਨੀਆਂ, ਯਿਜ਼ਰਾਏਲ ਦੀ ਅਹੀਨੋਅਮ ਅਤੇ ਕਰਮਲ ਦੇ ਨਾਬਾਲ ਦੀ ਵਿਧਵਾ ਅਬੀਗੈਲ+ ਨੂੰ ਵੀ ਬੰਦੀ ਬਣਾ ਕੇ ਲਿਜਾਇਆ ਗਿਆ ਸੀ। 6 ਦਾਊਦ ਦੇ ਨਾਲ ਦੇ ਸਾਰੇ ਆਦਮੀ ਉਸ ਨੂੰ ਪੱਥਰ ਮਾਰਨ ਦੀਆਂ ਗੱਲਾਂ ਕਰ ਰਹੇ ਸਨ ਕਿਉਂਕਿ ਉਹ ਆਪਣੇ ਧੀਆਂ-ਪੁੱਤਰਾਂ ਨੂੰ ਗੁਆ ਦੇਣ ਕਰਕੇ ਕੁੜੱਤਣ ਨਾਲ ਭਰੇ ਹੋਏ ਸਨ। ਇਸ ਕਰਕੇ ਦਾਊਦ ਬਹੁਤ ਦੁਖੀ ਹੋਇਆ। ਪਰ ਦਾਊਦ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਮਦਦ ਨਾਲ ਆਪਣੇ ਆਪ ਨੂੰ ਤਕੜਾ ਕੀਤਾ।+
7 ਫਿਰ ਦਾਊਦ ਨੇ ਅਹੀਮਲਕ ਦੇ ਪੁੱਤਰ ਯਾਨੀ ਪੁਜਾਰੀ ਅਬਯਾਥਾਰ+ ਨੂੰ ਕਿਹਾ: “ਕਿਰਪਾ ਕਰ ਕੇ ਏਫ਼ੋਦ ਇੱਥੇ ਲੈ ਕੇ ਆ।”+ ਇਸ ਲਈ ਅਬਯਾਥਾਰ ਦਾਊਦ ਕੋਲ ਏਫ਼ੋਦ ਲੈ ਆਇਆ। 8 ਦਾਊਦ ਨੇ ਯਹੋਵਾਹ ਤੋਂ ਸਲਾਹ ਪੁੱਛੀ:+ “ਕੀ ਮੈਂ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕਰਾਂ? ਕੀ ਮੈਂ ਉਨ੍ਹਾਂ ਨੂੰ ਫੜ ਲਵਾਂਗਾ?” ਉਸ ਨੇ ਜਵਾਬ ਦਿੱਤਾ: “ਉਨ੍ਹਾਂ ਦਾ ਪਿੱਛਾ ਕਰ ਕਿਉਂਕਿ ਤੂੰ ਜ਼ਰੂਰ ਉਨ੍ਹਾਂ ਨੂੰ ਫੜੇਂਗਾ ਅਤੇ ਤੂੰ ਉਨ੍ਹਾਂ ਕੋਲੋਂ ਹਰੇਕ ਜਣੇ ਅਤੇ ਹਰੇਕ ਚੀਜ਼ ਨੂੰ ਛੁਡਾ ਲਵੇਂਗਾ।”+
9 ਦਾਊਦ ਉਸੇ ਵੇਲੇ ਆਪਣੇ ਨਾਲ ਦੇ 600 ਆਦਮੀਆਂ+ ਨੂੰ ਲੈ ਕੇ ਤੁਰ ਪਿਆ ਅਤੇ ਉਹ ਦੂਰ ਬਸੋਰ ਵਾਦੀ ਤਕ ਗਏ ਤੇ ਕੁਝ ਆਦਮੀ ਉੱਥੇ ਹੀ ਠਹਿਰ ਗਏ। 10 ਦਾਊਦ 400 ਆਦਮੀਆਂ ਨਾਲ ਲੁਟੇਰਿਆਂ ਦਾ ਪਿੱਛਾ ਕਰਦਾ ਰਿਹਾ, ਪਰ 200 ਆਦਮੀ ਇੰਨੇ ਥੱਕ ਗਏ ਸਨ ਕਿ ਬਸੋਰ ਵਾਦੀ ਪਾਰ ਨਹੀਂ ਕਰ ਸਕੇ, ਇਸ ਲਈ ਉਹ ਉੱਥੇ ਹੀ ਰੁਕ ਗਏ।+
11 ਉਨ੍ਹਾਂ ਨੂੰ ਮੈਦਾਨ ਵਿਚ ਇਕ ਮਿਸਰੀ ਆਦਮੀ ਮਿਲਿਆ ਤੇ ਉਹ ਉਸ ਨੂੰ ਦਾਊਦ ਕੋਲ ਲੈ ਗਏ। ਉਨ੍ਹਾਂ ਨੇ ਉਸ ਨੂੰ ਖਾਣ ਲਈ ਖਾਣਾ ਤੇ ਪੀਣ ਲਈ ਪਾਣੀ ਦਿੱਤਾ 12 ਤੇ ਅੰਜੀਰਾਂ ਦੀ ਟਿੱਕੀ ਦਾ ਟੁਕੜਾ ਤੇ ਸੌਗੀਆਂ ਦੀਆਂ ਦੋ ਟਿੱਕੀਆਂ ਵੀ ਦਿੱਤੀਆਂ। ਜਦ ਉਹ ਖਾ ਚੁੱਕਾ, ਤਾਂ ਉਸ ਵਿਚ ਦੁਬਾਰਾ ਤਾਕਤ ਆ ਗਈ* ਕਿਉਂਕਿ ਉਸ ਨੇ ਤਿੰਨ ਦਿਨਾਂ ਤੇ ਤਿੰਨ ਰਾਤਾਂ ਤੋਂ ਨਾ ਕੁਝ ਖਾਧਾ ਸੀ ਤੇ ਨਾ ਪਾਣੀ ਪੀਤਾ ਸੀ। 13 ਫਿਰ ਦਾਊਦ ਨੇ ਉਸ ਨੂੰ ਪੁੱਛਿਆ: “ਤੂੰ ਕਿਸ ਦਾ ਆਦਮੀ ਹੈਂ ਤੇ ਤੂੰ ਕਿੱਥੋਂ ਆਇਆ ਹੈਂ?” ਉਸ ਨੇ ਜਵਾਬ ਦਿੱਤਾ: “ਮੈਂ ਇਕ ਮਿਸਰੀ ਸੇਵਾਦਾਰ ਹਾਂ ਤੇ ਇਕ ਅਮਾਲੇਕੀ ਆਦਮੀ ਦਾ ਗ਼ੁਲਾਮ ਹਾਂ, ਪਰ ਮੇਰਾ ਮਾਲਕ ਮੈਨੂੰ ਛੱਡ ਕੇ ਚਲਾ ਗਿਆ ਕਿਉਂਕਿ ਤਿੰਨ ਦਿਨ ਪਹਿਲਾਂ ਮੈਂ ਬੀਮਾਰ ਹੋ ਗਿਆ ਸੀ। 14 ਅਸੀਂ ਕਰੇਤੀਆਂ+ ਦੇ ਦੱਖਣ* ਵਿਚ, ਯਹੂਦਾਹ ਦੇ ਇਲਾਕੇ ਵਿਚ ਅਤੇ ਕਾਲੇਬ+ ਦੇ ਦੱਖਣ* ਵਿਚ ਲੁੱਟ-ਮਾਰ ਕੀਤੀ ਤੇ ਸਿਕਲਗ ਨੂੰ ਅੱਗ ਨਾਲ ਸਾੜ ਦਿੱਤਾ।” 15 ਇਹ ਸੁਣ ਕੇ ਦਾਊਦ ਨੇ ਉਸ ਨੂੰ ਪੁੱਛਿਆ: “ਕੀ ਤੂੰ ਮੈਨੂੰ ਉਨ੍ਹਾਂ ਲੁਟੇਰਿਆਂ ਕੋਲ ਲੈ ਜਾਏਂਗਾ?” ਉਸ ਨੇ ਜਵਾਬ ਦਿੱਤਾ: “ਜੇ ਤੂੰ ਮੇਰੇ ਅੱਗੇ ਰੱਬ ਦੀ ਸਹੁੰ ਖਾਵੇਂ ਕਿ ਤੂੰ ਮੈਨੂੰ ਜਾਨੋਂ ਨਹੀਂ ਮਾਰੇਂਗਾ ਅਤੇ ਮੈਨੂੰ ਮੇਰੇ ਮਾਲਕ ਦੇ ਹਵਾਲੇ ਨਹੀਂ ਕਰੇਂਗਾ, ਤਾਂ ਮੈਂ ਤੈਨੂੰ ਉਨ੍ਹਾਂ ਲੁਟੇਰਿਆਂ ਕੋਲ ਲੈ ਜਾਵਾਂਗਾ।”
16 ਫਿਰ ਉਹ ਦਾਊਦ ਨੂੰ ਉਸ ਜਗ੍ਹਾ ਲੈ ਗਿਆ ਜਿੱਥੇ ਉਹ ਸਾਰੇ ਮੈਦਾਨ ਵਿਚ ਖਿੰਡੇ ਹੋਏ ਸਨ ਅਤੇ ਖਾ-ਪੀ ਰਹੇ ਤੇ ਜਸ਼ਨ ਮਨਾ ਰਹੇ ਸਨ ਕਿਉਂਕਿ ਉਨ੍ਹਾਂ ਨੇ ਫਲਿਸਤੀਆਂ ਦੇ ਦੇਸ਼ ਅਤੇ ਯਹੂਦਾਹ ਦੇਸ਼ ਤੋਂ ਬਹੁਤ ਸਾਰਾ ਮਾਲ ਲੁੱਟਿਆ ਸੀ। 17 ਫਿਰ ਦਾਊਦ ਮੂੰਹ ਹਨੇਰੇ ਤੋਂ ਲੈ ਕੇ ਅਗਲੀ ਸ਼ਾਮ ਤਕ ਉਨ੍ਹਾਂ ਨੂੰ ਵੱਢਦਾ ਰਿਹਾ; ਇਕ ਵੀ ਆਦਮੀ ਨਾ ਬਚਿਆ,+ ਸਿਵਾਇ ਉਨ੍ਹਾਂ 400 ਆਦਮੀਆਂ ਦੇ ਜੋ ਊਠਾਂ ʼਤੇ ਭੱਜ ਗਏ ਸਨ। 18 ਦਾਊਦ ਨੇ ਉਹ ਸਭ ਕੁਝ ਵਾਪਸ ਲੈ ਲਿਆ ਜੋ ਅਮਾਲੇਕੀ ਲੈ ਗਏ ਸਨ+ ਤੇ ਦਾਊਦ ਨੇ ਆਪਣੀਆਂ ਦੋਹਾਂ ਪਤਨੀਆਂ ਨੂੰ ਵੀ ਛੁਡਾ ਲਿਆ। 19 ਉਨ੍ਹਾਂ ਨੂੰ ਛੋਟੇ ਤੋਂ ਲੈ ਕੇ ਵੱਡੇ ਤਕ ਹਰ ਬੰਦਾ ਤੇ ਹਰ ਚੀਜ਼ ਮਿਲ ਗਈ। ਉਨ੍ਹਾਂ ਨੇ ਆਪਣੇ ਧੀਆਂ-ਪੁੱਤਰ ਅਤੇ ਲੁੱਟ ਦਾ ਮਾਲ ਵਾਪਸ ਲੈ ਲਿਆ;+ ਦਾਊਦ ਨੇ ਉਹ ਸਾਰਾ ਕੁਝ ਵਾਪਸ ਲੈ ਲਿਆ ਜੋ ਉਹ ਲੈ ਗਏ ਸਨ। 20 ਦਾਊਦ ਨੇ ਸਾਰੇ ਇੱਜੜ ਅਤੇ ਡੰਗਰ ਲੈ ਲਏ ਜਿਨ੍ਹਾਂ ਨੂੰ ਉਹ ਆਪਣੇ ਪਸ਼ੂਆਂ ਦੇ ਅੱਗੇ-ਅੱਗੇ ਹੱਕ ਕੇ ਲੈ ਗਏ ਸਨ। ਉਨ੍ਹਾਂ ਨੇ ਕਿਹਾ: “ਇਹ ਦਾਊਦ ਦੀ ਲੁੱਟ ਦਾ ਮਾਲ ਹੈ।”
21 ਫਿਰ ਦਾਊਦ ਉਨ੍ਹਾਂ 200 ਆਦਮੀਆਂ ਕੋਲ ਆਇਆ ਜੋ ਬਹੁਤ ਥੱਕ ਜਾਣ ਕਰਕੇ ਦਾਊਦ ਦੇ ਨਾਲ ਜਾ ਨਹੀਂ ਸਕੇ ਸਨ ਤੇ ਪਿੱਛੇ ਬਸੋਰ ਵਾਦੀ+ ਕੋਲ ਹੀ ਰੁਕ ਗਏ ਸਨ। ਉਹ ਦਾਊਦ ਤੇ ਉਸ ਦੇ ਨਾਲ ਦੇ ਲੋਕਾਂ ਨੂੰ ਮਿਲਣ ਆਏ। ਜਦ ਦਾਊਦ ਉਨ੍ਹਾਂ ਆਦਮੀਆਂ ਦੇ ਨੇੜੇ ਆਇਆ, ਤਾਂ ਉਸ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। 22 ਪਰ ਦਾਊਦ ਨਾਲ ਗਏ ਆਦਮੀਆਂ ਵਿੱਚੋਂ ਕੁਝ ਬੁਰੇ ਤੇ ਨਿਕੰਮੇ ਆਦਮੀਆਂ ਨੇ ਕਿਹਾ: “ਇਹ ਸਾਡੇ ਨਾਲ ਨਹੀਂ ਗਏ ਸੀ। ਅਸੀਂ ਜੋ ਲੁੱਟ ਦਾ ਮਾਲ ਛੁਡਾ ਲਿਆਏ ਹਾਂ, ਉਸ ਵਿੱਚੋਂ ਅਸੀਂ ਇਨ੍ਹਾਂ ਨੂੰ ਕੁਝ ਨਹੀਂ ਦਿਆਂਗੇ। ਇਹ ਬੱਸ ਆਪਣੀਆਂ ਪਤਨੀਆਂ ਤੇ ਪੁੱਤਰਾਂ ਨੂੰ ਲੈ ਕੇ ਚਲੇ ਜਾਣ।” 23 ਪਰ ਦਾਊਦ ਨੇ ਕਿਹਾ: “ਮੇਰੇ ਭਰਾਵੋ, ਯਹੋਵਾਹ ਨੇ ਸਾਨੂੰ ਜੋ ਦਿੱਤਾ ਹੈ, ਉਸ ਨਾਲ ਇਸ ਤਰ੍ਹਾਂ ਨਾ ਕਰੋ। ਉਸ ਨੇ ਸਾਨੂੰ ਬਚਾਇਆ ਤੇ ਲੁਟੇਰਿਆਂ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਜੋ ਸਾਡੇ ਵਿਰੁੱਧ ਆਏ ਸਨ।+ 24 ਤੁਹਾਡੇ ਨਾਲ ਕੌਣ ਇਸ ਗੱਲ ʼਤੇ ਸਹਿਮਤ ਹੋਵੇਗਾ? ਯੁੱਧ ਵਿਚ ਜਾਣ ਵਾਲੇ ਨੂੰ ਵੀ ਉੱਨਾ ਹੀ ਹਿੱਸਾ ਮਿਲੇਗਾ ਜਿੰਨਾ ਉਸ ਨੂੰ ਜੋ ਸਾਮਾਨ ਕੋਲ ਬੈਠਾ ਸੀ।+ ਸਾਰਿਆਂ ਨੂੰ ਇੱਕੋ ਜਿਹਾ ਹਿੱਸਾ ਮਿਲੇਗਾ।”+ 25 ਉਸ ਦਿਨ ਤੋਂ ਉਸ ਨੇ ਇਜ਼ਰਾਈਲ ਲਈ ਇਹੀ ਨਿਯਮ ਤੇ ਕਾਨੂੰਨ ਬਣਾ ਦਿੱਤਾ ਜੋ ਅੱਜ ਤਕ ਹੈ।
26 ਜਦ ਦਾਊਦ ਸਿਕਲਗ ਵਾਪਸ ਆਇਆ, ਤਾਂ ਉਸ ਨੇ ਲੁੱਟ ਦਾ ਕੁਝ ਮਾਲ ਯਹੂਦਾਹ ਦੇ ਬਜ਼ੁਰਗਾਂ ਨੂੰ ਘੱਲਿਆ ਜੋ ਉਸ ਦੇ ਦੋਸਤ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਦੇ ਦੁਸ਼ਮਣਾਂ ਕੋਲੋਂ ਲੁੱਟੇ ਮਾਲ ਵਿੱਚੋਂ ਇਹ ਤੁਹਾਡੇ ਲਈ ਤੋਹਫ਼ਾ* ਹੈ।” 27 ਉਸ ਨੇ ਇਹ ਤੋਹਫ਼ਾ ਉਨ੍ਹਾਂ ਨੂੰ ਭੇਜਿਆ ਜੋ ਬੈਤੇਲ+ ਵਿਚ ਸਨ, ਜੋ ਨੇਗੇਬ* ਦੇ ਰਾਮੋਥ ਵਿਚ ਸਨ, ਜੋ ਯਤੀਰ+ ਵਿਚ ਸਨ, 28 ਜੋ ਅਰੋਏਰ ਵਿਚ ਸਨ, ਜੋ ਸਿਫਮੋਥ ਵਿਚ ਸਨ, ਜੋ ਅਸ਼ਤਮੋਆ+ ਵਿਚ ਸਨ, 29 ਜੋ ਰਾਕਾਲ ਵਿਚ ਸਨ, ਜੋ ਯਰਹਮਏਲੀਆਂ+ ਦੇ ਸ਼ਹਿਰਾਂ ਵਿਚ ਸਨ, ਜੋ ਕੇਨੀਆਂ+ ਦੇ ਸ਼ਹਿਰਾਂ ਵਿਚ ਸਨ, 30 ਜੋ ਹਾਰਮਾਹ+ ਵਿਚ ਸਨ, ਜੋ ਬੋਰਾਸ਼ਾਨ ਵਿਚ ਸਨ, ਜੋ ਅਤਾਕ ਵਿਚ ਸਨ, 31 ਜੋ ਹਬਰੋਨ+ ਵਿਚ ਸਨ ਅਤੇ ਉਨ੍ਹਾਂ ਸਾਰੀਆਂ ਥਾਵਾਂ ਵਿਚ ਜਿੱਥੇ ਦਾਊਦ ਤੇ ਉਸ ਦੇ ਆਦਮੀ ਅਕਸਰ ਜਾਂਦੇ ਹੁੰਦੇ ਸਨ।