ਦੂਜਾ ਸਮੂਏਲ
14 ਸਰੂਯਾਹ ਦੇ ਪੁੱਤਰ ਯੋਆਬ+ ਨੂੰ ਪਤਾ ਲੱਗਾ ਕਿ ਰਾਜੇ ਦਾ ਦਿਲ ਅਬਸ਼ਾਲੋਮ ਲਈ ਤਰਸ ਰਿਹਾ ਸੀ।+ 2 ਇਸ ਲਈ ਯੋਆਬ ਨੇ ਤਕੋਆ+ ਤੋਂ ਇਕ ਚਲਾਕ ਜਿਹੀ ਔਰਤ ਨੂੰ ਬੁਲਵਾਇਆ ਤੇ ਉਸ ਨੂੰ ਕਿਹਾ: “ਤੂੰ ਸੋਗ ਮਨਾਉਣ ਦਾ ਢੌਂਗ ਕਰੀਂ ਤੇ ਸੋਗ ਵਾਲੇ ਕੱਪੜੇ ਪਾ ਲਈਂ ਅਤੇ ਆਪਣੇ ਸਰੀਰ ʼਤੇ ਤੇਲ ਨਾ ਮਲ਼ੀਂ।+ ਤੂੰ ਇੱਦਾਂ ਕਰੀਂ ਜਿੱਦਾਂ ਕੋਈ ਔਰਤ ਲੰਬੇ ਸਮੇਂ ਤੋਂ ਕਿਸੇ ਮਰੇ ਹੋਏ ਦਾ ਸੋਗ ਮਨਾ ਰਹੀ ਹੋਵੇ। 3 ਫਿਰ ਰਾਜੇ ਕੋਲ ਜਾ ਕੇ ਇਹ-ਇਹ ਕਹੀਂ।” ਇਸ ਤੋਂ ਬਾਅਦ ਯੋਆਬ ਨੇ ਉਸ ਨੂੰ ਦੱਸਿਆ ਕਿ ਉਸ ਨੇ ਕੀ ਕਹਿਣਾ ਸੀ।*
4 ਤਕੋਆ ਦੀ ਉਹ ਔਰਤ ਰਾਜੇ ਕੋਲ ਗਈ ਤੇ ਉਸ ਨੇ ਮੂੰਹ ਭਾਰ ਜ਼ਮੀਨ ʼਤੇ ਲੰਮੀ ਪੈ ਕੇ ਨਮਸਕਾਰ ਕੀਤਾ ਅਤੇ ਕਿਹਾ: “ਹੇ ਮਹਾਰਾਜ, ਮੇਰੀ ਮਦਦ ਕਰ!” 5 ਰਾਜੇ ਨੇ ਉਸ ਨੂੰ ਪੁੱਛਿਆ: “ਕੀ ਗੱਲ ਹੋਈ?” ਉਸ ਨੇ ਜਵਾਬ ਦਿੱਤਾ: “ਮੈਂ ਵਿਧਵਾ ਹਾਂ; ਮੇਰਾ ਪਤੀ ਮਰ ਚੁੱਕਾ ਹੈ। 6 ਤੇਰੀ ਦਾਸੀ ਦੇ ਦੋ ਪੁੱਤਰ ਸਨ ਅਤੇ ਉਹ ਦੋਵੇਂ ਖੇਤ ਵਿਚ ਆਪਸ ਵਿਚ ਲੜ ਪਏ। ਉਨ੍ਹਾਂ ਨੂੰ ਛੁਡਾਉਣ ਵਾਲਾ ਕੋਈ ਨਹੀਂ ਸੀ ਅਤੇ ਇਕ ਨੇ ਦੂਜੇ ʼਤੇ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ। 7 ਹੁਣ ਸਾਰਾ ਪਰਿਵਾਰ ਤੇਰੀ ਦਾਸੀ ਦੇ, ਹਾਂ, ਮੇਰੇ ਖ਼ਿਲਾਫ਼ ਹੋ ਗਿਆ ਹੈ ਅਤੇ ਉਹ ਕਹਿ ਰਹੇ ਹਨ, ‘ਉਸ ਨੂੰ ਸਾਡੇ ਹਵਾਲੇ ਕਰ ਜਿਸ ਨੇ ਆਪਣੇ ਭਰਾ ਨੂੰ ਮਾਰਿਆ ਤਾਂਕਿ ਅਸੀਂ ਉਸ ਦੇ ਭਰਾ ਦੀ ਜਾਨ ਦੇ ਬਦਲੇ ਉਸ ਨੂੰ ਮਾਰ ਸੁੱਟੀਏ,+ ਫਿਰ ਭਾਵੇਂ ਵਾਰਸ ਹੀ ਕਿਉਂ ਨਾ ਮਿਟ ਜਾਵੇ!’ ਉਹ ਮੇਰੇ ਕੋਲ ਬਚੇ ਆਖ਼ਰੀ ਕੋਲੇ* ਨੂੰ ਵੀ ਬੁਝਾ ਦੇਣਗੇ ਤੇ ਉਹ ਧਰਤੀ ਉੱਤੋਂ ਮੇਰੇ ਪਤੀ ਦਾ ਨਾਂ ਅਤੇ ਉਸ ਦੀ ਔਲਾਦ ਨੂੰ ਮਿਟਾ ਦੇਣਗੇ।”
8 ਰਾਜੇ ਨੇ ਉਸ ਔਰਤ ਨੂੰ ਕਿਹਾ: “ਆਪਣੇ ਘਰ ਜਾਹ ਅਤੇ ਮੈਂ ਤੇਰੇ ਬਾਰੇ ਇਕ ਹੁਕਮ ਜਾਰੀ ਕਰਾਂਗਾ।” 9 ਇਹ ਸੁਣ ਕੇ ਤਕੋਆ ਦੀ ਔਰਤ ਨੇ ਰਾਜੇ ਨੂੰ ਕਿਹਾ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਸਾਰਾ ਦੋਸ਼ ਮੇਰੇ ਅਤੇ ਮੇਰੇ ਪਿਤਾ ਦੇ ਘਰਾਣੇ ਸਿਰ ਪਵੇ, ਪਰ ਰਾਜਾ ਤੇ ਉਸ ਦਾ ਸਿੰਘਾਸਣ ਨਿਰਦੋਸ਼ ਠਹਿਰਨ।” 10 ਫਿਰ ਰਾਜੇ ਨੇ ਕਿਹਾ: “ਜੇ ਹੁਣ ਤੈਨੂੰ ਕਿਸੇ ਨੇ ਕੁਝ ਕਿਹਾ, ਤਾਂ ਉਸ ਨੂੰ ਮੇਰੇ ਕੋਲ ਲਿਆਈਂ ਅਤੇ ਉਹ ਫਿਰ ਕਦੇ ਤੈਨੂੰ ਪਰੇਸ਼ਾਨ ਨਹੀਂ ਕਰੇਗਾ।” 11 ਪਰ ਉਹ ਬੋਲੀ: “ਕਿਰਪਾ ਕਰ ਕੇ ਰਾਜਾ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਯਾਦ ਰੱਖੇ ਤਾਂਕਿ ਖ਼ੂਨ ਦਾ ਬਦਲਾ ਲੈਣ ਵਾਲਾ+ ਤਬਾਹੀ ਨਾ ਲਿਆਵੇ ਤੇ ਮੇਰੇ ਪੁੱਤਰ ਦੀ ਜਾਨ ਨਾ ਲੈ ਲਵੇ।” ਇਹ ਸੁਣ ਕੇ ਉਸ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ,+ ਤੇਰੇ ਪੁੱਤਰ ਦਾ ਇਕ ਵੀ ਵਾਲ਼ ਜ਼ਮੀਨ ʼਤੇ ਨਹੀਂ ਡਿਗੇਗਾ।” 12 ਫਿਰ ਉਹ ਔਰਤ ਬੋਲੀ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਆਪਣੀ ਦਾਸੀ ਨੂੰ ਆਪਣੇ ਨਾਲ ਇਕ ਗੱਲ ਕਰਨ ਦੀ ਇਜਾਜ਼ਤ ਦੇ।” ਉਸ ਨੇ ਕਿਹਾ: “ਬੋਲ!”
13 ਉਹ ਔਰਤ ਬੋਲੀ: “ਤਾਂ ਫਿਰ, ਤੂੰ ਪਰਮੇਸ਼ੁਰ ਦੇ ਲੋਕਾਂ ਖ਼ਿਲਾਫ਼ ਇਸ ਤਰ੍ਹਾਂ ਕਰਨ ਬਾਰੇ ਕਿਉਂ ਸੋਚਿਆ?+ ਰਾਜਾ ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਆਪਣੇ ਆਪ ਨੂੰ ਦੋਸ਼ੀ ਬਣਾ ਰਿਹਾ ਹੈ ਕਿਉਂਕਿ ਰਾਜਾ ਆਪਣੇ ਪੁੱਤਰ ਨੂੰ ਵਾਪਸ ਨਹੀਂ ਲਿਆਉਂਦਾ ਜਿਸ ਨੂੰ ਉਸ ਨੇ ਦੇਸ਼-ਨਿਕਾਲਾ ਦਿੱਤਾ ਸੀ।+ 14 ਅਸੀਂ ਤਾਂ ਮਰਨਾ ਹੀ ਹੈ ਅਤੇ ਜ਼ਮੀਨ ʼਤੇ ਡੋਲ੍ਹੇ ਜਾਂਦੇ ਪਾਣੀਆਂ ਵਾਂਗ ਹੋ ਜਾਣਾ ਹੈ ਜਿਨ੍ਹਾਂ ਨੂੰ ਦੁਬਾਰਾ ਇਕੱਠਾ ਨਹੀਂ ਕੀਤਾ ਜਾ ਸਕਦਾ। ਪਰ ਪਰਮੇਸ਼ੁਰ ਐਵੇਂ ਕਿਸੇ ਦੀ ਜਾਨ ਨਹੀਂ ਲੈਂਦਾ, ਸਗੋਂ ਉਹ ਸੋਚਦਾ ਹੈ ਕਿ ਜਿਸ ਨੂੰ ਦੇਸ਼-ਨਿਕਾਲਾ ਦਿੱਤਾ ਗਿਆ ਹੈ, ਉਸ ਨੂੰ ਆਪਣੇ ਕੋਲ ਵਾਪਸ ਲਿਆਉਣ ਦੀ ਕੋਈ ਗੁੰਜਾਇਸ਼ ਹੈ ਜਾਂ ਨਹੀਂ। 15 ਇਹ ਸਭ ਮੈਂ ਆਪਣੇ ਪ੍ਰਭੂ ਅਤੇ ਮਹਾਰਾਜ ਨੂੰ ਇਸ ਕਰਕੇ ਦੱਸਣ ਆਈ ਹਾਂ ਕਿਉਂਕਿ ਲੋਕਾਂ ਨੇ ਮੈਨੂੰ ਡਰਾ ਦਿੱਤਾ ਸੀ। ਇਸ ਲਈ ਤੇਰੀ ਦਾਸੀ ਨੇ ਕਿਹਾ, ‘ਮੈਨੂੰ ਰਾਜੇ ਨਾਲ ਗੱਲ ਕਰਨ ਦਿਓ। ਸ਼ਾਇਦ ਰਾਜਾ ਆਪਣੀ ਦਾਸੀ ਦੀ ਬੇਨਤੀ ਸੁਣ ਕੇ ਕੁਝ ਕਰੇ। 16 ਹੋ ਸਕਦਾ ਹੈ ਕਿ ਰਾਜਾ ਆਪਣੀ ਦਾਸੀ ਦੀ ਸੁਣੇ ਅਤੇ ਆਪਣੀ ਦਾਸੀ ਨੂੰ ਉਸ ਆਦਮੀ ਦੇ ਹੱਥੋਂ ਬਚਾਵੇ ਜੋ ਮੈਨੂੰ ਤੇ ਮੇਰੇ ਇੱਕੋ-ਇਕ ਪੁੱਤਰ ਨੂੰ ਪਰਮੇਸ਼ੁਰ ਤੋਂ ਮਿਲੀ ਵਿਰਾਸਤ ਤੋਂ ਪੂਰੀ ਤਰ੍ਹਾਂ ਵਾਂਝਾ ਕਰਨਾ ਚਾਹੁੰਦਾ ਹੈ।’+ 17 ਫਿਰ ਤੇਰੀ ਦਾਸੀ ਨੇ ਕਿਹਾ, ‘ਮੇਰੇ ਪ੍ਰਭੂ ਅਤੇ ਮਹਾਰਾਜ ਦੀਆਂ ਗੱਲਾਂ ਤੋਂ ਮੈਨੂੰ ਰਾਹਤ ਮਿਲੇ’ ਕਿਉਂਕਿ ਮੇਰਾ ਮਾਲਕ ਸੱਚੇ ਪਰਮੇਸ਼ੁਰ ਦੇ ਇਕ ਦੂਤ ਵਾਂਗ ਚੰਗੇ-ਬੁਰੇ ਵਿਚ ਫ਼ਰਕ ਕਰ ਸਕਦਾ ਹੈ। ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਨਾਲ ਹੋਵੇ।”
18 ਰਾਜੇ ਨੇ ਉਸ ਔਰਤ ਨੂੰ ਕਿਹਾ: “ਮੈਨੂੰ ਉਹ ਹਰ ਗੱਲ ਦੱਸੀਂ ਜੋ ਮੈਂ ਤੇਰੇ ਤੋਂ ਪੁੱਛਾਂ।” ਉਸ ਔਰਤ ਨੇ ਕਿਹਾ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਕਿਰਪਾ ਕਰ ਕੇ ਪੁੱਛ।” 19 ਫਿਰ ਰਾਜੇ ਨੇ ਪੁੱਛਿਆ: “ਕੀ ਯੋਆਬ ਨੇ ਤੈਨੂੰ ਇਹ ਸਭ ਕੁਝ ਕਰਨ ਲਈ ਕਿਹਾ ਸੀ?”+ ਉਸ ਔਰਤ ਨੇ ਜਵਾਬ ਦਿੱਤਾ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਮੈਨੂੰ ਤੇਰੀ ਜਾਨ ਦੀ ਸਹੁੰ, ਮੇਰੇ ਮਹਾਰਾਜ ਨੇ ਬਿਲਕੁਲ ਸਹੀ ਕਿਹਾ।* ਤੇਰੇ ਸੇਵਕ ਯੋਆਬ ਨੇ ਹੀ ਮੈਨੂੰ ਇਹ ਸਭ ਕਰਨ ਲਈ ਕਿਹਾ ਸੀ ਤੇ ਇਹ ਸਾਰੀਆਂ ਗੱਲਾਂ ਤੇਰੀ ਦਾਸੀ ਦੇ ਮੂੰਹ ਵਿਚ ਪਾਈਆਂ ਸਨ। 20 ਤੇਰੇ ਸੇਵਕ ਯੋਆਬ ਨੇ ਇਹ ਇਸ ਲਈ ਕੀਤਾ ਤਾਂਕਿ ਤੂੰ ਮਾਮਲੇ ਨੂੰ ਵੱਖਰੇ ਨਜ਼ਰੀਏ ਤੋਂ ਦੇਖੇਂ, ਪਰ ਮੇਰੇ ਪ੍ਰਭੂ ਅਤੇ ਮਹਾਰਾਜ ਕੋਲ ਸੱਚੇ ਪਰਮੇਸ਼ੁਰ ਦੇ ਦੂਤ ਵਰਗੀ ਬੁੱਧ ਹੈ ਅਤੇ ਉਸ ਨੂੰ ਸਾਰਾ ਕੁਝ ਪਤਾ ਕਿ ਦੇਸ਼ ਵਿਚ ਕੀ-ਕੀ ਹੋ ਰਿਹਾ ਹੈ।”
21 ਫਿਰ ਰਾਜੇ ਨੇ ਯੋਆਬ ਨੂੰ ਕਿਹਾ: “ਠੀਕ ਹੈ, ਮੈਂ ਇਸ ਤਰ੍ਹਾਂ ਕਰਾਂਗਾ।+ ਜਾਹ ਤੇ ਉਸ ਨੌਜਵਾਨ ਅਬਸ਼ਾਲੋਮ ਨੂੰ ਵਾਪਸ ਲੈ ਆ।”+ 22 ਇਹ ਸੁਣ ਕੇ ਯੋਆਬ ਨੇ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਕੇ ਨਮਸਕਾਰ ਕੀਤਾ ਅਤੇ ਰਾਜੇ ਦੀ ਵਡਿਆਈ ਕੀਤੀ। ਯੋਆਬ ਨੇ ਕਿਹਾ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਅੱਜ ਤੇਰੇ ਸੇਵਕ ਨੂੰ ਪਤਾ ਲੱਗ ਗਿਆ ਹੈ ਕਿ ਤੇਰੀ ਕਿਰਪਾ ਦੀ ਨਜ਼ਰ ਮੇਰੇ ਉੱਤੇ ਹੈ ਕਿਉਂਕਿ ਰਾਜੇ ਨੇ ਆਪਣੇ ਸੇਵਕ ਦੀ ਬੇਨਤੀ ਅਨੁਸਾਰ ਕਦਮ ਚੁੱਕਿਆ ਹੈ।” 23 ਫਿਰ ਯੋਆਬ ਉੱਠਿਆ ਤੇ ਗਸ਼ੂਰ+ ਨੂੰ ਗਿਆ ਅਤੇ ਅਬਸ਼ਾਲੋਮ ਨੂੰ ਯਰੂਸ਼ਲਮ ਲੈ ਆਇਆ। 24 ਪਰ ਰਾਜੇ ਨੇ ਕਿਹਾ: “ਉਹ ਆਪਣੇ ਘਰ ਮੁੜ ਜਾਵੇ ਤੇ ਮੇਰਾ ਮੂੰਹ ਨਾ ਦੇਖੇ।” ਇਸ ਲਈ ਅਬਸ਼ਾਲੋਮ ਆਪਣੇ ਘਰ ਮੁੜ ਗਿਆ ਅਤੇ ਉਸ ਨੇ ਰਾਜੇ ਦਾ ਮੂੰਹ ਨਹੀਂ ਦੇਖਿਆ।
25 ਸਾਰੇ ਇਜ਼ਰਾਈਲ ਵਿਚ ਜਿੰਨੀ ਤਾਰੀਫ਼ ਅਬਸ਼ਾਲੋਮ ਦੇ ਸੁਹੱਪਣ ਦੀ ਕੀਤੀ ਜਾਂਦੀ ਸੀ, ਉੱਨੀ ਕਿਸੇ ਹੋਰ ਦੀ ਨਹੀਂ ਸੀ ਕੀਤੀ ਜਾਂਦੀ। ਪੈਰ ਦੀ ਤਲੀ ਤੋਂ ਲੈ ਕੇ ਸਿਰ ਤਕ ਉਸ ਵਿਚ ਕੋਈ ਨੁਕਸ ਨਹੀਂ ਸੀ। 26 ਉਸ ਨੂੰ ਹਰ ਸਾਲ ਦੇ ਅਖ਼ੀਰ ਵਿਚ ਆਪਣਾ ਸਿਰ ਮੁੰਨਣਾ ਪੈਂਦਾ ਸੀ ਕਿਉਂਕਿ ਉਸ ਦੇ ਵਾਲ਼ ਬਹੁਤ ਭਾਰੇ ਹੋ ਜਾਂਦੇ ਸਨ। ਜਦੋਂ ਉਹ ਆਪਣਾ ਸਿਰ ਮੁੰਨਦਾ ਸੀ, ਤਾਂ ਉਸ ਦੇ ਵਾਲ਼ਾਂ ਦਾ ਭਾਰ ਸ਼ਾਹੀ ਵੱਟੇ* ਅਨੁਸਾਰ 200 ਸ਼ੇਕੇਲ* ਹੁੰਦਾ ਸੀ। 27 ਅਬਸ਼ਾਲੋਮ ਦੇ ਤਿੰਨ ਪੁੱਤਰ+ ਅਤੇ ਇਕ ਧੀ ਪੈਦਾ ਹੋਈ ਜਿਸ ਦਾ ਨਾਂ ਤਾਮਾਰ ਸੀ ਤੇ ਉਹ ਬਹੁਤ ਸੋਹਣੀ ਸੀ।
28 ਅਬਸ਼ਾਲੋਮ ਯਰੂਸ਼ਲਮ ਵਿਚ ਪੂਰੇ ਦੋ ਸਾਲ ਰਿਹਾ, ਪਰ ਉਸ ਨੇ ਰਾਜੇ ਦਾ ਮੂੰਹ ਨਹੀਂ ਦੇਖਿਆ।+ 29 ਫਿਰ ਅਬਸ਼ਾਲੋਮ ਨੇ ਯੋਆਬ ਨੂੰ ਬੁਲਵਾਇਆ ਤਾਂਕਿ ਉਹ ਉਸ ਨੂੰ ਰਾਜੇ ਕੋਲ ਭੇਜੇ, ਪਰ ਯੋਆਬ ਨਹੀਂ ਆਇਆ। ਉਸ ਨੇ ਉਸ ਨੂੰ ਦੂਜੀ ਵਾਰ ਬੁਲਾਇਆ, ਪਰ ਉਸ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ। 30 ਅਖ਼ੀਰ ਉਸ ਨੇ ਆਪਣੇ ਸੇਵਕਾਂ ਨੂੰ ਕਿਹਾ: “ਮੇਰੇ ਖੇਤ ਦੇ ਨਾਲ ਯੋਆਬ ਦਾ ਖੇਤ ਲੱਗਦਾ ਹੈ ਅਤੇ ਉਸ ਵਿਚ ਜੌਆਂ ਦੀ ਕੁਝ ਫ਼ਸਲ ਹੈ। ਜਾਓ ਅਤੇ ਉਸ ਨੂੰ ਅੱਗ ਲਾ ਦਿਓ।” ਇਸ ਲਈ ਅਬਸ਼ਾਲੋਮ ਦੇ ਸੇਵਕਾਂ ਨੇ ਖੇਤ ਨੂੰ ਅੱਗ ਲਾ ਦਿੱਤੀ। 31 ਇਹ ਪਤਾ ਲੱਗਣ ਤੇ ਯੋਆਬ ਉੱਠਿਆ ਤੇ ਅਬਸ਼ਾਲੋਮ ਦੇ ਘਰ ਜਾ ਕੇ ਉਸ ਨੂੰ ਕਹਿਣ ਲੱਗਾ: “ਤੇਰੇ ਸੇਵਕਾਂ ਨੇ ਮੇਰੇ ਖੇਤ ਨੂੰ ਅੱਗ ਕਿਉਂ ਲਾਈ?” 32 ਅਬਸ਼ਾਲੋਮ ਨੇ ਯੋਆਬ ਨੂੰ ਜਵਾਬ ਦਿੱਤਾ: “ਦੇਖ! ਮੈਂ ਤੈਨੂੰ ਇਹ ਸੰਦੇਸ਼ ਭੇਜਿਆ ਸੀ, ‘ਮੇਰੇ ਕੋਲ ਆ ਤਾਂਕਿ ਮੈਂ ਤੈਨੂੰ ਰਾਜੇ ਕੋਲ ਇਹ ਪੁੱਛਣ ਲਈ ਭੇਜਾਂ: “ਮੈਂ ਗਸ਼ੂਰ ਤੋਂ ਕਿਉਂ ਆਇਆਂ?+ ਚੰਗਾ ਹੁੰਦਾ ਜੇ ਮੈਂ ਉੱਥੇ ਹੀ ਰਹਿੰਦਾ। ਹੁਣ ਮੈਨੂੰ ਰਾਜੇ ਦਾ ਮੂੰਹ ਦੇਖ ਲੈਣ ਦੇ ਅਤੇ ਜੇ ਮੇਰੇ ਵਿਚ ਕੋਈ ਦੋਸ਼ ਲੱਭਾ, ਤਾਂ ਉਹ ਮੈਨੂੰ ਮੌਤ ਦੇ ਘਾਟ ਉਤਾਰ ਦੇਵੇ।”’”
33 ਯੋਆਬ ਨੇ ਇਹ ਸਭ ਰਾਜੇ ਨੂੰ ਜਾ ਕੇ ਦੱਸਿਆ। ਫਿਰ ਰਾਜੇ ਨੇ ਅਬਸ਼ਾਲੋਮ ਨੂੰ ਬੁਲਾਇਆ। ਉਹ ਰਾਜੇ ਕੋਲ ਆਇਆ ਅਤੇ ਉਸ ਨੇ ਰਾਜੇ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ। ਫਿਰ ਰਾਜੇ ਨੇ ਅਬਸ਼ਾਲੋਮ ਨੂੰ ਚੁੰਮਿਆ।+