ਰਸੂਲਾਂ ਦੇ ਕੰਮ
8 ਸੌਲੁਸ ਇਸਤੀਫ਼ਾਨ ਦੇ ਕਤਲ ਨਾਲ ਸਹਿਮਤ ਸੀ।+
ਉਸ ਦਿਨ ਤੋਂ ਯਰੂਸ਼ਲਮ ਦੀ ਮੰਡਲੀ ਉੱਤੇ ਬਹੁਤ ਅਤਿਆਚਾਰ ਹੋਣ ਲੱਗਾ; ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਚੇਲੇ ਯਹੂਦਿਯਾ ਅਤੇ ਸਾਮਰਿਯਾ ਦੇ ਇਲਾਕਿਆਂ ਵਿਚ ਖਿੰਡ-ਪੁੰਡ ਗਏ।+ 2 ਪਵਿੱਤਰ ਸੇਵਕਾਂ ਨੇ ਇਸਤੀਫ਼ਾਨ ਦੀ ਲਾਸ਼ ਨੂੰ ਲਿਜਾ ਕੇ ਦਫ਼ਨਾ ਦਿੱਤਾ ਅਤੇ ਉਨ੍ਹਾਂ ਨੇ ਉਸ ਦੇ ਮਰਨ ʼਤੇ ਬਹੁਤ ਸੋਗ ਮਨਾਇਆ। 3 ਦੂਜੇ ਪਾਸੇ, ਸੌਲੁਸ ਮੰਡਲੀ ਉੱਤੇ ਕਹਿਰ ਢਾਹੁਣ ਲੱਗਾ। ਉਹ ਘਰ-ਘਰ ਜਾ ਕੇ ਆਦਮੀਆਂ ਤੇ ਤੀਵੀਆਂ ਨੂੰ ਘੜੀਸ ਲਿਆਉਂਦਾ ਸੀ ਅਤੇ ਜੇਲ੍ਹ ਵਿਚ ਬੰਦ ਕਰਵਾ ਦਿੰਦਾ ਸੀ।+
4 ਪਰ ਜਿਹੜੇ ਚੇਲੇ ਖਿੰਡ-ਪੁੰਡ ਗਏ ਸਨ, ਉਹ ਪੂਰੇ ਇਲਾਕੇ ਵਿਚ ਬਚਨ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।+ 5 ਫ਼ਿਲਿੱਪੁਸ ਸਾਮਰਿਯਾ ਸ਼ਹਿਰ*+ ਨੂੰ ਚਲਾ ਗਿਆ ਅਤੇ ਉਸ ਨੇ ਉੱਥੇ ਲੋਕਾਂ ਨੂੰ ਮਸੀਹ ਬਾਰੇ ਦੱਸਣਾ ਸ਼ੁਰੂ ਕੀਤਾ। 6 ਭੀੜਾਂ ਦੀਆਂ ਭੀੜਾਂ ਇਕ ਮਨ ਹੋ ਕੇ ਧਿਆਨ ਨਾਲ ਫ਼ਿਲਿੱਪੁਸ ਦੀਆਂ ਗੱਲਾਂ ਸੁਣਦੀਆਂ ਸਨ ਅਤੇ ਉਸ ਦੁਆਰਾ ਦਿਖਾਈਆਂ ਨਿਸ਼ਾਨੀਆਂ ਦੇਖਦੀਆਂ ਸਨ। 7 ਉੱਥੇ ਬਹੁਤ ਸਾਰੇ ਲੋਕਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ ਅਤੇ ਦੁਸ਼ਟ ਦੂਤ ਉੱਚੀ-ਉੱਚੀ ਰੌਲ਼ਾ ਪਾ ਕੇ ਉਨ੍ਹਾਂ ਵਿੱਚੋਂ ਨਿਕਲ ਆਉਂਦੇ ਸਨ।+ ਇਸ ਤੋਂ ਇਲਾਵਾ, ਕਈ ਅਧਰੰਗੀਆਂ ਅਤੇ ਲੰਗੜਿਆਂ ਨੂੰ ਠੀਕ ਕੀਤਾ ਗਿਆ ਸੀ। 8 ਇਸ ਲਈ ਉਸ ਸ਼ਹਿਰ ਦੇ ਲੋਕ ਬੜੇ ਖ਼ੁਸ਼ ਸਨ।
9 ਉਸ ਸ਼ਹਿਰ ਵਿਚ ਸ਼ਮਊਨ ਨਾਂ ਦਾ ਇਕ ਆਦਮੀ ਸੀ ਜਿਹੜਾ ਪਹਿਲਾਂ ਜਾਦੂਗਰੀ ਕਰਦਾ ਹੁੰਦਾ ਸੀ ਅਤੇ ਉਸ ਨੂੰ ਦੇਖ ਕੇ ਸਾਮਰੀ ਲੋਕ ਅਚੰਭੇ ਵਿਚ ਸਨ। ਉਹ ਆਪਣੇ ਆਪ ਨੂੰ ਮਹਾਨ ਹਸਤੀ ਕਹਿੰਦਾ ਸੀ। 10 ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਉਸ ਵੱਲ ਧਿਆਨ ਦਿੰਦੇ ਸਨ ਅਤੇ ਕਹਿੰਦੇ ਸਨ: “ਇਹ ਆਦਮੀ ਤਾਂ ਪਰਮੇਸ਼ੁਰ ਦੀ ਮਹਾਂਸ਼ਕਤੀ ਹੈ।” 11 ਇਸ ਲਈ ਉਹ ਸਾਰੇ ਉਸ ਵੱਲ ਧਿਆਨ ਦਿੰਦੇ ਸਨ ਕਿਉਂਕਿ ਉਸ ਨੇ ਆਪਣੀ ਜਾਦੂਗਰੀ ਨਾਲ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਕਾਇਲ ਕੀਤਾ ਹੋਇਆ ਸੀ। 12 ਪਰ ਜਦੋਂ ਫ਼ਿਲਿੱਪੁਸ ਨੇ ਪਰਮੇਸ਼ੁਰ ਦੇ ਰਾਜ ਦੀ ਅਤੇ ਯਿਸੂ ਮਸੀਹ ਦੇ ਨਾਂ ਦੀ ਖ਼ੁਸ਼ ਖ਼ਬਰੀ ਸੁਣਾਈ,+ ਤਾਂ ਬਹੁਤ ਸਾਰੇ ਲੋਕਾਂ ਨੇ ਉਸ ʼਤੇ ਯਕੀਨ ਕੀਤਾ ਅਤੇ ਆਦਮੀਆਂ ਤੇ ਤੀਵੀਆਂ ਨੇ ਬਪਤਿਸਮਾ ਲਿਆ।+ 13 ਸ਼ਮਊਨ ਵੀ ਨਿਹਚਾ ਕਰਨ ਲੱਗ ਪਿਆ ਅਤੇ ਬਪਤਿਸਮਾ ਲੈਣ ਤੋਂ ਬਾਅਦ ਉਹ ਫ਼ਿਲਿੱਪੁਸ ਦੇ ਨਾਲ-ਨਾਲ ਰਿਹਾ+ ਅਤੇ ਫ਼ਿਲਿੱਪੁਸ ਨੂੰ ਨਿਸ਼ਾਨੀਆਂ ਦਿਖਾਉਂਦਿਆਂ ਅਤੇ ਵੱਡੇ-ਵੱਡੇ ਚਮਤਕਾਰ ਕਰਦਿਆਂ ਦੇਖ ਕੇ ਹੈਰਾਨ ਰਹਿ ਗਿਆ।
14 ਜਦੋਂ ਯਰੂਸ਼ਲਮ ਵਿਚ ਰਸੂਲਾਂ ਨੇ ਸੁਣਿਆ ਕਿ ਸਾਮਰਿਯਾ ਦੇ ਲੋਕ ਪਰਮੇਸ਼ੁਰ ਦੇ ਬਚਨ ਨੂੰ ਮੰਨਣ ਲੱਗ ਪਏ ਸਨ,+ ਤਾਂ ਰਸੂਲਾਂ ਨੇ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਕੋਲ ਘੱਲਿਆ। 15 ਉਨ੍ਹਾਂ ਨੇ ਜਾ ਕੇ ਉਨ੍ਹਾਂ ਲਈ ਪਵਿੱਤਰ ਸ਼ਕਤੀ ਵਾਸਤੇ ਪ੍ਰਾਰਥਨਾ ਕੀਤੀ।+ 16 ਕਿਉਂਕਿ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਂ ʼਤੇ ਬਪਤਿਸਮਾ ਤਾਂ ਲਿਆ ਸੀ, ਪਰ ਉਨ੍ਹਾਂ ਵਿੱਚੋਂ ਕਿਸੇ ਉੱਤੇ ਵੀ ਅਜੇ ਤਕ ਪਵਿੱਤਰ ਸ਼ਕਤੀ ਨਹੀਂ ਆਈ ਸੀ।+ 17 ਫਿਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ+ ਅਤੇ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲਣ ਲੱਗੀ।
18 ਜਦੋਂ ਸ਼ਮਊਨ ਨੇ ਦੇਖਿਆ ਕਿ ਰਸੂਲਾਂ ਵੱਲੋਂ ਹੱਥ ਰੱਖਣ ਨਾਲ ਪਵਿੱਤਰ ਸ਼ਕਤੀ ਮਿਲ ਜਾਂਦੀ ਸੀ, ਤਾਂ ਸ਼ਮਊਨ ਨੇ ਉਨ੍ਹਾਂ ਨੂੰ ਪੈਸੇ ਦਿੰਦਿਆਂ 19 ਕਿਹਾ: “ਮੈਨੂੰ ਵੀ ਇਹ ਅਧਿਕਾਰ ਦਿਓ ਤਾਂਕਿ ਜਿਸ ਉੱਤੇ ਮੈਂ ਹੱਥ ਰੱਖਾਂ, ਉਸ ਨੂੰ ਪਵਿੱਤਰ ਸ਼ਕਤੀ ਮਿਲ ਜਾਵੇ।” 20 ਪਰ ਪਤਰਸ ਨੇ ਉਸ ਨੂੰ ਕਿਹਾ: “ਤੂੰ ਅਤੇ ਤੇਰੇ ਚਾਂਦੀ ਦੇ ਪੈਸੇ ਨਾਸ਼ ਹੋ ਜਾਣ ਕਿਉਂਕਿ ਤੂੰ ਉਸ ਦਾਤ ਨੂੰ ਪੈਸਿਆਂ ਨਾਲ ਖ਼ਰੀਦਣ ਬਾਰੇ ਸੋਚਿਆ ਜੋ ਪਰਮੇਸ਼ੁਰ ਮੁਫ਼ਤ ਵਿਚ ਦਿੰਦਾ ਹੈ।+ 21 ਤੇਰਾ ਇਸ ਕੰਮ ਵਿਚ ਕੋਈ ਹਿੱਸਾ ਜਾਂ ਸਾਂਝ ਨਹੀਂ ਹੈ ਕਿਉਂਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤੇਰਾ ਦਿਲ ਸਾਫ਼ ਨਹੀਂ ਹੈ। 22 ਇਸ ਲਈ ਆਪਣੀ ਇਸ ਬੁਰਾਈ ਤੋਂ ਤੋਬਾ ਕਰ ਅਤੇ ਆਪਣੀ ਬੁਰੀ ਸੋਚ ਨੂੰ ਬਦਲ ਅਤੇ ਯਹੋਵਾਹ* ਨੂੰ ਫ਼ਰਿਆਦ ਕਰ ਕਿ ਜੇ ਹੋ ਸਕੇ, ਤਾਂ ਉਹ ਤੈਨੂੰ ਮਾਫ਼ ਕਰ ਦੇਵੇ; 23 ਮੈਂ ਜਾਣ ਗਿਆ ਹਾਂ ਕਿ ਤੇਰੇ ਦਿਲ ਵਿਚ ਜ਼ਹਿਰ* ਭਰਿਆ ਹੋਇਆ ਹੈ ਅਤੇ ਤੂੰ ਬੁਰਾਈ ਦਾ ਗ਼ੁਲਾਮ ਹੈਂ।” 24 ਸ਼ਮਊਨ ਨੇ ਜਵਾਬ ਦਿੱਤਾ: “ਕਿਰਪਾ ਕਰ ਕੇ ਤੁਸੀਂ ਹੀ ਮੇਰੇ ਲਈ ਯਹੋਵਾਹ* ਨੂੰ ਫ਼ਰਿਆਦ ਕਰੋ ਕਿ ਤੁਸੀਂ ਜੋ ਕਿਹਾ ਹੈ, ਉਹ ਮੈਨੂੰ ਭੁਗਤਣਾ ਨਾ ਪਵੇ।”
25 ਫਿਰ ਜਦੋਂ ਉਹ ਯਹੋਵਾਹ* ਦੇ ਬਚਨ ਬਾਰੇ ਸਿੱਖਿਆ ਦੇ ਹਟੇ ਅਤੇ ਪੂਰੇ ਇਲਾਕੇ ਵਿਚ ਗਵਾਹੀ ਦੇ ਹਟੇ, ਤਾਂ ਉਹ ਯਰੂਸ਼ਲਮ ਨੂੰ ਮੁੜ ਪਏ ਅਤੇ ਰਾਹ ਵਿਚ ਉਹ ਸਾਮਰੀਆਂ ਦੇ ਬਹੁਤ ਸਾਰੇ ਪਿੰਡਾਂ ਵਿਚ ਵੀ ਖ਼ੁਸ਼ ਖ਼ਬਰੀ ਸੁਣਾਉਂਦੇ ਗਏ।+
26 ਪਰ ਯਹੋਵਾਹ* ਦੇ ਦੂਤ+ ਨੇ ਫ਼ਿਲਿੱਪੁਸ ਨੂੰ ਕਿਹਾ: “ਉੱਠ ਅਤੇ ਦੱਖਣ ਵਾਲੇ ਪਾਸੇ ਉਸ ਰਾਹ ਵੱਲ ਚਲਾ ਜਾਹ ਜਿਹੜਾ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ।” (ਇਹ ਰਾਹ ਸੁੰਨਾ ਹੈ।) 27 ਦੂਤ ਦੀ ਗੱਲ ਸੁਣ ਕੇ ਉਹ ਉੱਠਿਆ ਅਤੇ ਚਲਾ ਗਿਆ। ਅਤੇ ਉਸ ਰਾਹ ʼਤੇ ਉਸ ਨੇ ਇਥੋਪੀਆ ਦੀ ਰਾਣੀ ਕੰਦਾਕੇ ਦੇ ਦਰਬਾਰ ਦਾ ਇਕ ਮੰਤਰੀ ਦੇਖਿਆ ਜਿਹੜਾ ਰਾਣੀ ਦੇ ਸਾਰੇ ਖ਼ਜ਼ਾਨੇ ਦਾ ਮੁਖਤਿਆਰ ਸੀ। ਉਹ ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ।+ 28 ਮੁੜਦੇ ਵੇਲੇ ਉਹ ਆਪਣੇ ਰਥ ਵਿਚ ਬੈਠਾ ਯਸਾਯਾਹ ਨਬੀ ਦੀ ਕਿਤਾਬ ਪੜ੍ਹ ਰਿਹਾ ਸੀ। 29 ਫਿਰ ਪਵਿੱਤਰ ਸ਼ਕਤੀ ਨੇ ਫ਼ਿਲਿੱਪੁਸ ਨੂੰ ਕਿਹਾ: “ਜਾਹ, ਉਸ ਰਥ ਦੇ ਨੇੜੇ ਚਲਾ ਜਾ।” 30 ਫ਼ਿਲਿੱਪੁਸ ਰਥ ਦੇ ਨਾਲ-ਨਾਲ ਭੱਜਣ ਲੱਗਾ ਅਤੇ ਉਸ ਨੇ ਮੰਤਰੀ ਨੂੰ ਯਸਾਯਾਹ ਨਬੀ ਦੀ ਕਿਤਾਬ ਵਿੱਚੋਂ ਪੜ੍ਹਦੇ ਹੋਏ ਸੁਣਿਆ। ਫ਼ਿਲਿੱਪੁਸ ਨੇ ਉਸ ਨੂੰ ਪੁੱਛਿਆ: “ਜੋ ਤੂੰ ਪੜ੍ਹ ਰਿਹਾ ਹੈਂ, ਕੀ ਉਹ ਤੈਨੂੰ ਸਮਝ ਵੀ ਆਉਂਦਾ ਹੈ?” 31 ਉਸ ਨੇ ਕਿਹਾ: “ਜਦ ਤਕ ਕੋਈ ਮੈਨੂੰ ਨਾ ਸਮਝਾਵੇ, ਤਾਂ ਮੈਨੂੰ ਕਿਵੇਂ ਸਮਝ ਆਵੇਗਾ?” ਉਸ ਨੇ ਫ਼ਿਲਿੱਪੁਸ ਨੂੰ ਬੇਨਤੀ ਕੀਤੀ ਕਿ ਉਹ ਰਥ ਵਿਚ ਚੜ੍ਹ ਕੇ ਉਸ ਦੇ ਨਾਲ ਬੈਠ ਜਾਵੇ। 32 ਉਹ ਧਰਮ-ਗ੍ਰੰਥ ਦਾ ਇਹ ਹਿੱਸਾ ਪੜ੍ਹ ਰਿਹਾ ਸੀ: “ਉਸ ਨੂੰ ਭੇਡ ਵਾਂਗ ਵੱਢੇ ਜਾਣ ਲਈ ਲਿਆਂਦਾ ਗਿਆ ਅਤੇ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ ਜਿਵੇਂ ਲੇਲਾ ਉੱਨ ਕਤਰਨ ਵਾਲੇ ਸਾਮ੍ਹਣੇ ਚੁੱਪ ਰਹਿੰਦਾ ਹੈ।+ 33 ਉਸ ਨੂੰ ਬੇਇੱਜ਼ਤ ਕੀਤਾ ਗਿਆ ਅਤੇ ਉਸ ਨਾਲ ਨਿਆਂ ਨਹੀਂ ਕੀਤਾ ਗਿਆ।+ ਕੌਣ ਉਸ ਦੀ ਵੰਸ਼ਾਵਲੀ ਬਾਰੇ ਦੱਸੇਗਾ? ਕਿਉਂਕਿ ਧਰਤੀ ਉੱਤੋਂ ਉਸ ਦੀ ਜਾਨ ਲੈ ਲਈ ਗਈ।”+
34 ਉਸ ਮੰਤਰੀ ਨੇ ਫ਼ਿਲਿੱਪੁਸ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਦੱਸ ਕਿ ਨਬੀ ਨੇ ਇਹ ਗੱਲ ਕਿਸ ਬਾਰੇ ਕਹੀ ਸੀ? ਆਪਣੇ ਬਾਰੇ ਜਾਂ ਕਿਸੇ ਹੋਰ ਬਾਰੇ?” 35 ਫ਼ਿਲਿੱਪੁਸ ਨੇ ਬੋਲਣਾ ਸ਼ੁਰੂ ਕੀਤਾ ਅਤੇ ਧਰਮ-ਗ੍ਰੰਥ ਦੇ ਇਸ ਹਿੱਸੇ ਤੋਂ ਸ਼ੁਰੂ ਕਰ ਕੇ ਯਿਸੂ ਬਾਰੇ ਉਸ ਨੂੰ ਖ਼ੁਸ਼ ਖ਼ਬਰੀ ਸੁਣਾਈ। 36 ਰਾਹ ਵਿਚ ਜਾਂਦੇ ਹੋਏ ਉਹ ਇਕ ਜਗ੍ਹਾ ਪਹੁੰਚੇ ਜਿੱਥੇ ਬਹੁਤ ਸਾਰਾ ਪਾਣੀ ਸੀ ਅਤੇ ਮੰਤਰੀ ਨੇ ਕਿਹਾ: “ਦੇਖ! ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?” 37 *— 38 ਫਿਰ ਮੰਤਰੀ ਨੇ ਰਥ ਰੋਕਣ ਦਾ ਹੁਕਮ ਦਿੱਤਾ ਅਤੇ ਫ਼ਿਲਿੱਪੁਸ ਤੇ ਮੰਤਰੀ ਦੋਵੇਂ ਪਾਣੀ ਵਿਚ ਚਲੇ ਗਏ ਅਤੇ ਫ਼ਿਲਿੱਪੁਸ ਨੇ ਉਸ ਨੂੰ ਬਪਤਿਸਮਾ ਦੇ ਦਿੱਤਾ। 39 ਜਦੋਂ ਉਹ ਪਾਣੀ ਵਿੱਚੋਂ ਬਾਹਰ ਆਏ, ਤਾਂ ਯਹੋਵਾਹ* ਦੀ ਪਵਿੱਤਰ ਸ਼ਕਤੀ ਤੁਰੰਤ ਫ਼ਿਲਿੱਪੁਸ ਨੂੰ ਕਿਸੇ ਹੋਰ ਜਗ੍ਹਾ ਲੈ ਗਈ ਅਤੇ ਮੰਤਰੀ ਨੇ ਉਸ ਨੂੰ ਦੁਬਾਰਾ ਨਾ ਦੇਖਿਆ, ਪਰ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਰਾਹ ਚਲਾ ਗਿਆ। 40 ਇਸ ਤੋਂ ਬਾਅਦ ਫ਼ਿਲਿੱਪੁਸ ਨੇ ਆਪਣੇ ਆਪ ਨੂੰ ਅਸ਼ਦੋਦ ਵਿਚ ਪਾਇਆ ਅਤੇ ਕੈਸਰੀਆ+ ਪਹੁੰਚਣ ਤਕ ਉਹ ਸਾਰੇ ਸ਼ਹਿਰਾਂ ਵਿਚ ਖ਼ੁਸ਼ ਖ਼ਬਰੀ ਸੁਣਾਉਂਦਾ ਗਿਆ।