ਤਿਮੋਥਿਉਸ ਨੂੰ ਪਹਿਲੀ ਚਿੱਠੀ
1 ਮੈਂ ਪੌਲੁਸ, ਸਾਡੇ ਮੁਕਤੀਦਾਤੇ ਪਰਮੇਸ਼ੁਰ ਅਤੇ ਮਸੀਹ ਯਿਸੂ, ਜਿਸ ਉੱਤੇ ਅਸੀਂ ਉਮੀਦ ਰੱਖੀ ਹੈ,+ ਦੇ ਹੁਕਮ ਨਾਲ ਮਸੀਹ ਯਿਸੂ ਦਾ ਰਸੂਲ ਹਾਂ 2 ਅਤੇ ਮਸੀਹੀ ਰਾਹ ਉੱਤੇ ਚੱਲ ਰਹੇ ਆਪਣੇ ਸੱਚੇ ਬੇਟੇ ਤਿਮੋਥਿਉਸ*+ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
ਪਿਤਾ ਪਰਮੇਸ਼ੁਰ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਤੈਨੂੰ ਅਪਾਰ ਕਿਰਪਾ, ਦਇਆ ਤੇ ਸ਼ਾਂਤੀ ਬਖ਼ਸ਼ਣ।
3 ਜਿਵੇਂ ਮਕਦੂਨੀਆ ਜਾਣ ਤੋਂ ਪਹਿਲਾਂ ਮੈਂ ਤੈਨੂੰ ਅਫ਼ਸੁਸ ਵਿਚ ਰਹਿਣ ਲਈ ਕਿਹਾ ਸੀ, ਉਸੇ ਤਰ੍ਹਾਂ ਹੁਣ ਵੀ ਤੈਨੂੰ ਉੱਥੇ ਰਹਿਣ ਲਈ ਕਹਿੰਦਾ ਹਾਂ ਤਾਂਕਿ ਤੂੰ ਕੁਝ ਲੋਕਾਂ ਨੂੰ ਵਰਜੇਂ ਕਿ ਉਹ ਗ਼ਲਤ ਸਿੱਖਿਆਵਾਂ ਨਾ ਦੇਣ, 4 ਝੂਠੀਆਂ ਕਹਾਣੀਆਂ+ ਅਤੇ ਵੰਸ਼ਾਵਲੀਆਂ ਵੱਲ ਧਿਆਨ ਨਾ ਦੇਣ। ਇਨ੍ਹਾਂ ਤੋਂ ਕੋਈ ਫ਼ਾਇਦਾ ਨਹੀਂ ਹੁੰਦਾ, ਸਗੋਂ ਅਟਕਲਾਂ ਵਿਚ ਵਾਧਾ ਹੁੰਦਾ ਹੈ। ਇਹ ਪਰਮੇਸ਼ੁਰ ਦੇ ਪ੍ਰਬੰਧਾਂ ਵਿਚ ਸ਼ਾਮਲ ਨਹੀਂ ਹਨ ਜੋ ਸਾਡੀ ਨਿਹਚਾ ਮਜ਼ਬੂਤ ਕਰਨ ਲਈ ਕੀਤੇ ਗਏ ਹਨ।+ 5 ਇਸ ਹਿਦਾਇਤ* ਦਾ ਮਕਸਦ ਇਹ ਹੈ ਕਿ ਅਸੀਂ ਸਾਫ਼ ਦਿਲ, ਸਾਫ਼ ਜ਼ਮੀਰ ਅਤੇ ਸੱਚੀ* ਨਿਹਚਾ+ ਰੱਖ ਕੇ ਪਿਆਰ ਕਰੀਏ।+ 6 ਕੁਝ ਲੋਕ ਇਹ ਸਭ ਕੁਝ ਛੱਡ ਕੇ ਫ਼ਜ਼ੂਲ ਗੱਲਾਂ ਵਿਚ ਲੱਗੇ ਹੋਏ ਹਨ।+ 7 ਉਹ ਪਰਮੇਸ਼ੁਰ ਦੇ ਕਾਨੂੰਨ ਦੇ ਸਿੱਖਿਅਕ+ ਤਾਂ ਬਣਨਾ ਚਾਹੁੰਦੇ ਹਨ, ਪਰ ਜਿਹੜੀਆਂ ਗੱਲਾਂ ਉਹ ਕਹਿੰਦੇ ਹਨ ਜਾਂ ਜਿਨ੍ਹਾਂ ʼਤੇ ਉਹ ਅੜੇ ਰਹਿੰਦੇ ਹਨ, ਉਨ੍ਹਾਂ ਨੂੰ ਆਪ ਵੀ ਨਹੀਂ ਸਮਝਦੇ।
8 ਅਸੀਂ ਜਾਣਦੇ ਹਾਂ ਕਿ ਮੂਸਾ ਦਾ ਕਾਨੂੰਨ ਚੰਗਾ ਹੈ, ਬਸ਼ਰਤੇ ਕਿ ਇਸ ਨੂੰ ਸਹੀ* ਤਰੀਕੇ ਨਾਲ ਲਾਗੂ ਕੀਤਾ ਜਾਵੇ। 9 ਯਾਦ ਰੱਖ ਕਿ ਕੋਈ ਵੀ ਕਾਨੂੰਨ ਧਰਮੀ ਲੋਕਾਂ ਲਈ ਨਹੀਂ, ਸਗੋਂ ਅਪਰਾਧੀਆਂ,+ ਬਾਗ਼ੀਆਂ, ਦੁਸ਼ਟਾਂ, ਪਾਪੀਆਂ, ਵਿਸ਼ਵਾਸਘਾਤੀਆਂ,* ਪਵਿੱਤਰ ਚੀਜ਼ਾਂ ਦੀ ਬੇਕਦਰੀ ਕਰਨ ਵਾਲਿਆਂ, ਮਾਂ-ਪਿਉ ਤੇ ਹੋਰ ਲੋਕਾਂ ਦੇ ਕਾਤਲਾਂ, 10 ਹਰਾਮਕਾਰਾਂ,* ਮੁੰਡੇਬਾਜ਼ਾਂ,* ਅਗਵਾਕਾਰਾਂ, ਝੂਠਿਆਂ, ਝੂਠੀਆਂ ਸਹੁੰਆਂ ਖਾਣ ਵਾਲਿਆਂ ਅਤੇ ਸਹੀ* ਸਿੱਖਿਆ+ ਦੇ ਖ਼ਿਲਾਫ਼ ਕੰਮ ਕਰਨ ਵਾਲਿਆਂ ਲਈ ਬਣਾਇਆ ਜਾਂਦਾ ਹੈ। 11 ਇਹ ਸਹੀ ਸਿੱਖਿਆ ਖ਼ੁਸ਼ਦਿਲ ਪਰਮੇਸ਼ੁਰ ਦੀ ਸ਼ਾਨਦਾਰ ਖ਼ੁਸ਼ ਖ਼ਬਰੀ ਦੇ ਅਨੁਸਾਰ ਹੈ ਜੋ ਮੈਨੂੰ ਸੌਂਪੀ ਗਈ ਸੀ।+
12 ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਤਾਕਤ ਬਖ਼ਸ਼ੀ ਕਿਉਂਕਿ ਉਸ ਨੇ ਮੇਰੇ ਉੱਤੇ ਭਰੋਸਾ ਕਰ ਕੇ ਮੈਨੂੰ ਸੇਵਾ ਦਾ ਕੰਮ ਸੌਂਪਿਆ,+ 13 ਭਾਵੇਂ ਕਿ ਪਹਿਲਾਂ ਮੈਂ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲਾ, ਅਤਿਆਚਾਰ ਕਰਨ ਵਾਲਾ ਅਤੇ ਹੰਕਾਰੀ ਸੀ।+ ਫਿਰ ਵੀ ਮੇਰੇ ʼਤੇ ਰਹਿਮ ਕੀਤਾ ਗਿਆ ਕਿਉਂਕਿ ਮੈਂ ਇਹ ਸਭ ਕੁਝ ਅਣਜਾਣੇ ਵਿਚ ਅਤੇ ਨਿਹਚਾ ਨਾ ਹੋਣ ਕਰਕੇ ਕੀਤਾ ਸੀ। 14 ਪਰ ਸਾਡੇ ਪ੍ਰਭੂ ਨੇ ਦਿਲ ਖੋਲ੍ਹ ਕੇ ਮੇਰੇ ਉੱਤੇ ਅਪਾਰ ਕਿਰਪਾ ਕੀਤੀ ਅਤੇ ਮਸੀਹ ਯਿਸੂ ਤੋਂ ਮੈਨੂੰ ਨਿਹਚਾ ਅਤੇ ਪਿਆਰ ਮਿਲਿਆ। 15 ਇਹ ਗੱਲ ਸੱਚੀ ਹੈ ਅਤੇ ਇਸ ਉੱਤੇ ਪੂਰਾ ਵਿਸ਼ਵਾਸ ਕੀਤਾ ਜਾਣਾ ਚਾਹੀਦਾ ਹੈ: ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਦੁਨੀਆਂ ਵਿਚ ਆਇਆ ਸੀ+ ਅਤੇ ਸਭ ਤੋਂ ਵੱਡਾ ਪਾਪੀ ਮੈਂ ਹਾਂ।+ 16 ਪਰ ਮੇਰੇ ਵਰਗੇ ਮਹਾਂ ਪਾਪੀ ਉੱਤੇ ਇਸ ਲਈ ਰਹਿਮ ਕੀਤਾ ਗਿਆ ਤਾਂਕਿ ਮੇਰੇ ਜ਼ਰੀਏ ਮਸੀਹ ਯਿਸੂ ਦਿਖਾ ਸਕੇ ਕਿ ਉਹ ਕਿੰਨਾ ਧੀਰਜਵਾਨ ਹੈ ਅਤੇ ਮੈਂ ਉਨ੍ਹਾਂ ਸਾਰਿਆਂ ਲਈ ਮਿਸਾਲ ਬਣਾਂ ਜਿਹੜੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਉਸ ਉੱਤੇ ਨਿਹਚਾ ਕਰਨਗੇ।+
17 ਯੁਗਾਂ-ਯੁਗਾਂ ਦੇ ਰਾਜੇ,+ ਇੱਕੋ-ਇਕ ਪਰਮੇਸ਼ੁਰ+ ਦਾ ਆਦਰ ਤੇ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ ਜਿਹੜਾ ਅਵਿਨਾਸ਼ੀ+ ਅਤੇ ਅਦਿੱਖ+ ਹੈ। ਆਮੀਨ।
18 ਬੇਟਾ ਤਿਮੋਥਿਉਸ, ਮੈਂ ਇਹ ਹਿਦਾਇਤ* ਤੈਨੂੰ ਇਸ ਕਰਕੇ ਦੇ ਰਿਹਾ ਹਾਂ ਕਿ ਤੇਰੇ ਬਾਰੇ ਜੋ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ, ਉਨ੍ਹਾਂ ਅਨੁਸਾਰ ਤੂੰ ਚੰਗੀ ਲੜਾਈ ਲੜਦਾ ਰਹੇਂ,+ 19 ਆਪਣੀ ਨਿਹਚਾ ਪੱਕੀ ਰੱਖੇਂ ਅਤੇ ਆਪਣੀ ਜ਼ਮੀਰ ਸਾਫ਼ ਰੱਖੇਂ।+ ਕੁਝ ਲੋਕਾਂ ਨੇ ਆਪਣੀ ਜ਼ਮੀਰ ਸਾਫ਼ ਨਹੀਂ ਰੱਖੀ ਜਿਸ ਕਰਕੇ ਉਨ੍ਹਾਂ ਦੀ ਨਿਹਚਾ ਦੀ ਬੇੜੀ ਡੁੱਬ ਗਈ। 20 ਹਮਿਨਾਉਸ+ ਤੇ ਸਿਕੰਦਰ ਅਜਿਹੇ ਲੋਕਾਂ ਵਿੱਚੋਂ ਹਨ ਅਤੇ ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ*+ ਤਾਂਕਿ ਉਹ ਇਸ ਤਾੜਨਾ ਤੋਂ ਪਰਮੇਸ਼ੁਰ ਦੀ ਨਿੰਦਿਆ ਨਾ ਕਰਨ ਦਾ ਸਬਕ ਸਿੱਖਣ।