ਅਜ਼ਰਾ
5 ਫਿਰ ਹੱਜਈ+ ਨਬੀ ਅਤੇ ਇੱਦੋ+ ਦੇ ਪੋਤੇ ਨਬੀ ਜ਼ਕਰਯਾਹ+ ਨੇ ਯਹੂਦਾਹ ਅਤੇ ਯਰੂਸ਼ਲਮ ਵਿਚ ਰਹਿੰਦੇ ਯਹੂਦੀਆਂ ਅੱਗੇ ਇਜ਼ਰਾਈਲ ਦੇ ਪਰਮੇਸ਼ੁਰ ਦੇ ਨਾਂ ʼਤੇ ਭਵਿੱਖਬਾਣੀ ਕੀਤੀ ਜੋ ਉਨ੍ਹਾਂ ਦੇ ਨਾਲ* ਸੀ। 2 ਉਸ ਵੇਲੇ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ+ ਅਤੇ ਯਹੋਸਾਦਾਕ ਦੇ ਪੁੱਤਰ ਯੇਸ਼ੂਆ+ ਨੇ ਪਰਮੇਸ਼ੁਰ ਦਾ ਭਵਨ ਦੁਬਾਰਾ ਬਣਾਉਣਾ ਸ਼ੁਰੂ ਕੀਤਾ+ ਜੋ ਯਰੂਸ਼ਲਮ ਵਿਚ ਸੀ; ਅਤੇ ਪਰਮੇਸ਼ੁਰ ਦੇ ਨਬੀ ਉਨ੍ਹਾਂ ਦੇ ਨਾਲ ਸਨ ਤੇ ਉਨ੍ਹਾਂ ਦਾ ਸਾਥ ਦੇ ਰਹੇ ਸਨ।+ 3 ਉਸ ਸਮੇਂ ਦਰਿਆ ਪਾਰ ਦੇ ਇਲਾਕੇ* ਦੇ ਰਾਜਪਾਲ ਤਤਨਈ ਅਤੇ ਸ਼ਥਰ-ਬੋਜ਼ਨਈ ਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਕੋਲ ਆ ਕੇ ਪੁੱਛਿਆ: “ਤੁਹਾਨੂੰ ਇਸ ਭਵਨ ਨੂੰ ਬਣਾਉਣ ਅਤੇ ਇਸ ਢਾਂਚੇ ਨੂੰ* ਪੂਰਾ ਕਰਨ ਦਾ ਹੁਕਮ ਕਿਹਨੇ ਦਿੱਤਾ?” 4 ਫਿਰ ਉਨ੍ਹਾਂ ਨੇ ਪੁੱਛਿਆ: “ਉਨ੍ਹਾਂ ਆਦਮੀਆਂ ਦੇ ਨਾਂ ਕੀ ਹਨ ਜੋ ਇਹ ਇਮਾਰਤ ਬਣਾ ਰਹੇ ਹਨ?” 5 ਪਰ ਪਰਮੇਸ਼ੁਰ ਨੇ ਯਹੂਦੀਆਂ ਦੇ ਬਜ਼ੁਰਗਾਂ ʼਤੇ ਨਿਗਾਹ ਰੱਖੀ ਹੋਈ ਸੀ+ ਅਤੇ ਉਹ ਉਦੋਂ ਤਕ ਕੰਮ ਕਰਨੋਂ ਨਹੀਂ ਹਟੇ ਜਦੋਂ ਤਕ ਇਸ ਦੀ ਖ਼ਬਰ ਦਾਰਾ ਨੂੰ ਨਾ ਦਿੱਤੀ ਗਈ ਅਤੇ ਜਦੋਂ ਤਕ ਇਸ ਬਾਰੇ ਇਕ ਸਰਕਾਰੀ ਦਸਤਾਵੇਜ਼ ਰਾਹੀਂ ਜਵਾਬ ਨਾ ਆਇਆ।
6 ਇਹ ਉਸ ਚਿੱਠੀ ਦੀ ਨਕਲ ਹੈ ਜੋ ਦਰਿਆ ਪਾਰ ਦੇ ਇਲਾਕੇ ਦੇ ਰਾਜਪਾਲ ਤਤਨਈ ਅਤੇ ਸ਼ਥਰ-ਬੋਜ਼ਨਈ ਤੇ ਉਸ ਦੇ ਸਾਥੀਆਂ ਯਾਨੀ ਦਰਿਆ ਪਾਰ ਦੇ ਇਲਾਕੇ ਦੇ ਉਪ-ਰਾਜਪਾਲਾਂ ਨੇ ਰਾਜਾ ਦਾਰਾ ਨੂੰ ਘੱਲੀ; 7 ਉਨ੍ਹਾਂ ਨੇ ਉਸ ਨੂੰ ਖ਼ਬਰ ਦਿੱਤੀ ਤੇ ਉਨ੍ਹਾਂ ਨੇ ਚਿੱਠੀ ਵਿਚ ਇਹ ਲਿਖਿਆ:
“ਰਾਜਾ ਦਾਰਾ ਨੂੰ:
“ਸਲਾਮਤ ਰਹਿ! 8 ਰਾਜਾ ਇਹ ਜਾਣ ਲਵੇ ਕਿ ਅਸੀਂ ਯਹੂਦਾਹ ਦੇ ਜ਼ਿਲ੍ਹੇ ਵਿਚ ਮਹਾਨ ਪਰਮੇਸ਼ੁਰ ਦੇ ਭਵਨ ਨੂੰ ਗਏ ਸੀ ਅਤੇ ਇਹ ਰੋੜ੍ਹ ਕੇ ਲਿਆਂਦੇ ਗਏ ਪੱਥਰਾਂ ਨਾਲ ਬਣਾਇਆ ਜਾ ਰਿਹਾ ਹੈ ਅਤੇ ਕੰਧਾਂ ਨੂੰ ਲੱਕੜਾਂ ਪਾ ਕੇ ਬਣਾਇਆ ਜਾ ਰਿਹਾ ਹੈ। ਲੋਕ ਇਹ ਕੰਮ ਬਹੁਤ ਜੋਸ਼ ਨਾਲ ਕਰ ਰਹੇ ਹਨ ਅਤੇ ਉਨ੍ਹਾਂ ਦੀ ਮਿਹਨਤ ਸਫ਼ਲ ਹੁੰਦੀ ਜਾ ਰਹੀ ਹੈ। 9 ਫਿਰ ਅਸੀਂ ਉਨ੍ਹਾਂ ਦੇ ਬਜ਼ੁਰਗਾਂ ਨੂੰ ਪੁੱਛਿਆ: ‘ਤੁਹਾਨੂੰ ਇਸ ਭਵਨ ਨੂੰ ਬਣਾਉਣ ਅਤੇ ਇਸ ਢਾਂਚੇ ਨੂੰ* ਪੂਰਾ ਕਰਨ ਦਾ ਹੁਕਮ ਕਿਹਨੇ ਦਿੱਤਾ?’+ 10 ਅਸੀਂ ਉਨ੍ਹਾਂ ਤੋਂ ਉਨ੍ਹਾਂ ਦੇ ਨਾਂ ਵੀ ਪੁੱਛੇ ਤਾਂਕਿ ਅਸੀਂ ਅਗਵਾਈ ਲੈਣ ਵਾਲੇ ਆਦਮੀਆਂ ਦੇ ਨਾਂ ਲਿਖ ਕੇ ਤੈਨੂੰ ਦੱਸ ਸਕੀਏ।
11 “ਉਨ੍ਹਾਂ ਨੇ ਸਾਨੂੰ ਇਹ ਜਵਾਬ ਦਿੱਤਾ: ‘ਅਸੀਂ ਆਕਾਸ਼ ਅਤੇ ਧਰਤੀ ਦੇ ਪਰਮੇਸ਼ੁਰ ਦੇ ਸੇਵਕ ਹਾਂ ਅਤੇ ਅਸੀਂ ਉਸ ਭਵਨ ਨੂੰ ਦੁਬਾਰਾ ਬਣਾ ਰਹੇ ਹਾਂ ਜਿਸ ਨੂੰ ਬਹੁਤ ਸਾਲ ਪਹਿਲਾਂ ਇਜ਼ਰਾਈਲ ਦੇ ਇਕ ਮਹਾਨ ਰਾਜੇ ਨੇ ਬਣਾ ਕੇ ਪੂਰਾ ਕੀਤਾ ਸੀ।+ 12 ਪਰ ਸਾਡੇ ਪੂਰਵਜਾਂ ਨੇ ਆਕਾਸ਼ ਦੇ ਪਰਮੇਸ਼ੁਰ ਨੂੰ ਗੁੱਸਾ ਚੜ੍ਹਾਇਆ+ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ, ਹਾਂ, ਉਸ ਕਸਦੀ ਦੇ ਹੱਥ ਵਿਚ ਦੇ ਦਿੱਤਾ ਸੀ+ ਜਿਸ ਨੇ ਇਸ ਭਵਨ ਨੂੰ ਤਬਾਹ ਕਰ ਦਿੱਤਾ+ ਅਤੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ।+ 13 ਪਰ ਬਾਬਲ ਦੇ ਰਾਜੇ ਖੋਰਸ ਦੇ ਰਾਜ ਦੇ ਪਹਿਲੇ ਸਾਲ ਰਾਜਾ ਖੋਰਸ ਨੇ ਪਰਮੇਸ਼ੁਰ ਦੇ ਇਸ ਭਵਨ ਨੂੰ ਦੁਬਾਰਾ ਉਸਾਰਨ ਦਾ ਫ਼ਰਮਾਨ ਜਾਰੀ ਕੀਤਾ।+ 14 ਇਸ ਤੋਂ ਇਲਾਵਾ, ਰਾਜਾ ਖੋਰਸ ਨੇ ਬਾਬਲ ਦੇ ਮੰਦਰ ਵਿੱਚੋਂ ਪਰਮੇਸ਼ੁਰ ਦੇ ਭਵਨ ਦੇ ਸੋਨੇ-ਚਾਂਦੀ ਦੇ ਭਾਂਡੇ ਵੀ ਕੱਢ ਲਿਆਂਦੇ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਬਾਬਲ ਦੇ ਮੰਦਰ ਵਿਚ ਲੈ ਆਇਆ ਸੀ।+ ਉਹ ਸ਼ੇਸ਼ਬੱਸਰ* ਨਾਂ ਦੇ ਆਦਮੀ ਨੂੰ ਦਿੱਤੇ ਗਏ ਸਨ+ ਜਿਸ ਨੂੰ ਖੋਰਸ ਨੇ ਰਾਜਪਾਲ ਬਣਾਇਆ ਸੀ।+ 15 ਖੋਰਸ ਨੇ ਉਸ ਨੂੰ ਕਿਹਾ: “ਆਹ ਭਾਂਡੇ ਲੈ। ਜਾ ਕੇ ਇਨ੍ਹਾਂ ਨੂੰ ਉਸ ਮੰਦਰ ਵਿਚ ਰੱਖ ਜੋ ਯਰੂਸ਼ਲਮ ਵਿਚ ਹੈ ਅਤੇ ਪਰਮੇਸ਼ੁਰ ਦੇ ਭਵਨ ਨੂੰ ਉਸੇ ਜਗ੍ਹਾ ਦੁਬਾਰਾ ਉਸਾਰਿਆ ਜਾਵੇ ਜਿੱਥੇ ਉਹ ਪਹਿਲਾਂ ਹੁੰਦਾ ਸੀ।”+ 16 ਫਿਰ ਇਹ ਸ਼ੇਸ਼ਬੱਸਰ ਆਇਆ ਤੇ ਉਸ ਨੇ ਪਰਮੇਸ਼ੁਰ ਦੇ ਭਵਨ ਦੀਆਂ ਨੀਂਹਾਂ ਰੱਖੀਆਂ+ ਜੋ ਯਰੂਸ਼ਲਮ ਵਿਚ ਹੈ; ਅਤੇ ਉਦੋਂ ਤੋਂ ਲੈ ਕੇ ਹੁਣ ਤਕ ਇਸ ਦੀ ਉਸਾਰੀ ਚੱਲ ਰਹੀ ਹੈ, ਪਰ ਅਜੇ ਤਕ ਇਹ ਕੰਮ ਪੂਰਾ ਨਹੀਂ ਹੋਇਆ।’+
17 “ਹੁਣ ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਬਾਬਲ ਦੇ ਸ਼ਾਹੀ ਖ਼ਜ਼ਾਨੇ ਵਿਚ ਇਹ ਪਤਾ ਕਰਨ ਲਈ ਜਾਂਚ-ਪੜਤਾਲ ਕੀਤੀ ਜਾਵੇ ਕਿ ਰਾਜਾ ਖੋਰਸ ਨੇ ਯਰੂਸ਼ਲਮ ਵਿਚ ਪਰਮੇਸ਼ੁਰ ਦੇ ਭਵਨ ਨੂੰ ਦੁਬਾਰਾ ਉਸਾਰਨ ਦਾ ਹੁਕਮ ਜਾਰੀ ਕੀਤਾ ਸੀ ਜਾਂ ਨਹੀਂ;+ ਅਤੇ ਇਸ ਬਾਰੇ ਰਾਜੇ ਦਾ ਜੋ ਵੀ ਫ਼ੈਸਲਾ ਹੋਵੇ ਉਹ ਸਾਨੂੰ ਦੱਸਿਆ ਜਾਵੇ।”