ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਬਾਈਬਲ ਔਰਤਾਂ ਨੂੰ ਨੀਵਾਂ ਸਮਝਣ ਦੀ ਸਿੱਖਿਆ ਦਿੰਦੀ ਹੈ?
ਤੀਜੀ ਸਦੀ ਵਿਚ ਟਰਟੂਲੀਅਨ ਨਾਂ ਦੇ ਵਿਦਵਾਨ ਨੇ ਆਪਣੀਆਂ ਲਿਖਤਾਂ ਵਿਚ ਔਰਤਾਂ ਨੂੰ ‘ਜਿੰਨ-ਭੂਤਾਂ ਦਾ ਦੁਆਰ’ ਯਾਨੀ ਸ਼ਤਾਨ ਦੀਆਂ ਚੇਲੀਆਂ ਕਰਾਰ ਦਿੱਤਾ। ਹੋਰਨਾਂ ਨੇ ਕਿਹਾ ਹੈ ਕਿ ਬਾਈਬਲ ਵਿਚ ਔਰਤਾਂ ਨੂੰ ਆਦਮੀਆਂ ਨਾਲੋਂ ਨੀਵਾਂ ਦੱਸਿਆ ਗਿਆ ਹੈ। ਨਤੀਜੇ ਵਜੋਂ ਕਈ ਇਹ ਸੋਚ ਬੈਠਦੇ ਹਨ ਕਿ ਬਾਈਬਲ ਔਰਤਾਂ ਨਾਲ ਪੱਖਪਾਤ ਕਰਨਾ ਸਿਖਾਉਂਦੀ ਹੈ।
ਐਲੀਜ਼ਾਬੈਥ ਕੈਡੀ ਸਟੈਂਟਨ, ਜੋ 19ਵੀਂ ਸਦੀ ਦੌਰਾਨ ਅਮਰੀਕਾ ਵਿਚ ਔਰਤਾਂ ਦੇ ਹੱਕਾਂ ਲਈ ਲੜੀ ਸੀ, ਨੇ ਕਿਹਾ: “ਮਹਿਲਾ ਦੀ ਆਜ਼ਾਦੀ ਦੇ ਰਾਹ ਵਿਚ ਸਭ ਤੋਂ ਵੱਡੀ ਅੜਚਣ ਬਾਈਬਲ ਅਤੇ ਈਸਾਈ ਧਰਮ ਰਹੇ ਹਨ।” ਬਾਈਬਲ ਦੀਆਂ ਪਹਿਲੀਆਂ ਪੰਜ ਪੋਥੀਆਂ ਬਾਰੇ ਗੱਲ ਕਰਦੇ ਹੋਏ ਸਟੈਂਟਨ ਨੇ ਕਿਹਾ: “ਮੈਨੂੰ ਅਜਿਹੀ ਕਿਸੇ ਹੋਰ ਕਿਤਾਬ ਬਾਰੇ ਨਹੀਂ ਪਤਾ ਜੋ ਔਰਤਾਂ ਨੂੰ ਘਟੀਆ ਸਮਝਣ ਤੇ ਜ਼ਲੀਲ ਕਰਨ ਦੀ ਸਿੱਖਿਆ ਦਿੰਦੀ ਹੋਵੇ।”
ਭਾਵੇਂ ਅੱਜ ਜ਼ਿਆਦਾਤਰ ਲੋਕ ਸਟੈਂਟਨ ਦੀ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ, ਪਰ ਫਿਰ ਵੀ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਬਾਈਬਲ ਦੇ ਕੁਝ ਹਿੱਸਿਆਂ ਵਿਚ ਔਰਤਾਂ ਨੂੰ ਨੀਵਾਂ ਦੱਸਿਆ ਗਿਆ ਹੈ। ਕੀ ਇਹ ਸੱਚ ਹੈ?
ਇਬਰਾਨੀ ਸ਼ਾਸਤਰ ਵਿਚ ਔਰਤਾਂ ਦਾ ਦਰਜਾ
ਪਰਮੇਸ਼ੁਰ ਨੇ ਪਹਿਲੀ ਤੀਵੀਂ ਹੱਵਾਹ ਨੂੰ ਕਿਹਾ ਸੀ: “ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ।” (ਉਤਪਤ 3:16) ਬਾਈਬਲ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਸ਼ਬਦਾਂ ਦਾ ਮਤਲਬ ਹੈ ਕਿ ਪਰਮੇਸ਼ੁਰ ਆਦਮੀਆਂ ਨੂੰ ਔਰਤਾਂ ਤੇ ਹੁਕਮ ਚਲਾਉਣ ਦੀ ਇਜਾਜ਼ਤ ਦਿੰਦਾ ਹੈ। ਲੇਕਿਨ ਇਹ ਸਹੀ ਨਹੀਂ। ਪਰਮੇਸ਼ੁਰ ਨੇ ਕਦੇ ਵੀ ਨਹੀਂ ਚਾਹਿਆ ਸੀ ਕਿ ਆਦਮੀ ਔਰਤ ਤੇ ਹੁਕਮ ਚਲਾਵੇ। ਅਸਲ ਵਿਚ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਪਾਪ ਕੀਤਾ ਜਿਸ ਕਰਕੇ ਉਹ ਮੁਕੰਮਲ ਨਾ ਰਹੇ। ਨਤੀਜੇ ਵਜੋਂ ਆਦਮੀ ਔਰਤਾਂ ਨਾਲ ਬਦਸਲੂਕੀ ਕਰਨ ਲੱਗ ਪਏ। ਅੱਜ-ਕੱਲ੍ਹ ਕਈ ਸਭਿਆਚਾਰਾਂ ਵਿਚ ਪਤੀ ਆਪਣੀਆਂ ਪਤਨੀਆਂ ਨਾਲ ਕਠੋਰਤਾ ਨਾਲ ਪੇਸ਼ ਆਉਂਦੇ ਹਨ। ਲੇਕਿਨ ਇਹ ਪਰਮੇਸ਼ੁਰ ਦੀ ਇੱਛਾ ਬਿਲਕੁਲ ਨਹੀਂ ਸੀ।
ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਪਰਮੇਸ਼ੁਰੀ ਗੁਣ ਪੈਦਾ ਕਰਨ ਦੀ ਕਾਬਲੀਅਤ ਨਾਲ ਬਣਾਇਆ ਸੀ। ਨਾਲੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦੇ ਕੇ ਕਿਹਾ ਸੀ ਕਿ ਉਹ ਫਲਣ, ਵਧਣ ਅਤੇ ਧਰਤੀ ਨੂੰ ਭਰ ਦੇਣ ਤੇ ਉਹ ਨੂੰ ਆਪਣੇ ਵੱਸ ਵਿਚ ਕਰਨ। ਉਨ੍ਹਾਂ ਨੇ ਇਕ-ਦੂਜੇ ਉੱਤੇ ਰੋਹਬ ਝਾੜਨ ਦੀ ਬਜਾਇ ਮਿਲ ਕੇ ਇਹ ਸਭ ਕੁਝ ਕਰਨਾ ਸੀ। (ਉਤਪਤ 1:27, 28) ਉਤਪਤ 1:31 ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।”
ਬਾਈਬਲ ਦੇ ਕੁਝ ਬਿਰਤਾਂਤ ਸਿਰਫ਼ ਇਤਿਹਾਸ ਬਾਰੇ ਦੱਸਦੇ ਹਨ। ਉਨ੍ਹਾਂ ਵਿਚ ਕਿਸੇ ਗੱਲ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਨਹੀਂ ਦੱਸਿਆ ਗਿਆ। ਜ਼ਰਾ ਲੂਤ ਦੇ ਬਿਰਤਾਂਤ ਵੱਲ ਧਿਆਨ ਦਿਓ। ਇਸ ਵਿਚ ਦੱਸਿਆ ਹੈ ਕਿ ਲੂਤ ਨੇ ਸਦੂਮ ਦੇ ਆਦਮੀਆਂ ਨੂੰ ਆਪਣੀਆਂ ਧੀਆਂ ਦੇ ਕੇ ਕਿਹਾ ਸੀ ਕਿ ਉਹ ਜੋ ਮਰਜ਼ੀ ਉਨ੍ਹਾਂ ਨਾਲ ਕਰ ਸਕਦੇ ਸਨ। ਪਰ ਇਸ ਬਿਰਤਾਂਤ ਵਿਚ ਇਹ ਨਹੀਂ ਦੱਸਿਆ ਗਿਆ ਕਿ ਪਰਮੇਸ਼ੁਰ ਨੇ ਲੂਤ ਦੇ ਫ਼ੈਸਲੇ ਨੂੰ ਸਹੀ ਕਰਾਰ ਦਿੱਤਾ ਸੀ ਜਾਂ ਗ਼ਲਤ।a—ਉਤਪਤ 19:6-8.
ਅਸਲ ਵਿਚ ਪਰਮੇਸ਼ੁਰ ਨੂੰ ਹਰ ਤਰ੍ਹਾਂ ਦੇ ਬੁਰੇ ਵਰਤਾਅ ਅਤੇ ਕਿਸੇ ਦਾ ਸ਼ੋਸ਼ਣ ਕਰਨ ਤੋਂ ਨਫ਼ਰਤ ਹੈ। (ਕੂਚ 22:22; ਬਿਵਸਥਾ ਸਾਰ 27:19; ਯਸਾਯਾਹ 10:1, 2) ਮੂਸਾ ਦੀ ਬਿਵਸਥਾ ਵਿਚ ਬਲਾਤਕਾਰ ਅਤੇ ਵੇਸਵਾ-ਗਮਨ ਨੂੰ ਨਿੰਦਿਆ ਗਿਆ ਸੀ। (ਲੇਵੀਆਂ 19:29; ਬਿਵਸਥਾ ਸਾਰ 22:23-29) ਜ਼ਨਾਹ ਕਰਨਾ ਬਿਲਕੁਲ ਮਨ੍ਹਾ ਸੀ ਅਤੇ ਜੇ ਕੋਈ ਕਰਦਾ ਸੀ, ਤਾਂ ਦੋਵਾਂ ਧਿਰਾਂ ਨੂੰ ਮੌਤ ਦੀ ਸਜ਼ਾ ਮਿਲਦੀ ਸੀ। (ਲੇਵੀਆਂ 20:10) ਬਿਵਸਥਾ ਵਿਚ ਔਰਤਾਂ ਨੂੰ ਨੀਵਿਆਂ ਕਰਨ ਦੀ ਬਜਾਇ ਉਨ੍ਹਾਂ ਨੂੰ ਮਾਣ ਦਿੱਤਾ ਗਿਆ ਸੀ। ਇੱਥੋਂ ਤਕ ਕਿ ਆਲੇ-ਦੁਆਲੇ ਦੀਆਂ ਕੌਮਾਂ ਵਿਚ ਹੁੰਦੀ ਬਦਸਲੂਕੀ ਤੋਂ ਵੀ ਔਰਤਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਸੀ। ਪਤਵੰਤੀ ਯਹੂਦਣ ਪਤਨੀ ਦਾ ਵੱਡਾ ਆਦਰ-ਮਾਣ ਕੀਤਾ ਜਾਂਦਾ ਸੀ। (ਕਹਾਉਤਾਂ 31:10, 28-30) ਜਦ ਇਸਰਾਏਲੀ ਆਦਮੀ ਪਰਮੇਸ਼ੁਰ ਦੇ ਅਸੂਲਾਂ ਤੇ ਨਾ ਚੱਲਣ ਕਰਕੇ ਔਰਤਾਂ ਦਾ ਨਿਰਾਦਰ ਕਰਦੇ ਸਨ, ਤਾਂ ਇਹ ਪਰਮੇਸ਼ੁਰ ਦੀ ਮਰਜ਼ੀ ਦੇ ਖ਼ਿਲਾਫ਼ ਸੀ। (ਬਿਵਸਥਾ ਸਾਰ 32:5) ਅਖ਼ੀਰ ਵਿਚ ਪਰਮੇਸ਼ੁਰ ਨੇ ਇਸਰਾਏਲ ਕੌਮ ਦਾ ਨਿਆਂ ਕਰ ਕੇ ਉਸ ਨੂੰ ਅਣਆਗਿਆਕਾਰੀ ਦੀ ਸਜ਼ਾ ਦਿੱਤੀ।
ਅਧੀਨਗੀ ਦਾ ਕੀ ਮਤਲਬ ਹੈ?
ਕਿਸੇ ਵੀ ਸਮਾਜ ਵਿਚ ਕਾਇਦੇ-ਕਾਨੂੰਨਾਂ ਦਾ ਹੋਣਾ ਜ਼ਰੂਰੀ ਹੈ। ਕਾਇਦੇ-ਕਾਨੂੰਨਾਂ ਤੋਂ ਬਿਨਾਂ ਲੋਕਾਂ ਵਿਚ ਗੜਬੜੀ ਮਚ ਜਾਂਦੀ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ।”—1 ਕੁਰਿੰਥੀਆਂ 14:33.
ਪੌਲੁਸ ਰਸੂਲ ਨੇ ਪਰਿਵਾਰ ਵਿਚ ਸਰਦਾਰੀ ਦੇ ਪ੍ਰਬੰਧ ਬਾਰੇ ਕਿਹਾ: “ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਪਰਮੇਸ਼ੁਰ ਤੋਂ ਸਿਵਾਇ ਹਰੇਕ ਵਿਅਕਤੀ, ਇੱਥੋਂ ਤਕ ਕਿ ਯਿਸੂ ਮਸੀਹ ਵੀ ਆਪਣੇ ਤੋਂ ਉੱਚਾ ਅਧਿਕਾਰ ਰੱਖਣ ਵਾਲੇ ਦੇ ਅਧੀਨ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਯਿਸੂ ਨਾਲ ਕੋਈ ਬੇਇਨਸਾਫ਼ੀ ਕੀਤੀ ਜਾ ਰਹੀ ਹੈ? ਬਿਲਕੁਲ ਨਹੀਂ! ਬਾਈਬਲ ਮੁਤਾਬਕ ਆਦਮੀਆਂ ਨੂੰ ਕਲੀਸਿਯਾ ਅਤੇ ਪਰਿਵਾਰ ਵਿਚ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੀ ਇਵੇਂ ਕਰਨ ਨਾਲ ਔਰਤਾਂ ਨੂੰ ਨੀਵਾਂ ਕੀਤਾ ਜਾ ਰਿਹਾ ਹੈ? ਨਹੀਂ, ਪਰਿਵਾਰ ਤੇ ਕਲੀਸਿਯਾ ਵਿਚ ਚੰਗਾ ਮਾਹੌਲ ਪੈਦਾ ਕਰਨ ਲਈ ਔਰਤਾਂ ਤੇ ਆਦਮੀਆਂ ਦੋਵਾਂ ਦੀ ਲੋੜ ਹੈ। ਦੋਵਾਂ ਨੂੰ ਰਲ-ਮਿਲ ਕਿ ਆਪਣੀਆਂ ਜ਼ਿੰਮੇਵਾਰੀਆਂ ਪਿਆਰ ਤੇ ਸਤਿਕਾਰ ਨਾਲ ਨਿਭਾਉਣੀਆਂ ਚਾਹੀਦੀਆਂ ਹਨ।—ਅਫ਼ਸੀਆਂ 5:21-25, 28, 29, 33.
ਯਿਸੂ ਹਮੇਸ਼ਾ ਔਰਤਾਂ ਦਾ ਆਦਰ-ਸਤਿਕਾਰ ਕਰਦਾ ਸੀ। ਉਸ ਨੇ ਫ਼ਰੀਸੀਆਂ ਦੇ ਰੀਤੀ-ਰਿਵਾਜਾਂ ਉੱਤੇ ਚੱਲਣ ਤੋਂ ਇਨਕਾਰ ਕੀਤਾ ਜੋ ਊਚ-ਨੀਚ ਦੀ ਸਿੱਖਿਆ ਨੂੰ ਹੱਲਾਸ਼ੇਰੀ ਦਿੰਦੇ ਸਨ। ਯਿਸੂ ਨੇ ਤਾਂ ਗ਼ੈਰ-ਯਹੂਦੀ ਔਰਤਾਂ ਨਾਲ ਵੀ ਗੱਲ ਕੀਤੀ। (ਮੱਤੀ 15:22-28; ਯੂਹੰਨਾ 4:7-9) ਉਸ ਨੇ ਔਰਤਾਂ ਨੂੰ ਸਿੱਖਿਆ ਵੀ ਦਿੱਤੀ। (ਲੂਕਾ 10:38-42) ਉਸ ਨੇ ਉਨ੍ਹਾਂ ਆਦਮੀਆਂ ਦੀ ਨਿੰਦਿਆ ਕੀਤੀ ਜਿਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਤਿਆਗਿਆ ਸੀ। (ਮਰਕੁਸ 10:11, 12) ਯਿਸੂ ਨੇ ਆਪਣੇ ਪੱਕੇ ਦੋਸਤਾਂ ਦੇ ਦਾਇਰੇ ਵਿਚ ਔਰਤਾਂ ਨੂੰ ਵੀ ਸ਼ਾਮਲ ਕੀਤਾ ਜੋ ਉਸ ਸਮੇਂ ਬੜੀ ਹੀ ਅਨੋਖੀ ਗੱਲ ਸੀ। (ਲੂਕਾ 8:1-3) ਪਰਮੇਸ਼ੁਰ ਦੇ ਸਾਰੇ ਗੁਣਾਂ ਨੂੰ ਜ਼ਾਹਰ ਕਰ ਕੇ ਯਿਸੂ ਨੇ ਦਿਖਾਇਆ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਆਦਮੀ ਤੇ ਔਰਤਾਂ ਦਾ ਇੱਕੋ ਦਰਜਾ ਹੈ। ਪਹਿਲੀ ਸਦੀ ਵਿਚ ਮਸੀਹੀ ਆਦਮੀਆਂ ਅਤੇ ਔਰਤਾਂ ਦੋਵਾਂ ਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲਿਆ ਸੀ। (ਰਸੂਲਾਂ ਦੇ ਕਰਤੱਬ 2:1-4, 17, 18) ਜੋ ਮਸੀਹ ਦੇ ਨਾਲ ਰਾਜੇ ਅਤੇ ਜਾਜਕਾਂ ਵਜੋਂ ਸੇਵਾ ਕਰਨ ਲਈ ਪਵਿੱਤਰ ਆਤਮਾ ਨਾਲ ਮਸਹ ਕੀਤੇ ਗਏ ਹਨ, ਉਹ ਸਵਰਗੀ ਜ਼ਿੰਦਗੀ ਲਈ ਜੀ ਉਠਾਏ ਜਾਂਦੇ ਹਨ ਭਾਵੇਂ ਆਦਮੀ ਹੋਣ ਜਾਂ ਔਰਤਾਂ। (ਗਲਾਤੀਆਂ 3:28) ਜੀ ਹਾਂ, ਯਹੋਵਾਹ ਪਰਮੇਸ਼ੁਰ ਜਿਸ ਨੇ ਬਾਈਬਲ ਲਿਖਵਾਈ ਸੀ, ਉਹ ਔਰਤਾਂ ਨਾਲ ਫ਼ਰਕ ਨਹੀਂ ਕਰਦਾ। (g05 11/8)
[ਫੁਟਨੋਟ]
[ਸਫ਼ਾ 18 ਉੱਤੇ ਤਸਵੀਰ]
ਯਿਸੂ ਆਪਣੇ ਜ਼ਮਾਨੇ ਦੇ ਲੋਕਾਂ ਦੇ ਉਲਟ ਔਰਤਾਂ ਦਾ ਆਦਰ-ਸਤਿਕਾਰ ਕਰਦਾ ਸੀ