ਅਧਿਆਇ 10
ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ
1, 2. ਮਾਨਵ ਸਰਕਾਰਾਂ ਕਿਵੇਂ ਅਯੋਗ ਸਾਬਤ ਹੋਈਆਂ ਹਨ?
ਸ਼ਾਇਦ ਤੁਹਾਡੇ ਨਾਲ ਇਹ ਤਜਰਬਾ ਹੋਇਆ ਹੋਵੇ ਕਿ ਤੁਸੀਂ ਕੁਝ ਸਾਜ਼-ਸਾਮਾਨ ਖ਼ਰੀਦਿਆ, ਲੇਕਿਨ ਉਸ ਦੇ ਵਿਚ ਕੋਈ ਨੁਕਸ ਸੀ। ਫਰਜ਼ ਕਰੋ ਕਿ ਤੁਸੀਂ ਇਕ ਕਾਰੀਗਰ ਨੂੰ ਸੱਦਿਆ। ਮਗਰ, ਉਸ ਨੂੰ “ਸੁਧਾਰਣ” ਤੋਂ ਥੋੜ੍ਹੇ ਹੀ ਚਿਰ ਬਾਅਦ, ਉਹ ਫਿਰ ਵਿਗੜ ਗਿਆ। ਇਹ ਕਿੰਨੀ ਹੀ ਨਿਰਾਸ਼ਾਜਨਕ ਗੱਲ ਸੀ!
2 ਮਾਨਵ ਸਰਕਾਰਾਂ ਦੇ ਨਾਲ ਵੀ ਇਹੋ ਹੀ ਸਥਿਤੀ ਹੈ। ਮਨੁੱਖਜਾਤੀ ਨੇ ਹਮੇਸ਼ਾ ਇਕ ਅਜਿਹੀ ਸਰਕਾਰ ਨੂੰ ਭਾਲਿਆ ਹੈ ਜੋ ਸ਼ਾਂਤੀ ਅਤੇ ਖ਼ੁਸ਼ੀ ਨਿਸ਼ਚਿਤ ਕਰੇਗੀ। ਫਿਰ ਵੀ, ਸਮਾਜ ਦਿਆਂ ਨੁਕਸਾਂ ਨੂੰ ਸੁਧਾਰਣ ਦੇ ਜ਼ੋਰਦਾਰ ਜਤਨ ਵਾਸਤਵ ਵਿਚ ਸਫਲ ਨਹੀਂ ਹੋਏ ਹਨ। ਕਿੰਨੇ ਹੀ ਸ਼ਾਂਤੀ ਇਕਰਾਰਨਾਮੇ ਬਣਾਏ ਗਏ—ਅਤੇ ਫਿਰ ਤੋੜੇ ਗਏ ਹਨ। ਇਸ ਤੋਂ ਇਲਾਵਾ, ਕਿਹੜੀ ਸਰਕਾਰ ਗ਼ਰੀਬੀ, ਪੂਰਵ-ਧਾਰਣਾ, ਅਪਰਾਧ, ਬੀਮਾਰੀ, ਅਤੇ ਵਾਤਾਵਰਣ ਦੇ ਵਿਨਾਸ਼ ਨੂੰ ਖ਼ਤਮ ਕਰ ਸਕੀ ਹੈ? ਮਨੁੱਖ ਦਾ ਸ਼ਾਸਨ ਸੁਧਾਰਿਆ ਨਹੀਂ ਜਾ ਸਕਦਾ ਹੈ। ਸਗੋਂ ਇਸਰਾਏਲ ਦੇ ਬੁੱਧੀਮਾਨ ਰਾਜਾ ਸੁਲੇਮਾਨ ਨੇ ਵੀ ਪੁੱਛਿਆ: “ਮਨੁੱਖ ਕਿੱਕਰ ਆਪਣੇ ਰਾਹ ਨੂੰ ਬੁੱਝੇ?”—ਕਹਾਉਤਾਂ 20:24.
3. (ੳ) ਯਿਸੂ ਦੇ ਪ੍ਰਚਾਰ ਦਾ ਵਿਸ਼ਾ ਕੀ ਸੀ? (ਅ) ਕੁਝ ਲੋਕ ਪਰਮੇਸ਼ੁਰ ਦੇ ਰਾਜ ਨੂੰ ਕਿਵੇਂ ਵਰਣਨ ਕਰਦੇ ਹਨ?
3 ਨਿਰਾਸ਼ ਨਾ ਹੋਵੋ! ਇਕ ਸਥਿਰ ਵਿਸ਼ਵ ਸਰਕਾਰ ਇਕ ਸੁਪਨਾ ਹੀ ਨਹੀਂ ਹੈ। ਇਹ ਯਿਸੂ ਦੇ ਪ੍ਰਚਾਰ ਦਾ ਵਿਸ਼ਾ ਸੀ। ਉਸ ਨੇ ਇਸ ਨੂੰ “ਪਰਮੇਸ਼ੁਰ ਦਾ ਰਾਜ” ਸੱਦਿਆ ਅਤੇ ਉਸ ਨੇ ਆਪਣੇ ਅਨੁਯਾਈਆਂ ਨੂੰ ਇਸ ਲਈ ਪ੍ਰਾਰਥਨਾ ਕਰਨੀ ਸਿਖਾਈ ਸੀ। (ਲੂਕਾ 11:2; 21:31) ਨਿਸ਼ਚੇ ਹੀ, ਪਰਮੇਸ਼ੁਰ ਦੇ ਰਾਜ ਦਾ ਕਦੀ-ਕਦੀ ਧਾਰਮਿਕ ਦਾਇਰਿਆਂ ਵਿਚ ਜ਼ਿਕਰ ਕੀਤਾ ਜਾਂਦਾ ਹੈ। ਅਸਲ ਵਿਚ, ਲੱਖਾਂ ਹੀ ਰੋਜ਼ਾਨਾ ਇਸ ਲਈ ਪ੍ਰਾਰਥਨਾ ਕਰਦੇ ਹਨ ਜਦੋਂ ਉਹ ਪ੍ਰਭੂ ਦੀ ਪ੍ਰਾਰਥਨਾ (ਜਿਸ ਨੂੰ ਸਾਡੇ ਪਿਤਾ ਜਾਂ ਆਦਰਸ਼ ਪ੍ਰਾਰਥਨਾ ਵੀ ਆਖਿਆ ਜਾਂਦਾ ਹੈ) ਨੂੰ ਦੁਹਰਾਉਂਦੇ ਹਨ। ਪਰੰਤੂ ਲੋਕ ਵਿਭਿੰਨ ਤਰੀਕਿਆਂ ਵਿਚ ਜਵਾਬ ਦਿੰਦੇ ਹਨ ਜਦੋਂ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ, “ਪਰਮੇਸ਼ੁਰ ਦਾ ਰਾਜ ਕੀ ਹੈ?” ਕੁਝ ਕਹਿੰਦੇ ਹਨ, “ਉਹ ਤੁਹਾਡੇ ਦਿਲ ਵਿਚ ਹੈ।” ਦੂਜੇ ਇਸ ਨੂੰ ਸਵਰਗ ਆਖਦੇ ਹਨ। ਬਾਈਬਲ ਇਕ ਸਪੱਸ਼ਟ ਜਵਾਬ ਦਿੰਦੀ ਹੈ, ਜਿਵੇਂ ਕਿ ਅਸੀਂ ਦੇਖਾਂਗੇ।
ਇਕ ਮਕਸਦ ਵਾਲਾ ਰਾਜ
4, 5. ਯਹੋਵਾਹ ਨੇ ਆਪਣੀ ਸਰਬਸੱਤਾ ਦਾ ਇਕ ਨਵਾਂ ਪ੍ਰਗਟਾਵਾ ਵਜੂਦ ਵਿਚ ਲਿਆਉਣਾ ਕਿਉਂ ਚੁਣਿਆ, ਅਤੇ ਇਹ ਕੀ ਸੰਪੰਨ ਕਰੇਗਾ?
4 ਯਹੋਵਾਹ ਪਰਮੇਸ਼ੁਰ ਹਮੇਸ਼ਾ ਹੀ ਵਿਸ਼ਵ ਦਾ ਰਾਜਾ, ਜਾਂ ਸਰਬਸੱਤਾਵਾਨ ਸ਼ਾਸਕ ਰਿਹਾ ਹੈ। ਇਹ ਹਕੀਕਤ ਕਿ ਉਸ ਨੇ ਸਾਰੀਆਂ ਚੀਜ਼ਾਂ ਨੂੰ ਸ੍ਰਿਸ਼ਟ ਕੀਤਾ, ਉਸ ਨੂੰ ਇਸ ਉੱਚੀ ਪਦਵੀ ਦਾ ਹੱਕਦਾਰ ਬਣਾਉਂਦਾ ਹੈ। (1 ਇਤਹਾਸ 29:11; ਜ਼ਬੂਰ 103:19; ਰਸੂਲਾਂ ਦੇ ਕਰਤੱਬ 4:24) ਪਰੰਤੂ ਉਹ ਰਾਜ ਜਿਸ ਬਾਰੇ ਯਿਸੂ ਨੇ ਪ੍ਰਚਾਰ ਕੀਤਾ, ਪਰਮੇਸ਼ੁਰ ਦੀ ਵਿਸ਼ਵ ਸਰਬਸੱਤਾ ਦੇ ਨਿਯੰਤ੍ਰਣ ਹੇਠ ਹੈ ਜਾਂ ਉਸ ਦਾ ਉਪ-ਰਾਜ ਹੈ। ਇਸ ਮਸੀਹਾਈ ਰਾਜ ਦਾ ਇਕ ਵਿਸ਼ੇਸ਼ ਮਕਸਦ ਹੈ, ਪਰੰਤੂ ਇਹ ਮਕਸਦ ਕੀ ਹੈ?
5 ਜਿਵੇਂ ਅਧਿਆਇ 6 ਵਿਚ ਵਿਆਖਿਆ ਕੀਤੀ ਗਈ ਸੀ, ਪਹਿਲੀ ਮਾਨਵੀ ਜੋੜੀ ਨੇ ਪਰਮੇਸ਼ੁਰ ਦੇ ਅਧਿਕਾਰ ਦੇ ਵਿਰੁੱਧ ਬਗਾਵਤ ਕੀਤੀ। ਇਸ ਤੋਂ ਪੈਦਾ ਹੋਏ ਵਾਦ-ਵਿਸ਼ਿਆਂ ਦੇ ਕਾਰਨ, ਯਹੋਵਾਹ ਨੇ ਆਪਣੀ ਸਰਬਸੱਤਾ ਦਾ ਇਕ ਨਵਾਂ ਪ੍ਰਗਟਾਵਾ ਵਜੂਦ ਵਿਚ ਲਿਆਉਣਾ ਚੁਣਿਆ। ਪਰਮੇਸ਼ੁਰ ਨੇ ਇਕ “ਸੰਤਾਨ” ਨੂੰ ਪੈਦਾ ਕਰਨ ਦਾ ਆਪਣਾ ਮਕਸਦ ਘੋਸ਼ਿਤ ਕੀਤਾ, ਜੋ ਸੱਪ, ਅਰਥਾਤ ਸ਼ਤਾਨ ਨੂੰ ਕੁਚਲੇਗੀ ਅਤੇ ਮਨੁੱਖਜਾਤੀ ਦੇ ਵਿਰਸੇ ਵਿਚ ਪ੍ਰਾਪਤ ਕੀਤੇ ਪਾਪ ਦੇ ਪ੍ਰਭਾਵਾਂ ਨੂੰ ਹਟਾਏਗੀ। ਉਹ ਪ੍ਰਮੁੱਖ “ਸੰਤਾਨ” ਯਿਸੂ ਮਸੀਹ ਹੈ, ਅਤੇ “ਪਰਮੇਸ਼ੁਰ ਦਾ ਰਾਜ” ਉਹ ਜ਼ਰੀਆ ਹੈ ਜੋ ਸ਼ਤਾਨ ਨੂੰ ਪੂਰੀ ਤਰ੍ਹਾਂ ਨਾਲ ਮਾਤ ਪਾਵੇਗਾ। ਇਸ ਰਾਜ ਦੇ ਜ਼ਰੀਏ, ਯਿਸੂ ਮਸੀਹ, ਯਹੋਵਾਹ ਦੇ ਨਾਂ ਵਿਚ ਧਰਤੀ ਉੱਤੇ ਹਕੂਮਤ ਨੂੰ ਮੁੜ ਸਥਾਪਿਤ ਕਰੇਗਾ ਅਤੇ ਪਰਮੇਸ਼ੁਰ ਦੀ ਹੱਕੀ ਸਰਬਸੱਤਾ ਦਾ ਸਦਾ ਦੇ ਲਈ ਦੋਸ਼-ਨਿਵਾਰਣ ਕਰੇਗਾ।—ਉਤਪਤ 3:15; ਜ਼ਬੂਰ 2:2-9.
6, 7. (ੳ) ਰਾਜ ਕਿੱਥੇ ਹੈ, ਅਤੇ ਰਾਜਾ ਅਤੇ ਉਸ ਦੇ ਸੰਗੀ ਸ਼ਾਸਕ ਕੌਣ ਹਨ? (ਅ) ਰਾਜ ਦੀ ਪਰਜਾ ਕੌਣ ਹਨ?
6 ਦੁਸ਼ਟ ਫ਼ਰੀਸੀਆਂ ਨੂੰ ਕਹੇ ਯਿਸੂ ਦੇ ਸ਼ਬਦਾਂ ਦੇ ਪੰਜਾਬੀ ਬਾਈਬਲ ਵਿਚਲੇ ਅਨੁਵਾਦ ਅਨੁਸਾਰ, ਉਸ ਨੇ ਕਿਹਾ: “ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚੇ ਹੈ।” (ਲੂਕਾ 17:21) ਕੀ ਯਿਸੂ ਦਾ ਇਹ ਅਰਥ ਸੀ ਕਿ ਰਾਜ ਉਨ੍ਹਾਂ ਭ੍ਰਿਸ਼ਟ ਮਨੁੱਖਾਂ ਦੇ ਦੁਸ਼ਟ ਦਿਲਾਂ ਵਿਚ ਸੀ? ਨਹੀਂ। ਮੁੱਢਲੀ ਯੂਨਾਨੀ ਭਾਸ਼ਾ ਦਾ ਇਕ ਜ਼ਿਆਦਾ ਯਥਾਰਥ ਅਨੁਵਾਦ ਇੰਜ ਪੜ੍ਹਨ ਵਿਚ ਆਉਂਦਾ ਹੈ: “ਪਰਮੇਸ਼ੁਰ ਦਾ ਰਾਜ ਤੁਹਾਡੇ ਵਿਚਕਾਰ ਹੈ।” (ਨਿਊ ਵਰਲਡ ਟ੍ਰਾਂਸਲੇਸ਼ਨ) ਇਸ ਤਰ੍ਹਾਂ, ਯਿਸੂ, ਜੋ ਉਨ੍ਹਾਂ ਦੇ ਵਿਚਕਾਰ ਸੀ, ਨੇ ਆਪਣੇ ਆਪ ਨੂੰ ਇਕ ਆਗਾਮੀ ਰਾਜੇ ਦੇ ਤੌਰ ਤੇ ਜ਼ਿਕਰ ਕੀਤਾ। ਕੇਵਲ ਇਕ ਵਿਅਕਤੀ ਦੇ ਦਿਲ ਵਿਚ ਇਕ ਚੀਜ਼ ਹੋਣ ਦੀ ਬਜਾਇ, ਪਰਮੇਸ਼ੁਰ ਦਾ ਰਾਜ ਇਕ ਵਾਸਤਵਿਕ, ਕ੍ਰਿਆਸ਼ੀਲ ਸਰਕਾਰ ਹੈ ਜਿਸ ਦਾ ਇਕ ਸ਼ਾਸਕ ਅਤੇ ਪਰਜਾ ਹਨ। ਇਹ ਇਕ ਸਵਰਗੀ ਸਰਕਾਰ ਹੈ, ਕਿਉਂਜੋ ਇਹ ‘ਸੁਰਗ ਦਾ ਰਾਜ’ ਅਤੇ ‘ਪਰਮੇਸ਼ੁਰ ਦਾ ਰਾਜ’ ਦੋਵੇਂ ਕਹਿਲਾਉਂਦੀ ਹੈ। (ਮੱਤੀ 13:11; ਲੂਕਾ 8:10) ਇਕ ਦਰਸ਼ਣ ਵਿਚ, ਨਬੀ ਦਾਨੀਏਲ ਨੇ ਇਸ ਦੇ ਸ਼ਾਸਕ ਨੂੰ “ਇੱਕ ਜਣਾ ਮਨੁੱਖ ਦੇ ਪੁੱਤ੍ਰ ਵਰਗਾ” ਦੇਖਿਆ, ਜੋ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਸਨਮੁੱਖ ਲਿਆਇਆ ਜਾਂਦਾ ਹੈ ਅਤੇ “ਪਾਤਸ਼ਾਹੀ ਅਰ ਪਰਤਾਪ ਅਰ ਰਾਜ ਉਹ ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ।” (ਦਾਨੀਏਲ 7:13, 14) ਇਹ ਰਾਜਾ ਕੌਣ ਹੈ? ਖ਼ੈਰ, ਬਾਈਬਲ ਯਿਸੂ ਮਸੀਹ ਨੂੰ “ਮਨੁੱਖ ਦਾ ਪੁੱਤ੍ਰ” ਸੱਦਦੀ ਹੈ। (ਮੱਤੀ 12:40; ਲੂਕਾ 17:26) ਜੀ ਹਾਂ, ਯਹੋਵਾਹ ਨੇ ਆਪਣੇ ਪੁੱਤਰ, ਯਿਸੂ ਮਸੀਹ ਨੂੰ ਰਾਜਾ ਹੋਣ ਲਈ ਮਨੋਨੀਤ ਕੀਤਾ।
7 ਯਿਸੂ ਇਕੱਲਿਆਂ ਹੀ ਸ਼ਾਸਨ ਨਹੀਂ ਕਰਦਾ ਹੈ। ਉਸ ਦੇ ਸੰਗ 1,44,000 ਹਨ ਜੋ ਉਸ ਦੇ ਸੰਗੀ ਰਾਜੇ ਅਤੇ ਜਾਜਕ ਬਣਨ ਲਈ “ਧਰਤੀਓਂ ਮੁੱਲ ਲਏ ਹੋਏ” ਹਨ। (ਪਰਕਾਸ਼ ਦੀ ਪੋਥੀ 5:9, 10; 14:1, 3; ਲੂਕਾ 22:28-30) ਪਰਮੇਸ਼ੁਰ ਦੇ ਰਾਜ ਦੀ ਪਰਜਾ, ਮਨੁੱਖਾਂ ਦਾ ਇਕ ਵਿਸ਼ਵ-ਵਿਆਪਕ ਪਰਿਵਾਰ ਹੋਵੇਗੀ ਜੋ ਮਸੀਹ ਦੀ ਅਗਵਾਈ ਦੇ ਪ੍ਰਤੀ ਅਧੀਨਗੀ ਦਿਖਾਵੇਗੀ। (ਜ਼ਬੂਰ 72:7, 8) ਮਗਰ, ਅਸੀਂ ਕਿਵੇਂ ਨਿਸ਼ਚਿਤ ਹੋ ਸਕਦੇ ਹਾਂ ਕਿ ਇਹ ਰਾਜ ਅਸਲ ਵਿਚ ਪਰਮੇਸ਼ੁਰ ਦੀ ਸਰਬਸੱਤਾ ਦਾ ਦੋਸ਼-ਨਿਵਾਰਣ ਕਰੇਗਾ ਅਤੇ ਸਾਡੀ ਧਰਤੀ ਉੱਤੇ ਪਰਾਦੀਸੀ ਹਾਲਤਾਂ ਨੂੰ ਮੁੜ ਬਹਾਲ ਕਰੇਗਾ?
ਪਰਮੇਸ਼ੁਰ ਦੇ ਰਾਜ ਦੀ ਵਾਸਤਵਿਕਤਾ
8, 9. (ੳ) ਅਸੀਂ ਪਰਮੇਸ਼ੁਰ ਦੇ ਰਾਜ ਵਾਅਦਿਆਂ ਦੀ ਵਿਸ਼ਵਾਸਯੋਗਤਾ ਨੂੰ ਕਿਸ ਤਰ੍ਹਾਂ ਦਰਸਾ ਸਕਦੇ ਹਾਂ? (ਅ) ਅਸੀਂ ਰਾਜ ਦੀ ਵਾਸਤਵਿਕਤਾ ਬਾਰੇ ਕਿਉਂ ਨਿਸ਼ਚਿਤ ਹੋ ਸਕਦੇ ਹਾਂ?
8 ਕਲਪਨਾ ਕਰੋ ਕਿ ਤੁਹਾਡਾ ਘਰ ਅੱਗ ਲੱਗਣ ਨਾਲ ਨਾਸ਼ ਹੋ ਗਿਆ ਹੈ। ਹੁਣ ਇਕ ਮਿੱਤਰ ਜਿਸ ਦੇ ਕੋਲ ਇੰਨੀ ਹੈਸੀਅਤ ਹੈ, ਤੁਹਾਡੇ ਘਰ ਨੂੰ ਮੁੜ ਉਸਾਰਨ ਦਾ ਅਤੇ ਤੁਹਾਡੇ ਪਰਿਵਾਰ ਲਈ ਆਹਾਰ ਮੁਹੱਈਆ ਕਰਨ ਦਾ ਵਾਅਦਾ ਕਰਦਾ ਹੈ। ਜੇਕਰ ਉਹ ਮਿੱਤਰ ਤੁਹਾਡੇ ਨਾਲ ਹਮੇਸ਼ਾ ਹੀ ਸੱਚ ਬੋਲਦਾ ਆਇਆ ਹੈ, ਤਾਂ ਕੀ ਤੁਸੀਂ ਉਸ ਉੱਤੇ ਯਕੀਨ ਨਹੀਂ ਕਰੋਗੇ? ਫਰਜ਼ ਕਰੋ ਕਿ ਅਗਲੇ ਦਿਨ ਤੁਸੀਂ ਕੰਮ ਤੋਂ ਘਰ ਨੂੰ ਆਉਂਦੇ ਹੋ ਅਤੇ ਦੇਖਦੇ ਹੋ ਕਿ ਕਾਮਿਆਂ ਨੇ ਪਹਿਲਾਂ ਤੋਂ ਹੀ ਅੱਗ ਦਿਆਂ ਮਲਬਿਆਂ ਨੂੰ ਸਾਫ਼ ਕਰਨਾ ਆਰੰਭ ਕਰ ਦਿੱਤਾ ਹੈ ਅਤੇ ਕਿ ਤੁਹਾਡੇ ਪਰਿਵਾਰ ਲਈ ਆਹਾਰ ਲਿਆਂਦਾ ਗਿਆ ਹੈ। ਕੋਈ ਸ਼ੱਕ ਨਹੀਂ ਕਿ ਤੁਹਾਨੂੰ ਪੂਰੀ ਤਰ੍ਹਾਂ ਵਿਸ਼ਵਾਸ ਹੋ ਜਾਵੇਗਾ ਕਿ ਸਮੇਂ ਦੇ ਬੀਤਣ ਨਾਲ, ਹਾਲਾਤਾਂ ਕੇਵਲ ਮੁੜ ਬਹਾਲ ਹੀ ਨਹੀਂ ਕੀਤੀਆਂ ਜਾਣਗੀਆਂ ਪਰੰਤੂ ਪਹਿਲਾਂ ਨਾਲੋਂ ਵੀ ਬਿਹਤਰ ਹੋਣਗੀਆਂ।
9 ਇਸੇ ਤਰ੍ਹਾਂ, ਯਹੋਵਾਹ ਸਾਨੂੰ ਰਾਜ ਦੀ ਵਾਸਤਵਿਕਤਾ ਦਾ ਯਕੀਨ ਦਿਵਾਉਂਦਾ ਹੈ। ਜਿਵੇਂ ਬਾਈਬਲ ਦੀ ਇਬਰਾਨੀਆਂ ਨਾਮਕ ਪੁਸਤਕ ਵਿਚ ਦਿਖਾਇਆ ਗਿਆ ਹੈ, ਬਿਵਸਥਾ ਨੇਮ ਦੇ ਅਨੇਕ ਪਹਿਲੂ ਰਾਜ ਪ੍ਰਬੰਧ ਨੂੰ ਪੂਰਵ-ਪਰਛਾਵਾਂ ਕਰਦੇ ਸਨ। (ਇਬਰਾਨੀਆਂ 10:1) ਪਰਮੇਸ਼ੁਰ ਦੇ ਰਾਜ ਦੀਆਂ ਪੂਰਵ-ਝਲਕਾਂ ਇਸਰਾਏਲ ਦੇ ਪਾਰਥਿਵ ਰਾਜ ਵਿਚ ਵੀ ਜ਼ਾਹਰ ਸਨ। ਉਹ ਕੋਈ ਸਾਧਾਰਣ ਸਰਕਾਰ ਨਹੀਂ ਸੀ, ਕਿਉਂਕਿ ਉਸ ਦੇ ਸ਼ਾਸਕ “ਯਹੋਵਾਹ ਦੇ ਸਿੰਘਾਸਣ” ਉੱਤੇ ਬਿਰਾਜਮਾਨ ਸਨ। (1 ਇਤਹਾਸ 29:23) ਇਸ ਦੇ ਇਲਾਵਾ, ਇਹ ਪੂਰਵ-ਸੂਚਿਤ ਕੀਤਾ ਗਿਆ ਸੀ: “ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ਾਂਤੀ ਦਾਤਾ [ਸ਼ੀਲੋਹ, ਫੁਟਨੋਟ] ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।” (ਉਤਪਤ 49:10)a ਜੀ ਹਾਂ, ਯਹੂਦਿਯਾ ਦੇ ਰਾਜਿਆਂ ਦੀ ਇਸ ਵੰਸ਼ ਵਿਚ ਯਿਸੂ, ਪਰਮੇਸ਼ੁਰ ਦੀ ਸਰਕਾਰ ਦੇ ਸਥਾਈ ਰਾਜਾ ਨੇ ਪੈਦਾ ਹੋਣਾ ਸੀ।—ਲੂਕਾ 1:32, 33.
10. (ੳ) ਪਰਮੇਸ਼ੁਰ ਦੇ ਮਸੀਹਾਈ ਰਾਜ ਦੀ ਬੁਨਿਆਦ ਕਦੋਂ ਧਰੀ ਗਈ ਸੀ? (ਅ) ਯਿਸੂ ਦੇ ਭਾਵੀ ਸਹਿ-ਸ਼ਾਸਕ ਇਸ ਧਰਤੀ ਉੱਤੇ ਕਿਹੜੇ ਕੰਮ ਨੂੰ ਅੱਗੇ ਵਧਾਉਣਗੇ?
10 ਪਰਮੇਸ਼ੁਰ ਦੇ ਮਸੀਹਾਈ ਰਾਜ ਦੀ ਬੁਨਿਆਦ ਉਦੋਂ ਧਰੀ ਗਈ ਸੀ ਜਦੋਂ ਯਿਸੂ ਦੇ ਰਸੂਲਾਂ ਨੂੰ ਚੁਣਿਆ ਗਿਆ ਸੀ। (ਅਫ਼ਸੀਆਂ 2:19, 20; ਪਰਕਾਸ਼ ਦੀ ਪੋਥੀ 21:14) ਇਹ 1,44,000 ਦੇ ਪਹਿਲੇ ਵਿਅਕਤੀ ਸਨ ਜੋ ਸਵਰਗ ਵਿਚ ਸੰਗੀ ਰਾਜਿਆਂ ਦੇ ਰੂਪ ਵਿਚ ਯਿਸੂ ਮਸੀਹ ਦੇ ਨਾਲ ਸ਼ਾਸਨ ਕਰਨਗੇ। ਜਦੋਂ ਤਕ ਇਹ ਧਰਤੀ ਉੱਤੇ ਸਨ, ਇਹ ਭਾਵੀ ਸਹਿ-ਸ਼ਾਸਕ ਗਵਾਹੀ ਦੇਣ ਦੀ ਮੁਹਿੰਮ ਨੂੰ ਯਿਸੂ ਦੇ ਇਸ ਹੁਕਮ ਦੇ ਅਨੁਸਾਰ ਅੱਗੇ ਵਧਾਉਂਦੇ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।”—ਮੱਤੀ 28:19.
11. ਅੱਜ ਰਾਜ-ਪ੍ਰਚਾਰ ਕਾਰਜ ਕਿਸ ਤਰ੍ਹਾਂ ਪੂਰਾ ਕੀਤਾ ਜਾ ਰਿਹਾ ਹੈ, ਅਤੇ ਇਹ ਕੀ ਸੰਪੰਨ ਕਰ ਰਿਹਾ ਹੈ?
11 ਚੇਲੇ ਬਣਾਉਣ ਦੇ ਹੁਕਮ ਦੀ ਪਾਲਣਾ ਹੁਣ ਬੇਮਿਸਾਲ ਪੈਮਾਨੇ ਤੇ ਕੀਤੀ ਜਾ ਰਹੀ ਹੈ। ਯਿਸੂ ਦੇ ਭਵਿੱਖ-ਸੂਚਕ ਸ਼ਬਦਾਂ ਦੀ ਇਕਸਾਰਤਾ ਵਿਚ, ਯਹੋਵਾਹ ਦੇ ਗਵਾਹ ਰਾਜ ਦੀ ਖ਼ੁਸ਼ ਖ਼ਬਰੀ ਨੂੰ ਪੂਰੀ ਧਰਤੀ ਵਿਚ ਐਲਾਨ ਕਰ ਰਹੇ ਹਨ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਰਾਜ-ਪ੍ਰਚਾਰ ਕਾਰਜ ਦੇ ਇਕ ਪਹਿਲੂ ਦੇ ਤੌਰ ਤੇ, ਇਕ ਮਹਾਨ ਸਿੱਖਿਆ ਕਾਰਜਕ੍ਰਮ ਪੂਰਾ ਕੀਤਾ ਜਾ ਰਿਹਾ ਹੈ। ਜੋ ਵਿਅਕਤੀ ਪਰਮੇਸ਼ੁਰ ਦੇ ਰਾਜ ਦੇ ਨਿਯਮਾਂ ਅਤੇ ਸਿਧਾਂਤਾਂ ਦੇ ਅਧੀਨ ਹੁੰਦੇ ਹਨ, ਉਹ ਪਹਿਲਾਂ ਹੀ ਅਜਿਹੀ ਸ਼ਾਂਤੀ ਅਤੇ ਏਕਤਾ ਦਾ ਅਨੁਭਵ ਕਰ ਰਹੇ ਹਨ ਜੋ ਮਾਨਵ ਸਰਕਾਰਾਂ ਹਾਸਲ ਨਹੀਂ ਕਰ ਸਕਦੀਆਂ ਹਨ। ਇਹ ਸਭ ਕੁਝ ਸਪੱਸ਼ਟ ਸਬੂਤ ਦਿੰਦਾ ਹੈ ਕਿ ਪਰਮੇਸ਼ੁਰ ਦਾ ਰਾਜ ਇਕ ਵਾਸਤਵਿਕਤਾ ਹੈ!
12. (ੳ) ਰਾਜ ਘੋਸ਼ਕਾਂ ਨੂੰ ਯਹੋਵਾਹ ਦੇ ਗਵਾਹ ਸੱਦਣਾ ਕਿਉਂ ਉਚਿਤ ਹੈ? (ਅ) ਪਰਮੇਸ਼ੁਰ ਦਾ ਰਾਜ ਮਾਨਵ ਸਰਕਾਰਾਂ ਨਾਲੋਂ ਕਿਵੇਂ ਭਿੰਨ ਹੈ?
12 ਯਹੋਵਾਹ ਨੇ ਇਸਰਾਏਲੀਆਂ ਨੂੰ ਦੱਸਿਆ: “ਤੁਸੀਂ ਮੇਰੇ ਗਵਾਹ ਹੋ, . . . ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ।” (ਯਸਾਯਾਹ 43:10-12) ‘ਸੱਚੇ ਗਵਾਹ,’ ਯਿਸੂ ਨੇ ਸਰਗਰਮੀ ਦੇ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕੀਤਾ। (ਪਰਕਾਸ਼ ਦੀ ਪੋਥੀ 1:5; ਮੱਤੀ 4:17) ਸੋ ਇਹ ਉਚਿਤ ਹੈ ਕਿ ਵਰਤਮਾਨ-ਦਿਨ ਦੇ ਰਾਜ ਘੋਸ਼ਕ ਪਰਮੇਸ਼ੁਰ ਵੱਲੋਂ ਨਿਯੁਕਤ ਨਾਂ ਯਹੋਵਾਹ ਦੇ ਗਵਾਹ ਨੂੰ ਧਾਰਣ। ਪਰੰਤੂ ਗਵਾਹ ਦੂਜਿਆਂ ਦੇ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਚਰਚਾ ਕਰਨ ਵਿਚ ਇੰਨਾ ਸਮਾਂ ਅਤੇ ਜਤਨ ਕਿਉਂ ਲਗਾਉਂਦੇ ਹਨ? ਉਹ ਇਸ ਕਰਕੇ ਇਹ ਕਰਦੇ ਹਨ ਕਿਉਂਕਿ ਕੇਵਲ ਰਾਜ ਹੀ ਮਨੁੱਖਜਾਤੀ ਦੀ ਉਮੀਦ ਹੈ। ਆਖ਼ਰਕਾਰ ਮਾਨਵ ਸਰਕਾਰਾਂ ਸਮਾਪਤ ਹੋ ਜਾਂਦੀਆਂ ਹਨ, ਪਰੰਤੂ ਪਰਮੇਸ਼ੁਰ ਦਾ ਰਾਜ ਕਦੀ ਵੀ ਸਮਾਪਤ ਨਹੀਂ ਹੋਵੇਗਾ। ਯਸਾਯਾਹ 9:6, 7 ਇਸ ਦੇ ਸ਼ਾਸਕ, ਯਿਸੂ ਨੂੰ “ਸ਼ਾਂਤੀ ਦਾ ਰਾਜ ਕੁਮਾਰ” ਸੱਦਦਾ ਹੈ, ਅਤੇ ਅੱਗੇ ਕਹਿੰਦਾ ਹੈ: “ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ।” ਪਰਮੇਸ਼ੁਰ ਦਾ ਰਾਜ ਮਨੁੱਖ ਦੀਆਂ ਸਰਕਾਰਾਂ ਦੇ ਵਾਂਗ ਨਹੀਂ ਹੈ—ਅਰਥਾਤ, ਅੱਜ ਹੋਂਦ ਵਿਚ ਹਨ, ਤਾਂ ਕਲ੍ਹ ਨੂੰ ਉਲਟਾ ਦਿੱਤੀਆਂ ਜਾਂਦੀਆਂ ਹਨ। ਅਸਲ ਵਿਚ, ਦਾਨੀਏਲ 2:44 ਕਹਿੰਦਾ ਹੈ: “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ . . . ਪਰ ਆਪ ਸਦਾ ਤਾਈਂ ਖੜਾ ਰਹੇਗਾ।”
13. (ੳ) ਕਿਹੜੀਆਂ ਕੁਝ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਰਾਜ ਸਫਲਤਾਪੂਰਵਕ ਨਿਪਟਾਏਗਾ? (ਅ) ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਦੇ ਵਾਅਦੇ ਪੂਰੇ ਹੋਣਗੇ?
13 ਕਿਹੜਾ ਮਾਨਵ ਰਾਜਾ ਯੁੱਧ, ਅਪਰਾਧ, ਬੀਮਾਰੀ, ਕਾਲ, ਅਤੇ ਬੇਘਰ ਦੀ ਅਵਸਥਾ ਨੂੰ ਮਿਟਾ ਸਕਦਾ ਹੈ? ਇਸ ਤੋਂ ਇਲਾਵਾ, ਕਿਹੜਾ ਪਾਰਥਿਵ ਸ਼ਾਸਕ ਉਨ੍ਹਾਂ ਨੂੰ ਪੁਨਰ-ਉਥਿਤ ਕਰ ਸਕਦਾ ਹੈ ਜੋ ਮਰ ਚੁੱਕੇ ਹਨ? ਪਰਮੇਸ਼ੁਰ ਦਾ ਰਾਜ ਅਤੇ ਉਸ ਦਾ ਰਾਜਾ ਇਨ੍ਹਾਂ ਮਾਮਲਿਆਂ ਨੂੰ ਨਿਪਟਾਏਗਾ। ਇਹ ਰਾਜ, ਉਸ ਨੁਕਸਦਾਰ ਸਾਜ਼-ਸਾਮਾਨ ਦੇ ਵਾਂਗ, ਜਿਸ ਨੂੰ ਲਗਾਤਾਰ ਸੁਧਾਰਣ ਦੀ ਜ਼ਰੂਰਤ ਰਹਿੰਦੀ ਹੈ, ਘਟੀਆ ਸਾਬਤ ਨਹੀਂ ਹੋਵੇਗਾ। ਇਸ ਦੀ ਬਜਾਇ, ਪਰਮੇਸ਼ੁਰ ਦਾ ਰਾਜ ਸਫਲ ਹੋਵੇਗਾ, ਕਿਉਂਕਿ ਯਹੋਵਾਹ ਵਾਅਦਾ ਕਰਦਾ ਹੈ: “ਮੇਰਾ ਬਚਨ . . . ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।” (ਯਸਾਯਾਹ 55:11) ਪਰਮੇਸ਼ੁਰ ਦਾ ਮਕਸਦ ਅਸਫਲ ਨਹੀਂ ਹੋਵੇਗਾ, ਪਰੰਤੂ ਰਾਜ ਸ਼ਾਸਨ ਨੇ ਕਦੋਂ ਆਰੰਭ ਹੋਣਾ ਸੀ?
ਰਾਜ ਸ਼ਾਸਨ—ਕਦੋਂ?
14. ਯਿਸੂ ਦੇ ਚੇਲਿਆਂ ਨੂੰ ਰਾਜ ਦੇ ਸੰਬੰਧ ਵਿਚ ਕਿਹੜੀ ਗ਼ਲਤਫ਼ਹਿਮੀ ਸੀ, ਪਰੰਤੂ ਯਿਸੂ ਆਪਣੀ ਹਕੂਮਤ ਦੇ ਬਾਰੇ ਕੀ ਜਾਣਦਾ ਸੀ?
14 “ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ?” ਯਿਸੂ ਦੇ ਚੇਲਿਆਂ ਦੁਆਰਾ ਪੁੱਛੇ ਗਏ ਇਸ ਸਵਾਲ ਨੇ ਪ੍ਰਗਟ ਕੀਤਾ ਕਿ ਉਸ ਸਮੇਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਮਕਸਦ ਅਤੇ ਉਸ ਦੇ ਸ਼ਾਸਨ ਆਰੰਭ ਕਰਨ ਦਾ ਨਿਯੁਕਤ ਸਮਾਂ ਪਤਾ ਨਹੀਂ ਸੀ। ਇਸ ਮਾਮਲੇ ਦੇ ਬਾਰੇ ਅੰਦਾਜ਼ਾ ਨਾ ਲਗਾਉਣ ਦੀ ਚੇਤਾਵਨੀ ਦਿੰਦੇ ਹੋਏ, ਯਿਸੂ ਨੇ ਕਿਹਾ: “ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ।” ਯਿਸੂ ਨੂੰ ਪਤਾ ਸੀ ਕਿ ਧਰਤੀ ਉੱਤੇ ਉਸ ਦੀ ਹਕੂਮਤ, ਉਸ ਦੇ ਪੁਨਰ-ਉਥਾਨ ਅਤੇ ਸਵਰਗ ਨੂੰ ਆਰੋਹਣ ਤੋਂ ਕਾਫ਼ੀ ਸਮੇਂ ਬਾਅਦ, ਭਵਿੱਖ ਲਈ ਰਾਖਵੀਂ ਸੀ। (ਰਸੂਲਾਂ ਦੇ ਕਰਤੱਬ 1:6-11; ਲੂਕਾ 19:11, 12, 15) ਸ਼ਾਸਤਰਾਂ ਨੇ ਇਸ ਦੀ ਪੂਰਵ-ਸੂਚਨਾ ਦਿੱਤੀ ਸੀ। ਇਹ ਕਿਸ ਤਰ੍ਹਾਂ?
15. ਜ਼ਬੂਰ 110:1 ਯਿਸੂ ਦੀ ਹਕੂਮਤ ਦੇ ਸਮੇਂ ਬਾਰੇ ਕਿਸ ਤਰ੍ਹਾਂ ਰੌਸ਼ਨੀ ਪਾਉਂਦਾ ਹੈ?
15 ਭਵਿੱਖ-ਸੂਚਕ ਢੰਗ ਨਾਲ ਯਿਸੂ ਨੂੰ “ਪ੍ਰਭੁ” ਆਖਦੇ ਹੋਏ, ਰਾਜਾ ਦਾਊਦ ਨੇ ਕਿਹਾ: “ਯਹੋਵਾਹ ਦਾ ਮੇਰੇ ਪ੍ਰਭੁ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ।” (ਜ਼ਬੂਰ 110:1; ਤੁਲਨਾ ਕਰੋ ਰਸੂਲਾਂ ਦੇ ਕਰਤੱਬ 2:34-36.) ਇਹ ਭਵਿੱਖਬਾਣੀ ਸੰਕੇਤ ਕਰਦੀ ਹੈ ਕਿ ਯਿਸੂ ਦੀ ਹਕੂਮਤ ਉਸ ਦੇ ਸਵਰਗ ਨੂੰ ਆਰੋਹਣ ਤੋਂ ਇਕ ਦਮ ਬਾਅਦ ਆਰੰਭ ਨਹੀਂ ਹੋਵੇਗੀ। ਇਸ ਦੀ ਬਜਾਇ, ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਉਡੀਕ ਕਰੇਗਾ। (ਇਬਰਾਨੀਆਂ 10:12, 13) ਇਹ ਉਡੀਕ ਕਿੰਨੇ ਚਿਰ ਲਈ ਜਾਰੀ ਰਹੇਗੀ? ਉਸ ਦੀ ਹਕੂਮਤ ਕਦੋਂ ਆਰੰਭ ਹੋਵੇਗੀ? ਬਾਈਬਲ ਸਾਨੂੰ ਜਵਾਬ ਲੱਭਣ ਵਿਚ ਮਦਦ ਕਰਦੀ ਹੈ।
16. ਸੰਨ 607 ਸਾ.ਯੁ.ਪੂ. ਵਿਚ ਕੀ ਹੋਇਆ ਸੀ, ਅਤੇ ਇਸ ਦਾ ਪਰਮੇਸ਼ੁਰ ਦੇ ਰਾਜ ਦੇ ਨਾਲ ਕੀ ਸੰਬੰਧ ਸੀ?
16 ਇਸ ਧਰਤੀ ਉੱਤੇ ਕੇਵਲ ਇਕ ਹੀ ਸ਼ਹਿਰ ਯਰੂਸ਼ਲਮ ਸੀ ਜਿਸ ਉੱਤੇ ਯਹੋਵਾਹ ਨੇ ਆਪਣਾ ਨਾਂ ਧਰਿਆ। (1 ਰਾਜਿਆਂ 11:36) ਨਾਲ ਹੀ, ਇਹ ਸ਼ਹਿਰ ਉਸ ਪਰਮੇਸ਼ੁਰ-ਪ੍ਰਵਾਨਿਤ ਪਾਰਥਿਵ ਰਾਜ ਦੀ ਰਾਜਧਾਨੀ ਸੀ ਜੋ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਪ੍ਰਤਿਰੂਪ ਸੀ। ਇਸ ਕਰਕੇ, 607 ਸਾ.ਯੁ.ਪੂ. ਵਿਚ ਬਾਬਲੀਆਂ ਦੁਆਰਾ ਯਰੂਸ਼ਲਮ ਦਾ ਨਾਸ਼ ਬਹੁਤ ਮਹੱਤਵਪੂਰਣ ਸੀ। ਇਸ ਘਟਨਾ ਨੇ ਧਰਤੀ ਉੱਤੇ ਉਸ ਦੇ ਲੋਕਾਂ ਉੱਪਰ ਪਰਮੇਸ਼ੁਰ ਦੇ ਸਿੱਧੇ ਸ਼ਾਸਨ ਵਿਚ ਪਏ ਲੰਮੇ ਵਿਘਨ ਦੇ ਆਰੰਭ ਨੂੰ ਚਿੰਨ੍ਹਿਤ ਕੀਤਾ। ਕੁਝ ਛੇ ਸਦੀਆਂ ਬਾਅਦ, ਯਿਸੂ ਨੇ ਸੰਕੇਤ ਕੀਤਾ ਕਿ ਇਸ ਸ਼ਾਸਨ ਵਿਚ ਪਏ ਵਿਘਨ ਦਾ ਸਮਾਂ ਹਾਲੇ ਵੀ ਚਲ ਰਿਹਾ ਸੀ, ਕਿਉਂਕਿ ਉਸ ਨੇ ਕਿਹਾ: “ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੀਕੁਰ ਪਰਾਈਆਂ ਕੌਮਾਂ ਦੇ ਸਮੇ ਪੂਰੇ ਨਾ ਹੋਣ।”—ਲੂਕਾ 21:24.
17. (ੳ) “ਪਰਾਈਆਂ ਕੌਮਾਂ ਦੇ ਸਮੇ” ਕੀ ਹਨ, ਅਤੇ ਉਨ੍ਹਾਂ ਨੇ ਕਿੰਨੀ ਦੇਰ ਤਕ ਜਾਰੀ ਰਹਿਣਾ ਸੀ? (ਅ) “ਪਰਾਈਆਂ ਕੌਮਾਂ ਦੇ ਸਮੇ” ਕਦੋਂ ਆਰੰਭ ਅਤੇ ਕਦੋਂ ਸਮਾਪਤ ਹੋਏ?
17 ਇਨ੍ਹਾਂ “ਪਰਾਈਆਂ ਕੌਮਾਂ ਦੇ ਸਮੇ” ਦੌਰਾਨ, ਪਰਮੇਸ਼ੁਰ ਦੁਆਰਾ ਪ੍ਰਵਾਨਿਤ ਹਕੂਮਤ ਵਿਚ ਵਿਘਨ ਪਾਉਣ ਲਈ ਦੁਨਿਆਵੀ ਸਰਕਾਰਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਇਹ ਅਵਧੀ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਨਾਸ਼ ਨਾਲ ਆਰੰਭ ਹੋਈ, ਅਤੇ ਦਾਨੀਏਲ ਨੇ ਸੰਕੇਤ ਕੀਤਾ ਕਿ ਇਹ ‘ਸੱਤ ਸਮਿਆਂ’ ਲਈ ਜਾਰੀ ਰਹੇਗੀ। (ਦਾਨੀਏਲ 4:23-25) ਇਹ ਸਮਾਂ ਕਿੰਨਾ ਲੰਮਾ ਹੈ? ਬਾਈਬਲ ਦਿਖਾਉਂਦੀ ਹੈ ਕਿ ਸਾਢੇ ਤਿੰਨ “ਸਮੇਂ,” 1,260 ਦਿਨਾਂ ਦੇ ਬਰਾਬਰ ਹਨ। (ਪਰਕਾਸ਼ ਦੀ ਪੋਥੀ 12:6, 14) ਉਸ ਅਵਧੀ ਦਾ ਦੁਗਣਾ, ਅਰਥਾਤ ਸੱਤ ਸਮੇਂ, 2,520 ਦਿਨ ਹੋਣਗੇ। ਪਰੰਤੂ ਇਸ ਥੋੜ੍ਹੇ ਸਮੇਂ ਦੀ ਅਵਧੀ ਦੀ ਸਮਾਪਤੀ ਤੇ ਕੁਝ ਮਾਅਰਕੇ ਦੀ ਗੱਲ ਨਹੀਂ ਵਾਪਰੀ ਸੀ। ਪਰੰਤੂ, ਦਾਨੀਏਲ ਦੀ ਭਵਿੱਖਬਾਣੀ ਨੂੰ “ਇੱਕ ਦਿਨ ਇੱਕ ਵਰਹੇ ਜਿਹਾ” ਅਸੂਲ ਲਾਗੂ ਕਰ ਕੇ, 607 ਸਾ.ਯੁ.ਪੂ. ਤੋਂ 2,520 ਸਾਲ ਗਿਣਦੇ ਹੋਏ, ਅਸੀਂ 1914 ਸਾ.ਯੁ. ਤੇ ਪਹੁੰਚਦੇ ਹਾਂ।—ਗਿਣਤੀ 14:34; ਹਿਜ਼ਕੀਏਲ 4:6.
18. ਯਿਸੂ ਨੇ ਰਾਜ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਜਲਦੀ ਹੀ ਕੀ ਕੀਤਾ, ਅਤੇ ਇਸ ਦਾ ਧਰਤੀ ਉੱਤੇ ਕੀ ਪ੍ਰਭਾਵ ਪਿਆ?
18 ਕੀ ਯਿਸੂ ਨੇ ਉਸ ਸਮੇਂ ਸਵਰਗ ਵਿਚ ਸ਼ਾਸਨ ਕਰਨਾ ਆਰੰਭ ਕੀਤਾ? ਹਾਂ ਵਿਚ ਜਵਾਬ ਦੇਣ ਦੇ ਸ਼ਾਸਤਰ ਸੰਬੰਧੀ ਕਾਰਨਾਂ ਦੀ ਚਰਚਾ ਅਗਲੇ ਅਧਿਆਇ ਵਿਚ ਕੀਤੀ ਜਾਵੇਗੀ। ਨਿਸ਼ਚੇ ਹੀ, ਯਿਸੂ ਦੇ ਸ਼ਾਸਨ ਦਾ ਆਰੰਭ ਧਰਤੀ ਉੱਤੇ ਤਤਕਾਲੀ ਸ਼ਾਂਤੀ ਦੁਆਰਾ ਚਿੰਨ੍ਹਿਤ ਨਹੀਂ ਹੋਵੇਗਾ। ਪਰਕਾਸ਼ ਦੀ ਪੋਥੀ 12:7-12 ਦਿਖਾਉਂਦਾ ਹੈ ਕਿ ਯਿਸੂ ਰਾਜ ਪ੍ਰਾਪਤ ਕਰਨ ਤੋਂ ਜਲਦੀ ਹੀ ਬਾਅਦ, ਸ਼ਤਾਨ ਅਤੇ ਪਿਸ਼ਾਚ ਦੂਤਾਂ ਨੂੰ ਸਵਰਗ ਵਿੱਚੋਂ ਬਾਹਰ ਕੱਢ ਦੇਵੇਗਾ। ਇਸ ਦਾ ਅਰਥ ਧਰਤੀ ਲਈ ਬਿਪਤਾ ਹੋਵੇਗਾ, ਪਰੰਤੂ ਇਹ ਪੜ੍ਹਨਾ ਉਤਸ਼ਾਹਜਨਕ ਹੈ ਕਿ ਇਬਲੀਸ ਦਾ “ਸਮਾ ਥੋੜਾ ਹੀ” ਰਹਿੰਦਾ ਹੈ। ਜਲਦੀ ਹੀ, ਅਸੀਂ ਸਿਰਫ਼ ਇਸ ਕਰਕੇ ਹੀ ਆਨੰਦ ਨਹੀਂ ਮਾਣਾਂਗੇ ਕਿ ਪਰਮੇਸ਼ੁਰ ਦਾ ਰਾਜ ਹਕੂਮਤ ਕਰ ਰਿਹਾ ਹੈ, ਪਰੰਤੂ ਇਸ ਕਰਕੇ ਵੀ ਕਿ ਇਹ ਰਾਜ ਧਰਤੀ ਅਤੇ ਆਗਿਆਕਾਰ ਮਨੁੱਖਜਾਤੀ ਲਈ ਬਰਕਤਾਂ ਲਿਆਵੇਗਾ। (ਜ਼ਬੂਰ 72:7, 8) ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਇਹ ਜਲਦੀ ਹੀ ਹੋਵੇਗਾ?
[ਫੁਟਨੋਟ]
a ਸ਼ੀਲੋਹ ਨਾਂ ਦਾ ਅਰਥ ਹੈ “ਉਹ ਜਿਸ ਦਾ ਹੈ; ਉਹ ਜਿਸ ਦੀ ਸੰਪਤੀ ਹੈ।” ਸਮਾਂ ਬੀਤਣ ਤੇ ਇਹ ਜ਼ਾਹਰ ਹੋਇਆ ਕਿ “ਸ਼ੀਲੋਹ” ਯਿਸੂ ਮਸੀਹ ਸੀ, ਅਰਥਾਤ “ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ।” (ਪਰਕਾਸ਼ ਦੀ ਪੋਥੀ 5:5) ਕੁਝ ਯਹੂਦੀ ਗ੍ਰੰਥਾਂ ਨੇ “ਸ਼ੀਲੋਹ” ਸ਼ਬਦ ਦੀ ਥਾਂ ਤੇ ਕੇਵਲ “ਮਸੀਹਾ” ਜਾਂ “ਰਾਜਾ ਮਸੀਹਾ” ਸ਼ਬਦਾਂ ਦਾ ਇਸਤੇਮਾਲ ਕੀਤਾ।
ਆਪਣੇ ਗਿਆਨ ਨੂੰ ਪਰਖੋ
ਪਰਮੇਸ਼ੁਰ ਦਾ ਰਾਜ ਕੀ ਹੈ, ਅਤੇ ਇਹ ਕਿੱਥੋਂ ਸ਼ਾਸਨ ਕਰਦਾ ਹੈ?
ਰਾਜ ਵਿਚ ਕੌਣ ਸ਼ਾਸਨ ਕਰਦੇ ਹਨ, ਅਤੇ ਇਸ ਦੀ ਪਰਜਾ ਕੌਣ ਹਨ?
ਯਹੋਵਾਹ ਨੇ ਸਾਨੂੰ ਕਿਸ ਤਰ੍ਹਾਂ ਵਿਸ਼ਵਾਸ ਦਿਵਾਇਆ ਹੈ ਕਿ ਉਸ ਦਾ ਰਾਜ ਇਕ ਵਾਸਤਵਿਕਤਾ ਹੈ?
“ਪਰਾਈਆਂ ਕੌਮਾਂ ਦੇ ਸਮੇ” ਕਦੋਂ ਆਰੰਭ ਅਤੇ ਕਦੋਂ ਸਮਾਪਤ ਹੋਏ ਸਨ?
[ਸਫ਼ੇ 94 ਉੱਤੇ ਡੱਬੀ]
ਪਰਮੇਸ਼ੁਰ ਦੇ ਰਾਜ ਨਾਲ ਸੰਬੰਧਿਤ ਕੁਝ ਮਹੱਤਵਪੂਰਣ ਘਟਨਾਵਾਂ
• ਯਹੋਵਾਹ ਇਕ “ਸੰਤਾਨ” ਨੂੰ ਪੈਦਾ ਕਰਨ ਦੇ ਆਪਣੇ ਮਕਸਦ ਨੂੰ ਘੋਸ਼ਿਤ ਕਰਦਾ ਹੈ ਜੋ ਉਸ ਸੱਪ, ਸ਼ਤਾਨ ਅਰਥਾਤ ਇਬਲੀਸ ਦੇ ਸਿਰ ਨੂੰ ਕੁਚਲੇਗੀ।—ਉਤਪਤ 3:15.
• ਸੰਨ 1943 ਸਾ.ਯੁ.ਪੂ. ਵਿਚ, ਯਹੋਵਾਹ ਸੰਕੇਤ ਕਰਦਾ ਹੈ ਕਿ ਇਹ “ਸੰਤਾਨ” ਅਬਰਾਹਾਮ ਦੀ ਇਕ ਮਾਨਵ ਔਲਾਦ ਹੋਵੇਗੀ।—ਉਤਪਤ 12:1-3, 7; 22:18.
• ਸੰਨ 1513 ਸਾ.ਯੁ.ਪੂ. ਵਿਚ ਇਸਰਾਏਲ ਨੂੰ ਦਿੱਤਾ ਗਿਆ ਬਿਵਸਥਾ ਨੇਮ “ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ” ਮੁਹੱਈਆ ਕਰਦਾ ਹੈ।—ਕੂਚ 24:6-8; ਇਬਰਾਨੀਆਂ 10:1.
• ਇਸਰਾਏਲ ਦਾ ਪਾਰਥਿਵ ਰਾਜ 1117 ਸਾ.ਯੁ.ਪੂ. ਵਿਚ ਆਰੰਭ ਹੁੰਦਾ ਹੈ, ਅਤੇ ਉਹ ਬਾਅਦ ਵਿਚ ਦਾਊਦ ਦੀ ਵੰਸ਼ ਵਿਚ ਜਾਰੀ ਰਹਿੰਦਾ ਹੈ।—1 ਸਮੂਏਲ 11:15; 2 ਸਮੂਏਲ 7:8, 16.
• ਸੰਨ 607 ਸਾ.ਯੁ.ਪੂ. ਵਿਚ ਯਰੂਸ਼ਲਮ ਨਾਸ਼ ਕੀਤਾ ਜਾਂਦਾ ਹੈ, ਅਤੇ “ਪਰਾਈਆਂ ਕੌਮਾਂ ਦੇ ਸਮੇ” ਆਰੰਭ ਹੁੰਦੇ ਹਨ।—2 ਰਾਜਿਆਂ 25:8-10, 25, 26; ਲੂਕਾ 21:24.
• ਸੰਨ 29 ਸਾ.ਯੁ. ਵਿਚ, ਯਿਸੂ ਇਕ ਮਨੋਨੀਤ-ਰਾਜਾ ਵਜੋਂ ਮਸਹ ਕੀਤਾ ਜਾਂਦਾ ਹੈ ਅਤੇ ਆਪਣੀ ਪਾਰਥਿਵ ਸੇਵਕਾਈ ਨੂੰ ਸ਼ੁਰੂ ਕਰਦਾ ਹੈ।—ਮੱਤੀ 3:16, 17; 4:17; 21:9-11.
• ਸੰਨ 33 ਸਾ.ਯੁ. ਵਿਚ, ਯਿਸੂ ਸਵਰਗ ਨੂੰ ਚੜ੍ਹਦਾ ਹੈ, ਅਤੇ ਉੱਥੇ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਉਡੀਕ ਕਰਦਾ ਹੈ ਜਦ ਤਕ ਉਸ ਦਾ ਸ਼ਾਸਨ ਆਰੰਭ ਨਹੀਂ ਹੁੰਦਾ ਹੈ।—ਰਸੂਲਾਂ ਦੇ ਕਰਤੱਬ 5:30, 31; ਇਬਰਾਨੀਆਂ 10:12, 13.
• ਸੰਨ 1914 ਸਾ.ਯੁ. ਵਿਚ, ਯਿਸੂ ਨੂੰ ਸਵਰਗੀ ਰਾਜ ਵਿਚ ਸਿੰਘਾਸਣ ਤੇ ਬਿਠਾਇਆ ਜਾਂਦਾ ਹੈ, ਜਿਉਂ ਹੀ “ਪਰਾਈਆਂ ਕੌਮਾਂ ਦੇ ਸਮੇ” ਸਮਾਪਤ ਹੁੰਦੇ ਹਨ।—ਪਰਕਾਸ਼ ਦੀ ਪੋਥੀ 11:15.
• ਸ਼ਤਾਨ ਅਤੇ ਉਸ ਦੇ ਪਿਸ਼ਾਚ ਇਸ ਧਰਤੀ ਦੇ ਨੇੜੇ-ਤੇੜੇ ਸੁੱਟੇ ਜਾਂਦੇ ਹਨ ਅਤੇ ਮਨੁੱਖਜਾਤੀ ਉੱਤੇ ਜ਼ਿਆਦਾ ਬਿਪਤਾਵਾਂ ਲਿਆਉਂਦੇ ਹਨ।—ਪਰਕਾਸ਼ ਦੀ ਪੋਥੀ 12:9-12.
• ਯਿਸੂ, ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਵਿਸ਼ਵ-ਵਿਆਪੀ ਪ੍ਰਚਾਰ ਕਾਰਜ ਦੀ ਨਿਗਰਾਨੀ ਕਰਦਾ ਹੈ।—ਮੱਤੀ 24:14; 28:19, 20.