ਸੋਲ੍ਹਵਾਂ ਅਧਿਆਇ
ਅਗਵਾਈ ਅਤੇ ਬਚਾਅ ਲਈ ਯਹੋਵਾਹ ਉੱਤੇ ਭਰੋਸਾ ਰੱਖੋ
1, 2. ਅੱਠਵੀਂ ਸਦੀ ਸਾ.ਯੁ.ਪੂ. ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕਿਸ ਖ਼ਤਰੇ ਦਾ ਸਾਮ੍ਹਣਾ ਕੀਤਾ ਸੀ ਅਤੇ ਬਚਾਅ ਲਈ ਜ਼ਿਆਦਾਤਰ ਲੋਕਾਂ ਨੇ ਕਿਸ ਉੱਤੇ ਭਰੋਸਾ ਰੱਖਣਾ ਪਸੰਦ ਕੀਤਾ?
ਜਿਵੇਂ ਅਸੀਂ ਇਸ ਪੁਸਤਕ ਦੇ ਪਿਛਲਿਆਂ ਅਧਿਆਵਾਂ ਵਿਚ ਦੇਖਿਆ ਹੈ, ਅੱਠਵੀਂ ਸਦੀ ਸਾ.ਯੁ.ਪੂ. ਵਿਚ ਪਰਮੇਸ਼ੁਰ ਦੇ ਲੋਕਾਂ ਨੇ ਇਕ ਡਰਾਉਣੇ ਖ਼ਤਰੇ ਦਾ ਸਾਮ੍ਹਣਾ ਕੀਤਾ ਸੀ। ਖ਼ੂਨ ਦੇ ਪਿਆਸੇ ਅੱਸ਼ੂਰੀ ਲੋਕਾਂ ਨੇ ਇਕ ਤੋਂ ਬਾਅਦ ਦੂਜੇ ਦੇਸ਼ ਨੂੰ ਤਬਾਹ ਕੀਤਾ ਸੀ ਅਤੇ ਕੁਝ ਹੀ ਸਮੇਂ ਦੀ ਗੱਲ ਸੀ ਕਿ ਉਨ੍ਹਾਂ ਨੇ ਦੱਖਣੀ ਰਾਜ ਯਹੂਦਾਹ ਉੱਤੇ ਵੀ ਹਮਲਾ ਕਰ ਦਿੱਤਾ। ਬਚਾਅ ਲਈ ਦੇਸ਼ ਦੇ ਵਾਸੀ ਕਿਹ ਦੇ ਵੱਲ ਮੁੜੇ ਸਨ? ਉਹ ਯਹੋਵਾਹ ਨਾਲ ਇਕ ਨੇਮ-ਬੱਧ ਰਿਸ਼ਤੇ ਵਿਚ ਸਨ ਅਤੇ ਮਦਦ ਲਈ ਉਨ੍ਹਾਂ ਨੂੰ ਉਸ ਉੱਤੇ ਭਰੋਸਾ ਰੱਖਣਾ ਚਾਹੀਦਾ ਸੀ। (ਕੂਚ 19:5, 6) ਰਾਜਾ ਦਾਊਦ ਨੇ ਵੀ ਇਸੇ ਤਰ੍ਹਾਂ ਕੀਤਾ ਸੀ। ਉਸ ਨੇ ਕਿਹਾ ਕਿ “ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ, ਮੇਰਾ ਛੁਡਾਉਣ ਵਾਲਾ ਹੈ।” (2 ਸਮੂਏਲ 22:2) ਲੇਕਿਨ ਜ਼ਾਹਰ ਹੁੰਦਾ ਹੈ ਕਿ ਅੱਠਵੀਂ ਸਦੀ ਸਾ.ਯੁ.ਪੂ. ਦੇ ਜ਼ਿਆਦਾਤਰ ਲੋਕਾਂ ਨੇ ਆਪਣੇ ਗੜ੍ਹ ਵਜੋਂ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ। ਉਹ ਇਸ ਉਮੀਦ ਨਾਲ ਮਿਸਰ ਅਤੇ ਈਥੀਓਪੀਆ ਉੱਤੇ ਭਰੋਸਾ ਰੱਖਣਾ ਜ਼ਿਆਦਾ ਪਸੰਦ ਕਰਦੇ ਸਨ ਕਿ ਇਹ ਦੋ ਕੌਮਾਂ ਉਨ੍ਹਾਂ ਨੂੰ ਅੱਸ਼ੂਰ ਦੇ ਹਮਲੇ ਤੋਂ ਬਚਾਉਣਗੀਆਂ। ਉਹ ਗ਼ਲਤ ਸਨ।
2 ਯਹੋਵਾਹ ਨੇ ਆਪਣੇ ਨਬੀ ਯਸਾਯਾਹ ਰਾਹੀਂ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਮਿਸਰ ਜਾਂ ਈਥੀਓਪੀਆ ਤੋਂ ਸਹਾਰਾ ਭਾਲਣਗੇ ਤਾਂ ਉਨ੍ਹਾਂ ਉੱਤੇ ਬਿਪਤਾ ਆਵੇਗੀ। ਪਰਮੇਸ਼ੁਰ ਵੱਲੋਂ ਨਬੀ ਦੇ ਸ਼ਬਦ ਉਸ ਸਮੇਂ ਦੇ ਲੋਕਾਂ ਨੂੰ ਅਤੇ ਸਾਨੂੰ ਵੀ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਮਹੱਤਤਾ ਬਾਰੇ ਇਕ ਫ਼ਾਇਦੇਮੰਦ ਸਬਕ ਸਿਖਾਉਂਦੇ ਹਨ।
ਖ਼ੂਨੀ ਦੇਸ਼
3. ਦੱਸੋ ਕਿ ਸੈਨਿਕ ਤਾਕਤ ਬਾਰੇ ਅੱਸ਼ੂਰ ਦਾ ਕੀ ਵਿਚਾਰ ਸੀ।
3 ਅੱਸ਼ੂਰੀ ਆਪਣੀ ਸੈਨਿਕ ਤਾਕਤ ਲਈ ਮਸ਼ਹੂਰ ਸਨ। ਪੁਰਾਣੇ ਸ਼ਹਿਰ ਨਾਮਕ ਅੰਗ੍ਰੇਜ਼ੀ ਦੀ ਪੁਸਤਕ ਕਹਿੰਦੀ ਹੈ: “ਤਾਕਤ ਉਨ੍ਹਾਂ ਦਾ ਦੇਵਤਾ ਸੀ ਅਤੇ ਉਹ ਸਿਰਫ਼ ਪੱਥਰ ਦੀਆਂ ਵੱਡੀਆਂ-ਵੱਡੀਆਂ ਮੂਰਤੀਆਂ ਅੱਗੇ ਪ੍ਰਾਰਥਨਾ ਕਰਦੇ ਸਨ। ਇਹ ਸ਼ੇਰਾਂ ਅਤੇ ਬਲਦਾਂ ਦੀਆਂ ਮੂਰਤੀਆਂ ਸਨ ਜਿਨ੍ਹਾਂ ਦੇ ਭਾਰੇ ਸਰੀਰ, ਉਕਾਬ ਵਰਗੇ ਖੰਭ, ਅਤੇ ਇਨਸਾਨ ਵਰਗੇ ਸਿਰ ਤਾਕਤ, ਬਹਾਦਰੀ, ਅਤੇ ਜਿੱਤ ਦੇ ਨਿਸ਼ਾਨ ਹੁੰਦੇ ਸਨ। ਕੌਮ ਹਮੇਸ਼ਾ ਲੜਾਈ ਵਿਚ ਰੁੱਝੀ ਰਹਿੰਦੀ ਸੀ ਅਤੇ ਪੰਡਤ ਹਮੇਸ਼ਾ ਲੜਾਈਆਂ ਨੂੰ ਅੱਗੇ ਵਧਾਉਂਦੇ ਰਹਿੰਦੇ ਸਨ।” ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਵਿਚ ਨਹੂਮ ਨਬੀ ਨੇ ਅੱਸ਼ੂਰ ਦੀ ਰਾਜਧਾਨੀ, ਨੀਨਵਾਹ ਨੂੰ “ਖੂਨੀ ਸ਼ਹਿਰ” ਕਿਉਂ ਸੱਦਿਆ ਸੀ।—ਨਹੂਮ 3:1.
4. ਅੱਸ਼ੂਰੀ ਹੋਰਨਾਂ ਕੌਮਾਂ ਦੇ ਲੋਕਾਂ ਦੇ ਦਿਲਾਂ ਵਿਚ ਡਰ ਕਿਵੇਂ ਪੈਦਾ ਕਰਦੇ ਸਨ?
4 ਅੱਸ਼ੂਰੀਆਂ ਦੀ ਜੰਗੀ ਚਾਲ ਬਹੁਤ ਭੈੜੀ ਸੀ। ਉਸ ਜ਼ਮਾਨੇ ਤੋਂ ਉੱਭਰਵੇਂ-ਚਿੱਤਰਾਂ ਵਿਚ ਅੱਸ਼ੂਰੀ ਫ਼ੌਜੀ ਕੈਦੀਆਂ ਦੇ ਨੱਕ ਜਾਂ ਬੁੱਲ੍ਹਾਂ ਵਿਚ ਕੁੰਡੀਆਂ ਪਾ ਕੇ ਖਿੱਚੀ ਲਿਜਾਂਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਨੇ ਕੁਝ ਕੈਦੀਆਂ ਨੂੰ ਬਰਛਿਆਂ ਨਾਲ ਅੰਨ੍ਹੇ ਕੀਤਾ। ਇਕ ਸ਼ਿਲਾ-ਲੇਖ ਅੱਸ਼ੂਰ ਦੀ ਉਸ ਜਿੱਤ ਬਾਰੇ ਦੱਸਦਾ ਹੈ ਜਿੱਥੇ ਅੱਸ਼ੂਰ ਦੀ ਫ਼ੌਜ ਨੇ ਆਪਣੇ ਕੈਦੀਆਂ ਦੇ ਅੰਗ ਕੱਟ ਕੇ ਸ਼ਹਿਰ ਤੋਂ ਬਾਹਰ ਦੋ ਢੇਰ ਲਾਏ—ਇਕ ਸਿਰਾਂ ਦਾ ਅਤੇ ਦੂਜਾ ਲੱਤਾਂ-ਬਾਹਾਂ ਦਾ। ਕੈਦੀਆਂ ਦੇ ਬੱਚਿਆਂ ਨੂੰ ਅੱਗ ਵਿਚ ਜਲਾਇਆ ਜਾਂਦਾ ਸੀ। ਅਜਿਹੇ ਭੈੜੇ ਕੰਮਾਂ ਦੇ ਕਾਰਨ ਲੋਕਾਂ ਵਿਚ ਜੋ ਡਰ ਪੈਦਾ ਹੋਇਆ ਅੱਸ਼ੂਰੀਆਂ ਨੇ ਸੈਨਿਕ ਤੌਰ ਤੇ ਉਸ ਦਾ ਫ਼ਾਇਦਾ ਜ਼ਰੂਰ ਉਠਾਇਆ ਹੋਣਾ ਹੈ, ਕਿਉਂਕਿ ਲੋਕ ਇਨ੍ਹਾਂ ਦੀਆਂ ਫ਼ੌਜਾਂ ਦਾ ਵਿਰੋਧ ਕਰਨ ਤੋਂ ਡਰਦੇ ਸਨ।
ਅਸ਼ਦੋਦ ਨਾਲ ਲੜਾਈ
5. ਯਸਾਯਾਹ ਦੇ ਜ਼ਮਾਨੇ ਵਿਚ ਇਕ ਸ਼ਕਤੀਸ਼ਾਲੀ ਅੱਸ਼ੂਰੀ ਰਾਜਾ ਕੌਣ ਸੀ ਅਤੇ ਉਸ ਬਾਰੇ ਬਾਈਬਲ ਦਾ ਬਿਰਤਾਂਤ ਕਿਵੇਂ ਸਹੀ ਸਿੱਧ ਹੋਇਆ?
5 ਯਸਾਯਾਹ ਦੇ ਜ਼ਮਾਨੇ ਵਿਚ ਰਾਜਾ ਸਰਗੋਨ ਦੇ ਅਧੀਨ ਅੱਸ਼ੂਰੀ ਸਾਮਰਾਜ ਬਹੁਤ ਤਾਕਤਵਰ ਬਣਿਆ।a ਆਲੋਚਕਾਂ ਨੂੰ ਕਈ ਸਾਲਾਂ ਲਈ ਇਸ ਰਾਜੇ ਦੀ ਹੋਂਦ ਬਾਰੇ ਸ਼ੱਕ ਸੀ, ਕਿਉਂਕਿ ਬਾਈਬਲ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕਿਤੇ ਵੀ ਇਸ ਦਾ ਕੋਈ ਜ਼ਿਕਰ ਨਹੀਂ ਮਿਲਿਆ। ਪਰ, ਕੁਝ ਸਮੇਂ ਬਾਅਦ, ਪੁਰਾਣੀਆਂ ਲੱਭਤਾਂ ਦੇ ਵਿਗਿਆਨੀਆਂ ਨੂੰ ਸਰਗੋਨ ਦੇ ਰਾਜਮਹਿਲ ਦੇ ਖੰਡਰਾਤ ਲੱਭੇ ਅਤੇ ਬਾਈਬਲ ਦਾ ਬਿਰਤਾਂਤ ਸਹੀ ਸਿੱਧ ਹੋਇਆ।
6, 7. (ੳ) ਸਰਗੋਨ ਨੇ ਸ਼ਾਇਦ ਕਿਨ੍ਹਾਂ ਕਾਰਨਾਂ ਕਰਕੇ ਅਸ਼ਦੋਦ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ ਸੀ? (ਅ) ਅਸ਼ਦੋਦ ਦੇ ਕਬਜ਼ੇ ਦਾ ਫਲਿਸਤ ਦੇ ਗੁਆਂਢੀਆਂ ਉੱਤੇ ਕੀ ਅਸਰ ਪਿਆ ਸੀ?
6 ਯਸਾਯਾਹ ਸਰਗੋਨ ਦੀ ਇਕ ਸੈਨਿਕ ਕਾਰਵਾਈ ਬਾਰੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਗੱਲ ਦੱਸਦਾ ਹੈ: “ਸੈਨਾ ਪਤੀ ਅਸ਼ਦੋਦ ਨੂੰ ਆਇਆ ਜਦ ਅੱਸ਼ੂਰ ਦੇ ਪਾਤਸ਼ਾਹ ਸਰਗੋਨ ਨੇ ਉਹ ਨੂੰ ਘੱਲਿਆ ਅਤੇ ਉਹ ਅਸ਼ਦੋਦ ਨਾਲ ਲੜਿਆ ਅਤੇ ਉਹ ਨੂੰ ਲੈ ਲਿਆ।” (ਯਸਾਯਾਹ 20:1) ਸਰਗੋਨ ਨੇ ਅਸ਼ਦੋਦ ਨਾਂ ਦੇ ਫਲਿਸਤੀ ਸ਼ਹਿਰ ਉੱਤੇ ਹਮਲਾ ਕਰਨ ਦਾ ਹੁਕਮ ਕਿਉਂ ਦਿੱਤਾ ਸੀ? ਇਕ ਗੱਲ ਇਹ ਸੀ ਕਿ ਫਲਿਸਤ ਮਿਸਰ ਦਾ ਮਿੱਤਰ ਸੀ ਅਤੇ ਅਸ਼ਦੋਦ, ਜਿਸ ਵਿਚ ਦਾਗੋਨ ਦੇਵਤੇ ਦਾ ਮੰਦਰ ਸੀ, ਸਮੁੰਦਰ ਦੇ ਕਿਨਾਰੇ ਦੇ ਨਾਲ-ਨਾਲ ਮਿਸਰ ਤੋਂ ਫਲਸਤੀਨ ਤਕ ਜਾਂਦੀ ਸੜਕ ਉੱਤੇ ਸਥਿਤ ਸੀ। ਇਸ ਲਈ ਇਸ ਸ਼ਹਿਰ ਦੀ ਜਗ੍ਹਾ ਸੈਨਿਕ ਤੌਰ ਤੇ ਮਹੱਤਤਾ ਵਾਲੀ ਮੰਨੀ ਜਾਂਦੀ ਸੀ। ਇਸ ਸ਼ਹਿਰ ਉੱਤੇ ਕਬਜ਼ਾ ਕਰਨਾ ਮਿਸਰ ਉੱਤੇ ਜਿੱਤ ਪ੍ਰਾਪਤ ਕਰਨ ਦਾ ਮੁਢਲਾ ਕਦਮ ਸਮਝਿਆ ਜਾ ਸਕਦਾ ਸੀ। ਇਸ ਤੋਂ ਇਲਾਵਾ, ਅੱਸ਼ੂਰੀ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਅਸ਼ਦੋਦ ਦਾ ਰਾਜਾ, ਅਜ਼ੂਰੀ, ਅੱਸ਼ੂਰ ਦੇ ਵਿਰੁੱਧ ਸਾਜ਼ਸ਼ ਘੜ ਰਿਹਾ ਸੀ। ਇਸ ਲਈ, ਸਰਗੋਨ ਨੇ ਇਸ ਬਾਗ਼ੀ ਰਾਜੇ ਨੂੰ ਰਾਜ-ਗੱਦੀ ਉੱਤੋਂ ਲਾਹ ਕੇ ਉਸ ਦੇ ਛੋਟੇ ਭਰਾ ਅਹਮਿੱਤੀ ਨੂੰ ਬਿਠਾਇਆ। ਪਰ, ਇਸ ਤਰ੍ਹਾਂ ਕਰਨ ਨਾਲ ਮਾਮਲਾ ਸੁਲਝਿਆ ਨਹੀਂ। ਸਗੋਂ ਇਕ ਹੋਰ ਬਗਾਵਤ ਸ਼ੁਰੂ ਹੋ ਗਈ ਅਤੇ ਇਸ ਵਾਰ ਸਰਗੋਨ ਦਾ ਕੰਮ ਬਣ ਗਿਆ। ਉਸ ਨੇ ਅਸ਼ਦੋਦ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ ਅਤੇ ਉਸ ਸ਼ਹਿਰ ਨੂੰ ਘੇਰ ਕੇ ਆਪਣੇ ਕਬਜ਼ੇ ਵਿਚ ਕਰ ਲਿਆ। ਸੰਭਵ ਹੈ ਕਿ ਯਸਾਯਾਹ 20:1 ਇਸੇ ਘਟਨਾ ਨੂੰ ਸੰਕੇਤ ਕਰਦਾ ਹੈ।
7 ਅਸ਼ਦੋਦ ਦੇ ਕਬਜ਼ੇ ਨੇ ਉਸ ਦੀਆਂ ਗੁਆਂਢੀ ਕੌਮਾਂ ਲਈ ਅਤੇ ਖ਼ਾਸ ਕਰਕੇ ਯਹੂਦਾਹ ਲਈ ਖ਼ਤਰਾ ਪੇਸ਼ ਕੀਤਾ। ਯਹੋਵਾਹ ਜਾਣਦਾ ਸੀ ਕਿ ਉਸ ਦੇ ਲੋਕ, ਦੱਖਣੀ ਪਾਸੇ ਮਿਸਰ ਜਾਂ ਈਥੀਓਪੀਆ ਵਰਗੀਆਂ ‘ਮਨੁੱਖੀ ਸ਼ਕਤੀਆਂ’ ਉੱਤੇ ਭਰੋਸਾ ਰੱਖਣਾ ਪਸੰਦ ਕਰਦੇ ਸਨ। ਇਸ ਲਈ, ਉਸ ਨੇ ਸਖ਼ਤ ਚੇਤਾਵਨੀ ਦੇਣ ਲਈ ਯਸਾਯਾਹ ਤੋਂ ਇਕ ਨਾਟਕ ਕਰਵਾਇਆ।—2 ਇਤਹਾਸ 32:7, 8, ਪਵਿੱਤਰ ਬਾਈਬਲ ਨਵਾਂ ਅਨੁਵਾਦ।
“ਨੰਗਾ ਧੜੰਗਾ ਤੇ ਨੰਗੀਂ ਪੈਰੀਂ”
8. ਯਸਾਯਾਹ ਨੇ ਭਵਿੱਖ ਬਾਰੇ ਚੇਤਾਵਨੀ ਦੇਣ ਲਈ ਕਿਹੜਾ ਨਾਟਕ ਕੀਤਾ ਸੀ?
8 ਯਹੋਵਾਹ ਯਸਾਯਾਹ ਨੂੰ ਕਹਿੰਦਾ ਹੈ: “ਜਾਹ, ਟਾਟ ਆਪਣੇ ਲੱਕ ਉੱਤੋਂ ਉਤਾਰ ਸੁੱਟ ਅਤੇ ਜੁੱਤੀ ਆਪਣੇ ਪੈਰੋਂ ਲਾਹ ਦੇਹ।” ਯਸਾਯਾਹ ਯਹੋਵਾਹ ਦਾ ਹੁਕਮ ਮੰਨਦਾ ਹੈ। “ਓਸ ਓਵੇਂ ਹੀ ਕੀਤਾ ਅਤੇ ਉਹ ਨੰਗਾ ਧੜੰਗਾ ਤੇ ਨੰਗੀਂ ਪੈਰੀਂ ਫਿਰਦਾ ਰਿਹਾ।” (ਯਸਾਯਾਹ 20:2) ਟਾਟ ਇਕ ਮੋਟਾ ਕੱਪੜਾ ਸੀ ਜੋ ਨਬੀਆਂ ਦਾ ਲਿਬਾਸ ਸੀ ਅਤੇ ਉਹ ਕਦੀ-ਕਦੀ ਇਸ ਨੂੰ ਚੇਤਾਵਨੀ ਦਿੰਦੇ ਸਮੇਂ ਪਾਉਂਦੇ ਸਨ। ਇਹ ਬਿਪਤਾ ਦੇ ਸਮੇਂ ਜਾਂ ਬੁਰੀ ਖ਼ਬਰ ਸੁਣਨ ਤੋਂ ਬਾਅਦ ਵੀ ਪਹਿਨਿਆ ਜਾਂਦਾ ਸੀ। (2 ਰਾਜਿਆਂ 19:2; ਜ਼ਬੂਰ 35:13; ਦਾਨੀਏਲ 9:3) ਕੀ ਯਸਾਯਾਹ ਸੱਚ-ਮੁੱਚ ਨੰਗਾ ਧੜੰਗਾ, ਯਾਨੀ ਸਾਰਿਆਂ ਕੱਪੜਿਆਂ ਤੋਂ ਬਿਨਾਂ ਤੁਰਦਾ-ਫਿਰਦਾ ਰਿਹਾ? ਨਹੀਂ। “ਨੰਗਾ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਬਹੁਤ ਥੋੜ੍ਹੇ ਕੱਪੜੇ ਪਾਉਣੇ। ਤਾਂ ਫਿਰ ਹੋ ਸਕਦਾ ਹੈ ਕਿ ਯਸਾਯਾਹ ਨੇ ਸਿਰਫ਼ ਆਪਣਾ ਉਪਰਲਾ ਬਸਤਰ ਲਾਹਿਆ ਹੋਵੇ ਅਤੇ ਥੱਲੇ ਦਾ ਛੋਟਾ ਜਿਹਾ ਚੋਗਾ ਪਾਈ ਰੱਖਿਆ ਹੋਵੇ। ਅੱਸ਼ੂਰੀ ਬੁੱਤਾਂ ਤੋਂ ਦੇਖਿਆ ਜਾਂਦਾ ਹੈ ਕਿ ਨਰ ਕੈਦੀ ਅਜਿਹੇ ਚੋਗੇ ਪਹਿਨਦੇ ਹੁੰਦੇ ਸਨ।
9. ਯਸਾਯਾਹ ਦੇ ਅਜੀਬ ਨਾਟਕ ਦਾ ਭਵਿੱਖ ਲਈ ਕੀ ਮਤਲਬ ਸੀ?
9 ਯਸਾਯਾਹ ਦੇ ਅਜੀਬ ਨਾਟਕ ਦਾ ਮਤਲਬ ਸਾਫ਼-ਸਾਫ਼ ਦੱਸਿਆ ਜਾਂਦਾ ਹੈ: “ਯਹੋਵਾਹ ਨੇ ਆਖਿਆ, ਜਿਵੇਂ ਮੇਰਾ ਦਾਸ ਯਸਾਯਾਹ ਤਿੰਨ ਵਰਹੇ ਨੰਗਾ ਧੜੰਗਾ ਤੇ ਨੰਗੀਂ ਪੈਰੀਂ ਫਿਰਦਾ ਰਿਹਾ ਭਈ ਉਹ ਮਿਸਰ ਦੇ ਵਿਰੁੱਧ ਅਤੇ ਕੂਸ਼ [ਜਾਂ ਈਥੀਓਪੀਆ] ਦੇ ਵਿਰੁੱਧ ਇੱਕ ਨਿਸ਼ਾਨ ਅਰ ਅਚੰਭਾ ਹੋਵੇ। ਤਿਵੇਂ ਅੱਸ਼ੂਰ ਦਾ ਪਾਤਸ਼ਾਹ ਮਿਸਰੀ ਕੈਦੀਆਂ ਨੂੰ ਅਤੇ ਕੂਸ਼ੀ ਅਸੀਰਾਂ ਨੂੰ ਲੈ ਜਾਵੇਗਾ, ਜੁਆਨ ਤੇ ਬੁੱਢੇ, ਨੰਗੇ ਧੜੰਗੇ ਤੇ ਨੰਗੀਂ ਪੈਰੀਂ ਅਤੇ ਨੰਗੇ ਚਿੱਤੜ, ਮਿਸਰੀਆਂ ਦੀ ਸ਼ਰਮਿੰਦਗੀ ਲਈ।” (ਯਸਾਯਾਹ 20:3, 4) ਜੀ ਹਾਂ, ਮਿਸਰ ਅਤੇ ਈਥੀਓਪੀਆ ਦੇ ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ। ਉਨ੍ਹਾਂ ਵਿੱਚੋਂ ਇਕ ਵੀ ਨਹੀਂ ਬਚਿਆ। “ਜੁਆਨ ਤੇ ਬੁੱਢੇ”—ਨਿਆਣੇ ਤੇ ਸਿਆਣੇ—ਉਨ੍ਹਾਂ ਦਾ ਸਭ ਕੁਝ ਲੁੱਟਿਆ ਗਿਆ ਅਤੇ ਉਹ ਗ਼ੁਲਾਮੀ ਵਿਚ ਚਲੇ ਗਏ। ਇਸ ਉਦਾਸੀ ਭਰੀ ਤਸਵੀਰ ਰਾਹੀਂ, ਯਹੋਵਾਹ ਨੇ ਯਹੂਦਾਹ ਦੇ ਵਾਸੀਆਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਲਈ ਮਿਸਰ ਅਤੇ ਈਥੀਓਪੀਆ ਉੱਤੇ ਭਰੋਸਾ ਰੱਖਣਾ ਫਜ਼ੂਲ ਸੀ। ਇਨ੍ਹਾਂ ਕੌਮਾਂ ਦੀ ਬਰਬਾਦੀ ਉਨ੍ਹਾਂ ਦੀ ਸਭ ਤੋਂ ਵੱਡੀ “ਸ਼ਰਮਿੰਦਗੀ” ਹੋਈ!
ਟੁੱਟੀ ਆਸ ਅਤੇ ਤਬਾਹੀ
10, 11. (ੳ) ਯਹੂਦਾਹ ਦੇ ਲੋਕਾਂ ਨੇ ਕੀ ਕਿਹਾ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਿਸਰ ਅਤੇ ਈਥੀਓਪੀਆ ਅੱਸ਼ੂਰ ਦੇ ਸਾਮ੍ਹਣੇ ਬੇਬੱਸ ਸਨ? (ਅ) ਯਹੂਦਾਹ ਦੇ ਵਾਸੀ ਮਿਸਰ ਅਤੇ ਈਥੀਓਪੀਆ ਉੱਤੇ ਸ਼ਾਇਦ ਕਿਉਂ ਭਰੋਸਾ ਰੱਖਦੇ ਸਨ?
10 ਫਿਰ, ਯਹੋਵਾਹ ਨੇ ਭਵਿੱਖਬਾਣੀ ਵਿਚ ਦੱਸਿਆ ਕਿ ਉਸ ਦੇ ਲੋਕ ਕੀ ਕਹਿਣਗੇ ਜਦੋਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਜਿਸ ਮਿਸਰ ਅਤੇ ਈਥੀਓਪੀਆ ਉੱਤੇ ਉਹ ਆਸ ਲਾਈ ਬੈਠੇ ਸਨ, ਉਹ ਅੱਸ਼ੂਰੀਆਂ ਦੇ ਸਾਮ੍ਹਣੇ ਬੇਬੱਸ ਸਨ। “ਓਹ ਕੂਸ਼ ਆਪਣੇ ਭਰੋਸੇ ਦੇ ਕਾਰਨ ਅਤੇ ਮਿਸਰ ਆਪਣੇ ਪਲਾਲ ਦੇ ਕਾਰਨ ਘਾਬਰਨਗੇ ਅਤੇ ਲੱਜਿਆਵਾਨ ਹੋਣਗੇ। ਓਸ ਦਿਨ ਇਸ ਸਮੁੰਦਰ ਦੇ ਕੰਢੇ ਦੇ ਵਾਸੀ ਆਖਣਗੇ ਕਿ ਵੇਖੋ, ਸਾਡੀ ਆਸ ਦਾ ਏਹ ਹਾਲ ਹੈ, ਜਿੱਧਰ ਅਸੀਂ ਸਹਾਇਤਾ ਲਈ ਨੱਸੇ ਭਈ ਅੱਸ਼ੂਰ ਦੇ ਪਾਤਸ਼ਾਹ ਦੇ ਅੱਗੋਂ ਅਸੀਂ ਛੁਡਾਏ ਜਾਈਏ! ਹੁਣ ਅਸੀਂ ਕਿਵੇਂ ਬਚੀਏ?”—ਯਸਾਯਾਹ 20:5, 6.
11 ਮਿਸਰ ਅਤੇ ਈਥੀਓਪੀਆ ਦੀਆਂ ਮਹਾਨ ਸ਼ਕਤੀਆਂ ਦੀ ਤੁਲਨਾ ਵਿਚ ਯਹੂਦਾਹ ਤਾਂ ਸਿਰਫ਼ ਸਮੁੰਦਰ ਦਾ ਛੋਟਾ ਜਿਹਾ ਕੰਢਾ ਲੱਗਦਾ ਸੀ। ਇਸ “ਸਮੁੰਦਰ ਦੇ ਕੰਢੇ” ਦੇ ਕੁਝ ਵਾਸੀਆਂ ਨੇ ਸ਼ਾਇਦ ਮਿਸਰ ਦੀ ਸੁੰਦਰਤਾ ਨੂੰ ਬਹੁਤ ਪਸੰਦ ਕੀਤਾ ਹੋਵੇ, ਯਾਨੀ ਉਸ ਦੇ ਵੱਡੇ-ਵੱਡੇ ਪੈਰਾਮਿਡ, ਉੱਚੇ-ਉੱਚੇ ਮੰਦਰ, ਅਤੇ ਉਸ ਦੀਆਂ ਖੁੱਲ੍ਹੀਆਂ-ਡੁੱਲ੍ਹੀਆਂ ਹਵੇਲੀਆਂ, ਜਿਨ੍ਹਾਂ ਦੇ ਆਲੇ-ਦੁਆਲੇ ਬਗ਼ੀਚੇ, ਫਲਾਂ ਦੇ ਬਾਗ਼, ਅਤੇ ਤਲਾਬ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਮਿਸਰ ਦੀ ਸ਼ਾਨਦਾਰ ਉਸਾਰੀ ਤੋਂ ਉਸ ਦੀ ਮਜ਼ਬੂਤੀ ਅਤੇ ਸਦੀਵਤਾ ਦਾ ਸਬੂਤ ਮਿਲਦਾ ਸੀ। ਉਨ੍ਹਾਂ ਦੇ ਅਨੁਸਾਰ ਇਹ ਦੇਸ਼ ਤਾਂ ਤਬਾਹ ਕੀਤਾ ਹੀ ਨਹੀਂ ਜਾ ਸਕਦਾ ਸੀ! ਯਹੂਦੀ ਲੋਕਾਂ ਉੱਤੇ ਸ਼ਾਇਦ ਈਥੀਓਪੀਆ ਦੇ ਤੀਰਅੰਦਾਜ਼ਾਂ, ਰਥਾਂ, ਅਤੇ ਘੋੜਸਵਾਰਾਂ ਦਾ ਵੀ ਡੂੰਘਾ ਅਸਰ ਪਿਆ ਹੋਵੇ।
12. ਯਹੂਦਾਹ ਨੂੰ ਕਿਸ ਉੱਤੇ ਭਰੋਸਾ ਰੱਖਣਾ ਚਾਹੀਦਾ ਸੀ?
12 ਨਾਟਕ ਦੇ ਰੂਪ ਵਿਚ ਦਿੱਤੀ ਗਈ ਯਸਾਯਾਹ ਦੀ ਚੇਤਾਵਨੀ ਨੂੰ ਅਤੇ ਯਹੋਵਾਹ ਦੀ ਭਵਿੱਖਬਾਣੀ ਨੂੰ ਮਨ ਵਿਚ ਰੱਖਦੇ ਹੋਏ, ਯਹੋਵਾਹ ਦੇ ਲੋਕਾਂ ਵਿੱਚੋਂ ਜਿਹੜੇ ਵੀ ਮਿਸਰ ਅਤੇ ਈਥੀਓਪੀਆ ਉੱਤੇ ਭਰੋਸਾ ਰੱਖਦੇ ਸਨ ਉਨ੍ਹਾਂ ਨੂੰ ਕਾਫ਼ੀ ਡੂੰਘਾ ਸੋਚਣਾ ਪਿਆ ਹੋਵੇਗਾ। ਮਨੁੱਖਾਂ ਉੱਤੇ ਭਰੋਸਾ ਰੱਖਣ ਦੀ ਬਜਾਇ ਕਿੰਨਾ ਚੰਗਾ ਹੁੰਦਾ ਜੇ ਉਹ ਯਹੋਵਾਹ ਉੱਤੇ ਭਰੋਸਾ ਰੱਖਦੇ! (ਜ਼ਬੂਰ 25:2; 40:4) ਸਮਾਂ ਬੀਤਣ ਨਾਲ, ਯਹੂਦਾਹ ਨੇ ਅੱਸ਼ੂਰ ਦੇ ਰਾਜੇ ਦੇ ਹੱਥੋਂ ਕਾਫ਼ੀ ਦੁੱਖ ਝੱਲੇ ਅਤੇ ਬਾਅਦ ਵਿਚ ਉਸ ਦੀ ਹੈਕਲ ਅਤੇ ਰਾਜਧਾਨੀ ਬਾਬਲ ਦੁਆਰਾ ਤਬਾਹ ਕੀਤੀਆਂ ਗਈਆਂ। ਫਿਰ ਵੀ, ਇਕ ਵੱਡੇ ਦਰਖ਼ਤ ਦੇ ਟੁੰਡ ਵਾਂਗ, ਉਸ ਦਾ “ਦਸਵਾਂ ਹਿੱਸਾ,” ਇਕ “ਪਵਿੱਤ੍ਰ ਵੰਸ” ਬਚਿਆ ਰਿਹਾ। (ਯਸਾਯਾਹ 6:13) ਸਮਾਂ ਆਉਣ ਤੇ, ਯਸਾਯਾਹ ਦੇ ਸੁਨੇਹੇ ਨੇ ਯਹੋਵਾਹ ਉੱਤੇ ਭਰੋਸਾ ਰੱਖਣ ਵਾਲੇ ਇਸ ਛੋਟੇ ਸਮੂਹ ਦੀ ਨਿਹਚਾ ਮਜ਼ਬੂਤ ਕੀਤੀ!
ਆਪਣਾ ਭਰੋਸਾ ਯਹੋਵਾਹ ਉੱਤੇ ਰੱਖੋ
13. ਅੱਜ ਕਿਹੜੀਆਂ ਚੀਜ਼ਾਂ ਵਿਸ਼ਵਾਸੀਆਂ ਅਤੇ ਅਵਿਸ਼ਵਾਸੀਆਂ ਦੋਹਾਂ ਉੱਤੇ ਅਸਰ ਪਾਉਂਦੀਆਂ ਹਨ?
13 ਮਿਸਰ ਅਤੇ ਈਥੀਓਪੀਆ ਉੱਤੇ ਭਰੋਸਾ ਰੱਖਣ ਦੀ ਵਿਅਰਥਤਾ ਬਾਰੇ ਯਸਾਯਾਹ ਦੀ ਪੋਥੀ ਵਿਚ ਚੇਤਾਵਨੀ ਸਿਰਫ਼ ਬੀਤਿਆ ਹੋਇਆ ਇਤਿਹਾਸ ਨਹੀਂ ਹੈ। ਇਹ ਸਾਡੇ ਜ਼ਮਾਨੇ ਵਿਚ ਵੀ ਲਾਗੂ ਹੁੰਦੀ ਹੈ। ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਪੈਸਿਆਂ ਦੀ ਤੰਗੀ, ਗ਼ਰੀਬੀ, ਰਾਜਨੀਤਿਕ ਮੁਸ਼ਕਲਾਂ, ਘਰੇਲੂ ਗੜਬੜ, ਅਤੇ ਵੱਡੀਆਂ-ਛੋਟੀਆਂ ਲੜਾਈਆਂ ਦਾ ਅਸਰ ਸਿਰਫ਼ ਉਨ੍ਹਾਂ ਉੱਤੇ ਨਹੀਂ ਹੁੰਦਾ ਜੋ ਪਰਮੇਸ਼ੁਰ ਦੀ ਹਕੂਮਤ ਨੂੰ ਠੁਕਰਾਉਂਦੇ ਹਨ, ਪਰ ਯਹੋਵਾਹ ਦੀ ਉਪਾਸਨਾ ਕਰਨ ਵਾਲਿਆਂ ਉੱਤੇ ਵੀ ਇਨ੍ਹਾਂ ਦਾ ਅਸਰ ਹੁੰਦਾ ਹੈ। ਸਾਡੇ ਸਾਰਿਆਂ ਦੇ ਸਾਮ੍ਹਣੇ ਸਵਾਲ ਇਹ ਹੈ ਕਿ ‘ਮੈਂ ਮਦਦ ਲਈ ਕਿਹ ਦੇ ਵੱਲ ਮੁੜਾਂਗਾ?’
14. ਸਾਨੂੰ ਸਿਰਫ਼ ਯਹੋਵਾਹ ਉੱਤੇ ਹੀ ਕਿਉਂ ਭਰੋਸਾ ਰੱਖਣਾ ਚਾਹੀਦਾ ਹੈ?
14 ਹੁਸ਼ਿਆਰੀ ਨਾਲ ਪੈਸੇ ਕਮਾਉਣ ਵਾਲੇ ਬੰਦੇ, ਸਿਆਸਤਦਾਨ, ਅਤੇ ਵਿਗਿਆਨੀ, ਜੋ ਮਨੁੱਖੀ ਚਤੁਰਾਈ ਅਤੇ ਤਕਨਾਲੋਜੀ ਨਾਲ ਇਨਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਬਾਰੇ ਗੱਲਾਂ-ਬਾਤਾਂ ਕਰਦੇ ਹਨ, ਸ਼ਾਇਦ ਕੁਝ ਲੋਕਾਂ ਨੂੰ ਪ੍ਰਭਾਵਿਤ ਕਰਨ। ਪਰ ਬਾਈਬਲ ਸਾਫ਼-ਸਾਫ਼ ਕਹਿੰਦੀ ਹੈ: “ਪਤਵੰਤਾਂ ਉੱਤੇ ਭਰੋਸਾ ਰੱਖਣ ਨਾਲੋਂ ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ।” (ਜ਼ਬੂਰ 118:9) ਮਨੁੱਖਾਂ ਦੀਆਂ ਕੋਈ ਵੀ ਜੁਗਤਾਂ ਸੁਖ-ਸ਼ਾਂਤੀ ਨਹੀਂ ਲਿਆ ਸਕਣਗੀਆਂ। ਇਹ ਉਸੇ ਕਾਰਨ ਹੈ ਜੋ ਯਿਰਮਿਯਾਹ ਨਬੀ ਨੇ ਕਿਹਾ ਸੀ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23.
15. ਦੁਖੀ ਮਨੁੱਖਜਾਤੀ ਆਪਣੀ ਆਸ ਸਿਰਫ਼ ਕਿਸ ਉੱਤੇ ਰੱਖ ਸਕਦੀ ਹੈ?
15 ਇਸ ਲਈ, ਇਹ ਬਹੁਤ ਜ਼ਰੂਰੀ ਹੈ ਕਿ ਪਰਮੇਸ਼ੁਰ ਦੇ ਸੇਵਕ ਇਸ ਦੁਨੀਆਂ ਦੀ ਕਿਸੇ ਵੀ ਤਾਕਤ ਜਾਂ ਬੁੱਧ ਤੋਂ ਐਵੇਂ ਹੀ ਪ੍ਰਭਾਵਿਤ ਨਾ ਹੋਣ। (ਜ਼ਬੂਰ 33:10; 1 ਕੁਰਿੰਥੀਆਂ 3:19, 20) ਦੁਖੀ ਮਨੁੱਖਜਾਤੀ ਆਪਣੀ ਆਸ ਸਿਰਫ਼ ਸਿਰਜਣਹਾਰ ਯਹੋਵਾਹ ਉੱਤੇ ਰੱਖ ਸਕਦੀ ਹੈ। ਜਿਹੜੇ ਉਸ ਉੱਤੇ ਭਰੋਸਾ ਰੱਖਦੇ ਹਨ ਉਹ ਬਚਾਏ ਜਾਣਗੇ। ਜਿਵੇਂ ਯੂਹੰਨਾ ਰਸੂਲ ਨੇ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਲਿਖਿਆ ਕਿ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17.
[ਫੁਟਨੋਟ]
a ਇਤਿਹਾਸਕਾਰ ਇਸ ਰਾਜੇ ਨੂੰ ਦੂਜਾ ਸਰਗੋਨ ਸੱਦਦੇ ਹਨ। ਪਰ ਅੱਸ਼ੂਰ ਦੇ ਰਾਜੇ ਨੂੰ ਨਹੀਂ, ਸਗੋਂ ਬਾਬਲ ਦੇ ਇਕ ਪਹਿਲੇ ਰਾਜੇ ਨੂੰ “ਪਹਿਲਾ ਸਰਗੋਨ” ਸੱਦਿਆ ਜਾਂਦਾ ਹੈ।
[ਸਫ਼ਾ 209 ਉੱਤੇ ਤਸਵੀਰ]
ਅੱਸ਼ੂਰੀ ਆਪਣੇ ਕੁਝ ਕੈਦੀਆਂ ਨੂੰ ਅੰਨ੍ਹਾ ਕਰ ਦਿੰਦੇ ਸਨ
[ਸਫ਼ਾ 213 ਉੱਤੇ ਤਸਵੀਰਾਂ]
ਕੁਝ ਲੋਕ ਸ਼ਾਇਦ ਮਨੁੱਖਾਂ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋਣ, ਪਰ ਯਹੋਵਾਹ ਉੱਤੇ ਭਰੋਸਾ ਰੱਖਣਾ ਬਿਹਤਰ ਹੈ