ਪੰਦਰ੍ਹਵਾਂ ਅਧਿਆਇ
ਯਿਸੂ ‘ਪ੍ਰਿਥਵੀ ਉੱਤੇ ਇਨਸਾਫ਼ ਨੂੰ ਪੱਕਾ ਕਰੇਗਾ’
1, 2. ਯਿਸੂ ਨੂੰ ਕਿਸ ਮੌਕੇ ਤੇ ਅਤੇ ਕਿਉਂ ਗੁੱਸਾ ਆਇਆ ਸੀ?
ਯਿਸੂ ਦਾ ਗੁੱਸਾ ਭੜਕ ਉੱਠਿਆ ਸੀ ਅਤੇ ਉਸ ਦੇ ਗੁੱਸੇ ਦਾ ਚੰਗਾ ਕਾਰਨ ਵੀ ਸੀ। ਤੁਹਾਡੇ ਲਈ ਸ਼ਾਇਦ ਇਸ ਕੋਮਲ ਸੁਭਾਅ ਦੇ ਆਦਮੀ ਨੂੰ ਲਾਲ-ਪੀਲੇ ਹੋਣ ਦੀ ਕਲਪਨਾ ਕਰਨੀ ਔਖੀ ਹੋਵੇ। (ਮੱਤੀ 11:29) ਪਰ ਉਹ ਆਪੇ ਤੋਂ ਬਾਹਰ ਨਹੀਂ ਹੋਇਆ ਸੀ ਅਤੇ ਉਸ ਦਾ ਗੁੱਸਾ ਜਾਇਜ਼ ਸੀ।a ਇਸ ਸ਼ਾਂਤੀ-ਪਸੰਦ ਬੰਦੇ ਦੇ ਗੁੱਸੇ ਨੂੰ ਕਿਸ ਗੱਲ ਨੇ ਭੜਕਾਇਆ ਸੀ? ਘੋਰ ਬੇਇਨਸਾਫ਼ੀ ਨੇ।
2 ਯਰੂਸ਼ਲਮ ਦੀ ਹੈਕਲ ਯਿਸੂ ਨੂੰ ਬਹੁਤ ਪਸੰਦ ਸੀ। ਪੂਰੀ ਦੁਨੀਆਂ ਵਿਚ ਸਿਰਫ਼ ਉਹੀ ਇੱਕੋ-ਇਕ ਪਵਿੱਤਰ ਜਗ੍ਹਾ ਸੀ ਜੋ ਉਸ ਦੇ ਸਵਰਗੀ ਪਿਤਾ ਦੀ ਭਗਤੀ ਕਰਨ ਲਈ ਰੱਖੀ ਗਈ ਸੀ। ਕਈਆਂ ਦੇਸ਼ਾਂ ਤੋਂ ਯਹੂਦੀ ਲੋਕ ਦੂਰੋਂ-ਦੂਰੋਂ ਉੱਥੇ ਭਗਤੀ ਕਰਨ ਲਈ ਆਉਂਦੇ ਸਨ। ਪਰਮੇਸ਼ੁਰ ਦਾ ਭੈ ਰੱਖਣ ਵਾਲੇ ਕਈ ਗ਼ੈਰ-ਯਹੂਦੀ ਵੀ ਉੱਥੇ ਉਸ ਮੰਦਰ ਦੇ ਵਿਹੜੇ ਵਿਚ ਆਉਂਦੇ ਸਨ ਜੋ ਜਗ੍ਹਾ ਉਨ੍ਹਾਂ ਵਾਸਤੇ ਰੱਖੀ ਗਈ ਸੀ। ਪਰ ਜਦ ਯਿਸੂ ਆਪਣੀ ਸੇਵਕਾਈ ਦੇ ਮੁਢਲੇ ਦਿਨਾਂ ਵਿਚ ਹੈਕਲ ਵਿਚ ਗਿਆ, ਤਾਂ ਉਸ ਨੇ ਦੇਖਿਆ ਕਿ ਉੱਥੇ ਬਹੁਤ ਹੀ ਘਟੀਆ ਕੰਮ ਕੀਤੇ ਜਾ ਰਹੇ ਸਨ। ਭਗਤੀ ਦੀ ਉਹ ਜਗ੍ਹਾ ਇਕ ਮੰਡੀ ਬਣ ਗਈ ਸੀ! ਉਹ ਵਪਾਰੀਆਂ, ਸੌਦਾਗਰਾਂ ਤੇ ਸਰਾਫ਼ਾਂ ਨਾਲ ਭਰੀ ਹੋਈ ਸੀ। ਪਰ ਇਸ ਵਿਚ ਬੇਇਨਸਾਫ਼ੀ ਕਿਸ ਤਰ੍ਹਾਂ ਹੋ ਰਹੀ ਸੀ? ਇਹ ਆਦਮੀ ਪਰਮੇਸ਼ੁਰ ਦੀ ਹੈਕਲ ਵਿਚ ਲੋਕਾਂ ਨੂੰ ਲੁੱਟਣ ਤੇ ਠੱਗਣ ਦਾ ਕੰਮ ਜੋਰਾਂ-ਸ਼ੋਰਾਂ ਨਾਲ ਕਰ ਰਹੇ ਸਨ। ਉਹ ਇਹ ਅਨਿਆਂ ਕਿਸ ਤਰ੍ਹਾਂ ਕਰ ਰਹੇ ਸਨ?—ਯੂਹੰਨਾ 2:14.
3, 4. ਯਹੋਵਾਹ ਦੇ ਘਰ ਵਿਚ ਕਿਹੋ ਜਿਹੀ ਲੁੱਟਮਾਰ ਹੋ ਰਹੀ ਸੀ ਅਤੇ ਇਸ ਨੂੰ ਰੋਕਣ ਵਾਸਤੇ ਯਿਸੂ ਨੇ ਕੀ ਕੀਤਾ ਸੀ?
3 ਧਾਰਮਿਕ ਆਗੂਆਂ ਦਾ ਹੁਕਮ ਸੀ ਕਿ ਹੈਕਲ ਦਾ ਕਰ ਭਰਨ ਲਈ ਸਿਰਫ਼ ਇਕ ਖ਼ਾਸ ਕਿਸਮ ਦਾ ਸਿੱਕਾ ਹੀ ਵਰਤਿਆ ਜਾਵੇ। ਬਾਹਰੋਂ ਆਉਣ ਵਾਲਿਆਂ ਨੂੰ ਆਪਣੇ ਸਿੱਕਿਆਂ ਨੂੰ ਇਨ੍ਹਾਂ ਸਿੱਕਿਆਂ ਨਾਲ ਬਦਲਾਉਣਾ ਪੈਂਦਾ ਸੀ। ਇਸ ਕਰਕੇ ਸਰਾਫ਼ਾਂ ਨੇ ਹੈਕਲ ਦੇ ਅੰਦਰ ਹੀ ਮੇਜ਼ ਲਾਏ ਹੋਏ ਸਨ ਅਤੇ ਉਹ ਵਿਆਜ ਤੇ ਲੋਕਾਂ ਨਾਲ ਲੈਣ-ਦੇਣ ਕਰਦੇ ਸਨ। ਜਾਨਵਰ ਵੇਚਣ ਦਾ ਧੰਦਾ ਵੀ ਕਾਫ਼ੀ ਲਾਹੇਵੰਦ ਸੀ। ਜੋ ਲੋਕ ਬਲੀਆਂ ਚੜ੍ਹਾਉਣ ਆਉਂਦੇ ਸਨ, ਉਹ ਸ਼ਹਿਰ ਵਿੱਚੋਂ ਕਿਤਿਓਂ ਵੀ ਜਾਨਵਰ ਖ਼ਰੀਦ ਸਕਦੇ ਸਨ, ਪਰ ਹੈਕਲ ਦੇ ਅਧਿਕਾਰੀ ਬਹਾਨਾ ਬਣਾ ਕੇ ਉਨ੍ਹਾਂ ਦੇ ਚੜ੍ਹਾਵੇ ਨੂੰ ਰੱਦ ਕਰ ਸਕਦੇ ਸਨ ਕਿ ਇਹ ਰੋਗੀ ਸੀ। ਪਰ ਹੈਕਲ ਵਿੱਚੋਂ ਖ਼ਰੀਦਿਆ ਹੋਇਆ ਜਾਨਵਰ ਜ਼ਰੂਰ ਸਵੀਕਾਰ ਕੀਤਾ ਜਾਂਦਾ ਸੀ। ਇਸ ਤਰ੍ਹਾਂ ਲੋਕ ਉਨ੍ਹਾਂ ਦੇ ਵਸ ਵਿਚ ਸਨ ਅਤੇ ਉਹ ਹੱਦੋਂ ਵਧ ਮੁੱਲ ਮੰਗ ਸਕਦੇ ਸਨ।b ਇਹ ਨਿਰਾ ਵਪਾਰ ਹੀ ਨਹੀਂ ਸੀ ਸਗੋਂ ਇਹ ਲੁੱਟਮਾਰ ਸੀ!
“ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ!”
4 ਯਿਸੂ ਇਹੋ ਜਿਹਾ ਅਨਿਆਂ ਸਹਿ ਨਹੀਂ ਸਕਦਾ ਸੀ। ਇਹ ਉਸ ਦੇ ਪਿਤਾ ਦਾ ਘਰ ਸੀ! ਉਸ ਨੇ ਰੱਸੀਆਂ ਦਾ ਕੋਰੜਾ ਬਣਾ ਕੇ ਡੰਗਰਾਂ ਤੇ ਭੇਡਾਂ ਦੇ ਚੌਣਿਆਂ ਨੂੰ ਹੈਕਲੋਂ ਬਾਹਰ ਕੱਢ ਦਿੱਤਾ। ਫਿਰ ਉਸ ਨੇ ਜਾ ਕੇ ਸਰਾਫਾਂ ਦੇ ਮੇਜ਼ ਉਲਟਾ ਦਿੱਤੇ। ਉਨ੍ਹਾਂ ਦੇ ਸਾਰੇ ਸਿੱਕੇ ਖਣ-ਖਣ ਕਰਦੇ ਹੋਏ ਸੰਗਮਰਮਰ ਦੇ ਫ਼ਰਸ਼ ਤੇ ਖਿੱਲਰ ਗਏ! ਉਸ ਨੇ ਕਬੂਤਰ ਵੇਚਣ ਵਾਲਿਆਂ ਨੂੰ ਸਖ਼ਤੀ ਨਾਲ ਆਖਿਆ: “ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ!” (ਯੂਹੰਨਾ 2:15, 16) ਇਸ ਬਹਾਦਰ ਬੰਦੇ ਦਾ ਵਿਰੋਧ ਕਰਨ ਦੀ ਕਿਸੇ ਕੋਲ ਹਿੰਮਤ ਨਹੀਂ ਸੀ।
“ਜਿਹਾ ਬਾਪ, ਤਿਹਾ ਬੇਟਾ”
5-7. (ੳ) ਧਰਤੀ ਤੇ ਆਉਣ ਤੋਂ ਪਹਿਲਾਂ ਯਿਸੂ ਕਿਸ ਵਰਗਾ ਬਣਿਆ ਸੀ ਅਤੇ ਉਸ ਦੀ ਉਦਾਹਰਣ ਦੀ ਪੜ੍ਹਾਈ ਕਰ ਕੇ ਅਸੀਂ ਕੀ ਸਿੱਖ ਸਕਦੇ ਹਾਂ? (ਅ) ਯਿਸੂ ਨੇ ਪਰਮੇਸ਼ੁਰ ਦੀ ਹਕੂਮਤ ਅਤੇ ਉਸ ਦੇ ਨਾਂ ਉੱਤੇ ਲਾਏ ਗਏ ਇਲਜ਼ਾਮਾਂ ਬਾਰੇ ਕੀ ਕੀਤਾ ਸੀ?
5 ਉਹ ਸੌਦਾਗਰ ਫਿਰ ਮੁੜ ਆਏ ਸਨ। ਤਕਰੀਬਨ ਤਿੰਨ ਸਾਲ ਬਾਅਦ ਯਿਸੂ ਨੂੰ ਫਿਰ ਤੋਂ ਉਸੇ ਅਨਿਆਂ ਨੂੰ ਦੂਰ ਕਰਨ ਲਈ ਕੁਝ ਕਰਨਾ ਪਿਆ ਸੀ। ਇਸ ਵਾਰ ਉਸ ਨੇ ਯਹੋਵਾਹ ਦੇ ਸ਼ਬਦ ਵਰਤ ਕੇ ਉਸ ਦੇ ਘਰ ਨੂੰ “ਡਾਕੂਆਂ ਦੀ ਖੋਹ” ਬਣਾਉਣ ਵਾਲਿਆਂ ਨੂੰ ਨਿੰਦਿਆ। (ਮੱਤੀ 21:13; ਯਿਰਮਿਯਾਹ 7:11) ਜੀ ਹਾਂ, ਜਦੋਂ ਯਿਸੂ ਨੇ ਦੇਖਿਆ ਕਿ ਲੋਕ ਠੱਗੇ ਜਾ ਰਹੇ ਸਨ ਅਤੇ ਪਰਮੇਸ਼ੁਰ ਦੀ ਹੈਕਲ ਭਿੱਟੀ ਜਾ ਰਹੀ ਸੀ, ਤਾਂ ਉਸ ਨੇ ਬਿਲਕੁਲ ਆਪਣੇ ਪਿਤਾ ਵਾਂਗ ਮਹਿਸੂਸ ਕੀਤਾ। ਇਸ ਤੋਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਲੱਖਾਂ-ਕਰੋੜਾਂ ਸਾਲਾਂ ਤੋਂ ਉਸ ਨੇ ਆਪਣੇ ਸਵਰਗੀ ਪਿਤਾ ਤੋਂ ਤਾਲੀਮ ਹਾਸਲ ਕੀਤੀ ਸੀ। ਇਸ ਕਰਕੇ ਉਹ ਯਹੋਵਾਹ ਵਾਂਗ ਬੇਇਨਸਾਫ਼ੀ ਤੋਂ ਘਿਣ ਕਰਦਾ ਸੀ। ਉਹ ਇਸ ਅਖਾਣ ਦੀ ਜੀਉਂਦੀ-ਜਾਗਦੀ ਉਦਾਹਰਣ ਬਣਿਆ: “ਜਿਹਾ ਬਾਪ, ਤਿਹਾ ਬੇਟਾ।” ਸੋ ਜੇ ਅਸੀਂ ਯਹੋਵਾਹ ਦੇ ਇਨਸਾਫ਼ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹਾਂ, ਤਾਂ ਸਾਨੂੰ ਯਿਸੂ ਮਸੀਹ ਦੀ ਮਿਸਾਲ ਉੱਤੇ ਗੌਰ ਕਰਨਾ ਚਾਹੀਦਾ ਹੈ।—ਯੂਹੰਨਾ 14:9, 10.
6 ਯਹੋਵਾਹ ਦਾ ਇਕਲੌਤਾ ਪੁੱਤਰ ਉਸ ਵਕਤ ਮੌਜੂਦ ਸੀ ਜਦੋਂ ਸ਼ਤਾਨ ਨੇ ਯਹੋਵਾਹ ਨੂੰ ਝੂਠਾ ਸੱਦਿਆ ਸੀ ਅਤੇ ਉਸ ਦੀ ਹਕੂਮਤ ਦੇ ਸਹੀ ਹੋਣ ਬਾਰੇ ਸਵਾਲ ਖੜ੍ਹੇ ਕੀਤੇ ਸਨ। ਪਰਮੇਸ਼ੁਰ ਦੇ ਪੁੱਤਰ ਨੇ ਬਾਅਦ ਵਿਚ ਸ਼ਤਾਨ ਨੂੰ ਇਹ ਮੇਹਣਾ ਮਾਰਦੇ ਵੀ ਸੁਣਿਆ ਸੀ ਕਿ ਕੋਈ ਵੀ ਬਿਨਾਂ ਮਤਲਬ, ਪਿਆਰ ਨਾਲ ਯਹੋਵਾਹ ਦੀ ਸੇਵਾ ਨਹੀਂ ਕਰੇਗਾ। ਇਨ੍ਹਾਂ ਝੂਠੇ ਇਲਜ਼ਾਮਾਂ ਨੇ ਪੁੱਤਰ ਦੇ ਦਿਲ ਨੂੰ ਜ਼ਰੂਰ ਦੁਖਾਇਆ ਹੋਣਾ। ਪਰ ਇਹ ਜਾਣ ਕੇ ਉਹ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਸ ਨੂੰ ਇਹ ਕਲੰਕ ਮਿਟਾਉਣ ਦਾ ਸਨਮਾਨ ਦਿੱਤਾ ਗਿਆ ਸੀ! (2 ਕੁਰਿੰਥੀਆਂ 1:20) ਉਸ ਨੇ ਇਹ ਕੰਮ ਕਿਸ ਤਰ੍ਹਾਂ ਕਰਨਾ ਸੀ?
7 ਜਿਵੇਂ ਅਸੀਂ ਇਸ ਕਿਤਾਬ ਦੇ ਪਿੱਛਲੇ ਅਧਿਆਇ ਵਿਚ ਸਿੱਖਿਆ ਸੀ, ਯਿਸੂ ਮਸੀਹ ਨੇ ਯਹੋਵਾਹ ਦੇ ਸੇਵਕਾਂ ਤੇ ਲਾਏ ਸ਼ਤਾਨ ਦੇ ਇਲਜ਼ਾਮਾਂ ਦਾ ਠੋਸ ਜਵਾਬ ਦੇ ਕੇ ਉਸ ਦਾ ਮੂੰਹ ਬੰਦ ਕਰ ਦਿੱਤਾ ਸੀ। ਇਸ ਤਰ੍ਹਾਂ ਯਿਸੂ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕਰਨ ਅਤੇ ਉਸ ਦੇ ਨਾਮ ਤੇ ਲੱਗਾ ਕਲੰਕ ਮਿਟਾਉਣ ਦਾ ਰਾਹ ਖੋਲ੍ਹਿਆ। ਯਹੋਵਾਹ ਵੱਲੋਂ ਰਾਜਾ ਥਾਪੇ ਜਾਣ ਕਰਕੇ ਯਿਸੂ ਸਾਰੇ ਸੰਸਾਰ ਵਿਚ ਪਰਮੇਸ਼ੁਰ ਦੇ ਇਨਸਾਫ਼ ਦੇ ਮਿਆਰਾਂ ਨੂੰ ਸਥਾਪਿਤ ਕਰੇਗਾ। (ਰਸੂਲਾਂ ਦੇ ਕਰਤੱਬ 5:31) ਜਦੋਂ ਉਹ ਧਰਤੀ ਉੱਤੇ ਸੀ, ਉਸ ਵੇਲੇ ਵੀ ਉਸ ਨੇ ਪਰਮੇਸ਼ੁਰ ਵਾਂਗ ਇਨਸਾਫ਼ ਕੀਤਾ ਸੀ। ਯਹੋਵਾਹ ਨੇ ਉਸ ਬਾਰੇ ਕਿਹਾ: “ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਉਂ ਦੀ ਖ਼ਬਰ ਕਰੇਗਾ।” (ਮੱਤੀ 12:18) ਯਿਸੂ ਨੇ ਇਹ ਗੱਲ ਕਿਸ ਤਰ੍ਹਾਂ ਪੂਰੀ ਕੀਤੀ ਸੀ?
ਯਿਸੂ ਨੇ ਨਿਆਂ ਦਾ ਅਸਲੀ ਅਰਥ ਸਮਝਾਇਆ
8-10. (ੳ) ਧਾਰਮਿਕ ਆਗੂਆਂ ਦੇ ਕਾਨੂੰਨਾਂ ਨੇ ਲੋਕਾਂ ਨੂੰ ਗ਼ੈਰ-ਯਹੂਦੀਆਂ ਅਤੇ ਔਰਤਾਂ ਨਾਲ ਨਫ਼ਰਤ ਕਰਨੀ ਕਿਸ ਤਰ੍ਹਾਂ ਸਿਖਾਈ ਸੀ? (ਅ) ਜ਼ਬਾਨੀ ਕਾਨੂੰਨਾਂ ਨੇ ਯਹੋਵਾਹ ਦੇ ਸਬਤ ਦੇ ਕਾਨੂੰਨ ਨੂੰ ਬੋਝ ਕਿਸ ਤਰ੍ਹਾਂ ਬਣਾਇਆ ਸੀ?
8 ਯਿਸੂ ਨੂੰ ਯਹੋਵਾਹ ਦੀ ਬਿਵਸਥਾ ਨਾਲ ਪਿਆਰ ਸੀ ਅਤੇ ਉਹ ਉਸ ਉੱਤੇ ਅਮਲ ਕਰਦਾ ਸੀ। ਪਰ ਉਸ ਦੇ ਜ਼ਮਾਨੇ ਦੇ ਧਾਰਮਿਕ ਆਗੂ ਬਿਵਸਥਾ ਵਿਚ ਵਲ-ਛਲ ਪਾ ਕੇ ਉਸ ਨੂੰ ਗ਼ਲਤ ਤਰੀਕੇ ਨਾਲ ਲਾਗੂ ਕਰਦੇ ਸਨ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ . . . ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ।” (ਮੱਤੀ 23:23) ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਦੀ ਬਿਵਸਥਾ ਸਿਖਾਉਣ ਵਾਲੇ ਇਨ੍ਹਾਂ ਬੰਦਿਆਂ ਨੇ ਨਿਆਂ ਦਾ ਅਸਲੀ ਅਰਥ ਨਹੀਂ ਸਮਝਾਇਆ ਸੀ। ਇਸ ਦੀ ਬਜਾਇ ਉਨ੍ਹਾਂ ਨੇ ਲੋਕਾਂ ਲਈ ਪਰਮੇਸ਼ੁਰ ਦੇ ਇਨਸਾਫ਼ ਨੂੰ ਸਮਝਣਾ ਮੁਸ਼ਕਲ ਬਣਾ ਦਿੱਤਾ ਸੀ। ਕਿਸ ਤਰ੍ਹਾਂ? ਆਓ ਆਪਾਂ ਕੁਝ ਉਦਾਹਰਣਾਂ ਉੱਤੇ ਗੌਰ ਕਰੀਏ।
9 ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ ਸੀ ਕਿ ਉਹ ਆਲੇ-ਦੁਆਲੇ ਦੀਆਂ ਮੂਰਤੀ-ਪੂਜਕ ਕੌਮਾਂ ਤੋਂ ਅਲੱਗ ਰਹਿਣ। (1 ਰਾਜਿਆਂ 11:1, 2) ਪਰ ਕੁਝ ਕੱਟੜ ਧਾਰਮਿਕ ਆਗੂ ਲੋਕਾਂ ਨੂੰ ਗ਼ੈਰ-ਯਹੂਦੀ ਲੋਕਾਂ ਨਾਲ ਨਫ਼ਰਤ ਕਰਨੀ ਸਿਖਾ ਰਹੇ ਸਨ। ਮਿਸ਼ਨਾ ਵਿਚ ਇਹ ਹੁਕਮ ਵੀ ਦਿੱਤਾ ਗਿਆ ਸੀ: “ਗ਼ੈਰ-ਯਹੂਦੀਆਂ ਦੇ ਮੁਸਾਫ਼ਰਖ਼ਾਨਿਆਂ ਵਿਚ ਡੰਗਰ ਨਾ ਛੱਡੇ ਜਾਣ ਕਿਉਂਕਿ ਮੰਨਿਆ ਜਾਂਦਾ ਹੈ ਕਿ ਉਹ ਪਸ਼ੂਆਂ ਨਾਲ ਸੰਭੋਗ ਕਰਦੇ ਹਨ।” ਸਾਰਿਆਂ ਗ਼ੈਰ-ਯਹੂਦੀ ਲੋਕਾਂ ਨਾਲ ਇਸ ਤਰ੍ਹਾਂ ਪੱਖਪਾਤ ਕਰਨਾ ਅਨਿਆਈ ਸੀ ਅਤੇ ਮੂਸਾ ਦੀ ਬਿਵਸਥਾ ਦੀ ਸਿੱਖਿਆ ਤੋਂ ਐਨ ਉਲਟ ਸੀ। (ਲੇਵੀਆਂ 19:34) ਉਨ੍ਹਾਂ ਦੇ ਹੋਰ ਕਾਨੂੰਨ ਤੀਵੀਂਜਾਤ ਦਾ ਅਪਮਾਨ ਕਰਦੇ ਸਨ। ਉਨ੍ਹਾਂ ਦਾ ਇਹ ਕਾਨੂੰਨ ਸੀ ਕਿ ਤੀਵੀਂ ਨੂੰ ਆਪਣੇ ਆਦਮੀ ਨਾਲ ਤੁਰਨ ਦੀ ਬਜਾਇ ਉਸ ਦੇ ਪਿੱਛੇ-ਪਿੱਛੇ ਤੁਰਨਾ ਚਾਹੀਦਾ ਹੈ। ਆਦਮੀ ਨੂੰ ਘਰੋਂ ਬਾਹਰ ਕਿਸੇ ਤੀਵੀਂ ਨਾਲ, ਇੱਥੋਂ ਤਕ ਕਿ ਆਪਣੀ ਹੀ ਬੀਵੀ ਨਾਲ ਵੀ ਗੱਲ ਕਰਨੀ ਮਨ੍ਹਾ ਸੀ। ਗ਼ੁਲਾਮਾਂ ਵਾਂਗ ਔਰਤਾਂ ਨੂੰ ਵੀ ਕਚਹਿਰੀ ਵਿਚ ਗਵਾਹੀ ਦੇਣ ਦੀ ਇਜਾਜ਼ਤ ਨਹੀਂ ਸੀ। ਆਦਮੀ ਪ੍ਰਾਰਥਨਾ ਕਰ ਕੇ ਰੱਬ ਦਾ ਸ਼ੁਕਰ ਕਰਦੇ ਸਨ ਕਿ ਉਸ ਨੇ ਉਨ੍ਹਾਂ ਨੂੰ ਔਰਤਾਂ ਨਹੀਂ ਬਣਾਇਆ।
10 ਧਾਰਮਿਕ ਆਗੂਆਂ ਨੇ ਪਰਮੇਸ਼ੁਰ ਦੀ ਬਿਵਸਥਾ ਨੂੰ ਇਨਸਾਨ ਦੇ ਬਣਾਏ ਹੋਏ ਕਾਇਦੇ-ਕਾਨੂੰਨਾਂ ਦੇ ਭਾਰ ਹੇਠ ਦੱਬ ਦਿੱਤਾ ਸੀ। ਮਿਸਾਲ ਲਈ ਸਬਤ ਦਾ ਕਾਨੂੰਨ ਸਬਤ ਦੇ ਦਿਨ ਤੇ ਕੰਮ ਕਰਨਾ ਮਨ੍ਹਾ ਕਰਦਾ ਸੀ ਕਿਉਂਕਿ ਉਹ ਦਿਨ ਭਗਤੀ ਕਰਨ, ਰੂਹਾਨੀ ਤੌਰ ਤੇ ਮਜ਼ਬੂਤ ਹੋਣ ਅਤੇ ਆਰਾਮ ਕਰਨ ਵਾਸਤੇ ਰੱਖਿਆ ਗਿਆ ਸੀ। ਪਰ ਫ਼ਰੀਸੀਆਂ ਨੇ ਉਸ ਕਾਨੂੰਨ ਨੂੰ ਇਕ ਬੋਝ ਬਣਾ ਦਿੱਤਾ ਸੀ। ਉਹ ਆਪ ਫ਼ੈਸਲਾ ਕਰਨ ਲੱਗ ਪਏ ਸਨ ਕਿ “ਕੰਮ ਕਰਨ” ਦਾ ਕੀ ਮਤਲਬ ਹੈ। ਉਨ੍ਹਾਂ ਨੇ ਲਗਭਗ 39 ਵੱਖੋ-ਵੱਖਰੀਆਂ ਚੀਜ਼ਾਂ ਨੂੰ ਕੰਮ ਸੱਦਿਆ, ਜਿਵੇਂ ਕਿ ਵਾਢੀ ਜਾਂ ਸ਼ਿਕਾਰ ਕਰਨਾ। ਇਸ ਕਰਕੇ ਕਈ ਸਵਾਲ ਖੜ੍ਹੇ ਹੋ ਗਏ ਸਨ। ਸਬਤ ਦੇ ਦਿਨ ਜੇ ਕੋਈ ਇਕ ਜੂੰ ਜਾਂ ਮਾਂਗਣੂ ਨੂੰ ਮਾਰੇ, ਤਾਂ ਕੀ ਇਹ ਸ਼ਿਕਾਰ ਕਰਨਾ ਸੀ? ਜੇ ਕੋਈ ਖੇਤਾਂ ਵਿੱਚੋਂ ਲੰਘਦਿਆਂ ਇਕ ਮੁੱਠ ਦਾਣੇ ਤੋੜ ਲਵੇ, ਤਾਂ ਕੀ ਉਹ ਵਾਢੀ ਕਰ ਰਿਹਾ ਸੀ? ਜੇ ਉਹ ਕਿਸੇ ਰੋਗੀ ਨੂੰ ਰਾਜ਼ੀ ਕਰ ਦੇਵੇ, ਤਾਂ ਕੀ ਉਹ ਕੰਮ ਕਰ ਰਿਹਾ ਸੀ? ਅਜਿਹੇ ਸਵਾਲਾਂ ਵਿਚ ਪੈ ਕੇ ਉਹ ਹੋਰ ਤੋਂ ਹੋਰ ਸਖ਼ਤ ਨਿਯਮ ਬਣਾਉਂਦੇ ਗਏ।
11, 12. ਯਿਸੂ ਨੇ ਫ਼ਰੀਸੀਆਂ ਦੀਆਂ ਉਨ੍ਹਾਂ ਰੀਤਾਂ ਦਾ ਵਿਰੋਧ ਕਿਸ ਤਰ੍ਹਾਂ ਕੀਤਾ ਸੀ ਜੋ ਬਿਵਸਥਾ ਵਿਚ ਨਹੀਂ ਸਨ?
11 ਅਜਿਹੇ ਮਾਹੌਲ ਵਿਚ ਯਿਸੂ ਨੇ ਲੋਕਾਂ ਨੂੰ ਕਿਸ ਤਰ੍ਹਾਂ ਸਮਝਾਇਆ ਸੀ ਕਿ ਨਿਆਂ ਕਰਨ ਦਾ ਮਤਲਬ ਕੀ ਹੈ? ਉਸ ਨੇ ਆਪਣੀਆਂ ਸਿੱਖਿਆਵਾਂ ਅਤੇ ਕੰਮਾਂ-ਕਾਰਾਂ ਦੁਆਰਾ ਸਾਫ਼-ਸਾਫ਼ ਦਿਖਾਇਆ ਸੀ ਕਿ ਉਹ ਧਾਰਮਿਕ ਆਗੂਆਂ ਦਾ ਸਖ਼ਤ ਵਿਰੋਧ ਕਰਦਾ ਸੀ। ਪਹਿਲਾਂ ਉਸ ਦੀਆਂ ਕੁਝ ਸਿੱਖਿਆਵਾਂ ਉੱਤੇ ਗੌਰ ਕਰੋ। ਉਸ ਨੇ ਧਾਰਮਿਕ ਆਗੂਆਂ ਦੇ ਕਾਇਦੇ-ਕਾਨੂੰਨਾਂ ਦੇ ਪਹਾੜ ਨੂੰ ਇਹ ਕਹਿ ਕੇ ਨਕਾਰਿਆ: “ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਰੀਤ ਨਾਲ ਜਿਹੜੀ ਤੁਸਾਂ ਚਲਾਈ ਹੈ ਅਕਾਰਥ ਕਰਦੇ ਹੋ।”—ਮਰਕੁਸ 7:13.
12 ਯਿਸੂ ਨੇ ਵਧੀਆ ਤਰੀਕੇ ਨਾਲ ਦਿਖਾਇਆ ਕਿ ਫ਼ਰੀਸੀ ਜੋ ਵੀ ਸਬਤ ਦੇ ਕਾਨੂੰਨ ਬਾਰੇ ਸਿਖਾਉਂਦੇ ਸਨ, ਉਹ ਸਭ ਕੁਝ ਗ਼ਲਤ ਸੀ। ਉਨ੍ਹਾਂ ਨੇ ਤਾਂ ਬਿਵਸਥਾ ਦਾ ਮਤਲਬ ਹੀ ਨਹੀਂ ਸਮਝਿਆ। ਯਿਸੂ ਨੇ ਸਮਝਾਇਆ ਕਿ ਮਸੀਹਾ “ਸਬਤ ਦੇ ਦਿਨ ਦਾ ਮਾਲਕ ਹੈ” ਅਤੇ ਉਸ ਕੋਲ ਰੋਗੀਆਂ ਨੂੰ ਸਬਤ ਦੇ ਦਿਨ ਰਾਜ਼ੀ ਕਰਨ ਦਾ ਹੱਕ ਹੈ। (ਮੱਤੀ 12:8) ਇਹ ਗੱਲ ਸਪੱਸ਼ਟ ਕਰਨ ਵਾਸਤੇ ਉਸ ਨੇ ਸਬਤ ਦੇ ਦਿਨ ਕਰਾਮਾਤੀ ਢੰਗ ਨਾਲ ਖੁੱਲ੍ਹੇ-ਆਮ ਰੋਗੀਆਂ ਨੂੰ ਚੰਗਾ ਕੀਤਾ ਸੀ। (ਲੂਕਾ 6:7-10) ਅਜਿਹੀਆਂ ਕਰਾਮਾਤਾਂ ਦਿਖਾਉਂਦੀਆਂ ਸਨ ਕਿ ਉਹ ਆਪਣੇ ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਧਰਤੀ ਉੱਤੇ ਕੀ-ਕੀ ਕਰੇਗਾ। ਉਸ ਸਮੇਂ ਸਾਰੀ ਵਫ਼ਾਦਾਰ ਇਨਸਾਨਜਾਤ ਪਾਪ ਤੇ ਮੌਤ ਤੋਂ ਆਰਾਮ ਪਾਵੇਗੀ ਜਿਨ੍ਹਾਂ ਦੇ ਬੋਝ ਹੇਠ ਇਹ ਸਦੀਆਂ ਤੋਂ ਦੱਬੀ ਹੋਈ ਹੈ। ਇਹ ਮਹਾਂ ਸਬਤ ਹੋਵੇਗਾ।
13. ਯਿਸੂ ਦੀ ਜ਼ਮੀਨੀ ਸੇਵਕਾਈ ਦੇ ਨਤੀਜੇ ਵਜੋਂ ਕਿਹੜੀ ਸ਼ਰਾ ਸਥਾਪਿਤ ਹੋਈ ਸੀ ਅਤੇ ਇਹ ਮੂਸਾ ਦੀ ਬਿਵਸਥਾ ਤੋਂ ਭਿੰਨ ਕਿਸ ਤਰ੍ਹਾਂ ਸੀ?
13 ਯਿਸੂ ਨੇ ਇਕ ਹੋਰ ਤਰੀਕੇ ਨਾਲ ਵੀ ਇਨਸਾਫ਼ ਦਾ ਮਤਲਬ ਸਮਝਾਇਆ ਸੀ। ਉਸ ਦੀ ਜ਼ਮੀਨੀ ਸੇਵਕਾਈ ਪੂਰੀ ਹੋਣ ਤੋਂ ਬਾਅਦ “ਮਸੀਹ ਦੀ ਸ਼ਰਾ” ਸਥਾਪਿਤ ਹੋਈ। (ਗਲਾਤੀਆਂ 6:2) ਇਹ ਸ਼ਰਾ ਮੂਸਾ ਦੀ ਬਿਵਸਥਾ ਤੋਂ ਭਿੰਨ ਸੀ ਕਿਉਂਕਿ ਇਹ ਲਿਖੇ ਹੋਏ ਹੁਕਮਾਂ ਤੇ ਨਿਰਭਰ ਕਰਨ ਦੀ ਬਜਾਇ ਅਸੂਲਾਂ ਤੇ ਨਿਰਭਰ ਕਰਦੀ ਸੀ। ਵੈਸੇ ਇਸ ਵਿਚ ਕੁਝ ਲਿਖੇ ਹੋਏ ਹੁਕਮ ਵੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਇਕ ਨੂੰ ਯਿਸੂ ਨੇ “ਨਵਾਂ ਹੁਕਮ” ਸੱਦਿਆ। ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਇਕ-ਦੂਸਰੇ ਨਾਲ ਅਜਿਹਾ ਪਿਆਰ ਕਰਨ ਜਿਹਾ ਉਸ ਨੇ ਉਨ੍ਹਾਂ ਨਾਲ ਕੀਤਾ ਸੀ। (ਯੂਹੰਨਾ 13:34, 35) ਜੀ ਹਾਂ, “ਮਸੀਹ ਦੀ ਸ਼ਰਾ” ਉੱਤੇ ਚੱਲਣ ਵਾਲੇ ਆਪਸ ਵਿਚ ਇੰਨਾ ਪਿਆਰ ਕਰਦੇ ਹਨ ਕਿ ਉਹ ਇਕ-ਦੂਸਰੇ ਲਈ ਮਰਨ ਲਈ ਤਿਆਰ ਹਨ।
ਇਨਸਾਫ਼ ਦੀ ਜੀਉਂਦੀ-ਜਾਗਦੀ ਉਦਾਹਰਣ
14, 15. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਆਪਣੇ ਅਧਿਕਾਰ ਦੀਆਂ ਹੱਦਾਂ ਜਾਣਦਾ ਸੀ ਅਤੇ ਇਸ ਤੋਂ ਸਾਨੂੰ ਤਸੱਲੀ ਕਿਉਂ ਮਿਲਦੀ ਹੈ?
14 ਯਿਸੂ ਨੇ ਪਿਆਰ ਬਾਰੇ ਸਿਰਫ਼ ਸਿਖਾਇਆ ਹੀ ਨਹੀਂ ਸੀ, ਸਗੋਂ ਕਰ ਕੇ ਵੀ ਦਿਖਾਇਆ ਸੀ। ਉਹ “ਮਸੀਹ ਦੀ ਸ਼ਰਾ” ਉੱਤੇ ਚੱਲਿਆ ਸੀ ਅਤੇ ਇਹ ਉਸ ਦੀ ਜ਼ਿੰਦਗੀ ਦੇ ਹਰ ਪਹਿਲੂ ਤੋਂ ਦੇਖਿਆ ਜਾ ਸਕਦਾ ਸੀ। ਆਓ ਆਪਾਂ ਤਿੰਨ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਰਾਹੀਂ ਯਿਸੂ ਨੇ ਇਨਸਾਫ਼ ਦਾ ਮਤਲਬ ਸਮਝਾਇਆ ਸੀ।
15 ਪਹਿਲਾ, ਯਿਸੂ ਨੇ ਸਾਵਧਾਨੀ ਨਾਲ ਅਨਿਆਂ ਕਰਨ ਤੋਂ ਪਰਹੇਜ਼ ਕੀਤਾ। ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਕਈ ਇਨਸਾਨ ਘਮੰਡੀ ਬਣ ਕੇ ਦੂਜਿਆਂ ਨਾਲ ਅਨਿਆਂ ਕਰਦੇ ਹਨ। ਉਹ ਆਪਣੇ ਅਧਿਕਾਰ ਦੀਆਂ ਹੱਦਾਂ ਪਾਰ ਕਰਦੇ ਹਨ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਇਨਸਾਫ਼ੀ ਹੈ। ਪਰ ਯਿਸੂ ਨੇ ਇਸ ਤਰ੍ਹਾਂ ਨਹੀਂ ਕੀਤਾ ਸੀ। ਇਕ ਵਾਰ ਇਕ ਆਦਮੀ ਯਿਸੂ ਕੋਲ ਆਇਆ ਅਤੇ ਉਸ ਨੇ ਕਿਹਾ: “ਗੁਰੂ ਜੀ ਮੇਰੇ ਭਰਾ ਨੂੰ ਕਹੋ ਜੋ ਉਹ ਵਿਰਸਾ ਮੇਰੇ ਨਾਲ ਵੰਡ ਲਵੇ।” ਯਿਸੂ ਨੇ ਉਸ ਨੂੰ ਕੀ ਜਵਾਬ ਦਿੱਤਾ? “ਮਨੁੱਖਾ, ਕਿਨ ਮੈਨੂੰ ਤੁਹਾਡੇ ਉੱਪਰ ਨਿਆਈ ਯਾ ਵੰਡਣ ਵਾਲਾ ਠਹਿਰਾਇਆ ਹੈ?” (ਲੂਕਾ 12:13, 14) ਕੀ ਇਹ ਮਾਅਰਕੇ ਦੀ ਗੱਲ ਨਹੀਂ? ਧਰਤੀ ਤੇ ਯਿਸੂ ਨਾਲੋਂ ਹੋਰ ਕਿਸੇ ਕੋਲ ਇੰਨੀ ਅਕਲ ਅਤੇ ਸਿਆਣਪ ਨਹੀਂ ਸੀ ਅਤੇ ਨਾ ਹੀ ਕਿਸੇ ਨੂੰ ਪਰਮੇਸ਼ੁਰ ਤੋਂ ਇੰਨਾ ਅਧਿਕਾਰ ਮਿਲਿਆ ਸੀ। ਇਸ ਦੇ ਬਾਵਜੂਦ ਉਸ ਨੇ ਇਸ ਮਾਮਲੇ ਵਿਚ ਦਖ਼ਲ ਦੇਣ ਤੋਂ ਇਨਕਾਰ ਕੀਤਾ ਕਿਉਂਕਿ ਉਸ ਨੂੰ ਇਸ ਤਰ੍ਹਾਂ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ। ਧਰਤੀ ਤੇ ਆਉਣ ਤੋਂ ਪਹਿਲਾਂ ਵੀ ਯਿਸੂ ਹਮੇਸ਼ਾ ਆਪਣੀਆਂ ਹੱਦਾਂ ਜਾਣਦਾ ਸੀ। (ਯਹੂਦਾਹ 9) ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਹੁੰਦੀ ਹੈ ਕਿ ਯਿਸੂ ਨਿਮਰਤਾ ਨਾਲ ਯਹੋਵਾਹ ਤੇ ਭਰੋਸਾ ਰੱਖਦਾ ਹੈ ਕਿ ਉਹ ਸਿਰਫ਼ ਉਹੀ ਕਰੇਗਾ ਜੋ ਸਹੀ ਹੈ।
16, 17. (ੳ) ਯਿਸੂ ਨੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਇਨਸਾਫ਼ ਕਿਸ ਤਰ੍ਹਾਂ ਕੀਤਾ ਸੀ? (ਅ) ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਸ ਦੇ ਨਿਆਂ ਵਿਚ ਦਇਆ ਸ਼ਾਮਲ ਸੀ?
16 ਦੂਜਾ, ਯਿਸੂ ਨੇ ਜਿਸ ਤਰ੍ਹਾਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ, ਉਸ ਤੋਂ ਵੀ ਇਨਸਾਫ਼ ਪ੍ਰਗਟ ਹੁੰਦਾ ਹੈ। ਉਸ ਨੇ ਕਿਸੇ ਦੀ ਤਰਫ਼ਦਾਰੀ ਨਹੀਂ ਕੀਤੀ ਸੀ। ਇਸ ਦੀ ਬਜਾਇ ਉਸ ਨੇ ਹਰ ਤਰ੍ਹਾਂ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਭਾਵੇਂ ਉਹ ਅਮੀਰ ਹੋਣ ਜਾਂ ਗ਼ਰੀਬ। ਇਸ ਤੋਂ ਉਲਟ ਫ਼ਰੀਸੀ ਆਮ ਜਨਤਾ ਨੂੰ ਨਫ਼ਰਤ ਨਾਲ ਨੀਵੇਂ ਦਰਜੇ ਦੇ ਲੋਕ ਸੱਦਦੇ ਸਨ ਅਤੇ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ ਸਨ। ਯਿਸੂ ਨੇ ਬਹਾਦਰੀ ਨਾਲ ਇਸ ਬੇਇਨਸਾਫ਼ੀ ਨੂੰ ਖ਼ਤਮ ਕਰਨ ਲਈ ਕੁਝ ਕੀਤਾ। ਜਦ ਉਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ, ਉਨ੍ਹਾਂ ਨਾਲ ਰੋਟੀ ਖਾਧੀ, ਉਨ੍ਹਾਂ ਨੂੰ ਰੋਟੀ ਖੁਆਈ, ਉਨ੍ਹਾਂ ਨੂੰ ਚੰਗੇ ਕੀਤਾ ਜਾਂ ਉਨ੍ਹਾਂ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ, ਤਾਂ ਉਸ ਨੇ ਇਹ ਸਭ ਕੁਝ ਪਰਮੇਸ਼ੁਰ ਦੇ ਇਨਸਾਫ਼ ਅਨੁਸਾਰ ਕੀਤਾ ਸੀ ਕਿਉਂਕਿ ਪਰਮੇਸ਼ੁਰ ਚਾਹੁੰਦਾ ਹੈ ਕਿ “ਸਾਰੇ ਮਨੁੱਖ” ਉਸ ਬਾਰੇ ਜਾਣਨ।c—1 ਤਿਮੋਥਿਉਸ 2:4.
17 ਤੀਜਾ, ਯਿਸੂ ਦੇ ਨਿਆਂ ਵਿਚ ਦਇਆ ਸ਼ਾਮਲ ਸੀ। ਉਸ ਨੇ ਪਾਪੀਆਂ ਦੀ ਮਦਦ ਕਰਨ ਲਈ ਵੱਡੇ ਜਤਨ ਕੀਤੇ। (ਮੱਤੀ 9:11-13) ਜੋ ਲੋਕ ਆਪਣੇ ਹਾਲਾਤ ਸੁਧਾਰਨ ਲਈ ਖ਼ੁਦ ਕੁਝ ਨਹੀਂ ਕਰ ਸਕਦੇ ਸਨ, ਯਿਸੂ ਨੇ ਉਨ੍ਹਾਂ ਦੀ ਮਦਦ ਕੀਤੀ। ਮਿਸਾਲ ਲਈ ਉਸ ਨੇ ਧਾਰਮਿਕ ਆਗੂਆਂ ਨਾਲ ਮਿਲ ਕੇ ਲੋਕਾਂ ਦੇ ਮਨਾਂ ਵਿਚ ਗ਼ੈਰ-ਯਹੂਦੀਆਂ ਲਈ ਨਫ਼ਰਤ ਨਹੀਂ ਵਧਾਈ ਸੀ। ਇਸ ਦੀ ਬਜਾਇ ਉਸ ਨੇ ਗ਼ੈਰ-ਯਹੂਦੀਆਂ ਦੀ ਮਦਦ ਕੀਤੀ ਅਤੇ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਸਿੱਖਿਆ ਦਿੱਤੀ, ਭਾਵੇਂ ਉਸ ਦਾ ਮੁੱਖ ਕੰਮ ਯਹੂਦੀਆਂ ਕੋਲ ਜਾਣਾ ਸੀ। ਉਹ ਕਰਾਮਾਤੀ ਢੰਗ ਨਾਲ ਇਕ ਰੋਮੀ ਸੂਬੇਦਾਰ ਦੇ ਨੌਕਰ ਨੂੰ ਚੰਗਾ ਕਰਨ ਲਈ ਰਜ਼ਾਮੰਦ ਹੋਇਆ। ਉਸ ਬਾਰੇ ਉਸ ਨੇ ਕਿਹਾ: “ਇਸਰਾਏਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ!”—ਮੱਤੀ 8:5-13.
18, 19. (ੳ) ਯਿਸੂ ਨੇ ਔਰਤਾਂ ਦਾ ਆਦਰ-ਸਤਿਕਾਰ ਕਿਸ ਤਰ੍ਹਾਂ ਕੀਤਾ ਸੀ? (ਅ) ਯਿਸੂ ਦੀ ਉਦਾਹਰਣ ਸਾਨੂੰ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਹਿੰਮਤ ਦਾ ਇਨਸਾਫ਼ ਨਾਲ ਡੂੰਘਾ ਸੰਬੰਧ ਹੈ?
18 ਇਸੇ ਤਰ੍ਹਾਂ ਯਿਸੂ ਔਰਤਾਂ ਬਾਰੇ ਜੋ ਆਮ ਵਿਚਾਰ ਸੀ ਉਸ ਨਾਲ ਸਹਿਮਤ ਨਹੀਂ ਸੀ। ਇਸ ਦੀ ਬਜਾਇ ਉਸ ਨੇ ਹਿੰਮਤ ਨਾਲ ਔਰਤਾਂ ਨਾਲ ਹੁੰਦੇ ਅਨਿਆਂ ਦਾ ਵਿਰੋਧ ਕੀਤਾ। ਸਾਮਰੀ ਔਰਤਾਂ ਗ਼ੈਰ-ਯਹੂਦੀਆਂ ਜਿੰਨੀਆਂ ਅਸ਼ੁੱਧ ਸਮਝੀਆਂ ਜਾਂਦੀਆਂ ਸਨ। ਪਰ ਯਿਸੂ ਸੁਖਾਰ ਦੇ ਖੂਹ ਤੇ ਸਾਮਰੀ ਔਰਤ ਨਾਲ ਗੱਲ ਕਰਨੋਂ ਝਿਜਕਿਆ ਨਹੀਂ ਸੀ। ਦਰਅਸਲ ਹੋਰ ਕਿਸੇ ਤੋਂ ਪਹਿਲਾਂ ਯਿਸੂ ਨੇ ਇਸੇ ਔਰਤ ਨੂੰ ਹੀ ਦੱਸਿਆ ਸੀ ਕਿ ਉਹ ਵਾਅਦਾ ਕੀਤਾ ਹੋਇਆ “ਖ੍ਰਿਸਟੁਸ” ਯਾਨੀ ਮਸੀਹਾ ਸੀ। (ਯੂਹੰਨਾ 4:6, 25, 26) ਫ਼ਰੀਸੀਆਂ ਦੇ ਮੁਤਾਬਕ ਔਰਤਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਤੋਂ ਕੁਝ ਨਹੀਂ ਸਿਖਾਇਆ ਜਾਣਾ ਚਾਹੀਦਾ ਸੀ, ਪਰ ਯਿਸੂ ਨੇ ਕਾਫ਼ੀ ਸਮਾਂ ਲਾ ਕੇ ਔਰਤਾਂ ਨੂੰ ਤਾਲੀਮ ਦਿੱਤੀ ਸੀ। (ਲੂਕਾ 10:38-42) ਉਸ ਸਮੇਂ ਮੰਨਿਆ ਜਾਂਦਾ ਸੀ ਕਿ ਔਰਤਾਂ ਭਰੋਸੇਯੋਗ ਗਵਾਹੀ ਨਹੀਂ ਦੇ ਸਕਦੀਆਂ ਸਨ, ਪਰ ਯਿਸੂ ਨੇ ਮੁਰਦਿਆਂ ਵਿੱਚੋਂ ਜੀ ਉੱਠ ਕੇ ਸਭ ਤੋਂ ਪਹਿਲਾਂ ਔਰਤਾਂ ਨੂੰ ਹੀ ਦਰਸ਼ਣ ਦਿੱਤਾ ਸੀ। ਇਸ ਤਰ੍ਹਾਂ ਕਰ ਕੇ ਯਿਸੂ ਨੇ ਔਰਤਾਂ ਦਾ ਆਦਰ-ਸਤਿਕਾਰ ਕੀਤਾ। ਉਸ ਨੇ ਉਨ੍ਹਾਂ ਔਰਤਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਉਸ ਦੇ ਚੇਲਿਆਂ ਨੂੰ ਇਸ ਮਹੱਤਵਪੂਰਣ ਘਟਨਾ ਬਾਰੇ ਜਾ ਕੇ ਦੱਸਣ!—ਮੱਤੀ 28:1-10.
19 ਜੀ ਹਾਂ, ਯਿਸੂ ਨੇ ਕੌਮਾਂ ਨੂੰ ਇਨਸਾਫ਼ ਦਾ ਅਸਲੀ ਮਤਲਬ ਸਮਝਾਇਆ ਸੀ। ਇਸ ਤਰ੍ਹਾਂ ਕਰਨ ਲਈ ਕਈ ਵਾਰ ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ ਸੀ। ਯਿਸੂ ਦੀ ਉਦਾਹਰਣ ਤੋਂ ਅਸੀਂ ਦੇਖਦੇ ਹਾਂ ਕਿ ਸੱਚਾ ਇਨਸਾਫ਼ ਕਰਨ ਲਈ ਹਿੰਮਤ ਦੀ ਜ਼ਰੂਰਤ ਹੁੰਦੀ ਹੈ। ਤਾਂ ਫਿਰ ਇਹ ਠੀਕ ਹੈ ਕਿ ਉਸ ਨੂੰ “ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ” ਸੱਦਿਆ ਗਿਆ ਸੀ। (ਪਰਕਾਸ਼ ਦੀ ਪੋਥੀ 5:5) ਯਾਦ ਰੱਖੋ ਕਿ ਸ਼ੇਰ ਇਨਸਾਫ਼ ਨੂੰ ਦਰਸਾਉਂਦਾ ਹੈ ਕਿਉਂਕਿ ਸੱਚਾ ਇਨਸਾਫ਼ ਕਰਨ ਲਈ ਬਹਾਦਰੀ ਅਤੇ ਹਿੰਮਤ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਗੁਣਾਂ ਲਈ ਸ਼ੇਰ ਮਸ਼ਹੂਰ ਹੈ। ਭਵਿੱਖ ਵਿਚ ਯਿਸੂ ਹੋਰ ਵੀ ਵੱਡੇ ਪੱਧਰ ਤੇ ਇਨਸਾਫ਼ ਕਰੇਗਾ। ਉਸ ਸਮੇਂ ਉਹ ਪੂਰੀ “ਪ੍ਰਿਥਵੀ ਉੱਤੇ ਇਨਸਾਫ਼” ਕਰੇਗਾ।—ਯਸਾਯਾਹ 42:4.
ਮਸੀਹਾ “ਪ੍ਰਿਥਵੀ ਉੱਤੇ ਇਨਸਾਫ਼” ਦੇ ਮਿਆਰਾਂ ਨੂੰ ਪੱਕਾ ਕਰਦਾ ਹੈ
20, 21. ਸਾਡੇ ਸਮੇਂ ਵਿਚ ਯਿਸੂ ਨੇ ਸਾਰੀ ਧਰਤੀ ਉੱਤੇ ਅਤੇ ਮਸੀਹੀ ਕਲੀਸਿਯਾ ਵਿਚ ਇਨਸਾਫ਼ ਦੇ ਮਿਆਰਾਂ ਨੂੰ ਕਾਇਮ ਕਿਸ ਤਰ੍ਹਾਂ ਕੀਤਾ ਹੈ?
20 ਯਿਸੂ ਨੇ 1914 ਵਿਚ ਰਾਜਾ ਬਣ ਕੇ ਧਰਤੀ ਉੱਤੇ ਇਨਸਾਫ਼ ਕਰਨਾ ਸ਼ੁਰੂ ਕੀਤਾ ਸੀ। ਇਹ ਕਿਸ ਤਰ੍ਹਾਂ? ਉਸ ਨੇ ਮੱਤੀ 24:14 ਦੀ ਭਵਿੱਖਬਾਣੀ ਦੀ ਪੂਰਤੀ ਦੀ ਜ਼ਿੰਮੇਵਾਰੀ ਆਪਣੇ ਜ਼ਿੰਮੇ ਲਈ ਹੈ। ਧਰਤੀ ਤੇ ਯਿਸੂ ਦੇ ਚੇਲਿਆਂ ਨੇ ਹਰ ਦੇਸ਼ ਦੇ ਲੋਕਾਂ ਨੂੰ ਯਹੋਵਾਹ ਦੇ ਰਾਜ ਦੀ ਸੱਚਾਈ ਬਾਰੇ ਸਿਖਾਇਆ ਹੈ। ਯਿਸੂ ਵਾਂਗ ਉਨ੍ਹਾਂ ਨੇ ਤਰਫ਼ਦਾਰੀ ਕੀਤੇ ਬਿਨਾਂ ਸਾਰਿਆਂ ਨੂੰ ਇਨਸਾਫ਼ ਦੇ ਪਰਮੇਸ਼ੁਰ ਯਹੋਵਾਹ ਬਾਰੇ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਉਹ ਜਵਾਨ ਹੋਣ ਜਾਂ ਸਿਆਣੇ, ਅਮੀਰ ਹੋਣ ਜਾਂ ਗ਼ਰੀਬ, ਆਦਮੀ ਹੋਣ ਜਾਂ ਔਰਤਾਂ।
21 ਕਲੀਸਿਯਾ ਦਾ ਸਿਰ ਹੋਣ ਦੇ ਨਾਤੇ ਯਿਸੂ ਉਸ ਵਿਚ ਵੀ ਪਰਮੇਸ਼ੁਰ ਦੇ ਇਨਸਾਫ਼ ਦੇ ਮਿਆਰਾਂ ਨੂੰ ਕਾਇਮ ਕਰ ਰਿਹਾ ਹੈ। ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, ਉਸ ਨੇ ਕਲੀਸਿਯਾ ਦੀ ਅਗਵਾਈ ਕਰਨ ਲਈ “ਮਨੁੱਖਾਂ ਨੂੰ ਦਾਨ” ਦਿੱਤੇ ਯਾਨੀ ਉਸ ਵਿਚ ਵਫ਼ਾਦਾਰ ਬਜ਼ੁਰਗ ਨਿਯੁਕਤ ਕੀਤੇ ਹਨ। (ਅਫ਼ਸੀਆਂ 4:8-12) ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਦੇ ਹੋਏ ਇਹ ਆਦਮੀ ਯਿਸੂ ਦੀ ਮਿਸਾਲ ਤੇ ਚੱਲ ਕੇ ਇਨਸਾਫ਼ ਦੇ ਮਿਆਰਾਂ ਨੂੰ ਕਾਇਮ ਰੱਖਦੇ ਹਨ। ਉਹ ਹਮੇਸ਼ਾ ਯਾਦ ਰੱਖਦੇ ਹਨ ਕਿ ਯਿਸੂ ਆਪਣੀਆਂ ਭੇਡਾਂ ਨਾਲ ਨਿਆਂ ਹੁੰਦਾ ਦੇਖਣਾ ਚਾਹੁੰਦਾ ਹੈ, ਭਾਵੇਂ ਉਹ ਗ਼ਰੀਬ ਹੋਣ ਜਾਂ ਅਮੀਰ, ਪ੍ਰਸਿੱਧ ਹੋਣ ਜਾਂ ਨਾ।
22. ਇਸ ਸੰਸਾਰ ਵਿਚ ਫੈਲੀ ਹੋਈ ਬੇਇਨਸਾਫ਼ੀ ਬਾਰੇ ਯਹੋਵਾਹ ਦਾ ਕੀ ਖ਼ਿਆਲ ਹੈ ਅਤੇ ਉਸ ਨੇ ਆਪਣੇ ਪੁੱਤਰ ਨੂੰ ਇਸ ਬਾਰੇ ਕੀ ਕਰਨ ਲਈ ਥਾਪਿਆ ਹੈ?
22 ਪਰ ਭਵਿੱਖ ਵਿਚ ਯਿਸੂ ਇਕ ਬੇਮਿਸਾਲ ਤਰੀਕੇ ਨਾਲ ਧਰਤੀ ਉੱਤੇ ਇਨਸਾਫ਼ ਦੇ ਮਿਆਰਾਂ ਨੂੰ ਪੱਕਾ ਕਰੇਗਾ। ਇਸ ਭ੍ਰਿਸ਼ਟ ਸੰਸਾਰ ਵਿਚ ਬਹੁਤ ਹੀ ਬੇਇਨਸਾਫ਼ੀ ਫੈਲੀ ਹੋਈ ਹੈ। ਹਰ ਬੱਚਾ ਜੋ ਭੁੱਖਾ ਮਰਦਾ ਹੈ ਬੇਇਨਸਾਫ਼ੀ ਦਾ ਸ਼ਿਕਾਰ ਹੈ, ਖ਼ਾਸ ਕਰਕੇ ਜਦੋਂ ਅਸੀਂ ਸੋਚਦੇ ਹਾਂ ਕਿ ਜੰਗੀ ਹਥਿਆਰ ਬਣਾਉਣ ਲਈ ਅਤੇ ਐਸ਼ੋ-ਆਰਾਮ ਵਾਸਤੇ ਕਿੰਨਾ ਸਮਾਂ ਤੇ ਕਿੰਨੇ ਪੈਸੇ ਖ਼ਰਚ ਕੀਤੇ ਜਾਂਦੇ ਹਨ। ਇਹ ਸਿਰਫ਼ ਇੱਕੋ ਬੇਇਨਸਾਫ਼ੀ ਹੈ ਜਿਸ ਕਰਕੇ ਯਹੋਵਾਹ ਪਰਮੇਸ਼ੁਰ ਦਾ ਗੁੱਸੇ ਹੋਣਾ ਜਾਇਜ਼ ਹੈ। ਦੁਨੀਆਂ ਵਿਚ ਲੋਕਾਂ ਨਾਲ ਤਾਂ ਕਦਮ-ਕਦਮ ਤੇ ਬੇਇਨਸਾਫ਼ੀ ਹੁੰਦੀ ਹੈ। ਉਸ ਨੇ ਆਪਣੇ ਪੁੱਤਰ ਨੂੰ ਇਸ ਸਾਰੀ ਦੁਸ਼ਟ ਦੁਨੀਆਂ ਨਾਲ ਇਕ ਧਰਮੀ ਜੰਗ ਲੜਨ ਲਈ ਥਾਪਿਆ ਹੈ ਜਿਸ ਰਾਹੀਂ ਸਾਰੀ ਬੇਇਨਸਾਫ਼ੀ ਹਮੇਸ਼ਾ ਲਈ ਖ਼ਤਮ ਕਰ ਦਿੱਤੀ ਜਾਵੇਗੀ।—ਪਰਕਾਸ਼ ਦੀ ਪੋਥੀ 16:14, 16; 19:11-15.
23. ਆਰਮਾਗੇਡਨ ਦੀ ਜੰਗ ਤੋਂ ਬਾਅਦ ਯਿਸੂ ਅਨੰਤ ਕਾਲ ਤਕ ਇਨਸਾਫ਼ ਦੇ ਮਿਆਰਾਂ ਨੂੰ ਕਿਸ ਤਰ੍ਹਾਂ ਕਾਇਮ ਰੱਖੇਗਾ?
23 ਪਰ ਯਹੋਵਾਹ ਦੇ ਇਨਸਾਫ਼ ਦਾ ਸਿਰਫ਼ ਇਹੀ ਮਤਲਬ ਨਹੀਂ ਕਿ ਦੁਸ਼ਟਾਂ ਦਾ ਨਾਸ਼ ਕੀਤਾ ਜਾਵੇ। ਉਸ ਨੇ ਆਪਣੇ ਪੁੱਤਰ ਨੂੰ ‘ਸ਼ਾਂਤੀ ਦੇ ਰਾਜ ਕੁਮਾਰ’ ਵਜੋਂ ਰਾਜ ਕਰਨ ਲਈ ਵੀ ਥਾਪਿਆ ਹੈ। ਆਰਮਾਗੇਡਨ ਦੀ ਜੰਗ ਤੋਂ ਬਾਅਦ ਯਿਸੂ ਸਾਰੀ ਧਰਤੀ ਉੱਤੇ ਸ਼ਾਂਤੀ ਸਥਾਪਿਤ ਕਰੇਗਾ ਅਤੇ ਉਹ ‘ਨਿਆਉਂ ਦੇ ਨਾਲ’ ਰਾਜ ਕਰੇਗਾ। (ਯਸਾਯਾਹ 9:6, 7) ਫਿਰ ਯਿਸੂ ਖ਼ੁਸ਼ੀ ਨਾਲ ਧਰਤੀ ਤੋਂ ਹਰ ਦੁੱਖ-ਦਰਦ ਦੀ ਜੜ੍ਹ ਯਾਨੀ ਅਨਿਆਂ ਨੂੰ ਮਿਟਾ ਦੇਵੇਗਾ। ਫਿਰ ਉਹ ਅਨੰਤ ਕਾਲ ਤਕ ਵਫ਼ਾਦਾਰੀ ਨਾਲ ਯਹੋਵਾਹ ਦੇ ਸੰਪੂਰਣ ਇਨਸਾਫ਼ ਦੇ ਮਿਆਰਾਂ ਨੂੰ ਕਾਇਮ ਰੱਖੇਗਾ। ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਇਨਸਾਫ਼ ਦੀ ਹੁਣ ਨਕਲ ਕਰੀਏ। ਆਓ ਆਪਾਂ ਅੱਗੇ ਦੇਖੀਏ ਕਿ ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ।
a ਜਾਇਜ਼ ਗੁੱਸਾ ਕਰ ਕੇ ਯਿਸੂ ਨੇ ਬਿਲਕੁਲ ਯਹੋਵਾਹ ਦੀ ਰੀਸ ਕੀਤੀ ਸੀ ਜੋ ਹਰ ਬੁਰਾਈ ਉੱਤੇ “ਗੁੱਸਾ ਕਰਨ ਵਾਲਾ” ਹੈ। (ਨਹੂਮ 1:2) ਉਦਾਹਰਣ ਲਈ ਯਹੋਵਾਹ ਨੇ ਆਪਣੇ ਜ਼ਿੱਦੀ ਲੋਕਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਉਸ ਦੇ ਮੰਦਰ ਨੂੰ “ਡਾਕੂਆਂ ਦੇ ਲੁਕਣ ਦੀ ਥਾਂ” ਬਣਾ ਦਿੱਤਾ ਸੀ। ਇਹ ਕਹਿਣ ਤੋਂ ਬਾਅਦ ਉਸ ਨੇ ਕਿਹਾ: ‘ਮੈਂ ਆਪਣਾ ਕ੍ਰੋਧ ਇਸ ਮੰਦਰ ਉੱਤੇ ਪ੍ਰਗਟ ਕਰਾਂਗਾ।’—ਯਿਰਮਿਯਾਹ 7:11, 20, ਪਵਿੱਤਰ ਬਾਈਬਲ ਨਵਾਂ ਅਨੁਵਾਦ।
b ਯਹੂਦੀਆਂ ਦੇ ਰਿਵਾਜਾਂ ਦੀ ਪੋਥੀ, ਮਿਸ਼ਨਾ ਦੇ ਮੁਤਾਬਕ ਕੁਝ ਸਾਲ ਬਾਅਦ ਹੈਕਲ ਵਿਚ ਕਬੂਤਰਾਂ ਦਾ ਭਾਅ ਜ਼ਿਆਦਾ ਹੋਣ ਕਰਕੇ ਲੋਕਾਂ ਨੇ ਰੋਸ ਪ੍ਰਗਟ ਕੀਤਾ ਸੀ। ਕੀਮਤ ਇਕਦਮ 99 ਫੀ ਸਦੀ ਘਟਾ ਦਿੱਤੀ ਗਈ ਸੀ! ਇਸ ਧੰਦੇ ਦਾ ਮੁਨਾਫ਼ਾ ਕਿਸ ਦੀ ਜੇਬ ਵਿਚ ਜਾਂਦਾ ਸੀ? ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਹੈਕਲ ਦੀਆਂ ਮੰਡੀਆਂ ਦਾ ਮਾਲਕ ਪ੍ਰਧਾਨ ਜਾਜਕ ਅੰਨਾਸ ਸੀ ਅਤੇ ਇਸ ਤੋਂ ਉਸ ਦੇ ਪਰਿਵਾਰ ਨੇ ਕਾਫ਼ੀ ਦੌਲਤ ਇਕੱਠੀ ਕੀਤੀ ਸੀ।—ਯੂਹੰਨਾ 18:13.
c ਫ਼ਰੀਸੀ ਆਮ ਲੋਕਾਂ ਉੱਤੇ “ਲਾਨਤ” ਪਾਉਂਦੇ ਸਨ ਕਿਉਂਕਿ ਉਹ ਸ਼ਰਾ ਨੂੰ ਨਹੀਂ ਜਾਣਦੇ ਸਨ। (ਯੂਹੰਨਾ 7:49) ਉਹ ਕਹਿੰਦੇ ਸਨ ਕਿ ਇਨ੍ਹਾਂ ਲੋਕਾਂ ਨੂੰ ਕੁਝ ਨਾ ਸਿਖਾਇਆ ਜਾਵੇ, ਨਾ ਇਨ੍ਹਾਂ ਨਾਲ ਕੰਮ-ਧੰਦਾ ਕੀਤਾ ਜਾਵੇ, ਨਾ ਇਨ੍ਹਾਂ ਨਾਲ ਖਾਧਾ-ਪੀਤਾ ਜਾਵੇ ਤੇ ਨਾ ਹੀ ਇਨ੍ਹਾਂ ਨਾਲ ਪ੍ਰਾਰਥਨਾ ਕੀਤੀ ਜਾਵੇ। ਉਨ੍ਹਾਂ ਲਈ ਆਪਣੀ ਧੀ ਦਾ ਰਿਸ਼ਤਾ ਇਨ੍ਹਾਂ ਨਾਲ ਕਰਨਾ ਉਸ ਨੂੰ ਜਾਨਵਰਾਂ ਅੱਗੇ ਸੁੱਟਣ ਦੇ ਬਰਾਬਰ ਸੀ। ਫ਼ਰੀਸੀਆਂ ਦੇ ਅਨੁਸਾਰ ਇਹ ਨੀਵੇਂ ਦਰਜੇ ਦੇ ਲੋਕ ਮੁਰਦਿਆਂ ਤੋਂ ਦੁਬਾਰਾ ਜ਼ਿੰਦਾ ਹੋਣ ਦੀ ਆਸ ਨਹੀਂ ਰੱਖ ਸਕਦੇ ਸਨ।