ਯਿਰਮਿਯਾਹ
7 ਯਹੋਵਾਹ ਦਾ ਇਹ ਸੰਦੇਸ਼ ਯਿਰਮਿਯਾਹ ਨੂੰ ਮਿਲਿਆ: 2 “ਯਹੋਵਾਹ ਦੇ ਘਰ ਦੇ ਦਰਵਾਜ਼ੇ ਕੋਲ ਖੜ੍ਹਾ ਹੋ ਅਤੇ ਇਹ ਸੰਦੇਸ਼ ਦੇ, ‘ਹੇ ਯਹੂਦਾਹ ਦੇ ਸਾਰੇ ਲੋਕੋ, ਤੁਸੀਂ ਜਿਹੜੇ ਇਨ੍ਹਾਂ ਦਰਵਾਜ਼ਿਆਂ ਰਾਹੀਂ ਅੰਦਰ ਜਾ ਕੇ ਯਹੋਵਾਹ ਨੂੰ ਮੱਥਾ ਟੇਕਦੇ ਹੋ, ਯਹੋਵਾਹ ਦਾ ਇਹ ਸੰਦੇਸ਼ ਸੁਣੋ। 3 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਆਪਣੇ ਰਵੱਈਏ ਅਤੇ ਕੰਮਾਂ ਨੂੰ ਸੁਧਾਰੋ ਅਤੇ ਮੈਂ ਤੁਹਾਨੂੰ ਇਸ ਦੇਸ਼ ਵਿਚ ਰਹਿਣ ਦਿਆਂਗਾ।+ 4 ਤੁਸੀਂ ਧੋਖਾ ਦੇਣ ਵਾਲੀਆਂ ਗੱਲਾਂ ʼਤੇ ਭਰੋਸਾ ਨਾ ਕਰੋ ਅਤੇ ਇਹ ਨਾ ਕਹੋ, ‘ਇਹ ਯਹੋਵਾਹ ਦਾ ਮੰਦਰ ਹੈ, ਯਹੋਵਾਹ ਦਾ ਮੰਦਰ, ਯਹੋਵਾਹ ਦਾ ਮੰਦਰ!’+ 5 ਜੇ ਤੁਸੀਂ ਸੱਚ-ਮੁੱਚ ਆਪਣੇ ਰਵੱਈਏ ਅਤੇ ਕੰਮਾਂ ਨੂੰ ਸੁਧਾਰੋ; ਜੇ ਤੁਸੀਂ ਦੋ ਜਣਿਆਂ ਦੇ ਮਸਲੇ ਵਿਚ ਸਹੀ ਨਿਆਂ ਕਰੋ;+ 6 ਜੇ ਤੁਸੀਂ ਪਰਦੇਸੀਆਂ, ਯਤੀਮਾਂ* ਤੇ ਵਿਧਵਾਵਾਂ ʼਤੇ ਜ਼ੁਲਮ ਨਾ ਢਾਹੋ,+ ਜੇ ਤੁਸੀਂ ਇਸ ਦੇਸ਼ ਵਿਚ ਬੇਕਸੂਰ ਲੋਕਾਂ ਦਾ ਖ਼ੂਨ ਨਾ ਵਹਾਓ, ਜੇ ਤੁਸੀਂ ਦੂਜੇ ਦੇਵਤਿਆਂ ਦੇ ਮਗਰ ਨਾ ਲੱਗੋ ਜਿਸ ਨਾਲ ਤੁਹਾਡਾ ਆਪਣਾ ਨੁਕਸਾਨ ਹੋਵੇਗਾ,+ 7 ਤਾਂ ਮੈਂ ਤੁਹਾਨੂੰ ਇਸ ਦੇਸ਼ ਵਿਚ ਰਹਿਣ ਦਿਆਂਗਾ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਹਮੇਸ਼ਾ ਲਈ ਦਿੱਤਾ ਸੀ।”’”
8 “ਪਰ ਤੁਸੀਂ ਧੋਖਾ ਦੇਣ ਵਾਲੀਆਂ ਗੱਲਾਂ ʼਤੇ ਭਰੋਸਾ ਕਰਦੇ ਹੋ+ ਜਿਸ ਦਾ ਤੁਹਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। 9 ਇਕ ਪਾਸੇ ਤਾਂ ਤੁਸੀਂ ਚੋਰੀਆਂ ਕਰਦੇ ਹੋ,+ ਕਤਲ ਕਰਦੇ ਹੋ, ਹਰਾਮਕਾਰੀ ਕਰਦੇ ਹੋ, ਝੂਠੀਆਂ ਸਹੁੰਆਂ ਖਾਂਦੇ ਹੋ,+ ਬਆਲ ਦੇਵਤੇ ਨੂੰ ਬਲ਼ੀਆਂ ਚੜ੍ਹਾਉਂਦੇ ਹੋ+ ਅਤੇ ਉਨ੍ਹਾਂ ਦੇਵਤਿਆਂ ਦੇ ਪਿੱਛੇ ਜਾਂਦੇ ਹੋ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਸੀ, 10 ਦੂਜੇ ਪਾਸੇ, ਤੁਸੀਂ ਇਸ ਘਰ ਵਿਚ ਜਿਸ ਨਾਲ ਮੇਰਾ ਨਾਂ ਜੁੜਿਆ ਹੈ, ਮੇਰੇ ਸਾਮ੍ਹਣੇ ਖੜ੍ਹੇ ਹੋ ਕੇ ਇਹ ਕਹਿੰਦੇ ਹੋ, ‘ਅਸੀਂ ਬਚ ਜਾਵਾਂਗੇ।’ ਤੁਹਾਨੂੰ ਕੀ ਲੱਗਦਾ ਕਿ ਇਹ ਸਾਰੇ ਘਿਣਾਉਣੇ ਕੰਮ ਕਰ ਕੇ ਤੁਸੀਂ ਬਚ ਸਕਦੇ ਹੋ? 11 ਕੀ ਮੇਰਾ ਘਰ ਜਿਸ ਨਾਲ ਮੇਰਾ ਨਾਂ ਜੁੜਿਆ ਹੈ, ਤੁਹਾਡੀਆਂ ਨਜ਼ਰਾਂ ਵਿਚ ਲੁਟੇਰਿਆਂ ਦਾ ਅੱਡਾ ਬਣ ਗਿਆ ਹੈ?+ ਮੈਂ ਆਪਣੀ ਅੱਖੀਂ ਇਹ ਸਭ ਦੇਖਿਆ ਹੈ,” ਯਹੋਵਾਹ ਕਹਿੰਦਾ ਹੈ।
12 “‘ਪਰ ਤੁਸੀਂ ਸ਼ੀਲੋਹ ਵਿਚ ਜਾ ਕੇ ਮੇਰੀ ਉਹ ਜਗ੍ਹਾ ਦੇਖੋ+ ਜਿਸ ਨੂੰ ਪਹਿਲਾਂ ਮੈਂ ਆਪਣੇ ਨਾਂ ਦੀ ਮਹਿਮਾ ਲਈ ਚੁਣਿਆ ਸੀ+ ਅਤੇ ਧਿਆਨ ਦਿਓ ਕਿ ਮੈਂ ਆਪਣੀ ਪਰਜਾ ਇਜ਼ਰਾਈਲ ਦੇ ਬੁਰੇ ਕੰਮਾਂ ਕਰਕੇ ਉਸ ਜਗ੍ਹਾ ਨਾਲ ਕੀ ਕੀਤਾ ਸੀ।’+ 13 ਯਹੋਵਾਹ ਕਹਿੰਦਾ ਹੈ, ‘ਪਰ ਤੁਸੀਂ ਇਹ ਸਭ ਬੁਰੇ ਕੰਮ ਕਰਦੇ ਰਹੇ। ਭਾਵੇਂ ਮੈਂ ਤੁਹਾਨੂੰ ਵਾਰ-ਵਾਰ* ਸਮਝਾਉਂਦਾ ਰਿਹਾ, ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ।+ ਮੈਂ ਤੁਹਾਨੂੰ ਬੁਲਾਉਂਦਾ ਰਿਹਾ, ਪਰ ਤੁਸੀਂ ਮੈਨੂੰ ਕੋਈ ਜਵਾਬ ਨਹੀਂ ਦਿੱਤਾ।+ 14 ਇਸ ਲਈ ਜੋ ਕੁਝ ਮੈਂ ਸ਼ੀਲੋਹ ਨਾਲ ਕੀਤਾ, ਉਹੀ ਸਭ ਕੁਝ ਮੈਂ ਇਸ ਘਰ ਨਾਲ ਕਰਾਂਗਾ ਜਿਸ ਨਾਲ ਮੇਰਾ ਨਾਂ ਜੁੜਿਆ ਹੈ+ ਅਤੇ ਜਿਸ ʼਤੇ ਤੁਸੀਂ ਭਰੋਸਾ ਕਰਦੇ ਹੋ।+ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਜੋ ਦੇਸ਼ ਦਿੱਤਾ ਹੈ, ਉਸ ਨਾਲ ਵੀ ਮੈਂ ਇਸੇ ਤਰ੍ਹਾਂ ਕਰਾਂਗਾ।+ 15 ਮੈਂ ਤੁਹਾਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿਆਂਗਾ, ਠੀਕ ਜਿਵੇਂ ਮੈਂ ਤੁਹਾਡੇ ਸਾਰੇ ਭਰਾਵਾਂ ਨੂੰ ਯਾਨੀ ਇਫ਼ਰਾਈਮ ਦੀ ਸਾਰੀ ਔਲਾਦ ਨੂੰ ਦੂਰ ਕਰ ਦਿੱਤਾ ਸੀ।’+
16 “ਤੂੰ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰ। ਤੂੰ ਇਨ੍ਹਾਂ ਦੀ ਖ਼ਾਤਰ ਫ਼ਰਿਆਦ ਜਾਂ ਪ੍ਰਾਰਥਨਾ ਨਾ ਕਰ ਜਾਂ ਮੇਰੇ ਸਾਮ੍ਹਣੇ ਤਰਲੇ-ਮਿੰਨਤਾਂ ਨਾ ਕਰ+ ਕਿਉਂਕਿ ਮੈਂ ਤੇਰੀ ਇਕ ਨਹੀਂ ਸੁਣਾਂਗਾ।+ 17 ਕੀ ਤੂੰ ਨਹੀਂ ਦੇਖਦਾ ਕਿ ਉਹ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਕੀ ਕਰ ਰਹੇ ਹਨ? 18 ਪੁੱਤਰ ਲੱਕੜਾਂ ਇਕੱਠੀਆਂ ਕਰ ਰਹੇ ਹਨ, ਪਿਤਾ ਅੱਗ ਬਾਲ਼ ਰਹੇ ਹਨ ਅਤੇ ਮਾਵਾਂ ਆਟਾ ਗੁੰਨ੍ਹ ਕੇ ਆਕਾਸ਼ ਦੀ ਰਾਣੀ* ਨੂੰ ਚੜ੍ਹਾਉਣ ਲਈ ਟਿੱਕੀਆਂ ਬਣਾ ਰਹੀਆਂ ਹਨ।+ ਉਹ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਚੜ੍ਹਾ ਰਹੇ ਹਨ। ਇਹ ਸਭ ਕਰ ਕੇ ਉਹ ਮੇਰਾ ਗੁੱਸਾ ਭੜਕਾ ਰਹੇ ਹਨ।+ 19 ਯਹੋਵਾਹ ਕਹਿੰਦਾ ਹੈ, ‘ਕੀ ਇੱਦਾਂ ਕਰ ਕੇ ਉਹ ਮੈਨੂੰ ਦੁੱਖ* ਦੇ ਰਹੇ ਹਨ? ਨਹੀਂ, ਸਗੋਂ ਉਹ ਖ਼ੁਦ ਨੂੰ ਦੁੱਖ ਦੇ ਰਹੇ ਹਨ। ਉਹ ਆਪਣੇ ਆਪ ਨੂੰ ਬੇਇੱਜ਼ਤ ਕਰ ਰਹੇ ਹਨ।’+ 20 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਦੇਖ, ਮੇਰਾ ਗੁੱਸਾ ਅਤੇ ਮੇਰਾ ਕ੍ਰੋਧ ਇਸ ਸ਼ਹਿਰ, ਇਨਸਾਨਾਂ ਅਤੇ ਜਾਨਵਰਾਂ, ਫਲਦਾਰ ਦਰਖ਼ਤਾਂ ਅਤੇ ਜ਼ਮੀਨ ਦੀ ਪੈਦਾਵਾਰ ʼਤੇ ਵਰ੍ਹੇਗਾ;+ ਮੇਰੇ ਗੁੱਸੇ ਦੀ ਅੱਗ ਬਲ਼ੇਗੀ ਅਤੇ ਇਹ ਬੁਝੇਗੀ ਨਹੀਂ।’+
21 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਜਾਓ ਅਤੇ ਹੋਮ-ਬਲ਼ੀਆਂ ਦੇ ਨਾਲ-ਨਾਲ ਹੋਰ ਜਿੰਨੀਆਂ ਮਰਜ਼ੀ ਬਲ਼ੀਆਂ ਚੜ੍ਹਾਓ ਅਤੇ ਉਨ੍ਹਾਂ ਦਾ ਮਾਸ ਖਾਓ।+ 22 ਜਿਸ ਦਿਨ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਮੈਂ ਨਾ ਤਾਂ ਉਨ੍ਹਾਂ ਨਾਲ ਹੋਮ-ਬਲ਼ੀਆਂ ਅਤੇ ਹੋਰ ਬਲ਼ੀਆਂ ਬਾਰੇ ਗੱਲ ਕੀਤੀ ਸੀ ਅਤੇ ਨਾ ਹੀ ਬਲੀਆਂ ਚੜ੍ਹਾਉਣ ਦਾ ਹੁਕਮ ਦਿੱਤਾ ਸੀ।+ 23 ਪਰ ਮੈਂ ਉਨ੍ਹਾਂ ਨੂੰ ਇਹ ਹੁਕਮ ਜ਼ਰੂਰ ਦਿੱਤਾ ਸੀ: “ਤੁਸੀਂ ਮੇਰਾ ਕਹਿਣਾ ਮੰਨੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਅਤੇ ਤੁਸੀਂ ਮੇਰੇ ਲੋਕ ਹੋਵੋਗੇ।+ ਮੈਂ ਤੁਹਾਨੂੰ ਜਿਸ ਰਾਹ ʼਤੇ ਚੱਲਣ ਦਾ ਹੁਕਮ ਦਿਆਂਗਾ, ਤੁਸੀਂ ਉਸ ਰਾਹ ʼਤੇ ਚੱਲਿਓ ਤਾਂਕਿ ਤੁਹਾਡਾ ਭਲਾ ਹੋਵੇ।”’+ 24 ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ,+ ਸਗੋਂ ਉਹ ਆਪਣੀਆਂ ਜੁਗਤਾਂ* ਮੁਤਾਬਕ ਚੱਲੇ ਅਤੇ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਅਨੁਸਾਰ ਚੱਲੇ+ ਜਿਸ ਕਰਕੇ ਉਹ ਅੱਗੇ ਵਧਣ ਦੀ ਬਜਾਇ ਪਿੱਛੇ ਮੁੜ ਗਏ। 25 ਨਾਲੇ ਜਿਸ ਦਿਨ ਤੁਹਾਡੇ ਪਿਉ-ਦਾਦੇ ਮਿਸਰ ਵਿੱਚੋਂ ਨਿਕਲੇ ਸਨ, ਉਸ ਦਿਨ ਤੋਂ ਲੈ ਕੇ ਹੁਣ ਤਕ ਤੁਸੀਂ ਇੱਦਾਂ ਹੀ ਕਰਦੇ ਆਏ ਹੋ।+ ਇਸ ਲਈ ਮੈਂ ਆਪਣੇ ਸਾਰੇ ਸੇਵਕਾਂ, ਹਾਂ, ਨਬੀਆਂ ਨੂੰ ਤੁਹਾਡੇ ਕੋਲ ਭੇਜਦਾ ਰਿਹਾ। ਮੈਂ ਉਨ੍ਹਾਂ ਨੂੰ ਹਰ ਦਿਨ, ਵਾਰ-ਵਾਰ* ਤੁਹਾਡੇ ਕੋਲ ਭੇਜਦਾ ਰਿਹਾ।+ 26 ਪਰ ਉਨ੍ਹਾਂ ਨੇ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਨੇ ਮੇਰੀ ਗੱਲ ਵੱਲ ਕੰਨ ਨਹੀਂ ਲਾਇਆ,+ ਸਗੋਂ ਉਹ ਢੀਠ ਹੋ ਗਏ* ਅਤੇ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਨਾਲੋਂ ਵੀ ਜ਼ਿਆਦਾ ਦੁਸ਼ਟ ਕੰਮ ਕੀਤੇ!
27 “ਤੂੰ ਉਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਦੱਸੇਂਗਾ,+ ਪਰ ਉਹ ਤੇਰੀ ਇਕ ਵੀ ਨਹੀਂ ਸੁਣਨਗੇ। ਤੂੰ ਉਨ੍ਹਾਂ ਨੂੰ ਬੁਲਾਏਂਗਾ, ਪਰ ਉਹ ਤੈਨੂੰ ਕੋਈ ਜਵਾਬ ਨਹੀਂ ਦੇਣਗੇ। 28 ਤੂੰ ਉਨ੍ਹਾਂ ਨੂੰ ਕਹੇਂਗਾ, ‘ਇਹੀ ਉਹ ਕੌਮ ਹੈ ਜਿਸ ਨੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਅਤੇ ਉਸ ਵੱਲੋਂ ਦਿੱਤਾ ਅਨੁਸ਼ਾਸਨ ਕਬੂਲ ਨਹੀਂ ਕੀਤਾ। ਇਸ ਦੇਸ਼ ਵਿੱਚੋਂ ਵਫ਼ਾਦਾਰੀ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੈ ਅਤੇ ਉਹ ਵਫ਼ਾਦਾਰੀ ਦਾ ਜ਼ਿਕਰ ਤਕ ਨਹੀਂ ਕਰਦੇ।’+
29 “ਆਪਣੇ ਲੰਬੇ* ਵਾਲ਼ ਕਟਵਾ ਕੇ ਸੁੱਟ ਦੇ ਅਤੇ ਪਹਾੜੀਆਂ ʼਤੇ ਜਾ ਕੇ ਵਿਰਲਾਪ* ਦਾ ਗੀਤ ਗਾ ਕਿਉਂਕਿ ਯਹੋਵਾਹ ਨੇ ਇਸ ਪੀੜ੍ਹੀ ਨੂੰ ਠੁਕਰਾ ਦਿੱਤਾ ਹੈ। ਪਰਮੇਸ਼ੁਰ ਇਸ ਨੂੰ ਤਿਆਗ ਦੇਵੇਗਾ ਕਿਉਂਕਿ ਇਸ ਨੇ ਉਸ ਦਾ ਗੁੱਸਾ ਭੜਕਾਇਆ ਹੈ। 30 ਯਹੋਵਾਹ ਕਹਿੰਦਾ ਹੈ, ‘ਯਹੂਦਾਹ ਦੇ ਲੋਕਾਂ ਨੇ ਮੇਰੀਆਂ ਨਜ਼ਰਾਂ ਵਿਚ ਬੁਰੇ ਕੰਮ ਕੀਤੇ ਹਨ ਅਤੇ ਉਨ੍ਹਾਂ ਨੇ ਉਸ ਘਰ ਵਿਚ ਜਿਸ ਨਾਲ ਮੇਰਾ ਨਾਂ ਜੁੜਿਆ ਹੈ, ਘਿਣਾਉਣੀਆਂ ਮੂਰਤਾਂ ਖੜ੍ਹੀਆਂ ਕਰ ਕੇ ਮੇਰੇ ਘਰ ਨੂੰ ਭ੍ਰਿਸ਼ਟ ਕੀਤਾ ਹੈ।+ 31 ਉਨ੍ਹਾਂ ਨੇ ਆਪਣੇ ਧੀਆਂ-ਪੁੱਤਰਾਂ ਨੂੰ ਅੱਗ ਵਿਚ ਸਾੜਨ ਲਈ+ ਹਿੰਨੋਮ ਦੇ ਪੁੱਤਰ ਦੀ ਵਾਦੀ*+ ਵਿਚ ਤੋਫਥ ਦੀਆਂ ਉੱਚੀਆਂ ਥਾਵਾਂ ਬਣਾਈਆਂ। ਮੈਂ ਅਜਿਹਾ ਕਰਨ ਦਾ ਨਾ ਤਾਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਤੇ ਨਾ ਹੀ ਕਦੇ ਇਸ ਦਾ ਖ਼ਿਆਲ ਮੇਰੇ ਮਨ ਵਿਚ ਆਇਆ ਸੀ।’+
32 “‘ਇਸ ਲਈ ਦੇਖ, ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ, ‘ਜਦ ਇਸ ਨੂੰ ਤੋਫਥ ਜਾਂ ਹਿੰਨੋਮ ਦੇ ਪੁੱਤਰ ਦੀ ਵਾਦੀ* ਨਹੀਂ, ਸਗੋਂ ਕਤਲੇਆਮ ਦੀ ਵਾਦੀ ਕਿਹਾ ਜਾਵੇਗਾ। ਉਹ ਤੋਫਥ ਵਿਚ ਤਦ ਤਕ ਲਾਸ਼ਾਂ ਨੂੰ ਦਫ਼ਨਾਉਣਗੇ ਜਦ ਤਕ ਸਾਰੀ ਜਗ੍ਹਾ ਭਰ ਨਹੀਂ ਜਾਂਦੀ।+ 33 ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਆਕਾਸ਼ ਦੇ ਪੰਛੀ ਅਤੇ ਧਰਤੀ ਦੇ ਜਾਨਵਰ ਖਾਣਗੇ ਅਤੇ ਉਨ੍ਹਾਂ ਨੂੰ ਡਰਾ ਕੇ ਭਜਾਉਣ ਵਾਲਾ ਕੋਈ ਨਹੀਂ ਹੋਵੇਗਾ।+ 34 ਮੈਂ ਸਾਰੇ ਦੇਸ਼ ਨੂੰ ਖੰਡਰ ਬਣਾ ਦਿਆਂਗਾ+ ਜਿਸ ਕਰਕੇ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼, ਲਾੜੇ ਦੀ ਆਵਾਜ਼ ਤੇ ਲਾੜੀ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ।’”+