ਅਧਿਆਇ 2
‘ਤੁਸੀਂ ਮੇਰੇ ਬਾਰੇ ਗਵਾਹੀ ਦਿਓਗੇ’
ਯਿਸੂ ਨੇ ਆਪਣੇ ਰਸੂਲਾਂ ਨੂੰ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਨ ਲਈ ਤਿਆਰ ਕੀਤਾ
ਰਸੂਲਾਂ ਦੇ ਕੰਮ 1:1-26 ਵਿੱਚੋਂ
1-3. ਯਿਸੂ ਆਪਣੇ ਰਸੂਲਾਂ ਤੋਂ ਕਿਵੇਂ ਵਿਦਾ ਹੋਇਆ ਅਤੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
ਯਿਸੂ ਕੁਝ ਹਫ਼ਤਿਆਂ ਤੋਂ ਆਪਣੇ ਰਸੂਲਾਂ ਨਾਲ ਹੈ। ਉਨ੍ਹਾਂ ਨੇ ਯਿਸੂ ਨਾਲ ਰਲ਼ ਕੇ ਵਧੀਆ ਸਮਾਂ ਗੁਜ਼ਾਰਿਆ ਤੇ ਉਹ ਚਾਹੁੰਦੇ ਹਨ ਕਿ ਯਿਸੂ ਉਨ੍ਹਾਂ ਦੇ ਨਾਲ ਰਹੇ। ਯਿਸੂ ਦੇ ਮਰਨ ʼਤੇ ਉਹ ਗਮ ਵਿਚ ਡੁੱਬ ਗਏ ਸਨ, ਪਰ ਉਸ ਨੂੰ ਦੁਬਾਰਾ ਜੀਉਂਦਾ ਦੇਖ ਕੇ ਉਨ੍ਹਾਂ ਦੀ ਗਮੀ ਖ਼ੁਸ਼ੀ ਵਿਚ ਬਦਲ ਗਈ ਹੈ। ਯਿਸੂ 40 ਦਿਨਾਂ ਤੋਂ ਆਪਣੇ ਚੇਲਿਆਂ ਅੱਗੇ ਵਾਰ-ਵਾਰ ਪ੍ਰਗਟ ਹੋਇਆ ਹੈ ਅਤੇ ਉਨ੍ਹਾਂ ਨੂੰ ਹੋਰ ਸਿੱਖਿਆ ਤੇ ਹੌਸਲਾ ਦੇ ਰਿਹਾ ਹੈ। ਪਰ ਅੱਜ ਇਹ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਹੈ।
2 ਰਸੂਲ ਯਿਸੂ ਨਾਲ ਜ਼ੈਤੂਨ ਪਹਾੜ ਉੱਤੇ ਖੜ੍ਹੇ ਹਨ ਅਤੇ ਉਸ ਦੀ ਹਰ ਗੱਲ ਕੰਨ ਲਾ ਕੇ ਸੁਣ ਰਹੇ ਹਨ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਮਾਂ ਕਿੰਨੀ ਛੇਤੀ ਬੀਤ ਗਿਆ। ਯਿਸੂ ਆਪਣੀ ਗੱਲ ਖ਼ਤਮ ਕਰਨ ਤੋਂ ਬਾਅਦ ਆਪਣੇ ਹੱਥ ਚੁੱਕ ਕੇ ਉਨ੍ਹਾਂ ਨੂੰ ਅਸੀਸ ਦਿੰਦਾ ਹੈ। ਫਿਰ ਉਹ ਧਰਤੀ ਤੋਂ ਉੱਪਰ ਆਕਾਸ਼ ਵੱਲ ਨੂੰ ਜਾਣਾ ਸ਼ੁਰੂ ਕਰ ਦਿੰਦਾ ਹੈ। ਉਸ ਦੇ ਚੇਲੇ ਉਸ ਨੂੰ ਉੱਪਰ ਵੱਲ ਜਾਂਦਿਆਂ ਦੇਖ ਰਹੇ ਹਨ। ਫਿਰ ਬੱਦਲ ਯਿਸੂ ਨੂੰ ਢੱਕ ਲੈਂਦਾ ਹੈ ਅਤੇ ਉਹ ਉਨ੍ਹਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਜਾਂਦਾ ਹੈ। ਭਾਵੇਂ ਉਹ ਜਾ ਚੁੱਕਾ ਹੈ, ਪਰ ਚੇਲੇ ਹਾਲੇ ਵੀ ਆਕਾਸ਼ ਵੱਲ ਇਕ ਟਕ ਦੇਖਦੇ ਰਹਿੰਦੇ ਹਨ।—ਲੂਕਾ 24:50; ਰਸੂ. 1:9, 10.
3 ਇਸ ਆਖ਼ਰੀ ਮੁਲਾਕਾਤ ਨੇ ਯਿਸੂ ਦੇ ਰਸੂਲਾਂ ਦੀ ਜ਼ਿੰਦਗੀ ਦਾ ਰੁਖ ਹੀ ਬਦਲ ਦਿੱਤਾ। ਆਪਣੇ ਮਾਲਕ ਯਿਸੂ ਮਸੀਹ ਦੇ ਸਵਰਗ ਚਲੇ ਜਾਣ ਤੋਂ ਬਾਅਦ ਉਹ ਹੁਣ ਕੀ ਕਰਨਗੇ? ਇਹ ਗੱਲ ਤਾਂ ਪੱਕੀ ਹੈ ਕਿ ਉਨ੍ਹਾਂ ਦੇ ਮਾਲਕ ਨੇ ਜੋ ਕੰਮ ਸ਼ੁਰੂ ਕੀਤਾ ਸੀ, ਉਸ ਕੰਮ ਲਈ ਉਹ ਉਨ੍ਹਾਂ ਨੂੰ ਤਿਆਰ ਕਰ ਕੇ ਗਿਆ ਹੈ। ਉਸ ਨੇ ਉਨ੍ਹਾਂ ਨੂੰ ਇਸ ਜ਼ਰੂਰੀ ਕੰਮ ਲਈ ਕਿਵੇਂ ਤਿਆਰ ਕੀਤਾ ਅਤੇ ਉਨ੍ਹਾਂ ਨੇ ਇਸ ਕੰਮ ਬਾਰੇ ਕਿਹੋ ਜਿਹਾ ਰਵੱਈਆ ਦਿਖਾਇਆ? ਅੱਜ ਮਸੀਹੀਆਂ ਲਈ ਇਸ ਬਾਰੇ ਜਾਣਨਾ ਕਿਉਂ ਜ਼ਰੂਰੀ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਰਸੂਲਾਂ ਦੇ ਕੰਮ ਦੀ ਕਿਤਾਬ ਦੇ ਪਹਿਲੇ ਅਧਿਆਇ ਵਿਚ ਮਿਲਦੇ ਹਨ।
“ਕਈ ਤਰੀਕਿਆਂ ਨਾਲ . . . ਪੱਕਾ ਸਬੂਤ ਦਿੱਤਾ” (ਰਸੂ. 1:1-5)
4. ਲੂਕਾ ਰਸੂਲਾਂ ਦੇ ਕੰਮ ਦੀ ਕਿਤਾਬ ਕਿਵੇਂ ਸ਼ੁਰੂ ਕਰਦਾ ਹੈ?
4 ਲੂਕਾ ਰਸੂਲਾਂ ਦੇ ਕੰਮ ਦੀ ਕਿਤਾਬ ਥਿਉਫ਼ਿਲੁਸ ਦਾ ਨਾਂ ਲੈ ਕੇ ਲਿਖਣੀ ਸ਼ੁਰੂ ਕਰਦਾ ਹੈ। ਲੂਕਾ ਨੇ ਇਸੇ ਆਦਮੀ ਨੂੰ ਆਪਣੀ ਇੰਜੀਲ ਵੀ ਲਿਖੀ ਸੀ।a ਲੂਕਾ ਉਨ੍ਹਾਂ ਗੱਲਾਂ ਦਾ ਨਿਚੋੜ ਰਸੂਲਾਂ ਦੇ ਕੰਮ ਦੀ ਕਿਤਾਬ ਦੇ ਸ਼ੁਰੂ ਵਿਚ ਦਿੰਦਾ ਹੈ ਜੋ ਉਸ ਨੇ ਆਪਣੀ ਇੰਜੀਲ ਦੇ ਅਖ਼ੀਰ ਵਿਚ ਲਿਖੀਆਂ ਸਨ। ਉਹ ਇਹ ਜਾਣਕਾਰੀ ਵੱਖਰੇ ਢੰਗ ਨਾਲ ਪੇਸ਼ ਕਰਦਾ ਹੈ ਅਤੇ ਇਸ ਦੇ ਨਾਲ-ਨਾਲ ਨਵੀਂ ਜਾਣਕਾਰੀ ਵੀ ਦਿੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਲੂਕਾ ਆਪਣੀ ਇੰਜੀਲ ਵਿਚ ਦਰਜ ਘਟਨਾਵਾਂ ਦਾ ਵੇਰਵਾ ਰਸੂਲਾਂ ਦੀ ਕਿਤਾਬ ਵਿਚ ਜਾਰੀ ਰੱਖਦਾ ਹੈ।
5, 6. (ੳ) ਕਿਹੜੀ ਗੱਲ ਕਰਕੇ ਯਿਸੂ ਦੇ ਚੇਲਿਆਂ ਦੀ ਨਿਹਚਾ ਮਜ਼ਬੂਤ ਰਹੇਗੀ? (ਅ) ਅੱਜ ਮਸੀਹੀਆਂ ਦੀ ਨਿਹਚਾ ਵੀ ਕਿਹੜੇ ‘ਪੱਕੇ ਸਬੂਤਾਂ’ ਉੱਤੇ ਆਧਾਰਿਤ ਹੈ?
5 ਆਉਣ ਵਾਲੇ ਸਮੇਂ ਵਿਚ ਕਿਹੜੀ ਗੱਲ ਯਿਸੂ ਦੇ ਚੇਲਿਆਂ ਦੀ ਆਪਣੀ ਨਿਹਚਾ ਮਜ਼ਬੂਤ ਰੱਖਣ ਵਿਚ ਮਦਦ ਕਰੇਗੀ? ਰਸੂਲਾਂ ਦੇ ਕੰਮ 1:3 ਵਿਚ ਅਸੀਂ ਯਿਸੂ ਬਾਰੇ ਪੜ੍ਹਦੇ ਹਾਂ: “ਉਸ ਨੇ ਕਈ ਤਰੀਕਿਆਂ ਨਾਲ ਰਸੂਲਾਂ ਸਾਮ੍ਹਣੇ ਪ੍ਰਗਟ ਹੋ ਕੇ ਪੱਕਾ ਸਬੂਤ ਦਿੱਤਾ ਕਿ ਉਹ ਦੁਬਾਰਾ ਜੀਉਂਦਾ ਹੋ ਗਿਆ ਸੀ।” ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਪੱਕਾ ਸਬੂਤ” ਕੀਤਾ ਗਿਆ ਹੈ, ਉਹ ਸ਼ਬਦ ਬਾਈਬਲ ਵਿਚ ਸਿਰਫ਼ ‘ਪਿਆਰੇ ਹਕੀਮ’ ਲੂਕਾ ਨੇ ਹੀ ਵਰਤਿਆ ਸੀ। (ਕੁਲੁ. 4:14) ਇਹ ਸ਼ਬਦ ਡਾਕਟਰੀ ਲਿਖਤਾਂ ਵਿਚ ਉਨ੍ਹਾਂ ਸਬੂਤਾਂ ਲਈ ਵਰਤਿਆ ਜਾਂਦਾ ਸੀ ਜੋ ਠੋਸ ਤੇ ਭਰੋਸੇਯੋਗ ਹੁੰਦੇ ਸਨ। ਯਿਸੂ ਨੇ ਵੀ ਆਪਣੇ ਦੁਬਾਰਾ ਜੀਉਂਦਾ ਹੋਣ ਦਾ ਠੋਸ ਤੇ ਭਰੋਸੇਯੋਗ ਸਬੂਤ ਦਿੱਤਾ ਸੀ। ਉਹ ਬਹੁਤ ਵਾਰ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ। ਕਈ ਵਾਰ ਇਕ-ਦੋ ਰਸੂਲਾਂ ਸਾਮ੍ਹਣੇ, ਕਈ ਵਾਰ ਸਾਰੇ ਰਸੂਲਾਂ ਸਾਮ੍ਹਣੇ ਅਤੇ ਇਕ ਵਾਰ 500 ਤੋਂ ਜ਼ਿਆਦਾ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ ਸੀ। (1 ਕੁਰਿੰ. 15:3-6) ਵਾਕਈ ਇਹ ਪੱਕਾ ਸਬੂਤ ਸੀ!
6 ਅੱਜ ਸੱਚੇ ਮਸੀਹੀਆਂ ਦੀ ਨਿਹਚਾ ਵੀ ‘ਪੱਕੇ ਸਬੂਤਾਂ’ ਉੱਤੇ ਆਧਾਰਿਤ ਹੈ। ਕੀ ਕੋਈ ਸਬੂਤ ਹੈ ਕਿ ਯਿਸੂ ਧਰਤੀ ਉੱਤੇ ਆਇਆ ਸੀ, ਸਾਡੇ ਪਾਪਾਂ ਦੀ ਖ਼ਾਤਰ ਮਰਿਆ ਸੀ ਅਤੇ ਜੀਉਂਦਾ ਹੋਇਆ ਸੀ? ਹਾਂ, ਬਿਲਕੁਲ ਹੈ! ਪਰਮੇਸ਼ੁਰ ਦੇ ਬਚਨ ਵਿਚ ਕਈ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੇ ਆਪਣੀ ਅੱਖੀਂ ਯਿਸੂ ਦੇ ਕੰਮ ਦੇਖੇ ਸਨ ਤੇ ਉਸ ਦੀਆਂ ਗੱਲਾਂ ਸੁਣੀਆਂ ਸਨ। ਉਨ੍ਹਾਂ ਦੀ ਗਵਾਹੀ ਸਾਡੇ ਲਈ ਪੱਕੇ ਸਬੂਤ ਹਨ। ਇਸ ਲਈ ਸਾਨੂੰ ਇਨ੍ਹਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਨਾਲ ਸਾਡੀ ਨਿਹਚਾ ਮਜ਼ਬੂਤ ਹੋਵੇਗੀ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਪੱਕੇ ਸਬੂਤ ਹੋਣ ਨਾਲ ਅਸੀਂ ਅੱਖਾਂ ਬੰਦ ਕਰ ਕੇ ਵਿਸ਼ਵਾਸ ਕਰਨ ਦੀ ਬਜਾਇ ਦਿਲੋਂ ਨਿਹਚਾ ਕਰ ਸਕਦੇ ਹਾਂ। ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਦਿਲੋਂ ਨਿਹਚਾ ਕਰਨੀ ਬਹੁਤ ਜ਼ਰੂਰੀ ਹੈ।—ਯੂਹੰ. 3:16.
7. ਯਿਸੂ ਨੇ ਆਪਣੇ ਚੇਲਿਆਂ ਲਈ ਸਿੱਖਿਆ ਦੇਣ ਅਤੇ ਪ੍ਰਚਾਰ ਕਰਨ ਵਿਚ ਕਿਹੜੀ ਮਿਸਾਲ ਕਾਇਮ ਕੀਤੀ?
7 ਯਿਸੂ ਉਨ੍ਹਾਂ ਨੂੰ “ਪਰਮੇਸ਼ੁਰ ਦੇ ਰਾਜ ਬਾਰੇ ਦੱਸਦਾ ਰਿਹਾ।” ਮਿਸਾਲ ਲਈ, ਉਸ ਨੇ ਭਵਿੱਖਬਾਣੀਆਂ ਦਾ ਮਤਲਬ ਖੋਲ੍ਹ ਕੇ ਸਮਝਾਇਆ ਕਿ ਮਸੀਹ ਲਈ ਦੁੱਖ ਝੱਲਣੇ ਅਤੇ ਮਰਨਾ ਜ਼ਰੂਰੀ ਸੀ। (ਲੂਕਾ 24:13-32, 46, 47) ਮਸੀਹ ਵਜੋਂ ਆਪਣੀ ਭੂਮਿਕਾ ਬਾਰੇ ਸਮਝਾਉਣ ਦੇ ਨਾਲ-ਨਾਲ ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਵੀ ਦੱਸਿਆ ਕਿਉਂਕਿ ਉਸ ਨੂੰ ਰਾਜਾ ਚੁਣਿਆ ਗਿਆ ਸੀ। ਉਹ ਹਮੇਸ਼ਾ ਇਸ ਰਾਜ ਦਾ ਪ੍ਰਚਾਰ ਕਰਦਾ ਸੀ ਅਤੇ ਅੱਜ ਉਸ ਦੇ ਚੇਲੇ ਵੀ ਇਹੀ ਪ੍ਰਚਾਰ ਕਰਦੇ ਹਨ।—ਮੱਤੀ 24:14; ਲੂਕਾ 4:43.
“ਧਰਤੀ ਦੇ ਕੋਨੇ-ਕੋਨੇ ਵਿਚ” (ਰਸੂ. 1:6-12)
8, 9. (ੳ) ਯਿਸੂ ਦੇ ਰਸੂਲ ਕਿਹੜੇ ਦੋ ਗ਼ਲਤ ਵਿਚਾਰ ਰੱਖਦੇ ਸਨ? (ਅ) ਯਿਸੂ ਨੇ ਉਨ੍ਹਾਂ ਦੀ ਸੋਚ ਕਿਵੇਂ ਸੁਧਾਰੀ ਅਤੇ ਅੱਜ ਮਸੀਹੀ ਇਸ ਤੋਂ ਕੀ ਸਿੱਖਦੇ ਹਨ?
8 ਜਦੋਂ ਰਸੂਲ ਯਿਸੂ ਦੇ ਨਾਲ ਜ਼ੈਤੂਨ ਪਹਾੜ ʼਤੇ ਇਕੱਠੇ ਹੋਏ ਸਨ, ਤਾਂ ਇਹ ਧਰਤੀ ਉੱਤੇ ਯਿਸੂ ਨਾਲ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਸੀ। ਉਨ੍ਹਾਂ ਨੇ ਬੇਸਬਰੇ ਹੋ ਕੇ ਪੁੱਛਿਆ: “ਪ੍ਰਭੂ, ਕੀ ਤੂੰ ਇਸੇ ਸਮੇਂ ਇਜ਼ਰਾਈਲ ਦਾ ਰਾਜ ਮੁੜ ਸਥਾਪਿਤ ਕਰ ਰਿਹਾ ਹੈਂ?” (ਰਸੂ. 1:6) ਇਸ ਸਵਾਲ ਤੋਂ ਪਤਾ ਲੱਗਦਾ ਹੈ ਕਿ ਰਸੂਲ ਦੋ ਗ਼ਲਤ ਵਿਚਾਰ ਰੱਖਦੇ ਸਨ। ਪਹਿਲਾ, ਉਹ ਸੋਚਦੇ ਸਨ ਕਿ ਪਰਮੇਸ਼ੁਰ ਦਾ ਰਾਜ ਪੈਦਾਇਸ਼ੀ ਇਜ਼ਰਾਈਲੀ ਕੌਮ ਨੂੰ ਦੁਬਾਰਾ ਦਿੱਤਾ ਜਾਵੇਗਾ। ਦੂਸਰਾ, ਉਹ ਸੋਚਦੇ ਸਨ ਕਿ ਇਹ ਰਾਜ ਉਸੇ ਸਮੇਂ ਸ਼ੁਰੂ ਹੋਵੇਗਾ। ਯਿਸੂ ਨੇ ਉਨ੍ਹਾਂ ਦੀ ਸੋਚ ਕਿਵੇਂ ਸੁਧਾਰੀ?
9 ਯਿਸੂ ਸ਼ਾਇਦ ਜਾਣਦਾ ਸੀ ਕਿ ਉਨ੍ਹਾਂ ਦੇ ਪਹਿਲੇ ਵਿਚਾਰ ਨੂੰ ਜਲਦੀ ਹੀ ਸੁਧਾਰਿਆ ਜਾਵੇਗਾ। ਉਸ ਦੇ ਚੇਲੇ ਦਸ ਦਿਨਾਂ ਬਾਅਦ ਇਕ ਨਵੀਂ ਕੌਮ, ਪਰਮੇਸ਼ੁਰ ਦੇ ਇਜ਼ਰਾਈਲ ਦਾ ਜਨਮ ਦੇਖਣ ਵਾਲੇ ਸਨ। ਪੈਦਾਇਸ਼ੀ ਇਜ਼ਰਾਈਲੀ ਕੌਮ ਨਾਲ ਪਰਮੇਸ਼ੁਰ ਦਾ ਰਿਸ਼ਤਾ ਟੁੱਟਣ ਹੀ ਵਾਲਾ ਸੀ। ਦੂਸਰੇ ਵਿਚਾਰ ਬਾਰੇ ਯਿਸੂ ਨੇ ਪਿਆਰ ਨਾਲ ਉਨ੍ਹਾਂ ਨੂੰ ਯਾਦ ਕਰਾਇਆ: “ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਨਹੀਂ ਹੈ ਕਿ ਮਿਥਿਆ ਹੋਇਆ ਸਮਾਂ ਕਿਹੜਾ ਹੈ। ਸਿਰਫ਼ ਪਿਤਾ ਕੋਲ ਹੀ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਕਿਹੜਾ ਕੰਮ ਕਿਸ ਵੇਲੇ ਕਰਨਾ ਹੈ।” (ਰਸੂ. 1:7) ਯਹੋਵਾਹ ਹਰ ਕੰਮ ਸਮੇਂ ਸਿਰ ਕਰਦਾ ਹੈ। ਮਰਨ ਤੋਂ ਪਹਿਲਾਂ ਇਕ ਵਾਰ ਯਿਸੂ ਨੇ ਆਪ ਕਿਹਾ ਸੀ ਕਿ ਉਸ ਸਮੇਂ ਪੁੱਤਰ ਵੀ ਦੁਨੀਆਂ ਦੇ ਅੰਤ ਦਾ ‘ਦਿਨ ਜਾਂ ਘੜੀ’ ਨਹੀਂ ਜਾਣਦਾ ਸੀ, ਪਰ “ਸਿਰਫ਼ ਪਿਤਾ ਜਾਣਦਾ” ਸੀ। (ਮੱਤੀ 24:36) ਅੱਜ ਵੀ ਮਸੀਹੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਦੁਨੀਆਂ ਦੇ ਅੰਤ ਦੇ ਸਮੇਂ ਬਾਰੇ ਹੱਦੋਂ ਵੱਧ ਚਿੰਤਾ ਕਰਨੀ ਉਨ੍ਹਾਂ ਦਾ ਕੰਮ ਨਹੀਂ ਹੈ।
10. ਸਾਨੂੰ ਰਸੂਲਾਂ ਵਾਂਗ ਕਿਹੋ ਜਿਹਾ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਕਿਉਂ?
10 ਸਾਨੂੰ ਯਿਸੂ ਦੇ ਰਸੂਲਾਂ ਬਾਰੇ ਗ਼ਲਤ ਨਹੀਂ ਸੋਚਣਾ ਚਾਹੀਦਾ ਜਿਨ੍ਹਾਂ ਦੀ ਨਿਹਚਾ ਪੱਕੀ ਸੀ। ਜਦੋਂ ਯਿਸੂ ਨੇ ਉਨ੍ਹਾਂ ਦੀ ਸੋਚ ਨੂੰ ਸੁਧਾਰਿਆ, ਤਾਂ ਉਨ੍ਹਾਂ ਨੇ ਨਿਮਰਤਾ ਨਾਲ ਯਿਸੂ ਦੀ ਗੱਲ ਸੁਣੀ। ਭਾਵੇਂ ਉਨ੍ਹਾਂ ਦੀ ਸੋਚ ਗ਼ਲਤ ਸੀ ਜਿਸ ਕਰਕੇ ਉਨ੍ਹਾਂ ਨੇ ਸਵਾਲ ਪੁੱਛਿਆ, ਪਰ ਇਸ ਤੋਂ ਉਨ੍ਹਾਂ ਦਾ ਚੰਗਾ ਰਵੱਈਆ ਪਤਾ ਲੱਗਦਾ ਹੈ। ਯਿਸੂ ਨੇ ਵਾਰ-ਵਾਰ ਆਪਣੇ ਚੇਲਿਆਂ ਨੂੰ ਤਾਕੀਦ ਕੀਤੀ ਸੀ: “ਖ਼ਬਰਦਾਰ ਰਹੋ।” (ਮੱਤੀ 24:42; 25:13; 26:41) ਇਸ ਲਈ ਉਹ ਖ਼ਬਰਦਾਰ ਸਨ ਤੇ ਬੇਸਬਰੀ ਨਾਲ ਉਡੀਕ ਰਹੇ ਸਨ ਕਿ ਯਹੋਵਾਹ ਕੀ ਕਰਨ ਵਾਲਾ ਸੀ। ਅੱਜ ਸਾਨੂੰ ਵੀ ਇਸੇ ਤਰ੍ਹਾਂ ਦਾ ਰਵੱਈਆ ਰੱਖਣ ਦੀ ਲੋੜ ਹੈ। ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਸਾਨੂੰ ਹੋਰ ਵੀ ਖ਼ਬਰਦਾਰ ਰਹਿਣ ਦੀ ਲੋੜ ਹੈ।—2 ਤਿਮੋ. 3:1-5.
11, 12. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਕੰਮ ਸੌਂਪਿਆ ਸੀ? (ਅ) ਪ੍ਰਚਾਰ ਦਾ ਕੰਮ ਸੌਂਪਣ ਤੋਂ ਪਹਿਲਾਂ ਯਿਸੂ ਨੇ ਪਵਿੱਤਰ ਸ਼ਕਤੀ ਦਾ ਜ਼ਿਕਰ ਕਿਉਂ ਕੀਤਾ ਸੀ?
11 ਯਿਸੂ ਨੇ ਰਸੂਲਾਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ ਕਿਹੜੇ ਕੰਮ ਬਾਰੇ ਧਿਆਨ ਨਾਲ ਸੋਚਣਾ ਚਾਹੀਦਾ ਸੀ। ਉਸ ਨੇ ਕਿਹਾ: “ਜਦੋਂ ਪਵਿੱਤਰ ਸ਼ਕਤੀ ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਸੀਂ ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂ. 1:8) ਯਿਸੂ ਦੇ ਦੁਬਾਰਾ ਜੀਉਂਦਾ ਹੋਣ ਦੀ ਖ਼ਬਰ ਸਭ ਤੋਂ ਪਹਿਲਾਂ ਯਰੂਸ਼ਲਮ ਵਿਚ ਹੀ ਸੁਣਾਈ ਜਾਣੀ ਸੀ ਜਿੱਥੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਉੱਥੋਂ ਇਹ ਖ਼ਬਰ ਸਾਰੇ ਯਹੂਦਿਯਾ ਵਿਚ ਤੇ ਫਿਰ ਸਾਮਰਿਯਾ ਵਿਚ ਅਤੇ ਉਸ ਤੋਂ ਬਾਅਦ ਹਰ ਪਾਸੇ ਸੁਣਾਈ ਜਾਣੀ ਸੀ।
12 ਯਿਸੂ ਨੇ ਪ੍ਰਚਾਰ ਦਾ ਕੰਮ ਸੌਂਪਣ ਤੋਂ ਪਹਿਲਾਂ ਰਸੂਲਾਂ ਨਾਲ ਦੁਬਾਰਾ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਦਿੱਤੀ ਜਾਵੇਗੀ। ਰਸੂਲਾਂ ਦੇ ਕੰਮ ਦੀ ਕਿਤਾਬ ਵਿਚ “ਪਵਿੱਤਰ ਸ਼ਕਤੀ” ਦਾ ਜ਼ਿਕਰ 59 ਵਾਰ ਕੀਤਾ ਗਿਆ ਹੈ। ਇਹ ਕਿਤਾਬ ਵਾਰ-ਵਾਰ ਦੱਸਦੀ ਹੈ ਕਿ ਅਸੀਂ ਪਵਿੱਤਰ ਸ਼ਕਤੀ ਦੀ ਮਦਦ ਤੋਂ ਬਿਨਾਂ ਯਹੋਵਾਹ ਦੀ ਇੱਛਾ ਪੂਰੀ ਨਹੀਂ ਕਰ ਸਕਦੇ। ਇਸ ਲਈ ਪਵਿੱਤਰ ਸ਼ਕਤੀ ਲਈ ਬਾਕਾਇਦਾ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ! (ਲੂਕਾ 11:13) ਅੱਜ ਸਾਨੂੰ ਇਸ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰਤ ਹੈ।
13. ਅੱਜ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਕਿੰਨੀ ਕੁ ਵੱਡੀ ਹੈ ਅਤੇ ਸਾਨੂੰ ਇਹ ਜ਼ਿੰਮੇਵਾਰੀ ਖ਼ੁਸ਼ੀ-ਖ਼ੁਸ਼ੀ ਕਿਉਂ ਸਵੀਕਾਰ ਕਰਨੀ ਚਾਹੀਦੀ ਹੈ?
13 ਜਦੋਂ ਯਿਸੂ ਨੇ ‘ਧਰਤੀ ਦੇ ਕੋਨੇ-ਕੋਨੇ ਵਿਚ ਗਵਾਹੀ ਦੇਣ’ ਦੀ ਗੱਲ ਕੀਤੀ ਸੀ, ਤਾਂ ਉਸ ਵੇਲੇ ਲੋਕ ਅੱਜ ਨਾਲੋਂ ਘੱਟ ਇਲਾਕੇ ਵਿਚ ਰਹਿੰਦੇ ਸਨ। ਪਰ ਹੁਣ ਲੋਕ ਧਰਤੀ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਵੀ ਰਹਿੰਦੇ ਹਨ। ਜਿਵੇਂ ਅਸੀਂ ਪਹਿਲੇ ਅਧਿਆਇ ਵਿਚ ਦੇਖਿਆ ਸੀ, ਯਹੋਵਾਹ ਦੇ ਗਵਾਹਾਂ ਨੇ ਗਵਾਹੀ ਦੇਣ ਦੀ ਜ਼ਿੰਮੇਵਾਰੀ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤੀ ਹੈ। ਉਹ ਜਾਣਦੇ ਹਨ ਕਿ ਪਰਮੇਸ਼ੁਰ ਆਪਣੇ ਰਾਜ ਦੀ ਖ਼ੁਸ਼ ਖ਼ਬਰੀ ਹਰ ਤਰ੍ਹਾਂ ਦੇ ਲੋਕਾਂ ਨੂੰ ਸੁਣਾਉਣੀ ਚਾਹੁੰਦਾ ਹੈ। (1 ਤਿਮੋ. 2:3, 4) ਕੀ ਤੁਸੀਂ ਜ਼ਿੰਦਗੀਆਂ ਬਚਾਉਣ ਦੇ ਇਸ ਕੰਮ ਵਿਚ ਪੂਰੀ ਤਰ੍ਹਾਂ ਲੱਗੇ ਹੋਏ ਹੋ? ਜਿੰਨੀ ਖ਼ੁਸ਼ੀ ਇਸ ਕੰਮ ਤੋਂ ਮਿਲਦੀ ਹੈ, ਉੱਨੀ ਖ਼ੁਸ਼ੀ ਕਿਸੇ ਹੋਰ ਕੰਮ ਤੋਂ ਨਹੀਂ ਮਿਲ ਸਕਦੀ! ਯਹੋਵਾਹ ਤੁਹਾਨੂੰ ਇਹ ਕੰਮ ਕਰਨ ਦੀ ਤਾਕਤ ਦੇਵੇਗਾ। ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਦੱਸਿਆ ਹੈ ਕਿ ਚੰਗੀ ਤਰ੍ਹਾਂ ਗਵਾਹੀ ਦੇਣ ਲਈ ਤੁਸੀਂ ਕਿਹੜੇ-ਕਿਹੜੇ ਤਰੀਕੇ ਵਰਤ ਸਕਦੇ ਹੋ ਅਤੇ ਤੁਹਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ।
14, 15. (ੳ) ਮਸੀਹ ਦੇ ਵਾਪਸ ਆਉਣ ਬਾਰੇ ਦੂਤਾਂ ਨੇ ਕੀ ਕਿਹਾ ਸੀ ਅਤੇ ਉਨ੍ਹਾਂ ਦੇ ਕਹਿਣ ਦਾ ਕੀ ਮਤਲਬ ਸੀ? (ਫੁਟਨੋਟ ਵੀ ਦੇਖੋ।) (ਅ) ਮਸੀਹ “ਉਸੇ ਤਰ੍ਹਾਂ” ਵਾਪਸ ਕਿਵੇਂ ਆਇਆ ਜਿਸ ਤਰ੍ਹਾਂ ਉਹ ਸਵਰਗ ਨੂੰ ਗਿਆ ਸੀ?
14 ਜਿਵੇਂ ਅਸੀਂ ਇਸ ਅਧਿਆਇ ਦੇ ਸ਼ੁਰੂ ਵਿਚ ਦੇਖਿਆ ਸੀ, ਯਿਸੂ ਧਰਤੀ ਤੋਂ ਉੱਪਰ ਆਕਾਸ਼ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ ਅਤੇ ਚੇਲਿਆਂ ਨੂੰ ਦਿਸਣਾ ਬੰਦ ਹੋ ਗਿਆ। ਫਿਰ ਵੀ 11 ਰਸੂਲ ਉੱਥੇ ਖੜ੍ਹੇ ਆਕਾਸ਼ ਵੱਲ ਦੇਖਦੇ ਰਹੇ। ਕੁਝ ਸਮੇਂ ਬਾਅਦ ਦੋ ਦੂਤ ਪ੍ਰਗਟ ਹੋਏ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਕਿਹਾ: “ਗਲੀਲ ਦੇ ਰਹਿਣ ਵਾਲਿਓ, ਤੁਸੀਂ ਆਕਾਸ਼ ਵੱਲ ਕਿਉਂ ਦੇਖੀ ਜਾਂਦੇ ਹੋ? ਇਹ ਯਿਸੂ ਜਿਸ ਨੂੰ ਤੁਹਾਡੇ ਕੋਲੋਂ ਉੱਪਰ ਆਕਾਸ਼ ਨੂੰ ਉਠਾ ਲਿਆ ਗਿਆ ਹੈ, ਉਸੇ ਤਰ੍ਹਾਂ ਵਾਪਸ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਆਕਾਸ਼ ਨੂੰ ਜਾਂਦਿਆਂ ਦੇਖਿਆ ਹੈ।” (ਰਸੂ. 1:11) ਕੀ ਦੂਤਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਯਿਸੂ ਉਸੇ ਸਰੀਰ ਵਿਚ ਵਾਪਸ ਆਵੇਗਾ ਜਿਸ ਵਿਚ ਉਹ ਗਿਆ ਸੀ, ਜਿਵੇਂ ਕੁਝ ਈਸਾਈ ਧਰਮ ਸਿਖਾਉਂਦੇ ਹਨ? ਨਹੀਂ। ਸਾਨੂੰ ਕਿਵੇਂ ਪਤਾ ਲੱਗਦਾ ਹੈ?
15 ਦੂਤਾਂ ਨੇ ਇਹ ਨਹੀਂ ਕਿਹਾ ਸੀ ਕਿ ਯਿਸੂ ਉਸੇ ਸਰੀਰ ਵਿਚ ਵਾਪਸ ਆਵੇਗਾ, ਸਗੋਂ ਕਿਹਾ ਸੀ ਕਿ ਉਹ “ਉਸੇ ਤਰ੍ਹਾਂ ਵਾਪਸ ਆਵੇਗਾ।”b ਉਹ ਕਿਸ ਤਰ੍ਹਾਂ ਵਿਦਾ ਹੋਇਆ ਸੀ? ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਜਦੋਂ ਦੂਤਾਂ ਨੇ ਰਸੂਲਾਂ ਨਾਲ ਗੱਲ ਕੀਤੀ ਸੀ, ਉਸ ਵੇਲੇ ਯਿਸੂ ਉਨ੍ਹਾਂ ਨੂੰ ਦਿਸਣੋਂ ਹਟ ਗਿਆ ਸੀ। ਇਸ ਗੱਲ ਨੂੰ ਸਿਰਫ਼ ਰਸੂਲ ਹੀ ਸਮਝੇ ਸਨ ਕਿ ਯਿਸੂ ਧਰਤੀ ਨੂੰ ਛੱਡ ਕੇ ਸਵਰਗ ਵਿਚ ਆਪਣੇ ਪਿਤਾ ਕੋਲ ਵਾਪਸ ਚਲਾ ਗਿਆ ਸੀ। ਮਸੀਹ ਨੇ ਇਸੇ ਤਰੀਕੇ ਨਾਲ ਵਾਪਸ ਆਉਣਾ ਸੀ ਤੇ ਉਹ ਆਇਆ ਵੀ ਇਸੇ ਤਰੀਕੇ ਨਾਲ। ਅੱਜ ਜਿਹੜੇ ਲੋਕ ਬਾਈਬਲ ਦੀਆਂ ਗੱਲਾਂ ਅਤੇ ਮੌਜੂਦਾ ਸਮਿਆਂ ਦੀ ਅਹਿਮੀਅਤ ਸਮਝਦੇ ਹਨ, ਸਿਰਫ਼ ਉਨ੍ਹਾਂ ਨੂੰ ਹੀ ਪਤਾ ਹੈ ਕਿ ਯਿਸੂ ਰਾਜੇ ਦੇ ਤੌਰ ਤੇ ਹਕੂਮਤ ਕਰ ਰਿਹਾ ਹੈ। (ਲੂਕਾ 17:20) ਸਾਨੂੰ ਇਸ ਸਬੂਤ ਦੀ ਜਾਂਚ ਕਰਨ ਦੀ ਲੋੜ ਹੈ ਕਿ ਉਹ ਵਾਪਸ ਆ ਚੁੱਕਾ ਹੈ ਅਤੇ ਇਸ ਬਾਰੇ ਦੂਸਰਿਆਂ ਨੂੰ ਵੀ ਦੱਸਣਾ ਚਾਹੀਦਾ ਹੈ ਤਾਂਕਿ ਉਹ ਵੀ ਮੌਜੂਦਾ ਸਮਿਆਂ ਦੀ ਅਹਿਮੀਅਤ ਨੂੰ ਸਮਝਣ।
“ਸਾਨੂੰ ਦੱਸ ਕਿ ਤੂੰ . . . ਕਿਸ ਨੂੰ ਚੁਣਿਆ ਹੈ” (ਰਸੂ. 1:13-26)
16-18. (ੳ) ਰਸੂਲਾਂ ਦੇ ਕੰਮ 1:13, 14 ਤੋਂ ਅਸੀਂ ਮਸੀਹੀ ਸਭਾਵਾਂ ਬਾਰੇ ਕੀ ਸਿੱਖਦੇ ਹਾਂ? (ਅ) ਯਿਸੂ ਦੀ ਮਾਤਾ ਮਰੀਅਮ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? (ੲ) ਅੱਜ ਮਸੀਹੀ ਸਭਾਵਾਂ ਵਿਚ ਜਾਣਾ ਕਿਉਂ ਜ਼ਰੂਰੀ ਹੈ?
16 ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਰਸੂਲ “ਖ਼ੁਸ਼ੀ-ਖ਼ੁਸ਼ੀ ਯਰੂਸ਼ਲਮ ਨੂੰ ਮੁੜ ਆਏ।” (ਲੂਕਾ 24:52) ਪਰ ਕੀ ਉਹ ਮਸੀਹ ਦੀ ਸਲਾਹ ਅਤੇ ਹਿਦਾਇਤਾਂ ਮੁਤਾਬਕ ਚੱਲੇ? ਰਸੂਲਾਂ ਦੇ ਕੰਮ 1:13, 14 ਵਿਚ ਅਸੀਂ ਦੇਖਦੇ ਹਾਂ ਕਿ ਰਸੂਲ “ਚੁਬਾਰੇ” ਵਿਚ ਇਕੱਠੇ ਹੋਏ ਸਨ। ਇਸ ਤੋਂ ਸਾਨੂੰ ਸਭਾਵਾਂ ਬਾਰੇ ਦਿਲਚਸਪ ਜਾਣਕਾਰੀ ਮਿਲਦੀ ਹੈ। ਉਸ ਸਮੇਂ ਫਲਸਤੀਨ ਵਿਚ ਆਮ ਤੌਰ ਤੇ ਘਰਾਂ ਦੇ ਚੁਬਾਰੇ ਹੁੰਦੇ ਸਨ ਜਿਨ੍ਹਾਂ ʼਤੇ ਜਾਣ ਲਈ ਘਰਾਂ ਦੇ ਬਾਹਰੋਂ ਪੌੜੀਆਂ ਕੱਢੀਆਂ ਹੁੰਦੀਆਂ ਸਨ। ਜਿਹੜੇ ਚੁਬਾਰੇ ਵਿਚ ਰਸੂਲ ਇਕੱਠੇ ਹੋਏ ਸਨ, ਉਹ ‘ਚੁਬਾਰਾ’ ਸ਼ਾਇਦ ਮਰਕੁਸ ਦੀ ਮਾਤਾ ਦੇ ਘਰ ʼਤੇ ਸੀ ਜਿਸ ਦਾ ਜ਼ਿਕਰ ਰਸੂਲਾਂ ਦੇ ਕੰਮ 12:12 ਵਿਚ ਕੀਤਾ ਗਿਆ ਹੈ। ਜੋ ਵੀ ਸੀ, ਉਹ ਸਾਦਾ ਜਿਹਾ ਕਮਰਾ ਸੀ ਜਿੱਥੇ ਮਸੀਹ ਦੇ ਚੇਲੇ ਇਕੱਠੇ ਹੁੰਦੇ ਸਨ। ਪਰ ਉੱਥੇ ਉਦੋਂ ਕੌਣ-ਕੌਣ ਆਇਆ ਸੀ ਅਤੇ ਉਹ ਸਾਰੇ ਕਿਉਂ ਇਕੱਠੇ ਹੋਏ ਸਨ?
17 ਧਿਆਨ ਦਿਓ ਕਿ ਉੱਥੇ ਸਿਰਫ਼ ਰਸੂਲ ਜਾਂ ਹੋਰ ਆਦਮੀ ਹੀ ਇਕੱਠੇ ਨਹੀਂ ਹੋਏ ਸਨ, ਸਗੋਂ ਉੱਥੇ “ਕੁਝ ਤੀਵੀਆਂ” ਵੀ ਸਨ ਜਿਨ੍ਹਾਂ ਵਿਚ ਯਿਸੂ ਦੀ ਮਾਤਾ ਮਰੀਅਮ ਵੀ ਸੀ। ਬਾਈਬਲ ਵਿਚ ਇੱਥੇ ਮਰੀਅਮ ਦਾ ਆਖ਼ਰੀ ਵਾਰ ਜ਼ਿਕਰ ਕੀਤਾ ਗਿਆ ਹੈ। ਉਸ ਨੂੰ ਉੱਥੇ ਦੇਖ ਕੇ ਸਾਨੂੰ ਹੈਰਾਨੀ ਨਹੀਂ ਹੁੰਦੀ। ਉਹ ਉੱਥੇ ਇਸ ਕਰਕੇ ਨਹੀਂ ਆਈ ਸੀ ਕਿ ਯਿਸੂ ਦੀ ਮਾਤਾ ਹੋਣ ਕਰਕੇ ਸਾਰੇ ਉਸ ਨੂੰ ਸਿਰ-ਅੱਖਾਂ ʼਤੇ ਬਿਠਾਉਣ, ਸਗੋਂ ਨਿਮਰ ਹੋਣ ਕਰਕੇ ਉਹ ਹੋਰਨਾਂ ਭੈਣਾਂ-ਭਰਾਵਾਂ ਨਾਲ ਮਿਲ ਕੇ ਭਗਤੀ ਕਰਨ ਆਈ ਸੀ। ਉਸ ਲਈ ਇਹ ਵੀ ਹੌਸਲੇ ਵਾਲੀ ਗੱਲ ਸੀ ਕਿ ਉਸ ਦੇ ਚਾਰ ਮੁੰਡੇ ਹੁਣ ਉਸ ਦੇ ਨਾਲ ਸਨ ਜੋ ਪਹਿਲਾਂ ਆਪਣੇ ਭਰਾ ਯਿਸੂ ʼਤੇ ਨਿਹਚਾ ਨਹੀਂ ਕਰਦੇ ਸਨ। (ਮੱਤੀ 13:55; ਯੂਹੰ. 7:5) ਪਰ ਯਿਸੂ ਦੀ ਮੌਤ ਅਤੇ ਉਸ ਦੇ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਉਹ ਵੀ ਨਿਹਚਾ ਕਰਨ ਲੱਗ ਪਏ ਸਨ।—1 ਕੁਰਿੰ. 15:7.
18 ਇਸ ਗੱਲ ʼਤੇ ਵੀ ਗੌਰ ਕਰੋ ਕਿ ਚੇਲੇ ਉੱਥੇ ਕਿਉਂ ਇਕੱਠੇ ਹੋਏ ਸਨ: ‘ਉਹ ਸਾਰੇ ਇਕ ਮਨ ਹੋ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।’ (ਰਸੂ. 1:14) ਭਗਤੀ ਲਈ ਇਕੱਠੇ ਹੋਣਾ ਮਸੀਹੀਆਂ ਲਈ ਹਮੇਸ਼ਾ ਜ਼ਰੂਰੀ ਰਿਹਾ ਹੈ। ਅਸੀਂ ਇਕ-ਦੂਜੇ ਨੂੰ ਹੌਸਲਾ ਦੇਣ, ਸਿੱਖਿਆ ਤੇ ਸਲਾਹ ਲੈਣ ਅਤੇ ਖ਼ਾਸ ਤੌਰ ਤੇ ਆਪਣੇ ਸਵਰਗੀ ਪਿਤਾ ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਾਂ। ਇਨ੍ਹਾਂ ਮੌਕਿਆਂ ʼਤੇ ਸਾਡੇ ਲਈ ਪ੍ਰਾਰਥਨਾਵਾਂ ਕਰਨੀਆਂ ਅਤੇ ਮਹਿਮਾ ਦੇ ਗੀਤ ਗਾਉਣੇ ਬਹੁਤ ਜ਼ਰੂਰੀ ਹਨ ਕਿਉਂਕਿ ਇਨ੍ਹਾਂ ਤੋਂ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ। ਆਓ ਆਪਾਂ ਕਦੇ ਵੀ ਹੌਸਲਾ ਵਧਾਉਣ ਵਾਲੀਆਂ ਪਵਿੱਤਰ ਸਭਾਵਾਂ ਵਿਚ ਆਉਣਾ ਨਾ ਛੱਡੀਏ।—ਇਬ. 10:24, 25.
19-21. (ੳ) ਪਤਰਸ ਨੇ ਮੰਡਲੀ ਵਿਚ ਜੋ ਕੁਝ ਕੀਤਾ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? (ਅ) ਯਹੂਦਾ ਦੀ ਜਗ੍ਹਾ ਕਿਸੇ ਹੋਰ ਨੂੰ ਚੁਣਨ ਦੀ ਕਿਉਂ ਲੋੜ ਪਈ ਅਤੇ ਇਸ ਮਸਲੇ ਨੂੰ ਸੁਲਝਾਉਣ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
19 ਫਿਰ ਮਸੀਹ ਦੇ ਚੇਲਿਆਂ ਅੱਗੇ ਇਕ ਜ਼ਰੂਰੀ ਮਸਲਾ ਖੜ੍ਹਾ ਹੋ ਗਿਆ ਜਿਸ ਨੂੰ ਸੁਲਝਾਉਣ ਵਿਚ ਪਤਰਸ ਨੇ ਪਹਿਲ ਕੀਤੀ। (ਆਇਤਾਂ 15-26) ਆਪਣੇ ਮਾਲਕ ਨੂੰ ਪਛਾਣਨ ਤੋਂ ਤਿੰਨ ਵਾਰ ਇਨਕਾਰ ਕਰਨ ਤੋਂ ਬਾਅਦ ਉਹ ਦੁਖੀ ਤਾਂ ਹੋਇਆ ਸੀ, ਪਰ ਨਿਰਾਸ਼ਾ ਵਿਚ ਨਹੀਂ ਡੁੱਬਿਆ, ਸਗੋਂ ਪਰਮੇਸ਼ੁਰ ਦੇ ਕੰਮਾਂ ਵਿਚ ਰੁੱਝਾ ਰਿਹਾ। (ਮਰ. 14:72) ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ! ਅਸੀਂ ਸਾਰੇ ਪਾਪ ਕਰਨ ਦਾ ਝੁਕਾਅ ਰੱਖਦੇ ਹਾਂ ਅਤੇ ਸਾਨੂੰ ਵਾਰ-ਵਾਰ ਯਾਦ ਕਰਾਇਆ ਜਾਂਦਾ ਹੈ ਕਿ ਯਹੋਵਾਹ ‘ਭਲਾ ਹੈ’ ਅਤੇ ਉਹ ਦਿਲੋਂ ਤੋਬਾ ਕਰਨ ਵਾਲਿਆਂ ਨੂੰ ‘ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ।’—ਜ਼ਬੂ. 86:5.
20 ਪਤਰਸ ਸਮਝ ਗਿਆ ਸੀ ਕਿ ਯਿਸੂ ਨੂੰ ਫੜਵਾਉਣ ਵਾਲੇ ਰਸੂਲ ਯਹੂਦਾ ਦੀ ਜਗ੍ਹਾ ਕਿਸੇ ਹੋਰ ਚੇਲੇ ਨੂੰ ਚੁਣਿਆ ਜਾਣਾ ਚਾਹੀਦਾ ਸੀ। ਪਰ ਕਿਸ ਨੂੰ? ਉਸ ਚੇਲੇ ਨੂੰ ਹੀ ਨਵਾਂ ਰਸੂਲ ਬਣਾਇਆ ਜਾਣਾ ਚਾਹੀਦਾ ਸੀ ਜੋ ਯਿਸੂ ਦੀ ਸੇਵਕਾਈ ਦੌਰਾਨ ਉਸ ਦੇ ਨਾਲ-ਨਾਲ ਰਿਹਾ ਸੀ ਅਤੇ ਜਿਸ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਦੇਖਿਆ ਸੀ। (ਰਸੂ. 1:21, 22) ਇਹ ਗੱਲ ਯਿਸੂ ਦੇ ਇਸ ਵਾਅਦੇ ਮੁਤਾਬਕ ਸਹੀ ਸੀ: “ਤੁਸੀਂ ਵੀ ਜਿਹੜੇ ਮੇਰੇ ਪਿੱਛੇ-ਪਿੱਛੇ ਚੱਲ ਰਹੇ ਹੋ, 12 ਸਿੰਘਾਸਣਾਂ ਉੱਤੇ ਬੈਠ ਕੇ ਇਜ਼ਰਾਈਲ ਦੇ 12 ਗੋਤਾਂ ਦਾ ਨਿਆਂ ਕਰੋਗੇ।” (ਮੱਤੀ 19:28) ਸ਼ਾਇਦ ਯਹੋਵਾਹ ਦਾ ਮਕਸਦ ਸੀ ਕਿ ਧਰਤੀ ਉੱਤੇ ਯਿਸੂ ਦੀ ਸੇਵਕਾਈ ਦੌਰਾਨ ਉਸ ਦੇ ਨਾਲ-ਨਾਲ ਰਹਿਣ ਵਾਲੇ 12 ਰਸੂਲ ਭਵਿੱਖ ਵਿਚ ਨਵੇਂ ਯਰੂਸ਼ਲਮ ਦੀ ‘ਨੀਂਹ ਦੇ 12 ਪੱਥਰ’ ਬਣਨ। (ਪ੍ਰਕਾ. 21:2, 14) ਇਸ ਤਰ੍ਹਾਂ ਪਰਮੇਸ਼ੁਰ ਨੇ ਪਤਰਸ ਨੂੰ ਇਹ ਸਮਝ ਦਿੱਤੀ ਕਿ ਇਹ ਭਵਿੱਖਬਾਣੀ ਯਹੂਦਾ ʼਤੇ ਲਾਗੂ ਹੁੰਦੀ ਸੀ ਕਿ “ਉਸ ਦੀ ਨਿਗਾਹਬਾਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਮਿਲ ਜਾਵੇ।”—ਜ਼ਬੂ. 109:8.
21 ਨਵੇਂ ਰਸੂਲ ਦੀ ਚੋਣ ਕਿਵੇਂ ਕੀਤੀ ਗਈ ਸੀ? ਗੁਣੇ ਪਾ ਕੇ, ਜਿਵੇਂ ਕਿ ਬਾਈਬਲ ਦੇ ਜ਼ਮਾਨੇ ਵਿਚ ਆਮ ਕੀਤਾ ਜਾਂਦਾ ਸੀ। (ਕਹਾ. 16:33) ਇਸ ਤੋਂ ਬਾਅਦ ਬਾਈਬਲ ਵਿਚ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਕਿਸੇ ਨੂੰ ਚੁਣਨ ਵੇਲੇ ਗੁਣੇ ਪਾਏ ਗਏ ਸਨ। ਬਾਅਦ ਵਿਚ ਪਵਿੱਤਰ ਸ਼ਕਤੀ ਮਿਲਣ ਕਰਕੇ ਇਹ ਤਰੀਕਾ ਵਰਤਿਆ ਜਾਣਾ ਬੰਦ ਹੋ ਗਿਆ। ਪਰ ਧਿਆਨ ਦਿਓ ਕਿ ਗੁਣੇ ਕਿਉਂ ਪਾਏ ਗਏ ਸਨ। ਰਸੂਲਾਂ ਨੇ ਪ੍ਰਾਰਥਨਾ ਕੀਤੀ ਸੀ: “ਯਹੋਵਾਹ, ਤੂੰ ਸਾਰਿਆਂ ਦੇ ਦਿਲਾਂ ਨੂੰ ਜਾਣਦਾ ਹੈਂ। ਸਾਨੂੰ ਦੱਸ ਕਿ ਤੂੰ ਇਨ੍ਹਾਂ ਦੋਹਾਂ ਆਦਮੀਆਂ ਵਿੱਚੋਂ ਕਿਸ ਨੂੰ ਚੁਣਿਆ ਹੈ।” (ਰਸੂ. 1:23, 24) ਉਹ ਚਾਹੁੰਦੇ ਸਨ ਕਿ ਯਹੋਵਾਹ ਨਵੇਂ ਰਸੂਲ ਨੂੰ ਚੁਣੇ। ਮੱਥਿਆਸ ਨੂੰ ਚੁਣਿਆ ਗਿਆ ਜੋ ਸ਼ਾਇਦ ਉਨ੍ਹਾਂ 70 ਚੇਲਿਆਂ ਵਿੱਚੋਂ ਸੀ ਜਿਨ੍ਹਾਂ ਨੂੰ ਯਿਸੂ ਨੇ ਪ੍ਰਚਾਰ ਕਰਨ ਭੇਜਿਆ ਸੀ। ਇਸ ਤਰ੍ਹਾਂ ਮੱਥਿਆਸ “12 ਰਸੂਲਾਂ” ਵਿਚ ਗਿਣਿਆ ਗਿਆ।c—ਰਸੂ. 6:2.
22, 23. ਅੱਜ ਸਾਨੂੰ ਮੰਡਲੀ ਵਿਚ ਅਗਵਾਈ ਕਰਨ ਵਾਲਿਆਂ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ?
22 ਇਸ ਮਸਲੇ ਨੂੰ ਸੁਲਝਾਉਣ ਦੇ ਤਰੀਕੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਲੋਕਾਂ ਲਈ ਹਰ ਕੰਮ ਢੰਗ ਸਿਰ ਕਰਨਾ ਜ਼ਰੂਰੀ ਹੈ। ਅੱਜ ਵੀ ਜ਼ਿੰਮੇਵਾਰ ਭਰਾਵਾਂ ਨੂੰ ਮੰਡਲੀ ਵਿਚ ਨਿਗਾਹਬਾਨਾਂ ਦੇ ਤੌਰ ਤੇ ਸੇਵਾ ਕਰਨ ਲਈ ਚੁਣਿਆ ਜਾਂਦਾ ਹੈ। ਕਿਸੇ ਭਰਾ ਨੂੰ ਨਿਗਾਹਬਾਨ ਬਣਾਉਣ ਤੋਂ ਪਹਿਲਾਂ ਬਜ਼ੁਰਗ ਧਿਆਨ ਨਾਲ ਦੇਖਦੇ ਹਨ ਕਿ ਉਹ ਨਿਗਾਹਬਾਨਾਂ ਲਈ ਬਾਈਬਲ ਵਿਚ ਦਿੱਤੀਆਂ ਮੰਗਾਂ ʼਤੇ ਖਰਾ ਉਤਰਦਾ ਹੈ ਜਾਂ ਨਹੀਂ। ਫਿਰ ਉਹ ਪਵਿੱਤਰ ਸ਼ਕਤੀ ਦੀ ਸੇਧ ਲਈ ਪ੍ਰਾਰਥਨਾ ਕਰਦੇ ਹਨ। ਇਸ ਤਰ੍ਹਾਂ ਮੰਡਲੀ ਮੰਨਦੀ ਹੈ ਕਿ ਇਨ੍ਹਾਂ ਨਿਗਾਹਬਾਨਾਂ ਨੂੰ ਪਵਿੱਤਰ ਸ਼ਕਤੀ ਰਾਹੀਂ ਨਿਯੁਕਤ ਕੀਤਾ ਗਿਆ ਹੈ। ਇਸ ਲਈ ਅਸੀਂ ਅਧੀਨ ਹੋ ਕੇ ਉਨ੍ਹਾਂ ਦਾ ਕਹਿਣਾ ਮੰਨਦੇ ਹਾਂ ਅਤੇ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਦੇ ਹਾਂ।—ਇਬ. 13:17.
23 ਯਿਸੂ ਨੂੰ ਦੁਬਾਰਾ ਜੀਉਂਦਾ ਦੇਖ ਕੇ ਚੇਲਿਆਂ ਨੂੰ ਬਹੁਤ ਹੌਸਲਾ ਮਿਲਿਆ ਅਤੇ ਮੰਡਲੀ ਦੀ ਦੇਖ-ਭਾਲ ਕਰਨ ਦੇ ਤਰੀਕੇ ਵਿਚ ਹੋ ਰਹੇ ਸੁਧਾਰਾਂ ਨੂੰ ਦੇਖ ਕੇ ਉਨ੍ਹਾਂ ਦਾ ਇਰਾਦਾ ਹੋਰ ਵੀ ਪੱਕਾ ਹੋਇਆ। ਇਸ ਕਰਕੇ ਉਹ ਉਸ ਖ਼ਾਸ ਘਟਨਾ ਲਈ ਤਿਆਰ-ਬਰ-ਤਿਆਰ ਸਨ ਜੋ ਛੇਤੀ ਹੀ ਵਾਪਰਨ ਵਾਲੀ ਸੀ। ਅਗਲੇ ਅਧਿਆਇ ਵਿਚ ਇਸ ਘਟਨਾ ʼਤੇ ਚਰਚਾ ਕੀਤੀ ਜਾਵੇਗੀ।
a ਲੂਕਾ ਆਪਣੀ ਇੰਜੀਲ ਵਿਚ ਇਸ ਆਦਮੀ ਨੂੰ “ਸਤਿਕਾਰਯੋਗ ਥਿਉਫ਼ਿਲੁਸ” ਕਹਿ ਕੇ ਬੁਲਾਉਂਦਾ ਹੈ। ਇਸ ਲਈ ਕੁਝ ਸੋਚਦੇ ਹਨ ਕਿ ਥਿਉਫ਼ਿਲੁਸ ਮੰਨਿਆ-ਪ੍ਰਮੰਨਿਆ ਆਦਮੀ ਸੀ ਜੋ ਅਜੇ ਮਸੀਹੀ ਨਹੀਂ ਬਣਿਆ ਸੀ। (ਲੂਕਾ 1:1) ਪਰ ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਲੂਕਾ ਉਸ ਨੂੰ ‘ਪਿਆਰਾ ਥਿਉਫ਼ਿਲੁਸ’ ਕਹਿੰਦਾ ਹੈ। ਕੁਝ ਵਿਦਵਾਨ ਸੋਚਦੇ ਹਨ ਕਿ ਲੂਕਾ ਦੀ ਇੰਜੀਲ ਨੂੰ ਪੜ੍ਹਨ ਤੋਂ ਬਾਅਦ ਥਿਉਫ਼ਿਲੁਸ ਮਸੀਹੀ ਬਣ ਗਿਆ ਸੀ। ਇਸ ਕਰਕੇ ਵਿਦਵਾਨ ਕਹਿੰਦੇ ਹਨ ਕਿ ਲੂਕਾ ਨੇ ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਉਸ ਦੇ ਨਾਂ ਨਾਲ “ਸਤਿਕਾਰਯੋਗ” ਸ਼ਬਦ ਨਹੀਂ ਜੋੜਿਆ ਕਿਉਂਕਿ ਥਿਉਫ਼ਿਲੁਸ ਉਸ ਦਾ ਮਸੀਹੀ ਭਰਾ ਬਣ ਚੁੱਕਾ ਸੀ।
b ਜੇ ਇਸ ਆਇਤ ਵਿਚ ਸਰੀਰ ਵਿਚ ਆਉਣ ਦੀ ਗੱਲ ਕੀਤੀ ਗਈ ਹੁੰਦੀ, ਤਾਂ ਇਸ ਲਈ ਯੂਨਾਨੀ ਸ਼ਬਦ ਮੋਰਫ਼ੋ ਵਰਤਿਆ ਜਾਣਾ ਸੀ। ਪਰ ਇੱਥੇ ਟ੍ਰੋਪੋਸ ਸ਼ਬਦ ਵਰਤਿਆ ਗਿਆ ਹੈ ਜਿਸ ਤੋਂ ਯਿਸੂ ਦੇ ਵਾਪਸ ਆਉਣ ਦੇ ਢੰਗ ਬਾਰੇ ਪਤਾ ਲੱਗਦਾ ਹੈ।
c ਬਾਅਦ ਵਿਚ ਪੌਲੁਸ ਨੂੰ “ਹੋਰ ਕੌਮਾਂ ਦੇ ਲੋਕਾਂ” ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ “ਰਸੂਲ” ਬਣਾਇਆ ਗਿਆ ਸੀ। ਪਰ ਉਸ ਨੂੰ ਕਦੇ ਵੀ 12 ਰਸੂਲਾਂ ਵਿਚ ਨਹੀਂ ਗਿਣਿਆ ਗਿਆ। (ਰੋਮੀ. 11:13; 1 ਕੁਰਿੰ. 15:4-8) ਉਹ ਇਸ ਖ਼ਾਸ ਸਨਮਾਨ ਦੇ ਯੋਗ ਨਹੀਂ ਸੀ ਕਿਉਂਕਿ ਉਹ ਧਰਤੀ ਉੱਤੇ ਯਿਸੂ ਦੀ ਸੇਵਕਾਈ ਦੌਰਾਨ ਉਸ ਦੇ ਨਾਲ ਨਹੀਂ ਸੀ।