ਕੀ ਤੁਸੀਂ ਖ਼ੁਸ਼ ਖ਼ਬਰੀ ਉੱਤੇ ਸੱਚ-ਮੁੱਚ ਨਿਹਚਾ ਕਰਦੇ ਹੋ?
“ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖੁਸ਼ ਖਬਰੀ ਉੱਤੇ ਪਰਤੀਤ ਕਰੋ।”—ਮਰਕੁਸ 1:15.
1, 2. ਤੁਸੀਂ ਮਰਕੁਸ 1:14, 15 ਕਿਵੇਂ ਸਮਝਾਓਗੇ?
ਯਿਸੂ ਮਸੀਹ ਨੇ 30 ਸਾ.ਯੁ. ਵਿਚ ਗਲੀਲ ਦੇ ਇਲਾਕੇ ਵਿਚ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ। ਉਹ “ਪਰਮੇਸ਼ੁਰ ਦੀ ਖੁਸ਼ ਖਬਰੀ” ਦਾ ਪ੍ਰਚਾਰ ਕਰ ਰਿਹਾ ਸੀ ਅਤੇ ਕਈ ਗਲੀਲੀ ਲੋਕ ਇਹ ਗੱਲ ਸੁਣ ਕੇ ਖ਼ੁਸ਼ ਹੋਏ ਸਨ ਕਿ “ਸਮਾ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖੁਸ਼ ਖਬਰੀ ਉੱਤੇ ਪਰਤੀਤ ਕਰੋ।”—ਮਰਕੁਸ 1:14, 15.
2 ਉਹ ਵੇਲਾ ਯਿਸੂ ਲਈ ਆਪਣੀ ਸੇਵਕਾਈ ਸ਼ੁਰੂ ਕਰਨ ਦਾ “ਸਮਾ” ਸੀ। ਹੁਣ ਲੋਕਾਂ ਨੂੰ ਫ਼ੈਸਲਾ ਕਰਨ ਦੀ ਲੋੜ ਸੀ ਕਿ ਉਹ ਪਰਮੇਸ਼ੁਰ ਦੀ ਪ੍ਰਵਾਨਗੀ ਹਾਸਲ ਕਰਨੀ ਚਾਹੁੰਦੇ ਸਨ ਜਾਂ ਨਹੀਂ। (ਲੂਕਾ 12:54-56) “ਪਰਮੇਸ਼ੁਰ ਦਾ ਰਾਜ” ਇਸ ਭਾਵ ਵਿਚ “ਨੇੜੇ ਆ ਗਿਆ” ਸੀ ਕਿਉਂਕਿ ਉਸ ਰਾਜ ਦਾ ਹੋਣ ਵਾਲਾ ਰਾਜਾ ਯਿਸੂ ਲੋਕਾਂ ਵਿਚਕਾਰ ਸੀ। ਉਸ ਦੇ ਪ੍ਰਚਾਰ ਦੇ ਕੰਮ ਨੇ ਨੇਕਦਿਲ ਲੋਕਾਂ ਨੂੰ ਤੋਬਾ ਕਰਨ ਲਈ ਪ੍ਰੇਰਿਆ। ਪਰ ਉਨ੍ਹਾਂ ਨੇ “ਖੁਸ਼ ਖਬਰੀ ਉੱਤੇ ਪਰਤੀਤ” ਕਿਵੇਂ ਕੀਤੀ ਸੀ ਅਤੇ ਅਸੀਂ ਕਿਵੇਂ ਕਰ ਸਕਦੇ ਹਾਂ?
3. ਲੋਕਾਂ ਨੇ ਕਿਹੜੇ ਕੰਮਾਂ ਰਾਹੀਂ ਦਿਖਾਇਆ ਹੈ ਕਿ ਉਹ ਖ਼ੁਸ਼ ਖ਼ਬਰੀ ਉੱਤੇ ਨਿਹਚਾ ਕਰਦੇ ਹਨ?
3 ਯਿਸੂ ਵਾਂਗ ਪਤਰਸ ਰਸੂਲ ਨੇ ਵੀ ਲੋਕਾਂ ਨੂੰ ਤੋਬਾ ਕਰਨ ਦੀ ਤਾਕੀਦ ਕੀਤੀ ਸੀ। ਪੰਤੇਕੁਸਤ 33 ਸਾ.ਯੁ. ਦੇ ਦਿਨ ਪਤਰਸ ਨੇ ਯਰੂਸ਼ਲਮ ਵਿਚ ਇਕੱਠੇ ਹੋਏ ਯਹੂਦੀਆਂ ਨੂੰ ਕਿਹਾ ਸੀ: “ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤ੍ਰ ਆਤਮਾ ਦਾ ਦਾਨ ਪਾਓਗੇ।” ਹਜ਼ਾਰਾਂ ਲੋਕਾਂ ਨੇ ਤੋਬਾ ਕੀਤੀ, ਬਪਤਿਸਮਾ ਲਿਆ ਅਤੇ ਉਹ ਯਿਸੂ ਦੇ ਚੇਲੇ ਬਣੇ। (ਰਸੂਲਾਂ ਦੇ ਕਰਤੱਬ 2:38, 41; 4:4) ਸਾਲ 36 ਸਾ.ਯੁ. ਵਿਚ ਗ਼ੈਰ-ਯਹੂਦੀਆਂ ਨੇ ਵੀ ਤੋਬਾ ਕਰ ਕੇ ਇਹੋ ਕਦਮ ਚੁੱਕੇ ਸਨ। (ਰਸੂਲਾਂ ਦੇ ਕਰਤੱਬ 10:1-48) ਸਾਡੇ ਜ਼ਮਾਨੇ ਵਿਚ ਹਜ਼ਾਰਾਂ ਲੋਕ ਖ਼ੁਸ਼ ਖ਼ਬਰੀ ਉੱਤੇ ਨਿਹਚਾ ਕਰ ਕੇ ਆਪਣੇ ਪਾਪਾਂ ਦੀ ਤੋਬਾ ਕਰ ਰਹੇ ਹਨ, ਪਰਮੇਸ਼ੁਰ ਨੂੰ ਆਪਣੀਆਂ ਜ਼ਿੰਦਗੀਆਂ ਸੌਂਪ ਰਹੇ ਹਨ ਅਤੇ ਬਪਤਿਸਮਾ ਲੈ ਰਹੇ ਹਨ। ਉਨ੍ਹਾਂ ਨੇ ਮੁਕਤੀ ਦੀ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕੀਤਾ ਹੈ ਅਤੇ ਉਹ ਯਿਸੂ ਦੇ ਬਲੀਦਾਨ ਉੱਤੇ ਨਿਹਚਾ ਕਰ ਰਹੇ ਹਨ। ਇਸ ਤੋਂ ਇਲਾਵਾ, ਉਹ ਭਲੇ ਕੰਮ ਕਰ ਰਹੇ ਹਨ ਅਤੇ ਪਰਮੇਸ਼ੁਰ ਦੇ ਰਾਜ ਉੱਤੇ ਪੂਰਾ ਭਰੋਸਾ ਕਰ ਰਹੇ ਹਨ।
4. ਨਿਹਚਾ ਕੀ ਹੈ?
4 ਪਰ ਨਿਹਚਾ ਹੈ ਕੀ? ਪੌਲੁਸ ਰਸੂਲ ਨੇ ਲਿਖਿਆ: “ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਇਬਰਾਨੀਆਂ 11:1) ਨਿਹਚਾ ਕਰ ਕੇ ਅਸੀਂ ਪੂਰਾ ਭਰੋਸਾ ਰੱਖਦੇ ਹਾਂ ਕਿ ਬਾਈਬਲ ਵਿਚ ਪਰਮੇਸ਼ੁਰ ਦੇ ਸਾਰੇ ਵਾਅਦੇ ਪੂਰੇ ਹੋ ਕੇ ਹੀ ਰਹਿਣਗੇ। ਇਹ ਸਾਡੇ ਹੱਥ ਵਿਚ ਜਾਇਦਾਦ ਦੇ ਕਾਗਜ਼-ਪੱਤਰ ਹੋਣ ਦੇ ਬਰਾਬਰ ਹੈ। ਨਿਹਚਾ ਅਣਡਿੱਠ ਵਸਤਾਂ ਦੀ “ਸਬੂਤੀ” ਵੀ ਹੈ ਕਿਉਂਕਿ ਸਾਡਾ ਮਨ ਅਤੇ ਦਿਲ ਕਹਿੰਦਾ ਹੈ ਕਿ ਅਜਿਹੀਆਂ ਗੱਲਾਂ ਅਸਲੀ ਹਨ ਭਾਵੇਂ ਕਿ ਅਸੀਂ ਉਨ੍ਹਾਂ ਨੂੰ ਅਜੇ ਦੇਖਿਆ ਨਹੀਂ ਹੈ।—2 ਕੁਰਿੰਥੀਆਂ 5:7; ਅਫ਼ਸੀਆਂ 1:18.
ਸਾਨੂੰ ਨਿਹਚਾ ਦੀ ਲੋੜ ਹੈ!
5. ਨਿਹਚਾ ਇੰਨੀ ਜ਼ਰੂਰੀ ਕਿਉਂ ਹੈ?
5 ਅਸੀਂ ਰੂਹਾਨੀ ਲੋੜ ਨਾਲ ਪੈਦਾ ਹੋਏ ਸਨ ਪਰ ਨਿਹਚਾ ਨਾਲ ਨਹੀਂ। ਦਰਅਸਲ “ਸਭਨਾਂ ਨੂੰ ਨਿਹਚਾ ਨਹੀਂ ਹੈ।” (2 ਥੱਸਲੁਨੀਕੀਆਂ 3:2) ਪਰ ਮਸੀਹੀਆਂ ਨੂੰ ਨਿਹਚਾ ਦੀ ਲੋੜ ਹੈ ਤਾਂਕਿ ਉਹ ਪਰਮੇਸ਼ੁਰ ਦੇ ਵਾਅਦਿਆਂ ਨੂੰ ਪ੍ਰਾਪਤ ਕਰ ਸਕਣ। (ਇਬਰਾਨੀਆਂ 6:12) ਨਿਹਚਾ ਦੀਆਂ ਬਹੁਤ ਸਾਰੀਆਂ ਮਿਸਾਲਾਂ ਦੇਣ ਤੋਂ ਬਾਅਦ ਪੌਲੁਸ ਨੇ ਲਿਖਿਆ: “ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ। ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ।” (ਇਬਰਾਨੀਆਂ 12:1, 2) ਉਹ ਪਾਪ ਕਿਹੜਾ ਹੈ ਜਿਹੜਾ “ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ”? ਇਹ ਪਾਪ ਨਿਹਚਾ ਦੀ ਕਮੀ ਹੈ। ਸ਼ਾਇਦ ਅਸੀਂ ਪਹਿਲਾਂ ਵਾਂਗ ਹੁਣ ਨਿਹਚਾ ਨਹੀਂ ਰੱਖਦੇ ਹਾਂ। ਆਪਣੀ ਨਿਹਚਾ ਪੱਕੀ ਰੱਖਣ ਲਈ ਸਾਨੂੰ ‘ਯਿਸੂ ਦੀ ਵੱਲ ਤੱਕਦੇ ਰਹਿਣ’ ਅਤੇ ਉਸ ਦੀ ਰੀਸ ਕਰਨ ਦੀ ਲੋੜ ਹੈ। ਸਾਡੇ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਬਦਚਲਣੀ, ਸਰੀਰ ਦੇ ਕੰਮ ਤੇ ਪੈਸਿਆਂ ਦਾ ਲਾਲਚ ਨਾ ਕਰੀਏ। ਸਾਨੂੰ ਦੁਨਿਆਵੀ ਫ਼ਲਸਫ਼ਿਆਂ ਤੇ ਉਨ੍ਹਾਂ ਰੀਤਾਂ ਤੋਂ ਦੂਰ ਰਹਿਣ ਦੀ ਵੀ ਲੋੜ ਹੈ ਜੋ ਬਾਈਬਲ ਦੇ ਖ਼ਿਲਾਫ਼ ਹਨ। (ਗਲਾਤੀਆਂ 5:19-21; ਕੁਲੁੱਸੀਆਂ 2:8; 1 ਤਿਮੋਥਿਉਸ 6:9, 10; ਯਹੂਦਾਹ 3, 4) ਇਸ ਦੇ ਨਾਲ-ਨਾਲ ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਸਾਡੇ ਅੰਗ-ਸੰਗ ਹੈ ਅਤੇ ਬਾਈਬਲ ਦੀ ਸਲਾਹ ਸਾਡੇ ਫ਼ਾਇਦੇ ਲਈ ਹੈ।
6, 7. ਨਿਹਚਾ ਲਈ ਪ੍ਰਾਰਥਨਾ ਕਰਨੀ ਠੀਕ ਕਿਉਂ ਹੈ?
6 ਅਸੀਂ ਸਿਰਫ਼ ਆਪਣੀ ਹੀ ਸ਼ਕਤੀ ਨਾਲ ਆਪਣੇ ਅੰਦਰ ਨਿਹਚਾ ਨਹੀਂ ਪੈਦਾ ਕਰ ਸਕਦੇ ਕਿਉਂਕਿ ਨਿਹਚਾ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਫਲ ਹੈ। (ਗਲਾਤੀਆਂ 5:22, 23) ਤਾਂ ਫਿਰ, ਸਾਡੀ ਨਿਹਚਾ ਮਜ਼ਬੂਤ ਕਿਵੇਂ ਕੀਤੀ ਜਾ ਸਕਦੀ ਹੈ? ਯਿਸੂ ਨੇ ਕਿਹਾ ਸੀ: “ਜੇ ਤੁਸੀਂ . . . ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!” (ਲੂਕਾ 11:13) ਜੀ ਹਾਂ, ਅਸੀਂ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰ ਸਕਦੇ ਹਾਂ ਕਿਉਂਕਿ ਇਹ ਸਾਡੇ ਅੰਦਰ ਉਹ ਨਿਹਚਾ ਪੈਦਾ ਕਰ ਸਕਦੀ ਹੈ ਜਿਸ ਨਾਲ ਅਸੀਂ ਮੁਸ਼ਕਲ ਤੋਂ ਮੁਸ਼ਕਲ ਹਾਲਤ ਵਿਚ ਵੀ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਸਕਦੇ ਹਾਂ।—ਅਫ਼ਸੀਆਂ 3:20.
7 ਹੋਰ ਨਿਹਚਾ ਲਈ ਪ੍ਰਾਰਥਨਾ ਕਰਨੀ ਠੀਕ ਹੈ। ਜਦੋਂ ਯਿਸੂ ਇਕ ਮੁੰਡੇ ਵਿੱਚੋਂ ਭੂਤ ਕੱਢਣ ਵਾਲਾ ਸੀ, ਤਾਂ ਉਸ ਮੁੰਡੇ ਦੇ ਪਿਤਾ ਨੇ ਤਰਲੇ ਕੀਤੇ: “ਮੈਂ ਪਰਤੀਤ ਕਰਦਾ ਹਾਂ, ਤੁਸੀਂ ਮੇਰੀ ਬੇ ਪਰਤੀਤੀ ਦਾ ਉਪਾਉ ਕਰੋ!” (ਮਰਕੁਸ 9:24) ਯਿਸੂ ਦੇ ਚੇਲਿਆਂ ਨੇ ਕਿਹਾ: “ਸਾਡੀ ਨਿਹਚਾ ਵਧਾ।” (ਲੂਕਾ 17:5) ਇਸ ਲਈ ਆਓ ਆਪਾਂ ਵੀ ਨਿਹਚਾ ਲਈ ਪ੍ਰਾਰਥਨਾ ਕਰੀਏ ਅਤੇ ਪੂਰਾ ਭਰੋਸਾ ਰੱਖੀਏ ਕਿ ਪਰਮੇਸ਼ੁਰ ਸਾਡੀ ਪ੍ਰਾਰਥਨਾ ਦਾ ਜਵਾਬ ਦੇਵੇਗਾ।—1 ਯੂਹੰਨਾ 5:14.
ਪਰਮੇਸ਼ੁਰ ਦੇ ਬਚਨ ਉੱਤੇ ਨਿਹਚਾ ਕਰਨੀ ਜ਼ਰੂਰੀ ਹੈ
8. ਪਰਮੇਸ਼ੁਰ ਦੇ ਬਚਨ ਉੱਤੇ ਨਿਹਚਾ ਕਰ ਕੇ ਸਾਡੀ ਮਦਦ ਕਿਵੇਂ ਹੋ ਸਕਦੀ ਹੈ?
8 ਯਿਸੂ ਨੇ ਆਪਣੀ ਮੌਤ ਤੋਂ ਥੋੜ੍ਹਾ ਚਿਰ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਹਾਡਾ ਦਿਲ ਨਾ ਘਬਰਾਵੇ। ਪਰਮੇਸ਼ੁਰ ਉੱਤੇ ਨਿਹਚਾ ਕਰੋ ਅਰ ਮੇਰੇ ਉੱਤੇ ਵੀ ਨਿਹਚਾ ਕਰੋ।” (ਯੂਹੰਨਾ 14:1) ਮਸੀਹੀ ਹੋਣ ਦੇ ਨਾਤੇ ਅਸੀਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਉੱਤੇ ਨਿਹਚਾ ਰੱਖਦੇ ਹਾਂ। ਪਰ ਕੀ ਅਸੀਂ ਪਰਮੇਸ਼ੁਰ ਦੇ ਬਚਨ ਉੱਤੇ ਵੀ ਨਿਹਚਾ ਰੱਖਦੇ ਹਾਂ? ਜੇ ਅਸੀਂ ਪੂਰੇ ਯਕੀਨ ਨਾਲ ਇਸ ਨੂੰ ਪੜ੍ਹ ਕੇ ਲਾਗੂ ਕਰੀਏ, ਤਾਂ ਸਾਡੀ ਜ਼ਿੰਦਗੀ ਉੱਤੇ ਚੰਗੇ ਅਸਰ ਪੈਣਗੇ ਕਿਉਂਕਿ ਇਸ ਵਿਚ ਜੀਉਣ ਲਈ ਸਭ ਤੋਂ ਵਧੀਆ ਸਲਾਹ ਪਾਈ ਜਾਂਦੀ ਹੈ।—ਇਬਰਾਨੀਆਂ 4:12.
9, 10. ਯਾਕੂਬ 1:5-8 ਵਿਚ ਨਿਹਚਾ ਬਾਰੇ ਕੀ ਕਿਹਾ ਗਿਆ ਹੈ?
9 ਅਸੀਂ ਪਾਪੀ ਇਨਸਾਨ ਹਾਂ ਜਿਸ ਕਰਕੇ ਸਾਡੀ ਜ਼ਿੰਦਗੀ ਬਿਪਤਾ ਨਾਲ ਭਰੀ ਹੋਈ ਹੈ। ਪਰ ਪਰਮੇਸ਼ੁਰ ਦੇ ਬਚਨ ਉੱਤੇ ਨਿਹਚਾ ਕਰਨ ਨਾਲ ਸਾਡੀ ਮਦਦ ਹੋ ਸਕਦੀ ਹੈ। (ਅੱਯੂਬ 14:1) ਮਿਸਾਲ ਲਈ, ਫ਼ਰਜ਼ ਕਰੋ ਕਿ ਅਸੀਂ ਕਿਸੇ ਪਰੀਖਿਆ ਦਾ ਸਾਮ੍ਹਣਾ ਕਰਨਾ ਨਹੀਂ ਜਾਣਦੇ ਹਾਂ। ਪਰਮੇਸ਼ੁਰ ਦਾ ਬਚਨ ਸਾਨੂੰ ਇਹ ਸਲਾਹ ਦਿੰਦਾ ਹੈ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ। ਪਰ ਨਿਹਚਾ ਨਾਲ ਮੰਗੇ ਅਤੇ ਕੁਝ ਭਰਮ ਨਾ ਕਰੇ ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਛੱਲ ਵਰਗਾ ਹੈ ਜਿਹੜੀ ਪੌਣ ਨਾਲ ਟਕਰਾਈ ਅਤੇ ਉਡਾਈ ਜਾਂਦੀ ਹੈ। ਇਹੋ ਜਿਹਾ ਮਨੁੱਖ ਨਾ ਸਮਝੇ ਭਈ ਪ੍ਰਭੁ ਕੋਲੋਂ ਮੈਨੂੰ ਕੁਝ ਲੱਭੇਗਾ। ਉਹ ਦੁਚਿੱਤਾ ਮਨੁੱਖ ਹੈ ਜਿਹੜਾ ਆਪਣਿਆਂ ਸਾਰਿਆਂ ਚਲਣਾਂ ਵਿੱਚ ਚੰਚਲ ਹੈ।”—ਯਾਕੂਬ 1:5-8.
10 ਜੇ ਸਾਨੂੰ ਬੁੱਧ ਦਾ ਘਾਟਾ ਹੈ ਅਤੇ ਅਸੀਂ ਇਸ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਯਹੋਵਾਹ ਪਰਮੇਸ਼ੁਰ ਸਾਡੇ ਨਾਲ ਗੁੱਸੇ ਨਹੀਂ ਹੋਵੇਗਾ। ਇਸ ਦੀ ਬਜਾਇ ਉਹ ਸਾਡੀ ਮਦਦ ਕਰੇਗਾ ਕਿ ਅਸੀਂ ਆਪਣੀ ਪਰੀਖਿਆ ਨੂੰ ਸਹੀ ਨਜ਼ਰੀਏ ਤੋਂ ਦੇਖੀਏ। ਹੋ ਸਕਦਾ ਹੈ ਕਿ ਕੋਈ ਭੈਣ ਜਾਂ ਭਰਾ ਬਾਈਬਲ ਵਿੱਚੋਂ ਸਾਨੂੰ ਕੋਈ ਹਵਾਲਾ ਦਿਖਾਵੇ ਜਾਂ ਬਾਈਬਲ ਪੜ੍ਹਦੇ ਹੋਏ ਸਾਨੂੰ ਖ਼ੁਦ ਕੋਈ ਚੰਗੀ ਸਲਾਹ ਮਿਲੇ ਜਿਸ ਨਾਲ ਸਾਡੀ ਮਦਦ ਹੋਵੇ। ਜਾਂ ਹੋ ਸਕਦਾ ਹੈ ਕਿ ਯਹੋਵਾਹ ਦੀ ਪਵਿੱਤਰ ਆਤਮਾ ਕਿਸੇ ਹੋਰ ਤਰੀਕੇ ਨਾਲ ਸਾਡੀ ਅਗਵਾਈ ਕਰੇ। ਸਾਡਾ ਸਵਰਗੀ ਪਿਤਾ ਸਾਨੂੰ ਪਰੀਖਿਆਵਾਂ ਦਾ ਸਾਮ੍ਹਣਾ ਕਰਨ ਲਈ ਬੁੱਧ ਦੇਵੇਗਾ ਜੇ ਅਸੀਂ ‘ਨਿਹਚਾ ਨਾਲ ਮੰਗੀਏ ਅਤੇ ਕੁਝ ਭਰਮ ਨਾ ਕਰੀਏ।’ ਪਰ ਜੇ ਅਸੀਂ ਸਮੁੰਦਰ ਦੀਆਂ ਲਹਿਰਾਂ ਵਰਗੇ ਹਾਂ, ਤਾਂ ਅਸੀਂ ਪਰਮੇਸ਼ੁਰ ਤੋਂ ਕੁਝ ਮਿਲਣ ਦੀ ਉਮੀਦ ਨਹੀਂ ਰੱਖ ਸਕਦੇ। ਕਿਉਂ? ਕਿਉਂਕਿ ਇਸ ਦਾ ਮਤਲਬ ਹੋਵੇਗਾ ਕਿ ਅਸੀਂ ਪ੍ਰਾਰਥਨਾ ਵਿਚ ਦੁਚਿੱਤੇ ਹਾਂ ਜਾਂ ਹੋਰ ਗੱਲਾਂ ਵਿਚ ਆਪਣਾ ਮਨ ਨਹੀਂ ਬਣਾ ਸਕਦੇ ਹਾਂ ਅਤੇ ਸਾਡੀ ਨਿਹਚਾ ਪੱਕੀ ਨਹੀਂ ਹੈ। ਇਸ ਲਈ ਪਰਮੇਸ਼ੁਰ ਦੇ ਬਚਨ ਉੱਤੇ ਸਾਡੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ ਤੇ ਸਾਨੂੰ ਉਸ ਦੀ ਸਲਾਹ ਉੱਤੇ ਭਰੋਸਾ ਹੋਣਾ ਚਾਹੀਦਾ ਹੈ। ਆਓ ਆਪਾਂ ਦੇਖੀਏ ਕਿ ਬਾਈਬਲ ਕਿਹੋ ਜਿਹੀ ਸਲਾਹ ਦੇ ਕੇ ਸਾਡੀ ਮਦਦ ਕਰਦੀ ਹੈ।
ਨਿਹਚਾ ਅਤੇ ਸਾਡਾ ਗੁਜ਼ਾਰਾ
11. ਪਰਮੇਸ਼ੁਰ ਦੇ ਬਚਨ ਉੱਤੇ ਨਿਹਚਾ ਕਰਨ ਨਾਲ ਸਾਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਹੋਣ ਬਾਰੇ ਕਿਹੜੀ ਆਸ ਮਿਲਦੀ ਹੈ?
11 ਜੇ ਅਸੀਂ ਗ਼ਰੀਬ ਹਾਂ ਜਾਂ ਸਾਨੂੰ ਕਿਸੇ ਚੀਜ਼ ਦੀ ਕਮੀ ਹੈ, ਤਾਂ ਬਾਈਬਲ ਸਾਡੀ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ? ਪਰਮੇਸ਼ੁਰ ਦੇ ਬਚਨ ਉੱਤੇ ਨਿਹਚਾ ਕਰ ਕੇ ਸਾਨੂੰ ਆਸ ਮਿਲਦੀ ਹੈ ਕਿ ਯਹੋਵਾਹ ਸਾਡੀਆਂ ਜ਼ਰੂਰਤਾਂ ਰੋਜ਼ ਪੂਰੀਆਂ ਕਰੇਗਾ ਅਤੇ ਅਗਾਹਾਂ ਨੂੰ ਉਨ੍ਹਾਂ ਲਈ ਕੋਈ ਘਾਟਾ ਨਹੀਂ ਹੋਵੇਗਾ ਜੋ ਉਸ ਨਾਲ ਪਿਆਰ ਕਰਦੇ ਹਨ। (ਜ਼ਬੂਰਾਂ ਦੀ ਪੋਥੀ 72:16; ਲੂਕਾ 11:2, 3) ਸਾਨੂੰ ਇਸ ਗੱਲ ਉੱਤੇ ਗੌਰ ਕਰ ਕੇ ਹੌਸਲਾ ਮਿਲ ਸਕਦਾ ਹੈ ਕਿ ਯਹੋਵਾਹ ਨੇ ਆਪਣੇ ਨਬੀ ਏਲੀਯਾਹ ਨੂੰ ਕਾਲ ਦੌਰਾਨ ਖਾਣਾ ਦਿੱਤਾ ਸੀ। ਬਾਅਦ ਵਿਚ ਪਰਮੇਸ਼ੁਰ ਨੇ ਚਮਤਕਾਰੀ ਢੰਗ ਨਾਲ ਆਟੇ ਤੇ ਤੇਲ ਦਾ ਪ੍ਰਬੰਧ ਕੀਤਾ ਜਿਸ ਨਾਲ ਇਕ ਔਰਤ, ਉਸ ਦਾ ਪੁੱਤਰ ਅਤੇ ਏਲੀਯਾਹ ਜੀਉਂਦੇ ਰਹੇ। (1 ਰਾਜਿਆਂ 17:2-16) ਜਦੋਂ ਬਾਬਲੀਆਂ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ ਸੀ, ਤਾਂ ਉਸ ਸਮੇਂ ਵੀ ਯਹੋਵਾਹ ਨੇ ਯਿਰਮਿਯਾਹ ਨਬੀ ਲਈ ਰੋਟੀ ਦਾ ਪ੍ਰਬੰਧ ਕੀਤਾ ਸੀ। (ਯਿਰਮਿਯਾਹ 37:21) ਭਾਵੇਂ ਯਿਰਮਿਯਾਹ ਤੇ ਏਲੀਯਾਹ ਕੋਲ ਖਾਣ ਲਈ ਬਹੁਤ ਕੁਝ ਨਹੀਂ ਸੀ, ਫਿਰ ਵੀ ਯਹੋਵਾਹ ਨੇ ਉਨ੍ਹਾਂ ਦੀ ਦੇਖ-ਭਾਲ ਕੀਤੀ ਸੀ। ਅੱਜ ਵੀ ਯਹੋਵਾਹ ਉਨ੍ਹਾਂ ਲੋਕਾਂ ਦੀ ਦੇਖ-ਭਾਲ ਕਰਦਾ ਹੈ ਜੋ ਉਸ ਉੱਤੇ ਨਿਹਚਾ ਕਰਦੇ ਹਨ।—ਮੱਤੀ 6:11, 25-34.
12. ਨਿਹਚਾ ਕਰਨ ਨਾਲ ਸਾਡੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ?
12 ਨਿਹਚਾ ਕਰਨ ਨਾਲ ਤੇ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਣ ਨਾਲ ਅਸੀਂ ਅਮੀਰ ਨਹੀਂ ਬਣਾਂਗੇ, ਪਰ ਸਾਡੀਆਂ ਲੋੜਾਂ ਜ਼ਰੂਰ ਪੂਰੀਆਂ ਹੋਣਗੀਆਂ। ਉਦਾਹਰਣ ਲਈ, ਬਾਈਬਲ ਸਲਾਹ ਦਿੰਦੀ ਹੈ ਕਿ ਅਸੀਂ ਈਮਾਨਦਾਰ, ਕਾਬਲ ਤੇ ਮਿਹਨਤੀ ਬਣੀਏ। (ਕਹਾਉਤਾਂ 22:29; ਉਪਦੇਸ਼ਕ ਦੀ ਪੋਥੀ 5:18, 19; 2 ਕੁਰਿੰਥੀਆਂ 8:21) ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਿਹਨਤੀ ਬਣਨ ਦੇ ਕਿੰਨੇ ਚੰਗੇ ਨਤੀਜੇ ਨਿਕਲ ਸਕਦੇ ਹਨ। ਉਨ੍ਹਾਂ ਥਾਵਾਂ ਤੇ ਵੀ ਜਿੱਥੇ ਚੰਗੀ ਨੌਕਰੀ ਲੱਭਣੀ ਮੁਸ਼ਕਲ ਹੁੰਦੀ ਹੈ, ਜਿਹੜੇ ਲੋਕ ਈਮਾਨਦਾਰੀ ਨਾਲ ਤੇ ਤਨ-ਮਨ ਲਾ ਕੇ ਕੰਮ ਕਰਦੇ ਹਨ ਉਨ੍ਹਾਂ ਦੀ ਜ਼ਿਆਦਾ ਕਦਰ ਕੀਤੀ ਜਾਂਦੀ ਹੈ। ਭਾਵੇਂ ਕਿ ਅਜਿਹੇ ਲੋਕ ਅਮੀਰ ਨਹੀਂ ਬਣਦੇ, ਪਰ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਹੱਥੀਂ ਕਮਾਈ ਰੋਟੀ ਖਾਣ ਦੀ ਖ਼ੁਸ਼ੀ ਮਿਲਦੀ ਹੈ।—2 ਥੱਸਲੁਨੀਕੀਆਂ 3:11, 12.
ਨਿਹਚਾ ਕਰਨ ਨਾਲ ਅਸੀਂ ਗਮ ਸਹਿ ਸਕਦੇ ਹਾਂ
13, 14. ਨਿਹਚਾ ਕਰਨ ਨਾਲ ਸਾਨੂੰ ਗਮ ਸਹਿਣ ਦੀ ਤਾਕਤ ਕਿਵੇਂ ਮਿਲਦੀ ਹੈ?
13 ਬਾਈਬਲ ਸਾਨੂੰ ਦਿਖਾਉਂਦੀ ਹੈ ਕਿ ਜਦੋਂ ਸਾਡਾ ਕੋਈ ਮਿੱਤਰ ਜਾਂ ਰਿਸ਼ਤੇਦਾਰ ਮੌਤ ਦੀ ਨੀਂਦ ਸੌਂ ਜਾਂਦਾ ਹੈ, ਤਾਂ ਸੋਗ ਮਨਾਉਣਾ ਕੁਦਰਤੀ ਗੱਲ ਹੈ। ਵਫ਼ਾਦਾਰ ਅਬਰਾਹਾਮ ਨੇ ਆਪਣੀ ਪਿਆਰੀ ਪਤਨੀ ਸਾਰਾਹ ਦਾ ਸੋਗ ਕੀਤਾ ਸੀ। (ਉਤਪਤ 23:2) ਜਦੋਂ ਦਾਊਦ ਨੂੰ ਖ਼ਬਰ ਮਿਲੀ ਕਿ ਉਸ ਦਾ ਪੁੱਤਰ ਅਬਸ਼ਾਲੋਮ ਮੌਤ ਦੀ ਗੋਦ ਵਿਚ ਚਲਾ ਗਿਆ ਸੀ, ਤਾਂ ਉਹ ਬਹੁਤ ਦੁਖੀ ਹੋਇਆ। (2 ਸਮੂਏਲ 18:33) ਭਾਵੇਂ ਯਿਸੂ ਸੰਪੂਰਣ ਸੀ, ਪਰ ਉਹ ਆਪਣੇ ਦੋਸਤ ਲਾਜ਼ਰ ਦੀ ਮੌਤ ਕਰਕੇ ਬਹੁਤ ਰੋਇਆ ਸੀ। (ਯੂਹੰਨਾ 11:35, 36) ਜਦੋਂ ਸਾਡਾ ਕੋਈ ਆਪਣਾ ਗੁਜ਼ਰ ਜਾਂਦਾ ਹੈ, ਤਾਂ ਅਸੀਂ ਸ਼ਾਇਦ ਗਮ ਵਿਚ ਡੁੱਬ ਜਾਈਏ, ਪਰ ਬਾਈਬਲ ਦੇ ਵਾਅਦਿਆਂ ਉੱਤੇ ਨਿਹਚਾ ਕਰ ਕੇ ਅਸੀਂ ਗਮ ਸਹਿ ਸਕਦੇ ਹਾਂ।
14 ਪੌਲੁਸ ਰਸੂਲ ਨੇ ਕਿਹਾ ਸੀ ਕਿ ‘ਮੈਂ ਆਸ ਰੱਖਦਾ ਹਾਂ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।’ (ਰਸੂਲਾਂ ਦੇ ਕਰਤੱਬ 24:15) ਸਾਨੂੰ ਵੀ ਨਿਹਚਾ ਹੋਣੀ ਚਾਹੀਦੀ ਹੈ ਕਿ ਪਰਮੇਸ਼ੁਰ ਲੱਖਾਂ-ਕਰੋੜਾਂ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰੇਗਾ। (ਯੂਹੰਨਾ 5:28, 29) ਉਨ੍ਹਾਂ ਵਿਚਕਾਰ ਅਬਰਾਹਾਮ ਤੇ ਸਾਰਾਹ, ਇਸਹਾਕ ਤੇ ਰਿਬਕਾਹ, ਯਾਕੂਬ ਤੇ ਲੇਆਹ ਵੀ ਹੋਣਗੇ। ਭਾਵੇਂ ਉਹ ਹੁਣ ਮੌਤ ਦੀ ਨੀਂਦ ਸੌਂ ਰਹੇ ਹਨ, ਪਰ ਉਹ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀ ਉਠਾਏ ਜਾਣਗੇ। (ਉਤਪਤ 49:29-32) ਉਸ ਵੇਲੇ ਕਿੰਨੀ ਖ਼ੁਸ਼ੀ ਹੋਵੇਗੀ ਜਦੋਂ ਸਾਡੇ ਆਪਣੇ ਮੌਤ ਦੀ ਨੀਂਦ ਤੋਂ ਉਠਾਏ ਜਾਣਗੇ ਤੇ ਧਰਤੀ ਉੱਤੇ ਦੁਬਾਰਾ ਜੀਉਣਗੇ! (ਪਰਕਾਸ਼ ਦੀ ਪੋਥੀ 20:11-15) ਇਸ ਤਰ੍ਹਾਂ ਹੋਣ ਤੋਂ ਪਹਿਲਾਂ ਭਾਵੇਂ ਨਿਹਚਾ ਕਰਨ ਨਾਲ ਸਾਡੇ ਸਾਰੇ ਦੁੱਖ ਦੂਰ ਨਹੀਂ ਹੋਣਗੇ, ਪਰ ਇਸ ਨਾਲ ਅਸੀਂ ਪਰਮੇਸ਼ੁਰ ਦੇ ਨੇੜੇ ਰਹਿ ਸਕਾਂਗੇ ਜੋ ਸਾਨੂੰ ਮੌਤ ਦਾ ਵਿਛੋੜਾ ਸਹਿਣ ਦੀ ਤਾਕਤ ਦਿੰਦਾ ਹੈ।—ਜ਼ਬੂਰਾਂ ਦੀ ਪੋਥੀ 121:1-3; 2 ਕੁਰਿੰਥੀਆਂ 1:3.
ਨਿਹਚਾ ਕਰਨ ਨਾਲ ਉਦਾਸ ਲੋਕਾਂ ਨੂੰ ਹੌਸਲਾ ਮਿਲਦਾ ਹੈ
15, 16. (ੳ) ਨਿਹਚਾ ਕਰਨ ਵਾਲਿਆਂ ਲਈ ਉਦਾਸ ਹੋਣਾ ਕੋਈ ਨਵੀਂ ਗੱਲ ਕਿਉਂ ਨਹੀਂ ਹੈ? (ਅ) ਅਸੀਂ ਉਦਾਸੀ ਜਾਂ ਡਿਪਰੈਸ਼ਨ ਬਾਰੇ ਕੀ ਕਰ ਸਕਦੇ ਹਾਂ?
15 ਪਰਮੇਸ਼ੁਰ ਦਾ ਬਚਨ ਦਿਖਾਉਂਦਾ ਹੈ ਕਿ ਨਿਹਚਾ ਕਰਨ ਵਾਲੇ ਵੀ ਉਦਾਸ ਹੋ ਸਕਦੇ ਹਨ। ਅੱਯੂਬ ਦੀ ਪਰੀਖਿਆ ਦੌਰਾਨ ਉਸ ਨੂੰ ਲੱਗਾ ਕਿ ਪਰਮੇਸ਼ੁਰ ਨੇ ਉਸ ਦਾ ਸਾਥ ਛੱਡ ਦਿੱਤਾ ਸੀ। (ਅੱਯੂਬ 29:2-5) ਨਹਮਯਾਹ ਯਰੂਸ਼ਲਮ ਅਤੇ ਉਸ ਦੀਆਂ ਕੰਧਾਂ ਦੀ ਢਹੀ ਹੋਈ ਹਾਲਤ ਬਾਰੇ ਉਦਾਸ ਹੋਇਆ ਸੀ। (ਨਹਮਯਾਹ 2:1-3) ਪਤਰਸ ਯਿਸੂ ਦਾ ਇਨਕਾਰ ਕਰ ਕੇ ਇੰਨਾ ਕੁਚਲਿਆ ਗਿਆ ਸੀ ਕਿ ਉਹ “ਭੁੱਬਾਂ ਮਾਰ ਕੇ ਰੋਇਆ।” (ਲੂਕਾ 22:62) ਪੌਲੁਸ ਨੇ ਥੱਸਲੁਨੀਕਾ ਦੀ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਉਤੇਜਿਤ ਕੀਤਾ ਕਿ ਉਹ “ਕਮਦਿਲਿਆਂ ਨੂੰ ਦਿਲਾਸਾ” ਦੇਣ। (1 ਥੱਸਲੁਨੀਕੀਆਂ 5:14) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅੱਜ ਨਿਹਚਾ ਕਰਨ ਵਾਲਿਆਂ ਲਈ ਉਦਾਸ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਤਾਂ ਫਿਰ, ਅਸੀਂ ਉਦਾਸੀ ਜਾਂ ਡਿਪਰੈਸ਼ਨ ਬਾਰੇ ਕੀ ਕਰ ਸਕਦੇ ਹਾਂ?
16 ਅਸੀਂ ਸ਼ਾਇਦ ਇਸ ਲਈ ਉਦਾਸ ਹੋਈਏ ਕਿਉਂਕਿ ਸਾਡੇ ਸਾਮ੍ਹਣੇ ਬਹੁਤ ਸਾਰੀਆਂ ਮੁਸ਼ਕਲਾਂ ਖੜ੍ਹੀਆਂ ਹਨ। ਇਨ੍ਹਾਂ ਨੂੰ ਇਕ ਵੱਡੀ ਮੁਸੀਬਤ ਸਮਝਣ ਦੀ ਬਜਾਇ ਅਸੀਂ ਬਾਈਬਲ ਦੇ ਸਿਧਾਂਤ ਲਾਗੂ ਕਰ ਕੇ ਸ਼ਾਇਦ ਇਨ੍ਹਾਂ ਦਾ ਇਕ-ਇਕ ਕਰ ਕੇ ਹੱਲ ਕਰ ਸਕੀਏ। ਇਸ ਤਰ੍ਹਾਂ ਕਰਨ ਨਾਲ ਸਾਡੀ ਉਦਾਸੀ ਘੱਟ ਸਕਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਕੰਮ ਕਰਦੇ ਹੋਏ ਸੰਤੁਲਨ ਰੱਖਣ ਨਾਲ ਤੇ ਵੇਲੇ ਸਿਰ ਆਰਾਮ ਕਰਨ ਨਾਲ ਵੀ ਫ਼ਾਇਦਾ ਹੋ ਸਕਦਾ ਹੈ। ਇਕ ਗੱਲ ਪੱਕੀ ਹੈ: ਪਰਮੇਸ਼ੁਰ ਤੇ ਉਸ ਦੇ ਬਚਨ ਉੱਤੇ ਨਿਹਚਾ ਕਰਨ ਨਾਲ ਅਸੀਂ ਰੂਹਾਨੀ ਤੌਰ ਤੇ ਤਕੜੇ ਰਹਿੰਦੇ ਹਾਂ ਕਿਉਂਕਿ ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਉਹ ਸਾਡਾ ਧਿਆਨ ਰੱਖਦਾ ਹੈ।
17. ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਸਾਡਾ ਫ਼ਿਕਰ ਕਰਦਾ ਹੈ?
17 ਪਤਰਸ ਸਾਨੂੰ ਇਹ ਹੌਸਲਾ ਦਿੰਦਾ ਹੈ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ। ਅਤੇ ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:6, 7) ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 145:14) ਸਾਨੂੰ ਇਨ੍ਹਾਂ ਗੱਲਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਇਹ ਪਰਮੇਸ਼ੁਰ ਦੇ ਬਚਨ ਵਿੱਚੋਂ ਹਨ। ਭਾਵੇਂ ਸਾਨੂੰ ਡਿਪਰੈਸ਼ਨ ਲੱਗਾ ਰਹੇ, ਸਾਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਅਸੀਂ ਆਪਣੀ ਸਾਰੀ ਚਿੰਤਾ ਆਪਣੇ ਸਵਰਗੀ ਪਿਤਾ ਉੱਤੇ ਸੁੱਟ ਸਕਦੇ ਹਾਂ ਜੋ ਸਾਨੂੰ ਬਹੁਤ ਪਿਆਰ ਕਰਦਾ ਹੈ!
ਨਿਹਚਾ ਅਤੇ ਦੂਸਰੀਆਂ ਪਰੀਖਿਆਵਾਂ
18, 19. ਨਿਹਚਾ ਕਰਨ ਨਾਲ ਅਸੀਂ ਬਿਮਾਰੀ ਕਿਵੇਂ ਸਹਿ ਸਕਦੇ ਹਾਂ ਅਤੇ ਅਸੀਂ ਬੀਮਾਰ ਭੈਣਾਂ-ਭਰਾਵਾਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਾਂ?
18 ਸਾਡੀ ਨਿਹਚਾ ਉਦੋਂ ਵੀ ਪਰਖੀ ਜਾ ਸਕਦੀ ਹੈ ਜਦੋਂ ਸਾਨੂੰ ਜਾਂ ਸਾਡੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਕੋਈ ਗੰਭੀਰ ਬਿਮਾਰੀ ਲੱਗ ਜਾਂਦੀ ਹੈ। ਬਾਈਬਲ ਵਿਚ ਇਹ ਨਹੀਂ ਲਿਖਿਆ ਗਿਆ ਕਿ ਇਪਾਫ਼ਰੋਦੀਤੁਸ, ਤਿਮੋਥਿਉਸ ਅਤੇ ਤ੍ਰੋਫ਼ਿਮੁਸ ਵਰਗੇ ਮਸੀਹੀਆਂ ਨੂੰ ਚਮਤਕਾਰੀ ਤਰੀਕੇ ਨਾਲ ਠੀਕ ਕੀਤਾ ਗਿਆ ਸੀ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਰੋਗ ਸਹਾਰਨ ਦੀ ਸ਼ਕਤੀ ਦਿੱਤੀ ਸੀ। (ਫ਼ਿਲਿੱਪੀਆਂ 2:25-30; 1 ਤਿਮੋਥਿਉਸ 5:23; 2 ਤਿਮੋਥਿਉਸ 4:20) ਇਸ ਤੋਂ ਇਲਾਵਾ, ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, . . . ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।” (ਜ਼ਬੂਰਾਂ ਦੀ ਪੋਥੀ 41:1-3) ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਬੀਮਾਰ ਭੈਣਾਂ-ਭਰਾਵਾਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਾਂ?
19 ਬੀਮਾਰਾਂ ਨੂੰ ਦਿਲਾਸਾ ਦੇਣ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਉਨ੍ਹਾਂ ਨਾਲ ਤੇ ਉਨ੍ਹਾਂ ਲਈ ਪ੍ਰਾਰਥਨਾ ਕਰੀਏ। ਹਾਲਾਂਕਿ ਅਸੀਂ ਕਰਾਮਾਤੀ ਇਲਾਜ ਲਈ ਪ੍ਰਾਰਥਨਾ ਨਹੀਂ ਕਰਦੇ, ਪਰ ਅਸੀਂ ਇਹ ਮੰਗ ਸਕਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਤਾਕਤ ਬਖ਼ਸ਼ੇ ਤਾਂਕਿ ਉਹ ਬਿਮਾਰੀ ਸਹਿ ਸਕਣ ਅਤੇ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਤਕੜੇ ਬਣਾਵੇ ਤਾਂਕਿ ਉਹ ਕਮਜ਼ੋਰੀ ਦੇ ਇਸ ਸਮੇਂ ਦੌਰਾਨ ਕਾਇਮ ਰਹਿ ਸਕਣ। ਯਹੋਵਾਹ ਉਨ੍ਹਾਂ ਨੂੰ ਜ਼ਰੂਰ ਸੰਭਾਲੇਗਾ। ਉਨ੍ਹਾਂ ਦੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ ਜਦੋਂ ਉਹ ਉਸ ਸਮੇਂ ਬਾਰੇ ਸੋਚਣਗੇ ਜਿਸ ਸਮੇਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਸਾਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਯਿਸੂ ਮਸੀਹ ਦੇ ਬਲੀਦਾਨ ਦੁਆਰਾ ਅਤੇ ਪਰਮੇਸ਼ੁਰ ਦੇ ਰਾਜ ਰਾਹੀਂ ਆਗਿਆਕਾਰ ਮਨੁੱਖਜਾਤੀ ਨੂੰ ਪਾਪ, ਬਿਮਾਰੀ ਅਤੇ ਮੌਤ ਤੋਂ ਹਮੇਸ਼ਾ ਲਈ ਛੁਟਕਾਰਾ ਮਿਲੇਗਾ! ਇਨ੍ਹਾਂ ਵੱਡੀਆਂ ਉਮੀਦਾਂ ਲਈ ਅਸੀਂ ਯਹੋਵਾਹ ਦਾ ਧੰਨਵਾਦ ਕਰਦੇ ਹਾਂ ਜੋ ‘ਸਾਰੇ ਰੋਗਾਂ ਤੋਂ ਸਾਨੂੰ ਨਰੋਆ ਕਰਦਾ ਹੈ।’—ਜ਼ਬੂਰਾਂ ਦੀ ਪੋਥੀ 103:1-3; ਪਰਕਾਸ਼ ਦੀ ਪੋਥੀ 21:1-5.
20. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਨਿਹਚਾ ਕਰਨ ਨਾਲ ਬੁਢਾਪੇ ਦੇ ‘ਮਾੜੇ ਦਿਨਾਂ’ ਦੌਰਾਨ ਵੀ ਸਾਨੂੰ ਮਦਦ ਮਿਲ ਸਕਦੀ ਹੈ?
20 ਨਿਹਚਾ ਕਰਨ ਨਾਲ ਬੁਢਾਪੇ ਦੇ ‘ਮਾੜੇ ਦਿਨਾਂ’ ਦੌਰਾਨ ਵੀ ਸਾਨੂੰ ਮਦਦ ਮਿਲ ਸਕਦੀ ਹੈ ਜਦੋਂ ਸਾਡੀ ਸਿਹਤ ਚੰਗੀ ਨਹੀਂ ਰਹਿੰਦੀ ਅਤੇ ਸਾਡਾ ਬਲ ਘੱਟਦਾ ਜਾਂਦਾ ਹੈ। (ਉਪਦੇਸ਼ਕ ਦੀ ਪੋਥੀ 12:1-7) ਬਜ਼ੁਰਗ ਭੈਣ-ਭਰਾ ਜ਼ਬੂਰਾਂ ਦੇ ਲਿਖਾਰੀ ਵਾਂਗ ਪ੍ਰਾਰਥਨਾ ਕਰ ਸਕਦੇ ਹਨ ਜਿਸ ਨੇ ਕਿਹਾ: “ਹੇ ਪ੍ਰਭੁ ਯਹੋਵਾਹ, ਤੂੰ ਹੀ ਮੇਰੀ ਤਾਂਘ ਹੈਂ, . . . ਬੁਢੇਪੇ ਦੇ ਸਮੇਂ ਮੈਨੂੰ ਦੂਰ ਨਾ ਸੁੱਟ, ਜਾਂ ਮੇਰਾ ਬਲ ਘਟੇ ਤਾਂ ਮੈਨੂੰ ਨਾ ਤਿਆਗ!” (ਜ਼ਬੂਰਾਂ ਦੀ ਪੋਥੀ 71:5, 9) ਇਸ ਲਿਖਾਰੀ ਨੇ ਯਹੋਵਾਹ ਦੇ ਸਹਾਰੇ ਦੀ ਲੋੜ ਮਹਿਸੂਸ ਕੀਤੀ ਸੀ। ਅੱਜ ਸਿਆਣੀ ਉਮਰ ਦੇ ਬਹੁਤ ਸਾਰੇ ਭੈਣ-ਭਰਾ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ ਜਿਨ੍ਹਾਂ ਨੇ ਕਈ ਸਾਲ ਯਹੋਵਾਹ ਦੀ ਸੇਵਾ ਵਿਚ ਬਿਤਾਏ ਹਨ। ਉਹ ਨਿਹਚਾ ਨਾਲ ਪੂਰਾ ਭਰੋਸਾ ਰੱਖਦੇ ਹਨ ਕਿ ਯਹੋਵਾਹ ਹਮੇਸ਼ਾ ਲਈ ਉਨ੍ਹਾਂ ਨੂੰ ਸਹਾਰਾ ਦੇਵੇਗਾ।—ਬਿਵਸਥਾ ਸਾਰ 33:27.
ਪਰਮੇਸ਼ੁਰ ਦੇ ਬਚਨ ਉੱਤੇ ਆਪਣੀ ਨਿਹਚਾ ਪੱਕੀ ਰੱਖੋ
21, 22. ਨਿਹਚਾ ਕਰਨ ਨਾਲ ਅਸੀਂ ਪਰਮੇਸ਼ੁਰ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਾਂਗੇ?
21 ਖ਼ੁਸ਼ ਖ਼ਬਰੀ ਅਤੇ ਪਰਮੇਸ਼ੁਰ ਦੇ ਸਾਰੇ ਬਚਨ ਉੱਤੇ ਨਿਹਚਾ ਕਰਨ ਨਾਲ ਅਸੀਂ ਯਹੋਵਾਹ ਦੇ ਨੇੜੇ ਰਹਿ ਸਕਦੇ ਹਾਂ। (ਯਾਕੂਬ 4:8) ਇਹ ਸੱਚ ਹੈ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ, ਪਰ ਉਹ ਸਾਡਾ ਸਿਰਜਣਹਾਰ ਤੇ ਪਿਤਾ ਵੀ ਹੈ। (ਯਸਾਯਾਹ 64:8; ਮੱਤੀ 6:9; ਰਸੂਲਾਂ ਦੇ ਕਰਤੱਬ 4:24) ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਤੂੰ ਮੇਰਾ ਪਿਤਾ, ਮੇਰਾ ਪਰਮੇਸ਼ੁਰ ਅਤੇ ਮੇਰੀ ਮੁਕਤੀ ਦੀ ਚਟਾਨ ਹੈਂ!” (ਜ਼ਬੂਰਾਂ ਦੀ ਪੋਥੀ 89:26) ਜੇ ਅਸੀਂ ਯਹੋਵਾਹ ਅਤੇ ਉਸ ਦੇ ਬਚਨ ਉੱਤੇ ਨਿਹਚਾ ਕਰਾਂਗੇ, ਤਾਂ ਅਸੀਂ ਵੀ ਉਸ ਨੂੰ ‘ਆਪਣੀ ਮੁਕਤੀ ਦੀ ਚਟਾਨ’ ਕਹਿ ਸਕਾਂਗੇ। ਇਹ ਕਿੰਨਾ ਵਧੀਆ ਸਨਮਾਨ ਹੈ!
22 ਯਹੋਵਾਹ ਮਸਹ ਕੀਤੇ ਹੋਏ ਮਸੀਹੀਆਂ ਦਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਿਤਾ ਹੈ ਜੋ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੇ ਹਨ। (ਰੋਮੀਆਂ 8:15) ਅਸੀਂ ਆਪਣੇ ਸਵਰਗੀ ਪਿਤਾ ਉੱਤੇ ਨਿਹਚਾ ਰੱਖਣ ਨਾਲ ਕਦੀ ਵੀ ਨਿਰਾਸ਼ ਨਹੀਂ ਹੋਵਾਂਗੇ। ਦਾਊਦ ਨੇ ਕਿਹਾ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” (ਜ਼ਬੂਰਾਂ ਦੀ ਪੋਥੀ 27:10) ਇਸ ਦੇ ਨਾਲ-ਨਾਲ ਸਾਨੂੰ ਇਹ ਵੀ ਭਰੋਸਾ ਦਿੱਤਾ ਜਾਂਦਾ ਹੈ ਕਿ “ਯਹੋਵਾਹ ਆਪਣੇ ਵੱਡੇ ਨਾਮ ਦੇ ਲਈ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ।”—1 ਸਮੂਏਲ 12:22.
23. ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
23 ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਸਾਨੂੰ ਖ਼ੁਸ਼ ਖ਼ਬਰੀ ਉੱਤੇ ਨਿਹਚਾ ਕਰਨੀ ਚਾਹੀਦੀ ਹੈ ਅਤੇ ਬਾਈਬਲ ਨੂੰ ਪਰਮੇਸ਼ੁਰ ਦੇ ਬਚਨ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। (1 ਥੱਸਲੁਨੀਕੀਆਂ 2:13) ਯਹੋਵਾਹ ਉੱਤੇ ਵੀ ਸਾਡੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ ਅਤੇ ਉਸ ਦੇ ਬਚਨ ਨੂੰ ਸਾਡੇ ਰਾਹ ਤੇ ਚਾਨਣ ਪਾਉਣਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 119:105; ਕਹਾਉਤਾਂ 3:5, 6) ਜੇ ਅਸੀਂ ਯਹੋਵਾਹ ਦੀ ਦਇਆ ਅਤੇ ਉਸ ਦੇ ਸਹਾਰੇ ਉੱਤੇ ਪੱਕਾ ਭਰੋਸਾ ਰੱਖ ਕੇ ਪ੍ਰਾਰਥਨਾ ਕਰਾਂਗੇ, ਤਾਂ ਸਾਡੀ ਨਿਹਚਾ ਹੋਰ ਵੀ ਵਧੇਗੀ।
24. ਰੋਮੀਆਂ 14:8 ਤੋਂ ਸਾਨੂੰ ਕਿਹੜੀ ਤਸੱਲੀ ਮਿਲਦੀ ਹੈ?
24 ਨਿਹਚਾ ਕਰ ਕੇ ਅਸੀਂ ਹਮੇਸ਼ਾ ਲਈ ਆਪਣਾ ਜੀਵਨ ਯਹੋਵਾਹ ਨੂੰ ਸੌਂਪ ਦਿੱਤਾ ਹੈ। ਸਾਨੂੰ ਪੱਕਾ ਯਕੀਨ ਹੈ ਕਿ ਭਾਵੇਂ ਅਸੀਂ ਮਰ ਵੀ ਜਾਈਏ, ਫਿਰ ਵੀ ਅਸੀਂ ਉਸ ਦੇ ਸੇਵਕ ਰਹਾਂਗੇ ਅਤੇ ਅਸੀਂ ਦੁਬਾਰਾ ਜੀ ਸਕਾਂਗੇ। ਜੀ ਹਾਂ, “ਭਾਵੇਂ ਜੀਵੀਏ ਭਾਵੇਂ ਮਰੀਏ ਪਰ ਹਾਂ ਅਸੀਂ [ਯਹੋਵਾਹ] ਦੇ ਹੀ।” (ਰੋਮੀਆਂ 14:8) ਸਾਨੂੰ ਇਸ ਗੱਲ ਬਾਰੇ ਸੋਚ ਕੇ ਕਿੰਨੀ ਤਸੱਲੀ ਮਿਲਦੀ ਹੈ! ਆਓ ਆਪਾਂ ਇਸ ਨੂੰ ਆਪਣੇ ਦਿਲ ਵਿਚ ਰੱਖੀਏ ਅਤੇ ਪਰਮੇਸ਼ੁਰ ਦੇ ਬਚਨ ਅਤੇ ਖ਼ੁਸ਼ ਖ਼ਬਰੀ ਉੱਤੇ ਆਪਣੀ ਨਿਹਚਾ ਪੱਕੀ ਰੱਖੀਏ।
ਤੁਸੀਂ ਕਿਵੇਂ ਜਵਾਬ ਦਿਓਗੇ?
• ਨਿਹਚਾ ਕੀ ਹੈ ਅਤੇ ਸਾਨੂੰ ਇਸ ਦੀ ਲੋੜ ਕਿਉਂ ਹੈ?
• ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਖ਼ੁਸ਼ ਖ਼ਬਰੀ ਅਤੇ ਪਰਮੇਸ਼ੁਰ ਦੇ ਸਾਰੇ ਬਚਨ ਉੱਤੇ ਨਿਹਚਾ ਕਰੀਏ?
• ਨਿਹਚਾ ਕਰਨ ਨਾਲ ਅਸੀਂ ਪਰੀਖਿਆਵਾਂ ਦਾ ਸਾਮ੍ਹਣਾ ਕਿਵੇਂ ਕਰ ਸਕਾਂਗੇ?
• ਅਸੀਂ ਆਪਣੀ ਨਿਹਚਾ ਪੱਕੀ ਰੱਖਣ ਲਈ ਕੀ ਕਰ ਸਕਦੇ ਹਾਂ?
[ਸਫ਼ੇ 12 ਉੱਤੇ ਤਸਵੀਰਾਂ]
ਯਹੋਵਾਹ ਨੇ ਯਿਰਮਿਯਾਹ ਅਤੇ ਏਲੀਯਾਹ ਦੀ ਦੇਖ-ਭਾਲ ਕੀਤੀ ਕਿਉਂਕਿ ਉਨ੍ਹਾਂ ਨੇ ਨਿਹਚਾ ਕੀਤੀ ਸੀ
[ਸਫ਼ੇ 13 ਉੱਤੇ ਤਸਵੀਰਾਂ]
ਅੱਯੂਬ, ਪਤਰਸ ਅਤੇ ਨਹਮਯਾਹ ਦੀ ਨਿਹਚਾ ਪੱਕੀ ਸੀ
[ਸਫ਼ੇ 15 ਉੱਤੇ ਤਸਵੀਰਾਂ]
ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਸਾਨੂੰ ਖ਼ੁਸ਼ ਖ਼ਬਰੀ ਉੱਤੇ ਨਿਹਚਾ ਕਰਨੀ ਚਾਹੀਦੀ ਹੈ