ਨਿਹਚਾ—ਤਕੜਾ ਕਰਨ ਵਾਲਾ ਗੁਣ
ਨਿਹਚਾ ਤੋਂ ਸਾਨੂੰ ਜ਼ਬਰਦਸਤ ਤਾਕਤ ਮਿਲਦੀ ਹੈ। ਮਿਸਾਲ ਲਈ, ਚਾਹੇ ਸ਼ੈਤਾਨ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜਨਾ ਚਾਹੁੰਦਾ ਹੈ, ਪਰ ਨਿਹਚਾ ਕਰਕੇ ਹੀ ਅਸੀਂ “ਸ਼ੈਤਾਨ ਦੇ ਬਲ਼ਦੇ ਹੋਏ ਸਾਰੇ ਤੀਰਾਂ ਨੂੰ ਬੁਝਾ” ਸਕਦੇ ਹਾਂ। (ਅਫ਼. 6:16) ਨਿਹਚਾ ਕਰਕੇ ਅਸੀਂ ਪਹਾੜ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਾਂ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਤੁਹਾਡੇ ਵਿਚ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੋਵੇ ਤੇ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਉੱਠ ਕੇ ਉੱਥੇ ਚਲਾ ਜਾਹ,’ ਤਾਂ ਉਹ ਚਲਾ ਜਾਵੇਗਾ।” (ਮੱਤੀ 17:20) ਨਿਹਚਾ ਕਰਕੇ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਦੀ ਡੋਰ ਹੋਰ ਪੱਕੀ ਹੁੰਦੀ ਹੈ। ਇਸ ਲਈ ਸਾਨੂੰ ਇਨ੍ਹਾਂ ਸਵਾਲਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ: ਨਿਹਚਾ ਕੀ ਹੈ? ਸਾਡੇ ਦਿਲ ਦੀ ਹਾਲਤ ਦਾ ਨਿਹਚਾ ਨਾਲ ਕੀ ਸੰਬੰਧ ਹੈ? ਅਸੀਂ ਆਪਣੀ ਨਿਹਚਾ ਮਜ਼ਬੂਤ ਕਿਵੇਂ ਕਰ ਸਕਦੇ ਹਾਂ? ਸਾਨੂੰ ਕਿਸ ʼਤੇ ਨਿਹਚਾ ਕਰਨੀ ਚਾਹੀਦੀ ਹੈ?—ਰੋਮੀ. 4:3.
ਨਿਹਚਾ ਕੀ ਹੈ?
ਨਿਹਚਾ ਕਰਨ ਦਾ ਮਤਲਬ ਸਿਰਫ਼ ਸੱਚਾਈ ਨੂੰ ਜਾਣਨਾ ਜਾਂ ਇਸ ʼਤੇ ਵਿਸ਼ਵਾਸ ਕਰਨਾ ਹੀ ਨਹੀਂ ਹੈ ਕਿਉਂਕਿ “ਦੁਸ਼ਟ ਦੂਤ ਵੀ ਤਾਂ ਇਹ ਗੱਲ ਮੰਨਦੇ ਹਨ [ਕਿ ਪਰਮੇਸ਼ੁਰ ਹੈ] ਅਤੇ ਡਰ ਨਾਲ ਥਰ-ਥਰ ਕੰਬਦੇ ਹਨ।” (ਯਾਕੂ. 2:19) ਤਾਂ ਫਿਰ, ਨਿਹਚਾ ਕਰਨ ਦਾ ਕੀ ਮਤਲਬ ਹੈ?
ਬਾਈਬਲ ਨਿਹਚਾ ਦੇ ਦੋ ਪਹਿਲੂ ਪੇਸ਼ ਕਰਦੀ ਹੈ। ਪਹਿਲਾ, “ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।” (ਇਬ. 11:1ੳ) ਨਿਹਚਾ ਹੋਣ ਕਰਕੇ ਤੁਸੀਂ ਪੱਕਾ ਭਰੋਸਾ ਰੱਖੋਗੇ ਕਿ ਯਹੋਵਾਹ ਜੋ ਵੀ ਕਹਿੰਦਾ ਹੈ ਉਹ ਸੱਚ ਹੈ ਅਤੇ ਜ਼ਰੂਰ ਪੂਰਾ ਹੋ ਕੇ ਰਹੇਗਾ। ਮਿਸਾਲ ਲਈ, ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਜੇ ਤੁਸੀਂ ਮੇਰਾ ਦਿਨ ਦਾ ਨੇਮ ਅਤੇ ਮੇਰਾ ਰਾਤ ਦਾ ਨੇਮ ਤੋੜ ਸੱਕਦੇ ਹੋ ਭਈ ਦਿਨ ਅਤੇ ਰਾਤ ਆਪਣੇ ਵੇਲੇ ਸਿਰਾ ਨਾ ਹੋਣ। ਤਦ ਮੇਰੀ ਉਹ ਨੇਮ ਜਿਹੜਾ ਮੈਂ ਆਪਣੇ ਦਾਸ ਦਾਊਦ ਨਾਲ ਕੀਤਾ ਸੀ ਟੁੱਟ ਸੱਕਦਾ ਹੈ।” (ਯਿਰ. 33:20, 21) ਕੀ ਤੁਹਾਨੂੰ ਕਦੇ ਇਸ ਗੱਲ ਦਾ ਡਰ ਹੁੰਦਾ ਹੈ ਕਿ ਸ਼ਾਇਦ ਸੂਰਜ ਚੜ੍ਹਨਾ ਤੇ ਛਿਪਣਾ ਬੰਦ ਹੋ ਜਾਵੇਗਾ ਜਿਸ ਕਰਕੇ ਦਿਨ-ਰਾਤ ਬਣਨੇ ਬੰਦ ਹੋ ਜਾਣਗੇ? ਜੇ ਤੁਹਾਨੂੰ ਧਰਤੀ ਨੂੰ ਆਪਣੇ ਧੁਰੇ ਦੁਆਲੇ ਘੁਮਾਉਣ ਅਤੇ ਸੂਰਜ ਦੇ ਦੁਆਲੇ ਘੁਮਾਉਣ ਵਾਲੇ ਕੁਦਰਤੀ ਨਿਯਮਾਂ ʼਤੇ ਸ਼ੱਕ ਨਹੀਂ ਹੈ, ਤਾਂ ਫਿਰ ਕੀ ਤੁਹਾਨੂੰ ਇਨ੍ਹਾਂ ਕੁਦਰਤੀ ਨਿਯਮਾਂ ਦੇ ਬਣਾਉਣ ਵਾਲੇ ਦੇ ਵਾਅਦਿਆਂ ʼਤੇ ਸ਼ੱਕ ਕਰਨਾ ਚਾਹੀਦਾ ਹੈ? ਬਿਲਕੁਲ ਵੀ ਨਹੀਂ!—ਯਸਾ. 55:10, 11; ਮੱਤੀ 5:18.
ਦੂਜਾ, ਨਿਹਚਾ “ਇਸ ਗੱਲ ਦਾ ਸਬੂਤ ਵੀ ਹੈ ਕਿ ਤੁਸੀਂ ਜਿਸ ਚੀਜ਼ ʼਤੇ ਵਿਸ਼ਵਾਸ ਕਰਦੇ ਹੋ, ਉਹ ਸੱਚ-ਮੁੱਚ ਹੈ, ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ।” (ਇਬ. 11:1ਅ) ਕਿਹੜੀ ਇਕ ਮਿਸਾਲ ਰਾਹੀਂ ਤੁਸੀਂ ਉਨ੍ਹਾਂ ਚੀਜ਼ਾਂ ʼਤੇ ਯਕੀਨ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਦੇਖ ਨਹੀਂ ਸਕਦੇ? ਸੋਚੋ ਕਿ ਇਕ ਬੱਚਾ ਤੁਹਾਨੂੰ ਪੁੱਛਦਾ ਹੈ, ‘ਤੁਹਾਨੂੰ ਕਿਵੇਂ ਪਤਾ ਕਿ ਹਵਾ ਹੈ?’ ਚਾਹੇ ਤੁਸੀਂ ਕਦੇ ਹਵਾ ਨੂੰ ਨਹੀਂ ਦੇਖਿਆ, ਤਾਂ ਵੀ ਤੁਸੀਂ ਬੱਚੇ ਨੂੰ ਉਨ੍ਹਾਂ ਸਬੂਤਾਂ ਬਾਰੇ ਦੱਸੋਗੇ ਜਿਨ੍ਹਾਂ ਤੋਂ ਉਸ ਨੂੰ ਯਕੀਨ ਹੋਵੇਗਾ ਕਿ ਹਵਾ ਹੈ, ਜਿਵੇਂ ਸਾਹ ਲੈਣਾ, ਹਵਾ ਦੇ ਅਸਰ ਵਗੈਰਾ-ਵਗੈਰਾ। ਇਕ ਵਾਰ ਜਦੋਂ ਬੱਚੇ ਨੂੰ ਇਨ੍ਹਾਂ ਸਬੂਤਾਂ ʼਤੇ ਯਕੀਨ ਹੋ ਜਾਂਦਾ ਹੈ, ਤਾਂ ਉਸ ਨੂੰ ਉਨ੍ਹਾਂ ਚੀਜ਼ਾਂ ਦੀ ਹੋਂਦ ʼਤੇ ਵਿਸ਼ਵਾਸ ਹੋ ਜਾਂਦਾ ਹੈ ਜੋ ਉਹ ਦੇਖ ਨਹੀਂ ਸਕਦਾ। ਇਸੇ ਤਰ੍ਹਾਂ ਨਿਹਚਾ ਠੋਸ ਸਬੂਤਾਂ ʼਤੇ ਆਧਾਰਿਤ ਹੁੰਦੀ ਹੈ।—ਰੋਮੀ. 1:20.
ਦਿਲ ਦੀ ਸਹੀ ਹਾਲਤ ਹੋਣੀ ਜ਼ਰੂਰੀ
ਨਿਹਚਾ ਸਬੂਤਾਂ ʼਤੇ ਆਧਾਰਿਤ ਹੈ। ਇਸ ਲਈ ਨਿਹਚਾ ਕਰਨ ਵਾਲੇ ਵਿਅਕਤੀ ਨੂੰ “ਸੱਚਾਈ ਦਾ ਸਹੀ ਗਿਆਨ ਪ੍ਰਾਪਤ” ਕਰਨਾ ਚਾਹੀਦਾ ਹੈ। (1 ਤਿਮੋ. 2:4) ਪਰ ਗਿਆਨ ਲੈਣਾ ਹੀ ਕਾਫ਼ੀ ਨਹੀਂ ਹੈ। ਪੌਲੁਸ ਰਸੂਲ ਨੇ ਲਿਖਿਆ: “ਦਿਲੋਂ ਨਿਹਚਾ” ਕਰਨੀ ਜ਼ਰੂਰੀ ਹੈ। (ਰੋਮੀ. 10:10) ਇਕ ਵਿਅਕਤੀ ਨੂੰ ਸਿਰਫ਼ ਸੱਚਾਈ ʼਤੇ ਯਕੀਨ ਹੀ ਨਹੀਂ ਕਰਨਾ ਚਾਹੀਦਾ, ਸਗੋਂ ਇਸ ਦੀ ਕਦਰ ਵੀ ਕਰਨੀ ਚਾਹੀਦੀ ਹੈ। ਫਿਰ ਹੀ ਉਹ ਨਿਹਚਾ ਯਾਨੀ ਸੱਚਾਈ ਦੇ ਮੁਤਾਬਕ ਕੰਮ ਕਰਨ ਲਈ ਪ੍ਰੇਰਿਤ ਹੋਵੇਗਾ। (ਯਾਕੂ. 2:20) ਦਿਲੋਂ ਸੱਚਾਈ ਦੀ ਕਦਰ ਨਾ ਕਰਨ ਵਾਲਾ ਵਿਅਕਤੀ ਸ਼ਾਇਦ ਸਬੂਤਾਂ ਨੂੰ ਰੱਦ ਕਰ ਦੇਵੇ ਕਿਉਂਕਿ ਉਹ ਆਪਣੇ ਵਿਸ਼ਵਾਸਾਂ ਨੂੰ ਬਦਲਣ ਤੋਂ ਇਨਕਾਰ ਕਰਦਾ ਹੈ ਜਾਂ ਆਪਣੀ ਮਰਜ਼ੀ ਮੁਤਾਬਕ ਕੰਮ ਕਰਨੇ ਚਾਹੁੰਦਾ ਹੈ। (2 ਪਤ. 3:3, 4; ਯਹੂ. 18) ਇਸੇ ਕਰਕੇ ਪੁਰਾਣੇ ਜ਼ਮਾਨੇ ਵਿਚ ਆਪਣੀਆਂ ਅੱਖਾਂ ਨਾਲ ਚਮਤਕਾਰ ਦੇਖਣ ਵਾਲੇ ਸਾਰੇ ਲੋਕਾਂ ਨੇ ਨਿਹਚਾ ਨਹੀਂ ਕੀਤੀ। (ਗਿਣ. 14:11; ਯੂਹੰ. 12:37) ਸੱਚਾਈ ਨੂੰ ਪਿਆਰ ਕਰਨ ਵਾਲਿਆਂ ਵਿਚ ਹੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਿਹਚਾ ਪੈਦਾ ਕਰਦੀ ਹੈ।—ਗਲਾ. 5:22; 2 ਥੱਸ. 2:10, 11.
ਦਾਊਦ ਨੇ ਪੱਕੀ ਨਿਹਚਾ ਕਿਵੇਂ ਪੈਦਾ ਕੀਤੀ?
ਪੱਕੀ ਨਿਹਚਾ ਰੱਖਣ ਵਾਲਿਆਂ ਵਿਚ ਦਾਊਦ ਵੀ ਸ਼ਾਮਲ ਸੀ। (ਇਬ. 11:32, 33) ਪਰ ਦਾਊਦ ਦੇ ਪਰਿਵਾਰ ਦੇ ਸਾਰੇ ਜੀਆਂ ਦੀ ਨਿਹਚਾ ਪੱਕੀ ਨਹੀਂ ਸੀ। ਮਿਸਾਲ ਲਈ, ਜ਼ਰਾ ਦਾਊਦ ਦੇ ਸਭ ਤੋਂ ਵੱਡੇ ਭਰਾ ਅਲੀਆਬ ਬਾਰੇ ਸੋਚੋ। ਜਦੋਂ ਗੋਲਿਅਥ ਇਜ਼ਰਾਈਲ ਨੂੰ ਲਲਕਾਰ ਰਿਹਾ ਸੀ, ਤਾਂ ਦਾਊਦ ਹੈਰਾਨ-ਪਰੇਸ਼ਾਨ ਹੋ ਗਿਆ। ਪਰ ਅਲੀਆਬ ਨੇ ਉਸ ਸਮੇਂ ਦਾਊਦ ਨੂੰ ਝਿੜਕਿਆ। ਇੱਦਾਂ ਕਰ ਕੇ ਅਲੀਆਬ ਨੇ ਦਿਖਾਇਆ ਕਿ ਉਸ ਵਿਚ ਨਿਹਚਾ ਦੀ ਕਮੀ ਸੀ। (1 ਸਮੂ. 17:26-28) ਜਨਮ ਤੋਂ ਕਿਸੇ ਵਿਚ ਨਿਹਚਾ ਨਹੀਂ ਹੁੰਦੀ ਤੇ ਨਾ ਹੀ ਇਹ ਗੁਣ ਮਾਪਿਆਂ ਤੋਂ ਮਿਲਦਾ ਹੈ। ਇਸ ਲਈ ਪਰਮੇਸ਼ੁਰ ਨਾਲ ਖ਼ੁਦ ਦਾ ਰਿਸ਼ਤਾ ਹੋਣ ਕਰਕੇ ਦਾਊਦ ਵਿਚ ਨਿਹਚਾ ਸੀ।
ਜ਼ਬੂਰ 27 ਵਿਚ ਦਾਊਦ ਨੇ ਦੱਸਿਆ ਕਿ ਉਸ ਦੀ ਨਿਹਚਾ ਇੰਨੀ ਪੱਕੀ ਕਿਵੇਂ ਸੀ। (ਆਇਤ 1) ਦਾਊਦ ਨੇ ਆਪਣੇ ਪੁਰਾਣੇ ਤਜਰਬਿਆਂ ʼਤੇ ਸੋਚ-ਵਿਚਾਰ ਕਰਨ ਦੇ ਨਾਲ-ਨਾਲ ਇਸ ਗੱਲ ʼਤੇ ਵੀ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਉਸ ਨੂੰ ਉਸ ਦੇ ਦੁਸ਼ਮਣਾਂ ਦੇ ਹੱਥੋਂ ਕਿਵੇਂ ਬਚਾਇਆ ਸੀ। (ਆਇਤਾਂ 2, 3) ਉਹ ਯਹੋਵਾਹ ਵੱਲੋਂ ਕੀਤੇ ਭਗਤੀ ਦੇ ਪ੍ਰਬੰਧ ਦੀ ਬੇਹੱਦ ਕਦਰ ਕਰਦਾ ਸੀ। (ਆਇਤ 4) ਦਾਊਦ ਦੂਜਿਆਂ ਨਾਲ ਮਿਲ ਕੇ ਪਰਮੇਸ਼ੁਰ ਦੇ ਡੇਰੇ ਵਿਚ ਭਗਤੀ ਕਰਦਾ ਸੀ। (ਆਇਤ 6) ਉਹ ਦਿਲੋਂ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਮਦਦ ਮੰਗਦਾ ਸੀ। (ਆਇਤਾਂ 7, 8) ਨਾਲੇ ਦਾਊਦ ਚਾਹੁੰਦਾ ਸੀ ਕਿ ਪਰਮੇਸ਼ੁਰ ਆਪਣੇ ਰਸਤੇ ʼਤੇ ਚੱਲਣ ਵਿਚ ਉਸ ਦੀ ਅਗਵਾਈ ਕਰੇ। (ਆਇਤ 11) ਦਾਊਦ ਲਈ ਨਿਹਚਾ ਇੰਨੀ ਮਾਅਨੇ ਰੱਖਦੀ ਸੀ ਕਿ ਉਸ ਨੇ ਪੁੱਛਿਆ: “ਮੇਰਾ ਕੀ ਹੁੰਦਾ ਜੇ ਮੈਨੂੰ ਨਿਹਚਾ ਨਾ ਹੁੰਦੀ?”—ਆਇਤ 13, NW.
ਆਪਣੀ ਨਿਹਚਾ ਪੱਕੀ ਕਿਵੇਂ ਕਰੀਏ?
ਜੇ ਤੁਸੀਂ ਜ਼ਬੂਰ 27 ਵਿਚ ਦਿੱਤੇ ਰਵੱਈਏ ਅਤੇ ਆਦਤਾਂ ਦੀ ਰੀਸ ਕਰੋਗੇ, ਤਾਂ ਦਾਊਦ ਵਾਂਗ ਤੁਹਾਡੀ ਨਿਹਚਾ ਵੀ ਪੱਕੀ ਹੋ ਸਕਦੀ ਹੈ। ਨਿਹਚਾ ਸਹੀ ਗਿਆਨ ʼਤੇ ਆਧਾਰਿਤ ਹੁੰਦੀ ਹੈ। ਇਸ ਕਰਕੇ ਜਿੰਨਾ ਜ਼ਿਆਦਾ ਤੁਸੀਂ ਪਰਮੇਸ਼ੁਰ ਦੇ ਬਚਨ ਅਤੇ ਇਸ ʼਤੇ ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰੋਗੇ, ਉੱਨਾ ਜ਼ਿਆਦਾ ਤੁਹਾਡੇ ਲਈ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਇਸ ਫਲ ਨੂੰ ਪੈਦਾ ਕਰਨਾ ਸੌਖਾ ਹੋਵੇਗਾ। (ਜ਼ਬੂ. 1:2, 3) ਅਧਿਐਨ ਕਰਦਿਆਂ ਸੋਚ-ਵਿਚਾਰ ਕਰਨ ਕਰਕੇ ਯਹੋਵਾਹ ਲਈ ਤੁਹਾਡੀ ਕਦਰ ਹੋਰ ਵਧੇਗੀ। ਜਿੱਦਾਂ-ਜਿੱਦਾਂ ਯਹੋਵਾਹ ਲਈ ਤੁਹਾਡੀ ਕਦਰ ਵਧੇਗੀ, ਉੱਦਾਂ-ਉੱਦਾਂ ਸਭਾਵਾਂ ਵਿਚ ਹਾਜ਼ਰ ਹੋ ਕੇ ਅਤੇ ਦੂਜਿਆਂ ਨੂੰ ਉਮੀਦ ਬਾਰੇ ਦੱਸ ਕੇ ਤੁਸੀਂ ਆਪਣੀ ਨਿਹਚਾ ਦਿਖਾਉਣੀ ਚਾਹੋਗੇ। (ਇਬ. 10:23-25) ਲਗਾਤਾਰ ‘ਪ੍ਰਾਰਥਨਾ ਕਰ ਕੇ ਅਤੇ ਹੌਸਲਾ ਨਾ ਹਾਰ ਕੇ’ ਵੀ ਅਸੀਂ ਆਪਣੀ ਨਿਹਚਾ ਦਿਖਾਉਂਦੇ ਹਾਂ। (ਲੂਕਾ 18:1-8) ਇਸ ਲਈ ਯਹੋਵਾਹ ਨੂੰ “ਲਗਾਤਾਰ ਪ੍ਰਾਰਥਨਾ ਕਰਦੇ ਰਹੋ” ਅਤੇ ਭਰੋਸਾ ਰੱਖੋ ਕਿ “ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਥੱਸ. 5:17; 1 ਪਤ. 5:7) ਨਿਹਚਾ ਕਰਕੇ ਅਸੀਂ ਕੰਮ ਕਰਨ ਲਈ ਪ੍ਰੇਰਿਤ ਹੁੰਦੇ ਹਾਂ ਅਤੇ ਕੰਮਾਂ ਕਰਕੇ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ।—ਯਾਕੂ. 2:22.
ਯਿਸੂ ʼਤੇ ਨਿਹਚਾ ਕਰੋ
ਆਪਣੀ ਮੌਤ ਤੋਂ ਇਕ ਸ਼ਾਮ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਪਰਮੇਸ਼ੁਰ ਉੱਤੇ ਨਿਹਚਾ ਕਰੋ ਅਤੇ ਮੇਰੇ ਉੱਤੇ ਵੀ ਨਿਹਚਾ ਕਰੋ।” (ਯੂਹੰ. 14:1) ਸੋ ਸਾਨੂੰ ਯਹੋਵਾਹ ਦੇ ਨਾਲ-ਨਾਲ ਯਿਸੂ ʼਤੇ ਵੀ ਨਿਹਚਾ ਕਰਨ ਦੀ ਲੋੜ ਹੈ। ਅਸੀਂ ਯਿਸੂ ʼਤੇ ਨਿਹਚਾ ਕਿਵੇਂ ਕਰ ਸਕਦੇ ਹਾਂ? ਆਓ ਆਪਾਂ ਤਿੰਨ ਤਰੀਕੇ ਦੇਖੀਏ।
ਪਹਿਲਾ ਤਰੀਕਾ, ਸੋਚੋ ਕਿ ਪਰਮੇਸ਼ੁਰ ਨੇ ਰਿਹਾਈ ਦੀ ਕੀਮਤ ਤੁਹਾਡੇ ਲਈ ਦਿੱਤੀ ਹੈ। ਪੌਲੁਸ ਰਸੂਲ ਨੇ ਕਿਹਾ: “ਮੈਂ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰ ਕੇ ਜੀ ਰਿਹਾ ਹਾਂ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।” (ਗਲਾ. 2:20) ਯਿਸੂ ʼਤੇ ਨਿਹਚਾ ਰੱਖਣ ਕਰਕੇ ਤੁਸੀਂ ਪੱਕਾ ਯਕੀਨ ਕਰ ਸਕਦੇ ਹੋ ਕਿ ਰਿਹਾਈ ਦੀ ਕੀਮਤ ਤੁਹਾਡੇ ਲਈ ਦਿੱਤੀ ਗਈ ਹੈ, ਇਸ ਦੇ ਆਧਾਰ ʼਤੇ ਤੁਹਾਡੇ ਪਾਪ ਮਾਫ਼ ਹੁੰਦੇ ਹਨ, ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲਦੀ ਹੈ ਅਤੇ ਇਹ ਤੁਹਾਡੇ ਨਾਲ ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ। (ਰੋਮੀ. 8:32, 38, 39; ਅਫ਼. 1:7) ਇਸ ਕਰਕੇ ਤੁਸੀਂ ਆਪਣੇ ਬਾਰੇ ਸਹੀ ਨਜ਼ਰੀਆ ਰੱਖ ਸਕੋਗੇ ਅਤੇ ਆਪਣੇ ਆਪ ਵਿਚ ਦੋਸ਼ੀ ਮਹਿਸੂਸ ਨਹੀਂ ਕਰੋਗੇ।—2 ਥੱਸ. 2:16, 17.
ਦੂਜਾ ਤਰੀਕਾ, ਪ੍ਰਾਰਥਨਾ ਰਾਹੀਂ ਯਹੋਵਾਹ ਦੇ ਨੇੜੇ ਜਾਓ। ਰਿਹਾਈ ਦੀ ਕੀਮਤ ਦੇਣ ਕਰਕੇ ਮੁਮਕਿਨ ਹੋਇਆ ਕਿ ਅਸੀਂ ਯਹੋਵਾਹ ਨੂੰ ‘ਬੇਝਿਜਕ ਹੋ ਕੇ ਪ੍ਰਾਰਥਨਾ ਕਰ ਸਕਦੇ ਹਾਂ ਜਦੋਂ ਸਾਨੂੰ ਮਦਦ ਦੀ ਲੋੜ ਹੋਵੇ, ਤਾਂ ਉਹ ਸਾਡੇ ਉੱਤੇ ਦਇਆ ਅਤੇ ਅਪਾਰ ਕਿਰਪਾ ਕਰੇ।’ (ਇਬ. 4:15, 16; 10:19-22) ਪ੍ਰਾਰਥਨਾ ਕਰ ਕੇ ਸਾਡਾ ਇਰਾਦਾ ਪੱਕਾ ਹੁੰਦਾ ਹੈ ਕਿ ਪਰੀਖਿਆ ਦੌਰਾਨ ਅਸੀਂ ਪਾਪ ਕਰਨ ਦੇ ਫੰਦੇ ਵਿਚ ਨਾ ਫਸੀਏ।—ਲੂਕਾ 22:40.
ਤੀਜਾ ਤਰੀਕਾ, ਯਿਸੂ ਦਾ ਕਹਿਣਾ ਮੰਨੋ। ਯੂਹੰਨਾ ਰਸੂਲ ਨੇ ਲਿਖਿਆ: “ਜਿਹੜਾ ਪੁੱਤਰ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ; ਜਿਹੜਾ ਪੁੱਤਰ ਦੀ ਆਗਿਆ ਨਹੀਂ ਮੰਨਦਾ, ਉਸ ਨੂੰ ਇਹ ਜ਼ਿੰਦਗੀ ਨਹੀਂ ਮਿਲੇਗੀ, ਸਗੋਂ ਉਸ ਨੂੰ ਪਰਮੇਸ਼ੁਰ ਦੇ ਕ੍ਰੋਧ ਦਾ ਸਾਮ੍ਹਣਾ ਕਰਨਾ ਪਵੇਗਾ।” (ਯੂਹੰ. 3:36) ਧਿਆਨ ਦਿਓ ਕਿ ਯੂਹੰਨਾ ਰਸੂਲ ਨੇ ਨਿਹਚਾ ਨੂੰ ਅਣਆਗਿਆਕਾਰੀ ਦੇ ਉਲਟ ਕਿਹਾ। ਇਸ ਲਈ ਯਿਸੂ ਦਾ ਕਹਿਣਾ ਮੰਨ ਕੇ ਤੁਸੀਂ ਉਸ ʼਤੇ ਆਪਣੀ ਨਿਹਚਾ ਦਿਖਾਉਂਦੇ ਹੋ। ਤੁਸੀਂ ‘ਮਸੀਹ ਦੇ ਕਾਨੂੰਨ’ ਯਾਨੀ ਉਸ ਦੀਆਂ ਸਿਖਾਈਆਂ ਗੱਲਾਂ ਅਤੇ ਉਸ ਰਾਹੀਂ ਦਿੱਤੇ ਹੁਕਮਾਂ ʼਤੇ ਚੱਲ ਕੇ ਯਿਸੂ ਦਾ ਕਹਿਣਾ ਮੰਨਦੇ ਹੋ। (ਗਲਾ. 6:2) “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦੁਆਰਾ ਯਿਸੂ ਜੋ ਹਿਦਾਇਤਾਂ ਦਿੰਦਾ ਹੈ, ਉਨ੍ਹਾਂ ਮੁਤਾਬਕ ਚੱਲ ਕੇ ਤੁਸੀਂ ਉਸ ਦਾ ਕਹਿਣਾ ਮੰਨਦੇ ਹੋ। (ਮੱਤੀ 24:45) ਯਿਸੂ ਦਾ ਕਹਿਣਾ ਮੰਨ ਕੇ ਤੁਹਾਨੂੰ ਤੂਫ਼ਾਨ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੇਗੀ।—ਮੱਤੀ 7:24, 25.
“ਤੁਸੀਂ ਆਪਣੀ ਅੱਤ ਪਵਿੱਤਰ ਨਿਹਚਾ ਨੂੰ ਮਜ਼ਬੂਤ ਕਰੋ”
ਇਕ ਵਾਰ ਇਕ ਆਦਮੀ ਨੇ ਉੱਚੀ-ਉੱਚੀ ਯਿਸੂ ਨੂੰ ਕਿਹਾ: “ਮੈਂ ਨਿਹਚਾ ਕਰਦਾ ਹਾਂ! ਪਰ ਜੇ ਮੇਰੀ ਨਿਹਚਾ ਕਮਜ਼ੋਰ ਹੈ, ਤਾਂ ਇਸ ਨੂੰ ਮਜ਼ਬੂਤ ਕਰਨ ਵਿਚ ਮੇਰੀ ਮਦਦ ਕਰੋ!” (ਮਰ. 9:24) ਉਹ ਕੁਝ ਹੱਦ ਤਕ ਨਿਹਚਾ ਕਰਦਾ ਸੀ, ਪਰ ਉਸ ਨੇ ਨਿਮਰਤਾ ਨਾਲ ਸਵੀਕਾਰ ਕੀਤਾ ਕਿ ਉਸ ਨੂੰ ਹੋਰ ਨਿਹਚਾ ਦੀ ਜ਼ਰੂਰਤ ਸੀ। ਉਸ ਆਦਮੀ ਵਾਂਗ ਸਾਨੂੰ ਵੀ ਆਉਣ ਵਾਲੇ ਸਮੇਂ ਵਿਚ ਕੁਝ ਹਾਲਾਤਾਂ ਵਿਚ ਹੋਰ ਨਿਹਚਾ ਦੀ ਲੋੜ ਹੋਵੇਗੀ। ਨਾਲੇ ਅੱਜ ਅਸੀਂ ਸਾਰੇ ਜਣੇ ਆਪਣੀ ਨਿਹਚਾ ਹੋਰ ਮਜ਼ਬੂਤ ਕਰ ਸਕਦੇ ਹਾਂ। ਜਿਵੇਂ ਅਸੀਂ ਦੇਖਿਆ ਕਿ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਤੇ ਇਸ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਆਪਣੀ ਨਿਹਚਾ ਪੱਕੀ ਕਰਦੇ ਹਾਂ ਜਿਸ ਕਰਕੇ ਸਾਡੇ ਦਿਲ ਵਿਚ ਯਹੋਵਾਹ ਲਈ ਕਦਰ ਹੋਰ ਵਧੇਗੀ। ਨਾਲੇ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰ ਕੇ, ਆਪਣੀ ਉਮੀਦ ਬਾਰੇ ਦੂਸਰਿਆਂ ਨੂੰ ਦੱਸ ਕੇ ਅਤੇ ਲਗਾਤਾਰ ਪ੍ਰਾਰਥਨਾ ਕਰ ਕੇ ਵੀ ਸਾਡੀ ਨਿਹਚਾ ਹੋਰ ਪੱਕੀ ਹੋਵੇਗੀ। ਇਸ ਤੋਂ ਇਲਾਵਾ, ਨਿਹਚਾ ਪੱਕੀ ਹੋਣ ਕਰਕੇ ਸਾਨੂੰ ਸਭ ਤੋਂ ਵੱਡਾ ਇਨਾਮ ਮਿਲਦਾ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਕਹਿੰਦਾ ਹੈ: “ਤੁਸੀਂ ਆਪਣੀ ਅੱਤ ਪਵਿੱਤਰ ਨਿਹਚਾ ਨੂੰ ਮਜ਼ਬੂਤ ਕਰੋ . . . ਤਾਂਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖੋ।”—ਯਹੂ. 20, 21.