ਪਾਠ 25
ਪਰਮੇਸ਼ੁਰ ਨੇ ਇਨਸਾਨ ਨੂੰ ਕਿਉਂ ਬਣਾਇਆ?
ਬਾਈਬਲ ਦੱਸਦੀ ਹੈ ਕਿ ਇਨਸਾਨਾਂ ਦਾ ਜੀਵਨ ‘ਥੋੜ੍ਹੇ ਦਿਨਾਂ ਦਾ ਹੈ ਤੇ ਦੁੱਖਾਂ ਨਾਲ ਲੱਦਿਆ ਹੋਇਆ ਹੈ।’ (ਅੱਯੂਬ 14:1) ਕੀ ਪਰਮੇਸ਼ੁਰ ਸਾਡੇ ਲਈ ਇਹੋ ਜਿਹੀ ਜ਼ਿੰਦਗੀ ਚਾਹੁੰਦਾ ਸੀ? ਜੇ ਨਹੀਂ, ਤਾਂ ਉਸ ਨੇ ਸਾਨੂੰ ਕਿਉਂ ਬਣਾਇਆ? ਉਸ ਦਾ ਮਕਸਦ ਕੀ ਹੈ? ਕੀ ਉਸ ਦਾ ਮਕਸਦ ਕਦੇ ਪੂਰਾ ਹੋਵੇਗਾ? ਬਾਈਬਲ ਵਿਚ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ਜਿਨ੍ਹਾਂ ਬਾਰੇ ਜਾਣ ਕੇ ਤੁਹਾਨੂੰ ਜ਼ਰੂਰ ਤਸੱਲੀ ਮਿਲੇਗੀ।
1. ਯਹੋਵਾਹ ਸਾਰੇ ਇਨਸਾਨਾਂ ਲਈ ਕਿਹੋ ਜਿਹੀ ਜ਼ਿੰਦਗੀ ਚਾਹੁੰਦਾ ਹੈ?
ਯਹੋਵਾਹ ਚਾਹੁੰਦਾ ਹੈ ਕਿ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣ। ਜਦੋਂ ਉਸ ਨੇ ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਨੂੰ ਬਣਾਇਆ, ਤਾਂ ਉਨ੍ਹਾਂ ਨੂੰ ਇਕ ਸੋਹਣੇ ਬਾਗ਼ ਵਿਚ ਰੱਖਿਆ ਜਿਸ ਨੂੰ ਅਦਨ ਦਾ ਬਾਗ਼ ਕਿਹਾ ਗਿਆ ਸੀ। ਫਿਰ “ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਕਿਹਾ: ‘ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ ਅਤੇ ਇਸ ʼਤੇ ਅਧਿਕਾਰ ਰੱਖੋ।’” (ਉਤਪਤ 1:28) ਯਹੋਵਾਹ ਚਾਹੁੰਦਾ ਸੀ ਕਿ ਆਦਮ ਤੇ ਹੱਵਾਹ ਦੇ ਬੱਚੇ ਹੋਣ, ਉਹ ਪੂਰੀ ਧਰਤੀ ਨੂੰ ਸੋਹਣੇ ਬਾਗ਼ ਵਰਗੀ ਬਣਾ ਦੇਣ ਅਤੇ ਜਾਨਵਰਾਂ ਦੀ ਦੇਖ-ਭਾਲ ਕਰਨ। ਉਹ ਚਾਹੁੰਦਾ ਸੀ ਕਿ ਸਾਰੇ ਇਨਸਾਨ ਹਮੇਸ਼ਾ ਖ਼ੁਸ਼ ਰਹਿਣ, ਤੰਦਰੁਸਤ ਰਹਿਣ ਅਤੇ ਹਮੇਸ਼ਾ ਲਈ ਜੀਉਣ।
ਪਰ ਅੱਜ ਇਨਸਾਨਾਂ ਦੀ ਜ਼ਿੰਦਗੀ ਉੱਦਾਂ ਦੀ ਨਹੀਂ ਹੈ ਜਿੱਦਾਂ ਦੀ ਯਹੋਵਾਹ ਚਾਹੁੰਦਾ ਸੀ।a ਪਰ ਇਸ ਦਾ ਮਤਲਬ ਇਹ ਨਹੀਂ ਕਿ ਪਰਮੇਸ਼ੁਰ ਦਾ ਮਕਸਦ ਬਦਲ ਗਿਆ ਹੈ। (ਯਸਾਯਾਹ 46:10, 11) ਪਰਮੇਸ਼ੁਰ ਅੱਜ ਵੀ ਇਹੀ ਚਾਹੁੰਦਾ ਹੈ ਕਿ ਜਿਹੜੇ ਲੋਕ ਉਸ ਦਾ ਕਹਿਣਾ ਮੰਨਦੇ ਹਨ, ਉਹ ਦੁੱਖ-ਤਕਲੀਫ਼ਾਂ ਦੇ ਬਗੈਰ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਜੀਉਣ।—ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹੋ।
2. ਸਾਨੂੰ ਅੱਜ ਸੱਚੀ ਖ਼ੁਸ਼ੀ ਅਤੇ ਜੀਉਣ ਦਾ ਮਕਸਦ ਕਿਵੇਂ ਮਿਲ ਸਕਦਾ ਹੈ?
ਯਹੋਵਾਹ ਨੇ ਇਨਸਾਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਉਹ ‘ਉਸ ਦੀ ਅਗਵਾਈ ਲਈ ਤਰਸਦੇ’ ਹਨ। ਇਸ ਦਾ ਮਤਲਬ ਹੈ ਕਿ ਸਾਡੇ ਅੰਦਰ ਪਰਮੇਸ਼ੁਰ ਨੂੰ ਜਾਣਨ ਅਤੇ ਉਸ ਦੀ ਭਗਤੀ ਕਰਨ ਦੀ ਇੱਛਾ ਹੁੰਦੀ ਹੈ। (ਮੱਤੀ 5:3-6 ਪੜ੍ਹੋ।) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਗੂੜ੍ਹੀ ਦੋਸਤੀ ਕਰੀਏ, ‘ਉਸ ਦੇ ਸਾਰੇ ਰਾਹਾਂ ʼਤੇ ਚੱਲੀਏ, ਉਸ ਨੂੰ ਪਿਆਰ ਕਰੀਏ ਅਤੇ ਆਪਣੇ ਪੂਰੇ ਦਿਲ ਨਾਲ’ ਉਸ ਦੀ ਸੇਵਾ ਕਰੀਏ। (ਬਿਵਸਥਾ ਸਾਰ 10:12; ਜ਼ਬੂਰ 25:14) ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ, ਫਿਰ ਚਾਹੇ ਸਾਡੀ ਜ਼ਿੰਦਗੀ ਵਿਚ ਕਿੰਨੀਆਂ ਹੀ ਮੁਸ਼ਕਲਾਂ ਕਿਉਂ ਨਾ ਹੋਣ। ਹਾਂ, ਯਹੋਵਾਹ ਦੀ ਭਗਤੀ ਕਰਨ ਨਾਲ ਸਾਨੂੰ ਜੀਉਣ ਦਾ ਮਕਸਦ ਮਿਲਦਾ ਹੈ!
ਹੋਰ ਸਿੱਖੋ
ਆਓ ਜਾਣੀਏ ਕਿ ਯਹੋਵਾਹ ਨੇ ਕਿੰਨਾ ਸੋਚ-ਸਮਝ ਕੇ ਅਤੇ ਪਿਆਰ ਨਾਲ ਸਾਡੇ ਲਈ ਧਰਤੀ ਬਣਾਈ। ਅਸੀਂ ਉਸ ਦੇ ਬਚਨ ਵਿੱਚੋਂ ਇਹ ਵੀ ਜਾਣਾਂਗੇ ਕਿ ਉਸ ਨੇ ਸਾਨੂੰ ਕਿਉਂ ਬਣਾਇਆ।
3. ਯਹੋਵਾਹ ਇਨਸਾਨਾਂ ਨੂੰ ਵਧੀਆ ਜ਼ਿੰਦਗੀ ਦੇਣੀ ਚਾਹੁੰਦਾ ਹੈ
ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਰੱਬ ਨੇ ਧਰਤੀ ਨੂੰ ਇੰਨਾ ਸੋਹਣਾ ਕਿਉਂ ਬਣਾਇਆ?
ਉਪਦੇਸ਼ਕ ਦੀ ਕਿਤਾਬ 3:11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਯਹੋਵਾਹ ਨੇ ਇਨਸਾਨਾਂ ਦੇ ਮਨਾਂ ਵਿਚ ਕਿਹੜਾ ਵਿਚਾਰ ਪਾਇਆ ਹੈ? ਇਸ ਤੋਂ ਤੁਹਾਨੂੰ ਯਹੋਵਾਹ ਦੇ ਮਕਸਦ ਬਾਰੇ ਕੀ ਪਤਾ ਲੱਗਦਾ ਹੈ?
4. ਯਹੋਵਾਹ ਦਾ ਮਕਸਦ ਬਦਲਿਆ ਨਹੀਂ ਹੈ
ਜ਼ਬੂਰ 37:11, 29 ਅਤੇ ਯਸਾਯਾਹ 55:11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡੇ ਲਈ ਯਹੋਵਾਹ ਦਾ ਮਕਸਦ ਬਦਲਿਆ ਨਹੀਂ ਹੈ?
5. ਯਹੋਵਾਹ ਦੀ ਭਗਤੀ ਕਰਨ ਨਾਲ ਸਾਨੂੰ ਜੀਉਣ ਦਾ ਮਕਸਦ ਮਿਲਦਾ ਹੈ
ਜਦੋਂ ਅਸੀਂ ਜਾਣਾਂਗੇ ਕਿ ਪਰਮੇਸ਼ੁਰ ਨੇ ਸਾਨੂੰ ਕਿਸ ਮਕਸਦ ਨਾਲ ਬਣਾਇਆ ਹੈ, ਤਾਂ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਜ਼ਿੰਦਗੀ ਦੇ ਮਕਸਦ ਬਾਰੇ ਜਾਣ ਕੇ ਟੇਰੂਮੀ ਨੂੰ ਕੀ ਫ਼ਾਇਦਾ ਹੋਇਆ?
ਉਪਦੇਸ਼ਕ ਦੀ ਕਿਤਾਬ 12:13 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ, ਤਾਂ ਫਿਰ ਸਾਡਾ ਕੀ ਫ਼ਰਜ਼ ਬਣਦਾ ਹੈ?
ਸ਼ਾਇਦ ਕੋਈ ਪੁੱਛੇ: “ਜੇ ਅਸੀਂ ਇਕ ਦਿਨ ਮਰਨਾ ਹੀ ਹੈ, ਤਾਂ ਰੱਬ ਨੇ ਸਾਨੂੰ ਬਣਾਇਆ ਹੀ ਕਿਉਂ?”
ਤੁਸੀਂ ਉਸ ਨੂੰ ਕੀ ਜਵਾਬ ਦਿਓਗੇ?
ਹੁਣ ਤਕ ਅਸੀਂ ਸਿੱਖਿਆ
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਧਰਤੀ ʼਤੇ ਹਮੇਸ਼ਾ ਲਈ ਜੀਉਂਦੇ ਰਹੀਏ ਅਤੇ ਸਾਨੂੰ ਕੋਈ ਦੁੱਖ-ਤਕਲੀਫ਼ ਨਾ ਹੋਵੇ। ਜਦੋਂ ਅਸੀਂ ਪੂਰੇ ਦਿਲ ਨਾਲ ਉਸ ਦੀ ਭਗਤੀ ਕਰਦੇ ਹਾਂ, ਤਾਂ ਸਾਨੂੰ ਅੱਜ ਵੀ ਸੱਚੀ ਖ਼ੁਸ਼ੀ ਅਤੇ ਜੀਉਣ ਦਾ ਮਕਸਦ ਮਿਲਦਾ ਹੈ।
ਤੁਸੀਂ ਕੀ ਕਹੋਗੇ?
ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਲਈ ਯਹੋਵਾਹ ਦਾ ਕੀ ਮਕਸਦ ਸੀ?
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਮਕਸਦ ਬਦਲਿਆ ਨਹੀਂ ਹੈ?
ਤੁਹਾਨੂੰ ਅੱਜ ਸੱਚੀ ਖ਼ੁਸ਼ੀ ਅਤੇ ਜੀਉਣ ਦਾ ਮਕਸਦ ਕਿਵੇਂ ਮਿਲ ਸਕਦਾ ਹੈ?
ਇਹ ਵੀ ਦੇਖੋ
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਦਨ ਦਾ ਬਾਗ਼ ਸੱਚ-ਮੁੱਚ ਸੀ? ਆਓ ਕੁਝ ਸਬੂਤਾਂ ʼਤੇ ਗੌਰ ਕਰੀਏ।
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਧਰਤੀ ਕਦੇ ਨਾਸ਼ ਨਹੀਂ ਹੋਵੇਗੀ, ਸਗੋਂ ਹਮੇਸ਼ਾ ਰਹੇਗੀ? ਆਓ ਜਾਣੀਏ।
ਜਾਣੋ ਕਿ ਬਾਈਬਲ ਵਿਚ ਸਾਡੀ ਜ਼ਿੰਦਗੀ ਦੇ ਮਕਸਦ ਬਾਰੇ ਕੀ ਦੱਸਿਆ ਗਿਆ ਹੈ।
ਇਕ ਆਦਮੀ ਕੋਲ ਸਭ ਕੁਝ ਸੀ, ਫਿਰ ਵੀ ਉਸ ਦੀ ਜ਼ਿੰਦਗੀ ਵਿਚ ਕਿਸੇ ਚੀਜ਼ ਦੀ ਕਮੀ ਸੀ। ਦੇਖੋ ਕਿ ਉਸ ਨੂੰ ਉਹ ਚੀਜ਼ ਕਿਵੇਂ ਮਿਲੀ।
a ਅਗਲੇ ਪਾਠ ਵਿਚ ਅਸੀਂ ਸਿੱਖਾਂਗੇ ਕਿ ਅੱਜ ਸਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਕਿਉਂ ਨਹੀਂ ਹੈ।