ਉਪਦੇਸ਼ਕ ਦੀ ਕਿਤਾਬ
12 ਇਸ ਲਈ ਆਪਣੀ ਜਵਾਨੀ ਦੇ ਦਿਨਾਂ ਵਿਚ ਆਪਣੇ ਮਹਾਨ ਸਿਰਜਣਹਾਰ ਨੂੰ ਯਾਦ ਰੱਖ,+ ਇਸ ਤੋਂ ਪਹਿਲਾਂ ਕਿ ਕਸ਼ਟ ਭਰੇ ਦਿਨ+ ਅਤੇ ਸਾਲ ਆਉਣ ਜਦੋਂ ਤੂੰ ਕਹੇਂਗਾ: “ਮੇਰੀ ਜ਼ਿੰਦਗੀ ਵਿਚ ਕੋਈ ਖ਼ੁਸ਼ੀ ਨਹੀਂ”; 2 ਇਸ ਤੋਂ ਪਹਿਲਾਂ ਕਿ ਸੂਰਜ, ਚੰਦ ਤੇ ਤਾਰਿਆਂ ਦੀ ਰੌਸ਼ਨੀ ਚਲੀ ਜਾਵੇ+ ਅਤੇ ਮੋਹਲੇਧਾਰ ਮੀਂਹ ਪੈਣ ਤੋਂ ਬਾਅਦ ਬੱਦਲ ਦੁਬਾਰਾ ਛਾ ਜਾਣ; 3 ਇਸ ਤੋਂ ਪਹਿਲਾਂ ਕਿ ਘਰ ਦੇ ਰਖਵਾਲੇ ਕੰਬਣ ਲੱਗ ਪੈਣ ਅਤੇ ਤਾਕਤਵਰ ਆਦਮੀ ਕੁੱਬੇ ਹੋ ਜਾਣ ਅਤੇ ਚੱਕੀ ਪੀਹਣ ਵਾਲੀਆਂ ਔਰਤਾਂ ਥੋੜ੍ਹੀਆਂ ਰਹਿ ਜਾਣ ਅਤੇ ਪੀਹਣਾ ਬੰਦ ਕਰ ਦੇਣ ਅਤੇ ਬਾਰੀਆਂ ਵਿੱਚੋਂ ਦੇਖਣ ਵਾਲੀਆਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਵੇ;+ 4 ਜਦੋਂ ਗਲੀ ਵੱਲ ਨੂੰ ਖੁੱਲ੍ਹਦੇ ਦਰਵਾਜ਼ੇ ਬੰਦ ਹੋ ਜਾਣ ਅਤੇ ਚੱਕੀ ਦੀ ਆਵਾਜ਼ ਹੌਲੀ ਹੋ ਜਾਵੇ ਅਤੇ ਪੰਛੀ ਦੀ ਆਵਾਜ਼ ਸੁਣ ਕੇ ਨੀਂਦ ਖੁੱਲ੍ਹ ਜਾਵੇ ਅਤੇ ਧੀਆਂ ਦੇ ਗਾਉਣ ਦੀ ਆਵਾਜ਼ ਧੀਮੀ ਹੋ ਜਾਵੇ,+ 5 ਉਚਾਈ ਤੋਂ ਡਰ ਲੱਗੇ ਤੇ ਗਲੀ ਵਿਚ ਤੁਰਨਾ ਵੀ ਖ਼ਤਰਨਾਕ ਲੱਗੇ। ਬਦਾਮ ਦੇ ਦਰਖ਼ਤ ਨੂੰ ਫੁੱਲ ਲੱਗਣ+ ਅਤੇ ਟਿੱਡਾ ਘਿਸਰ-ਘਿਸਰ ਕੇ ਚੱਲੇ ਅਤੇ ਕਰੀਰ ਦਾ ਫਲ ਫਟ ਜਾਵੇ ਅਤੇ ਇਨਸਾਨ ਉਸ ਘਰ ਵੱਲ ਕਦਮ ਵਧਾਵੇ ਜਿੱਥੇ ਉਹ ਲੰਬੇ ਸਮੇਂ ਤਕ ਰਹੇਗਾ+ ਅਤੇ ਸੋਗ ਮਨਾਉਣ ਵਾਲੇ ਗਲੀ-ਗਲੀ ਘੁੰਮਦੇ ਹੋਣ;+ 6 ਇਸ ਤੋਂ ਪਹਿਲਾਂ ਕਿ ਚਾਂਦੀ ਦੀ ਡੋਰੀ ਟੁੱਟ ਜਾਵੇ ਅਤੇ ਸੋਨੇ ਦਾ ਕਟੋਰਾ ਚਕਨਾਚੂਰ ਹੋ ਜਾਵੇ ਅਤੇ ਚਸ਼ਮੇ ਦੇ ਕੰਢੇ ʼਤੇ ਪਿਆ ਘੜਾ ਟੁੱਟ ਜਾਵੇ ਅਤੇ ਖੂਹ ʼਤੇ ਲੱਗੀ ਚਰਖੀ ਟੁੱਟ ਜਾਵੇ। 7 ਫਿਰ ਮਿੱਟੀ ਦੁਬਾਰਾ ਮਿੱਟੀ ਵਿਚ ਮਿਲ ਜਾਵੇਗੀ+ ਜਿੱਥੇ ਇਹ ਪਹਿਲਾਂ ਸੀ ਅਤੇ ਜੀਵਨ-ਸ਼ਕਤੀ ਸੱਚੇ ਪਰਮੇਸ਼ੁਰ ਕੋਲ ਮੁੜ ਜਾਵੇਗੀ ਜਿਸ ਨੇ ਇਹ ਜੀਵਨ-ਸ਼ਕਤੀ ਦਿੱਤੀ ਸੀ।+
8 ਉਪਦੇਸ਼ਕ+ ਕਹਿੰਦਾ ਹੈ: “ਵਿਅਰਥ! ਵਿਅਰਥ!” “ਹਾਂ, ਸਭ ਕੁਝ ਵਿਅਰਥ ਹੈ!”+
9 ਉਪਦੇਸ਼ਕ ਨਾ ਸਿਰਫ਼ ਬੁੱਧੀਮਾਨ ਬਣਿਆ, ਸਗੋਂ ਉਹ ਜਿਹੜੀਆਂ ਗੱਲਾਂ ਜਾਣਦਾ ਸੀ, ਲੋਕਾਂ ਨੂੰ ਸਿਖਾਉਂਦਾ ਰਿਹਾ+ ਅਤੇ ਉਸ ਨੇ ਬਹੁਤ ਸਾਰੀਆਂ ਕਹਾਵਤਾਂ ਰਚਣ* ਲਈ ਸੋਚ-ਵਿਚਾਰ ਕੀਤਾ ਅਤੇ ਬਹੁਤ ਖੋਜਬੀਨ ਕੀਤੀ।+ 10 ਉਪਦੇਸ਼ਕ ਨੇ ਮਨਭਾਉਂਦੇ ਸ਼ਬਦ+ ਲੱਭਣ ਅਤੇ ਸੱਚਾਈ ਦੀਆਂ ਗੱਲਾਂ ਨੂੰ ਸਹੀ-ਸਹੀ ਲਿਖਣ ਵਿਚ ਮਿਹਨਤ ਕੀਤੀ।
11 ਬੁੱਧੀਮਾਨ ਇਨਸਾਨਾਂ ਦੀਆਂ ਗੱਲਾਂ ਪਰਾਣੀ* ਦੀ ਆਰ ਵਰਗੀਆਂ ਹੁੰਦੀਆਂ ਹਨ+ ਅਤੇ ਉਨ੍ਹਾਂ ਦੀਆਂ ਇਕੱਠੀਆਂ ਕੀਤੀਆਂ ਕਹਾਵਤਾਂ ਪੱਕੀ ਤਰ੍ਹਾਂ ਠੋਕੇ ਗਏ ਕਿੱਲਾਂ ਵਰਗੀਆਂ ਹੁੰਦੀਆਂ ਹਨ; ਇਹ ਬੁੱਧ ਦੀਆਂ ਗੱਲਾਂ ਇਕ ਚਰਵਾਹੇ ਵੱਲੋਂ ਹਨ। 12 ਪਰ ਹੇ ਮੇਰੇ ਪੁੱਤਰ, ਇਨ੍ਹਾਂ ਤੋਂ ਇਲਾਵਾ ਹੋਰ ਗੱਲਾਂ ਤੋਂ ਖ਼ਬਰਦਾਰ ਰਹਿ: ਬਹੁਤੀਆਂ ਕਿਤਾਬਾਂ ਲਿਖਣ ਦਾ ਕੋਈ ਅੰਤ ਨਹੀਂ ਅਤੇ ਬਹੁਤਾ ਪੜ੍ਹਨਾ ਸਰੀਰ ਨੂੰ ਥਕਾਉਂਦਾ ਹੈ।+
13 ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਇਨ੍ਹਾਂ ਦਾ ਨਿਚੋੜ ਇਹੀ ਹੈ: ਸੱਚੇ ਪਰਮੇਸ਼ੁਰ ਦਾ ਡਰ ਰੱਖ+ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰ+ ਕਿਉਂਕਿ ਇਨਸਾਨ ਦਾ ਇਹੀ ਫ਼ਰਜ਼ ਹੈ।+ 14 ਸੱਚਾ ਪਰਮੇਸ਼ੁਰ ਹਰ ਕੰਮ ਦਾ ਨਿਆਂ ਕਰੇਗਾ ਕਿ ਉਹ ਚੰਗਾ ਹੈ ਜਾਂ ਬੁਰਾ, ਚਾਹੇ ਉਹ ਕੰਮ ਗੁਪਤ ਵਿਚ ਹੀ ਕਿਉਂ ਨਾ ਕੀਤਾ ਗਿਆ ਹੋਵੇ।+