ਸਾਡੇ ਕੋਲ ਜੈ-ਜੈਕਾਰ ਕਰਨ ਦਾ ਕਾਰਨ ਹੈ
“ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹੂੰਗਾ ਨੱਠ ਜਾਣਗੇ।”—ਯਸਾਯਾਹ 35:10.
1. ਕਿਨ੍ਹਾਂ ਕੋਲ ਅੱਜ ਆਨੰਦ ਦੇ ਲਈ ਖ਼ਾਸ ਕਾਰਨ ਹੈ?
ਤੁਸੀਂ ਸ਼ਾਇਦ ਧਿਆਨ ਦਿੱਤਾ ਹੋਵੇਗਾ ਕਿ ਅੱਜਕਲ੍ਹ ਕੁਝ ਹੀ ਲੋਕਾਂ ਕੋਲ ਸੱਚਾ ਆਨੰਦ ਹੈ। ਫਿਰ ਵੀ, ਸੱਚੇ ਮਸੀਹੀ ਹੋਣ ਦੇ ਨਾਤੇ, ਯਹੋਵਾਹ ਦੇ ਗਵਾਹਾਂ ਕੋਲ ਆਨੰਦ ਹੈ। ਅਤੇ ਇਹੋ ਆਨੰਦ ਪ੍ਰਾਪਤ ਕਰਨ ਦੀ ਆਸ, ਗਵਾਹਾਂ ਦੇ ਨਾਲ ਸੰਗਤ ਕਰਨ ਵਾਲੇ ਉਨ੍ਹਾਂ ਅਤਿਰਿਕਤ ਲੱਖਾਂ ਜਵਾਨ ਅਤੇ ਬਿਰਧ ਲੋਕਾਂ ਨੂੰ ਉਪਲਬਧ ਹੈ, ਜਿਹੜੇ ਹਾਲੇ ਬਪਤਿਸਮਾ-ਰਹਿਤ ਹਨ। ਇਹ ਤੱਥ ਕਿ ਤੁਸੀਂ ਹੁਣ ਇਸ ਰਸਾਲੇ ਵਿਚ ਇਨ੍ਹਾਂ ਸ਼ਬਦਾਂ ਨੂੰ ਪੜ੍ਹ ਰਹੇ ਹੋ, ਸੰਕੇਤ ਕਰਦਾ ਹੈ ਕਿ ਇਹ ਆਨੰਦ ਪਹਿਲਾਂ ਤੋਂ ਹੀ ਤੁਹਾਡਾ ਹੋ ਚੁੱਕਿਆ ਹੈ ਜਾਂ ਤੁਹਾਡੀ ਪਹੁੰਚ ਵਿਚ ਹੈ।
2. ਇਕ ਮਸੀਹੀ ਦਾ ਆਨੰਦ ਅਧਿਕਤਰ ਲੋਕਾਂ ਦੀ ਆਮ ਸਥਿਤੀ ਨਾਲੋਂ ਕਿਵੇਂ ਭਿੰਨ ਹੈ?
2 ਅਧਿਕਤਰ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਜੀਵਨ ਵਿਚ ਕਿਸੇ ਚੀਜ਼ ਦੀ ਕਮੀ ਹੈ। ਤੁਹਾਡੇ ਬਾਰੇ ਕੀ? ਇਹ ਸੱਚ ਹੈ ਕਿ ਸ਼ਾਇਦ ਤੁਹਾਡੇ ਕੋਲ ਹਰ ਇਕ ਉਪਯੋਗੀ ਭੌਤਿਕ ਜੰਤਰ ਨਾ ਹੋਵੇ, ਅਤੇ ਨਿਸ਼ਚੇ ਹੀ ਉਹ ਸਾਰੀਆਂ ਚੀਜ਼ਾਂ ਨਹੀਂ ਹੋਣਗੀਆਂ ਜੋ ਅੱਜ ਦੇ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਕੋਲ ਹਨ। ਅਤੇ ਸ਼ਾਇਦ ਤੁਸੀਂ ਹੋਰ ਜ਼ਿਆਦਾ ਚੰਗੀ ਸਿਹਤ ਅਤੇ ਜੀਵਨ ਸ਼ਕਤੀ ਦੇ ਇੱਛੁਕ ਹੋ। ਫਿਰ ਵੀ, ਨਿਰਸੰਦੇਹ ਇਹ ਕਿਹਾ ਜਾ ਸਕਦਾ ਹੈ ਕਿ ਆਨੰਦ ਦੇ ਸੰਬੰਧ ਵਿਚ ਤੁਸੀਂ ਧਰਤੀ ਦਿਆਂ ਕਰੋੜਾਂ ਲੋਕਾਂ ਵਿੱਚੋਂ ਅਧਿਕਤਰ ਲੋਕਾਂ ਤੋਂ ਜ਼ਿਆਦਾ ਅਮੀਰ ਅਤੇ ਸਿਹਤਮੰਦ ਹੋ। ਇਹ ਕਿਵੇਂ?
3. ਕਿਹੜੇ ਅਰਥਪੂਰਣ ਸ਼ਬਦ ਸਾਡੇ ਧਿਆਨ ਦੇ ਯੋਗ ਹਨ, ਅਤੇ ਕਿਉਂ?
3 ਯਿਸੂ ਦੇ ਸ਼ਬਦਾਂ ਨੂੰ ਯਾਦ ਕਰੋ: “ਏਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ।” (ਯੂਹੰਨਾ 15:11) “ਤੁਹਾਡੀ ਖੁਸ਼ੀ ਪੂਰੀ ਹੋ ਜਾਵੇ।” ਕੀ ਹੀ ਵਰਣਨ! ਮਸੀਹੀ ਰਹਿਣ-ਸਹਿਣ ਦਾ ਵਿਸਤਾਰਪੂਰਵਕ ਅਧਿਐਨ ਸਾਡੀ ਖ਼ੁਸ਼ੀ ਪੂਰੀ ਹੋਣ ਲਈ ਅਨੇਕ ਕਾਰਨ ਪ੍ਰਗਟ ਕਰੇਗਾ। ਪਰੰਤੂ ਇਸ ਸਮੇਂ, ਯਸਾਯਾਹ 35:10 ਦੇ ਅਰਥਪੂਰਣ ਸ਼ਬਦਾਂ ਉੱਤੇ ਧਿਆਨ ਦਿਓ। ਇਹ ਅਰਥਪੂਰਣ ਹਨ ਕਿਉਂਕਿ ਇਨ੍ਹਾਂ ਦਾ ਅੱਜ ਸਾਡੇ ਨਾਲ ਕਾਫ਼ੀ ਸੰਬੰਧ ਹੈ। ਅਸੀਂ ਪੜ੍ਹਦੇ ਹਾਂ: “ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਓਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਅਨੰਤ ਅਨੰਦ [“ਅਸੀਮਿਤ ਸਮੇਂ ਤਕ ਆਨੰਦ,” ਨਿ ਵ] ਓਹਨਾਂ ਦੇ ਸਿਰਾਂ ਉੱਤੇ ਹੋਵੇਗਾ। ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹੂੰਗਾ ਨੱਠ ਜਾਣਗੇ।”
4. ਯਸਾਯਾਹ 35:10 ਵਿਚ ਕਿਸ ਤਰ੍ਹਾਂ ਦੇ ਆਨੰਦ ਦਾ ਜ਼ਿਕਰ ਕੀਤਾ ਗਿਆ ਹੈ, ਅਤੇ ਸਾਨੂੰ ਇਸ ਨੂੰ ਕਿਉਂ ਧਿਆਨ ਦੇਣਾ ਚਾਹੀਦਾ ਹੈ?
4 “ਅਸੀਮਿਤ ਸਮੇਂ ਤਕ ਆਨੰਦ।” ਇਹ ਵਾਕਾਂਸ਼ “ਅਸੀਮਿਤ ਸਮੇਂ ਤਕ,” ਜੋ ਯਸਾਯਾਹ ਨੇ ਇਬਰਾਨੀ ਵਿਚ ਲਿਖਿਆ, ਦਾ ਸਹੀ ਅਨੁਵਾਦ ਹੈ। ਪਰੰਤੂ, ਜਿਵੇਂ ਕਿ ਦੂਜੇ ਸ਼ਾਸਤਰਵਚਨ ਪੁਸ਼ਟੀ ਕਰਦੇ ਹਨ, ਇਸ ਆਇਤ ਵਿਚ “ਸਦਾ ਦੇ ਲਈ” ਦਾ ਭਾਵ ਹੈ। (ਜ਼ਬੂਰ 45:6; 90:2; ਯਸਾਯਾਹ 40:28) ਇਸ ਲਈ ਉਨ੍ਹਾਂ ਪਰਿਸਥਿਤੀਆਂ ਵਿਚ ਆਨੰਦ ਬੇਅੰਤ ਹੋਵੇਗਾ ਜੋ ਸਦੀਪਕ ਆਨੰਦ ਨੂੰ ਇਜਾਜ਼ਤ ਦੇਣਗੀਆਂ—ਜੀ ਹਾਂ, ਯੋਗ ਠਹਿਰਾਉਣਗੀਆਂ। ਕੀ ਉਹ ਸੁਹਾਵਣਾ ਨਹੀਂ ਜਾਪਦਾ? ਪਰੰਤੂ, ਇਹ ਆਇਤ ਸ਼ਾਇਦ ਤੁਹਾਨੂੰ ਇਕ ਖ਼ਿਆਲੀ ਸਥਿਤੀ ਉੱਤੇ ਕੀਤੀ ਗਈ ਇਕ ਟਿੱਪਣੀ ਦੇ ਤੌਰ ਤੇ ਪ੍ਰਤੀਤ ਹੋਵੇ, ਜੋ ਤੁਹਾਨੂੰ ਇੰਜ ਮਹਿਸੂਸ ਕਰਾਵੇ: ‘ਇਹ ਅਸਲ ਵਿਚ ਮੈਨੂੰ ਉਸ ਹੱਦ ਤਕ ਅੰਤਰਗ੍ਰਸਤ ਨਹੀਂ ਕਰਦੀ ਹੈ ਜਿਵੇਂ ਕਿ ਮੇਰੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਕਰਦੀਆਂ ਹਨ।’ ਪਰੰਤੂ ਤੱਥ ਇਸ ਨੂੰ ਗ਼ਲਤ ਸਿੱਧ ਕਰਦੇ ਹਨ। ਯਸਾਯਾਹ 35:10 ਵਿਚ ਪਾਇਆ ਗਿਆ ਭਵਿੱਖ-ਸੂਚਕ ਵਾਅਦਾ ਅੱਜ ਤੁਹਾਡੇ ਲਈ ਅਰਥ ਰੱਖਦਾ ਹੈ। ਇਹ ਪਤਾ ਲਗਾਉਣ ਦੇ ਲਈ ਕਿ ਇਹ ਕਿਵੇਂ ਅਰਥ ਰੱਖਦਾ ਹੈ, ਆਓ ਅਸੀਂ ਹਰ ਭਾਗ ਨੂੰ ਉਸ ਦੇ ਸੰਦਰਭ ਵਿਚ ਵਿਚਾਰਦੇ ਹੋਏ, ਇਸ ਸੁੰਦਰ ਅਧਿਆਇ, ਯਸਾਯਾਹ 35, ਦੀ ਜਾਂਚ ਕਰੀਏ। ਯਕੀਨ ਰੱਖੋ ਕਿ ਅਸੀਂ ਜੋ ਪਤਾ ਲਗਾਵਾਂਗੇ, ਤੁਸੀਂ ਉਸ ਦਾ ਆਨੰਦ ਮਾਣੋਗੇ।
ਲੋਕ ਜਿਨ੍ਹਾਂ ਨੂੰ ਆਨੰਦ ਮਾਣਨ ਦੀ ਲੋੜ ਸੀ
5. ਯਸਾਯਾਹ ਅਧਿਆਇ 35 ਦੀ ਭਵਿੱਖਬਾਣੀ ਕਿਹੜੀ ਭਵਿੱਖ-ਸੂਚਕ ਸਥਿਤੀ ਵਿਚ ਪਾਈ ਜਾਂਦੀ ਹੈ?
5 ਇਕ ਸਹਾਇਕ ਦੇ ਤੌਰ ਤੇ, ਆਓ ਅਸੀਂ ਇਸ ਮਨੋਹਰ ਭਵਿੱਖਬਾਣੀ ਦੇ ਪਿਛੋਕੜ, ਅਰਥਾਤ ਇਤਿਹਾਸਕ ਸਥਿਤੀ ਨੂੰ ਦੇਖੀਏ। ਇਬਰਾਨੀ ਨਬੀ ਯਸਾਯਾਹ ਨੇ ਇਸ ਨੂੰ ਲਗਭਗ 732 ਸਾ.ਯੁ.ਪੂ. ਵਿਚ ਲਿਖਿਆ ਸੀ। ਇਹ ਬਾਬਲੀ ਫ਼ੌਜਾਂ ਦੁਆਰਾ ਯਰੂਸ਼ਲਮ ਦੇ ਵਿਨਾਸ਼ ਤੋਂ ਕਈ ਦਸ਼ਕ ਪਹਿਲਾਂ ਸੀ। ਜਿਵੇਂ ਯਸਾਯਾਹ 34:1, 2 ਸੰਕੇਤ ਕਰਦਾ ਹੈ, ਪਰਮੇਸ਼ੁਰ ਨੇ ਭਵਿੱਖ-ਸੂਚਿਤ ਕੀਤਾ ਸੀ ਕਿ ਉਹ ਕੌਮਾਂ ਉੱਤੇ ਬਦਲੇ ਦਾ ਪ੍ਰਗਟਾਵਾ ਕਰਨ ਜਾ ਰਿਹਾ ਸੀ, ਜਿਵੇਂ ਕਿ ਅਦੋਮ ਦੀ ਕੌਮ ਜਿਸ ਦਾ ਜ਼ਿਕਰ ਯਸਾਯਾਹ 34:6 ਵਿਚ ਕੀਤਾ ਗਿਆ ਹੈ। ਪ੍ਰਤੱਖ ਰੂਪ ਵਿਚ ਉਸ ਨੇ ਇਹ ਕਰਨ ਵਾਸਤੇ ਪ੍ਰਾਚੀਨ ਬਾਬਲੀਆਂ ਦਾ ਇਸਤੇਮਾਲ ਕੀਤਾ। ਇਸੇ ਤਰ੍ਹਾਂ, ਪਰਮੇਸ਼ੁਰ ਨੇ ਬਾਬਲੀਆਂ ਦੇ ਦੁਆਰਾ ਯਹੂਦਾਹ ਦਾ ਵਿਨਾਸ਼ ਕੀਤਾ ਕਿਉਂਕਿ ਯਹੂਦੀ ਲੋਕ ਬੇਵਫ਼ਾ ਨਿਕਲੇ। ਨਤੀਜਾ? ਪਰਮੇਸ਼ੁਰ ਦੇ ਲੋਕ ਕੈਦ ਵਿਚ ਲਿਜਾਏ ਗਏ, ਅਤੇ ਉਨ੍ਹਾਂ ਦੀ ਮਾਤ ਭੂਮੀ 70 ਸਾਲ ਲਈ ਵੀਰਾਨ ਪਈ ਰਹੀ।—2 ਇਤਹਾਸ 36:15-21.
6. ਅਦੋਮੀਆਂ ਦੇ ਉੱਤੇ ਜੋ ਆਉਣ ਵਾਲਾ ਸੀ ਅਤੇ ਯਹੂਦੀਆਂ ਦੇ ਉੱਤੇ ਜੋ ਆਉਣ ਵਾਲਾ ਸੀ, ਉਸ ਵਿਚ ਕੀ ਭਿੰਨਤਾ ਹੈ?
6 ਪਰੰਤੂ, ਅਦੋਮੀਆਂ ਅਤੇ ਯਹੂਦੀਆਂ ਦੇ ਵਿਚਕਾਰ ਇਕ ਮਹੱਤਵਪੂਰਣ ਭਿੰਨਤਾ ਹੈ। ਅਦੋਮੀਆਂ ਉੱਤੇ ਈਸ਼ਵਰੀ ਬਦਲਾ ਅਨੰਤ ਸੀ; ਅੰਤ ਵਿਚ ਉਹ ਇਕ ਕੌਮ ਦੇ ਤੌਰ ਤੇ ਮਿਟ ਗਏ। ਜੀ ਹਾਂ, ਤੁਸੀਂ ਹਾਲੇ ਵੀ ਉਨ੍ਹਾਂ ਸੁੰਨੇ ਖੰਡਰਾਂ ਨੂੰ ਉਸ ਇਲਾਕੇ ਵਿਚ ਦੇਖਣ ਜਾ ਸਕਦੇ ਹੋ ਜਿੱਥੇ ਅਦੋਮੀ ਰਹਿੰਦੇ ਸਨ, ਜਿਵੇਂ ਕਿ ਪੇਟਰਾ ਦੇ ਜਗਤ-ਪ੍ਰਸਿੱਧ ਖੰਡਰਾਤ। ਪਰੰਤੂ ਅੱਜ, ਅਜਿਹੀ ਕੋਈ ਕੌਮ ਜਾਂ ਲੋਕ ਨਹੀਂ ਹਨ ਜਿਨ੍ਹਾਂ ਦੀ ਸ਼ਨਾਖਤ ‘ਅਦੋਮੀਆਂ’ ਦੇ ਤੌਰ ਤੇ ਕੀਤੀ ਜਾ ਸਕਦੀ ਹੈ। ਦੂਜੇ ਪਾਸੇ, ਕੀ ਬਾਬਲੀਆਂ ਵੱਲੋਂ ਯਹੂਦਾਹ ਦਾ ਵਿਨਾਸ਼ ਸਦਾ ਦੇ ਲਈ ਸੀ, ਜਿਸ ਕਰਕੇ ਦੇਸ਼ ਨੂੰ ਹਮੇਸ਼ਾ ਲਈ ਆਨੰਦਰਹਿਤ ਛੱਡਿਆ ਜਾਂਦਾ?
7. ਬਾਬਲ ਵਿਚ ਕੈਦ ਯਹੂਦੀਆਂ ਨੇ ਯਸਾਯਾਹ ਅਧਿਆਇ 35 ਦੇ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਈ ਹੋਵੇਗੀ?
7 ਇੱਥੇ ਯਸਾਯਾਹ ਅਧਿਆਇ 35 ਵਿਚ ਪਾਈ ਜਾਣ ਵਾਲੀ ਅਦਭੁਤ ਭਵਿੱਖਬਾਣੀ ਇਕ ਉਤੇਜਕ ਅਰਥ ਰੱਖਦੀ ਹੈ। ਇਸ ਨੂੰ ਮੁੜ ਬਹਾਲੀ ਦੀ ਭਵਿੱਖਬਾਣੀ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਦੀ ਪਹਿਲੀ ਪੂਰਤੀ ਉਦੋਂ ਹੋਈ ਜਦੋਂ 537 ਸਾ.ਯੁ.ਪੂ. ਵਿਚ ਯਹੂਦੀ ਲੋਕ ਆਪਣੀ ਮਾਤ ਭੂਮੀ ਨੂੰ ਵਾਪਸ ਆਏ। ਬਾਬਲ ਵਿਚ ਕੈਦ ਯਹੂਦੀ ਲੋਕਾਂ ਨੂੰ ਆਪਣੀ ਮਾਤ ਭੂਮੀ ਨੂੰ ਵਾਪਸ ਜਾਣ ਦੀ ਆਜ਼ਾਦੀ ਦਿੱਤੀ ਗਈ ਸੀ। (ਅਜ਼ਰਾ 1:1-11) ਫਿਰ ਵੀ, ਇੰਜ ਵਾਪਰਨ ਤਕ, ਇਸ ਈਸ਼ਵਰੀ ਭਵਿੱਖਬਾਣੀ ਉੱਤੇ ਗੌਰ ਕਰਨ ਵਾਲੇ ਬਾਬਲ ਵਿਚ ਕੈਦ ਯਹੂਦੀਆਂ ਨੇ ਸ਼ਾਇਦ ਵਿਚਾਰ ਕੀਤਾ ਹੋਵੇ ਕਿ ਉਹ ਵਾਪਸ ਆਪਣੀ ਕੌਮੀ ਮਾਤ ਭੂਮੀ, ਯਹੂਦਾਹ ਵਿਚ ਕਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਪਾਉਣਗੇ। ਅਤੇ ਉਹ ਖ਼ੁਦ ਕਿਸ ਪਰਿਸਥਿਤੀ ਵਿਚ ਹੋਣਗੇ? ਇਨ੍ਹਾਂ ਦੇ ਜਵਾਬ ਸਿੱਧੇ ਤੌਰ ਤੇ ਇਸ ਗੱਲ ਨਾਲ ਸੰਬੰਧ ਰੱਖਦੇ ਹਨ ਕਿ ਸਾਡੇ ਕੋਲ ਕਿਉਂ ਸੱਚ-ਮੁੱਚ ਜੈ-ਜੈਕਾਰ ਕਰਨ ਦਾ ਕਾਰਨ ਹੈ। ਆਓ ਅਸੀਂ ਦੇਖੀਏ।
8. ਬਾਬਲ ਤੋਂ ਵਾਪਸ ਆਉਣ ਤੇ ਯਹੂਦੀ ਕਿਹੜੀਆਂ ਪਰਿਸਥਿਤੀਆਂ ਪਾਉਂਦੇ? (ਤੁਲਨਾ ਕਰੋ ਹਿਜ਼ਕੀਏਲ 19:3-6; ਹੋਸ਼ੇਆ 13:8.)
8 ਨਿਰਸੰਦੇਹ ਯਹੂਦੀਆਂ ਲਈ ਉਦੋਂ ਵੀ ਸਥਿਤੀ ਆਸ਼ਾਜਨਕ ਨਹੀਂ ਜਾਪਦੀ, ਜਦੋਂ ਉਨ੍ਹਾਂ ਨੇ ਸੁਣਿਆ ਕਿ ਉਹ ਆਪਣੀ ਮਾਤ ਭੂਮੀ ਨੂੰ ਵਾਪਸ ਜਾ ਸਕਦੇ ਸਨ। ਉਨ੍ਹਾਂ ਦਾ ਦੇਸ਼ ਸੱਤ ਦਸ਼ਕਾਂ, ਅਰਥਾਤ ਇਕ ਪੂਰੇ ਜੀਵਨ-ਕਾਲ ਲਈ ਵੀਰਾਨ ਪਿਆ ਰਿਹਾ ਸੀ। ਉਸ ਦੇਸ਼ ਦਾ ਕੀ ਹੋਇਆ ਸੀ? ਕੋਈ ਵੀ ਵਾਹੇ ਹੋਏ ਖੇਤ, ਅੰਗੂਰਾਂ ਜਾਂ ਫੱਲਾਂ ਦੇ ਬਾਗ਼ ਉਜਾੜ ਬਣ ਗਏ ਹੋਣਗੇ। ਸਿੰਜੇ ਹੋਏ ਬਾਗ਼ ਜਾਂ ਖੇਤਰ, ਬੰਜਰ ਜ਼ਮੀਨ ਜਾਂ ਰੇਗਿਸਤਾਨ ਵਿਚ ਪਤਿਤ ਹੋ ਗਏ ਹੋਣਗੇ। (ਯਸਾਯਾਹ 24:1, 4; 33:9; ਹਿਜ਼ਕੀਏਲ 6:14) ਉਨ੍ਹਾਂ ਜੰਗਲੀ ਜਾਨਵਰਾਂ ਦੇ ਬਾਰੇ ਵੀ ਸੋਚੋ ਜੋ ਉੱਥੇ ਭਰਪੂਰ ਹੋਣਗੇ। ਇਨ੍ਹਾਂ ਵਿਚ ਸ਼ੇਰ ਅਤੇ ਚੀਤੇ ਵਰਗੇ ਮਾਸਖ਼ੋਰ ਜਾਨਵਰ ਸ਼ਾਮਲ ਹੋਣਗੇ। (1 ਰਾਜਿਆਂ 13:24-28; 2 ਰਾਜਿਆਂ 17:25, 26; ਸਰੇਸ਼ਟ ਗੀਤ 4:8) ਨਾ ਹੀ ਉਹ ਰਿੱਛਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਸਨ, ਜੋ ਆਦਮੀ, ਔਰਤ, ਜਾਂ ਬੱਚੇ ਨੂੰ ਢਾਹ ਦੇਣ ਦੀ ਸਮਰਥਾ ਰੱਖਦੇ ਸਨ। (1 ਸਮੂਏਲ 17:34-37; 2 ਰਾਜਿਆਂ 2:24; ਕਹਾਉਤਾਂ 17:12) ਅਤੇ ਸਾਨੂੰ ਵਾਈਪਰ ਅਤੇ ਦੂਜੇ ਜ਼ਹਿਰੀਲੇ ਸੱਪਾਂ, ਜਾਂ ਬਿੱਛੂਆਂ ਦਾ ਤਾਂ ਜ਼ਿਕਰ ਕਰਨ ਦੀ ਲੋੜ ਹੀ ਨਹੀਂ ਹੈ। (ਉਤਪਤ 49:17; ਬਿਵਸਥਾ ਸਾਰ 32:33; ਅੱਯੂਬ 20:16; ਜ਼ਬੂਰ 58:4; 140:3; ਲੂਕਾ 10:19) ਜੇਕਰ ਤੁਸੀਂ 537 ਸਾ.ਯੁ.ਪੂ. ਵਿਚ ਬਾਬਲ ਤੋਂ ਵਾਪਸ ਆ ਰਹੇ ਯਹੂਦੀਆਂ ਦੇ ਨਾਲ ਹੁੰਦੇ, ਤਾਂ ਸ਼ਾਇਦ ਤੁਸੀਂ ਅਜਿਹੇ ਇਲਾਕੇ ਵਿਚ ਘੁੰਮਨ-ਫਿਰਨ ਤੋਂ ਝਿਜਕਦੇ। ਉਨ੍ਹਾਂ ਦੇ ਪਹੁੰਚਣ ਤੇ ਇਹ ਕੋਈ ਪਰਾਦੀਸ ਨਹੀਂ ਸੀ।
9. ਕਿਸ ਕਾਰਨ ਪਰਤਣ ਵਾਲਿਆਂ ਕੋਲ ਉਮੀਦ ਅਤੇ ਭਰੋਸੇ ਦੇ ਲਈ ਇਕ ਆਧਾਰ ਸੀ?
9 ਫਿਰ ਵੀ, ਖ਼ੁਦ ਯਹੋਵਾਹ ਨੇ ਆਪਣੇ ਉਪਾਸਕਾਂ ਨੂੰ ਘਰ ਲਿਆਂਦਾ ਸੀ, ਅਤੇ ਉਹ ਇਕ ਵੀਰਾਨ ਸਥਿਤੀ ਨੂੰ ਪਲਟਣ ਦੀ ਸਮਰਥਾ ਰੱਖਦਾ ਹੈ। ਕੀ ਤੁਸੀਂ ਸ੍ਰਿਸ਼ਟੀਕਰਤਾ ਦੇ ਬਾਰੇ ਅਜਿਹਾ ਵਿਸ਼ਵਾਸ ਨਹੀਂ ਰੱਖਦੇ ਹੋ? (ਅੱਯੂਬ 42:2; ਯਿਰਮਿਯਾਹ 32:17, 21, 27, 37, 41) ਸੋ ਉਹ ਵਾਪਸ ਆ ਰਹੇ ਯਹੂਦੀਆਂ ਦੇ ਲਈ ਅਤੇ ਉਨ੍ਹਾਂ ਦੇ ਦੇਸ਼ ਲਈ ਕੀ ਕਰਦਾ—ਅਤੇ ਉਸ ਨੇ ਕੀ ਕੀਤਾ? ਇਹ ਆਧੁਨਿਕ ਸਮਿਆਂ ਵਿਚ ਪਰਮੇਸ਼ੁਰ ਦੇ ਲੋਕਾਂ ਉੱਤੇ ਅਤੇ ਤੁਹਾਡੀ ਸਥਿਤੀ—ਵਰਤਮਾਨ ਅਤੇ ਆਗਾਮੀ—ਉੱਤੇ ਕੀ ਅਸਰ ਪਾਉਂਦਾ ਹੈ? ਪਹਿਲਾਂ ਆਓ ਅਸੀਂ ਦੇਖੀਏ ਕਿ ਉਦੋਂ ਕੀ ਹੋਇਆ ਸੀ।
ਇਕ ਪਰਿਵਰਤਿਤ ਸਥਿਤੀ ਉੱਤੇ ਆਨੰਦਿਤ
10. ਯਸਾਯਾਹ 35:1, 2 ਨੇ ਕਿਹੜਾ ਪਰਿਵਰਤਨ ਭਵਿੱਖ-ਸੂਚਿਤ ਕੀਤਾ?
10 ਉਦੋਂ ਕੀ ਹੁੰਦਾ ਜਦੋਂ ਖੋਰੁਸ ਯਹੂਦੀਆਂ ਨੂੰ ਉਸ ਦੁਰਗਮ ਦੇਸ਼ ਵਿਚ ਵਾਪਸ ਜਾਣ ਦਿੰਦਾ? ਉਸ ਰੁਮਾਂਚਕ ਭਵਿੱਖਬਾਣੀ ਨੂੰ ਯਸਾਯਾਹ 35:1, 2 ਵਿਚ ਪੜ੍ਹੋ: “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ। ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਅਰ ਜੈਕਾਰਿਆਂ ਨਾਲ ਬਾਗ ਬਾਗ ਹੋਵੇਗਾ, ਲਬਾਨੋਨ ਦੀ ਉਪਮਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ, ਉਹ ਨੂੰ ਦਿੱਤੀ ਜਾਵੇਗੀ, ਓਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ।”
11. ਯਸਾਯਾਹ ਨੇ ਉਸ ਦੇਸ਼ ਦੇ ਬਾਰੇ ਕਿਹੜੇ ਗਿਆਨ ਨੂੰ ਇਸਤੇਮਾਲ ਕੀਤਾ?
11 ਬਾਈਬਲ ਸਮਿਆਂ ਵਿਚ, ਲਬਾਨੋਨ, ਕਰਮਲ, ਅਤੇ ਸ਼ਾਰੋਨ ਆਪਣੀ ਹਰੀ-ਭਰੀ ਸੁੰਦਰਤਾ ਲਈ ਪ੍ਰਸਿੱਧ ਸਨ। (1 ਇਤਹਾਸ 5:16; 27:29; 2 ਇਤਹਾਸ 26:10; ਸਰੇਸ਼ਟ ਗੀਤ 2:1; 4:15; ਹੋਸ਼ੇਆ 14:5-7) ਪਰਮੇਸ਼ੁਰ ਦੀ ਮਦਦ ਨਾਲ, ਉਹ ਪਰਿਵਰਤਿਤ ਦੇਸ਼ ਕਿਸ ਤਰ੍ਹਾਂ ਦਾ ਹੋਵੇਗਾ, ਇਸ ਦਾ ਵਰਣਨ ਕਰਨ ਲਈ ਯਸਾਯਾਹ ਇਨ੍ਹਾਂ ਉਦਾਹਰਣਾਂ ਨੂੰ ਇਸਤੇਮਾਲ ਕਰਦਾ ਹੈ। ਪਰੰਤੂ ਕੀ ਇਸ ਦਾ ਅਸਰ ਕੇਵਲ ਮਿੱਟੀ ਉੱਤੇ ਹੀ ਹੋਣਾ ਸੀ? ਬਿਲਕੁਲ ਨਹੀਂ!
12. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਸਾਯਾਹ ਅਧਿਆਇ 35 ਦੀ ਭਵਿੱਖਬਾਣੀ ਲੋਕਾਂ ਉੱਤੇ ਕੇਂਦ੍ਰਿਤ ਕਰਦੀ ਹੈ?
12 ਯਸਾਯਾਹ 35:2 ਦੱਸਦਾ ਹੈ ਕਿ ਜ਼ਮੀਨ “ਖੁਸ਼ੀ ਅਰ ਜੈਕਾਰਿਆਂ ਨਾਲ ਬਾਗ ਬਾਗ [ਹੋਵੇਗੀ]।” ਅਸੀਂ ਜਾਣਦੇ ਹਾਂ ਕਿ ਮਿੱਟੀ ਅਤੇ ਪੌਦੇ ਸ਼ਾਬਦਿਕ ਰੂਪ ਵਿਚ ‘ਖੁਸ਼ੀ ਨਾਲ ਬਾਗ ਬਾਗ’ ਨਹੀਂ ਹੋਏ ਸਨ। ਪਰੰਤੂ, ਉਨ੍ਹਾਂ ਦਾ ਪਰਿਵਰਤਿਤ ਹੋ ਕੇ ਉਪਜਾਊ ਅਤੇ ਉਤਪਾਦਨਸ਼ੀਲ ਬਣਨਾ ਲੋਕਾਂ ਨੂੰ ਅਜਿਹਾ ਮਹਿਸੂਸ ਕਰਵਾ ਸਕਦਾ ਸੀ। (ਲੇਵੀਆਂ 23:37-40; ਬਿਵਸਥਾ ਸਾਰ 16:15; ਜ਼ਬੂਰ 126:5, 6; ਯਸਾਯਾਹ 16:10; ਯਿਰਮਿਯਾਹ 25:30; 48:33) ਖ਼ੁਦ ਦੇਸ਼ ਵਿਚ ਸ਼ਾਬਦਿਕ ਪਰਿਵਰਤਨਾਂ ਦੇ ਨਾਲ-ਨਾਲ ਲੋਕਾਂ ਵਿਚ ਵੀ ਸਮਾਨ ਪਰਿਵਰਤਨ ਹੋਣਗੇ, ਕਿਉਂਕਿ ਲੋਕੀ ਇਸ ਭਵਿੱਖਬਾਣੀ ਵਿਚ ਮੁੱਖ ਪਾਤਰ ਹਨ। ਇਸ ਲਈ, ਸਾਡੇ ਕੋਲ ਇਹ ਸਮਝਣ ਦਾ ਕਾਰਨ ਹੈ ਕਿ ਯਸਾਯਾਹ ਦੇ ਸ਼ਬਦ ਮੁੱਖ ਰੂਪ ਵਿਚ ਪਰਤਣ ਵਾਲੇ ਯਹੂਦੀਆਂ ਦੇ ਵਿਚ ਪਰਿਵਰਤਨ, ਖ਼ਾਸ ਤੌਰ ਤੇ ਉਨ੍ਹਾਂ ਦੀ ਖ਼ੁਸ਼ੀ ਉੱਤੇ ਕੇਂਦ੍ਰਿਤ ਹਨ।
13, 14. ਯਸਾਯਾਹ 35:3, 4 ਨੇ ਲੋਕਾਂ ਵਿਚ ਕਿਹੜਾ ਪਰਿਵਰਤਨ ਭਵਿੱਖ-ਸੂਚਿਤ ਕੀਤਾ?
13 ਇਸ ਲਈ, ਆਓ ਅਸੀਂ ਇਹ ਦੇਖਣ ਲਈ ਇਸ ਉਤੇਜਕ ਭਵਿੱਖਬਾਣੀ ਦੀ ਹੋਰ ਜਾਂਚ ਕਰੀਏ ਕਿ ਬਾਬਲ ਤੋਂ ਯਹੂਦੀਆਂ ਦੀ ਆਜ਼ਾਦੀ ਅਤੇ ਵਾਪਸੀ ਮਗਰੋਂ ਇਸ ਦੀ ਪੂਰਤੀ ਕਿਵੇਂ ਹੋਈ। ਆਇਤਾਂ 3 ਅਤੇ 4 ਵਿਚ, ਯਸਾਯਾਹ ਉਨ੍ਹਾਂ ਪਰਤਣ ਵਾਲੇ ਲੋਕਾਂ ਵਿਚ ਦੂਜੇ ਪਰਿਵਰਤਨਾਂ ਬਾਰੇ ਦੱਸਦਾ ਹੈ: “ਢਿੱਲੇ ਹੱਥਾਂ ਨੂੰ ਤਕੜੇ ਕਰੋ, ਅਤੇ ਹਿੱਲਦਿਆਂ ਗੋਡਿਆਂ ਨੂੰ ਮਜ਼ਬੂਤ ਕਰੋ! ਧੜਕਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ! ਨਾ ਡਰੋ! ਆਪਣੇ ਪਰਮੇਸ਼ੁਰ ਨੂੰ ਵੇਖੋ! ਉਹ ਬਦਲੇ ਨਾਲ, ਸਗੋਂ ਪਰਮੇਸ਼ੁਰ ਦੇ ਵੱਟੇ ਨਾਲ ਆਵੇਗਾ, ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ।”
14 ਕੀ ਇਹ ਸੋਚਣਾ ਤਾਕਤ ਬਖ਼ਸ਼ ਨਹੀਂ ਹੈ ਕਿ ਸਾਡਾ ਪਰਮੇਸ਼ੁਰ, ਜੋ ਜ਼ਮੀਨ ਦੀ ਵੀਰਾਨ ਸਥਿਤੀ ਨੂੰ ਪਲਟ ਸਕਦਾ ਹੈ, ਆਪਣੇ ਉਪਾਸਕਾਂ ਵਿਚ ਇੰਨੀ ਦਿਲਚਸਪੀ ਰੱਖਦਾ ਹੈ? ਉਹ ਨਹੀਂ ਚਾਹੁੰਦਾ ਸੀ ਕਿ ਕੈਦ ਵਿਚ ਪਏ ਯਹੂਦੀ ਲੋਕ ਭਵਿੱਖ ਦੇ ਬਾਰੇ ਕਮਜ਼ੋਰ, ਨਿਰਉਤਸ਼ਾਹਿਤ, ਜਾਂ ਚਿੰਤਿਤ ਮਹਿਸੂਸ ਕਰਨ। (ਇਬਰਾਨੀਆਂ 12:12) ਉਨ੍ਹਾਂ ਯਹੂਦੀ ਕੈਦੀਆਂ ਦੀ ਪਰਿਸਥਿਤੀ ਉੱਤੇ ਵਿਚਾਰ ਕਰੋ। ਆਪਣੇ ਭਵਿੱਖ ਦੇ ਬਾਰੇ ਪਰਮੇਸ਼ੁਰ ਦੀਆਂ ਭਵਿੱਖਬਾਣੀਆਂ ਤੋਂ ਜੋ ਉਮੀਦ ਉਹ ਹਾਸਲ ਕਰ ਸਕਦੇ ਸਨ, ਉਸ ਤੋਂ ਇਲਾਵਾ ਉਨ੍ਹਾਂ ਲਈ ਆਸ਼ਾਵਾਦੀ ਹੋਣਾ ਮੁਸ਼ਕਲ ਹੁੰਦਾ। ਇਹ ਇੰਜ ਸੀ ਮਾਨੋ ਉਹ ਇਕ ਹਨੇਰੀ ਕਾਲ-ਕੋਠੜੀ ਵਿਚ ਸਨ, ਅਤੇ ਕਿਧਰੇ ਜਾਣ ਲਈ ਅਤੇ ਯਹੋਵਾਹ ਦੀ ਸੇਵਾ ਵਿਚ ਸਕ੍ਰਿਆ ਹੋਣ ਲਈ ਆਜ਼ਾਦ ਨਹੀਂ ਸਨ। ਉਨ੍ਹਾਂ ਨੂੰ ਸ਼ਾਇਦ ਇੰਜ ਜਾਪਿਆ ਹੋਵੇ ਜਿਵੇਂ ਕਿ ਅੱਗੇ ਕੋਈ ਰੌਸ਼ਨੀ ਨਹੀਂ ਸੀ।—ਤੁਲਨਾ ਕਰੋ ਬਿਵਸਥਾ ਸਾਰ 28:29; ਯਸਾਯਾਹ 59:10.
15, 16. (ੳ) ਅਸੀਂ ਕੀ ਸਿੱਟਾ ਕੱਢ ਸਕਦੇ ਹਾਂ ਕੀ ਯਹੋਵਾਹ ਨੇ ਪਰਤਣ ਵਾਲਿਆਂ ਲਈ ਕੀ ਕੀਤਾ? (ਅ) ਪਰਤਣ ਵਾਲਿਆਂ ਨੇ ਯਹੋਵਾਹ ਤੋਂ ਚਮਤਕਾਰੀ ਸਰੀਰਕ ਚੰਗਾਈ ਦੀ ਆਸ ਕਿਉਂ ਨਹੀਂ ਰੱਖੀ ਹੋਣੀ ਸੀ, ਪਰੰਤੂ ਪਰਮੇਸ਼ੁਰ ਨੇ ਯਸਾਯਾਹ 35:5, 6 ਦੇ ਅਨੁਸਾਰ ਕੀ ਕੀਤਾ?
15 ਪਰੰਤੂ, ਇਹ ਸਥਿਤੀ ਕਿਵੇਂ ਹੀ ਬਦਲ ਗਈ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਵਾਪਸ ਘਰ ਜਾਣ ਦੇ ਲਈ ਖੋਰੁਸ ਦੇ ਦੁਆਰਾ ਮੁਕਤ ਕਰਵਾਇਆ! ਕੋਈ ਬਾਈਬਲੀ ਸਬੂਤ ਨਹੀਂ ਹੈ ਕਿ ਪਰਮੇਸ਼ੁਰ ਨੇ ਚਮਤਕਾਰੀ ਢੰਗ ਨਾਲ ਉਸ ਸਮੇਂ ਵਾਪਸ ਆ ਰਹੇ ਯਹੂਦੀਆਂ ਵਿੱਚੋਂ ਕਿਸੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ, ਕਿਸੇ ਬੋਲੇ ਦੇ ਕੰਨ ਖੋਲ੍ਹੇ, ਜਾਂ ਕਿਸੇ ਲੰਗੜਿਆਂ ਨੂੰ ਜਾਂ ਅੰਗਹੀਣਾਂ ਨੂੰ ਚੰਗਾ ਕੀਤਾ ਹੋਵੇ। ਪਰੰਤੂ, ਉਸ ਨੇ ਅਸਲ ਵਿਚ ਇਸ ਤੋਂ ਵੀ ਵੱਧ ਕੁਝ ਮਹਾਨ ਕੰਮ ਕੀਤਾ। ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਿਆਰੇ ਦੇਸ਼ ਦੀ ਰੌਸ਼ਨੀ ਅਤੇ ਆਜ਼ਾਦੀ ਵਿਚ ਮੁੜ ਬਹਾਲ ਕੀਤਾ।
16 ਕੋਈ ਸੰਕੇਤ ਨਹੀਂ ਮਿਲਦਾ ਹੈ ਕਿ ਪਰਤਣ ਵਾਲਿਆਂ ਨੇ ਯਹੋਵਾਹ ਤੋਂ ਅਜਿਹੀ ਚਮਤਕਾਰੀ ਸਰੀਰਕ ਚੰਗਾਈ ਕਰਨ ਦੀ ਆਸ ਰੱਖੀ ਸੀ। ਉਨ੍ਹਾਂ ਨੇ ਜ਼ਰੂਰ ਅਹਿਸਾਸ ਕੀਤਾ ਹੋਵੇਗਾ ਕਿ ਪਰਮੇਸ਼ੁਰ ਨੇ ਇਸਹਾਕ, ਸਮਸੂਨ, ਜਾਂ ਏਲੀ ਦੇ ਨਾਲ ਇੰਜ ਨਹੀਂ ਕੀਤਾ ਸੀ। (ਉਤਪਤ 27:1; ਨਿਆਈਆਂ 16:21, 26-30; 1 ਸਮੂਏਲ 3:2-8; 4:15) ਪਰੰਤੂ ਜੇਕਰ ਉਨ੍ਹਾਂ ਨੂੰ ਅਲੰਕਾਰਕ ਰੂਪ ਵਿਚ ਆਪਣੀ ਪਰਿਸਥਿਤੀ ਵਿਚ ਈਸ਼ਵਰੀ ਪਰਿਵਰਤਨ ਦੀ ਆਸ ਸੀ, ਤਾਂ ਉਹ ਨਿਰਾਸ਼ ਨਹੀਂ ਹੋਏ। ਨਿਸ਼ਚੇ ਹੀ ਅਲੰਕਾਰਕ ਅਰਥ ਵਿਚ, ਆਇਤਾਂ 5 ਅਤੇ 6 ਦੀ ਅਸਲ ਪੂਰਤੀ ਹੋਈ। ਯਸਾਯਾਹ ਨੇ ਸਹੀ-ਸਹੀ ਭਵਿੱਖ-ਸੂਚਿਤ ਕੀਤਾ: “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।”
ਦੇਸ਼ ਨੂੰ ਪਰਾਦੀਸ ਵਰਗਾ ਬਣਾਉਣਾ
17. ਯਹੋਵਾਹ ਨੇ ਪ੍ਰਤੱਖ ਰੂਪ ਵਿਚ ਕਿਹੜੇ ਭੌਤਿਕ ਪਰਿਵਰਤਨ ਲਿਆਂਦੇ ਸਨ?
17 ਇਨ੍ਹਾਂ ਪਰਤਣ ਵਾਲਿਆਂ ਕੋਲ ਉਨ੍ਹਾਂ ਪਰਿਸਥਿਤੀਆਂ ਉੱਤੇ ਜੈਕਾਰਾ ਗਜਾਉਣ ਦਾ ਨਿਸ਼ਚੇ ਹੀ ਕਾਰਨ ਹੋਇਆ ਹੋਵੇਗਾ, ਜਿਨ੍ਹਾਂ ਦਾ ਵਰਣਨ ਯਸਾਯਾਹ ਨੇ ਅੱਗੇ ਜਾ ਕੇ ਕੀਤਾ: “ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ। ਤਪਦੀ ਰੇਤ ਤਲਾ ਬਣੇਗੀ, ਅਤੇ ਤਿਹਾਈ ਜਮੀਨ ਪਾਣੀ ਦੇ ਸੁੰਬ। ਗਿੱਦੜਾਂ ਦੇ ਟਿਕਾਨੇ ਵਿੱਚ ਉਹ ਦੀ ਬੈਠਕ ਹੋਵੇਗੀ, ਕਾਨਿਆਂ ਅਤੇ ਦਬ ਦਾ ਚੁਗਾਨ।” (ਯਸਾਯਾਹ 35:6ਅ, 7) ਭਾਵੇਂ ਕਿ ਅੱਜ ਅਸੀਂ ਉਸ ਖੇਤਰ ਦੇ ਹਰ ਭਾਗ ਵਿਚ ਇਹ ਨਹੀਂ ਦੇਖਦੇ ਹਾਂ, ਸਬੂਤ ਦੱਸਦਾ ਹੈ ਕਿ ਜਿਹੜਾ ਇਲਾਕਾ ਇਕ ਸਮੇਂ ਤੇ ਯਹੂਦਾਹ ਸੀ, ਉਹ “ਇਕ ਚਰਾਗਾਹੀ ਪਰਾਦੀਸ” ਸੀ।a
18. ਪਰਤਣ ਵਾਲੇ ਯਹੂਦੀ ਸ਼ਾਇਦ ਪਰਮੇਸ਼ੁਰ ਦੀਆਂ ਬਰਕਤਾਂ ਦੇ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ?
18 ਆਨੰਦ ਦਿਆਂ ਕਾਰਨਾਂ ਦੇ ਸੰਬੰਧ ਵਿਚ, ਜ਼ਰਾ ਸੋਚੋ ਕਿ ਜਦੋਂ ਯਹੂਦੀ ਬਕੀਏ ਨੂੰ ਵਾਅਦਾ ਕੀਤੇ ਹੋਏ ਦੇਸ਼ ਨੂੰ ਪਰਤਿਆ ਗਿਆ ਤਾਂ ਉਨ੍ਹਾਂ ਨੇ ਕਿਵੇਂ ਮਹਿਸੂਸ ਕੀਤਾ ਹੋਵੇਗਾ! ਉਨ੍ਹਾਂ ਕੋਲ ਇਹ ਮੌਕਾ ਸੀ ਕਿ ਉਹ ਉਸ ਬੰਜਰ ਜ਼ਮੀਨ, ਜਿਸ ਵਿਚ ਗਿੱਦੜ ਅਤੇ ਅਜਿਹੇ ਦੂਜੇ ਜਾਨਵਰ ਵਸ ਰਹੇ ਸਨ, ਨੂੰ ਲੈ ਕੇ ਇਸ ਨੂੰ ਪਰਿਵਰਤਿਤ ਕਰਨ। ਕੀ ਤੁਸੀਂ ਅਜਿਹੇ ਮੁੜ ਬਹਾਲੀ ਦਾ ਕੰਮ ਕਰਨ ਵਿਚ ਆਨੰਦ ਨਾ ਪਾਉਂਦੇ, ਖ਼ਾਸ ਤੌਰ ਤੇ ਜੇਕਰ ਤੁਹਾਨੂੰ ਪਤਾ ਹੁੰਦਾ ਕਿ ਪਰਮੇਸ਼ੁਰ ਤੁਹਾਡੇ ਜਤਨਾਂ ਉੱਤੇ ਬਰਕਤਾਂ ਦੇ ਰਿਹਾ ਸੀ?
19. ਬਾਬਲ ਦੀ ਕੈਦ ਤੋਂ ਵਾਪਸੀ ਕਿਸ ਅਰਥ ਵਿਚ ਸ਼ਰਤਬੰਦ ਸੀ?
19 ਪਰੰਤੂ, ਇਹ ਇੰਜ ਨਹੀਂ ਸੀ ਕਿ ਬਾਬਲ ਵਿਚ ਹਰੇਕ ਯਹੂਦੀ ਕੈਦੀ ਉਸ ਆਨੰਦਮਈ ਪਰਿਵਰਤਨ ਵਿਚ ਹਿੱਸਾ ਲੈਣ ਲਈ ਵਾਪਸ ਜਾ ਸਕਦਾ ਸੀ ਜਾਂ ਗਿਆ ਸੀ। ਪਰਮੇਸ਼ੁਰ ਨੇ ਸ਼ਰਤਾਂ ਸਥਾਪਿਤ ਕੀਤੀਆਂ। ਬਾਬਲੀ, ਗ਼ੈਰ-ਯਹੂਦੀ ਧਾਰਮਿਕ ਅਭਿਆਸਾਂ ਦੁਆਰਾ ਮਲੀਨ ਕਿਸੇ ਵੀ ਵਿਅਕਤੀ ਨੂੰ ਵਾਪਸ ਆਉਣ ਦਾ ਹੱਕ ਨਹੀਂ ਸੀ। (ਦਾਨੀਏਲ 5:1, 4, 22, 23; ਯਸਾਯਾਹ 52:11) ਨਾ ਹੀ ਉਹ ਵਿਅਕਤੀ ਵਾਪਸ ਆ ਸਕਦਾ ਸੀ ਜੋ ਮੂਰਖਤਾ ਨਾਲ ਕੁਵੱਲੇ ਮਾਰਗ ਉੱਤੇ ਲੱਗਿਆ ਹੋਇਆ ਸੀ। ਅਜਿਹੇ ਸਾਰੇ ਵਿਅਕਤੀ ਅਯੋਗ ਠਹਿਰਾਏ ਗਏ ਸਨ। ਦੂਜੇ ਪਾਸੇ, ਉਹ ਜੋ ਪਰਮੇਸ਼ੁਰ ਦੇ ਮਿਆਰਾਂ ਉੱਤੇ ਪੂਰਾ ਉਤਰਦੇ ਸਨ, ਜਿਨ੍ਹਾਂ ਨੂੰ ਉਹ ਤੁਲਨਾਤਮਕ ਅਰਥ ਵਿਚ ਪਵਿੱਤਰ ਸਮਝਦਾ ਸੀ, ਯਹੂਦਾਹ ਵਾਪਸ ਜਾ ਸਕਦੇ ਸਨ। ਉਹ ਮਾਨੋ “ਪਵਿੱਤ੍ਰ ਰਾਹ” ਉੱਤੇ ਸਫ਼ਰ ਕਰ ਸਕਦੇ ਸਨ। ਯਸਾਯਾਹ ਨੇ ਆਇਤ 8 ਵਿਚ ਇਸ ਨੂੰ ਸਪੱਸ਼ਟ ਕੀਤਾ: “ਉੱਥੇ ਇੱਕ ਸ਼ਾਹੀ ਰਾਹ ਹੋਵੇਗਾ, ਅਤੇ ਉਹ ਰਾਹ ‘ਪਵਿੱਤ੍ਰ ਰਾਹ’ ਕਹਾਵੇਗਾ, ਕੋਈ ਅਸ਼ੁੱਧ ਉਹ ਦੇ ਉੱਤੋ ਦੀ ਨਹੀਂ ਲੰਘੇਗਾ, ਉਹ ਛੁਡਾਏ ਹੋਇਆਂ ਦੇ ਲਈ ਹੋਵੇਗਾ। [“ਅਤੇ ਉਸ ਉੱਤੇ ਕੋਈ ਮੂਰਖ ਨਹੀਂ ਫਿਰਨਗੇ,” ਨਿ ਵ.]”
20. ਵਾਪਸ ਆਉਂਦੇ ਸਮੇਂ, ਯਹੂਦੀਆਂ ਨੂੰ ਕਿਸ ਤੋਂ ਡਰਨ ਦੀ ਜ਼ਰੂਰਤ ਨਹੀਂ ਸੀ, ਅਤੇ ਇਸ ਦਾ ਕੀ ਨਤੀਜਾ ਹੋਇਆ?
20 ਵਾਪਸ ਆਉਣ ਵਾਲੇ ਯਹੂਦੀਆਂ ਨੂੰ ਪਸ਼ੂ ਵਰਗੇ ਮਨੁੱਖਾਂ ਜਾਂ ਡਾਕੂਆਂ ਦੀਆਂ ਟੋਲੀਆਂ ਵੱਲੋਂ ਕਿਸੇ ਹਮਲੇ ਤੋਂ ਡਰਨ ਦੀ ਜ਼ਰੂਰਤ ਨਹੀਂ ਸੀ। ਕਿਉਂ? ਕਿਉਂਕਿ ਯਹੋਵਾਹ ਅਜਿਹੇ ਵਿਅਕਤੀਆਂ ਨੂੰ ਆਪਣੇ ਮੁੜ ਖ਼ਰੀਦੇ ਗਏ ਲੋਕਾਂ ਨਾਲ ਉਸ ਰਾਹ ਉੱਤੇ ਚੱਲਣ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਲਈ ਉਹ ਆਨੰਦਮਈ ਆਸ਼ਾਵਾਦ ਦੇ ਨਾਲ, ਅਤੇ ਆਨੰਦਿਤ ਆਸ ਦੇ ਨਾਲ ਸਫ਼ਰ ਕਰ ਸਕਦੇ ਸਨ। ਧਿਆਨ ਦਿਓ ਕਿ ਯਸਾਯਾਹ ਨੇ ਇਸ ਭਵਿੱਖਬਾਣੀ ਨੂੰ ਸਮਾਪਤ ਕਰਦੇ ਸਮੇਂ ਇਸ ਦਾ ਕਿਵੇਂ ਵਰਣਨ ਕੀਤਾ: “ਉੱਥੇ ਕੋਈ ਬਬਰ ਸ਼ੇਰ ਨਹੀਂ ਹੋਵੇਗਾ, ਕੋਈ ਪਾੜਨ ਵਾਲਾ ਦਰਿੰਦਾ ਉਸ ਉੱਤੇ ਨਾ ਚੜ੍ਹੇਗਾ, ਓਹ ਉੱਥੇ ਨਾ ਲੱਭਣਗੇ, ਪਰ ਛੁਡਾਏ ਹੋਏ ਉੱਥੇ ਚੱਲਣਗੇ। ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਓਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਅਨੰਤ ਅਨੰਦ ਓਹਨਾਂ ਦੇ ਸਿਰਾਂ ਉੱਤੇ ਹੋਵੇਗਾ। ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹੂੰਗਾ ਨੱਠ ਜਾਣਗੇ।”—ਯਸਾਯਾਹ 35:9, 10.
21. ਅੱਜ ਸਾਨੂੰ ਯਸਾਯਾਹ ਅਧਿਆਇ 35 ਦੀ ਪਹਿਲਾਂ ਹੀ ਹੋ ਚੁੱਕੀ ਪੂਰਤੀ ਨੂੰ ਕਿਸ ਨਜ਼ਰ ਤੋਂ ਦੇਖਣਾ ਚਾਹੀਦਾ ਹੈ?
21 ਇੱਥੇ ਸਾਡੇ ਕੋਲ ਕੀ ਹੀ ਭਵਿੱਖ-ਸੂਚਕ ਤਸਵੀਰ ਹੈ! ਪਰੰਤੂ, ਸਾਨੂੰ ਇਸ ਨੂੰ ਕੇਵਲ ਬੀਤੇ ਇਤਿਹਾਸ ਨਾਲ ਸੰਬੰਧਿਤ ਇਕ ਗੱਲ ਹੀ ਨਹੀਂ ਸਮਝਣੀ ਚਾਹੀਦੀ ਹੈ, ਮਾਨੋ ਇਹ ਸਾਡੀ ਪਰਿਸਥਿਤੀ ਜਾਂ ਸਾਡੇ ਭਵਿੱਖ ਨਾਲ ਘੱਟ ਹੀ ਸੰਬੰਧ ਰੱਖਣ ਵਾਲਾ ਇਕ ਸੋਹਣਾ ਬਿਰਤਾਂਤ ਸੀ। ਹਕੀਕਤ ਇਹ ਹੈ ਕਿ ਇਹ ਭਵਿੱਖਬਾਣੀ ਅੱਜ ਪਰਮੇਸ਼ੁਰ ਦੇ ਲੋਕਾਂ ਵਿਚ ਇਕ ਹੈਰਾਨਕੁਨ ਪੂਰਤੀ ਪਾਉਂਦੀ ਹੈ, ਇਸ ਲਈ ਇਹ ਸਾਡੇ ਵਿੱਚੋਂ ਹਰੇਕ ਨੂੰ ਸੱਚ-ਮੁੱਚ ਸੰਮਿਲਿਤ ਕਰਦੀ ਹੈ। ਇਹ ਸਾਨੂੰ ਜੈ-ਜੈਕਾਰ ਕਰਨ ਦੇ ਲਈ ਠੋਸ ਕਾਰਨ ਦਿੰਦੀ ਹੈ। ਤੁਹਾਡੇ ਜੀਵਨ ਨੂੰ ਹੁਣ ਅਤੇ ਭਵਿੱਖ ਵਿਚ ਸੰਮਿਲਿਤ ਕਰਨ ਵਾਲੇ ਇਨ੍ਹਾਂ ਪਹਿਲੂਆਂ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਗਈ ਹੈ। (w96 2/15)
[ਫੁਟਨੋਟ]
a ਉਸ ਖੇਤਰ ਬਾਰੇ ਆਪਣੇ ਅਧਿਐਨ ਤੋਂ, ਕ੍ਰਿਸ਼ੀ-ਅਰਥਸ਼ਾਸਤਰੀ ਵੌਲਟਰ ਸੀ. ਲਾਓਡਰਮਿਲਕ (ਯੂ.ਐੱਨ. ਖ਼ੁਰਾਕ ਤੇ ਖੇਤੀ-ਬਾੜੀ ਸੰਗਠਨ ਦੀ ਪ੍ਰਤਿਨਿਧਤਾ ਕਰਦੇ ਹੋਏ) ਨੇ ਸਿੱਟਾ ਕੱਢਿਆ: “ਇਹ ਜ਼ਮੀਨ ਕਿਸੇ ਸਮੇਂ ਇਕ ਚਰਾਗਾਹੀ ਪਰਾਦੀਸ ਸੀ।” ਉਸ ਨੇ ਇਹ ਵੀ ਸੰਕੇਤ ਕੀਤਾ ਕਿ ਉੱਥੇ ਦਾ ਮੌਸਮ “ਰੋਮੀ ਸਮਿਆਂ ਤੋਂ” ਕੁਝ ਖ਼ਾਸ ਤੌਰ ਤੇ ਬਦਲਿਆ ਨਹੀਂ ਹੈ, ਅਤੇ “ਕਿਸੇ ਸਮੇਂ ਪ੍ਰਫੁੱਲਤ ਜ਼ਮੀਨ ਦੀ ਥਾਂ ਲੈਣ ਵਾਲਾ ‘ਰੇਗਿਸਤਾਨ’ ਕੁਦਰਤ ਦਾ ਨਹੀਂ, ਬਲਕਿ ਮਨੁੱਖਾਂ ਦਾ ਕੰਮ ਸੀ।”
ਕੀ ਤੁਹਾਨੂੰ ਯਾਦ ਹੈ?
◻ ਯਸਾਯਾਹ ਅਧਿਆਇ 35 ਦੀ ਪਹਿਲੀ ਪੂਰਤੀ ਕਦੋਂ ਹੋਈ ਸੀ?
◻ ਭਵਿੱਖਬਾਣੀ ਦੀ ਪਹਿਲੀ ਪੂਰਤੀ ਕਿਹੜਾ ਅਸਰ ਉਤਪੰਨ ਕਰੇਗੀ?
◻ ਯਹੋਵਾਹ ਨੇ ਯਸਾਯਾਹ 35:5, 6 ਨੂੰ ਕਿਵੇਂ ਪੂਰਾ ਕੀਤਾ?
◻ ਪਰਤਣ ਵਾਲੇ ਯਹੂਦੀਆਂ ਨੇ ਦੇਸ਼ ਵਿਚ ਅਤੇ ਆਪਣੀ ਪਰਿਸਥਿਤੀ ਵਿਚ ਕਿਹੜੇ ਪਰਿਵਰਤਨ ਅਨੁਭਵ ਕੀਤੇ?
[ਸਫ਼ੇ 25 ਉੱਤੇ ਤਸਵੀਰਾਂ]
ਜਦੋਂ ਯਹੂਦੀ ਲੋਕ ਕੈਦ ਵਿਚ ਸਨ, ਯਹੂਦਾਹ ਦਾ ਅਧਿਕਤਰ ਭਾਗ ਇਕ ਉਜਾੜ ਵਾਂਗ ਬਣ ਗਿਆ, ਜਿੱਥੇ ਰਿੱਛਾਂ ਅਤੇ ਸ਼ੇਰਾਂ ਵਰਗੇ ਖੂੰਖ਼ਾਰ ਦਰਿੰਦੇ ਫੈਲੇ ਹੋਏ ਸਨ
[ਕ੍ਰੈਡਿਟ ਲਾਈਨਾਂ]
Garo Nalbandian
ਰਿੱਛ ਅਤੇ ਸ਼ੇਰ: Safari-Zoo of Ramat-Gan, Tel Aviv