“ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ”
“ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ ਤੁਸੀਂ ਆਪ ਭੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਕਿਉਂ ਜੋ ਇਹ ਲਿਖਿਆ ਹੋਇਆ ਹੈ ਭਈ ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।”—1 ਪਤਰਸ 1:15, 16.
1. ਪਤਰਸ ਨੇ ਮਸੀਹੀਆਂ ਨੂੰ ਪਵਿੱਤਰ ਹੋਣ ਦੇ ਲਈ ਉਤਸ਼ਾਹਿਤ ਕਿਉਂ ਕੀਤਾ?
ਰਸੂਲ ਪਤਰਸ ਨੇ ਉਪਰੋਕਤ ਸਲਾਹ ਕਿਉਂ ਦਿੱਤੀ? ਕਿਉਂਕਿ ਉਸ ਨੇ ਹਰੇਕ ਮਸੀਹੀ ਵੱਲੋਂ ਆਪਣੇ ਵਿਚਾਰਾਂ ਅਤੇ ਕਾਰਜਾਂ ਦੀ ਰਾਖੀ ਕਰਨ ਦੀ ਜ਼ਰੂਰਤ ਨੂੰ ਦੇਖਿਆ ਤਾਂਕਿ ਇਹ ਯਹੋਵਾਹ ਦੀ ਪਵਿੱਤਰਤਾ ਦੇ ਅਨੁਸਾਰ ਹੋਣ। ਇਸ ਤਰ੍ਹਾਂ, ਉਸ ਨੇ ਉਪਰੋਕਤ ਸ਼ਬਦਾਂ ਤੋਂ ਅਗਾਹਾਂ ਇਹ ਕਿਹਾ: “ਤੁਸੀਂ ਆਪਣੀ ਬੁੱਧ ਦਾ ਲੱਕ ਬੰਨ੍ਹ ਕੇ ਸੁਚੇਤ ਰਹੋ . . . ਅਤੇ ਆਗਿਆਕਾਰ ਬੱਚਿਆਂ ਵਾਂਙੁ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜੇਹੇ ਨਾ ਬਣੋ।”—1 ਪਤਰਸ 1:13, 14.
2. ਸੱਚਾਈ ਸਿੱਖਣ ਤੋਂ ਪਹਿਲਾਂ ਸਾਡੀਆਂ ਕਾਮਨਾਵਾਂ ਅਪਵਿੱਤਰ ਕਿਉਂ ਸਨ?
2 ਸਾਡੀਆਂ ਪਹਿਲਾਂ ਦੀਆਂ ਕਾਮਨਾਵਾਂ ਅਪਵਿੱਤਰ ਸਨ। ਕਿਉਂ? ਕਿਉਂਕਿ ਸਾਡੇ ਵਿੱਚੋਂ ਅਨੇਕ ਵਿਅਕਤੀ ਮਸੀਹੀ ਸੱਚਾਈ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਇਕ ਸੰਸਾਰੀ ਕ੍ਰਿਆ-ਵਿਧੀ ਦੀ ਪੈਰਵੀ ਕਰਦੇ ਸਨ। ਪਤਰਸ ਨੂੰ ਇਹ ਪਤਾ ਸੀ ਜਦੋਂ ਉਸ ਨੇ ਸਪੱਸ਼ਟ ਰੂਪ ਵਿਚ ਲਿਖਿਆ: “ਬੀਤਿਆ ਹੋਇਆ ਸਮਾ ਪਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਨੂੰ ਬਥੇਰਾ ਸੀ ਜਦੋਂ ਅਸੀਂ ਲੁੱਚਪੁਣਿਆਂ, ਕਾਮਨਾਂ, ਸ਼ਰਾਬ ਪੀਣ, ਨਾਚ ਚੰਗਾਂ, ਨਸ਼ੇ ਬਾਜ਼ੀਆਂ ਅਤੇ ਘਿਣਾਉਣੀਆਂ ਮੂਰਤੀ ਪੂਜਾਂ ਵਿੱਚ ਚੱਲਦੇ ਸਾਂ।” ਨਿਰਸੰਦੇਹ, ਪਤਰਸ ਨੇ ਉਨ੍ਹਾਂ ਅਪਵਿੱਤਰ ਕਾਰਜਾਂ ਦਾ ਵਰਣਨ ਨਹੀਂ ਕੀਤਾ ਜੋ ਸਾਡੇ ਆਧੁਨਿਕ ਸੰਸਾਰ ਦੇ ਲਈ ਵਿਸ਼ੇਸ਼ ਹਨ, ਕਿਉਂਕਿ ਇਹ ਉਦੋਂ ਅਗਿਆਤ ਸਨ।—1 ਪਤਰਸ 4:3, 4.
3, 4. (ੳ) ਅਸੀਂ ਗ਼ਲਤ ਕਾਮਨਾਵਾਂ ਦਾ ਵਿਰੋਧ ਕਿਵੇਂ ਕਰ ਸਕਦੇ ਹਾਂ? (ਅ) ਕੀ ਮਸੀਹੀਆਂ ਨੂੰ ਨਿਰਭਾਵ ਹੋਣਾ ਚਾਹੀਦਾ ਹੈ? ਵਿਆਖਿਆ ਕਰੋ।
3 ਕੀ ਤੁਸੀਂ ਧਿਆਨ ਦਿੱਤਾ ਹੈ ਕਿ ਇਹ ਕਾਮਨਾਵਾਂ ਉਹ ਹਨ ਜੋ ਸਰੀਰ ਨੂੰ, ਗਿਆਨ-ਇੰਦਰੀਆਂ ਨੂੰ, ਅਤੇ ਭਾਵਨਾਵਾਂ ਨੂੰ ਭਾਉਂਦੀਆਂ ਹਨ? ਜਦੋਂ ਅਸੀਂ ਇਨ੍ਹਾਂ ਨੂੰ ਹਾਵੀ ਹੋਣ ਦਿੰਦੇ ਹਾਂ, ਤਦ ਸਾਡੇ ਵਿਚਾਰ ਅਤੇ ਕਾਰਜ ਬਹੁਤ ਆਸਾਨੀ ਨਾਲ ਅਪਵਿੱਤਰ ਹੋ ਜਾਂਦੇ ਹਨ। ਇਹ ਇਸ ਜ਼ਰੂਰਤ ਨੂੰ ਦਰਸਾਉਂਦੀ ਹੈ ਕਿ ਸਾਨੂੰ ਆਪਣੇ ਕਾਰਜਾਂ ਨੂੰ ਤਰਕ-ਸ਼ਕਤੀ ਦੁਆਰਾ ਨਿਯੰਤ੍ਰਣ ਹੋਣ ਦੇਣਾ ਚਾਹੀਦਾ ਹੈ। ਪੌਲੁਸ ਨੇ ਇਸ ਨੂੰ ਇਸ ਤਰੀਕੇ ਨਾਲ ਅਭਿਵਿਅਕਤ ਕੀਤਾ: “ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀਆਂ ਰਹਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ [“ਅਰਥਾਤ ਆਪਣੀ ਤਰਕ-ਸ਼ਕਤੀ ਦੇ ਨਾਲ ਇਕ ਪਾਵਨ ਸੇਵਾ,” ਨਿ ਵ]।”—ਰੋਮੀਆਂ 12:1, 2.
4 ਪਰਮੇਸ਼ੁਰ ਨੂੰ ਇਕ ਪਵਿੱਤਰ ਬਲੀਦਾਨ ਚੜ੍ਹਾਉਣ ਦੇ ਲਈ, ਸਾਨੂੰ ਭਾਵਨਾਵਾਂ ਨੂੰ ਨਹੀਂ, ਬਲਕਿ ਤਰਕ-ਸ਼ਕਤੀ ਨੂੰ ਹਾਵੀ ਹੋਣ ਦੇਣਾ ਚਾਹੀਦਾ ਹੈ। ਕਿੰਨੇ ਹੀ ਲੋਕ ਅਨੈਤਿਕਤਾ ਦੀ ਲਪੇਟ ਵਿਚ ਲਿਜਾਏ ਗਏ ਹਨ ਕਿਉਂਕਿ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਨੂੰ ਆਪਣੇ ਆਚਰਣ ਨੂੰ ਨਿਯੰਤ੍ਰਣ ਕਰਨ ਦਿੱਤਾ! ਇਸ ਦਾ ਇਹ ਅਰਥ ਨਹੀਂ ਕਿ ਸਾਡੀਆਂ ਭਾਵਨਾਵਾਂ ਨੂੰ ਦਬਾ ਦੇਣਾ ਚਾਹੀਦਾ ਹੈ; ਨਹੀਂ ਤਾਂ, ਅਸੀਂ ਯਹੋਵਾਹ ਦੀ ਸੇਵਾ ਵਿਚ ਆਨੰਦ ਕਿਵੇਂ ਪ੍ਰਗਟ ਕਰ ਸਕਦੇ ਹਾਂ? ਪਰੰਤੂ, ਜੇਕਰ ਅਸੀਂ ਸਰੀਰ ਦੇ ਕੰਮਾਂ ਦੀ ਬਜਾਇ ਆਤਮਾ ਦੇ ਫਲ ਉਤਪੰਨ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਮਨ ਨੂੰ ਮਸੀਹ ਦੀ ਸੋਚਣੀ ਦੇ ਅਨੁਸਾਰ ਢਾਲਣਾ ਚਾਹੀਦਾ ਹੈ।—ਗਲਾਤੀਆਂ 5:22, 23; ਫ਼ਿਲਿੱਪੀਆਂ 2:5.
ਪਵਿੱਤਰ ਜੀਵਨ, ਪਵਿੱਤਰ ਕੀਮਤ
5. ਪਵਿੱਤਰਤਾ ਦੀ ਜ਼ਰੂਰਤ ਦੇ ਪ੍ਰਤੀ ਪਤਰਸ ਸਚੇਤ ਕਿਉਂ ਸੀ?
5 ਮਸੀਹੀ ਪਵਿੱਤਰਤਾ ਦੀ ਜ਼ਰੂਰਤ ਦੇ ਪ੍ਰਤੀ ਪਤਰਸ ਇੰਨਾ ਸਚੇਤ ਕਿਉਂ ਸੀ? ਕਿਉਂਕਿ ਆਗਿਆਕਾਰ ਮਾਨਵਜਾਤੀ ਨੂੰ ਛੁਡਾਉਣ ਦੇ ਲਈ ਦਿੱਤੀ ਗਈ ਪਵਿੱਤਰ ਕੀਮਤ ਬਾਰੇ ਉਹ ਚੰਗੀ ਤਰ੍ਹਾਂ ਨਾਲ ਜਾਣੂ ਸੀ। ਉਸ ਨੇ ਲਿਖਿਆ: “ਤੁਸੀਂ ਜਾਣਦੇ ਹੋ ਭਈ ਤੁਸੀਂ ਜੋ ਆਪਣੀ ਅਕਾਰਥ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚਲੀ ਆਈ ਹੈ ਨਿਸਤਾਰਾ ਪਾਇਆ ਸੋ ਨਾਸਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ। ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੀ ਨਿਆਈਂ ਸੀ।” (1 ਪਤਰਸ 1:18, 19) ਜੀ ਹਾਂ, ਪਵਿੱਤਰਤਾ ਦੇ ਸ੍ਰੋਤ, ਯਹੋਵਾਹ ਪਰਮੇਸ਼ੁਰ, ਨੇ ਆਪਣੇ ਇਕਲੌਤੇ ਪੁੱਤਰ, “ਪਵਿੱਤ੍ਰ ਪੁਰਖ” ਨੂੰ ਧਰਤੀ ਉੱਤੇ ਉਹ ਰਿਹਾਈ-ਕੀਮਤ ਦੇਣ ਦੇ ਲਈ ਭੇਜਿਆ ਜੋ ਲੋਕਾਂ ਨੂੰ ਪਰਮੇਸ਼ੁਰ ਦੇ ਨਾਲ ਇਕ ਚੰਗਾ ਸੰਬੰਧ ਰੱਖਣ ਦੇਵੇਗਾ।—ਯੂਹੰਨਾ 3:16; 6:69; ਕੂਚ 28:36; ਮੱਤੀ 20:28.
6. (ੳ) ਸਾਡੇ ਲਈ ਪਵਿੱਤਰ ਆਚਰਣ ਦੀ ਪੈਰਵੀ ਕਰਨਾ ਆਸਾਨ ਕਿਉਂ ਨਹੀਂ ਹੈ? (ਅ) ਆਪਣੇ ਆਚਰਣ ਨੂੰ ਪਵਿੱਤਰ ਬਣਾਈ ਰੱਖਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?
6 ਪਰੰਤੂ, ਸਾਨੂੰ ਮੰਨਣਾ ਪਵੇਗਾ ਕਿ ਸ਼ਤਾਨ ਦੇ ਭ੍ਰਿਸ਼ਟ ਸੰਸਾਰ ਵਿਚ ਰਹਿੰਦਿਆਂ ਹੋਏ ਇਕ ਪਵਿੱਤਰ ਜੀਵਨ ਬਤੀਤ ਕਰਨਾ ਆਸਾਨ ਨਹੀਂ ਹੈ। ਉਹ ਸੱਚੇ ਮਸੀਹੀਆਂ ਦੇ ਲਈ ਫੰਧੇ ਵਿਛਾ ਰੱਖਦਾ ਹੈ, ਜੋ ਉਸ ਦੀ ਰੀਤੀ-ਵਿਵਸਥਾ ਵਿਚ ਬਚੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। (ਅਫ਼ਸੀਆਂ 6:12; 1 ਤਿਮੋਥਿਉਸ 6:9, 10) ਨੌਕਰੀ, ਪਰਿਵਾਰਕ ਵਿਰੋਧਤਾ, ਸਕੂਲ ਵਿਖੇ ਮਖੌਲ ਅਤੇ ਹਮਸਰ ਦਬਾਉ ਦੇ ਕਾਰਨ ਇਕ ਵਿਅਕਤੀ ਦੇ ਲਈ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਮਜ਼ਬੂਤ ਅਧਿਆਤਮਿਕਤਾ ਆਵੱਸ਼ਕ ਹੋ ਜਾਂਦੀ ਹੈ। ਇਹ ਸਾਡੇ ਵਿਅਕਤੀਗਤ ਅਧਿਐਨ ਅਤੇ ਮਸੀਹੀ ਸਭਾਵਾਂ ਵਿਚ ਸਾਡੀ ਨਿਯਮਿਤ ਹਾਜ਼ਰੀ ਦੀ ਅਤਿ-ਮਹੱਤਵਪੂਰਣ ਭੂਮਿਕਾ ਉੱਤੇ ਜ਼ੋਰ ਦਿੰਦਾ ਹੈ। ਪੌਲੁਸ ਨੇ ਤਿਮੋਥਿਉਸ ਨੂੰ ਸਲਾਹ ਦਿੱਤੀ: “ਤੂੰ ਓਹਨਾਂ ਖਰੀਆਂ ਗੱਲਾਂ [“ਸੁਆਸਥਕਾਰੀ ਸ਼ਬਦਾਂ,” ਨਿ ਵ] ਦੇ ਨਮੂਨੇ ਨੂੰ ਜਿਹੜੀਆਂ ਤੈਂ ਮੈਥੋਂ ਸੁਣੀਆਂ ਉਸ ਨਿਹਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿੱਚ ਹੈ ਫੜੀ ਰੱਖੀਂ।” (2 ਤਿਮੋਥਿਉਸ 1:13) ਅਸੀਂ ਉਨ੍ਹਾਂ ਸੁਆਸਥਦਾਇਕ ਸ਼ਬਦਾਂ ਨੂੰ ਆਪਣੇ ਰਾਜ ਗ੍ਰਹਿ ਵਿਚ ਅਤੇ ਬਾਈਬਲ ਦੇ ਆਪਣੇ ਵਿਅਕਤੀਗਤ ਅਧਿਐਨ ਵਿਚ ਸੁਣਦੇ ਹਾਂ। ਉਹ ਸਾਨੂੰ ਅਨੇਕ ਵੱਖਰੀਆਂ ਸਥਿਤੀਆਂ ਵਿਚ ਪ੍ਰਤਿ ਦਿਨ ਆਪਣੇ ਆਚਰਣ ਵਿਚ ਪਵਿੱਤਰ ਰਹਿਣ ਲਈ ਮਦਦ ਕਰ ਸਕਦੇ ਹਨ।
ਪਰਿਵਾਰ ਵਿਚ ਪਵਿੱਤਰ ਆਚਰਣ
7. ਪਵਿੱਤਰਤਾ ਨੂੰ ਸਾਡੇ ਪਰਿਵਾਰਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਨਾ ਚਾਹੀਦਾ ਹੈ?
7 ਜਦੋਂ ਪਤਰਸ ਨੇ ਲੇਵੀਆਂ 11:44 ਦਾ ਹਵਾਲਾ ਦਿੱਤਾ, ਤਾਂ ਉਸ ਨੇ ਯੂਨਾਨੀ ਸ਼ਬਦ ਹੇਗਿਓਸ ਦਾ ਇਸਤੇਮਾਲ ਕੀਤਾ, ਜਿਸ ਦਾ ਅਰਥ ਹੈ “ਪਾਪ ਤੋਂ ਅਲੱਗ ਅਤੇ ਇਸ ਲਈ ਪਰਮੇਸ਼ੁਰ ਨੂੰ ਅਰਪਿਤ, ਪਾਵਨ।” (ਡਬਲਯੂ. ਈ. ਵਾਈਨ ਦੀ ਐਨ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਵਰਡਜ਼) ਸਾਡੇ ਮਸੀਹੀ ਪਰਿਵਾਰਕ ਜੀਵਨ ਵਿਚ ਸਾਡੇ ਉੱਤੇ ਇਸ ਦਾ ਕਿਵੇਂ ਪ੍ਰਭਾਵ ਪੈਣਾ ਚਾਹੀਦਾ ਹੈ? ਇਸ ਦਾ ਨਿਸ਼ਚੇ ਹੀ ਇਹ ਅਰਥ ਹੋਣਾ ਚਾਹੀਦਾ ਹੈ ਕਿ ਸਾਡੇ ਪਰਿਵਾਰਕ ਜੀਵਨ ਨੂੰ ਪ੍ਰੇਮ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ, ਕਿਉਂਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਆਤਮ-ਬਲੀਦਾਨੀ ਪ੍ਰੇਮ ਉਹ ਤੇਲ ਹੈ ਜੋ ਵਿਆਹੁਤਾ ਸਾਥੀਆਂ ਦੇ ਵਿਚਕਾਰ ਅਤੇ ਮਾਂ-ਪਿਉ ਤੇ ਬੱਚਿਆਂ ਦੇ ਵਿਚਕਾਰ ਦੇ ਸੰਬੰਧ ਨੂੰ ਸੁਖਾਵਾਂ ਬਣਾਉਂਦਾ ਹੈ।—1 ਕੁਰਿੰਥੀਆਂ 13:4-8; ਅਫ਼ਸੀਆਂ 5:28, 29, 33; 6:4; ਕੁਲੁੱਸੀਆਂ 3:18, 21.
8, 9. (ੳ) ਇਕ ਮਸੀਹੀ ਘਰ ਵਿਚ ਕਦੇ-ਕਦਾਈਂ ਕਿਹੜੀ ਸਥਿਤੀ ਵਿਕਸਿਤ ਹੋ ਜਾਂਦੀ ਹੈ? (ਅ) ਇਸ ਮਾਮਲੇ ਉੱਤੇ ਬਾਈਬਲ ਕਿਹੜੀ ਠੋਸ ਸਲਾਹ ਦਿੰਦੀ ਹੈ?
8 ਅਸੀਂ ਸ਼ਾਇਦ ਸੋਚੀਏ ਕਿ ਇਕ ਮਸੀਹੀ ਪਰਿਵਾਰ ਵਿਚ ਸੁਭਾਵਕ ਹੀ ਅਜਿਹਾ ਪ੍ਰੇਮ ਪ੍ਰਗਟ ਕੀਤਾ ਜਾਵੇਗਾ। ਫਿਰ ਵੀ, ਇਹ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਕਿ ਕੁਝ ਮਸੀਹੀ ਘਰਾਂ ਵਿਚ ਪ੍ਰੇਮ ਹਮੇਸ਼ਾ ਉਸ ਹੱਦ ਤਕ ਮੌਜੂਦ ਨਹੀਂ ਹੁੰਦਾ ਹੈ ਜਿੰਨਾ ਕਿ ਇਸ ਨੂੰ ਹੋਣਾ ਚਾਹੀਦਾ ਹੈ। ਇਹ ਰਾਜ ਗ੍ਰਹਿ ਵਿਚ ਸ਼ਾਇਦ ਮੌਜੂਦ ਜਾਪੇ, ਪਰੰਤੂ ਘਰੇਲੂ ਮਾਹੌਲ ਵਿਚ ਸਾਡੀ ਪਵਿੱਤਰਤਾ ਕਿੰਨੀ ਆਸਾਨੀ ਨਾਲ ਘੱਟ ਹੋ ਸਕਦੀ ਹੈ। ਤਦ ਅਸੀਂ ਸ਼ਾਇਦ ਅਚਾਨਕ ਭੁੱਲ ਜਾਈਏ ਕਿ ਪਤਨੀ ਅਜੇ ਵੀ ਸਾਡੀ ਮਸੀਹੀ ਭੈਣ ਹੈ ਜਾਂ ਕਿ ਪਤੀ ਅਜੇ ਵੀ ਉਹੋ ਭਰਾ (ਅਤੇ ਸ਼ਾਇਦ ਇਕ ਸਹਾਇਕ ਸੇਵਕ ਜਾਂ ਇਕ ਬਜ਼ੁਰਗ) ਹੈ ਜਿਸ ਨੂੰ ਰਾਜ ਗ੍ਰਹਿ ਵਿਚ ਆਦਰ ਪ੍ਰਾਪਤ ਹੁੰਦਾ ਜਾਪਦਾ ਸੀ। ਖਿਝ ਪੈਦਾ ਹੁੰਦੀ ਹੈ, ਅਤੇ ਉਤੇਜਿਤ ਬਹਿਸ ਵਿਕਸਿਤ ਹੋ ਸਕਦੀ ਹੈ। ਇਕ ਦੁਪੱਖਾ ਮਿਆਰ ਵੀ ਸਾਡੇ ਜੀਵਨਾਂ ਵਿਚ ਹੌਲੀ-ਹੌਲੀ ਦਾਖ਼ਲ ਹੋ ਸਕਦਾ ਹੈ। ਫਿਰ ਇਹ ਇਕ ਮਸੀਹ-ਸਮਾਨ ਪਤੀ ਅਤੇ ਪਤਨੀ ਦਾ ਰਿਸ਼ਤਾ ਨਹੀਂ ਰਹਿੰਦਾ, ਬਲਕਿ ਲੜਦੇ ਹੋਏ ਕੇਵਲ ਇਕ ਪੁਰਸ਼ ਅਤੇ ਇਕ ਇਸਤਰੀ ਰਹਿ ਜਾਂਦੇ ਹਨ। ਉਹ ਭੁੱਲ ਜਾਂਦੇ ਹਨ ਕਿ ਘਰ ਵਿਚ ਇਕ ਪਵਿੱਤਰ ਮਾਹੌਲ ਹੋਣਾ ਚਾਹੀਦਾ ਹੈ। ਸ਼ਾਇਦ ਉਹ ਸੰਸਾਰੀ ਲੋਕਾਂ ਦੀ ਤਰ੍ਹਾਂ ਬੋਲਣਾ ਸ਼ੁਰੂ ਕਰ ਦੇਣ। ਤਦ ਕਿੰਨੀ ਹੀ ਆਸਾਨੀ ਨਾਲ ਮੂੰਹ ਤੋਂ ਇਕ ਅਸੁਖਾਵੀਂ, ਕੱਟਵੀਂ ਗੱਲ ਨਿੱਕਲ ਸਕਦੀ ਹੈ!—ਕਹਾਉਤਾਂ 12:18; ਤੁਲਨਾ ਕਰੋ ਰਸੂਲਾਂ ਦੇ ਕਰਤੱਬ 15:37-39.
9 ਪਰੰਤੂ, ਪੌਲੁਸ ਸਲਾਹ ਦਿੰਦਾ ਹੈ: “ਕੋਈ ਗੰਦੀ ਗੱਲ [ਯੂਨਾਨੀ, ਲੋਗੋਸ ਸਾਪ੍ਰੋਸ, “ਦੂਸ਼ਿਤ ਕਰਨ ਵਾਲੀ ਬੋਲੀ,” ਇਸ ਲਈ ਅਪਵਿੱਤਰ] ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।” ਅਤੇ ਇਹ ਘਰ ਵਿਚ ਦੇ ਸਾਰੇ ਸੁਣਨ ਵਾਲਿਆਂ ਨੂੰ ਸੰਕੇਤ ਕਰਦਾ ਹੈ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ।—ਅਫ਼ਸੀਆਂ 4:29; ਯਾਕੂਬ 3:8-10.
10. ਪਵਿੱਤਰਤਾ ਉੱਤੇ ਸਲਾਹ ਬੱਚਿਆਂ ਨੂੰ ਕਿਵੇਂ ਲਾਗੂ ਹੁੰਦੀ ਹੈ?
10 ਹੁਣ ਪਵਿੱਤਰਤਾ ਉੱਤੇ ਇਹ ਮਾਰਗ-ਦਰਸ਼ਨ ਇਕ ਮਸੀਹੀ ਪਰਿਵਾਰ ਦੇ ਵਿਚ ਬੱਚਿਆਂ ਨੂੰ ਉੱਨਾ ਹੀ ਲਾਗੂ ਹੁੰਦਾ ਹੈ। ਉਨ੍ਹਾਂ ਲਈ ਸਕੂਲੋਂ ਘਰ ਆ ਕੇ ਆਪਣੇ ਸੰਸਾਰੀ ਹਮਜੋਲੀਆਂ ਦੀ ਵਿਦਰੋਹੀ ਅਤੇ ਗੁਸਤਾਖ਼ ਗੱਲਾਂ ਦੀ ਨਕਲ ਕਰਨੀ ਕਿੰਨਾ ਹੀ ਆਸਾਨ ਹੈ! ਬੱਚਿਓ, ਉਨ੍ਹਾਂ ਉਜੱਡ ਮੁੰਡਿਆਂ ਦੁਆਰਾ ਦਿਖਾਏ ਗਏ ਰਵੱਈਏ ਵੱਲ ਆਕਰਸ਼ਿਤ ਨਾ ਹੋਵੋ ਜਿਨ੍ਹਾਂ ਨੇ ਯਹੋਵਾਹ ਦੇ ਨਬੀ ਦੀ ਨਿਰਾਦਰੀ ਕੀਤੀ ਸੀ ਅਤੇ ਜਿਨ੍ਹਾਂ ਦੇ ਅੱਜ ਵੀ ਬਦਜ਼ਬਾਨ, ਕੁਫ਼ਰੀ ਸਮਾਨੰਤਰ ਮੌਜੂਦ ਹਨ। (2 ਰਾਜਿਆਂ 2:23, 24) ਤੁਹਾਡੀ ਬੋਲੀ ਉਨ੍ਹਾਂ ਲੋਕਾਂ ਦੀ ਅਸਭਿਅ ਬਾਜ਼ਾਰੀ ਭਾਸ਼ਾ ਦੁਆਰਾ ਦੂਸ਼ਿਤ ਨਹੀਂ ਹੋਣੀ ਚਾਹੀਦੀ ਹੈ ਜੋ ਸਭਿਅ ਸ਼ਬਦ ਇਸਤੇਮਾਲ ਕਰਨ ਦੇ ਲਈ ਜਾਂ ਤਾਂ ਬਹੁਤ ਸੁਸਤ ਹਨ ਜਾਂ ਬੇਪਰਵਾਹ ਹਨ। ਮਸੀਹੀਆਂ ਦੇ ਤੌਰ ਤੇ, ਸਾਡੀ ਬੋਲੀ ਪਵਿੱਤਰ, ਸੁਹਾਵਣੀ, ਉਤਸ਼ਾਹਜਨਕ, ਦਿਆਲੂ, ਅਤੇ “ਸਲੂਣੀ” ਹੋਣੀ ਚਾਹੀਦੀ ਹੈ। ਇਸ ਨੂੰ ਸਾਨੂੰ ਦੂਜਿਆਂ ਲੋਕਾਂ ਤੋਂ ਭਿੰਨ ਦਰਸਾਉਣਾ ਚਾਹੀਦਾ ਹੈ।—ਕੁਲੁੱਸੀਆਂ 3:8-10; 4:6.
ਪਵਿੱਤਰਤਾ ਅਤੇ ਸਾਡੇ ਪਰਿਵਾਰ ਦੇ ਅਵਿਸ਼ਵਾਸੀ ਸਦੱਸ
11. ਪਵਿੱਤਰ ਹੋਣ ਦਾ ਅਰਥ ਸਵੈ-ਸਤਵਾਦੀ ਹੋਣਾ ਕਿਉਂ ਨਹੀਂ ਹੈ?
11 ਜਦੋਂ ਕਿ ਅਸੀਂ ਨੇਕਨੀਤੀ ਨਾਲ ਪਵਿੱਤਰਤਾ ਦਾ ਅਭਿਆਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਨੂੰ ਘਮੰਡੀ ਅਤੇ ਸਵੈ-ਸਤਵਾਦੀ ਨਹੀਂ ਜਾਪਣਾ ਚਾਹੀਦਾ ਹੈ, ਖ਼ਾਸ ਤੌਰ ਤੇ ਪਰਿਵਾਰ ਦੇ ਅਵਿਸ਼ਵਾਸੀ ਸਦੱਸਾਂ ਦੇ ਨਾਲ ਵਰਤਾਉ ਕਰਦੇ ਸਮੇਂ। ਸਾਡੇ ਦਿਆਲੂ ਮਸੀਹੀ ਆਚਰਣ ਨੂੰ ਘੱਟ ਤੋਂ ਘੱਟ ਉਨ੍ਹਾਂ ਨੂੰ ਇਹ ਦੇਖਣ ਵਿਚ ਮਦਦ ਕਰਨੀ ਚਾਹੀਦੀ ਹੈ ਕਿ ਅਸੀਂ ਇਕ ਸਕਾਰਾਤਮਕ ਤਰੀਕੇ ਵਿਚ ਭਿੰਨ ਹਾਂ, ਕਿ ਅਸੀਂ ਯਿਸੂ ਦੇ ਦ੍ਰਿਸ਼ਟਾਂਤ ਵਿਚ ਨੇਕ ਸਾਮਰੀ ਦੀ ਤਰ੍ਹਾਂ ਪ੍ਰੇਮ ਅਤੇ ਦਇਆ ਦਿਖਾਉਣਾ ਜਾਣਦੇ ਹਾਂ।—ਲੂਕਾ 10:30-37.
12. ਮਸੀਹੀ ਵਿਆਹੁਤਾ ਸਾਥੀ ਆਪਣੇ ਜੀਵਨ ਸਾਥੀ ਦੇ ਲਈ ਸੱਚਾਈ ਨੂੰ ਕਿਵੇਂ ਹੋਰ ਵੀ ਜ਼ਿਆਦਾ ਆਕਰਸ਼ਕ ਬਣਾ ਸਕਦੇ ਹਨ?
12 ਸਾਡੇ ਪਰਿਵਾਰ ਦੇ ਅਵਿਸ਼ਵਾਸੀ ਸਦੱਸਾਂ ਦੇ ਪ੍ਰਤੀ ਇਕ ਉਚਿਤ ਰਵੱਈਏ ਦੀ ਮਹੱਤਤਾ ਉੱਤੇ ਪਤਰਸ ਨੇ ਜ਼ੋਰ ਦਿੱਤਾ ਜਦੋਂ ਉਸ ਨੇ ਮਸੀਹੀ ਪਤਨੀਆਂ ਨੂੰ ਲਿਖਿਆ: “ਇਸੇ ਪਰਕਾਰ ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ, ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।” ਇਕ ਮਸੀਹੀ ਪਤਨੀ (ਜਾਂ ਜਿੱਥੋਂ ਤਕ ਇਸ ਗੱਲ ਦਾ ਸੰਬੰਧ ਹੈ ਇਕ ਪਤੀ) ਇਕ ਅਵਿਸ਼ਵਾਸੀ ਜੀਵਨ ਸਾਥੀ ਦੇ ਲਈ ਸੱਚਾਈ ਨੂੰ ਹੋਰ ਵੀ ਜ਼ਿਆਦਾ ਆਕਰਸ਼ਕ ਬਣਾ ਸਕਦੀ ਹੈ ਜੇਕਰ ਉਸ ਦਾ ਆਚਰਣ ਸ਼ੁੱਧ, ਲਿਹਾਜ਼ਦਾਰ, ਅਤੇ ਸਤਿਕਾਰ ਵਾਲਾ ਹੋਵੇ। ਇਸ ਦਾ ਇਹ ਅਰਥ ਹੈ ਕਿ ਦੈਵ-ਸ਼ਾਸਕੀ ਅਨੁਸੂਚੀ ਵਿਚ ਪਰਿਵਰਤਨਸ਼ੀਲਤਾ ਹੋਣੀ ਚਾਹੀਦੀ ਹੈ ਤਾਂਕਿ ਅਵਿਸ਼ਵਾਸੀ ਵਿਆਹੁਤਾ ਸਾਥੀ ਨੂੰ ਨਜ਼ਰਅੰਦਾਜ਼ ਜਾਂ ਅਣਡਿੱਠ ਨਹੀਂ ਕੀਤਾ ਜਾਂਦਾ ਹੈ।a—1 ਪਤਰਸ 3:1, 2.
13. ਬਜ਼ੁਰਗ ਅਤੇ ਸਹਾਇਕ ਸੇਵਕ ਕਦੇ-ਕਦਾਈਂ ਅਵਿਸ਼ਵਾਸੀ ਪਤੀਆਂ ਨੂੰ ਸੱਚਾਈ ਦੀ ਕਦਰ ਕਰਨ ਲਈ ਕਿਵੇਂ ਮਦਦ ਕਰ ਸਕਦੇ ਹਨ?
13 ਬਜ਼ੁਰਗ ਅਤੇ ਸਹਾਇਕ ਸੇਵਕ ਅਵਿਸ਼ਵਾਸੀ ਪਤੀ ਨੂੰ ਦੋਸਤਾਨਾ ਤਰੀਕੇ ਨਾਲ ਜਾਣਨ ਦੇ ਦੁਆਰਾ ਕਦੇ-ਕਦਾਈਂ ਮਦਦ ਕਰ ਸਕਦੇ ਹਨ। ਇਸ ਤਰੀਕੇ ਤੋਂ ਉਹ ਸ਼ਾਇਦ ਦੇਖ ਸਕੇ ਕਿ ਗਵਾਹ ਸਾਧਾਰਣ, ਸਭਿਅ ਲੋਕ ਹਨ, ਜੋ ਵਿਸਤ੍ਰਿਤ ਪ੍ਰਕਾਰ ਦੀਆਂ ਦਿਲਚਸਪੀਆਂ ਰੱਖਦੇ ਹਨ, ਜਿਨ੍ਹਾਂ ਵਿਚ ਬਾਈਬਲ ਤੋਂ ਇਲਾਵਾ ਦੂਜੇ ਵਿਸ਼ੇ ਵੀ ਸ਼ਾਮਲ ਹਨ। ਇਕ ਮਾਮਲੇ ਵਿਚ, ਇਕ ਬਜ਼ੁਰਗ ਨੇ ਇਕ ਪਤੀ ਦੇ ਮੱਛੀ ਫੜਨ ਦੇ ਸ਼ੌਕ ਵਿਚ ਦਿਲਚਸਪੀ ਲਈ। ਇਹ ਦੋਸਤੀ ਕਰਨ ਲਈ ਕਾਫ਼ੀ ਸੀ। ਉਹ ਪਤੀ ਅੰਤ ਵਿਚ ਇਕ ਬਪਤਿਸਮਾ-ਪ੍ਰਾਪਤ ਭਰਾ ਬਣ ਗਿਆ। ਇਕ ਹੋਰ ਮਾਮਲੇ ਵਿਚ, ਇਕ ਅਵਿਸ਼ਵਾਸੀ ਪਤੀ ਨੂੰ ਕਨੇਰੀ ਚਿੜੀਆਂ ਵਿਚ ਦਿਲਚਸਪੀ ਸੀ। ਬਜ਼ੁਰਗਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਵਿੱਚੋਂ ਇਕ ਨੇ ਇਸ ਵਿਸ਼ੇ ਦਾ ਅਧਿਐਨ ਕੀਤਾ ਤਾਂਕਿ ਅਗਲੀ ਵਾਰੀ ਜਦੋਂ ਉਹ ਉਸ ਵਿਅਕਤੀ ਨੂੰ ਮਿਲੇ, ਤਾਂ ਉਹ ਉਸ ਪਤੀ ਦੇ ਮਨਪਸੰਦ ਵਿਸ਼ੇ ਉੱਤੇ ਗੱਲਬਾਤ ਸ਼ੁਰੂ ਕਰ ਸਕੇ! ਇਸ ਲਈ, ਪਵਿੱਤਰ ਹੋਣ ਦਾ ਅਰਥ ਹਠਧਰਮੀ ਹੋਣਾ ਜਾਂ ਤੰਗ-ਨਜ਼ਰ ਹੋਣਾ ਨਹੀਂ ਹੈ।—1 ਕੁਰਿੰਥੀਆਂ 9:20-23.
ਅਸੀਂ ਕਲੀਸਿਯਾ ਵਿਚ ਕਿਵੇਂ ਪਵਿੱਤਰ ਹੋ ਸਕਦੇ ਹਾਂ?
14. (ੳ) ਕਲੀਸਿਯਾ ਨੂੰ ਕਮਜ਼ੋਰ ਕਰਨ ਦੇ ਲਈ ਸ਼ਤਾਨ ਦਾ ਇਕ ਤਰੀਕਾ ਕੀ ਹੈ? (ਅ) ਅਸੀਂ ਸ਼ਤਾਨ ਦੇ ਫੰਧੇ ਦਾ ਵਿਰੋਧ ਕਿਵੇਂ ਕਰ ਸਕਦੇ ਹਾਂ?
14 ਸ਼ਤਾਨ ਅਰਥਾਤ ਇਬਲੀਸ ਇਕ ਤੁਹਮਤੀ ਹੈ, ਕਿਉਂਕਿ ਇਬਲੀਸ ਦੇ ਲਈ ਯੂਨਾਨੀ ਨਾਂ, ਡਾਏਬੋਲੌਸ, ਦਾ ਅਰਥ ਹੈ “ਦੋਸ਼-ਆਰੋਪਕ” ਜਾਂ “ਤੁਹਮਤੀ।” ਤੁਹਮਤ ਲਗਾਉਣਾ ਉਸ ਦੀ ਇਕ ਵਿਸ਼ੇਸ਼ਤਾ ਹੈ, ਅਤੇ ਉਹ ਇਸ ਨੂੰ ਕਲੀਸਿਯਾ ਵਿਚ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਦਾ ਮਨਪਸੰਦ ਤਰੀਕਾ ਹੈ ਚੁਗ਼ਲੀ। ਕੀ ਅਸੀਂ ਇਸ ਅਪਵਿੱਤਰ ਆਚਰਣ ਵਿਚ ਆਪਣੇ ਆਪ ਨੂੰ ਉਸ ਦੇ ਧੋਖੇ ਦਾ ਸ਼ਿਕਾਰ ਬਣਨ ਦਿੰਦੇ ਹਾਂ? ਇਹ ਕਿਵੇਂ ਹੋ ਸਕਦਾ ਹੈ? ਇਸ ਨੂੰ ਆਰੰਭ ਕਰਨ ਦੇ ਦੁਆਰਾ, ਇਸ ਨੂੰ ਦੁਹਰਾਉਣ ਦੇ ਦੁਆਰਾ, ਜਾਂ ਇਸ ਨੂੰ ਸੁਣਨ ਦੇ ਦੁਆਰਾ। ਬੁੱਧੀਮਾਨ ਕਹਾਵਤ ਕਹਿੰਦੀ ਹੈ: “ਟੇਢਾ ਮਨੁੱਖ ਝਗੜੇ ਚੁੱਕਦਾ ਹੈ, ਅਤੇ ਚੁਗਲੀ ਕਰਨ ਵਾਲਾ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ।” (ਕਹਾਉਤਾਂ 16:28) ਚੁਗ਼ਲੀ ਅਤੇ ਤੁਹਮਤ ਦਾ ਇਲਾਜ ਕੀ ਹੈ? ਸਾਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਾਡੀ ਬੋਲੀ ਹਮੇਸ਼ਾ ਉਤਸ਼ਾਹਜਨਕ ਹੈ ਅਤੇ ਪ੍ਰੇਮ ਉੱਤੇ ਆਧਾਰਿਤ ਹੈ। ਜੇਕਰ ਅਸੀਂ ਆਪਣੇ ਭਰਾਵਾਂ ਦੇ ਕਲਪਿਤ ਔਗੁਣਾਂ ਦੀ ਬਜਾਇ ਸਦਗੁਣਾਂ ਦੀ ਭਾਲ ਕਰੀਏ, ਤਾਂ ਸਾਡੀ ਗੱਲਬਾਤ ਹਮੇਸ਼ਾ ਸੁਹਾਵਣੀ ਅਤੇ ਅਧਿਆਤਮਿਕ ਹੋਵੇਗੀ। ਯਾਦ ਰੱਖੋ ਕਿ ਆਲੋਚਨਾ ਆਸਾਨ ਹੁੰਦੀ ਹੈ। ਅਤੇ ਜਿਹੜਾ ਵਿਅਕਤੀ ਦੂਜਿਆਂ ਦੇ ਬਾਰੇ ਤੁਹਾਡੇ ਨਾਲ ਚੁਗ਼ਲੀ ਕਰਦਾ ਹੈ, ਉਹ ਸ਼ਾਇਦ ਤੁਹਾਡੇ ਬਾਰੇ ਵੀ ਦੂਜਿਆਂ ਦੇ ਨਾਲ ਚੁਗ਼ਲੀ ਕਰੇ!—1 ਤਿਮੋਥਿਉਸ 5:13; ਤੀਤੁਸ 2:3.
15. ਕਲੀਸਿਯਾ ਵਿਚ ਸਾਰਿਆਂ ਨੂੰ ਪਵਿੱਤਰ ਬਣੇ ਰਹਿਣ ਲਈ ਕਿਹੜੇ ਮਸੀਹ-ਸਮਾਨ ਗੁਣ ਮਦਦ ਕਰਨਗੇ?
15 ਕਲੀਸਿਯਾ ਨੂੰ ਪਵਿੱਤਰ ਬਣਾਈ ਰੱਖਣ ਦੇ ਲਈ, ਸਾਨੂੰ ਸਾਰਿਆਂ ਨੂੰ ਮਸੀਹ ਦਾ ਮਨ ਰੱਖਣ ਦੀ ਜ਼ਰੂਰਤ ਹੈ, ਅਤੇ ਅਸੀਂ ਜਾਣਦੇ ਹਾਂ ਕਿ ਉਸ ਦਾ ਪ੍ਰਮੁੱਖ ਗੁਣ ਪ੍ਰੇਮ ਹੈ। ਇਸ ਤਰ੍ਹਾਂ, ਪੌਲੁਸ ਨੇ ਕੁਲੁੱਸੀਆਂ ਨੂੰ ਮਸੀਹ ਦੇ ਸਮਾਨ ਦਇਆਵਾਨ ਹੋਣ ਦੀ ਸਲਾਹ ਦਿੱਤੀ: “ਸੋ ਤੁਸੀਂ ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਵਾਂਙੁ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। . . . , ਇੱਕ ਦੂਏ ਨੂੰ ਮਾਫ਼ [ਕਰੋ]। . . . ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।” ਫਿਰ ਉਸ ਨੇ ਅੱਗੇ ਕਿਹਾ: “ਅਤੇ ਮਸੀਹ ਦੀ ਸ਼ਾਂਤ . . . ਤੁਹਾਡਿਆਂ ਮਨਾਂ ਵਿੱਚ ਰਾਜ ਕਰੇ।” ਨਿਸ਼ਚੇ ਹੀ ਇਸ ਬਖ਼ਸ਼ਣਹਾਰ ਆਤਮਾ ਦੇ ਨਾਲ, ਅਸੀਂ ਕਲੀਸਿਯਾ ਦੀ ਏਕਤਾ ਅਤੇ ਪਵਿੱਤਰਤਾ ਨੂੰ ਕਾਇਮ ਰੱਖ ਸਕਦੇ ਹਾਂ।—ਕੁਲੁੱਸੀਆਂ 3:12-15.
ਕੀ ਸਾਡੀ ਪਵਿੱਤਰਤਾ ਸਾਡੇ ਗੁਆਂਢ ਵਿਚ ਨਜ਼ਰ ਆਉਂਦੀ ਹੈ?
16. ਸਾਡੀ ਪਵਿੱਤਰ ਉਪਾਸਨਾ, ਖ਼ੁਸ਼ ਉਪਾਸਨਾ ਕਿਉਂ ਹੋਣੀ ਚਾਹੀਦੀ ਹੈ?
16 ਸਾਡੇ ਗੁਆਂਢੀਆਂ ਦੇ ਬਾਰੇ ਕੀ? ਉਹ ਸਾਨੂੰ ਕਿਸ ਦ੍ਰਿਸ਼ਟੀਕੋਣ ਤੋਂ ਦੇਖਦੇ ਹਨ? ਕੀ ਅਸੀਂ ਸੱਚਾਈ ਦੇ ਆਨੰਦ ਨੂੰ ਫੈਲਾਉਂਦੇ ਹਾਂ, ਜਾਂ ਕੀ ਅਸੀਂ ਇਸ ਨੂੰ ਇਕ ਬੋਝ ਦੇ ਵਾਂਗ ਦਰਸਾਉਂਦੇ ਹਾਂ? ਜੇਕਰ ਅਸੀਂ ਪਵਿੱਤਰ ਹਾਂ ਜਿਵੇਂ ਯਹੋਵਾਹ ਪਵਿੱਤਰ ਹੈ, ਤਾਂ ਇਹ ਸਾਡੀ ਬੋਲੀ ਅਤੇ ਸਾਡੇ ਆਚਰਣ ਵਿਚ ਜ਼ਾਹਰ ਹੋਣਾ ਚਾਹੀਦਾ ਹੈ। ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਸਾਡੀ ਪਵਿੱਤਰ ਉਪਾਸਨਾ ਖ਼ੁਸ਼ ਉਪਾਸਨਾ ਹੈ। ਅਜਿਹਾ ਕਿਉਂ? ਕਿਉਂਕਿ ਯਹੋਵਾਹ ਸਾਡਾ ਪਰਮੇਸ਼ੁਰ ਇਕ ਖ਼ੁਸ਼ ਪਰਮੇਸ਼ੁਰ ਹੈ, ਜੋ ਚਾਹੁੰਦਾ ਹੈ ਕਿ ਉਸ ਦੇ ਉਪਾਸਕ ਆਨੰਦਮਈ ਹੋਣ। ਇਸ ਤਰ੍ਹਾਂ, ਜ਼ਬੂਰਾਂ ਦਾ ਲਿਖਾਰੀ ਪ੍ਰਾਚੀਨ ਸਮਿਆਂ ਵਿਚ ਯਹੋਵਾਹ ਦੇ ਲੋਕਾਂ ਬਾਰੇ ਕਹਿ ਸਕਿਆ: “ਧੰਨ [“ਖ਼ੁਸ਼,” ਨਿ ਵ] ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!” ਕੀ ਅਸੀਂ ਇਸ ਖ਼ੁਸ਼ੀ ਨੂੰ ਪ੍ਰਤਿਬਿੰਬਤ ਕਰਦੇ ਹਾਂ? ਕੀ ਸਾਡੇ ਬੱਚੇ ਵੀ ਰਾਜ ਗ੍ਰਹਿ ਅਤੇ ਸੰਮੇਲਨਾਂ ਵਿਚ ਯਹੋਵਾਹ ਦੇ ਲੋਕਾਂ ਦੇ ਦਰਮਿਆਨ ਹੋਣ ਵਿਚ ਸੰਤੁਸ਼ਟੀ ਪ੍ਰਗਟ ਕਰਦੇ ਹਨ?—ਜ਼ਬੂਰ 89:15, 16; 144:15ਅ.
17. ਸੰਤੁਲਿਤ ਪਵਿੱਤਰਤਾ ਦਿਖਾਉਣ ਦੇ ਲਈ ਅਸੀਂ ਵਿਵਹਾਰਕ ਤਰੀਕੇ ਤੋਂ ਕੀ ਕਰ ਸਕਦੇ ਹਾਂ?
17 ਅਸੀਂ ਆਪਣੀ ਸਹਿਯੋਗ ਦੀ ਭਾਵਨਾ ਅਤੇ ਗੁਆਂਢੀਆਂ ਵਰਗੀ ਦਿਆਲਗੀ ਦੇ ਦੁਆਰਾ ਵੀ ਆਪਣੀ ਸੰਤੁਲਿਤ ਪਵਿੱਤਰਤਾ ਦਿਖਾ ਸਕਦੇ ਹਾਂ। ਕਦੇ-ਕਦੇ ਗੁਆਂਢੀਆਂ ਦਾ ਮਿਲ-ਜੁਲ ਕੇ ਕੰਮ ਕਰਨਾ ਜ਼ਰੂਰੀ ਹੁੰਦਾ ਹੈ, ਸ਼ਾਇਦ ਗੁਆਂਢ ਨੂੰ ਸਾਫ਼ ਕਰਨ ਲਈ ਜਾਂ, ਜਿਵੇਂ ਕਿ ਕੁਝ ਦੇਸ਼ਾਂ ਵਿਚ, ਸੜਕਾਂ ਅਤੇ ਰਾਜਮਾਰਗਾਂ ਨੂੰ ਸੰਵਾਰਨ ਵਿਚ ਮਦਦ ਕਰਨ ਲਈ। ਇਸ ਦੇ ਸੰਬੰਧ ਵਿਚ, ਸਾਡੀ ਪਵਿੱਤਰਤਾ ਇਸ ਵਿਚ ਪ੍ਰਗਟ ਹੋ ਸਕਦੀ ਹੈ ਕਿ ਅਸੀਂ ਆਪਣੇ ਬਗ਼ੀਚਿਆਂ, ਵਿਹੜਿਆਂ, ਜਾਂ ਦੂਜੀ ਕੋਈ ਸੰਪਤੀ ਦੀ ਕਿਵੇਂ ਦੇਖ-ਭਾਲ ਕਰਦੇ ਹਾਂ। ਜੇਕਰ ਅਸੀਂ ਕੂੜੇ-ਕਰਕਟ ਨੂੰ ਇਧਰ-ਉਧਰ ਪਿਆ ਰਹਿਣ ਦਿੰਦੇ ਹਾਂ ਜਾਂ ਵਿਹੜੇ ਨੂੰ ਗੰਦਾ ਜਾਂ ਬੇਤਰਤੀਬਾ ਰੱਖਦੇ ਹਾਂ, ਸ਼ਾਇਦ ਉੱਥੇ ਸਾਰਿਆਂ ਨੂੰ ਨਜ਼ਰ ਆਉਣ ਵਾਲੀਆਂ ਪੁਰਾਣੀਆਂ ਟੁੱਟੀਆਂ-ਭੱਜੀਆਂ ਗੱਡੀਆਂ ਵੀ ਹਨ, ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਗੁਆਂਢੀਆਂ ਦੇ ਨਾਲ ਆਦਰ ਨਾਲ ਵਰਤਾਉ ਕਰ ਰਹੇ ਹਾਂ?—ਪਰਕਾਸ਼ ਦੀ ਪੋਥੀ 11:18.
ਕਾਰਜ-ਸਥਾਨ ਵਿਚ ਅਤੇ ਸਕੂਲ ਵਿਚ ਪਵਿੱਤਰਤਾ
18. (ੳ) ਅੱਜ ਮਸੀਹੀਆਂ ਦੇ ਲਈ ਇਕ ਔਕੜ ਕੀ ਹੈ? (ਅ) ਅਸੀਂ ਸੰਸਾਰ ਤੋਂ ਭਿੰਨ ਕਿਵੇਂ ਹੋ ਸਕਦੇ ਹਾਂ?
18 ਰਸੂਲ ਪੌਲੁਸ ਨੇ ਕੁਰਿੰਥੁਸ ਦੇ ਅਪਵਿੱਤਰ ਸ਼ਹਿਰ ਵਿਚ ਦੇ ਮਸੀਹੀਆਂ ਨੂੰ ਲਿਖਿਆ: “ਮੈਂ ਆਪਣੀ ਪੱਤ੍ਰੀ ਵਿੱਚ ਤੁਹਾਨੂੰ ਇਹ ਲਿਖਿਆ ਜੋ ਹਰਾਮਕਾਰਾਂ ਦੀ ਸੰਗਤ ਨਾ ਕਰਨੀ। ਇਹ ਨਹੀਂ ਜੋ ਮੂਲੋਂ ਜਗਤ ਦੇ ਹਰਾਮਕਾਰਾਂ ਅਥਵਾ ਲੋਭੀਆਂ ਅਤੇ ਲੁਟੇਰਿਆਂ ਅਥਵਾ ਮੂਰਤੀ ਪੂਜਕਾਂ ਦੀ ਸੰਗਤ ਨਾ ਕਰਨੀ, ਨਹੀਂ ਤਾਂ ਫੇਰ ਤੁਹਾਨੂੰ ਜਗਤ ਵਿੱਚੋਂ ਨਿੱਕਲਣਾ ਹੀ ਪੈਂਦਾ।” (1 ਕੁਰਿੰਥੀਆਂ 5:9, 10) ਇਹ ਮਸੀਹੀਆਂ ਦੇ ਲਈ ਇਕ ਔਕੜ ਹੈ, ਜਿਨ੍ਹਾਂ ਨੂੰ ਅਨੈਤਿਕ ਜਾਂ ਨਿਰਨੈਤਿਕ ਲੋਕਾਂ ਦੇ ਨਾਲ ਰੋਜ਼ਾਨਾ ਮਿਲਣਾ-ਜੁਲਣਾ ਪੈਂਦਾ ਹੈ। ਇਹ ਖਰਿਆਈ ਦੀ ਇਕ ਵੱਡੀ ਅਜ਼ਮਾਇਸ਼ ਹੈ, ਖ਼ਾਸ ਤੌਰ ਤੇ ਅਜਿਹੇ ਸਭਿਆਚਾਰਾਂ ਵਿਚ ਜਿੱਥੇ ਲਿੰਗਕ ਛੇੜਖਾਨੀ, ਭ੍ਰਿਸ਼ਟਾਚਾਰ, ਅਤੇ ਬੇਈਮਾਨੀ ਨੂੰ ਉਤਸ਼ਾਹਿਤ ਜਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸ ਮਾਹੌਲ ਵਿਚ ਅਸੀਂ ਆਪਣੇ ਮਿਆਰਾਂ ਨੂੰ ਨੀਵਾਂ ਨਹੀਂ ਕਰ ਸਕਦੇ ਹਾਂ ਤਾਂਕਿ ਅਸੀਂ ਆਪਣੇ ਇਰਦ-ਗਿਰਦ ਦੇ ਲੋਕਾਂ ਨੂੰ “ਸਾਧਾਰਣ” ਜਾਪੀਏ। ਇਸ ਦੀ ਬਜਾਇ, ਸਾਡੇ ਦਿਆਲੂ ਪਰੰਤੂ ਭਿੰਨ ਮਸੀਹੀ ਆਚਰਣ ਦੇ ਕਾਰਨ ਸਾਨੂੰ ਉਨ੍ਹਾਂ ਸੂਝਵਾਨ ਲੋਕਾਂ ਨੂੰ ਭਿੰਨ ਦਿਖਾਈ ਦੇਣਾ ਚਾਹੀਦਾ ਹੈ, ਉਨ੍ਹਾਂ ਨੂੰ ਜਿਹੜੇ ਆਪਣੀ ਅਧਿਆਤਮਿਕ ਜ਼ਰੂਰਤ ਨੂੰ ਪਛਾਣਦੇ ਹਨ ਅਤੇ ਜਿਹੜੇ ਕੁਝ ਬਿਹਤਰ ਚੀਜ਼ ਦੇ ਲਈ ਭਾਲ ਕਰ ਰਹੇ ਹਨ।—ਮੱਤੀ 5:3; 1 ਪਤਰਸ 3:16, 17.
19. (ੳ) ਤੁਸੀਂ ਬੱਚੇ ਸਕੂਲ ਵਿਚ ਕਿਹੜੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋ? (ਅ) ਮਾਪੇ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਪਵਿੱਤਰ ਆਚਰਣ ਨੂੰ ਸਮਰਥਨ ਦੇਣ ਲਈ ਕੀ ਕਰ ਸਕਦੇ ਹਨ?
19 ਇਸੇ ਤਰ੍ਹਾਂ, ਸਕੂਲ ਵਿਚ ਸਾਡੇ ਬੱਚਿਆਂ ਦੇ ਅੱਗੇ ਅਨੇਕ ਅਜ਼ਮਾਇਸ਼ਾਂ ਹੁੰਦੀਆਂ ਹਨ। ਕੀ ਤੁਸੀਂ ਮਾਂ-ਪਿਉ ਆਪਣੇ ਬੱਚਿਆਂ ਦੇ ਸਕੂਲ ਜਾਂਦੇ ਹੋ? ਕੀ ਤੁਸੀਂ ਜਾਣਦੇ ਹੋ ਕਿ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਪ੍ਰਚਲਿਤ ਹੈ? ਕੀ ਤੁਹਾਡਾ ਅਧਿਆਪਕਾਂ ਦੇ ਨਾਲ ਰਾਬਤਾ ਹੈ? ਇਹ ਸਵਾਲ ਕਿਉਂ ਮਹੱਤਵਪੂਰਣ ਹਨ? ਕਿਉਂਕਿ ਸੰਸਾਰ ਦੇ ਅਨੇਕ ਸ਼ਹਿਰੀ ਖੇਤਰਾਂ ਵਿਚ, ਸਕੂਲ ਹਿੰਸਾ, ਨਸ਼ੀਲੀਆਂ ਦਵਾਈਆਂ, ਅਤੇ ਸੈਕਸ ਦੇ ਜੰਗਲ ਬਣ ਗਏ ਹਨ। ਜੇਕਰ ਤੁਹਾਡੇ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਤੋਂ ਪੂਰਾ ਹਮਦਰਦ ਸਮਰਥਨ ਨਹੀਂ ਮਿਲਦਾ ਹੈ, ਤਾਂ ਉਹ ਆਪਣੀ ਖਰਿਆਈ ਨੂੰ ਬਣਾਈ ਰੱਖਣ ਅਤੇ ਆਪਣੇ ਆਚਰਣ ਨੂੰ ਪਵਿੱਤਰ ਰੱਖਣ ਵਿਚ ਕਿਵੇਂ ਯੋਗ ਹੋ ਸਕਦੇ ਹਨ? ਉਚਿਤ ਤੌਰ ਤੇ ਪੌਲੁਸ ਨੇ ਮਾਤਾ-ਪਿਤਾਵਾਂ ਨੂੰ ਸਲਾਹ ਦਿੱਤੀ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।” (ਕੁਲੁੱਸੀਆਂ 3:21) ਬੱਚਿਆਂ ਨੂੰ ਖਿਝਾਉਣ ਦਾ ਇਕ ਤਰੀਕਾ ਹੈ ਉਨ੍ਹਾਂ ਦੀਆਂ ਦੈਨਿਕ ਸਮੱਸਿਆਵਾਂ ਅਤੇ ਅਜ਼ਮਾਇਸ਼ਾਂ ਨੂੰ ਸਮਝਣ ਵਿਚ ਅਸਫ਼ਲ ਹੋਣਾ। ਸਕੂਲ ਵਿਖੇ ਪਰਤਾਵਿਆਂ ਦੇ ਲਈ ਤਿਆਰੀ ਇਕ ਮਸੀਹੀ ਘਰ ਦੇ ਅਧਿਆਤਮਿਕ ਮਾਹੌਲ ਵਿਚ ਸ਼ੁਰੂ ਹੁੰਦੀ ਹੈ।—ਬਿਵਸਥਾ ਸਾਰ 6:6-9; ਕਹਾਉਤਾਂ 22:6.
20. ਸਾਡੇ ਸਾਰਿਆਂ ਦੇ ਲਈ ਪਵਿੱਤਰਤਾ ਕਿਉਂ ਆਵੱਸ਼ਕ ਹੈ?
20 ਸਮਾਪਤੀ ਵਿਚ, ਸਾਡੇ ਸਾਰਿਆਂ ਦੇ ਲਈ ਪਵਿੱਤਰਤਾ ਆਵੱਸ਼ਕ ਕਿਉਂ ਹੈ? ਕਿਉਂਕਿ ਇਹ ਸ਼ਤਾਨ ਦੇ ਸੰਸਾਰ ਅਤੇ ਸੋਚਣੀ ਦੇ ਹਮਲਿਆਂ ਦੇ ਵਿਰੁੱਧ ਇਕ ਸੁਰੱਖਿਆ ਦਾ ਕੰਮ ਦਿੰਦੀ ਹੈ। ਇਹ ਹੁਣ ਇਕ ਬਰਕਤ ਹੈ ਅਤੇ ਭਵਿੱਖ ਵਿਚ ਵੀ ਹੋਵੇਗੀ। ਇਹ ਸਾਨੂੰ ਉਸ ਜੀਵਨ ਦੀ ਗਾਰੰਟੀ ਦੇਣ ਵਿਚ ਮਦਦ ਕਰਦੀ ਹੈ ਜੋ ਧਾਰਮਿਕਤਾ ਦੇ ਨਵੇਂ ਸੰਸਾਰ ਵਿਚ ਅਸਲੀ ਜੀਵਨ ਹੋਵੇਗਾ। ਇਹ ਸਾਨੂੰ ਸੰਤੁਲਿਤ, ਮਿਲਣਸਾਰ, ਸੰਚਾਰੀ ਮਸੀਹੀ—ਨਾ ਕਿ ਕਠੋਰ ਹਠਧਰਮੀ—ਹੋਣ ਵਿਚ ਮਦਦ ਕਰਦੀ ਹੈ। ਸੰਖੇਪ ਵਿਚ, ਇਹ ਸਾਨੂੰ ਮਸੀਹ-ਸਮਾਨ ਬਣਾਉਂਦੀ ਹੈ।—1 ਤਿਮੋਥਿਉਸ 6:19. (w96 8/1)
[ਫੁਟਨੋਟ]
a ਅਵਿਸ਼ਵਾਸੀ ਜੀਵਨ ਸਾਥੀਆਂ ਦੇ ਨਾਲ ਸੁਚੱਜੇ ਸੰਬੰਧਾਂ ਦੇ ਬਾਰੇ ਹੋਰ ਜਾਣਕਾਰੀ ਦੇ ਲਈ, ਅਗਸਤ 15, 1990, ਦਾ ਪਹਿਰਾਬੁਰਜ (ਅੰਗ੍ਰੇਜ਼ੀ), “ਆਪਣੇ ਜੀਵਨ ਸਾਥੀ ਦੀ ਅਣਗਹਿਲੀ ਨਾ ਕਰੋ!” ਸਫ਼ੇ 20-21, ਅਤੇ ਨਵੰਬਰ 1, 1988, ਦੇ ਸਫ਼ੇ 24-5, ਪੈਰੇ 20-2 ਦੇਖੋ।
ਕੀ ਤੁਹਾਨੂੰ ਯਾਦ ਹੈ?
◻ ਪਤਰਸ ਨੇ ਮਸੀਹੀਆਂ ਨੂੰ ਪਵਿੱਤਰਤਾ ਉੱਤੇ ਸਲਾਹ ਦੇਣ ਦੀ ਜ਼ਰੂਰਤ ਕਿਉਂ ਮਹਿਸੂਸ ਕੀਤੀ?
◻ ਇਕ ਪਵਿੱਤਰ ਜੀਵਨ ਬਤੀਤ ਕਰਨਾ ਆਸਾਨ ਕਿਉਂ ਨਹੀਂ ਹੈ?
◻ ਪਰਿਵਾਰ ਵਿਚ ਪਵਿੱਤਰਤਾ ਨੂੰ ਵਧਾਉਣ ਦੇ ਲਈ ਅਸੀਂ ਸਾਰੇ ਕੀ ਕਰ ਸਕਦੇ ਹਾਂ?
◻ ਕਲੀਸਿਯਾ ਨੂੰ ਪਵਿੱਤਰ ਬਣੀ ਰਹਿਣ ਦੇ ਲਈ, ਸਾਨੂੰ ਕਿਹੜੇ ਅਪਵਿੱਤਰ ਆਚਰਣ ਤੋਂ ਦੂਰ ਰਹਿਣਾ ਚਾਹੀਦਾ ਹੈ?
◻ ਅਸੀਂ ਕਾਰਜ-ਸਥਾਨ ਅਤੇ ਸਕੂਲ ਵਿਚ ਕਿਵੇਂ ਪਵਿੱਤਰ ਬਣੇ ਰਹਿ ਸਕਦੇ ਹਾਂ?
[ਸਫ਼ੇ 16, 17 ਉੱਤੇ ਤਸਵੀਰਾਂ]
ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਦੂਜੀਆਂ ਸਰਗਰਮੀਆਂ ਵਿਚ ਆਨੰਦਮਈ ਹੋਣਾ ਚਾਹੀਦਾ ਹੈ