ਕੁਰਿੰਥੀਆਂ ਨੂੰ ਪਹਿਲੀ ਚਿੱਠੀ
9 ਕੀ ਮੈਨੂੰ ਆਪਣੀ ਮਰਜ਼ੀ ਮੁਤਾਬਕ ਚੱਲਣ ਦੀ ਆਜ਼ਾਦੀ ਨਹੀਂ ਹੈ? ਕੀ ਮੈਂ ਰਸੂਲ ਨਹੀਂ ਹਾਂ? ਕੀ ਮੈਂ ਸਾਡੇ ਪ੍ਰਭੂ ਯਿਸੂ ਨੂੰ ਨਹੀਂ ਦੇਖਿਆ ਹੈ?+ ਕੀ ਤੁਸੀਂ ਪ੍ਰਭੂ ਲਈ ਕੀਤੀ ਮੇਰੀ ਸੇਵਾ ਦਾ ਫਲ ਨਹੀਂ ਹੋ? 2 ਭਾਵੇਂ ਮੈਂ ਦੂਸਰਿਆਂ ਲਈ ਰਸੂਲ ਨਹੀਂ ਹਾਂ, ਪਰ ਮੈਂ ਜ਼ਰੂਰ ਤੁਹਾਡੇ ਲਈ ਰਸੂਲ ਹਾਂ ਕਿਉਂਕਿ ਤੁਸੀਂ ਹੀ ਇਸ ਗੱਲ ਦੀ ਮੁਹਰ ਹੋ ਕਿ ਮੈਂ ਪ੍ਰਭੂ ਦਾ ਰਸੂਲ ਹਾਂ।
3 ਜਿਹੜੇ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਉਨ੍ਹਾਂ ਨੂੰ ਮੈਂ ਆਪਣੀ ਸਫ਼ਾਈ ਵਿਚ ਇਹ ਕਹਿੰਦਾ ਹਾਂ: 4 ਕੀ ਸਾਨੂੰ ਖਾਣ-ਪੀਣ ਦਾ ਹੱਕ* ਨਹੀਂ ਹੈ? 5 ਕੀ ਸਾਨੂੰ ਆਪਣੀ ਮਸੀਹੀ ਪਤਨੀ ਨੂੰ ਆਪਣੇ ਨਾਲ ਲਿਜਾਣ ਦਾ ਹੱਕ ਨਹੀਂ ਹੈ,+ ਠੀਕ ਜਿਵੇਂ ਬਾਕੀ ਰਸੂਲਾਂ ਅਤੇ ਪ੍ਰਭੂ ਦੇ ਭਰਾਵਾਂ+ ਅਤੇ ਕੇਫ਼ਾਸ*+ ਕੋਲ ਹੈ? 6 ਜਾਂ ਕੀ ਸਿਰਫ਼ ਮੈਨੂੰ ਤੇ ਬਰਨਾਬਾਸ+ ਨੂੰ ਹੀ ਆਪਣੇ ਗੁਜ਼ਾਰੇ ਵਾਸਤੇ ਕੰਮ-ਧੰਦਾ ਕਰਨ ਦੀ ਲੋੜ ਹੈ? 7 ਕਿਹੜਾ ਫ਼ੌਜੀ ਹੈ ਜਿਹੜਾ ਆਪਣੇ ਖ਼ਰਚੇ ʼਤੇ ਫ਼ੌਜ ਵਿਚ ਸੇਵਾ ਕਰਦਾ ਹੈ? ਕਿਹੜਾ ਇਨਸਾਨ ਹੈ ਜਿਹੜਾ ਅੰਗੂਰਾਂ ਦਾ ਬਾਗ਼ ਲਾਉਂਦਾ ਹੈ ਅਤੇ ਇਸ ਦਾ ਫਲ ਨਹੀਂ ਖਾਂਦਾ?+ ਜਾਂ ਕਿਹੜਾ ਚਰਵਾਹਾ ਹੈ ਜਿਹੜਾ ਭੇਡਾਂ-ਬੱਕਰੀਆਂ ਦੀ ਦੇਖ-ਭਾਲ ਕਰਦਾ ਹੈ, ਪਰ ਉਨ੍ਹਾਂ ਦਾ ਦੁੱਧ ਨਹੀਂ ਪੀਂਦਾ?
8 ਕੀ ਮੈਂ ਇਹ ਗੱਲਾਂ ਇਨਸਾਨੀ ਨਜ਼ਰੀਏ ਤੋਂ ਕਹਿ ਰਿਹਾ ਹਾਂ? ਕੀ ਇਹ ਗੱਲਾਂ ਮੂਸਾ ਦੇ ਕਾਨੂੰਨ ਵਿਚ ਵੀ ਨਹੀਂ ਲਿਖੀਆਂ ਹੋਈਆਂ? 9 ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ: “ਤੂੰ ਗਹਾਈ ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ।”+ ਕੀ ਇੱਥੇ ਸਿਰਫ਼ ਇਹੀ ਗੱਲ ਕੀਤੀ ਗਈ ਹੈ ਕਿ ਪਰਮੇਸ਼ੁਰ ਨੂੰ ਬਲਦਾਂ ਦਾ ਫ਼ਿਕਰ ਹੈ? 10 ਜਾਂ ਕੀ ਉਸ ਨੇ ਇਹ ਗੱਲ ਅਸਲ ਵਿਚ ਸਾਡੇ ਵਾਸਤੇ ਕਹੀ ਹੈ? ਇਹ ਵਾਕਈ ਸਾਡੇ ਵਾਸਤੇ ਲਿਖੀ ਗਈ ਹੈ ਕਿਉਂਕਿ ਜਿਹੜਾ ਇਨਸਾਨ ਹਲ਼ ਵਾਹੁੰਦਾ ਹੈ ਅਤੇ ਜਿਹੜਾ ਇਨਸਾਨ ਗਹਾਈ ਕਰਦਾ ਹੈ, ਉਹ ਇਸ ਆਸ ਨਾਲ ਹੀ ਕਰਦਾ ਹੈ ਕਿ ਉਸ ਨੂੰ ਦਾਣੇ ਮਿਲਣਗੇ।
11 ਜੇ ਅਸੀਂ ਤੁਹਾਡੇ ਵਿਚ ਪਰਮੇਸ਼ੁਰੀ ਚੀਜ਼ਾਂ ਦੇ ਬੀ ਬੀਜੇ ਹਨ, ਤਾਂ ਕੀ ਇਸ ਗੱਲ ਦੀ ਆਸ ਰੱਖਣੀ ਗ਼ਲਤ ਹੈ ਕਿ ਤੁਸੀਂ ਸਾਡੀਆਂ ਭੌਤਿਕ ਲੋੜਾਂ ਪੂਰੀਆਂ ਕਰੋ?+ 12 ਜੇ ਦੂਸਰੇ ਲੋਕਾਂ ਨੂੰ ਤੁਹਾਡੇ ਤੋਂ ਮਦਦ ਮੰਗਣ ਦਾ ਹੱਕ* ਹੈ, ਤਾਂ ਕੀ ਸਾਡਾ ਜ਼ਿਆਦਾ ਹੱਕ ਨਹੀਂ ਬਣਦਾ? ਪਰ ਅਸੀਂ ਕਦੀ ਆਪਣੇ ਇਸ ਹੱਕ ਨੂੰ ਇਸਤੇਮਾਲ ਨਹੀਂ ਕੀਤਾ,+ ਸਗੋਂ ਅਸੀਂ ਸਭ ਕੁਝ ਸਹਿ ਲੈਂਦੇ ਹਾਂ ਤਾਂਕਿ ਅਸੀਂ ਮਸੀਹ ਬਾਰੇ ਖ਼ੁਸ਼ ਖ਼ਬਰੀ ਦੇ ਰਾਹ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਖੜ੍ਹੀ ਕਰੀਏ।+ 13 ਕੀ ਤੁਸੀਂ ਨਹੀਂ ਜਾਣਦੇ ਕਿ ਮੰਦਰ ਵਿਚ ਪਵਿੱਤਰ ਸੇਵਾ ਦੇ ਕੰਮ ਕਰਨ ਵਾਲਿਆਂ ਨੂੰ ਮੰਦਰ ਵਿੱਚੋਂ ਭੋਜਨ ਮਿਲਦਾ ਹੈ ਅਤੇ ਵੇਦੀ ਉੱਤੇ ਸੇਵਾ ਕਰਨ ਵਾਲਿਆਂ ਨੂੰ ਵੇਦੀ ਤੋਂ ਬਲ਼ੀ ਦਾ ਹਿੱਸਾ ਮਿਲਦਾ ਹੈ?+ 14 ਇਸ ਤਰ੍ਹਾਂ, ਪ੍ਰਭੂ ਨੇ ਹੁਕਮ ਦਿੱਤਾ ਸੀ ਕਿ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਵਾਲੇ ਖ਼ੁਸ਼ ਖ਼ਬਰੀ ਦੇ ਆਸਰੇ ਹੀ ਆਪਣਾ ਗੁਜ਼ਾਰਾ ਕਰਨ।+
15 ਪਰ ਮੈਂ ਇਨ੍ਹਾਂ ਵਿੱਚੋਂ ਕਿਸੇ ਵੀ ਪ੍ਰਬੰਧ ਨੂੰ ਨਹੀਂ ਵਰਤਿਆ।+ ਮੈਂ ਇਹ ਗੱਲਾਂ ਇਸ ਲਈ ਨਹੀਂ ਲਿਖ ਰਿਹਾ ਕਿ ਮੇਰੇ ਲਈ ਅਜਿਹੇ ਪ੍ਰਬੰਧ ਕੀਤੇ ਜਾਣ। ਇਸ ਨਾਲੋਂ ਤਾਂ ਮੇਰਾ ਮਰ ਜਾਣਾ ਹੀ ਚੰਗਾ ਹੈ! ਮੈਂ ਇਹ ਨਹੀਂ ਚਾਹੁੰਦਾ ਕਿ ਕੋਈ ਮੇਰੇ ਤੋਂ ਮੇਰਾ ਸ਼ੇਖ਼ੀ ਮਾਰਨ ਦਾ ਕਾਰਨ ਖੋਹ ਲਵੇ।+ 16 ਜੇ ਮੈਂ ਖ਼ੁਸ਼ ਖ਼ਬਰੀ ਸੁਣਾਉਂਦਾ ਹਾਂ, ਤਾਂ ਮੇਰੇ ਕੋਲ ਸ਼ੇਖ਼ੀ ਮਾਰਨ ਦਾ ਕੋਈ ਕਾਰਨ ਨਹੀਂ ਕਿਉਂਕਿ ਖ਼ੁਸ਼ ਖ਼ਬਰੀ ਸੁਣਾਉਣੀ ਤਾਂ ਮੇਰੇ ਲਈ ਜ਼ਰੂਰੀ ਹੈ। ਲਾਹਨਤ ਹੈ ਮੇਰੇ ʼਤੇ ਜੇ ਮੈਂ ਖ਼ੁਸ਼ ਖ਼ਬਰੀ ਨਾ ਸੁਣਾਵਾਂ!+ 17 ਜੇ ਮੈਂ ਖ਼ੁਸ਼ੀ-ਖ਼ੁਸ਼ੀ ਇਹ ਕੰਮ ਕਰਦਾ ਹਾਂ, ਤਾਂ ਮੈਨੂੰ ਇਨਾਮ ਮਿਲਦਾ ਹੈ। ਪਰ ਜੇ ਮੈਂ ਆਪਣੀ ਇੱਛਾ ਤੋਂ ਉਲਟ ਇਹ ਕੰਮ ਕਰਦਾ ਹਾਂ, ਤਾਂ ਵੀ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।+ 18 ਤਾਂ ਫਿਰ, ਮੇਰਾ ਇਨਾਮ ਕੀ ਹੈ? ਇਹੀ ਕਿ ਮੈਂ ਖ਼ੁਸ਼ ਖ਼ਬਰੀ ਮੁਫ਼ਤ ਵਿਚ ਸੁਣਾਵਾਂ ਤਾਂਕਿ ਮੈਂ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਦੇ ਤੌਰ ਤੇ ਆਪਣੇ ਅਧਿਕਾਰ* ਦਾ ਗ਼ਲਤ ਇਸਤੇਮਾਲ ਨਾ ਕਰਾਂ।
19 ਭਾਵੇਂ ਮੈਂ ਸਾਰੇ ਲੋਕਾਂ ਤੋਂ ਆਜ਼ਾਦ ਹਾਂ, ਫਿਰ ਵੀ ਮੈਂ ਆਪਣੇ ਆਪ ਨੂੰ ਸਾਰਿਆਂ ਦਾ ਗ਼ੁਲਾਮ ਬਣਾਇਆ ਹੈ ਤਾਂਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਸੀਹ ਦੇ ਰਾਹ ਉੱਤੇ ਲੈ ਆਵਾਂ। 20 ਮੈਂ ਯਹੂਦੀਆਂ ਲਈ ਯਹੂਦੀ ਬਣਿਆ ਤਾਂਕਿ ਮੈਂ ਯਹੂਦੀਆਂ ਨੂੰ ਲੈ ਆਵਾਂ;+ ਜਿਹੜੇ ਮੂਸਾ ਦੇ ਕਾਨੂੰਨ ਅਧੀਨ ਹਨ, ਮੈਂ ਉਨ੍ਹਾਂ ਲਈ ਇਸ ਕਾਨੂੰਨ ਉੱਤੇ ਚੱਲਣ ਵਾਲਾ ਬਣਿਆ ਤਾਂਕਿ ਮੈਂ ਉਨ੍ਹਾਂ ਨੂੰ ਲੈ ਆਵਾਂ ਜਿਹੜੇ ਇਸ ਕਾਨੂੰਨ ਅਧੀਨ ਹਨ, ਭਾਵੇਂ ਮੈਂ ਆਪ ਇਸ ਕਾਨੂੰਨ ਅਧੀਨ ਨਹੀਂ ਹਾਂ।+ 21 ਮੈਂ ਉਨ੍ਹਾਂ ਵਰਗਾ ਬਣਿਆ ਜਿਨ੍ਹਾਂ ਕੋਲ ਮੂਸਾ ਦਾ ਕਾਨੂੰਨ ਨਹੀਂ ਹੈ ਤਾਂਕਿ ਮੈਂ ਉਨ੍ਹਾਂ ਨੂੰ ਲੈ ਆਵਾਂ ਜਿਨ੍ਹਾਂ ਕੋਲ ਇਹ ਕਾਨੂੰਨ ਨਹੀਂ ਹੈ, ਭਾਵੇਂ ਕਿ ਮੈਂ ਖ਼ੁਦ ਪਰਮੇਸ਼ੁਰ ਦੇ ਕਾਨੂੰਨ ਉੱਤੇ ਚੱਲਦਾ ਹਾਂ ਅਤੇ ਮਸੀਹ ਦੇ ਕਾਨੂੰਨ ਦੇ ਅਧੀਨ ਹਾਂ।+ 22 ਮੈਂ ਕਮਜ਼ੋਰ ਲੋਕਾਂ ਲਈ ਕਮਜ਼ੋਰ ਬਣਿਆ ਤਾਂਕਿ ਮੈਂ ਕਮਜ਼ੋਰ ਲੋਕਾਂ ਨੂੰ ਲੈ ਆਵਾਂ।+ ਮੈਂ ਹਰ ਤਰ੍ਹਾਂ ਦੇ ਲੋਕਾਂ ਲਈ ਸਾਰਾ ਕੁਝ ਬਣਿਆ ਤਾਂਕਿ ਮੈਂ ਹਰ ਸੰਭਵ ਤਰੀਕੇ ਨਾਲ ਕੁਝ ਲੋਕਾਂ ਨੂੰ ਬਚਾ ਸਕਾਂ। 23 ਮੈਂ ਸਭ ਕੁਝ ਖ਼ੁਸ਼ ਖ਼ਬਰੀ ਦੀ ਖ਼ਾਤਰ ਕਰਦਾ ਹਾਂ ਤਾਂਕਿ ਮੈਂ ਦੂਸਰਿਆਂ ਨੂੰ ਇਹ ਖ਼ੁਸ਼ ਖ਼ਬਰੀ ਸੁਣਾ ਸਕਾਂ।+
24 ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਵਿਚ ਸਾਰੇ ਦੌੜਦੇ ਹਨ, ਪਰ ਇਨਾਮ ਇੱਕੋ ਨੂੰ ਮਿਲਦਾ ਹੈ? ਇਸ ਤਰ੍ਹਾਂ ਦੌੜੋ ਕਿ ਤੁਸੀਂ ਇਨਾਮ ਜਿੱਤ ਸਕੋ।+ 25 ਇਸ ਤੋਂ ਇਲਾਵਾ, ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀ ਹਰ ਗੱਲ ਵਿਚ ਸੰਜਮ ਰੱਖਦੇ ਹਨ। ਉਹ ਤਾਂ ਨਾਸ਼ ਹੋ ਜਾਣ ਵਾਲਾ ਮੁਕਟ ਜਿੱਤਣ ਲਈ ਇਹ ਸਭ ਕੁਝ ਕਰਦੇ ਹਨ,+ ਪਰ ਅਸੀਂ ਕਦੀ ਨਾਸ਼ ਨਾ ਹੋਣ ਵਾਲਾ ਮੁਕਟ ਜਿੱਤਣ ਲਈ ਸਭ ਕੁਝ ਕਰਦੇ ਹਾਂ।+ 26 ਇਸ ਲਈ ਮੈਂ ਇਸ ਤਰ੍ਹਾਂ ਨਹੀਂ ਦੌੜਦਾ ਕਿ ਮੈਨੂੰ ਪਤਾ ਹੀ ਨਹੀਂ ਕਿ ਮੈਂ ਕਿੱਧਰ ਨੂੰ ਜਾ ਰਿਹਾ ਹਾਂ।+ ਮੈਂ ਅਜਿਹਾ ਮੁੱਕੇਬਾਜ਼ ਨਹੀਂ ਹਾਂ ਜਿਹੜਾ ਹਵਾ ਵਿਚ ਮੁੱਕੇ ਮਾਰਦਾ ਹੈ; 27 ਪਰ ਮੈਂ ਆਪਣੇ ਸਰੀਰ ਨੂੰ ਮਾਰ-ਕੁੱਟ ਕੇ*+ ਇਸ ਨੂੰ ਆਪਣਾ ਗ਼ੁਲਾਮ ਬਣਾਉਂਦਾ ਹਾਂ ਤਾਂਕਿ ਇੱਦਾਂ ਨਾ ਹੋਵੇ ਕਿ ਦੂਸਰਿਆਂ ਨੂੰ ਪ੍ਰਚਾਰ ਕਰਨ ਤੋਂ ਬਾਅਦ ਮੈਂ ਆਪ ਕਿਸੇ ਕਾਰਨ ਨਾਮਨਜ਼ੂਰ* ਹੋ ਜਾਵਾਂ।