ਖ਼ੁਸ਼ ਹਨ ਉਹ ਜੋ ਜਾਗਦੇ ਰਹਿੰਦੇ ਹਨ!
“ਵੇਖੋ, ਮੈਂ ਚੋਰ ਵਾਂਙੁ ਆਉਂਦਾ ਹਾਂ। ਧੰਨ ਓਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ।”—ਪਰਕਾਸ਼ ਦੀ ਪੋਥੀ 16:15.
1. ਕਿਉਂ ਜੋ ਯਹੋਵਾਹ ਦਾ ਦਿਨ ਨੇੜੇ ਹੈ, ਅਸੀਂ ਕਿਸ ਚੀਜ਼ ਦੀ ਆਸ ਰੱਖ ਸਕਦੇ ਹਾਂ?
ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਅਤੇ ਇਸ ਦਾ ਮਤਲਬ ਹੈ ਯੁੱਧ! ਦਰਸ਼ਣ ਵਿਚ, ਰਸੂਲ ਯੂਹੰਨਾ ਨੇ “ਪਿਸ਼ਾਚਾਂ ਦੁਆਰਾ ਪ੍ਰੇਰਿਤ” (ਨਿ ਵ) ਡੱਡੂ-ਸਮਾਨ “ਪ੍ਰਗਟਾਉ” (ਨਿ ਵ) ਨੂੰ ਧਰਤੀ ਦੇ ਸਾਰੇ “ਰਾਜਿਆਂ,” ਜਾਂ ਸ਼ਾਸਕਾਂ ਕੋਲ ਜਾਂਦੇ ਹੋਏ ਦੇਖਿਆ। ਕੀ ਕਰਨ ਲਈ? ਕਿਉਂ, “ਓਹਨਾਂ ਨੂੰ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ ਲਈ ਇਕੱਠਿਆਂ ਕਰਨ” ਲਈ! ਯੂਹੰਨਾ ਨੇ ਅੱਗੇ ਕਿਹਾ: “ਉਨ੍ਹਾਂ ਨੇ ਉਸ ਥਾਂ ਓਹਨਾਂ ਨੂੰ ਇਕੱਠਿਆਂ ਕੀਤਾ ਜਿਹੜਾ ਇਬਰਾਨੀ ਭਾਖਿਆ ਵਿੱਚ ਹਰਮਗਿੱਦੋਨ ਕਰਕੇ ਸਦਾਉਂਦਾ ਹੈ।”—ਪਰਕਾਸ਼ ਦੀ ਪੋਥੀ 16:13-16.
2. ਮਾਗੋਗ ਦਾ ਗੋਗ ਕੌਣ ਹੈ, ਅਤੇ ਕੀ ਹੋਵੇਗਾ ਜਦੋਂ ਉਹ ਯਹੋਵਾਹ ਦੇ ਲੋਕਾਂ ਉੱਤੇ ਹਮਲਾ ਕਰੇਗਾ?
2 ਛੇਤੀ ਹੀ, ਯਹੋਵਾਹ ਇਸ ਵਿਵਸਥਾ ਦੇ ਰਾਜਨੀਤਿਕ ਭਾਗ ਨੂੰ ਵੱਡੀ ਬਾਬੁਲ, ਅਰਥਾਤ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਨੂੰ ਨਾਸ਼ ਕਰਨ ਲਈ ਪ੍ਰੇਰਿਤ ਕਰੇਗਾ। (ਪਰਕਾਸ਼ ਦੀ ਪੋਥੀ 17:1-5, 15-17) ਫਿਰ ਮਾਗੋਗ ਦਾ ਗੋਗ, ਜੋ ਧਰਤੀ ਉੱਤੇ ਸੁੱਟਿਆ ਗਿਆ ਸ਼ਤਾਨ ਅਰਥਾਤ ਇਬਲੀਸ ਹੈ, ਆਪਣੇ ਲਸ਼ਕਰਾਂ ਦੀ ਸਫਬੰਦੀ ਕਰ ਕੇ ਯਹੋਵਾਹ ਦੇ ਸ਼ਾਂਤਮਈ ਲੋਕਾਂ ਉੱਤੇ ਸਿਰਤੋੜ ਹਮਲਾ ਕਰੇਗਾ, ਜੋ ਅਸੁਰੱਖਿਅਤ ਜਾਪਦੇ ਹਨ। (ਹਿਜ਼ਕੀਏਲ 38:1-12) ਪਰੰਤੂ ਪਰਮੇਸ਼ੁਰ ਆਪਣੇ ਲੋਕਾਂ ਨੂੰ ਬਚਾਉਣ ਲਈ ਕਾਰਵਾਈ ਕਰੇਗਾ। ਇਸ ਦੇ ਨਾਲ ਹੀ ‘ਯਹੋਵਾਹ ਦਾ ਵੱਡਾ ਤੇ ਹੌਲਨਾਕ ਦਿਨ’ ਸ਼ੁਰੂ ਹੋ ਜਾਵੇਗਾ।—ਯੋਏਲ 2:31; ਹਿਜ਼ਕੀਏਲ 38:18-20.
3. ਹਿਜ਼ਕੀਏਲ 38:21-23 ਵਿਚ ਭਵਿੱਖਬਾਣੀ ਕੀਤੀਆਂ ਗਈਆਂ ਘਟਨਾਵਾਂ ਦਾ ਤੁਸੀਂ ਕਿਵੇਂ ਵਰਣਨ ਕਰੋਗੇ?
3 ਜੀ ਹਾਂ, ਜਦੋਂ ਅਸੀਂ ਹਰਮਗਿੱਦੋਨ, ਜਾਂ ਆਰਮਾਗੇਡਨ ਕਹਿਲਾਉਣ ਵਾਲੀ ਵਿਸ਼ਵ ਸਥਿਤੀ ਤੇ ਪਹੁੰਚਾਂਗੇ, ਉਦੋਂ ਯਹੋਵਾਹ ਆਪਣੇ ਲੋਕਾਂ ਨੂੰ ਬਚਾਵੇਗਾ ਅਤੇ ਸ਼ਤਾਨ ਦੀ ਵਿਵਸਥਾ ਦਾ ਨਾਂ-ਨਿਸ਼ਾਨ ਮਿਟਾ ਦੇਵੇਗਾ। ਹਿਜ਼ਕੀਏਲ 38:21-23 ਦੇ ਭਵਿੱਖ-ਸੂਚਕ ਸ਼ਬਦਾਂ ਨੂੰ ਪੜ੍ਹੋ, ਅਤੇ ਦ੍ਰਿਸ਼ ਦੀ ਕਲਪਨਾ ਕਰੋ। ਯਹੋਵਾਹ ਮੂਸਲਾਧਾਰ ਵਰਖਾ, ਤਬਾਹਕੁੰਨ ਗੜੇ, ਅੱਗ, ਘਾਤਕ ਮਰੀ ਲਿਆਉਣ ਲਈ ਆਪਣੀ ਤਾਕਤ ਦੀ ਵਰਤੋਂ ਕਰਦਾ ਹੈ। ਸਾਰੀ ਜਗ੍ਹਾ ਦਹਿਸ਼ਤ ਮੱਚ ਜਾਂਦੀ ਹੈ ਜਦੋਂ ਗੋਗ ਦੇ ਲਸ਼ਕਰਾਂ ਨੂੰ ਭੰਬਲਭੂਸੇ ਵਿਚ ਪਾਇਆ ਜਾਂਦਾ ਹੈ, ਅਤੇ ਉਹ ਇਕ ਦੂਜੇ ਦੇ ਵਿਰੁੱਧ ਲੜਨ ਲੱਗਦੇ ਹਨ। ਸਰਬਸ਼ਕਤੀਮਾਨ ਪਰਮੇਸ਼ੁਰ ਦੇ ਬਾਕੀ ਸਭ ਵੈਰੀ ਵੀ ਨਾਸ਼ ਕੀਤੇ ਜਾਂਦੇ ਹਨ ਜਦੋਂ ਯਹੋਵਾਹ ਆਪਣੇ ਸੇਵਕਾਂ ਨੂੰ ਬਚਾਉਣ ਲਈ ਕਰਾਮਾਤੀ ਤਾਕਤਾਂ ਦੀ ਵਰਤੋਂ ਕਰਦਾ ਹੈ। ਜਦੋਂ ਪੂਰਵ-ਸੂਚਿਤ “ਵੱਡਾ ਕਸ਼ਟ” ਪੂਰਾ ਹੋਵੇਗਾ, ਉਦੋਂ ਸ਼ਤਾਨ ਦੀ ਕੁਧਰਮੀ ਵਿਵਸਥਾ ਦਾ ਕੋਈ ਨਾਂ-ਨਿਸ਼ਾਨ ਨਹੀਂ ਰਹੇਗਾ। (ਮੱਤੀ 24:21) ਪਰੰਤੂ, ਆਪਣੀ ਮੌਤ ਦੀ ਕਸ਼ਮਕਸ਼ ਵਿਚ ਵੀ, ਦੁਸ਼ਟ ਜਾਣ ਜਾਣਗੇ ਕਿ ਉਨ੍ਹਾਂ ਦੀ ਬਿਪਤਾ ਲਈ ਕੌਣ ਜ਼ਿੰਮੇਵਾਰ ਹੈ। ਸਾਡਾ ਜੇਤੂ ਪਰਮੇਸ਼ੁਰ ਖ਼ੁਦ ਕਹਿੰਦਾ ਹੈ: “ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ।” ਇਹ ਅਨੋਖੀਆਂ ਘਟਨਾਵਾਂ ਸਾਡੇ ਦਿਨਾਂ ਵਿਚ, ਯਿਸੂ ਦੀ ਮੌਜੂਦਗੀ ਦੌਰਾਨ ਵਾਪਰਨਗੀਆਂ।
ਚੋਰ ਵਾਂਙੁ ਆਉਣਾ
4. ਯਿਸੂ ਇਸ ਦੁਸ਼ਟ ਰੀਤੀ-ਵਿਵਸਥਾ ਨੂੰ ਨਸ਼ਟ ਕਰਨ ਲਈ ਕਿਸ ਤਰੀਕੇ ਨਾਲ ਆਵੇਗਾ?
4 ਮਹਿਮਾਯੁਕਤ ਪ੍ਰਭੂ ਯਿਸੂ ਮਸੀਹ ਨੇ ਕਿਹਾ: “ਵੇਖੋ, ਮੈਂ ਚੋਰ ਵਾਂਙੁ ਆਉਂਦਾ ਹਾਂ।” ਚੋਰ-ਸਮਾਨ ਆਉਣਾ ਅਚਾਨਕ ਹੋਵੇਗਾ, ਅਜਿਹੇ ਸਮੇਂ ਤੇ ਜਦੋਂ ਉਸ ਦੀ ਆਸ ਨਹੀਂ ਹੁੰਦੀ ਹੈ, ਜਦੋਂ ਜ਼ਿਆਦਾਤਰ ਲੋਕ ਸੁੱਤੇ ਪਏ ਹੁੰਦੇ ਹਨ। ਜਦੋਂ ਯਿਸੂ ਇਸ ਦੁਸ਼ਟ ਵਿਵਸਥਾ ਦਾ ਨਾਸ਼ ਕਰਨ ਲਈ ਚੋਰ ਵਾਂਙੁ ਆਵੇਗਾ, ਉਦੋਂ ਉਹ ਉਨ੍ਹਾਂ ਲੋਕਾਂ ਨੂੰ ਬਚਾਵੇਗਾ ਜੋ ਸੱਚ-ਮੁੱਚ ਜਾਗ ਰਹੇ ਹਨ। ਉਸ ਨੇ ਯੂਹੰਨਾ ਨੂੰ ਕਿਹਾ: “ਧੰਨ ਓਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ ਭਈ ਉਹ ਨੰਗਾ ਨਾ ਫਿਰੇ ਅਤੇ ਲੋਕ ਉਹ ਦੀ ਸ਼ਰਮ ਨਾ ਵੇਖਣ।” (ਪਰਕਾਸ਼ ਦੀ ਪੋਥੀ 16:15) ਇਨ੍ਹਾਂ ਸ਼ਬਦਾਂ ਦਾ ਅਰਥ ਕੀ ਹੈ? ਅਤੇ ਅਸੀਂ ਅਧਿਆਤਮਿਕ ਤੌਰ ਤੇ ਕਿਵੇਂ ਜਾਗਦੇ ਰਹਿ ਸਕਦੇ ਹਾਂ?
5. ਜਦੋਂ ਯਿਸੂ ਧਰਤੀ ਉੱਤੇ ਸੀ, ਉਦੋਂ ਹੈਕਲ ਵਿਚ ਸੇਵਾ ਦਾ ਕੀ ਪ੍ਰਬੰਧ ਸੀ?
5 ਆਮ ਤੌਰ ਤੇ, ਜਦੋਂ ਇਕ ਪਹਿਰੇਦਾਰ ਪਹਿਰਾ ਦਿੰਦੇ ਸਮੇਂ ਸੌਂ ਜਾਂਦਾ ਹੈ, ਉਸ ਨੂੰ ਨੰਗਾ ਨਹੀਂ ਕੀਤਾ ਜਾਂਦਾ ਹੈ। ਪਰੰਤੂ ਜਦੋਂ ਯਿਸੂ ਧਰਤੀ ਉੱਤੇ ਸੀ ਅਤੇ ਯਰੂਸ਼ਲਮ ਦੀ ਹੈਕਲ ਵਿਖੇ ਜਾਜਕਾਂ ਅਤੇ ਲੇਵੀਆਂ ਦੀਆਂ ਵੰਡਾਂ ਸੇਵਾ ਕਰਦੀਆਂ ਸਨ, ਉਦੋਂ ਯਰੂਸ਼ਲਮ ਦੀ ਹੈਕਲ ਵਿਖੇ ਇੰਜ ਹੀ ਹੁੰਦਾ ਸੀ। ਰਾਜਾ ਦਾਊਦ ਨੇ 11ਵੀਂ ਸਦੀ ਸਾ.ਯੁ.ਪੂ. ਵਿਚ ਇਸਰਾਏਲ ਦੇ ਸੈਂਕੜੇ ਜਾਜਕਾਂ ਅਤੇ ਉਨ੍ਹਾਂ ਦੇ ਹਜ਼ਾਰਾਂ ਲੇਵੀ ਸਹਾਇਕਾਂ ਨੂੰ 24 ਵੰਡਾਂ ਵਿਚ ਸੰਗਠਿਤ ਕੀਤਾ। (1 ਇਤਹਾਸ 24:1-18) ਇਕ ਹਜ਼ਾਰ ਤੋਂ ਵੱਧ ਸਿੱਖਿਅਤ ਸੇਵਕਾਂ ਦੀ ਹਰੇਕ ਵੰਡ, ਵਾਰੀ ਸਿਰ ਸਾਲ ਵਿਚ ਘੱਟੋ-ਘੱਟ ਦੋ ਵਾਰੀ ਪੂਰੇ ਹਫ਼ਤੇ ਲਈ ਹੈਕਲ ਵਿਚ ਸੇਵਾ ਕਰਦੀ ਸੀ। ਪਰੰਤੂ ਡੇਰਿਆਂ ਦੇ ਪਰਬ ਸਮੇਂ ਸਾਰੀਆਂ 24 ਵੰਡਾਂ ਸੇਵਾ ਲਈ ਹਾਜ਼ਰ ਹੁੰਦੀਆਂ ਸਨ। ਪਸਾਹ ਦੇ ਤਿਉਹਾਰ ਤੇ ਵੀ ਜ਼ਿਆਦਾ ਮਦਦ ਦੀ ਲੋੜ ਪੈਂਦੀ ਸੀ।
6. ਜਦੋਂ ਯਿਸੂ ਨੇ ਕਿਹਾ, “ਧੰਨ ਓਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ,” ਤਾਂ ਉਹ ਸ਼ਾਇਦ ਕਿਸ ਚੀਜ਼ ਵੱਲ ਸੰਕੇਤ ਕਰ ਰਿਹਾ ਸੀ?
6 ਜਦੋਂ ਯਿਸੂ ਨੇ ਕਿਹਾ, “ਧੰਨ ਓਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ,” ਉਹ ਸ਼ਾਇਦ ਉਸ ਸਮੇਂ ਤੇ ਹੈਕਲ ਵਿਖੇ ਪਹਿਰੇਦਾਰੀ ਦੇ ਸੰਬੰਧ ਵਿਚ ਕੀਤੀ ਜਾਣ ਵਾਲੀ ਕਾਰਵਾਈ ਵੱਲ ਸੰਕੇਤ ਕਰ ਰਿਹਾ ਸੀ। ਯਹੂਦੀ ਮਿਸ਼ਨਾ ਕਹਿੰਦੀ ਹੈ: “ਜਾਜਕ ਹੈਕਲ ਵਿਖੇ ਤਿੰਨ ਥਾਵਾਂ ਤੇ ਪਹਿਰਾ ਦਿੰਦੇ ਸਨ: ਅਬਤੀਨਾਸ ਦੇ ਕਮਰੇ ਵਿਖੇ, ਜੋਤ ਦੇ ਕਮਰੇ ਵਿਖੇ, ਅਤੇ ਚੁੱਲ੍ਹੇ ਦੇ ਕਮਰੇ ਵਿਖੇ; ਅਤੇ ਲੇਵੀ ਇੱਕੀ ਥਾਵਾਂ ਤੇ ਪਹਿਰਾ ਦਿੰਦੇ ਸਨ: ਹੈਕਲ ਪਹਾੜੀ ਦੇ ਪੰਜ ਫਾਟਕਾਂ ਤੇ ਪੰਜ, ਇਸ ਦੇ ਅੰਦਰ ਚਾਰ ਕੋਣਿਆਂ ਤੇ ਚਾਰ, ਹੈਕਲ ਵਿਹੜੇ ਦੇ ਪੰਜ ਫਾਟਕਾਂ ਤੇ ਪੰਜ, ਇਸ ਦੇ ਬਾਹਰ ਚਾਰ ਕੋਣਿਆਂ ਤੇ ਚਾਰ, ਅਤੇ ਭੇਟਾਂ ਦੇ ਕਮਰੇ ਵਿਖੇ ਇਕ, ਅਤੇ ਪਰਦੇ ਦੇ ਕਮਰੇ ਵਿਖੇ ਇਕ, ਅਤੇ ਦਇਆ ਦੀ ਗੱਦੀ ਦੀ ਥਾਂ ਦੇ ਪਿੱਛੇ [ਅੱਤ ਪਵਿੱਤਰ ਸਥਾਨ ਦੀ ਪਿਛਲੀ ਦੀਵਾਰ ਦੇ ਬਾਹਰ] ਇਕ। ਹੈਕਲ ਪਹਾੜੀ ਦਾ ਅਫ਼ਸਰ ਹਰੇਕ ਪਹਿਰੇਦਾਰ ਕੋਲ ਜਾਂਦਾ ਸੀ ਅਤੇ ਉਸ ਦੇ ਅੱਗੇ ਬਲਦੀਆਂ ਮਸ਼ਾਲਾਂ ਹੁੰਦੀਆਂ ਸਨ, ਅਤੇ ਜੇਕਰ ਕੋਈ ਪਹਿਰੇਦਾਰ ਉੱਠ ਕੇ ਉਸ ਨੂੰ ਨਾ ਕਹੇ, ‘ਹੇ ਹੈਕਲ ਪਹਾੜੀ ਦੇ ਅਫ਼ਸਰ, ਤੁਹਾਡੇ ਉੱਤੇ ਸ਼ਾਂਤੀ ਹੋਵੇ!’ ਅਤੇ ਇਹ ਸਪੱਸ਼ਟ ਹੁੰਦਾ ਸੀ ਕਿ ਉਹ ਸੁੱਤਾ ਪਿਆ ਸੀ, ਤਾਂ ਉਹ ਉਸ ਨੂੰ ਆਪਣੇ ਡੰਡੇ ਨਾਲ ਮਾਰਦਾ, ਅਤੇ ਉਸ ਦੇ ਕੋਲ ਹੱਕ ਸੀ ਕਿ ਉਹ ਉਸ ਦੇ ਕਪੜਿਆਂ ਨੂੰ ਸਾੜ ਦੇਵੇ।”—ਮਿਸ਼ਨਾ, ਮਿਡੋਤ (“ਨਾਪ”), 1, ਪੈਰਾ 1-2, ਹਰਬਰਟ ਡੈਨਬੀ ਦੁਆਰਾ ਅਨੁਵਾਦਿਤ।
7. ਹੈਕਲ ਵਿਖੇ ਪਹਿਰਾ ਦੇਣ ਵਾਲੇ ਜਾਜਕਾਂ ਅਤੇ ਲੇਵੀਆਂ ਨੂੰ ਕਿਉਂ ਜਾਗਦੇ ਰਹਿਣ ਦੀ ਜ਼ਰੂਰਤ ਸੀ?
7 ਸੇਵਾ ਕਰ ਰਹੀ ਵੰਡ ਦੇ ਅਨੇਕ ਲੇਵੀ ਅਤੇ ਜਾਜਕ ਪਹਿਰਾ ਦੇਣ ਲਈ ਅਤੇ ਕਿਸੇ ਅਸ਼ੁੱਧ ਵਿਅਕਤੀ ਨੂੰ ਹੈਕਲ ਦੇ ਵਿਹੜਿਆਂ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਪੂਰੀ ਰਾਤ ਜਾਗਦੇ ਰਹਿੰਦੇ ਸਨ। ਕਿਉਂ ਜੋ “ਹੈਕਲ ਪਹਾੜੀ ਦਾ ਅਫ਼ਸਰ,” ਜਾਂ “ਹੈਕਲ ਦਾ ਸਰਦਾਰ” ਰਾਤ ਦੇ ਪਹਿਰੇ ਦੌਰਾਨ ਸਾਰੀਆਂ 24 ਚੌਕੀਆਂ ਦਾ ਦੌਰਾ ਕਰਦਾ ਸੀ, ਹਰੇਕ ਪਹਿਰੇਦਾਰ ਨੂੰ ਆਪਣੀ ਚੌਕੀ ਤੇ ਜਾਗਦੇ ਰਹਿਣਾ ਸੀ, ਜੇਕਰ ਉਹ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਆਪਣੀ ਕਾਰਜ-ਨਿਯੁਕਤੀ ਦੀ ਅਣਗਹਿਲੀ ਕਰਦੇ ਹੋਏ ਫੜਿਆ ਜਾਵੇ।—ਰਸੂਲਾਂ ਦੇ ਕਰਤੱਬ 4:1.
8. ਮਸੀਹੀਆਂ ਦਾ ਲਾਖਣਿਕ ਬਸਤਰ ਕੀ ਹੈ?
8 ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸੰਗੀ ਸੇਵਕਾਂ ਨੂੰ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਅਤੇ ਆਪਣੇ ਲਾਖਣਿਕ ਬਸਤਰ ਦੀ ਚੌਕਸੀ ਕਰਨ ਦੀ ਜ਼ਰੂਰਤ ਹੈ। ਇਹ ਯਹੋਵਾਹ ਦੀ ਅਧਿਆਤਮਿਕ ਹੈਕਲ ਵਿਖੇ ਸੇਵਕਾਈ ਲਈ ਸਾਡੀ ਨਿਯੁਕਤੀ ਦੇ ਬਾਹਰਲੇ ਸਬੂਤ ਹਨ। ਇਸ ਦੀ ਸਵੀਕ੍ਰਿਤੀ ਵਿਚ, ਸਾਨੂੰ ਰਾਜ ਘੋਸ਼ਕਾਂ ਵਜੋਂ ਆਪਣੇ ਫ਼ਰਜ਼ਾਂ ਅਤੇ ਆਪਣੇ ਵਿਸ਼ੇਸ਼-ਸਨਮਾਨ ਨੂੰ ਪੂਰਾ ਕਰਨ ਲਈ ਪਰਮੇਸ਼ੁਰ ਦੀ ਪਵਿੱਤਰ ਆਤਮਾ, ਜਾਂ ਕ੍ਰਿਆਸ਼ੀਲ ਸ਼ਕਤੀ ਦੀ ਮਦਦ ਹਾਸਲ ਹੈ। ਪਰਮੇਸ਼ੁਰ ਦੇ ਸੇਵਕ ਵਜੋਂ ਆਪਣੀ ਕਾਰਜ-ਨਿਯੁਕਤੀ ਤੇ ਸੌਂ ਜਾਣਾ, ਸਾਨੂੰ ਯਿਸੂ ਮਸੀਹ, ਅਰਥਾਤ ਵੱਡੀ ਅਧਿਆਤਮਿਕ ਹੈਕਲ ਦੇ ਸਰਦਾਰ, ਵੱਲੋਂ ਫੜੇ ਜਾਣ ਦੇ ਖ਼ਤਰੇ ਵਿਚ ਪਾਏਗਾ। ਜੇਕਰ ਅਸੀਂ ਅਧਿਆਤਮਿਕ ਤੌਰ ਤੇ ਉਸ ਸਮੇਂ ਸੁੱਤੇ ਹੋਵਾਂਗੇ, ਤਾਂ ਅਸੀਂ ਲਾਖਣਿਕ ਤੌਰ ਤੇ ਨੰਗੇ ਕੀਤੇ ਜਾਵਾਂਗੇ ਅਤੇ ਸਾਡਾ ਪ੍ਰਤੀਕਾਤਮਕ ਬਸਤਰ ਜਲਾ ਦਿੱਤਾ ਜਾਵੇਗਾ। ਤਾਂ ਫਿਰ, ਅਸੀਂ ਅਧਿਆਤਮਿਕ ਤੌਰ ਤੇ ਕਿਵੇਂ ਜਾਗਦੇ ਰਹਿ ਸਕਦੇ ਹਾਂ?
ਅਸੀਂ ਕਿਵੇਂ ਜਾਗਦੇ ਰਹਿ ਸਕਦੇ ਹਾਂ
9. ਮਸੀਹੀ ਪ੍ਰਕਾਸ਼ਨਾਂ ਦੀ ਮਦਦ ਨਾਲ ਬਾਈਬਲ ਦਾ ਅਧਿਐਨ ਕਰਨਾ ਕਿਉਂ ਇੰਨਾ ਮਹੱਤਵਪੂਰਣ ਹੈ?
9 ਮਸੀਹੀ ਪ੍ਰਕਾਸ਼ਨਾਂ ਦੀ ਮਦਦ ਨਾਲ ਸ਼ਾਸਤਰ ਦਾ ਉੱਦਮੀ ਢੰਗ ਨਾਲ ਅਧਿਐਨ ਕਰਨਾ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਲਈ ਸਹਾਇਤਾ ਕਰਦਾ ਹੈ। ਇਸ ਤਰ੍ਹਾਂ ਦਾ ਅਧਿਐਨ ਸਾਨੂੰ ਸੇਵਕਾਈ ਲਈ ਲੈਸ ਕਰੇਗਾ, ਸੰਕਟਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰੇਗਾ, ਅਤੇ ਸਾਨੂੰ ਸਦੀਪਕ ਖ਼ੁਸ਼ੀ ਦਾ ਰਾਹ ਦਿਖਾਵੇਗਾ। (ਕਹਾਉਤਾਂ 8:34, 35; ਯਾਕੂਬ 1:5-8) ਸਾਡਾ ਅਧਿਐਨ ਮੁਕੰਮਲ ਅਤੇ ਪ੍ਰਗਤੀਸ਼ੀਲ ਹੋਣਾ ਚਾਹੀਦਾ ਹੈ। (ਇਬਰਾਨੀਆਂ 5:14–6:3) ਨਿਯਮਿਤ ਤੌਰ ਤੇ ਖਾਧਾ ਗਿਆ ਚੰਗਾ ਭੋਜਨ ਜਾਗਦੇ ਰਹਿਣ ਅਤੇ ਚੌਕਸ ਰਹਿਣ ਵਿਚ ਸਾਡੀ ਮਦਦ ਕਰ ਸਕਦਾ ਹੈ। ਇਹ ਸੁਸਤੀ ਨੂੰ ਰੋਕ ਸਕਦਾ ਹੈ ਜੋ ਸ਼ਾਇਦ ਕੁਪੋਸ਼ਣ ਦੀ ਨਿਸ਼ਾਨੀ ਹੋਵੇ। ਸਾਡੇ ਕੋਲ ਅਧਿਆਤਮਿਕ ਤੌਰ ਤੇ ਕੁਪੋਸ਼ਿਤ ਹੋਣ ਅਤੇ ਸੁਸਤ ਹੋਣ ਦਾ ਕੋਈ ਕਾਰਨ ਨਹੀਂ ਹੈ, ਕਿਉਂਕਿ ਪਰਮੇਸ਼ੁਰ ਮਸਹ ਕੀਤੇ ਹੋਏ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਜ਼ਰੀਏ ਬਹੁਤਾਤ ਵਿਚ ਅਧਿਆਤਮਿਕ ਭੋਜਨ ਦਾ ਪ੍ਰਬੰਧ ਕਰ ਰਿਹਾ ਹੈ। (ਮੱਤੀ 24:45-47) ਵਿਅਕਤੀਗਤ ਅਤੇ ਪਰਿਵਾਰਕ ਅਧਿਐਨ ਦੇ ਦੁਆਰਾ ਨਿਯਮਿਤ ਤੌਰ ਤੇ ਅਧਿਆਤਮਿਕ ਭੋਜਨ ਲੈਣਾ, ਜਾਗਦੇ ਰਹਿਣ ਅਤੇ “ਨਿਹਚਾ ਵਿੱਚ ਪੱਕੇ ਹੋਣ” ਦਾ ਇਕ ਤਰੀਕਾ ਹੈ।—ਤੀਤੁਸ 1:13.
10. ਮਸੀਹੀ ਸਭਾਵਾਂ, ਸੰਮੇਲਨ, ਅਤੇ ਮਹਾਂ-ਸੰਮੇਲਨ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਵਿਚ ਸਾਡੀ ਕਿਵੇਂ ਮਦਦ ਕਰਦੇ ਹਨ?
10 ਮਸੀਹੀ ਸਭਾਵਾਂ, ਸੰਮੇਲਨ, ਅਤੇ ਮਹਾਂ-ਸੰਮੇਲਨ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਵਿਚ ਸਾਡੀ ਮਦਦ ਕਰਦੇ ਹਨ। ਇਹ ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਇੱਕ ਦੂਏ ਨੂੰ ਉਭਾਰਨ’ ਲਈ ਉਤਸ਼ਾਹ ਅਤੇ ਮੌਕੇ ਦਿੰਦੇ ਹਨ। ਖ਼ਾਸ ਕਰਕੇ ਸਾਨੂੰ ਨਿਯਮਿਤ ਤੌਰ ਤੇ ਇਕੱਠੇ ਹੋਣਾ ਚਾਹੀਦਾ ਹੈ ਜਿਉਂ-ਜਿਉਂ ਅਸੀਂ ‘ਵੇਖਦੇ ਹੈ ਭਈ ਉਹ ਦਿਨ ਨੇੜੇ ਆਉਂਦਾ ਹੈ।’ ਉਹ ਦਿਨ ਹੁਣ ਸੱਚ-ਮੁੱਚ ਹੀ ਨੇੜੇ ਹੈ। ਇਹ “ਯਹੋਵਾਹ ਦਾ ਦਿਨ” ਹੈ, ਜਦੋਂ ਉਹ ਆਪਣੀ ਸਰਬਸੱਤਾ ਦਾ ਦੋਸ਼-ਨਿਵਾਰਣ ਕਰੇਗਾ। ਜੇਕਰ ਉਹ ਦਿਨ ਸਾਡੇ ਲਈ ਸੱਚ-ਮੁੱਚ ਹੀ ਮਹੱਤਵਪੂਰਣ ਹੈ—ਅਤੇ ਹੋਣਾ ਵੀ ਚਾਹੀਦਾ ਹੈ—ਤਾਂ ਅਸੀਂ ‘ਆਪਸ ਵਿੱਚੀਂ ਇਕੱਠੇ ਹੋਣ ਨੂੰ ਨਹੀਂ ਛੱਡਾਂਗੇ।’—ਇਬਰਾਨੀਆਂ 10:24, 25; 2 ਪਤਰਸ 3:10, ਨਿ ਵ.
11. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਲਈ ਮਸੀਹੀ ਸੇਵਕਾਈ ਜ਼ਰੂਰੀ ਹੈ?
11 ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਲਈ ਪੂਰੇ ਦਿਲ ਨਾਲ ਮਸੀਹੀ ਸੇਵਕਾਈ ਵਿਚ ਹਿੱਸਾ ਲੈਣਾ ਜ਼ਰੂਰੀ ਹੈ। ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਨਿਯਮਿਤ ਅਤੇ ਜੋਸ਼ੀਲਾ ਭਾਗ ਲੈਣਾ ਸਾਨੂੰ ਚੌਕਸ ਰੱਖਦਾ ਹੈ। ਸਾਡੀ ਸੇਵਕਾਈ ਸਾਨੂੰ ਪਰਮੇਸ਼ੁਰ ਦੇ ਬਚਨ, ਉਸ ਦੇ ਰਾਜ, ਅਤੇ ਉਸ ਦੇ ਮਕਸਦਾਂ ਬਾਰੇ ਲੋਕਾਂ ਨਾਲ ਗੱਲਾਂ ਕਰਨ ਦੇ ਅਨੇਕ ਮੌਕੇ ਦਿੰਦੀ ਹੈ। ਘਰ-ਘਰ ਗਵਾਹੀ ਦੇਣੀ, ਪੁਨਰ-ਮੁਲਾਕਾਤ ਕਰਨੀ, ਅਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਵਰਗੇ ਪ੍ਰਕਾਸ਼ਨਾਂ ਵਿੱਚੋਂ ਗ੍ਰਹਿ ਬਾਈਬਲ ਅਧਿਐਨ ਕਰਾਉਣਾ ਸੰਤੋਖਜਨਕ ਹੈ। ਪ੍ਰਾਚੀਨ ਅਫ਼ਸੁਸ ਦੇ ਬਜ਼ੁਰਗ ਗਵਾਹੀ ਦੇ ਸਕਦੇ ਸਨ ਕਿ ਪੌਲੁਸ ਨੇ ਉਨ੍ਹਾਂ ਨੂੰ “ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ।” (ਰਸੂਲਾਂ ਦੇ ਕਰਤੱਬ 20:20, 21) ਨਿਰਸੰਦੇਹ, ਯਹੋਵਾਹ ਦੇ ਕੁਝ ਵਫ਼ਾਦਾਰ ਗਵਾਹਾਂ ਦੀਆਂ ਗੰਭੀਰ ਸਿਹਤ ਸਮੱਸਿਆਵਾਂ ਹਨ ਜੋ ਉਨ੍ਹਾਂ ਦੀ ਸੇਵਕਾਈ ਵਿਚ ਕੁਝ ਹੱਦ ਤਕ ਰੁਕਾਵਟ ਪਾਉਂਦੀਆਂ ਹਨ, ਪਰੰਤੂ ਉਹ ਦੂਜਿਆਂ ਨੂੰ ਯਹੋਵਾਹ ਅਤੇ ਉਸ ਦੀ ਬਾਦਸ਼ਾਹੀ ਬਾਰੇ ਦੱਸਣ ਦਾ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਹਨ ਅਤੇ ਇੰਜ ਕਰਨ ਦੁਆਰਾ ਉਹ ਵੱਡਾ ਆਨੰਦ ਪਾਉਂਦੇ ਹਨ।—ਜ਼ਬੂਰ 145:10-14.
12, 13. ਕਿਹੜੇ ਕਾਰਨਾਂ ਲਈ ਸਾਨੂੰ ਹੱਦੋਂ ਵੱਧ ਖਾਣ ਅਤੇ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?
12 ਅਤਿਸੇਵਨ ਤੋਂ ਪਰਹੇਜ਼ ਕਰਨਾ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਵਿਚ ਸਾਡੀ ਮਦਦ ਕਰੇਗਾ। ਆਪਣੀ ਮੌਜੂਦਗੀ ਬਾਰੇ ਗੱਲ ਕਰਦੇ ਸਮੇਂ, ਯਿਸੂ ਨੇ ਆਪਣੇ ਰਸੂਲਾਂ ਨੂੰ ਤਾਕੀਦ ਕੀਤੀ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਨਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ।” (ਲੂਕਾ 21:7, 34, 35) ਪੇਟੂਪੁਣਾ ਅਤੇ ਨਸ਼ਾ ਬਾਈਬਲ ਦੇ ਸਿਧਾਂਤ ਦੇ ਵਿਰੁੱਧ ਹਨ। (ਬਿਵਸਥਾ ਸਾਰ 21:18-21) ਕਹਾਉਤਾਂ 23:20, 21 ਕਹਿੰਦਾ ਹੈ: “ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ, ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦਰ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।”—ਕਹਾਉਤਾਂ 28:7.
13 ਹਾਲਾਂਕਿ ਹੱਦੋਂ ਵੱਧ ਖਾਣਾ ਅਤੇ ਪੀਣਾ ਇਸ ਹੱਦ ਤਕ ਨਹੀਂ ਪਹੁੰਚਿਆ, ਫਿਰ ਵੀ, ਇਹ ਇਕ ਵਿਅਕਤੀ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਸੁਸਤ, ਇੱਥੋਂ ਤਕ ਕਿ ਆਲਸੀ ਅਤੇ ਲਾਪਰਵਾਹ ਬਣਾ ਸਕਦਾ ਹੈ। ਨਿਰਸੰਦੇਹ, ਪਰਿਵਾਰਕ ਜੀਵਨ, ਸਿਹਤ, ਇਤਿਆਦਿ ਨਾਲ ਸੰਬੰਧਿਤ ਚਿੰਤਾਵਾਂ ਹੋਣਗੀਆਂ। ਫਿਰ ਵੀ, ਅਸੀਂ ਖ਼ੁਸ਼ ਰਹਾਂਗੇ ਜੇਕਰ ਅਸੀਂ ਰਾਜ ਹਿਤਾਂ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦੇਈਏ ਅਤੇ ਭਰੋਸਾ ਰੱਖੀਏ ਕਿ ਸਾਡਾ ਸਵਰਗੀ ਪਿਤਾ ਸਾਡੇ ਲਈ ਪ੍ਰਬੰਧ ਕਰੇਗਾ। (ਮੱਤੀ 6:25-34) ਨਹੀਂ ਤਾਂ, “ਉਹ ਦਿਨ” ਸਾਡੇ ਉੱਤੇ “ਫਾਹੀ” ਵਾਂਙੁ ਆ ਪਵੇਗਾ, ਸ਼ਾਇਦ ਇਕ ਗੁਪਤ ਫੰਦੇ ਵਾਂਙੁ ਜੋ ਸਾਨੂੰ ਅਚਾਨਕ ਫੜ ਲਵੇਗਾ ਜਾਂ ਇਕ ਚੋਗ਼ੇ ਵਾਲੇ ਫੰਦੇ ਵਾਂਙੁ, ਜੋ ਬੇਖ਼ਬਰ ਜਾਨਵਰਾਂ ਨੂੰ ਆਕਰਸ਼ਿਤ ਕਰਦੇ ਅਤੇ ਫਿਰ ਉਨ੍ਹਾਂ ਨੂੰ ਫੜ ਲੈਂਦੇ ਹਨ। ਇੰਜ ਨਹੀਂ ਹੋਵੇਗਾ ਜੇਕਰ ਅਸੀਂ ਜਾਗਦੇ ਰਹੀਏ, ਅਤੇ ਪੂਰੀ ਤਰ੍ਹਾਂ ਨਾਲ ਸਚੇਤ ਰਹੀਏ ਕਿ ਅਸੀਂ “ਓੜਕ ਦੇ ਸਮੇਂ” ਵਿਚ ਰਹਿ ਰਹੇ ਹਾਂ।—ਦਾਨੀਏਲ 12:4.
14. ਸਾਨੂੰ ਕਿਉਂ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ?
14 ਦਿਲੋਂ ਪ੍ਰਾਰਥਨਾ ਕਰਨੀ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਲਈ ਇਕ ਹੋਰ ਸਹਾਇਤਾ ਹੈ। ਆਪਣੀ ਮਹਾਨ ਭਵਿੱਖਬਾਣੀ ਵਿਚ, ਯਿਸੂ ਨੇ ਅੱਗੇ ਤਾਕੀਦ ਕੀਤੀ: “ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।” (ਲੂਕਾ 21:36) ਜੀ ਹਾਂ, ਆਓ ਅਸੀਂ ਪ੍ਰਾਰਥਨਾ ਕਰੀਏ ਕਿ ਅਸੀਂ ਹਮੇਸ਼ਾ ਯਹੋਵਾਹ ਦੇ ਪੱਖ ਵਿਚ ਰਹੀਏ ਅਤੇ ਇਕ ਪ੍ਰਵਾਨਿਤ ਸਥਿਤੀ ਵਿਚ ਹੋਈਏ, ਜਦੋਂ ਯਿਸੂ, ਅਰਥਾਤ ਮਨੁੱਖ ਦਾ ਪੁੱਤਰ, ਇਸ ਦੁਸ਼ਟ ਰੀਤੀ-ਵਿਵਸਥਾ ਨੂੰ ਨਾਸ਼ ਕਰਨ ਲਈ ਆਉਂਦਾ ਹੈ। ਆਪਣੀ ਭਲਾਈ ਲਈ ਅਤੇ ਉਨ੍ਹਾਂ ਸੰਗੀ ਵਿਸ਼ਵਾਸੀਆਂ ਦੀ ਭਲਾਈ ਲਈ ਜਿਨ੍ਹਾਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ, ਸਾਨੂੰ ‘ਪ੍ਰਾਰਥਨਾ ਵਿੱਚ ਸੁਚੇਤ ਰਹਿਣ’ ਦੀ ਜ਼ਰੂਰਤ ਹੈ।—ਕੁਲੁੱਸੀਆਂ 4:2; ਅਫ਼ਸੀਆਂ 6:18-20.
ਸਮਾਂ ਮੁੱਕਦਾ ਜਾ ਰਿਹਾ ਹੈ
15. ਧਾਰਮਿਕਤਾ ਦੇ ਪ੍ਰਚਾਰਕਾਂ ਵਜੋਂ ਸਾਡੀ ਸੇਵਾ ਦੁਆਰਾ ਕੀ ਨੇਪਰੇ ਚਾੜ੍ਹਿਆ ਜਾਂਦਾ ਹੈ?
15 ਜਿਉਂ-ਜਿਉਂ ਅਸੀਂ ਯਹੋਵਾਹ ਦੇ ਮਹਾਨ ਦਿਨ ਦੀ ਉਡੀਕ ਕਰਦੇ ਹਾਂ, ਨਿਰਸੰਦੇਹ ਅਸੀਂ ਉਸ ਦੀ ਸੇਵਾ ਵੱਧ ਤੋਂ ਵੱਧ ਕਰਨੀ ਚਾਹੁੰਦੇ ਹਾਂ। ਜੇਕਰ ਇਸ ਲਈ ਅਸੀਂ ਉਸ ਨੂੰ ਦਿਲੋਂ ਪ੍ਰਾਰਥਨਾ ਕਰੀਏ, ਤਾਂ ਸਾਡੇ ਲਈ “ਇਕ ਵੱਡਾ ਦੁਆਰ ਜੋ ਕ੍ਰਿਆਸ਼ੀਲਤਾ ਵੱਲ ਲੈ ਜਾਂਦਾ ਹੈ” ਖੁੱਲ੍ਹ ਸਕਦਾ ਹੈ। (1 ਕੁਰਿੰਥੀਆਂ 16:8, 9, ਨਿ ਵ) ਪਰਮੇਸ਼ੁਰ ਦੇ ਨਿਯਤ ਸਮੇਂ ਤੇ, ਯਿਸੂ ਨਿਆਉਂ ਕਰੇਗਾ ਅਤੇ ਸਦੀਪਕ ਜੀਵਨ ਦੇ ਯੋਗ ਧਰਮੀ “ਭੇਡਾਂ” ਨੂੰ ਉਨ੍ਹਾਂ ਕੁਧਰਮੀ “ਬੱਕਰੀਆਂ” ਤੋਂ ਵੱਖਰਾ ਕਰੇਗਾ ਜੋ ਸਦੀਪਕ ਵਿਨਾਸ਼ ਦੇ ਯੋਗ ਹਨ। (ਯੂਹੰਨਾ 5:22) ਸਾਨੂੰ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਾ ਕਰਨ ਦਾ ਕੰਮ ਨਹੀਂ ਦਿੱਤਾ ਗਿਆ ਹੈ। ਪਰੰਤੂ ਧਾਰਮਿਕਤਾ ਦੇ ਪ੍ਰਚਾਰਕਾਂ ਵਜੋਂ ਸਾਡੀ ਸੇਵਾ ਹੁਣ ਲੋਕਾਂ ਨੂੰ ਮੌਕਾ ਦੇ ਰਹੀ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨ ਵਾਲਾ ਜੀਵਨ ਚੁਣਨ ਤਾਂ ਜੋ ਉਨ੍ਹਾਂ ਕੋਲ ਜੀਵਨ ਲਈ ਵੱਖਰੇ ਕੀਤੇ ਜਾਣ ਦੀ ਉਮੀਦ ਹੋਵੇਗੀ, ਜਦੋਂ ਯਿਸੂ ‘ਆਪਣੇ ਤੇਜ ਨਾਲ ਆਵੇਗਾ।’ ਇਸ ਰੀਤੀ-ਵਿਵਸਥਾ ਲਈ ਬਚੇ ਥੋੜ੍ਹੇ ਸਮੇਂ ਦੇ ਕਾਰਨ ਪੂਰੇ ਦਿਲ ਨਾਲ ਕੰਮ ਕਰਨ ਦੀ ਜ਼ਰੂਰਤ ਵੱਧ ਜਾਂਦੀ ਹੈ, ਜਿਉਂ-ਜਿਉਂ ਅਸੀਂ “ਸਦੀਪਕ ਜੀਉਣ ਲਈ ਸਹੀ ਮਨੋਬਿਰਤੀ” ਰੱਖਣ ਵਾਲੇ ਵਿਅਕਤੀਆਂ ਦੀ ਭਾਲ ਕਰਦੇ ਹਾਂ।—ਮੱਤੀ 25:31-46; ਰਸੂਲਾਂ ਦੇ ਕਰਤੱਬ 13:48, ਨਿ ਵ.
16. ਸਾਨੂੰ ਸਰਗਰਮ ਰਾਜ ਘੋਸ਼ਕ ਕਿਉਂ ਬਣਨਾ ਚਾਹੀਦਾ ਹੈ?
16 ਨੂਹ ਦੇ ਦਿਨਾਂ ਦੇ ਸੰਸਾਰ ਲਈ ਸਮਾਂ ਮੁੱਕ ਗਿਆ ਸੀ, ਅਤੇ ਇਸ ਰੀਤੀ-ਵਿਵਸਥਾ ਲਈ ਵੀ ਇਹ ਛੇਤੀ ਹੀ ਮੁੱਕ ਜਾਵੇਗਾ। ਇਸ ਲਈ ਆਓ ਅਸੀਂ ਸਰਗਰਮ ਰਾਜ ਘੋਸ਼ਕ ਬਣੀਏ। ਸਾਡਾ ਪ੍ਰਚਾਰ ਕਾਰਜ ਤਰੱਕੀ ਕਰ ਰਿਹਾ ਹੈ, ਕਿਉਂਕਿ ਹਰ ਸਾਲ ਲੱਖਾਂ ਲੋਕ ਪਰਮੇਸ਼ੁਰ ਨੂੰ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲੈ ਰਹੇ ਹਨ। ਉਹ ਯਹੋਵਾਹ ਦੇ ਪਵਿੱਤਰ ਸੰਗਠਨ ਦਾ ਭਾਗ ਬਣ ਰਹੇ ਹਨ—“ਉਹ ਦੀ ਪਰਜਾ ਅਤੇ ਉਹ ਦੀ ਜੂਹ ਦੀਆਂ ਭੇਡਾਂ।” (ਜ਼ਬੂਰ 100:3) ਅਜਿਹੇ ਰਾਜ-ਪ੍ਰਚਾਰ ਕੰਮ ਵਿਚ ਹਿੱਸਾ ਲੈਣਾ ਕਿੰਨੀ ਹੀ ਖ਼ੁਸ਼ੀ ਦੀ ਗੱਲ ਹੈ ਜੋ “ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ” ਤੋਂ ਪਹਿਲਾਂ ਇੰਨੇ ਸਾਰੇ ਲੋਕਾਂ ਨੂੰ ਉਮੀਦ ਦਿੰਦੀ ਹੈ!
17, 18. (ੳ) ਪ੍ਰਚਾਰ ਕਰਦੇ ਸਮੇਂ, ਸਾਨੂੰ ਕੁਝ ਲੋਕਾਂ ਤੋਂ ਕਿਹੜੀ ਪ੍ਰਤਿਕ੍ਰਿਆ ਦੀ ਆਸ ਰੱਖਣੀ ਚਾਹੀਦੀ ਹੈ? (ਅ) ਠੱਠਾ ਕਰਨ ਵਾਲਿਆਂ ਦਾ ਯਕੀਨਨ ਕੀ ਹੋਵੇਗਾ?
17 ਨੂਹ ਦੀ ਤਰ੍ਹਾਂ, ਸਾਨੂੰ ਪਰਮੇਸ਼ੁਰ ਦਾ ਸਮਰਥਨ ਅਤੇ ਸੁਰੱਖਿਆ ਹਾਸਲ ਹੈ। ਜੀ ਹਾਂ, ਲੋਕਾਂ ਨੇ, ਸਰੀਰਕ ਰੂਪ ਧਾਰੇ ਹੋਏ ਦੂਤਾਂ ਨੇ, ਅਤੇ ਨੈਫ਼ਲਿਮਾਂ ਨੇ ਜ਼ਰੂਰ ਨੂਹ ਦੇ ਸੰਦੇਸ਼ ਦਾ ਮਖੌਲ ਉਡਾਇਆ ਹੋਵੇਗਾ, ਪਰੰਤੂ ਉਸ ਨੇ ਆਪਣਾ ਕੰਮ ਜਾਰੀ ਰੱਖਿਆ। ਅੱਜ, ਕੁਝ ਲੋਕ ਮਖੌਲ ਉਡਾਉਂਦੇ ਹਨ ਜਦੋਂ ਅਸੀਂ ਉਨ੍ਹਾਂ ਨੂੰ ਠੋਸ ਸਬੂਤ ਦਿੰਦੇ ਹਾਂ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5) ਇਸ ਤਰ੍ਹਾਂ ਦਾ ਠੱਠਾ ਮਸੀਹ ਦੀ ਮੌਜੂਦਗੀ ਬਾਰੇ ਬਾਈਬਲ ਭਵਿੱਖਬਾਣੀ ਦੀ ਪੂਰਤੀ ਹੈ, ਕਿਉਂਕਿ ਪਤਰਸ ਨੇ ਲਿਖਿਆ: “ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ। ਅਤੇ ਆਖਣਗੇ ਭਈ ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ।” (ਟੇਢੇ ਟਾਈਪ ਸਾਡੇ।)—2 ਪਤਰਸ 1:16; 3:3, 4.
18 ਵਰਤਮਾਨ ਦਿਨ ਦੇ ਠੱਠਾ ਕਰਨ ਵਾਲੇ ਸ਼ਾਇਦ ਸੋਚਣ: ‘ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਕੁਝ ਵੀ ਨਹੀਂ ਬਦਲਿਆ ਹੈ। ਜੀਵਨ ਚਲਦਾ ਰਹਿੰਦਾ ਹੈ, ਅਤੇ ਲੋਕੀ ਖਾਂਦੇ, ਪੀਂਦੇ, ਵਿਆਹ ਕਰਦੇ, ਅਤੇ ਬੱਚੇ ਪੈਦਾ ਕਰਦੇ ਹਨ। ਜੇਕਰ ਯਿਸੂ ਮੌਜੂਦ ਹੈ, ਤਾਂ ਵੀ ਉਹ ਮੇਰੇ ਦਿਨਾਂ ਵਿਚ ਨਿਆਉਂ-ਪੂਰਤੀ ਨਹੀਂ ਕਰੇਗਾ।’ ਉਹ ਕਿੰਨੇ ਹੀ ਗ਼ਲਤ ਹਨ! ਜੇਕਰ ਉਹ ਉਸ ਤੋਂ ਪਹਿਲਾਂ ਹੋਰ ਕਿਸੇ ਕਾਰਨ ਤੋਂ ਨਹੀਂ ਮਰ ਜਾਂਦੇ ਹਨ, ਤਾਂ ਯਹੋਵਾਹ ਦਾ ਹੌਲਨਾਕ ਦਿਨ ਯਕੀਨਨ ਉਨ੍ਹਾਂ ਉੱਤੇ ਆ ਪਵੇਗਾ, ਠੀਕ ਜਿਵੇਂ ਕਿ ਨੂਹ ਦੇ ਦਿਨਾਂ ਵਿਚ ਜਲ-ਪਰਲੋ ਵਿਚ ਹੋਏ ਤਬਾਹਕੁਨ ਵਿਨਾਸ਼ ਨੇ ਇਕ ਦੁਸ਼ਟ ਪੀੜ੍ਹੀ ਦਾ ਅੰਤ ਕਰ ਦਿੱਤਾ ਸੀ।—ਮੱਤੀ 24:34.
ਨਿਸ਼ਚੇ ਹੀ, ਜਾਗਦੇ ਰਹੋ!
19. ਸਾਨੂੰ ਚੇਲੇ ਬਣਾਉਣ ਦੇ ਆਪਣੇ ਕੰਮ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
19 ਜੇਕਰ ਅਸੀਂ ਯਹੋਵਾਹ ਨੂੰ ਸਮਰਪਿਤ ਹਾਂ, ਤਾਂ ਆਓ ਅਸੀਂ ਕਦੇ ਵੀ ਅਨੁਚਿਤ ਤਰਕ ਕਰ-ਕਰ ਕੇ ਸੌਂ ਨਾ ਜਾਈਏ। ਹੁਣ ਜਾਗਦੇ ਰਹਿਣ ਦਾ, ਈਸ਼ਵਰੀ ਭਵਿੱਖਬਾਣੀ ਵਿਚ ਨਿਹਚਾ ਕਰਨ ਦਾ, ਅਤੇ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦੀ ਕਾਰਜ-ਨਿਯੁਕਤੀ ਨੂੰ ਪੂਰਾ ਕਰਨ ਦਾ ਸਮਾਂ ਹੈ। (ਮੱਤੀ 28:19, 20) ਜਿਉਂ ਹੀ ਇਹ ਵਿਵਸਥਾ ਆਪਣੇ ਅੰਤ ਦਾ ਸਾਮ੍ਹਣਾ ਕਰਦੀ ਹੈ, ਸਾਡੇ ਕੋਲ ਯਿਸੂ ਮਸੀਹ ਦੀ ਅਗਵਾਈ ਹੇਠ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਨਾਲੋਂ ਅਤੇ ਅੰਤ ਆਉਣ ਤੋਂ ਪਹਿਲਾਂ “ਰਾਜ ਦੀ ਇਸ ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰਨ ਦੇ ਵਿਸ਼ਵ-ਵਿਆਪੀ ਕਾਰਜ ਵਿਚ ਹਿੱਸਾ ਲੈਣ ਨਾਲੋਂ ਹੋਰ ਕੋਈ ਵੱਡਾ ਵਿਸ਼ੇਸ਼-ਸਨਮਾਨ ਨਹੀਂ ਹੋ ਸਕਦਾ ਹੈ।—ਮੱਤੀ 24:14; ਮਰਕੁਸ 13:10.
20. ਕਾਲੇਬ ਅਤੇ ਯਹੋਸ਼ੁਆ ਨੇ ਕਿਹੜਾ ਉਦਾਹਰਣ ਕਾਇਮ ਕੀਤਾ, ਅਤੇ ਉਨ੍ਹਾਂ ਦਾ ਰਵੱਈਆ ਸਾਨੂੰ ਕੀ ਦੱਸਦਾ ਹੈ?
20 ਯਹੋਵਾਹ ਦੇ ਕੁਝ ਲੋਕ ਕਈ ਦਹਾਕਿਆਂ ਤੋਂ, ਸ਼ਾਇਦ ਜੀਵਨ ਭਰ, ਉਸ ਦੀ ਸੇਵਾ ਕਰਦੇ ਆਏ ਹਨ। ਅਤੇ ਭਾਵੇਂ ਕਿ ਅਸੀਂ ਹਾਲ ਹੀ ਵਿਚ ਸੱਚੀ ਉਪਾਸਨਾ ਨੂੰ ਅਪਣਾਇਆ ਹੈ, ਆਓ ਅਸੀਂ ਇਸਰਾਏਲੀ ਕਾਲੇਬ ਵਾਂਗ ਬਣੀਏ, ਜੋ “ਯਹੋਵਾਹ ਦੇ ਪਿੱਛੇ ਪੂਰੀ ਰੀਤੀ ਨਾਲ ਤੁਰਿਆ।” (ਬਿਵਸਥਾ ਸਾਰ 1:34-36) ਮਿਸਰੀ ਗ਼ੁਲਾਮੀ ਤੋਂ ਇਸਰਾਏਲੀਆਂ ਦੇ ਛੁਡਾਏ ਜਾਣ ਤੋਂ ਥੋੜ੍ਹੇ ਸਮੇਂ ਬਾਅਦ, ਉਹ ਅਤੇ ਯਹੋਸ਼ੁਆ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦੇ ਲਈ ਬਿਲਕੁਲ ਤਿਆਰ ਸਨ। ਪਰੰਤੂ, ਬਾਲਗ ਇਸਰਾਏਲੀਆਂ ਨੇ ਆਮ ਤੌਰ ਤੇ ਨਿਹਚਾ ਦੀ ਕਮੀ ਦਿਖਾਈ ਅਤੇ ਉਨ੍ਹਾਂ ਨੂੰ ਉਜਾੜ ਵਿਚ 40 ਸਾਲ ਬਿਤਾਉਣੇ ਪਏ, ਜਿੱਥੇ ਉਨ੍ਹਾਂ ਦੀ ਮੌਤ ਹੋਈ। ਇਸ ਪੂਰੇ ਸਮੇਂ ਦੇ ਦੌਰਾਨ ਕਾਲੇਬ ਅਤੇ ਯਹੋਸ਼ੁਆ ਨੇ ਉਨ੍ਹਾਂ ਦੇ ਨਾਲ ਕਠਿਨਾਈਆਂ ਸਹਿਣ ਕੀਤੀਆਂ, ਪਰੰਤੂ ਅੰਤ ਵਿਚ ਇਹ ਦੋਵੇਂ ਆਦਮੀ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਏ। (ਗਿਣਤੀ 14:30-34; ਯਹੋਸ਼ੁਆ 14:6-15) ਜੇਕਰ ਅਸੀਂ ‘ਯਹੋਵਾਹ ਦੇ ਪਿੱਛੇ ਪੂਰੀ ਰੀਤੀ ਨਾਲ ਤੁਰੀਏ’ ਅਤੇ ਅਧਿਆਤਮਿਕ ਤੌਰ ਤੇ ਜਾਗਦੇ ਰਹੀਏ, ਤਾਂ ਅਸੀਂ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਵਿਚ ਜਾਣ ਦਾ ਆਨੰਦ ਮਾਣਾਂਗੇ।
21. ਜੇਕਰ ਅਸੀਂ ਅਧਿਆਤਮਿਕ ਤੌਰ ਤੇ ਜਾਗਦੇ ਰਹੀਏ, ਤਾਂ ਅਸੀਂ ਕੀ ਅਨੁਭਵ ਕਰਾਂਗੇ?
21 ਸਬੂਤ ਸਪੱਸ਼ਟ ਤੌਰ ਤੇ ਦਿਖਾਉਂਦੇ ਹਨ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ ਅਤੇ ਯਹੋਵਾਹ ਦਾ ਮਹਾਨ ਦਿਨ ਨੇੜੇ ਹੈ। ਹੁਣ ਈਸ਼ਵਰੀ ਇੱਛਾ ਪੂਰੀ ਕਰਨ ਵਿਚ ਸੁਸਤ ਅਤੇ ਲਾਪਰਵਾਹ ਹੋਣ ਦਾ ਸਮਾਂ ਨਹੀਂ ਹੈ। ਸਾਨੂੰ ਕੇਵਲ ਉਦੋਂ ਹੀ ਬਰਕਤ ਹਾਸਲ ਹੋਵੇਗੀ ਜੇਕਰ ਅਸੀਂ ਅਧਿਆਤਮਿਕ ਤੌਰ ਤੇ ਜਾਗਦੇ ਰਹਿੰਦੇ ਹਾਂ ਅਤੇ ਯਹੋਵਾਹ ਦੇ ਮਸੀਹੀ ਸੇਵਕਾਂ ਵਜੋਂ ਆਪਣੀ ਪਛਾਣ ਦੇ ਬਸਤਰ ਦੀ ਚੌਕਸੀ ਕਰਦੇ ਰਹਿੰਦੇ ਹਾਂ। ਸਾਡਾ ਇਹ ਦ੍ਰਿੜ੍ਹ ਨਿਸ਼ਚਾ ਹੋਵੇ, “ਜਾਗਦੇ ਰਹੋ। ਨਿਹਚਾ ਵਿੱਚ ਦ੍ਰਿੜ੍ਹ ਰਹੋ, ਪੁਰਖਾਰਥ ਕਰੋ, ਤਕੜੇ ਹੋਵੋ।” (1 ਕੁਰਿੰਥੀਆਂ 16:13) ਯਹੋਵਾਹ ਦੇ ਸੇਵਕਾਂ ਵਜੋਂ, ਆਓ ਅਸੀਂ ਸਾਰੇ ਸਥਿਰ ਅਤੇ ਸਾਹਸੀ ਹੋਈਏ। ਫਿਰ ਅਸੀਂ ਜਾਗ ਰਹੇ ਖ਼ੁਸ਼ ਵਿਅਕਤੀਆਂ ਦੇ ਨਾਲ ਵਫ਼ਾਦਾਰੀ ਨਾਲ ਸੇਵਾ ਕਰਦੇ ਹੋਏ, ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋਵਾਂਗੇ ਜੋ ਯਹੋਵਾਹ ਦੇ ਮਹਾਨ ਦਿਨ ਦੇ ਆਉਣ ਸਮੇਂ ਤਿਆਰ ਰਹਿੰਦੇ ਹਨ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਤੁਸੀਂ ਲਾਖਣਿਕ ਬਸਤਰ ਦੀ ਪਰਿਭਾਸ਼ਾ ਕਿਵੇਂ ਦਿਓਗੇ, ਅਤੇ ਅਸੀਂ ਇਨ੍ਹਾਂ ਦੀ ਚੌਕਸੀ ਕਿਵੇਂ ਕਰ ਸਕਦੇ ਹਾਂ?
◻ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਦੇ ਕੁਝ ਤਰੀਕੇ ਕਿਹੜੇ ਹਨ?
◻ ਸਾਨੂੰ ਠੱਠਾ ਕਰਨ ਵਾਲਿਆਂ ਦੀ ਆਸ ਕਿਉਂ ਕਰਨੀ ਚਾਹੀਦੀ ਹੈ, ਅਤੇ ਸਾਨੂੰ ਉਨ੍ਹਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
◻ ਸਾਨੂੰ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਚੇਲੇ ਬਣਾਉਣ ਦੇ ਆਪਣੇ ਕੰਮ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
[ਸਫ਼ੇ 14 ਉੱਤੇ ਸੁਰਖੀ]
ਮਸੀਹੀਆਂ ਨੂੰ ਜਾਗਦੇ ਰਹਿਣ ਅਤੇ ਆਪਣੇ ਫ਼ਰਜ਼ਾਂ ਨੂੰ ਪੂਰਾ ਕਰਨ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਹਾਸਲ ਹੈ
[ਸਫ਼ੇ 15 ਉੱਤੇ ਤਸਵੀਰ]
ਕੀ ਤੁਸੀਂ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਅਤੇ ਆਪਣੇ ਲਾਖਣਿਕ ਬਸਤਰ ਦੀ ਚੌਕਸੀ ਕਰਨ ਦਾ ਦ੍ਰਿੜ੍ਹ ਨਿਸ਼ਚਾ ਕਰਦੇ ਹੋ?