ਕੀ ਤੁਸੀਂ ਯਹੋਵਾਹ ਦੇ ਦਿਨ ਲਈ ਤਿਆਰ ਹੋ?
“ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।”—ਸਫ਼ਨਯਾਹ 1:14.
1. ਸ਼ਾਸਤਰ ਯਹੋਵਾਹ ਦੇ ਦਿਨ ਨੂੰ ਕਿਸ ਤਰ੍ਹਾਂ ਵਰਣਨ ਕਰਦਾ ਹੈ?
ਯਹੋਵਾਹ ਦਾ ‘ਵੱਡਾ ਤੇ ਹੌਲਨਾਕ ਦਿਨ’ ਛੇਤੀ ਹੀ ਇਸ ਦੁਸ਼ਟ ਰੀਤੀ-ਵਿਵਸਥਾ ਉੱਤੇ ਆਵੇਗਾ। ਸ਼ਾਸਤਰ ਯਹੋਵਾਹ ਦੇ ਦਿਨ ਨੂੰ ਯੁੱਧ, ਹਨੇਰੇ, ਕਹਿਰ, ਬਿਪਤਾ, ਦੁੱਖ, ਸੰਕਟ ਅਤੇ ਤਬਾਹੀ ਦੇ ਦਿਨ ਵਜੋਂ ਵਰਣਨ ਕਰਦਾ ਹੈ। ਫਿਰ ਵੀ, ਬਚਣ ਵਾਲੇ ਹੋਣਗੇ, ਕਿਉਂਕਿ “ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ।” (ਯੋਏਲ 2:30-32; ਆਮੋਸ 5:18-20) ਜੀ ਹਾਂ, ਉਦੋਂ ਪਰਮੇਸ਼ੁਰ ਆਪਣੇ ਵੈਰੀਆਂ ਨੂੰ ਨਾਸ਼ ਕਰੇਗਾ ਅਤੇ ਆਪਣੇ ਲੋਕਾਂ ਨੂੰ ਬਚਾਵੇਗਾ।
2. ਸਾਨੂੰ ਯਹੋਵਾਹ ਦੇ ਦਿਨ ਨੂੰ ਤੀਬਰਤਾ ਦੀ ਭਾਵਨਾ ਨਾਲ ਕਿਉਂ ਵਿਚਾਰਨਾ ਚਾਹੀਦਾ ਹੈ?
2 ਪਰਮੇਸ਼ੁਰ ਦੇ ਨਬੀਆਂ ਨੇ ਯਹੋਵਾਹ ਦੇ ਦਿਨ ਬਾਰੇ ਤੀਬਰਤਾ ਦੀ ਭਾਵਨਾ ਨਾਲ ਗੱਲ ਕੀਤੀ। ਮਿਸਾਲ ਲਈ, ਸਫ਼ਨਯਾਹ ਨੇ ਲਿਖਿਆ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।” (ਸਫ਼ਨਯਾਹ 1:14) ਅੱਜ ਸਥਿਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੀਬਰ ਹੈ ਕਿਉਂਕਿ ਪਰਮੇਸ਼ੁਰ ਦਾ ਪ੍ਰਧਾਨ ਦੰਡਕਾਰ, ਰਾਜਾ ਯਿਸੂ ਮਸੀਹ ‘ਆਪਣੀ ਤਲਵਾਰ ਲੱਕ ਨਾਲ ਬੰਨ੍ਹ ਕੇ ਸੱਚਿਆਈ, ਕੋਮਲਤਾਈ, ਅਤੇ ਧਰਮ ਦੇ ਨਮਿੱਤ ਅਸਵਾਰ’ ਹੋਣ ਵਾਲਾ ਹੈ। (ਜ਼ਬੂਰ 45:3, 4) ਕੀ ਤੁਸੀਂ ਉਸ ਦਿਨ ਦੇ ਲਈ ਤਿਆਰ ਹੋ?
ਉਨ੍ਹਾਂ ਦੀਆਂ ਵੱਡੀਆਂ ਆਸਾਂ ਸਨ
3. ਥੱਸਲੁਨੀਕਾ ਦੇ ਕੁਝ ਮਸੀਹੀਆਂ ਦੀਆਂ ਕਿਹੜੀਆਂ ਆਸਾਂ ਸਨ, ਅਤੇ ਕਿਹੜੇ ਦੋ ਕਾਰਨਾਂ ਕਰਕੇ ਉਹ ਗ਼ਲਤ ਸਨ?
3 ਯਹੋਵਾਹ ਦੇ ਦਿਨ ਬਾਰੇ ਅਨੇਕਾਂ ਦੀਆਂ ਆਸਾਂ ਪੂਰੀਆਂ ਨਹੀਂ ਹੋਈਆਂ। ਥੱਸਲੁਨੀਕਾ ਦੇ ਕੁਝ ਮੁਢਲੇ ਮਸੀਹੀਆਂ ਨੇ ਕਿਹਾ, ‘ਯਹੋਵਾਹ ਦਾ ਦਿਨ ਆਣ ਪੁੱਜਿਆ ਹੈ!’ (2 ਥੱਸਲੁਨੀਕੀਆਂ 2:2) ਪਰੰਤੂ ਉਹ ਕਿਉਂ ਨੇੜੇ ਨਹੀਂ ਸੀ, ਇਸ ਦੇ ਦੋ ਮੂਲ ਕਾਰਨ ਸਨ। ਇਨ੍ਹਾਂ ਵਿੱਚੋਂ ਇਕ ਕਾਰਨ ਦੱਸਦੇ ਹੋਏ, ਰਸੂਲ ਪੌਲੁਸ ਨੇ ਕਿਹਾ: “ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ . . . ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ।” (1 ਥੱਸਲੁਨੀਕੀਆਂ 5:1-6) ਇਸ “ਓੜਕ ਦੇ ਸਮੇਂ” ਵਿਚ, ਅਸੀਂ ਖ਼ੁਦ ਵੀ ਇਨ੍ਹਾਂ ਸ਼ਬਦਾਂ ਦੀ ਪੂਰਤੀ ਦੀ ਉਡੀਕ ਕਰ ਰਹੇ ਹਾਂ। (ਦਾਨੀਏਲ 12:4) ਥੱਸਲੁਨੀਕੀਆਂ ਕੋਲ ਇਕ ਹੋਰ ਸਬੂਤ ਦੀ ਵੀ ਕਮੀ ਸੀ ਕਿ ਯਹੋਵਾਹ ਦਾ ਮਹਾਨ ਦਿਨ ਆਣ ਪੁੱਜਿਆ ਸੀ, ਕਿਉਂਕਿ ਪੌਲੁਸ ਨੇ ਉਨ੍ਹਾਂ ਨੂੰ ਦੱਸਿਆ: “ਉਹ ਦਿਨ ਨਹੀਂ ਆਵੇਗਾ ਜਿੰਨਾ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ।” (2 ਥੱਸਲੁਨੀਕੀਆਂ 2:3) ਜਦੋਂ ਪੌਲੁਸ ਨੇ ਇਹ ਸ਼ਬਦ ਲਿਖੇ (ਲਗਭਗ 51 ਸਾ.ਯੁ.), ਉਦੋਂ ਸੱਚੀ ਮਸੀਹੀਅਤ ਤੋਂ “ਧਰਮ ਤਿਆਗ” ਅਜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਸੀ। ਅੱਜ, ਅਸੀਂ ਇਸ ਨੂੰ ਮਸੀਹੀ-ਜਗਤ ਵਿਚ ਪੂਰੀ ਤਰ੍ਹਾਂ ਵਿਕਸਿਤ ਹੋਇਆਂ ਦੇਖਦੇ ਹਾਂ। ਪਰੰਤੂ, ਥੱਸਲੁਨੀਕਾ ਦੇ ਮਸਹ ਕੀਤੇ ਹੋਏ ਵਫ਼ਾਦਾਰ ਵਿਅਕਤੀਆਂ ਨੇ ਆਖ਼ਰਕਾਰ ਸਵਰਗੀ ਪ੍ਰਤਿਫਲ ਹਾਸਲ ਕੀਤਾ, ਜੋ ਆਪਣੀਆਂ ਅਪੂਰੀਆਂ ਆਸਾਂ ਦੇ ਬਾਵਜੂਦ, ਮੌਤ ਤਕ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹੇ। (ਪਰਕਾਸ਼ ਦੀ ਪੋਥੀ 2:10) ਸਾਨੂੰ ਵੀ ਪ੍ਰਤਿਫਲ ਮਿਲੇਗਾ ਜੇਕਰ ਅਸੀਂ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਵਫ਼ਾਦਾਰ ਰਹਿੰਦੇ ਹਾਂ।
4. (ੳ) 2 ਥੱਸਲੁਨੀਕੀਆਂ 2:1, 2 ਵਿਚ ਯਹੋਵਾਹ ਦਾ ਦਿਨ ਕਿਸ ਨਾਲ ਜੋੜਿਆ ਗਿਆ ਹੈ? (ਅ) ਅਖਾਉਤੀ ਚਰਚ ਪਿਤਾ ਮਸੀਹ ਦੀ ਵਾਪਸੀ ਅਤੇ ਸੰਬੰਧਿਤ ਮਾਮਲਿਆਂ ਬਾਰੇ ਕੀ ਦ੍ਰਿਸ਼ਟੀਕੋਣ ਰੱਖਦੇ ਸਨ?
4 ਬਾਈਬਲ ‘ਯਹੋਵਾਹ ਦੇ ਮਹਾਨ ਦਿਨ’ ਨੂੰ “ਪ੍ਰਭੁ ਯਿਸੂ ਮਸੀਹ ਦੇ ਆਉਣ [“ਦੀ ਮੌਜੂਦਗੀ,” ਨਿ ਵ]” ਨਾਲ ਜੋੜਦੀ ਹੈ। (2 ਥੱਸਲੁਨੀਕੀਆਂ 2:1, 2) ਅਖਾਉਤੀ ਚਰਚ ਪਿਤਾ ਮਸੀਹ ਦੀ ਵਾਪਸੀ, ਉਸ ਦੀ ਮੌਜੂਦਗੀ, ਅਤੇ ਉਸ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਬਾਰੇ ਵਿਭਿੰਨ ਵਿਚਾਰ ਰੱਖਦੇ ਸਨ। (ਪਰਕਾਸ਼ ਦੀ ਪੋਥੀ 20:4) ਦੂਜੀ ਸਦੀ ਸਾ.ਯੁ. ਵਿਚ, ਹੀਏਰਪੁਲਿਸ ਦੇ ਪੇਪੀਅਸ ਨੇ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਧਰਤੀ ਦੀ ਸ਼ਾਨਦਾਰ ਉਪਜਾਇਕਤਾ ਬਾਰੇ ਆਸਾਂ ਰੱਖੀਆਂ। ਜਸਟਿਨ ਮਾਰਟਰ ਨੇ ਬਾਰ-ਬਾਰ ਯਿਸੂ ਦੀ ਮੌਜੂਦਗੀ ਬਾਰੇ ਗੱਲ ਕੀਤੀ ਅਤੇ ਆਸ ਰੱਖੀ ਕਿ ਉਸ ਦੇ ਰਾਜ ਦੀ ਰਾਜਧਾਨੀ ਪੁਨਰ-ਸਥਾਪਿਤ ਯਰੂਸ਼ਲਮ ਹੋਵੇਗੀ। ਲੀਅਨਜ਼ ਦੇ ਆਇਰੀਨੀਅਸ ਨੇ ਸਿਖਾਇਆ ਕਿ ਰੋਮੀ ਸਾਮਰਾਜ ਦੇ ਨਸ਼ਟ ਹੋਣ ਬਾਅਦ, ਯਿਸੂ ਦ੍ਰਿਸ਼ਟ ਰੂਪ ਵਿਚ ਪ੍ਰਗਟ ਹੋਵੇਗਾ, ਸ਼ਤਾਨ ਨੂੰ ਬੰਨ੍ਹੇਗਾ, ਅਤੇ ਪਾਰਥਿਵ ਯਰੂਸ਼ਲਮ ਵਿਚ ਰਾਜ ਕਰੇਗਾ।
5. ਕੁਝ ਵਿਦਵਾਨਾਂ ਨੇ ਮਸੀਹ ਦੇ “ਦੂਜੇ ਆਗਮਨ” ਅਤੇ ਉਸ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਬਾਰੇ ਕੀ ਕਿਹਾ ਹੈ?
5 ਇਤਿਹਾਸਕਾਰ ਫ਼ਿਲਿਪ ਸ਼ਾਫ਼ ਨੇ ਟਿੱਪਣੀ ਕੀਤੀ ਕਿ 325 ਸਾ.ਯੁ. ਦੀ ਨਾਈਸੀਆਈ ਸਭਾ ਤੋਂ ਪਹਿਲਾਂ ਦੀ ਅਵਧੀ ਵਿਚ “ਸਭ ਤੋਂ ਉੱਘੜਵਾਂ ਵਿਸ਼ਵਾਸ” ਸੀ, “ਆਮ ਪੁਨਰ-ਉਥਾਨ ਅਤੇ ਨਿਆਉਂ ਤੋਂ ਪਹਿਲਾਂ, ਪੁਨਰ-ਉਥਿਤ ਸੰਤਾਂ ਨਾਲ ਮਹਿਮਾ ਵਿਚ ਮਸੀਹ ਦਾ ਇਕ ਹਜ਼ਾਰ ਸਾਲ ਲਈ ਧਰਤੀ ਉੱਤੇ ਦ੍ਰਿਸ਼ਟ ਸ਼ਾਸਨ ਦਾ ਵਿਸ਼ਵਾਸ।” ਜੇਮਜ਼ ਹੇਸਟਿੰਗਸ ਦੁਆਰਾ ਸੰਪਾਦਿਤ ਏ ਡਿਕਸ਼ਨਰੀ ਆਫ਼ ਦ ਬਾਈਬਲ, ਬਿਆਨ ਕਰਦੀ ਹੈ: “ਟਰਟੂਲੀਅਨ, ਆਇਰੀਨੀਅਸ, ਅਤੇ ਹਿਪੋਲਿਟਸ ਅਜੇ ਵੀ [ਯਿਸੂ ਮਸੀਹ ਦੇ] ਤੁਰੰਤ ਆਗਮਨ ਦੀ ਉਮੀਦ ਕਰਦੇ ਹਨ; ਪਰੰਤੂ ਸਿਕੰਦਰੀ ਪਿਤਾਵਾਂ ਦੇ ਆਉਣ ਨਾਲ ਅਸੀਂ ਇਕ ਨਵੀਂ ਵਿਚਾਰ-ਧਾਰਾ ਵਿਚ ਪ੍ਰਵੇਸ਼ ਕਰਦੇ ਹਾਂ। . . . ਜਦੋਂ ਆਗਸਤੀਨ ਦੀ ਸਿੱਖਿਆ ਨੇ ਹਜ਼ਾਰ ਵਰ੍ਹਿਆਂ ਦੇ ਸਮੇਂ ਦੀ ਤੁਲਨਾ ਗਿਰਜਾ ਖਾੜਕੂ ਦੀ ਅਵਧੀ ਨਾਲ ਕੀਤੀ, ਤਾਂ ਦੂਜਾ ਆਗਮਨ ਦੂਰ ਭਵਿੱਖ ਵਿਚ ਮੁਲਤਵੀ ਹੋ ਜਾਂਦਾ ਹੈ।”
ਯਹੋਵਾਹ ਦਾ ਦਿਨ ਅਤੇ ਯਿਸੂ ਦੀ ਮੌਜੂਦਗੀ
6. ਸਾਨੂੰ ਇਹ ਸਿੱਟਾ ਕਿਉਂ ਨਹੀਂ ਕੱਢਣਾ ਚਾਹੀਦਾ ਕਿ ਯਹੋਵਾਹ ਦਾ ਦਿਨ ਹਾਲੇ ਬਹੁਤ ਦੂਰ ਹੈ?
6 ਗ਼ਲਤ ਧਾਰਣਾਵਾਂ ਦੇ ਕਾਰਨ ਕਾਫ਼ੀ ਨਿਰਾਸ਼ਾ ਹੋਈ ਹੈ, ਪਰੰਤੂ ਅਸੀਂ ਇਹ ਨਾ ਸੋਚੀਏ ਕਿ ਯਹੋਵਾਹ ਦਾ ਦਿਨ ਹਾਲੇ ਬਹੁਤ ਦੂਰ ਹੈ। ਸ਼ਾਸਤਰ ਅਨੁਸਾਰ ਇਹ ਦਿਨ ਯਿਸੂ ਦੀ ਅਦ੍ਰਿਸ਼ਟ ਮੌਜੂਦਗੀ ਨਾਲ ਜੋੜਿਆ ਜਾਂਦਾ ਹੈ, ਜੋ ਕਿ ਸ਼ੁਰੂ ਹੋ ਚੁੱਕੀ ਹੈ। ਪਹਿਰਾਬੁਰਜ ਅਤੇ ਇਸ ਨਾਲ ਸੰਬੰਧਿਤ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਨੇ ਅਕਸਰ ਸ਼ਾਸਤਰ-ਸੰਬੰਧੀ ਸਬੂਤ ਪ੍ਰਦਾਨ ਕੀਤੇ ਹਨ ਕਿ ਮਸੀਹ ਦੀ ਮੌਜੂਦਗੀ ਸਾਲ 1914 ਵਿਚ ਸ਼ੁਰੂ ਹੋਈ।a ਤਾਂ ਫਿਰ, ਯਿਸੂ ਨੇ ਆਪਣੀ ਮੌਜੂਦਗੀ ਬਾਰੇ ਕੀ ਕਿਹਾ ਸੀ?
7. (ੳ) ਯਿਸੂ ਦੀ ਮੌਜੂਦਗੀ ਦੇ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦੇ ਲੱਛਣ ਦੀਆਂ ਕੁਝ ਵਿਸ਼ੇਸ਼ਤਾਵਾਂ ਕਿਹੜੀਆਂ ਹਨ? (ਅ) ਅਸੀਂ ਕਿਵੇਂ ਬਚਾਏ ਜਾ ਸਕਦੇ ਹਾਂ?
7 ਯਿਸੂ ਦੀ ਮੌਜੂਦਗੀ ਉਸ ਦੀ ਮੌਤ ਤੋਂ ਥੋੜ੍ਹੇ ਸਮੇਂ ਪਹਿਲਾਂ ਚਰਚਾ ਦਾ ਵਿਸ਼ਾ ਬਣ ਗਈ। ਉਸ ਨੂੰ ਯਰੂਸ਼ਲਮ ਦੀ ਹੈਕਲ ਦੇ ਵਿਨਾਸ਼ ਬਾਰੇ ਭਵਿੱਖਬਾਣੀ ਕਰਦੇ ਹੋਏ ਸੁਣਨ ਤੋਂ ਬਾਅਦ, ਉਸ ਦੇ ਰਸੂਲ ਪਤਰਸ, ਯਾਕੂਬ, ਯੂਹੰਨਾ, ਅਤੇ ਅੰਦ੍ਰਿਯਾਸ ਨੇ ਪੁੱਛਿਆ: “ਸਾਨੂੰ ਦੱਸ, ਇਹ ਗੱਲਾਂ ਕਦੋਂ ਹੋਣਗੀਆਂ, ਅਤੇ ਤੇਰੀ ਮੌਜੂਦਗੀ ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?” (ਮੱਤੀ 24:1-3, ਨਿ ਵ; ਮਰਕੁਸ 13:3, 4) ਜਵਾਬ ਵਿਚ, ਯਿਸੂ ਨੇ ਯੁੱਧ, ਕਾਲ, ਭੁਚਾਲ, ਅਤੇ ਆਪਣੀ ਮੌਜੂਦਗੀ ਦੇ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦੇ “ਲੱਛਣ” ਦੀਆਂ ਦੂਜੀਆਂ ਵਿਸ਼ੇਸ਼ਤਾਵਾਂ ਦੱਸੀਆਂ। ਉਸ ਨੇ ਇਹ ਵੀ ਕਿਹਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਅਸੀਂ ਬਚਾਏ ਜਾਵਾਂਗੇ ਜੇਕਰ ਅਸੀਂ ਵਫ਼ਾਦਾਰੀ ਨਾਲ ਆਪਣੇ ਵਰਤਮਾਨ ਜੀਵਨ ਦੇ ਅੰਤ ਤਕ ਜਾਂ ਇਸ ਦੁਸ਼ਟ ਵਿਵਸਥਾ ਦੇ ਅੰਤ ਤਕ ਸਹਾਂਗੇ।
8. ਯਹੂਦੀ ਵਿਵਸਥਾ ਦੇ ਅੰਤ ਤੋਂ ਪਹਿਲਾਂ, ਕੀ ਨੇਪਰੇ ਚਾੜ੍ਹਿਆ ਜਾਣਾ ਸੀ, ਅਤੇ ਇਸ ਬਾਰੇ ਅੱਜ ਕੀ ਕੀਤਾ ਜਾ ਰਿਹਾ ਹੈ?
8 ਅੰਤ ਤੋਂ ਪਹਿਲਾਂ, ਯਿਸੂ ਦੀ ਮੌਜੂਦਗੀ ਦਾ ਇਕ ਖ਼ਾਸ ਤੌਰ ਤੇ ਮਹੱਤਵਪੂਰਣ ਪਹਿਲੂ ਪੂਰਾ ਹੋਵੇਗਾ। ਇਸ ਬਾਰੇ, ਉਸ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਟੇਢੇ ਟਾਈਪ ਸਾਡੇ।) (ਮੱਤੀ 24:14) ਰੋਮੀਆਂ ਵੱਲੋਂ ਯਰੂਸ਼ਲਮ ਦੇ ਨਾਸ਼ ਅਤੇ 70 ਸਾ.ਯੁ. ਵਿਚ ਯਹੂਦੀ ਰੀਤੀ-ਵਿਵਸਥਾ ਦੇ ਅੰਤ ਤੋਂ ਪਹਿਲਾਂ, ਪੌਲੁਸ ਕਹਿ ਸਕਿਆ ਕਿ ਖ਼ੁਸ਼ ਖ਼ਬਰੀ “ਦਾ ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ” ਸੀ। (ਕੁਲੁੱਸੀਆਂ 1:23) ਪਰੰਤੂ, ਅੱਜ ਯਹੋਵਾਹ ਦੇ ਗਵਾਹਾਂ ਦੁਆਰਾ “ਸਾਰੀ ਦੁਨੀਆ ਵਿੱਚ” ਉਸ ਤੋਂ ਕਿਤੇ ਵੱਧ ਵਿਸਤ੍ਰਿਤ ਪ੍ਰਚਾਰ ਕੰਮ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਦੌਰਾਨ, ਪਰਮੇਸ਼ੁਰ ਨੇ ਪੂਰਬੀ ਯੂਰਪ ਵਿਚ ਇਕ ਵੱਡੀ ਗਵਾਹੀ ਦੇਣ ਲਈ ਰਾਹ ਖੋਲ੍ਹਿਆ ਹੈ। ਵਿਸ਼ਵ ਭਰ ਵਿਚ ਛਾਪੇਖਾਣੇ ਅਤੇ ਦੂਜੀਆਂ ਸਹੂਲਤਾਂ ਹੋਣ ਕਾਰਨ, ਯਹੋਵਾਹ ਦਾ ਸੰਗਠਨ ਅਧਿਕ ਸਰਗਰਮੀ ਲਈ, ਇੱਥੋਂ ਤਕ ਕਿ ‘ਅਣਛੋਹੇ ਖੇਤਰ’ ਵਿਚ ਵੀ ਸਰਗਰਮੀ ਲਈ ਤਿਆਰ ਹੈ। (ਰੋਮੀਆਂ 15:22, 23, ਨਿ ਵ) ਕੀ ਤੁਹਾਡਾ ਦਿਲ ਤੁਹਾਨੂੰ ਅੰਤ ਆਉਣ ਤੋਂ ਪਹਿਲਾਂ ਗਵਾਹੀ ਦੇਣ ਵਿਚ ਪੂਰੀ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕਰਦਾ ਹੈ? ਜੇਕਰ ਹਾਂ, ਤਾਂ ਪਰਮੇਸ਼ੁਰ ਤੁਹਾਨੂੰ ਅਗਾਂਹ ਦੇ ਕੰਮ ਵਿਚ ਫਲਦਾਇਕ ਹਿੱਸਾ ਲੈਣ ਲਈ ਸ਼ਕਤੀ ਦੇ ਸਕਦਾ ਹੈ।—ਫ਼ਿਲਿੱਪੀਆਂ 4:13; 2 ਤਿਮੋਥਿਉਸ 4:17.
9. ਯਿਸੂ ਨੇ ਕਿਹੜੀ ਗੱਲ ਦੱਸੀ, ਜਿਵੇਂ ਕਿ ਮੱਤੀ 24:36 ਵਿਚ ਦਰਜ ਹੈ?
9 ਪੂਰਵ-ਸੂਚਿਤ ਰਾਜ-ਪ੍ਰਚਾਰ ਕਾਰਜ ਅਤੇ ਯਿਸੂ ਦੀ ਮੌਜੂਦਗੀ ਦੇ ਲੱਛਣ ਦੀਆਂ ਦੂਜੀਆਂ ਵਿਸ਼ੇਸ਼ਤਾਵਾਂ ਇਸ ਸਮੇਂ ਪੂਰੀਆਂ ਹੋ ਰਹੀਆਂ ਹਨ। ਇਸ ਲਈ, ਇਸ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਨੇੜੇ ਹੈ। ਸੱਚ ਹੈ ਕਿ ਯਿਸੂ ਨੇ ਕਿਹਾ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।” (ਮੱਤੀ 24:4-14, 36) ਪਰੰਤੂ ਯਿਸੂ ਦੀ ਭਵਿੱਖਬਾਣੀ ਸਾਨੂੰ “ਉਸ ਦਿਨ ਅਤੇ ਘੜੀ” ਲਈ ਤਿਆਰ ਹੋਣ ਵਿਚ ਮਦਦ ਕਰ ਸਕਦੀ ਹੈ।
ਉਹ ਤਿਆਰ ਸਨ
10. ਅਸੀਂ ਕਿਵੇਂ ਜਾਣਦੇ ਹਾਂ ਕਿ ਅਧਿਆਤਮਿਕ ਤੌਰ ਤੇ ਜਾਗਦੇ ਰਹਿਣਾ ਮੁਮਕਿਨ ਹੈ?
10 ਯਹੋਵਾਹ ਦੇ ਮਹਾਨ ਦਿਨ ਵਿੱਚੋਂ ਬਚ ਕੇ ਨਿਕਲਣ ਲਈ, ਸਾਨੂੰ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਦੀ ਅਤੇ ਸੱਚੀ ਉਪਾਸਨਾ ਲਈ ਦ੍ਰਿੜ੍ਹ ਰਹਿਣ ਦੀ ਲੋੜ ਹੈ। (1 ਕੁਰਿੰਥੀਆਂ 16:13) ਅਸੀਂ ਜਾਣਦੇ ਹਾਂ ਕਿ ਅਜਿਹੀ ਸਹਿਣਸ਼ੀਲਤਾ ਮੁਮਕਿਨ ਹੈ, ਕਿਉਂਕਿ ਇਕ ਧਰਮੀ ਪਰਿਵਾਰ ਨੇ ਸਹਿਣ ਕੀਤਾ ਅਤੇ ਉਸ ਜਲ-ਪਰਲੋ ਵਿੱਚੋਂ ਬਚ ਨਿਕਲੇ, ਜਿਸ ਨੇ 2370 ਸਾ.ਯੁ.ਪੂ. ਵਿਚ ਦੁਸ਼ਟ ਮਨੁੱਖਾਂ ਨੂੰ ਨਾਸ਼ ਕੀਤਾ ਸੀ। ਉਸ ਯੁਗ ਦੀ ਆਪਣੀ ਮੌਜੂਦਗੀ ਨਾਲ ਤੁਲਨਾ ਕਰਦੇ ਹੋਏ, ਯਿਸੂ ਨੇ ਕਿਹਾ: “ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ [“ਦੀ ਮੌਜੂਦਗੀ,” ਨਿ ਵ] ਉਸੇ ਤਰਾਂ ਹੋਵੇਗਾ। ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਓਹ ਨਹੀਂ ਜਾਣਦੇ ਸਨ [“ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ,” ਨਿ ਵ] ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ [“ਦੀ ਮੌਜੂਦਗੀ,” ਨਿ ਵ] ਹੋਵੇਗਾ।”—ਮੱਤੀ 24:37-39.
11. ਨੂਹ ਦੇ ਦਿਨਾਂ ਵਿਚ ਹਿੰਸਾ ਹੋਣ ਦੇ ਬਾਵਜੂਦ, ਉਸ ਨੇ ਕਿਹੜਾ ਮਾਰਗ ਅਪਣਾਇਆ?
11 ਸਾਡੀ ਤਰ੍ਹਾਂ, ਨੂਹ ਅਤੇ ਉਸ ਦਾ ਪਰਿਵਾਰ ਇਕ ਹਿੰਸਕ ਸੰਸਾਰ ਵਿਚ ਰਹਿੰਦੇ ਸਨ। “ਪਰਮੇਸ਼ੁਰ ਦੇ” ਅਵੱਗਿਆਕਾਰ ਦੂਤਮਈ “ਪੁੱਤ੍ਰਾਂ” ਨੇ ਸਰੀਰਕ ਰੂਪ ਧਾਰ ਕੇ ਆਪਣੇ ਲਈ ਪਤਨੀਆਂ ਲੈ ਲਈਆਂ, ਜਿਨ੍ਹਾਂ ਦੁਆਰਾ ਉਨ੍ਹਾਂ ਨੇ ਬਦਨਾਮ ਨੈਫ਼ਲਿਮ ਪੈਦਾ ਕੀਤੇ—ਧੌਂਸੀਏ ਜਿਨ੍ਹਾਂ ਨੇ ਨਿਰਸੰਦੇਹ ਹਾਲਤਾਂ ਨੂੰ ਹੋਰ ਵੀ ਹਿੰਸਕ ਬਣਾਇਆ। (ਉਤਪਤ 6:1, 2, 4; 1 ਪਤਰਸ 3:19, 20) ਪਰੰਤੂ, “ਨੂਹ ਪਰਮੇਸ਼ੁਰ ਦੇ ਨਾਲ ਨਾਲ” ਨਿਹਚਾ ਵਿਚ “ਚਲਦਾ ਸੀ।” ਉਹ “ਆਪਣੀ ਪੀੜ੍ਹੀ”—ਉਸ ਦੇ ਦਿਨਾਂ ਦੀ ਦੁਸ਼ਟ ਪੀੜ੍ਹੀ—“ਵਿੱਚ ਸੰਪੂਰਨ ਸੀ।” (ਉਤਪਤ 6:9-11) ਪਰਮੇਸ਼ੁਰ ਉੱਤੇ ਪ੍ਰਾਰਥਨਾਪੂਰਣ ਭਰੋਸੇ ਦੇ ਨਾਲ, ਅਸੀਂ ਵੀ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ, ਇਸ ਹਿੰਸਕ ਅਤੇ ਦੁਸ਼ਟ ਸੰਸਾਰ ਵਿਚ ਇੰਜ ਕਰ ਸਕਦੇ ਹਾਂ।
12. (ੳ) ਕਿਸ਼ਤੀ ਬਣਾਉਣ ਤੋਂ ਇਲਾਵਾ, ਨੂਹ ਨੇ ਕਿਹੜਾ ਕੰਮ ਕੀਤਾ? (ਅ) ਨੂਹ ਦੇ ਪ੍ਰਚਾਰ ਪ੍ਰਤੀ ਲੋਕਾਂ ਨੇ ਕੀ ਪ੍ਰਤਿਕ੍ਰਿਆ ਦਿਖਾਈ, ਅਤੇ ਕੀ ਨਤੀਜਾ ਨਿਕਲਿਆ?
12 ਨੂਹ ਜਲ-ਪਰਲੋ ਵਿੱਚੋਂ ਜੀਵਨ ਦੇ ਬਚਾਉ ਲਈ ਕਿਸ਼ਤੀ ਦੇ ਨਿਰਮਾਤਾ ਵਜੋਂ ਪ੍ਰਸਿੱਧ ਹੈ। ਉਹ “ਧਰਮ ਦਾ ਪਰਚਾਰਕ” ਵੀ ਸੀ, ਪਰੰਤੂ ਉਸ ਦੇ ਸਮਕਾਲੀਆਂ ਨੇ ਉਸ ਦੇ ਪਰਮੇਸ਼ੁਰ-ਦਿੱਤ ਸੰਦੇਸ਼ ਉੱਤੇ “ਕੋਈ ਧਿਆਨ ਨਹੀਂ ਦਿੱਤਾ।” ਉਨ੍ਹਾਂ ਨੇ ਖਾਧਾ-ਪੀਤਾ, ਵਿਆਹ ਕੀਤੇ, ਬੱਚੇ ਪੈਦਾ ਕੀਤੇ, ਅਤੇ ਉਹ ਰੋਜ਼ਮੱਰਾ ਜੀਵਨ ਦੇ ਕੰਮ ਵਿਚ ਲੱਗੇ ਰਹੇ, ਜਦ ਤਕ ਕਿ ਜਲ-ਪਰਲੋ ਉਨ੍ਹਾਂ ਸਭਨਾਂ ਨੂੰ ਰੁੜ੍ਹਾ ਕੇ ਨਾ ਲੈ ਗਈ। (2 ਪਤਰਸ 2:5; ਉਤਪਤ 6:14) ਉਹ ਨੇਕ ਬੋਲੀ ਅਤੇ ਆਚਰਣ ਬਾਰੇ ਨਹੀਂ ਸੁਣਨਾ ਚਾਹੁੰਦੇ ਸਨ, ਜਿਵੇਂ ਕਿ ਅੱਜ ਦੀ ਦੁਸ਼ਟ ਪੀੜ੍ਹੀ ਵੀ ਉਨ੍ਹਾਂ ਗੱਲਾਂ ਨੂੰ ਸੁਣਨ ਤੋਂ ਇਨਕਾਰ ਕਰਦੀ ਹੈ ਜੋ ਯਹੋਵਾਹ ਦੇ ਗਵਾਹ “ਪਰਮੇਸ਼ੁਰ ਦੇ ਅੱਗੇ ਤੋਬਾ,” ਮਸੀਹ ਵਿਚ ਨਿਹਚਾ, ਧਾਰਮਿਕਤਾ, ਅਤੇ “ਹੋਣ ਵਾਲੀ ਅਦਾਲਤ” ਬਾਰੇ ਦੱਸਦੇ ਹਨ। (ਰਸੂਲਾਂ ਦੇ ਕਰਤੱਬ 20:20, 21; 24:24, 25) ਕੋਈ ਵੀ ਰਿਕਾਰਡ ਉਪਲਬਧ ਨਹੀਂ ਹੈ ਕਿ ਉਸ ਸਮੇਂ ਧਰਤੀ ਉੱਤੇ ਕਿੰਨੇ ਲੋਕੀ ਰਹਿੰਦੇ ਸਨ ਜਦੋਂ ਨੂਹ ਪਰਮੇਸ਼ੁਰ ਦਾ ਸੰਦੇਸ਼ ਐਲਾਨ ਕਰ ਰਿਹਾ ਸੀ। ਪਰੰਤੂ ਇਕ ਗੱਲ ਨਿਸ਼ਚਿਤ ਹੈ, ਧਰਤੀ ਦੀ ਆਬਾਦੀ 2370 ਸਾ.ਯੁ.ਪੂ. ਵਿਚ ਜ਼ਬਰਦਸਤ ਤਰੀਕੇ ਨਾਲ ਘਟਾਈ ਗਈ ਸੀ! ਉਸ ਜਲ-ਪਰਲੋ ਨੇ ਦੁਸ਼ਟਾਂ ਨੂੰ ਨਾਸ਼ ਕਰ ਦਿੱਤਾ, ਅਤੇ ਕੇਵਲ ਉਨ੍ਹਾਂ ਨੂੰ ਹੀ ਬਖ਼ਸ਼ਿਆ ਜੋ ਪਰਮੇਸ਼ੁਰ ਦੀ ਕਰਨੀ ਲਈ ਤਿਆਰ ਸਨ—ਨੂਹ ਅਤੇ ਉਸ ਦੇ ਪਰਿਵਾਰ ਦੇ ਬਾਕੀ ਸੱਤ ਜੀਅ।—ਉਤਪਤ 7:19-23; 2 ਪਤਰਸ 3:5, 6.
13. ਨੂਹ ਨੇ ਕਿਹੜੇ ਨਿਆਇਕ ਫ਼ੈਸਲੇ ਵਿਚ ਪੂਰਾ ਭਰੋਸਾ ਰੱਖਿਆ, ਅਤੇ ਉਸ ਨੇ ਇਸ ਦੇ ਅਨੁਸਾਰ ਕਿਵੇਂ ਕਾਰਜ ਕੀਤਾ?
13 ਪਰਮੇਸ਼ੁਰ ਨੇ ਨੂਹ ਨੂੰ ਸਾਲਾਂ ਪਹਿਲਾਂ ਨਹੀਂ ਦੱਸਿਆ ਕਿ ਜਲ-ਪਰਲੋ ਠੀਕ ਕਿਹੜੇ ਦਿਨ ਅਤੇ ਘੜੀ ਨੂੰ ਆਵੇਗੀ। ਪਰੰਤੂ, ਜਦੋਂ ਨੂਹ 480 ਸਾਲਾਂ ਦਾ ਸੀ, ਤਾਂ ਯਹੋਵਾਹ ਨੇ ਐਲਾਨ ਕੀਤਾ: “ਮੇਰਾ ਆਤਮਾ ਆਦਮੀ ਦੇ ਵਿਰੁੱਧ ਸਦਾ ਤੀਕਰ ਜੋਰ ਨਹੀਂ ਮਾਰੇਗਾ ਕਿਉਂਕਿ ਉਹ ਸਰੀਰ ਹੀ ਹੈ ਸੋ ਉਹ ਦੇ ਦਿਨ ਇੱਕ ਸੌ ਵੀਹ ਵਰਿਹਾਂ ਦੇ ਹੋਣਗੇ।” (ਉਤਪਤ 6:3) ਨੂਹ ਨੇ ਇਸ ਈਸ਼ਵਰੀ ਨਿਆਇਕ ਫ਼ੈਸਲੇ ਵਿਚ ਪੂਰਾ ਭਰੋਸਾ ਰੱਖਿਆ। 500 ਸਾਲ ਦੀ ਉਮਰ ਤੇ, ਉਸ “ਤੋਂ ਸ਼ੇਮ, ਹਾਮ ਤੇ ਯਾਫਥ ਜੰਮੇ,” ਅਤੇ ਉਨ੍ਹਾਂ ਦਿਨਾਂ ਦਾ ਰਿਵਾਜ ਸੰਕੇਤ ਕਰਦਾ ਹੈ ਕਿ 50 ਤੋਂ 60 ਸਾਲ ਬੀਤਣ ਦੇ ਬਾਅਦ ਹੀ ਉਸ ਦੇ ਪੁੱਤਰਾਂ ਨੇ ਵਿਆਹ ਕੀਤੇ। ਜਦੋਂ ਨੂਹ ਨੂੰ ਜਲ-ਪਰਲੋ ਵਿੱਚੋਂ ਬਚਾਉ ਲਈ ਕਿਸ਼ਤੀ ਬਣਾਉਣ ਲਈ ਕਿਹਾ ਗਿਆ, ਤਾਂ ਇਨ੍ਹਾਂ ਪੁੱਤਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਜ਼ਾਹਰਾ ਤੌਰ ਤੇ ਇਸ ਕੰਮ ਵਿਚ ਉਸ ਦੀ ਮਦਦ ਕੀਤੀ। ਸੰਭਵ ਹੈ ਕਿ ਕਿਸ਼ਤੀ ਦੀ ਉਸਾਰੀ ਅਤੇ ਨੂਹ ਦੀ ‘ਧਰਮ ਦੇ ਪਰਚਾਰਕ’ ਵਜੋਂ ਸੇਵਾ ਇੱਕੋ ਸਮੇਂ ਤੇ ਕੀਤੀ ਗਈ ਸੀ, ਜਿਸ ਕਾਰਨ ਜਲ-ਪਰਲੋ ਤੋਂ ਪਹਿਲਾਂ ਦੇ ਆਖ਼ਰੀ 40 ਤੋਂ 50 ਸਾਲਾਂ ਤਕ ਉਹ ਵਿਅਸਤ ਰਿਹਾ। (ਉਤਪਤ 5:32; 6:13-22) ਇਨ੍ਹਾਂ ਸਾਰੇ ਸਾਲਾਂ ਦੌਰਾਨ, ਉਸ ਨੇ ਅਤੇ ਉਸ ਦੇ ਪਰਿਵਾਰ ਨੇ ਨਿਹਚਾ ਵਿਚ ਕੰਮ ਕੀਤਾ। ਆਓ ਅਸੀਂ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਅਤੇ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਨਿਹਚਾ ਪ੍ਰਦਰਸ਼ਿਤ ਕਰੀਏ।—ਇਬਰਾਨੀਆਂ 11:7.
14. ਯਹੋਵਾਹ ਨੇ ਨੂਹ ਨੂੰ ਆਖ਼ਰਕਾਰ ਕੀ ਦੱਸਿਆ, ਅਤੇ ਕਿਉਂ?
14 ਜਿਉਂ ਹੀ ਕਿਸ਼ਤੀ ਤਿਆਰ ਹੋਣ ਵਾਲੀ ਸੀ, ਨੂਹ ਨੇ ਸ਼ਾਇਦ ਵਿਚਾਰ ਕੀਤਾ ਹੋਵੇ ਕਿ ਜਲ-ਪਰਲੋ ਨੇੜੇ ਹੈ, ਭਾਵੇਂ ਕਿ ਉਸ ਨੂੰ ਪਤਾ ਨਹੀਂ ਸੀ ਕਿ ਇਹ ਠੀਕ ਕਿਸ ਸਮੇਂ ਆਵੇਗੀ। ਆਖ਼ਰਕਾਰ ਯਹੋਵਾਹ ਨੇ ਉਸ ਨੂੰ ਦੱਸਿਆ: “ਸੱਤ ਦਿਨ ਅਜੇ ਬਾਕੀ ਹਨ ਤਾਂ ਮੈਂ ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਮੀਂਹ ਵਰ੍ਹਾਉਣ ਵਾਲਾ ਹਾਂ।” (ਉਤਪਤ 7:4) ਇਸ ਤੋਂ ਨੂਹ ਅਤੇ ਉਸ ਦੇ ਪਰਿਵਾਰ ਨੂੰ ਇੰਨਾ ਸਮਾਂ ਮਿਲਿਆ ਕਿ ਉਹ ਜਲ-ਪਰਲੋ ਆਉਣ ਤੋਂ ਪਹਿਲਾਂ ਸਭ ਪ੍ਰਕਾਰ ਦੇ ਜਾਨਵਰਾਂ ਨੂੰ ਕਿਸ਼ਤੀ ਦੇ ਅੰਦਰ ਲੈ ਜਾਣ ਅਤੇ ਖ਼ੁਦ ਵੀ ਦਾਖ਼ਲ ਹੋਣ। ਸਾਨੂੰ ਇਹ ਜਾਣਨ ਦੀ ਲੋੜ ਨਹੀਂ ਹੈ ਕਿ ਇਸ ਵਿਵਸਥਾ ਦਾ ਵਿਨਾਸ਼ ਕਿਹੜੇ ਦਿਨ ਅਤੇ ਘੜੀ ਸ਼ੁਰੂ ਹੋਵੇਗਾ; ਜਾਨਵਰਾਂ ਦਾ ਬਚਾਉ ਸਾਨੂੰ ਨਹੀਂ ਸੌਂਪਿਆ ਗਿਆ ਹੈ, ਅਤੇ ਸੰਭਾਵੀ ਬਚਣ ਵਾਲੇ ਮਾਨਵ ਪਹਿਲਾਂ ਤੋਂ ਹੀ ਪ੍ਰਤੀਕਾਤਮਕ ਕਿਸ਼ਤੀ, ਅਰਥਾਤ ਪਰਮੇਸ਼ੁਰ ਦੇ ਲੋਕਾਂ ਦੇ ਅਧਿਆਤਮਿਕ ਪਰਾਦੀਸ ਵਿਚ ਦਾਖ਼ਲ ਹੋ ਰਹੇ ਹਨ।
“ਜਾਗਦੇ ਰਹੋ”
15. (ੳ) ਆਪਣੇ ਸ਼ਬਦਾਂ ਵਿਚ, ਤੁਸੀਂ ਮੱਤੀ 24:40-44 ਵਿਚ ਪਾਏ ਜਾਂਦੇ ਯਿਸੂ ਦੇ ਸ਼ਬਦਾਂ ਦੀ ਕਿਵੇਂ ਵਿਆਖਿਆ ਕਰੋਗੇ? (ਅ) ਇਹ ਨਾ ਜਾਣਨਾ ਕਿ ਯਿਸੂ ਠੀਕ ਕਿਹੜੇ ਸਮੇਂ ਪਰਮੇਸ਼ੁਰ ਦਾ ਬਦਲਾ ਲੈਣ ਲਈ ਆਵੇਗਾ, ਦਾ ਕੀ ਪ੍ਰਭਾਵ ਪੈਂਦਾ ਹੈ?
15 ਆਪਣੀ ਮੌਜੂਦਗੀ ਬਾਰੇ, ਯਿਸੂ ਨੇ ਵਿਆਖਿਆ ਕੀਤੀ: “ਤਦ ਦੋ ਜਣੇ ਖੇਤ ਵਿੱਚ [ਕੰਮ ਕਰ ਰਹੇ] ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ। ਦੋ ਤੀਵੀਆਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ। ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ। ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖ਼ਬਰ ਹੁੰਦੀ ਭਈ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਸੰਨ੍ਹ ਲੱਗਣ ਨਾ ਦਿੰਦਾ। ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।” (ਮੱਤੀ 24:40-44; ਲੂਕਾ 17:34, 35) ਪਰਮੇਸ਼ੁਰ ਦਾ ਬਦਲਾ ਲੈਣ ਲਈ ਯਿਸੂ ਦੇ ਆਉਣ ਦੇ ਠੀਕ ਸਮੇਂ ਬਾਰੇ ਨਾ ਜਾਣਨਾ, ਸਾਨੂੰ ਚੌਕਸ ਰੱਖਦਾ ਹੈ ਅਤੇ ਸਾਨੂੰ ਇਹ ਸਾਬਤ ਕਰਨ ਦਾ ਰੋਜ਼ਾਨਾ ਮੌਕਾ ਦਿੰਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਕਿਸੇ ਸੁਆਰਥ ਨਾਲ ਨਹੀਂ ਕਰਦੇ ਹਾਂ।
16. ‘ਛੱਡੇ ਜਾਂਦੇ’ ਅਤੇ ‘ਲੈ ਲਏ ਜਾਂਦੇ’ ਵਿਅਕਤੀਆਂ ਦਾ ਕੀ ਹੋਵੇਗਾ?
16 ਦੁਸ਼ਟਾਂ ਦੇ ਨਾਲ ਵਿਨਾਸ਼ ਲਈ ‘ਛੱਡੇ ਜਾਂਦੇ’ ਵਿਅਕਤੀਆਂ ਵਿਚ ਉਹ ਸ਼ਾਮਲ ਹਨ ਜੋ ਇਕ ਸਮੇਂ ਤੇ ਪ੍ਰਬੁੱਧ ਕੀਤੇ ਗਏ ਸਨ, ਪਰੰਤੂ ਸੁਆਰਥੀ ਜੀਵਨ-ਢੰਗ ਦੀ ਲਪੇਟ ਵਿਚ ਆ ਜਾਂਦੇ ਹਨ। ਆਓ ਅਸੀਂ ਉਨ੍ਹਾਂ ‘ਲੈ ਲਏ ਜਾਂਦੇ’ ਵਿਅਕਤੀਆਂ ਵਿਚ ਗਿਣੇ ਜਾਈਏ, ਜੋ ਯਹੋਵਾਹ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਪ੍ਰਾਪਤ ਉਸ ਦੇ ਅਧਿਆਤਮਿਕ ਪ੍ਰਬੰਧ ਲਈ ਸੱਚੇ ਦਿਲੋਂ ਸ਼ੁਕਰਗੁਜ਼ਾਰ ਹਨ। (ਮੱਤੀ 24:45-47) ਆਓ ਅਸੀਂ ਅੰਤ ਤਕ ਪਰਮੇਸ਼ੁਰ ਦੀ ਸੇਵਾ ਉਸ “ਪ੍ਰੇਮ” ਨਾਲ ਕਰੀਏ, “ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਹਕਰਨ ਅਤੇ ਨਿਸ਼ਕਪਟ ਨਿਹਚਾ ਤੋਂ ਹੁੰਦਾ ਹੈ।”—1 ਤਿਮੋਥਿਉਸ 1:5.
ਪਵਿੱਤਰ ਕੰਮ ਲਾਜ਼ਮੀ
17. (ੳ) 2 ਪਤਰਸ 3:10 ਵਿਚ ਕੀ ਭਵਿੱਖਬਾਣੀ ਕੀਤੀ ਗਈ ਸੀ? (ਅ) 2 ਪਤਰਸ 3:11 ਵਿਚ ਉਤਸ਼ਾਹਿਤ ਕੀਤੇ ਗਏ ਕੁਝ ਕੰਮ ਕਿਹੜੇ ਹਨ?
17 ਰਸੂਲ ਪਤਰਸ ਨੇ ਲਿਖਿਆ: “ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ ਜਿਹ ਦੇ ਵਿੱਚ ਅਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ।” (2 ਪਤਰਸ 3:10) ਪ੍ਰਤੀਕਾਤਮਕ ਅਕਾਸ਼ ਅਤੇ ਧਰਤੀ ਪਰਮੇਸ਼ੁਰ ਦੇ ਭੜਕਦੇ ਕ੍ਰੋਧ ਤੋਂ ਨਹੀਂ ਬਚਣਗੇ। ਇਸ ਲਈ ਪਤਰਸ ਅੱਗੇ ਕਹਿੰਦਾ ਹੈ: “ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ [“ਦਿਆਂ ਕੰਮਾਂ,” ਨਿ ਵ] ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ?” (2 ਪਤਰਸ 3:11) ਇਨ੍ਹਾਂ ਕੰਮਾਂ ਵਿਚ ਮਸੀਹੀ ਸਭਾਵਾਂ ਵਿਚ ਨਿਯਮਿਤ ਹਾਜ਼ਰੀ, ਦੂਜਿਆਂ ਦਾ ਭਲਾ ਕਰਨਾ, ਅਤੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਅਰਥਪੂਰਣ ਭਾਗ ਲੈਣਾ ਸ਼ਾਮਲ ਹੈ।—ਮੱਤੀ 24:14; ਇਬਰਾਨੀਆਂ 10:24, 25; 13:16.
18. ਜੇਕਰ ਅਸੀਂ ਸੰਸਾਰ ਨਾਲ ਲਗਾਉ ਵਿਕਸਿਤ ਕਰ ਰਹੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
18 ‘ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਦੇ ਕੰਮ’ ਮੰਗ ਕਰਦੇ ਹਨ ਕਿ ਅਸੀਂ ‘ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖੀਏ।’ (ਯਾਕੂਬ 1:27) ਪਰੰਤੂ ਉਦੋਂ ਕੀ ਜੇਕਰ ਅਸੀਂ ਇਸ ਸੰਸਾਰ ਨਾਲ ਲਗਾਉ ਵਿਕਸਿਤ ਕਰ ਰਹੇ ਹਾਂ? ਸ਼ਾਇਦ ਅਸੀਂ ਅਸ਼ੁੱਧ ਮਨੋਰੰਜਨ ਦੀ ਭਾਲ ਕਰਨ ਦੁਆਰਾ ਜਾਂ ਇਸ ਸੰਸਾਰ ਦੀ ਅਧਰਮੀ ਮਨੋਬਿਰਤੀ ਨੂੰ ਉਤਸ਼ਾਹਿਤ ਕਰਨ ਵਾਲੇ ਸੰਗੀਤ ਅਤੇ ਗੀਤਾਂ ਨੂੰ ਸੁਣਨ ਦੁਆਰਾ, ਅਣਜਾਣੇ ਵਿਚ ਪਰਮੇਸ਼ੁਰ ਦੇ ਅੱਗੇ ਇਕ ਖ਼ਤਰਨਾਕ ਸਥਿਤੀ ਅਪਣਾ ਰਹੇ ਹਾਂ। (2 ਕੁਰਿੰਥੀਆਂ 6:14-18) ਜੇਕਰ ਅਜਿਹੀ ਗੱਲ ਹੈ, ਤਾਂ ਆਓ ਅਸੀਂ ਪ੍ਰਾਰਥਨਾ ਵਿਚ ਪਰਮੇਸ਼ੁਰ ਤੋਂ ਮਦਦ ਮੰਗੀਏ ਤਾਂਕਿ ਅਸੀਂ ਸੰਸਾਰ ਨਾਲ ਨਾਸ਼ ਨਾ ਹੋਈਏ ਬਲਕਿ ਮਨੁੱਖ ਦੇ ਪੁੱਤਰ ਸਾਮ੍ਹਣੇ ਪ੍ਰਵਾਨਿਤ ਖੜ੍ਹੇ ਹੋ ਸਕੀਏ। (ਲੂਕਾ 21:34-36; 1 ਯੂਹੰਨਾ 2:15-17) ਜੇਕਰ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕੀਤਾ ਹੈ, ਤਾਂ ਅਸੀਂ ਯਕੀਨਨ ਉਸ ਨਾਲ ਇਕ ਨਿੱਘਾ ਸੰਬੰਧ ਬਣਾਉਣ ਅਤੇ ਕਾਇਮ ਰੱਖਣ ਦੇ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹਾਂਗੇ ਅਤੇ ਇਸ ਤਰ੍ਹਾਂ ਯਹੋਵਾਹ ਦੇ ਵੱਡੇ ਅਤੇ ਹੌਲਨਾਕ ਦਿਨ ਲਈ ਤਿਆਰ ਰਹਾਂਗੇ।
19. ਰਾਜ ਘੋਸ਼ਕਾਂ ਦੀ ਬਹੁਗਿਣਤੀ ਕਿਉਂ ਇਸ ਦੁਸ਼ਟ ਰੀਤੀ-ਵਿਵਸਥਾ ਦੀ ਸਮਾਪਤੀ ਵਿੱਚੋਂ ਬਚ ਨਿਕਲਣ ਦੀ ਆਸ ਰੱਖ ਸਕਦੀ ਹੈ?
19 ਧਰਮੀ ਨੂਹ ਅਤੇ ਉਸ ਦਾ ਪਰਿਵਾਰ ਉਸ ਜਲ-ਪਰਲੋ ਵਿੱਚੋਂ ਬਚ ਨਿਕਲੇ ਜਿਸ ਨੇ ਪ੍ਰਾਚੀਨ ਸੰਸਾਰ ਨੂੰ ਨਸ਼ਟ ਕਰ ਦਿੱਤਾ ਸੀ। ਨੇਕ ਵਿਅਕਤੀ 70 ਸਾ.ਯੁ. ਵਿਚ ਯਹੂਦੀ ਰੀਤੀ-ਵਿਵਸਥਾ ਦੇ ਅੰਤ ਵਿੱਚੋਂ ਬਚ ਨਿਕਲੇ। ਮਿਸਾਲ ਲਈ, ਰਸੂਲ ਯੂਹੰਨਾ ਲਗਭਗ 96-98 ਸਾ.ਯੁ. ਵਿਚ ਪਰਮੇਸ਼ੁਰ ਦੀ ਸੇਵਾ ਵਿਚ ਉਦੋਂ ਵੀ ਸਰਗਰਮ ਸੀ, ਜਦੋਂ ਉਸ ਨੇ ਪਰਕਾਸ਼ ਦੀ ਪੋਥੀ, ਆਪਣਾ ਇੰਜੀਲ ਬਿਰਤਾਂਤ, ਅਤੇ ਤਿੰਨ ਪ੍ਰੇਰਿਤ ਪੱਤਰੀਆਂ ਲਿਖੀਆਂ। ਸੰਭਵ ਹੈ ਕਿ 33 ਸਾ.ਯੁ. ਦੇ ਪੰਤੇਕੁਸਤ ਵੇਲੇ ਸੱਚੀ ਨਿਹਚਾ ਨੂੰ ਅਪਣਾਉਣ ਵਾਲੇ ਹਜ਼ਾਰਾਂ ਲੋਕਾਂ ਵਿੱਚੋਂ ਅਨੇਕ ਲੋਕ ਯਹੂਦੀ ਵਿਵਸਥਾ ਦੇ ਅੰਤ ਵਿੱਚੋਂ ਬਚ ਨਿਕਲੇ ਹੋਣਗੇ। (ਰਸੂਲਾਂ ਦੇ ਕਰਤੱਬ 1:15; 2:41, 47; 4:4) ਅੱਜ ਰਾਜ ਘੋਸ਼ਕਾਂ ਦੀ ਬਹੁਗਿਣਤੀ ਇਸ ਵਰਤਮਾਨ ਦੁਸ਼ਟ ਰੀਤੀ-ਵਿਵਸਥਾ ਦੀ ਸਮਾਪਤੀ ਵਿੱਚੋਂ ਬਚ ਨਿਕਲਣ ਦੀ ਉਮੀਦ ਰੱਖ ਸਕਦੀ ਹੈ।
20. ਸਾਨੂੰ ਕਿਉਂ ‘ਧਰਮ ਦੇ’ ਸਰਗਰਮ “ਪਰਚਾਰਕ” ਬਣਨਾ ਚਾਹੀਦਾ ਹੈ?
20 ਕਿਉਂ ਜੋ ਸਾਡੇ ਅੱਗੇ ਨਵੇਂ ਸੰਸਾਰ ਵਿਚ ਬਚ ਕੇ ਜਾਣ ਦੀ ਉਮੀਦ ਹੈ, ਆਓ ਅਸੀਂ ‘ਧਰਮ ਦੇ’ ਸਰਗਰਮ “ਪਰਚਾਰਕ” ਬਣੀਏ। ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਪਰਮੇਸ਼ੁਰ ਦੀ ਸੇਵਾ ਕਰਨਾ ਕਿੰਨਾ ਹੀ ਵੱਡਾ ਵਿਸ਼ੇਸ਼-ਸਨਮਾਨ ਹੈ! ਅਤੇ ਲੋਕਾਂ ਨੂੰ ਵਰਤਮਾਨ ਦਿਨ ਦੀ “ਕਿਸ਼ਤੀ,” ਅਰਥਾਤ ਅਧਿਆਤਮਿਕ ਪਰਾਦੀਸ ਜਿਸ ਦਾ ਆਨੰਦ ਪਰਮੇਸ਼ੁਰ ਦੇ ਲੋਕ ਮਾਣ ਰਹੇ ਹਨ, ਵੱਲ ਨਿਰਦੇਸ਼ਿਤ ਕਰਨਾ ਕਿੰਨੀ ਹੀ ਖ਼ੁਸ਼ੀ ਦੀ ਗੱਲ ਹੈ! ਇੰਜ ਹੋਵੇ ਕਿ ਲੱਖਾਂ ਲੋਕ ਜੋ ਇਸ ਸਮੇਂ ਇਸ ਵਿਚ ਹਨ, ਉਹ ਵਫ਼ਾਦਾਰ ਰਹਿਣ, ਅਧਿਆਤਮਿਕ ਤੌਰ ਤੇ ਜਾਗਦੇ ਰਹਿਣ, ਅਤੇ ਯਹੋਵਾਹ ਦੇ ਮਹਾਨ ਦਿਨ ਲਈ ਤਿਆਰ ਰਹਿਣ। ਪਰੰਤੂ ਸਾਨੂੰ ਸਾਰਿਆਂ ਨੂੰ ਜਾਗਦੇ ਰਹਿਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਦੇ ਅਧਿਆਇ 10 ਅਤੇ 11 ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਯਹੋਵਾਹ ਦੇ ਦਿਨ ਅਤੇ ਮਸੀਹ ਦੀ ਮੌਜੂਦਗੀ ਬਾਰੇ ਕੁਝ ਲੋਕਾਂ ਦੀਆਂ ਕੀ ਆਸਾਂ ਸਨ?
◻ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਨੂਹ ਅਤੇ ਉਸ ਦਾ ਪਰਿਵਾਰ ਜਲ-ਪਰਲੋ ਦੇ ਲਈ ਤਿਆਰ ਸੀ?
◻ ਜਿਹੜੇ ਲੋਕ ‘ਜਾਗਦੇ ਰਹਿੰਦੇ’ ਹਨ ਅਤੇ ਜਿਹੜੇ ਨਹੀਂ ਜਾਗਦੇ ਰਹਿੰਦੇ ਹਨ, ਉਨ੍ਹਾਂ ਦਾ ਕੀ ਹੋਵੇਗਾ?
◻ ਪਵਿੱਤਰ ਕੰਮ ਕਿਉਂ ਲਾਜ਼ਮੀ ਹਨ, ਖ਼ਾਸ ਕਰਕੇ ਜਿਉਂ-ਜਿਉਂ ਅਸੀਂ ਯਹੋਵਾਹ ਦੇ ਮਹਾਨ ਦਿਨ ਦੇ ਨੇੜੇ ਅੱਪੜਦੇ ਹਾਂ?