ਤੁਹਾਡੀ ਨਿਹਚਾ ਦੀ ਖੂਬੀ—ਹੁਣ ਪਰਖੀ ਜਾਂਦੀ ਹੈ
“ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ।”—ਯਾਕੂਬ 1:2, 3.
1. ਮਸੀਹੀਆਂ ਨੂੰ ਆਪਣੀ ਨਿਹਚਾ ਦੀਆਂ ਪਰੀਖਿਆਵਾਂ ਦੀ ਆਸ ਕਿਉਂ ਰੱਖਣੀ ਚਾਹੀਦੀ ਹੈ?
ਸੱ ਚੇ ਮਸੀਹੀ ਦੁੱਖ ਸਹਿਣਾ ਨਹੀਂ ਚਾਹੁੰਦੇ, ਅਤੇ ਦਰਦ ਜਾਂ ਅਪਮਾਨ ਤੋਂ ਕੋਈ ਖ਼ੁਸ਼ੀ ਨਹੀਂ ਪਾਉਂਦੇ। ਫਿਰ ਵੀ, ਉਹ ਯਿਸੂ ਦੇ ਮਤਰੇਆ ਭਰਾ ਯਾਕੂਬ ਦੁਆਰਾ ਲਿਖੇ ਗਏ ਉਪਰਲੇ ਸ਼ਬਦਾਂ ਨੂੰ ਧਿਆਨ ਵਿਚ ਰੱਖਦੇ ਹਨ। ਮਸੀਹ ਨੇ ਆਪਣੇ ਚੇਲਿਆਂ ਨੂੰ ਸਾਫ਼-ਸਾਫ਼ ਦੱਸਿਆ ਕਿ ਪਰਮੇਸ਼ੁਰ ਦੇ ਮਿਆਰਾਂ ਤੇ ਪੱਕੇ ਰਹਿਣ ਕਾਰਨ ਉਹ ਸਤਾਹਟ ਅਤੇ ਹੋਰ ਕਠਿਨਾਈਆਂ ਦੀ ਆਸ ਰੱਖ ਸਕਦੇ ਸਨ। (ਮੱਤੀ 10:34; 24:9-13; ਯੂਹੰਨਾ 16:33) ਫਿਰ ਵੀ, ਅਜਿਹੀਆਂ ਪਰੀਖਿਆਵਾਂ ਦਾ ਨਤੀਜਾ ਆਨੰਦ ਹੋ ਸਕਦਾ ਹੈ। ਇਹ ਕਿਵੇਂ?
2. (ੳ) ਸਾਡੀ ਨਿਹਚਾ ਦੀਆਂ ਪਰੀਖਿਆਵਾਂ ਆਨੰਦ ਕਿਵੇਂ ਲਿਆ ਸਕਦੀਆਂ ਹਨ? (ਅ) ਸਾਡੇ ਮਾਮਲੇ ਵਿਚ ਧੀਰਜ ਦਾ ਕੰਮ ਪੂਰਣ ਕਿਵੇਂ ਹੋ ਸਕਦਾ ਹੈ?
2 ਨਿਹਚਾ ਦੀਆਂ ਅਜ਼ਮਾਇਸ਼ਾਂ ਜਾਂ ਪਰੀਖਿਆਵਾਂ ਅਧੀਨ ਆਨੰਦ ਪਾਉਣ ਦਾ ਮੁੱਖ ਕਾਰਨ ਇਹ ਹੈ ਕਿ ਇਹ ਚੰਗਾ ਫਲ ਉਤਪੰਨ ਕਰ ਸਕਦੀਆਂ ਹਨ। ਜਿਵੇਂ ਯਾਕੂਬ ਕਹਿੰਦਾ ਹੈ, ਪਰੀਖਿਆਵਾਂ ਜਾਂ ਕਠਿਨਾਈਆਂ ਦਾ ਸਾਮ੍ਹਣਾ ਕਰਦੇ ਸਮੇਂ ਹੌਸਲਾ ਰੱਖਣਾ “ਧੀਰਜ ਬਣਾਉਂਦੀ ਹੈ।” ਅਸੀਂ ਇਸ ਕੀਮਤੀ ਮਸੀਹੀ ਗੁਣ ਨੂੰ ਵਧਾਉਣ ਤੋਂ ਲਾਭ ਉਠਾ ਸਕਦੇ ਹਾਂ। ਯਾਕੂਬ ਨੇ ਲਿਖਿਆ: “ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ।” (ਯਾਕੂਬ 1:4) ਧੀਰਜ ਦਾ ਇਕ “ਕੰਮ” ਹੈ। ਇਸ ਦਾ ਸੌਂਪਿਆ ਕੰਮ ਹੈ ਸਾਨੂੰ ਹਰ ਤਰ੍ਹਾਂ ਪੂਰਣ ਬਣਾਉਣਾ, ਸੰਤੁਲਿਤ ਅਤੇ ਪ੍ਰੌੜ੍ਹ ਮਸੀਹੀ ਬਣਨ ਵਿਚ ਸਾਡੀ ਸਹਾਇਤਾ ਕਰਨੀ। ਇਸ ਲਈ, ਅਜ਼ਮਾਇਸ਼ਾਂ ਨੂੰ ਸ਼ਾਸਤਰ-ਵਿਰੋਧੀ ਤਰੀਕਿਆਂ ਨਾਲ ਜਲਦੀ ਖ਼ਤਮ ਕਰਨ ਦੇ ਕਿਸੇ ਜਤਨ ਬਿਨਾਂ, ਉਨ੍ਹਾਂ ਨੂੰ ਜਾਰੀ ਰਹਿਣ ਦੁਆਰਾ ਸਾਡੀ ਨਿਹਚਾ ਪਰਖੀ ਅਤੇ ਸ਼ੁੱਧ ਕੀਤੀ ਜਾਂਦੀ ਹੈ। ਜੇ ਸਥਿਤੀਆਂ ਨਾਲ ਨਿਪਟਣ ਜਾਂ ਸਾਥੀ ਮਨੁੱਖਾਂ ਨਾਲ ਵਰਤਾਉ ਕਰਨ ਵਿਚ ਸਾਡੇ ਵਿਚ ਸਬਰ, ਦਇਆ, ਦਿਆਲਗੀ, ਜਾਂ ਪਿਆਰ ਦੀ ਕਮੀ ਰਹੀ ਹੋਵੇ, ਤਾਂ ਧੀਰਜ ਸਾਨੂੰ ਹੋਰ ਜ਼ਿਆਦਾ ਪੂਰਣ ਬਣਾ ਸਕਦਾ ਹੈ। ਜੀ ਹਾਂ, ਸਿਲਸਿਲਾ ਇਸ ਤਰ੍ਹਾਂ ਹੈ: ਪਰੀਖਿਆਵਾਂ ਧੀਰਜ ਉਤਪੰਨ ਕਰਦੀਆਂ ਹਨ; ਧੀਰਜ ਮਸੀਹੀ ਗੁਣਾਂ ਨੂੰ ਵਧਾਉਂਦਾ ਹੈ; ਇਹ ਆਨੰਦ ਦਾ ਕਾਰਨ ਹਨ।—1 ਪਤਰਸ 4:14; 2 ਪਤਰਸ 1:5-8.
3. ਸਾਨੂੰ ਨਿਹਚਾ ਦੀਆਂ ਅਜ਼ਮਾਇਸ਼ਾਂ ਜਾਂ ਪਰੀਖਿਆਵਾਂ ਤੋਂ ਡਰ ਨਾਲ ਪਿੱਛੇ ਕਿਉਂ ਨਹੀਂ ਹਟਣਾ ਚਾਹੀਦਾ?
3 ਰਸੂਲ ਪਤਰਸ ਨੇ ਵੀ ਉਜਾਗਰ ਕੀਤਾ ਕਿ ਸਾਨੂੰ ਆਪਣੀ ਨਿਹਚਾ ਦੀਆਂ ਪਰੀਖਿਆਵਾਂ ਤੋਂ ਡਰਣ ਜਾਂ ਪਿੱਛੇ ਹਟਣ ਦੀ ਕਿਉਂ ਲੋੜ ਨਹੀਂ। ਉਸ ਨੇ ਲਿਖਿਆ: “ਇਹ ਦੇ ਵਿੱਚ ਤੁਸੀਂ ਵੱਡਾ ਅਨੰਦ ਕਰਦੇ ਹੋ ਭਾਵੇਂ ਹੁਣ ਥੋੜਾਕੁ ਚਿਰ ਜੇਕਰ ਲੋੜੀਦਾ ਹੋਵੇ ਤਾਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋਏ ਹੋ। ਤਾਂ ਜੋ ਤੁਹਾਡੀ ਪਰਖੀ ਹੋਈ ਨਿਹਚਾ ਜਿਹੜੀ ਨਾਸ ਹੋਣ ਵਾਲੇ ਸੋਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਵੀ ਜਾਵੇ ਅੱਤ ਭਾਰੇ ਮੁੱਲ ਦੀ ਹੈ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਜੋਗ ਨਿੱਕਲੇ।” (1 ਪਤਰਸ 1:6, 7) ਇਹ ਸ਼ਬਦ ਖ਼ਾਸ ਕਰਕੇ ਹੁਣ ਹੌਸਲਾ ਵਧਾਉਂਦੇ ਹਨ ਕਿਉਂਕਿ “ਵੱਡਾ ਕਸ਼ਟ”—ਪ੍ਰਸ਼ੰਸਾ, ਮਹਿਮਾ, ਮਾਣ, ਅਤੇ ਬਚਾਅ ਦਾ ਸਮਾਂ—ਇੰਨਾ ਦੂਰ ਨਹੀਂ ਹੈ ਜਿੰਨਾ ਕਿ ਕੁਝ ਲੋਕ ਸੋਚਣ ਅਤੇ ਉਸ ਸਮੇਂ ਨਾਲੋਂ ਜ਼ਿਆਦਾ ਨੇੜੇ ਹੈ ਜਦੋਂ ਅਸੀਂ ਵਿਸ਼ਵਾਸੀ ਬਣੇ।—ਮੱਤੀ 24:21; ਰੋਮੀਆਂ 13:11, 12.
4. ਇਕ ਭਰਾ ਨੇ ਉਸ ਉੱਤੇ ਅਤੇ ਦੂਜੇ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਆਉਣ ਵਾਲੀਆਂ ਪਰੀਖਿਆਵਾਂ ਬਾਰੇ ਕਿਵੇਂ ਮਹਿਸੂਸ ਕੀਤਾ?
4 ਪਿੱਛਲੇ ਲੇਖ ਵਿਚ, ਅਸੀਂ 1914 ਤੋਂ ਲੈ ਕੇ ਉਨ੍ਹਾਂ ਪਰੀਖਿਆਵਾਂ ਉੱਤੇ ਵਿਚਾਰ ਕੀਤਾ ਜਿਨ੍ਹਾਂ ਦਾ ਮਸਹ ਕੀਤੇ ਹੋਏ ਬਕੀਏ ਨੇ ਸਾਮ੍ਹਣਾ ਕੀਤਾ ਸੀ। ਕੀ ਇਹ ਆਨੰਦ ਦਾ ਕਾਰਨ ਸਨ? ਏ. ਏਚ. ਮਕਮਿਲਨ ਨੇ ਅਤੀਤ ਬਾਰੇ ਸੋਚਦੇ ਹੋਏ ਇਹ ਦ੍ਰਿਸ਼ਟੀਕੋਣ ਪੇਸ਼ ਕੀਤਾ: “ਮੈਂ ਸੰਸਥਾ ਉੱਤੇ ਆਈਆਂ ਕਈ ਸਖ਼ਤ ਅਜ਼ਮਾਇਸ਼ਾਂ ਨੂੰ ਅਤੇ ਉਸ ਵਿਚ ਲੋਕਾਂ ਦੀ ਨਿਹਚਾ ਦੀਆਂ ਪਰੀਖਿਆਵਾਂ ਨੂੰ ਦੇਖਿਆ ਹੈ। ਪਰਮੇਸ਼ੁਰ ਦੀ ਆਤਮਾ ਦੀ ਮਦਦ ਨਾਲ ਉਹ ਬਚ ਗਈ ਅਤੇ ਵਧਦੀ-ਫੁੱਲਦੀ ਗਈ। ਕਿਸੇ ਨਵੇਂ ਖ਼ਿਆਲ ਬਾਰੇ ਪਰੇਸ਼ਾਨ ਹੋਣ ਦੀ ਬਜਾਇ, ਮੈਂ ਸ਼ਾਸਤਰ-ਸੰਬੰਧੀ ਗੱਲਾਂ ਦੀ ਸਾਡੀ ਸਮਝ ਨੂੰ ਸਪੱਸ਼ਟ ਕਰਨ ਲਈ ਯਹੋਵਾਹ ਉੱਤੇ ਸਬਰ ਕਰ ਕੇ ਉਡੀਕ ਕਰਨ ਦੀ ਬੁੱਧ ਨੂੰ ਦੇਖਿਆ ਹੈ। . . . ਸਮੇਂ-ਸਮੇਂ ਤੇ ਚਾਹੇ ਸਾਨੂੰ ਆਪਣੀ ਦ੍ਰਿਸ਼ਟੀ ਵਿਚ ਕੋਈ ਵੀ ਤਬਦੀਲੀਆਂ ਕਿਉਂ ਨਾ ਕਰਨੀਆਂ ਪੈਂਦੀਆਂ, ਇਹ ਰਿਹਾਈ-ਕੀਮਤ ਦੇ ਕਿਰਪਾਲੂ ਪ੍ਰਬੰਧ ਨੂੰ ਅਤੇ ਸਦੀਪਕ ਜੀਵਨ ਦੇ ਪਰਮੇਸ਼ੁਰ ਦੇ ਵਾਅਦੇ ਨੂੰ ਨਹੀਂ ਬਦਲਦਾ। ਇਸ ਲਈ ਅਧੂਰੀਆਂ ਉਮੀਦਾਂ ਜਾਂ ਦ੍ਰਿਸ਼ਟੀ ਵਿਚ ਤਬਦੀਲੀਆਂ ਦੇ ਕਾਰਨ ਸਾਨੂੰ ਆਪਣੀ ਨਿਹਚਾ ਨੂੰ ਕਮਜ਼ੋਰ ਹੋ ਲੈਣ ਦੀ ਕੋਈ ਲੋੜ ਨਹੀਂ ਸੀ।”—ਪਹਿਰਾਬੁਰਜ (ਅੰਗ੍ਰੇਜ਼ੀ), ਅਗਸਤ 15, 1966, ਸਫ਼ਾ 504.
5. (ੳ) ਬਕੀਏ ਦੇ ਪਰਖੇ ਜਾਣ ਤੋਂ ਕਿਹੜੇ ਲਾਭ ਆਏ ਸਨ? (ਅ) ਪਰਖੇ ਜਾਣ ਦੀ ਗੱਲ ਹੁਣ ਸਾਡੇ ਲਈ ਦਿਲਚਸਪ ਕਿਉਂ ਹੈ?
5 ਮਸਹ ਕੀਤੇ ਹੋਏ ਮਸੀਹੀ ਜਿਹੜੇ 1914-1919 ਦੇ ਪਰੀਖਿਆ ਦੇ ਸਮੇਂ ਤੋਂ ਬਚ ਨਿਕਲੇ, ਉਹ ਸੰਸਾਰ ਦੇ ਪ੍ਰਬਲ ਪ੍ਰਭਾਵ ਤੋਂ ਅਤੇ ਕਈ ਬਾਬੁਲੀ ਧਾਰਮਿਕ ਰੀਤਾਂ ਤੋਂ ਮੁਕਤ ਕੀਤੇ ਗਏ ਸਨ। ਬਕੀਆ ਸਾਫ਼ ਅਤੇ ਸ਼ੁੱਧ ਕੀਤੇ ਗਏ ਲੋਕਾਂ ਦੇ ਤੌਰ ਤੇ ਅੱਗੇ ਵਧਿਆ, ਖ਼ੁਸ਼ੀ ਨਾਲ ਪਰਮੇਸ਼ੁਰ ਨੂੰ ਉਸਤਤ ਦੀਆਂ ਬਲੀਆਂ ਪੇਸ਼ ਕਰਦਿਆਂ ਅਤੇ ਇਹ ਭਰੋਸਾ ਰੱਖਦਿਆਂ ਕਿ ਇਕ ਲੋਕ ਵਜੋਂ ਉਹ ਉਸ ਨੂੰ ਸਵੀਕਾਰਯੋਗ ਸਨ। (ਯਸਾਯਾਹ 52:11; 2 ਕੁਰਿੰਥੀਆਂ 6:14-18) ਨਿਆਉਂ ਪਰਮੇਸ਼ੁਰ ਦੇ ਭਵਨ ਨਾਲ ਸ਼ੁਰੂ ਹੋ ਚੁੱਕਾ ਸੀ, ਪਰ ਇਹ ਕਿਸੇ ਬੰਨ੍ਹੇ ਸਮੇਂ ਵਿਚ ਹੀ ਪੂਰਾ ਨਹੀਂ ਹੋਣਾ ਸੀ। ਪਰਮੇਸ਼ੁਰ ਦੇ ਲੋਕਾਂ ਦਾ ਪਰਖਣਾ ਅਤੇ ਛਾਣਨਾ ਜਾਰੀ ਹੈ। ਜਿਹੜੇ “ਵੱਡੀ ਭੀੜ” ਦੇ ਹਿੱਸੇ ਵਜੋਂ ਨੇੜੇ ਅੱਪੜ ਰਹੀ “ਵੱਡੀ ਬਿਪਤਾ” ਤੋਂ ਬਚ ਨਿਕਲਣ ਦੀ ਆਸ ਰੱਖਦੇ ਹਨ, ਉਨ੍ਹਾਂ ਦੀ ਵੀ ਨਿਹਚਾ ਪਰਖੀ ਜਾ ਰਹੀ ਹੈ। (ਪਰਕਾਸ਼ ਦੀ ਪੋਥੀ 7:9, 14) ਇਹ ਹੋਰ ਤਰੀਕਿਆਂ ਦੇ ਨਾਲ-ਨਾਲ ਉਨ੍ਹਾਂ ਸਮਾਨ ਤਰੀਕਿਆਂ ਵਿਚ ਵੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਮਸਹ ਕੀਤੇ ਹੋਏ ਬਕੀਏ ਨੇ ਸਾਮ੍ਹਣਾ ਕੀਤਾ ਸੀ।
ਤੁਹਾਨੂੰ ਸ਼ਾਇਦ ਕਿਵੇਂ ਪਰਖਿਆ ਜਾਵੇਗਾ
6. ਇਕ ਤਰ੍ਹਾਂ ਦੀ ਸਖ਼ਤ ਪਰੀਖਿਆ ਕਿਹੜੀ ਹੈ, ਜਿਸ ਨੂੰ ਕਈਆਂ ਨੇ ਸਹਿਣ ਕੀਤਾ?
6 ਕਈ ਮਸੀਹੀਆਂ ਨੇ ਸਿੱਧੇ ਸਾਮ੍ਹਣਿਓਂ ਹਮਲਿਆਂ ਦੇ ਰੂਪ ਵਿਚ ਆਉਣ ਵਾਲੀਆਂ ਪਰੀਖਿਆਵਾਂ ਦੀ ਚੁਣੌਤੀ ਵਿਚ ਦ੍ਰਿੜ੍ਹ ਰਹਿਣ ਬਾਰੇ ਸੋਚਿਆ ਹੈ। ਉਹ ਇਹ ਰਿਪੋਰਟ ਯਾਦ ਰੱਖਦੇ ਹਨ: “[ਯਹੂਦੀ ਆਗੂਆਂ] ਨੇ . . . ਰਸੂਲਾਂ ਨੂੰ ਕੋਲ ਸੱਦਿਆ ਤਾਂ ਮਾਰ ਕੁੱਟ ਕੇ ਓਹਨਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫੇਰ ਓਹਨਾਂ ਨੂੰ ਛੱਡ ਦਿੱਤਾ। ਸੋ ਓਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚੱਲੇ ਗਏ।” (ਰਸੂਲਾਂ ਦੇ ਕਰਤੱਬ 5:40, 41) ਅਤੇ ਪਰਮੇਸ਼ੁਰ ਦੇ ਲੋਕਾਂ ਦਾ ਆਧੁਨਿਕ ਇਤਿਹਾਸ, ਖ਼ਾਸ ਕਰਕੇ ਵਿਸ਼ਵ ਯੁੱਧਾਂ ਦੌਰਾਨ, ਸਪੱਸ਼ਟ ਕਰਦਾ ਹੈ ਕਿ ਯਹੋਵਾਹ ਦੇ ਕਈ ਗਵਾਹਾਂ ਨੇ ਸਤਾਉਣ ਵਾਲਿਆਂ ਦੇ ਹੱਥੋਂ ਸੱਚ-ਮੁੱਚ ਕੁੱਟ-ਮਾਰ ਖਾਧੀ, ਅਤੇ ਇਸ ਤੋਂ ਵੀ ਕੀਤੇ ਬੁਰੇ ਹਾਲਤ ਸਹਿਣ ਕੀਤੇ।
7. ਕੁਝ ਆਧੁਨਿਕ ਦਿਨ ਦੇ ਮਸੀਹੀ ਨਿਹਚਾ ਦਿਖਾਉਣ ਵਿਚ ਕਿਸ ਹੱਦ ਤਕ ਗਏ ਹਨ?
7 ਮਸੀਹੀਆਂ ਦਾ ਸਤਾਹਟ ਦੇ ਨਿਸ਼ਾਨੇ ਹੋਣ ਦੇ ਸੰਬੰਧ ਵਿਚ, ਸੰਸਾਰ ਮਸਹ ਕੀਤੇ ਹੋਏ ਬਕੀਏ ਅਤੇ ਵੱਡੀ ਭੀੜ ਦੀਆਂ ‘ਹੋਰ ਭੇਡਾਂ’ ਦੇ ਦਰਮਿਆਨ ਕੋਈ ਵੀ ਫ਼ਰਕ ਨਹੀਂ ਕਰਦਾ। (ਯੂਹੰਨਾ 10:16) ਸਾਲਾਂ ਦੇ ਦੌਰਾਨ, ਪਰਮੇਸ਼ੁਰ ਲਈ ਆਪਣੇ ਪ੍ਰੇਮ ਅਤੇ ਉਸ ਵਿਚ ਆਪਣੀ ਨਿਹਚਾ ਦੇ ਕਾਰਨ, ਦੋਵੇਂ ਸਮੂਹਾਂ ਦੇ ਮੈਂਬਰਾਂ ਨੂੰ ਕੈਦ ਅਤੇ ਸ਼ਹੀਦੀ ਦੁਆਰਾ ਵੀ ਸਖ਼ਤੀ ਨਾਲ ਪਰਖਿਆ ਗਿਆ ਹੈ। ਉਨ੍ਹਾਂ ਦੀ ਉਮੀਦ ਦੇ ਬਾਵਜੂਦ, ਦੋਵੇਂ ਸਮੂਹਾਂ ਨੂੰ ਪਰਮੇਸ਼ੁਰ ਦੀ ਆਤਮਾ ਦੀ ਲੋੜ ਪਈ ਹੈ। (ਤੁਲਨਾ ਕਰੋ ਪਹਿਰਾਬੁਰਜ [ਅੰਗ੍ਰੇਜ਼ੀ], ਜੂਨ 15, 1996, ਸਫ਼ਾ 31.) ਨਾਜ਼ੀ ਜਰਮਨੀ ਵਿਚ 1930 ਅਤੇ 1940 ਦੇ ਦਹਾਕਿਆਂ ਦੌਰਾਨ, ਬੱਚਿਆਂ ਸਮੇਤ ਯਹੋਵਾਹ ਦੇ ਕਈ ਸੇਵਕਾਂ ਨੇ ਅਸਾਧਾਰਣ ਨਿਹਚਾ ਪ੍ਰਗਟ ਕੀਤੀ, ਅਤੇ ਬਹੁਤ ਸਾਰੇ ਹੱਦੋਂ ਵੱਧ ਪਰਖੇ ਗਏ ਸਨ। ਹਾਲ ਹੀ ਦੇ ਸਮਿਆਂ ਵਿਚ, ਬੁਰੁੰਡੀ, ਐਰੀਟ੍ਰੀਆ, ਇਥੋਪੀਆ, ਮਲਾਵੀ, ਮੋਜ਼ਾਮਬੀਕ, ਰਵਾਂਡਾ, ਸਿੰਗਾਪੁਰ ਅਤੇ ਜ਼ੇਅਰ ਵਰਗੇ ਦੇਸ਼ਾਂ ਵਿਚ ਯਹੋਵਾਹ ਦੇ ਲੋਕਾਂ ਨੇ ਸਤਾਹਟ ਦੀ ਪਰੀਖਿਆ ਦਾ ਸਾਮ੍ਹਣਾ ਕੀਤਾ ਹੈ। ਅਤੇ ਇਸ ਤਰ੍ਹਾਂ ਦੀਆਂ ਪਰੀਖਿਆਵਾਂ ਜਾਰੀ ਰਹਿੰਦੀਆਂ ਹਨ।
8. ਇਕ ਅਫ਼ਰੀਕੀ ਭਰਾ ਦੀਆਂ ਟਿੱਪਣੀਆਂ ਕਿਵੇਂ ਦਿਖਾਉਂਦੀਆਂ ਹਨ ਕਿ ਸਾਡੀ ਨਿਹਚਾ ਦੀ ਪਰੀਖਿਆ ਕੁੱਟ-ਮਾਰ ਦੇ ਰੂਪ ਵਿਚ ਸਤਾਹਟ ਦਾ ਸਾਮ੍ਹਣਾ ਕਰਨ ਤੋਂ ਇਲਾਵਾ ਕੁਝ ਹੋਰ ਹੋ ਸਕਦੀ ਹੈ?
8 ਪਰ, ਜਿਵੇਂ ਪਹਿਲਾਂ ਦੇਖਿਆ ਗਿਆ ਹੈ, ਸਾਡੀ ਨਿਹਚਾ ਹੋਰ ਚਲਾਕ ਤਰੀਕਿਆਂ ਵਿਚ ਵੀ ਪਰਖੀ ਜਾ ਰਹੀ ਹੈ। ਕੁਝ ਪਰੀਖਿਆਵਾਂ ਇੰਨੀਆਂ ਸਿੱਧੀਆਂ ਅਤੇ ਪਛਾਣਨ ਲਈ ਸੌਖੀਆਂ ਨਹੀਂ ਹੁੰਦੀਆਂ। ਗੌਰ ਕਰੋ ਕਿ ਹੇਠ ਦਿੱਤੀਆਂ ਸਥਿਤੀਆਂ ਵਿਚ ਤੁਸੀਂ ਕੀ ਕਰਦੇ। ਅੰਗੋਲਾ ਵਿਚ ਦਸ ਬੱਚਿਆਂ ਵਾਲਾ ਭਰਾ ਇਕ ਅਜਿਹੀ ਕਲੀਸਿਯਾ ਵਿਚ ਸੀ ਜਿਸ ਵਾਸਤੇ ਕੁਝ ਸਮੇਂ ਲਈ ਜ਼ਿੰਮੇਵਾਰ ਭਰਾਵਾਂ ਦੇ ਨਾਲ ਸੰਪਰਕ ਕਰਨਾ ਮੁਮਕਿਨ ਨਹੀਂ ਸੀ। ਬਾਅਦ ਵਿਚ ਦੂਜਿਆਂ ਲਈ ਕਲੀਸਿਯਾ ਨੂੰ ਆਉਣਾ ਮੁਮਕਿਨ ਹੋ ਗਿਆ। ਉਸ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਪਰਿਵਾਰ ਦੇ ਖਾਣ-ਪੀਣ ਦਾ ਬੰਦੋਬਸਤ ਕਿਵੇਂ ਕਰ ਰਿਹਾ ਸੀ। ਉਹ ਦੇ ਲਈ ਇਸ ਦਾ ਜਵਾਬ ਦੇਣਾ ਸੌਖਾ ਨਹੀਂ ਸੀ, ਅਤੇ ਉਸ ਨੇ ਸਿਰਫ਼ ਇਹੀ ਕਿਹਾ ਕਿ ਹਾਲਾਤ ਔਖੇ ਸਨ। ਕੀ ਉਹ ਆਪਣੇ ਬੱਚਿਆਂ ਨੂੰ ਦਿਨ ਵਿਚ ਘਟੋ-ਘੱਟ ਇਕ ਵਾਰ ਰੋਟੀ ਖੁਆ ਸਕਦਾ ਸੀ। ਉਸ ਨੇ ਜਵਾਬ ਦਿੱਤਾ: “ਮਸਾਂ ਹੀ। ਜੋ ਸਾਡੇ ਕੋਲ ਹੈ ਅਸੀਂ ਉਸ ਦੇ ਨਾਲ ਗੁਜ਼ਾਰਾ ਕਰਨਾ ਸਿੱਖ ਲਿਆ ਹੈ।” ਫਿਰ ਦ੍ਰਿੜ੍ਹ ਵਿਸ਼ਵਾਸ ਨਾਲ ਭਰੀ ਹੋਈ ਆਵਾਜ਼ ਵਿਚ, ਉਸ ਨੇ ਕਿਹਾ: “ਪਰ ਕੀ ਅਸੀਂ ਇਨ੍ਹਾਂ ਆਖ਼ਰੀ ਦਿਨਾਂ ਵਿਚ ਇਸ ਦੀ ਹੀ ਆਸ ਨਹੀਂ ਰੱਖਦੇ?” ਸੰਸਾਰ ਵਿਚ ਅਜਿਹੀ ਨਿਹਚਾ ਮਾਅਰਕੇ ਦੀ ਹੈ, ਪਰ ਨਿਸ਼ਠਾਵਾਨ ਮਸੀਹੀਆਂ ਵਿਚਕਾਰ ਇਹ ਆਮ ਹੈ, ਜਿਨ੍ਹਾਂ ਕੋਲ ਪੂਰਾ ਵਿਸ਼ਵਾਸ ਹੈ ਕਿ ਰਾਜ ਦੇ ਵਾਅਦੇ ਪੂਰੇ ਹੋਣਗੇ।
9. ਅਸੀਂ 1 ਕੁਰਿੰਥੀਆਂ 11:3 ਦੇ ਸੰਬੰਧ ਵਿਚ ਕਿਵੇਂ ਪਰਖੇ ਜਾ ਰਹੇ ਹਾਂ?
9 ਵੱਡੀ ਭੀੜ ਦੈਵ-ਸ਼ਾਸਕੀ ਤਰੀਕਿਆਂ ਦੇ ਸੰਬੰਧ ਵਿਚ ਵੀ ਪਰਖੀ ਜਾਂਦੀ ਹੈ। ਵਿਸ਼ਵ-ਵਿਆਪੀ ਮਸੀਹੀ ਕਲੀਸਿਯਾ ਈਸ਼ਵਰੀ ਸਿਧਾਂਤਾਂ ਅਤੇ ਦੈਵ-ਸ਼ਾਸਕੀ ਮਿਆਰਾਂ ਦੇ ਅਨੁਸਾਰ ਨਿਰਦੇਸ਼ਿਤ ਕੀਤੀ ਜਾਂਦੀ ਹੈ। ਇਸ ਦਾ ਅਰਥ ਹੈ ਪਹਿਲਾ ਯਿਸੂ ਮਸੀਹ ਨੂੰ ਆਗੂ ਵਜੋਂ ਪਛਾਣਨਾ, ਜੋ ਮਸੀਹੀ ਕਲੀਸਿਯਾ ਦੇ ਸਿਰ ਵਜੋਂ ਨਿਯੁਕਤ ਕੀਤਾ ਗਿਆ ਹੈ। (1 ਕੁਰਿੰਥੀਆਂ 11:3) ਉਸ ਪ੍ਰਤੀ ਅਤੇ ਉਸ ਦੇ ਪਿਤਾ ਪ੍ਰਤੀ ਸਾਡੀ ਰਜ਼ਾਮੰਦ ਅਧੀਨਗੀ, ਉਨ੍ਹਾਂ ਦੈਵ-ਸ਼ਾਸਕੀ ਨਿਯੁਕਤੀਆਂ ਅਤੇ ਫ਼ੈਸਲਿਆਂ ਵਿਚ ਸਾਡੀ ਨਿਹਚਾ ਦੁਆਰਾ ਪ੍ਰਗਟ ਕੀਤੀ ਜਾਂਦੀ ਹੈ, ਜੋ ਸਾਡਾ ਇਕਮੁੱਠ ਹੋ ਕੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨਾਲ ਸੰਬੰਧਿਤ ਹੈ। ਇਸ ਤੋਂ ਇਲਾਵਾ, ਹਰੇਕ ਸਥਾਨਕ ਕਲੀਸਿਯਾ ਵਿਚ, ਅਗਵਾਈ ਕਰਨ ਲਈ ਮਨੁੱਖ ਨਿਯੁਕਤ ਕੀਤੇ ਗਏ ਹਨ। ਇਹ ਅਪੂਰਣ ਮਨੁੱਖ ਹਨ ਜਿਨ੍ਹਾਂ ਦੇ ਨੁਕਸ ਅਸੀਂ ਸੌਖਿਆਂ ਹੀ ਦੇਖ ਸਕਦੇ ਹਾਂ; ਤਾਂ ਵੀ ਸਾਨੂੰ ਜ਼ੋਰ ਦਿੱਤਾ ਗਿਆ ਹੈ ਕਿ ਅਸੀਂ ਅਜਿਹੇ ਨਿਗਾਹਬਾਨਾਂ ਦਾ ਆਦਰ ਕਰੀਏ ਅਤੇ ਉਨ੍ਹਾਂ ਦੇ ਅਧੀਨ ਰਹੀਏ। (ਇਬਰਾਨੀਆਂ 13:7, 17) ਕੀ ਤੁਹਾਨੂੰ ਕਦੀ-ਕਦੀ ਅਜਿਹਾ ਕਰਨਾ ਔਖਾ ਲੱਗਦਾ ਹੈ? ਕੀ ਇਹ ਤੁਹਾਡੇ ਲਈ ਸੱਚ-ਮੁੱਚ ਇਕ ਪਰੀਖਿਆ ਹੈ? ਜੇਕਰ ਹੈ, ਤਾਂ ਕੀ ਤੁਹਾਨੂੰ ਆਪਣੀ ਨਿਹਚਾ ਦੀ ਇਸ ਪਰੀਖਿਆ ਤੋਂ ਲਾਭ ਮਿਲ ਰਿਹਾ ਹੈ?
10. ਖੇਤਰ ਸੇਵਕਾਈ ਦੇ ਸੰਬੰਧ ਵਿਚ ਅਸੀਂ ਕਿਸ ਪਰੀਖਿਆ ਦਾ ਸਾਮ੍ਹਣਾ ਕਰਦੇ ਹਾਂ?
10 ਨਿਯਮਿਤ ਤੌਰ ਤੇ ਖੇਤਰ ਸੇਵਾ ਵਿਚ ਹਿੱਸਾ ਲੈਣ ਦੇ ਵਿਸ਼ੇਸ਼-ਸਨਮਾਨ ਅਤੇ ਮੰਗ ਦੇ ਸੰਬੰਧ ਵਿਚ ਵੀ ਅਸੀਂ ਪਰਖੇ ਜਾਂਦੇ ਹਾਂ। ਇਸ ਪਰੀਖਿਆ ਵਿਚ ਕਾਮਯਾਬ ਹੋਣ ਲਈ, ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੇਵਕਾਈ ਵਿਚ ਪੂਰਾ ਹਿੱਸਾ ਲੈਣਾ ਨਾਂ-ਮਾਤਰ ਪ੍ਰਚਾਰ ਕਰਨ ਤੋਂ ਕੁਝ ਜ਼ਿਆਦਾ ਲੋੜਦਾ ਹੈ। ਆਪਣਾ ਸਭ ਕੁਝ ਦੇਣ ਵਾਲੀ ਉਸ ਕੰਗਾਲ ਵਿਧਵਾ ਬਾਰੇ ਯਿਸੂ ਦੀ ਪ੍ਰਵਾਨਗੀ ਯਾਦ ਕਰੋ। (ਮਰਕੁਸ 12:41-44) ਅਸੀਂ ਆਪਣੇ ਆਪ ਤੋਂ ਸ਼ਾਇਦ ਪੁੱਛੀਏ, ‘ਕੀ ਮੈਂ ਆਪਣੀ ਖੇਤਰ ਸੇਵਕਾਈ ਵਿਚ ਇਸੇ ਤਰ੍ਹਾਂ ਆਪਣੀ ਪੂਰੀ ਵਾਹ ਲਾਉਂਦਾ ਹਾਂ?’ ਸਾਨੂੰ ਸਾਰਿਆਂ ਨੂੰ ਹਰ ਵੇਲੇ ਯਹੋਵਾਹ ਦੇ ਗਵਾਹ ਹੋਣਾ ਹੈ, ਅਤੇ ਆਪਣੇ ਚਾਨਣ ਨੂੰ ਚਮਕਾਉਣ ਲਈ ਹਰੇਕ ਮੌਕੇ ਤੇ ਤਿਆਰ ਹੋਣਾ ਚਾਹੀਦਾ ਹੈ।—ਮੱਤੀ 5:16.
11. ਸਮਝ ਵਿਚ ਤਬਦੀਲੀਆਂ ਜਾਂ ਆਚਰਣ ਬਾਰੇ ਸਲਾਹ ਇਕ ਪਰੀਖਿਆ ਕਿਵੇਂ ਹੋ ਸਕਦੀਆਂ ਹਨ?
11 ਇਕ ਹੋਰ ਪਰੀਖਿਆ ਜੋ ਸਾਡੇ ਸਾਮ੍ਹਣੇ ਆ ਸਕਦੀ ਹੈ, ਉਹ ਹੈ ਕਿ ਬਾਈਬਲ ਸੱਚਾਈ ਉੱਤੇ ਵਧਦੇ ਚਾਨਣ ਲਈ ਅਤੇ ਮਾਤਬਰ ਨੌਕਰ ਵਰਗ ਦੁਆਰਾ ਦਿੱਤੀ ਗਈ ਸਲਾਹ ਲਈ ਸਾਡੀ ਕਿੰਨੀ ਕਦਰਦਾਨੀ ਹੈ। (ਮੱਤੀ 24:45) ਕਦੀ-ਕਦੀ ਇਹ ਸਾਡੇ ਆਚਰਣ ਵਿਚ ਤਬਦੀਲੀਆਂ ਦੀ ਮੰਗ ਕਰਦਾ ਹੈ, ਜਿਵੇਂ ਕਿ ਉਸ ਸਮੇਂ ਜਦੋਂ ਇਹ ਸਪੱਸ਼ਟ ਹੋਇਆ ਕਿ ਤਮਾਖੂ ਦੀ ਵਰਤੋਂ ਕਰਨ ਵਾਲਿਆਂ ਨੂੰ ਤਮਾਖੂਨੋਸ਼ੀ ਛੱਡਣੀ ਪਵੇਗੀ ਜੇ ਉਹ ਕਲੀਸਿਯਾ ਵਿਚ ਰਹਿਣਾ ਚਾਹੁੰਦੇ ਸਨ।a (2 ਕੁਰਿੰਥੀਆਂ 7:1) ਜਾਂ ਪਰੀਖਿਆ ਇਸ ਬਾਰੇ ਹੋ ਸਕਦੀ ਹੈ ਕਿ ਸੰਗੀਤ ਜਾਂ ਕੋਈ ਹੋਰ ਮਨੋਰੰਜਨ ਦੀ ਆਪਣੀ ਪਸੰਦ ਨੂੰ ਬਦਲਣ ਦੀ ਜ਼ਰੂਰਤ ਨੂੰ ਸਵੀਕਾਰ ਕਰਨਾ।b ਕੀ ਅਸੀਂ ਦਿੱਤੀ ਗਈ ਸਲਾਹ ਦੀ ਬੁੱਧੀਮਾਨਤਾ ਬਾਰੇ ਸਵਾਲ ਕਰਾਂਗੇ? ਜਾਂ ਕੀ ਅਸੀਂ ਪਰਮੇਸ਼ੁਰ ਦੀ ਆਤਮਾ ਨੂੰ ਸਾਡੀ ਸੋਚਣੀ ਨੂੰ ਢਾਲਣ ਦੇਵਾਂਗੇ ਅਤੇ ਮਸੀਹੀ ਇਨਸਾਨੀਅਤ ਪਹਿਨਣ ਵਿਚ ਸਾਡੀ ਮਦਦ ਕਰਨ ਦੇਵਾਂਗੇ?—ਅਫ਼ਸੀਆਂ 4:20-24; 5:3-5.
12. ਬਪਤਿਸਮਾ ਲੈਣ ਤੋਂ ਬਾਅਦ ਨਿਹਚਾ ਮਜ਼ਬੂਤ ਕਰਨ ਲਈ ਕੀ ਜ਼ਰੂਰੀ ਹੈ?
12 ਦਹਾਕਿਆਂ ਲਈ, ਵੱਡੀ ਭੀੜ ਦੀ ਗਿਣਤੀ ਵਧਦੀ ਆ ਰਹੀ ਹੈ, ਅਤੇ ਉਨ੍ਹਾਂ ਦੇ ਬਪਤਿਸਮੇ ਤੋਂ ਬਾਅਦ ਉਹ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਦੇ ਜਾ ਰਹੇ ਹਨ। ਇਸ ਵਿਚ ਕਿਸੇ ਮਸੀਹੀ ਸੰਮੇਲਨ ਤੇ ਹਾਜ਼ਰ ਹੋਣ, ਰਾਜ ਗ੍ਰਹਿ ਤੇ ਇਕ ਦੋ ਸਭਾਵਾਂ ਨੂੰ ਜਾਣ, ਜਾਂ ਕਦੀ-ਕਦੀ ਖੇਤਰ ਸੇਵਾ ਵਿਚ ਹਿੱਸਾ ਲੈਣ ਤੋਂ ਕੁਝ ਜ਼ਿਆਦਾ ਸ਼ਾਮਲ ਹੈ। ਮਿਸਾਲ ਵਜੋਂ: ਇਕ ਵਿਅਕਤੀ ਸ਼ਾਇਦ ਸਰੀਰਕ ਤੌਰ ਤੇ ਵੱਡੀ ਬਾਬੁਲ, ਝੂਠੇ ਧਰਮ ਦੇ ਵਿਸ਼ਵ ਸਾਮਰਾਜ ਤੋਂ ਬਾਹਰ ਹੋਵੇ, ਪਰੰਤੂ ਕੀ ਉਸ ਨੇ ਸੱਚ-ਮੁੱਚ ਉਸ ਨੂੰ ਪਿੱਛੇ ਛੱਡ ਦਿੱਤਾ ਹੈ? ਕੀ ਉਹ ਹਾਲੇ ਵੀ ਉਨ੍ਹਾਂ ਚੀਜ਼ਾਂ ਨੂੰ ਫੜੀ ਰੱਖਦਾ ਹੈ ਜੋ ਵੱਡੀ ਬਾਬੁਲ ਦੀ ਆਤਮਾ ਨੂੰ ਪ੍ਰਗਟ ਕਰਦੀਆਂ ਹਨ?—ਇਕ ਅਜਿਹੀ ਆਤਮਾ ਜੋ ਪਰਮੇਸ਼ੁਰ ਦੇ ਧਾਰਮਿਕ ਮਿਆਰਾਂ ਨੂੰ ਤੁੱਛ ਸਮਝਦੀ ਹੈ? ਕੀ ਉਹ ਨੈਤਿਕਤਾ ਅਤੇ ਵਿਵਾਹਕ ਵਫ਼ਾਦਾਰੀ ਪ੍ਰਤੀ ਲਾਪਰਵਾਹੀ ਦਿਖਾਉਂਦਾ ਹੈ? ਕੀ ਉਹ ਅਧਿਆਤਮਿਕ ਹਿਤਾਂ ਨਾਲੋਂ ਨਿੱਜੀ ਅਤੇ ਭੌਤਿਕ ਹਿਤਾਂ ਉੱਤੇ ਜ਼ਿਆਦਾ ਜ਼ੋਰ ਦਿੰਦਾ ਹੈ? ਜੀ ਹਾਂ, ਕੀ ਉਸ ਨੇ ਆਪਣੇ ਆਪ ਨੂੰ ਸੰਸਾਰ ਤੋਂ ਨਿਹਕਲੰਕ ਰੱਖਿਆ ਹੈ?—ਯਾਕੂਬ 1:27.
ਪਰਖੀ ਗਈ ਨਿਹਚਾ ਤੋਂ ਲਾਭ ਉਠਾਓ
13, 14. ਸੱਚੀ ਉਪਾਸਨਾ ਦੇ ਰਾਹ ਵਿਚ ਲੱਗਣ ਤੋਂ ਬਾਅਦ, ਕਈਆਂ ਨੇ ਕੀ ਕੀਤਾ ਹੈ?
13 ਜੇਕਰ ਅਸੀਂ ਸੱਚ-ਮੁੱਚ ਹੀ ਵੱਡੀ ਬਾਬੁਲ ਤੋਂ ਭੱਜ ਚੁੱਕੇ ਹਾਂ ਅਤੇ ਸੰਸਾਰ ਤੋਂ ਬਾਹਰ ਵੀ ਨਿਕਲ ਗਏ ਹਾਂ, ਆਓ ਅਸੀਂ ਪਿੱਛੇ ਛੱਡੀਆਂ ਗਈਆਂ ਚੀਜ਼ਾਂ ਵੱਲ ਨਾ ਦੇਖੀਏ। ਲੂਕਾ 9:62 ਵਿਚ ਦਰਜ ਕੀਤੇ ਗਏ ਸਿਧਾਂਤ ਦੇ ਅਨੁਸਾਰ, ਸਾਡੇ ਵਿੱਚੋਂ ਕਿਸੇ ਦਾ ਵੀ ਪਿੱਛੇ ਨੂੰ ਦੇਖਣ ਦਾ ਅਰਥ, ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣੇ ਰਹਿਣ ਤੋਂ ਖੁੰਝ ਜਾਣਾ ਹੋ ਸਕਦਾ ਹੈ। ਯਿਸੂ ਨੇ ਕਿਹਾ: “ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਜੋਗ ਨਹੀਂ।”
14 ਪਰੰਤੂ ਕੁਝ ਵਿਅਕਤੀਆਂ ਨੇ, ਜੋ ਮਸੀਹੀ ਬਣੇ ਸਨ, ਹੁਣ ਇਸ ਰੀਤੀ-ਵਿਵਸਥਾ ਦੇ ਅਨੁਸਾਰ ਆਪਣੇ ਆਪ ਨੂੰ ਢਾਲੇ ਜਾਣ ਦਿੱਤਾ ਹੈ। ਉਨ੍ਹਾਂ ਨੇ ਜਗਤ ਦੀ ਆਤਮਾ ਦਾ ਵਿਰੋਧ ਨਹੀਂ ਕੀਤਾ। (2 ਪਤਰਸ 2:20-22) ਦੁਨਿਆਵੀ ਚੀਜ਼ਾਂ ਨੇ ਧਿਆਨ ਭੰਗ ਕਰ ਕੇ ਉਨ੍ਹਾਂ ਦੀ ਦਿਲਚਸਪੀ ਅਤੇ ਸਮੇਂ ਨੂੰ ਖੋਹ ਲਿਆ ਹੈ, ਅਤੇ ਇਸ ਤਰ੍ਹਾਂ ਉਨ੍ਹਾਂ ਦੀ ਤਰੱਕੀ ਉੱਤੇ ਰੁਕਾਵਟ ਪਾਈ ਹੈ। ਆਪਣੇ ਮਨਾਂ ਅਤੇ ਦਿਲਾਂ ਨੂੰ ਪੱਕੀ ਤਰ੍ਹਾਂ ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਉੱਤੇ ਲਗਾਏ ਰੱਖਣ, ਅਤੇ ਇਨ੍ਹਾਂ ਨੂੰ ਜੀਵਨ ਵਿਚ ਪਹਿਲਾਂ ਰੱਖਣ ਦੀ ਬਜਾਇ, ਉਹ ਭੌਤਿਕਵਾਦੀ ਟੀਚਿਆਂ ਦੀ ਭਾਲ ਕਰਨ ਲਈ ਮੁੜ ਗਏ ਹਨ। ਜੇਕਰ ਉਹ ਆਪਣੀ ਕਮਜ਼ੋਰ ਨਿਹਚਾ ਅਤੇ ਸੀਲਗਰਮ ਹਾਲਤ ਨੂੰ ਕਬੂਲ ਕਰਨ, ਅਤੇ ਈਸ਼ਵਰੀ ਸਲਾਹ ਨੂੰ ਭਾਲਣ ਦੁਆਰਾ ਆਪਣੇ ਰਾਹ ਨੂੰ ਬਦਲਣ ਲਈ ਪ੍ਰੇਰਿਤ ਨਾ ਹੋਣ, ਤਾਂ ਉਹ ਯਹੋਵਾਹ ਅਤੇ ਉਸ ਦੇ ਸੰਗਠਨ ਨਾਲ ਆਪਣੇ ਬਹੁਮੁੱਲੇ ਸੰਬੰਧ ਨੂੰ ਗੁਆਉਣ ਦੇ ਖ਼ਤਰੇ ਵਿਚ ਹਨ।—ਪਰਕਾਸ਼ ਦੀ ਪੋਥੀ 3:15-19.
15. ਪਰਮੇਸ਼ੁਰ ਦੇ ਅੱਗੇ ਸਵੀਕਾਰਯੋਗ ਰਹਿਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ?
15 ਸਾਡਾ ਕਿਰਪਾਯੋਗ ਠਹਿਰਾਏ ਜਾਣਾ ਅਤੇ ਤੇਜ਼ੀ ਨਾਲ ਨੇੜੇ ਆ ਰਹੀ ਵੱਡੀ ਬਿਪਤਾ ਤੋਂ ਬਚਣਾ, ਸਾਡੇ ਵੱਲੋਂ ਸ਼ੁੱਧ ਰਹਿਣ ਉੱਤੇ, ਅਤੇ ‘ਬਸਤਰਾਂ ਨੂੰ ਲੇਲੇ ਦੇ ਲਹੂ ਨਾਲ ਧੋਣ’ ਉੱਤੇ ਨਿਰਭਰ ਹੁੰਦਾ ਹੈ। (ਪਰਕਾਸ਼ ਦੀ ਪੋਥੀ 7:9-14; 1 ਕੁਰਿੰਥੀਆਂ 6:11) ਜੇਕਰ ਅਸੀਂ ਪਰਮੇਸ਼ੁਰ ਦੇ ਅੱਗੇ ਇਕ ਸ਼ੁੱਧ, ਧਾਰਮਿਕ ਸਥਿਤੀ ਨੂੰ ਨਹੀਂ ਕਾਇਮ ਰੱਖਦੇ, ਤਾਂ ਸਾਡੀ ਪਵਿੱਤਰ ਸੇਵਾ ਸਵੀਕਾਰਯੋਗ ਨਹੀਂ ਹੋਵੇਗੀ। ਨਿਸ਼ਚੇ ਹੀ, ਸਾਨੂੰ ਸਾਰਿਆਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਨਿਹਚਾ ਦੀ ਪਰਖੀ ਗਈ ਖੂਬੀ ਸਾਨੂੰ ਸਹਿਣ ਕਰਨ ਅਤੇ ਪਰਮੇਸ਼ੁਰ ਦੀ ਨਾਰਾਜ਼ਗੀ ਤੋਂ ਬਚਣ ਵਿਚ ਮਦਦ ਕਰੇਗੀ।
16. ਝੂਠ ਕਿਸ ਤਰੀਕੇ ਵਿਚ ਸਾਡੀ ਨਿਹਚਾ ਦੀ ਪਰੀਖਿਆ ਸਾਬਤ ਹੋ ਸਕਦੇ ਹਨ?
16 ਕਦੀ-ਕਦੀ, ਸਮਾਚਾਰ ਮਾਧਿਅਮ ਨਾਲੇ ਸੰਸਾਰਕ ਅਧਿਕਾਰੀਆਂ ਪਰਮੇਸ਼ੁਰ ਦੇ ਲੋਕਾਂ ਉੱਤੇ ਝੂਠੇ ਇਲਜ਼ਾਮ ਲਗਾਉਂਦੇ ਹਨ, ਜੋ ਕਿ ਸਾਡੇ ਮਸੀਹੀ ਵਿਸ਼ਵਾਸ ਅਤੇ ਜੀਵਨ-ਢੰਗ ਨੂੰ ਗ਼ਲਤਬਿਆਨ ਕਰਦਾ ਹੈ। ਇਸ ਤੋਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਯਿਸੂ ਸਪੱਸ਼ਟ ਤੌਰ ਤੇ ਬਿਆਨ ਕਰਦਾ ਹੈ ਕਿ ‘ਜਗਤ ਸਾਡੇ ਨਾਲ ਵੈਰ ਕਰੇਗਾ ਕਿਉਂ ਜੋ ਅਸੀਂ ਜਗਤ ਦੇ ਨਹੀਂ ਹਾਂ।’ (ਯੂਹੰਨਾ 17:14) ਕੀ ਅਸੀਂ ਸ਼ਤਾਨ ਦੁਆਰਾ ਅੰਨ੍ਹੇ ਕੀਤੇ ਗਏ ਵਿਅਕਤੀਆਂ ਨੂੰ ਸਾਡੇ ਵਿਚ ਡਰ ਤੇ ਨਿਰਾਸ਼ਾ ਪੈਦਾ ਕਰਨ ਅਤੇ ਖ਼ੁਸ਼ ਖ਼ਬਰੀ ਦੇ ਬਾਰੇ ਸ਼ਰਮਿੰਦਗੀ ਮਹਿਸੂਸ ਕਰਾਉਣ ਦੇਵਾਂਗੇ? ਕੀ ਅਸੀਂ ਸੱਚਾਈ ਬਾਰੇ ਝੂਠ ਨੂੰ ਆਪਣੀ ਸਭਾ ਤੇ ਨਿਯਮਿਤ ਹਾਜ਼ਰੀ ਅਤੇ ਆਪਣੇ ਪ੍ਰਚਾਰ ਕਾਰਜ ਉੱਤੇ ਪ੍ਰਭਾਵ ਪਾਉਣ ਦੇਵਾਂਗੇ? ਜਾਂ ਕੀ ਅਸੀਂ ਦ੍ਰਿੜ੍ਹ ਖੜ੍ਹ ਕੇ ਦਲੇਰ ਹੋਵਾਂਗੇ ਅਤੇ ਅੱਗੇ ਨਾਲੋਂ ਜ਼ਿਆਦਾ ਪੱਕੇ ਇਰਾਦੇ ਨਾਲ ਯਹੋਵਾਹ ਅਤੇ ਉਸ ਦੇ ਰਾਜ ਬਾਰੇ ਸੱਚਾਈ ਐਲਾਨ ਕਰਨਾ ਜਾਰੀ ਰੱਖਾਂਗੇ?
17. ਕਿਹੜਾ ਭਰੋਸਾ ਸਾਨੂੰ ਨਿਹਚਾ ਦਿਖਾਈ ਜਾਣ ਲਈ ਉਤੇਜਿਤ ਕਰ ਸਕਦਾ ਹੈ?
17 ਪੂਰੀ ਹੋਈ ਬਾਈਬਲ ਭਵਿੱਖਬਾਣੀ ਦੇ ਅਨੁਸਾਰ, ਅਸੀਂ ਹੁਣ ਅੰਤ ਦੇ ਅੰਤਲੇ ਸਮੇਂ ਵਿਚ ਜੀ ਰਹੇ ਹਾਂ। ਧਾਰਮਿਕਤਾ ਵਾਲੇ ਨਵੇਂ ਸੰਸਾਰ ਦੀਆਂ ਸਾਡੀਆਂ ਬਾਈਬਲ-ਆਧਾਰਿਤ ਉਮੀਦਾਂ ਯਕੀਨਨ ਇਕ ਆਨੰਦਦਾਇਕ ਹਕੀਕਤ ਹੋਣਗੀਆਂ। ਜਦ ਤਕ ਉਹ ਦਿਨ ਨਾ ਆਵੇ, ਆਓ ਅਸੀਂ ਸਾਰੇ ਪਰਮੇਸ਼ੁਰ ਦੇ ਬਚਨ ਵਿਚ ਨਾ ਟਲਣਯੋਗ ਨਿਹਚਾ ਕਰੀਏ ਅਤੇ ਬਿਨਾਂ ਰੁਕਾਵਟ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸੰਸਾਰ ਭਰ ਵਿਚ ਕਰਨ ਦੁਆਰਾ ਆਪਣੀ ਨਿਹਚਾ ਨੂੰ ਸਾਬਤ ਕਰੀਏ। ਹਰੇਕ ਹਫ਼ਤੇ ਬਪਤਿਸਮਾ ਲੈਣ ਵਾਲੇ ਹਜ਼ਾਰਾਂ ਹੀ ਨਵੇਂ ਚੇਲਿਆਂ ਬਾਰੇ ਸੋਚੋ। ਕੀ ਇਹ ਇਸ ਗੱਲ ਦੀ ਕਦਰ ਕਰਨ ਦਾ ਚੋਖਾ ਕਾਰਨ ਨਹੀਂ ਹੈ ਕਿ ਆਪਣਾ ਨਿਆਉਂ ਲਿਆਉਣ ਦੇ ਸੰਬੰਧ ਵਿਚ ਯਹੋਵਾਹ ਦਾ ਸਬਰ ਕਈ ਹੋਰ ਲੋਕਾਂ ਦੀ ਮੁਕਤੀ ਵਿਚ ਪਰਿਣਿਤ ਹੋ ਸਕਦਾ ਹੈ? ਕੀ ਅਸੀਂ ਖ਼ੁਸ਼ ਨਹੀਂ ਹਾਂ ਕਿ ਯਹੋਵਾਹ ਨੇ ਰਾਜ ਦੇ ਜਾਨ-ਬਚਾਊ ਕੰਮ ਨੂੰ ਜਾਰੀ ਰਹਿਣ ਦਿੱਤਾ ਹੈ? ਅਤੇ ਕੀ ਅਸੀਂ ਖ਼ੁਸ਼ ਨਹੀਂ ਹਾਂ ਕਿ ਲੱਖਾਂ ਹੀ ਲੋਕਾਂ ਨੇ ਸੱਚਾਈ ਨੂੰ ਸਵੀਕਾਰ ਕੀਤਾ ਹੈ ਅਤੇ ਆਪਣੀ ਨਿਹਚਾ ਦਿਖਾ ਰਹੇ ਹਨ?
18. ਯਹੋਵਾਹ ਦੀ ਸੇਵਾ ਕਰਨ ਦੇ ਸੰਬੰਧ ਵਿਚ ਤੁਹਾਡਾ ਪੱਕਾ ਇਰਾਦਾ ਕੀ ਹੈ?
18 ਅਸੀਂ ਕਹਿ ਨਹੀਂ ਸਕਦੇ ਕਿ ਸਾਡੀ ਨਿਹਚਾ ਦੀ ਵਰਤਮਾਨ ਪਰੀਖਿਆ ਕਿੰਨੇ ਚਿਰ ਲਈ ਜਾਰੀ ਰਹੇਗੀ। ਪਰੰਤੂ ਇਕ ਗੱਲ ਪੱਕੀ ਹੈ: ਯਹੋਵਾਹ ਨੇ ਇਸ ਵਰਤਮਾਨ ਦੁਸ਼ਟ ਅਕਾਸ਼ ਅਤੇ ਧਰਤੀ ਦੇ ਲੇਖੇ ਲਈ ਇਕ ਪੱਕਾ ਦਿਨ ਠਹਿਰਾਇਆ ਹੈ। ਉਦੋਂ ਤਕ, ਆਓ ਅਸੀਂ ਆਪਣੀ ਨਿਹਚਾ ਨੂੰ ਸੰਪੂਰਣ ਬਣਾਉਣ ਵਾਲੇ, ਯਿਸੂ, ਦੁਆਰਾ ਪ੍ਰਗਟ ਕੀਤੀ ਗਈ ਨਿਹਚਾ ਦੀ ਪਰਖੀ ਗਈ ਉੱਤਮ ਖੂਬੀ ਦੀ ਰੀਸ ਕਰਨ ਲਈ ਦ੍ਰਿੜ੍ਹ ਹੋਈਏ। ਅਤੇ ਆਓ ਅਸੀਂ ਧਰਤੀ ਉੱਤੇ ਬਿਰਧ ਹੋ ਰਹੇ ਮਸਹ ਕੀਤੇ ਹੋਏ ਬਕੀਏ ਦੀ ਉਦਾਹਰਣ ਦੀ ਪੈਰਵੀ ਕਰੀਏ, ਅਤੇ ਦੂਜਿਆਂ ਦੀ ਵੀ ਜੋ ਸਾਡੇ ਦਰਮਿਆਨ ਦਲੇਰੀ ਨਾਲ ਸੇਵਾ ਕਰ ਰਹੇ ਹਨ।
19. ਤੁਸੀਂ ਇਸ ਸੰਸਾਰ ਉੱਤੇ ਫ਼ਤਹਿ ਪਾਉਣ ਵਾਲੀ ਕਿਸ ਚੀਜ਼ ਬਾਰੇ ਨਿਸ਼ਚਿਤ ਹੋ ਸਕਦੇ ਹੋ?
19 ਅਕਾਸ਼ ਵਿਚ ਉੱਡਦੇ ਹੋਏ ਦੂਤ ਦੇ ਸਹਿਯੋਗ ਵਿਚ, ਸਾਨੂੰ, ਹਰੇਕ ਕੌਮ, ਗੋਤ, ਭਾਖਿਆ, ਅਤੇ ਲੋਕਾਂ ਨੂੰ ਬਿਨਾਂ ਰੁਕਾਵਟ ਸਦੀਪਕ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਲਈ ਦ੍ਰਿੜ੍ਹ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਦੂਤਮਈ ਐਲਾਨ ਸੁਣਨ ਦਿਓ: “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ।” (ਪਰਕਾਸ਼ ਦੀ ਪੋਥੀ 14:6, 7) ਜਦੋਂ ਇਹ ਈਸ਼ਵਰੀ ਨਿਆਉਂ ਕੀਤਾ ਜਾਵੇਗਾ, ਸਾਡੀ ਨਿਹਚਾ ਦੀ ਪਰਖੀ ਗਈ ਖੂਬੀ ਦੇ ਸੰਬੰਧ ਵਿਚ ਨਤੀਜਾ ਕੀ ਹੋਵੇਗਾ? ਇਸ ਵਰਤਮਾਨ ਰੀਤੀ-ਵਿਵਸਥਾ ਤੋਂ ਮੁਕਤੀ ਪਾ ਕੇ ਪਰਮੇਸ਼ੁਰ ਦੇ ਨਵੇਂ ਧਰਮੀ ਸੰਸਾਰ ਵਿਚ ਜਾਣਾ—ਕੀ ਇਹ ਇਕ ਸ਼ਾਨਦਾਰ ਵਿਜੈ ਨਹੀਂ ਹੋਵੇਗੀ? ਆਪਣੀ ਨਿਹਚਾ ਦੀਆਂ ਪਰੀਖਿਆਵਾਂ ਨੂੰ ਸਹਿਣ ਦੁਆਰਾ, ਅਸੀਂ ਰਸੂਲ ਯੂਹੰਨਾ ਵਾਂਗ ਕਹਿ ਸਕਾਂਗੇ: “ਫ਼ਤਹ ਇਹ ਹੈ ਜਿਹ ਨੇ ਸੰਸਾਰ ਉੱਤੇ ਫ਼ਤਹ ਪਾਈ ਅਰਥਾਤ ਸਾਡੀ ਨਿਹਚਾ।”—1 ਯੂਹੰਨਾ 5:4.
[ਫੁਟਨੋਟ]
a ਪਹਿਰਾਬੁਰਜ (ਅੰਗ੍ਰੇਜ਼ੀ) ਜੂਨ 1, 1973, ਸਫ਼ੇ 336-43, ਅਤੇ ਜੁਲਾਈ 1, 1973, ਸਫ਼ੇ 409-11 ਦੇਖੋ।
b ਪਹਿਰਾਬੁਰਜ (ਅੰਗ੍ਰੇਜ਼ੀ) ਜੁਲਾਈ 15, 1983, ਦੇਖੋ, ਸਫ਼ੇ 27-31.
ਕੀ ਤੁਹਾਨੂੰ ਯਾਦ ਹੈ?
◻ ਇਹ ਕਿਵੇਂ ਹੈ ਕਿ ਸਾਡੀ ਨਿਹਚਾ ਦੀਆਂ ਪਰੀਖਿਆਵਾਂ ਆਨੰਦ ਦਾ ਕਾਰਨ ਹੋ ਸਕਦੀਆਂ ਹਨ?
◻ ਸਾਡੀ ਨਿਹਚਾ ਦੀਆਂ ਕਿਹੜੀਆਂ ਕੁਝ ਪਰੀਖਿਆਵਾਂ ਹਨ ਜੋ ਸੌਖਿਆਂ ਪਛਾਣੀਆਂ ਨਹੀਂ ਜਾ ਸਕਦੀਆਂ?
◻ ਆਪਣੀ ਨਿਹਚਾ ਦੀਆਂ ਪਰੀਖਿਆਵਾਂ ਨੂੰ ਸਫ਼ਲਤਾ ਨਾਲ ਸਹਿਣ ਦੁਆਰਾ ਅਸੀਂ ਕਿਵੇਂ ਲਾਭ ਉਠਾ ਸਕਦੇ ਹਾਂ?
[ਸਫ਼ੇ 29 ਉੱਤੇ ਤਸਵੀਰਾਂ]
ਏ. ਏਚ. ਮਕਮਿਲਨ (ਮੋਹਰੇ ਖੱਬੇ ਪਾਸੇ) ਤਕਰੀਬਨ ਉਸ ਸਮੇਂ ਜਦੋਂ ਉਹ ਅਤੇ ਵਾਚ ਟਾਵਰ ਸੋਸਾਇਟੀ ਦੇ ਅਧਿਕਾਰੀ ਅਨਿਆਈ ਨਾਲ ਕੈਦ ਕੀਤੇ ਗਏ ਸਨ
ਉਹ ਡੈਟਰਾਇਟ, ਮਿਸ਼ੀਗਨ ਵਿਚ 1928 ਦੇ ਮਹਾਂ-ਸੰਮੇਲਨ ਤੇ ਇਕ ਪ੍ਰਤਿਨਿਧ ਸੀ
ਆਪਣੇ ਆਖ਼ਰੀ ਸਾਲਾਂ ਵਿਚ, ਭਰਾ ਮਕਮਿਲਨ ਹਾਲੇ ਵੀ ਨਿਹਚਾ ਦਿਖਾ ਰਿਹਾ ਸੀ
[ਸਫ਼ੇ 31 ਉੱਤੇ ਤਸਵੀਰ]
ਇਸ ਪਰਿਵਾਰ ਦੀ ਤਰ੍ਹਾਂ, ਅਫ਼ਰੀਕਾ ਵਿਚ ਕਈ ਮਸੀਹੀਆਂ ਨੇ ਪਰਖੀ ਗਈ ਨਿਹਚਾ ਦੀ ਖੂਬੀ ਦਿਖਾਈ ਹੈ