ਸਿਖਾਉਂਦੇ ਸਮੇਂ ਸੂਝ ਅਤੇ ਕਾਇਲ ਕਰਨ ਦੀ ਸ਼ਕਤੀ ਵਰਤੋ
“ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ।”—ਕਹਾਉਤਾਂ 16:23.
1. ਪਰਮੇਸ਼ੁਰ ਦੇ ਬਚਨ ਵਿੱਚੋਂ ਸਿਖਾਉਣ ਵਿਚ ਗਿਆਨ ਦੇਣ ਨਾਲੋਂ ਕੁਝ ਜ਼ਿਆਦਾ ਕਿਉਂ ਜ਼ਰੂਰੀ ਹੈ?
ਪਰਮੇਸ਼ੁਰ ਦੇ ਬਚਨ ਦੇ ਉਪਦੇਸ਼ਕਾਂ ਵਜੋਂ ਸਾਡਾ ਟੀਚਾ ਸਿਰਫ਼ ਆਪਣੇ ਸਿੱਖਿਆਰਥੀਆਂ ਦਿਆਂ ਮਨਾਂ ਉੱਤੇ ਹੀ ਨਹੀਂ ਪਰ ਉਨ੍ਹਾਂ ਦਿਆਂ ਦਿਲਾਂ ਉੱਤੇ ਵੀ ਚਾਨਣ ਪਾਉਣਾ ਹੋਣਾ ਚਾਹੀਦਾ ਹੈ। (ਅਫ਼ਸੀਆਂ 1:18) ਇਸ ਲਈ ਸਿਖਾਉਣ ਵਿਚ ਗਿਆਨ ਦੇਣ ਨਾਲੋਂ ਕੁਝ ਜ਼ਿਆਦਾ ਸ਼ਾਮਲ ਹੈ। ਕਹਾਉਤਾਂ 16:23 ਕਹਿੰਦਾ ਹੈ: “ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ,” ਜਾਂ ਹੋਰ ਤਰਜਮਿਆਂ ਅਨੁਸਾਰ ‘ਉਹ ਦੇ ਬੁੱਲ੍ਹਾਂ ਨੂੰ ਕਾਇਲ ਕਰਨ ਦੀ ਸ਼ਕਤੀ ਦਿੰਦਾ ਹੈ।’
2. (ੳ) ਮਨਾਉਣ ਜਾਂ ਕਾਇਲ ਕਰਨ ਦਾ ਕੀ ਮਤਲਬ ਹੈ? (ਅ) ਸਾਰਿਆਂ ਮਸੀਹੀਆਂ ਲਈ ਮਨਾਉਣ ਵਾਲੇ ਉਪਦੇਸ਼ਕ ਬਣਨਾ ਕਿਸ ਤਰ੍ਹਾਂ ਮੁਮਕਿਨ ਹੈ?
2 ਪੌਲੁਸ ਰਸੂਲ ਨੇ ਇਸ ਸਿਧਾਂਤ ਨੂੰ ਆਪਣੇ ਸਿਖਲਾਈ ਦੇ ਕੰਮ ਵਿਚ ਲਾਗੂ ਕੀਤਾ ਸੀ। ਜਦੋਂ ਉਹ ਕੁਰਿੰਥੁਸ ਵਿਚ ਸੀ, “ਉਹ ਹਰ ਸਬਤ ਨੂੰ ਸਮਾਜ ਵਿੱਚ ਗਿਆਨ ਗੋਸ਼ਟ ਕਰਦਾ ਅਤੇ ਯਹੂਦੀਆਂ ਤੇ ਯੂਨਾਨੀਆਂ ਨੂੰ ਮਨਾਉਂਦਾ ਸੀ।” (ਰਸੂਲਾਂ ਦੇ ਕਰਤੱਬ 18:4) ਇਕ ਸ਼ਬਦ ਕੋਸ਼ ਦੇ ਅਨੁਸਾਰ, ਇੱਥੇ ਦਿੱਤਾ ਗਿਆ ਯੂਨਾਨੀ ਸ਼ਬਦ “ਮਨਾਉਣ” ਦਾ ਮਤਲਬ ਹੈ “ਤਰਕ ਕਰਨ ਜਾਂ ਸਹੀ ਅਤੇ ਗ਼ਲਤ ਉੱਤੇ ਵਿਚਾਰ ਕਰਨ ਦੁਆਰਾ ਮਨ ਵਿਚ ਤਬਦੀਲੀ ਲਿਆਉਣੀ।” ਚੰਗੀ ਤਰ੍ਹਾਂ ਸਮਝਾਉਣ ਦੁਆਰਾ, ਪੌਲੁਸ ਲੋਕਾਂ ਨੂੰ ਆਪਣੇ ਸੋਚਣ ਦੇ ਢੰਗ ਨੂੰ ਵੀ ਬਦਲਣ ਲਈ ਪ੍ਰੇਰਿਤ ਕਰ ਸਕਿਆ ਸੀ। ਉਹ ਇਸ ਤਰ੍ਹਾਂ ਮਨਾਉਂਦਾ ਜਾਂ ਕਾਇਲ ਕਰਦਾ ਸੀ ਕਿ ਉਸ ਦੇ ਵੈਰੀ ਵੀ ਉਸ ਤੋਂ ਡਰਦੇ ਸਨ। (ਰਸੂਲਾਂ ਦੇ ਕਰਤੱਬ 19:24-27) ਲੇਕਿਨ, ਪੌਲੁਸ ਦੀ ਸਿਖਲਾਈ ਮਨੁੱਖੀ ਯੋਗਤਾਵਾਂ ਦਾ ਦਿਖਾਵਾ ਨਹੀਂ ਸੀ। ਉਸ ਨੇ ਕੁਰਿੰਥੀਆਂ ਨੂੰ ਦੱਸਿਆ: “ਮੇਰਾ ਬਚਨ ਅਤੇ ਮੇਰਾ ਪਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ [ਜਾਂ, ਪਵਿੱਤਰ ਸ਼ਕਤੀ] ਅਤੇ ਸਮਰੱਥਾ ਦੇ ਪਰਮਾਣ ਨਾਲ ਸੀ। ਤਾਂ ਜੋ ਤੁਹਾਡੀ ਨਿਹਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਉੱਤੇ ਠਹਿਰੇ।” (1 ਕੁਰਿੰਥੀਆਂ 2:4, 5) ਕਿਉਂਕਿ ਸਾਰਿਆਂ ਮਸੀਹੀਆਂ ਕੋਲ ਯਹੋਵਾਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਹੈ, ਉਨ੍ਹਾਂ ਵਿੱਚੋਂ ਸਾਰੇ ਅਜਿਹੇ ਉਪਦੇਸ਼ਕ ਬਣ ਸਕਦੇ ਹਨ ਜੋ ਮਨਾ ਜਾਂ ਕਾਇਲ ਕਰ ਸਕਦੇ ਹਨ। ਲੇਕਿਨ ਕਿਸ ਤਰ੍ਹਾਂ? ਆਓ ਆਪਾਂ ਸਿਖਾਉਣ ਦੇ ਕੁਝ ਚੰਗੇ ਤਰੀਕਿਆਂ ਵੱਲ ਧਿਆਨ ਦੇਈਏ।
ਚੰਗੀ ਤਰ੍ਹਾਂ ਸੁਣਨ ਵਾਲੇ ਬਣੋ
3. ਦੂਸਰਿਆਂ ਨੂੰ ਸਿਖਾਉਂਦੇ ਸਮੇਂ ਸਮਝ ਦੀ ਕਿਉਂ ਜ਼ਰੂਰਤ ਹੈ, ਅਤੇ ਅਸੀਂ ਬਾਈਬਲ ਦੇ ਸਿੱਖਿਆਰਥੀ ਦੇ ਦਿਲ ਤਕ ਕਿਸ ਤਰ੍ਹਾਂ ਪਹੁੰਚ ਸਕਦੇ ਹਾਂ?
3 ਸਿਖਾਉਣ ਦੇ ਪਹਿਲੇ ਤਰੀਕੇ ਵਿਚ, ਬੋਲਣਾ ਨਹੀਂ ਸਗੋਂ ਸੁਣਨਾ ਸ਼ਾਮਲ ਹੈ। ਜਿਵੇਂ ਕਹਾਉਤਾਂ 16:23 ਵਿਚ ਸੰਕੇਤ ਕੀਤਾ ਗਿਆ ਹੈ ਮਨਾਉਣ ਲਈ ਗਿਆਨ, ਜਾਂ ਸਮਝ ਦੀ ਜ਼ਰੂਰਤ ਹੈ। ਯਿਸੂ ਉਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਅਤੇ ਸਮਝਦਾ ਸੀ ਜਿਨ੍ਹਾਂ ਨੂੰ ਉਹ ਸਿਖਾਉਂਦਾ ਸੀ। ਯੂਹੰਨਾ 2:25 ਕਹਿੰਦਾ ਹੈ: “ਉਹ ਆਪੇ ਜਾਣਦਾ ਸੀ ਭਈ ਮਨੁੱਖ ਦੇ ਅੰਦਰ ਕੀ ਹੈ।” ਲੇਕਿਨ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਸਿਖਾ ਰਹੇ ਹਾਂ, ਉਨ੍ਹਾਂ ਦਿਆਂ ਦਿਲਾਂ ਵਿਚ ਕੀ ਹੈ? ਇਕ ਤਰੀਕਾ ਹੈ ਚੰਗੀ ਤਰ੍ਹਾਂ ਸੁਣਨ ਵਾਲੇ ਬਣਨ ਦੁਆਰਾ। ਯਾਕੂਬ 1:19 ਵਿਚ ਲਿਖਿਆ ਹੈ: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।” ਇਹ ਸੱਚ ਹੈ ਕਿ ਸਾਰੇ ਲੋਕ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਨਹੀਂ ਕਰਦੇ। ਪਰ ਜਿਉਂ-ਜਿਉਂ ਸਾਡੇ ਸਿੱਖਿਆਰਥੀ ਨੂੰ ਪਤਾ ਲੱਗਦਾ ਹੈ ਕਿ ਅਸੀਂ ਉਸ ਵਿਚ ਸੱਚੀ ਦਿਲਚਸਪੀ ਰੱਖਦੇ ਹਾਂ, ਤਾਂ ਸ਼ਾਇਦ ਉਸ ਵਾਸਤੇ ਆਪਣੇ ਦਿਲ ਦੀ ਗੱਲ ਕਰਨੀ ਜ਼ਿਆਦਾ ਆਸਾਨ ਹੋ ਜਾਵੇ। ਪ੍ਰੇਮ ਅਤੇ ਅਕਲਮੰਦੀ ਨਾਲ ਸਵਾਲ ਪੁੱਛਣੇ ਅਕਸਰ ਦਿਲ ਤਕ ਪਹੁੰਚਣ ਅਤੇ ਖ਼ਿਆਲ ‘ਬਾਹਰ ਕੱਢਣ’ ਵਿਚ ਸਾਡੀ ਮਦਦ ਕਰ ਸਕਦਾ ਹੈ।—ਕਹਾਉਤਾਂ 20:5.
4. ਮਸੀਹੀ ਬਜ਼ੁਰਗਾਂ ਨੂੰ ਚੰਗੀ ਤਰ੍ਹਾਂ ਸੁਣਨ ਵਾਲੇ ਕਿਉਂ ਹੋਣਾ ਚਾਹੀਦਾ ਹੈ?
4 ਖ਼ਾਸ ਕਰਕੇ ਮਸੀਹੀ ਬਜ਼ੁਰਗਾਂ ਲਈ ਚੰਗੀ ਤਰ੍ਹਾਂ ਸੁਣਨ ਵਾਲੇ ਹੋਣਾ ਬਹੁਤ ਜ਼ਰੂਰੀ ਹੈ। ਉਦੋਂ ਹੀ ਉਹ ਸੱਚ-ਮੁੱਚ ‘ਜਾਣ ਸਕਦੇ ਹਨ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।’ (ਕੁਲੁੱਸੀਆਂ 4:6) ਕਹਾਉਤਾਂ 18:13 ਚੇਤਾਵਨੀ ਦਿੰਦਾ ਹੈ: “ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,—ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।” ਇਕ ਵਾਰ, ਦੋ ਭਰਾ ਇਕ ਭੈਣ ਨੂੰ ਮਿਲਣ ਗਏ। ਉਨ੍ਹਾਂ ਨੇ ਉਸ ਨੂੰ ਦੁਨਿਆਵੀ ਚੀਜ਼ਾਂ ਵਿਚ ਜ਼ਿਆਦਾ ਦਿਲਚਸਪੀ ਨਾ ਰੱਖਣ ਬਾਰੇ ਸਲਾਹ ਦਿੱਤੀ ਕਿਉਂਕਿ ਉਹ ਭੈਣ ਕੁਝ ਸਭਾਵਾਂ ਤੇ ਨਹੀਂ ਆਈ ਸੀ। ਉਨ੍ਹਾਂ ਦਾ ਇਰਾਦਾ ਤਾਂ ਚੰਗਾ ਸੀ ਪਰ ਭੈਣ ਦੇ ਦਿਲ ਨੂੰ ਬਹੁਤ ਹੀ ਠੇਸ ਪਹੁੰਚੀ ਕਿਉਂਕਿ ਉਨ੍ਹਾਂ ਨੇ ਇਹ ਵੀ ਨਹੀਂ ਸੀ ਪੁੱਛਿਆ ਕਿ ਉਹ ਸਭਾਵਾਂ ਤੇ ਕਿਉਂ ਨਹੀਂ ਆਈ। ਥੋੜ੍ਹੇ ਚਿਰ ਪਹਿਲਾਂ ਭੈਣ ਦਾ ਓਪਰੇਸ਼ਨ ਹੋਇਆ ਸੀ ਤਾਂ ਉਹ ਹਾਲੇ ਬੀਮਾਰ ਸੀ। ਤਾਂ ਫਿਰ, ਕਿੰਨਾ ਜ਼ਰੂਰੀ ਹੈ ਕਿ ਸਲਾਹ ਦੇਣ ਤੋਂ ਪਹਿਲਾਂ ਅਸੀਂ ਚੰਗੀ ਤਰ੍ਹਾਂ ਸੁਣੀਏ!
5. ਬਜ਼ੁਰਗ ਉਨ੍ਹਾਂ ਝਗੜਿਆਂ ਬਾਰੇ ਕੀ ਕਰ ਸਕਦੇ ਹਨ ਜੋ ਭਰਾਵਾਂ ਦੇ ਵਿਚਕਾਰ ਹੋ ਜਾਂਦੇ ਹਨ?
5 ਬਜ਼ੁਰਗਾਂ ਲਈ, ਸਿਖਲਾਈ ਦੇਣ ਵਿਚ ਅਕਸਰ ਸਲਾਹ ਦੇਣੀ ਵੀ ਸ਼ਾਮਲ ਹੁੰਦੀ ਹੈ। ਸਲਾਹ ਦੇਣ ਵਿਚ ਵੀ ਚੰਗੀ ਤਰ੍ਹਾਂ ਸੁਣਨਾ ਜ਼ਰੂਰੀ ਹੈ। ਸੁਣਨਾ ਉਦੋਂ ਖ਼ਾਸ ਕਰਕੇ ਜ਼ਰੂਰੀ ਹੁੰਦਾ ਹੈ ਜਦੋਂ ਸੰਗੀ ਮਸੀਹੀਆਂ ਦੇ ਵਿਚਕਾਰ ਝਗੜਾ ਹੋ ਜਾਂਦਾ ਹੈ। ਬਜ਼ੁਰਗ ਸਿਰਫ਼ ਸੁਣਨ ਤੋਂ ਬਾਅਦ ਹੀ ਸਾਡੇ “ਪਿਤਾ” ਦੀ ਰੀਸ ਕਰ ਸਕਦੇ ਹਨ ਜੋ “ਬਿਨਾ ਪੱਖ ਪਾਤ ਨਿਆਉਂ ਕਰਦਾ ਹੈ।” (1 ਪਤਰਸ 1:17) ਅਜਿਹੀਆਂ ਸਥਿਤੀਆਂ ਵਿਚ ਜਜ਼ਬਾਤ ਅਕਸਰ ਗਰਮ ਹੋ ਜਾਂਦੇ ਹਨ, ਅਤੇ ਬਜ਼ੁਰਗ ਨੂੰ ਕਹਾਉਤਾਂ 18:17 ਦੀ ਸਲਾਹ ਯਾਦ ਰੱਖਣੀ ਚਾਹੀਦੀ ਹੈ: “ਜਿਹੜਾ ਮੁਕੱਦਮੇ ਵਿੱਚ ਪਹਿਲਾਂ ਬੋਲਦਾ ਹੈ ਓਹੋ ਸੱਚਾ ਜਾਪਦਾ ਹੈ, ਪਰ ਫੇਰ ਉਹ ਦਾ ਗੁਆਂਢੀ ਆਣ ਕੇ ਉਹ ਦੀ ਕਲੀ ਖੋਲ੍ਹਦਾ ਹੈ।” ਇਕ ਚੰਗਾ ਉਪਦੇਸ਼ਕ ਦੋਹਾਂ ਦੀ ਗੱਲ ਸੁਣੇਗਾ। ਪ੍ਰਾਰਥਨਾ ਕਰਨ ਦੁਆਰਾ ਉਹ ਸਭ ਨੂੰ ਸ਼ਾਂਤ ਰੱਖਣ ਵਿਚ ਮਦਦ ਦੇਵੇਗਾ। (ਯਾਕੂਬ 3:18) ਜੇਕਰ ਝਗੜਾ ਵਧੀ ਜਾਵੇ ਤਾਂ ਉਹ ਸ਼ਾਇਦ ਸੁਝਾਅ ਪੇਸ਼ ਕਰ ਸਕਦਾ ਹੈ ਕਿ ਇਕ ਦੂਸਰੇ ਨਾਲ ਗਰਮ ਹੋਣ ਦੀ ਬਜਾਇ ਦੋਵੇਂ ਭਰਾ ਇਕ-ਇਕ ਕਰ ਕੇ ਉਸ ਨੂੰ ਆਪਣੀ ਗੱਲ ਦੱਸਣ। ਉਚਿਤ ਸਵਾਲਾਂ ਦੇ ਰਾਹੀਂ ਬਜ਼ੁਰਗ ਸ਼ਾਇਦ ਅਸਲੀ ਸਮੱਸਿਆ ਚੰਗੀ ਤਰ੍ਹਾਂ ਸਮਝ ਲਵੇਗਾ। ਕਈ ਵਾਰ, ਝਗੜੇ ਦਾ ਕਾਰਨ ਕੋਈ ਬੁਰਾ ਸਲੂਕ ਨਹੀਂ ਬਲਕਿ ਗੱਲਬਾਤ ਦੀ ਕਮੀ ਨਿਕਲਿਆ ਹੈ। ਲੇਕਿਨ ਜੇਕਰ ਬਾਈਬਲ ਦਿਆਂ ਸਿਧਾਂਤਾਂ ਦੀ ਉਲੰਘਣਾ ਕੀਤੀ ਗਈ ਹੋਵੇ, ਤਾਂ ਇਕ ਪ੍ਰੇਮਪੂਰਣ ਉਪਦੇਸ਼ਕ ਹੁਣ ਸੂਝ ਨਾਲ ਸਿੱਖਿਆ ਦੇ ਸਕਦਾ ਹੈ ਕਿਉਂਕਿ ਉਸ ਨੇ ਦੋਹਾਂ ਪਾਸਿਆਂ ਦੀ ਗੱਲ ਸੁਣੀ ਹੈ।
ਸੌਖੀ ਤਰ੍ਹਾਂ ਸਿਖਾਉਣ ਦੀ ਮਹੱਤਤਾ
6. ਸੌਖੇ ਤਰੀਕੇ ਵਿਚ ਸਿਖਲਾਈ ਦੇਣ ਲਈ ਪੌਲੁਸ ਅਤੇ ਯਿਸੂ ਨੇ ਕਿਸ ਤਰ੍ਹਾਂ ਮਿਸਾਲ ਕਾਇਮ ਕੀਤੀ ਸੀ?
6 ਸੌਖੀ ਤਰ੍ਹਾਂ ਗੱਲਾਂ ਸਮਝਾਉਣੀਆਂ ਸਿਖਲਾਈ ਦੇਣ ਦਾ ਇਕ ਹੋਰ ਵਧੀਆ ਤਰੀਕਾ ਹੈ। ਇਹ ਸੱਚ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਬਾਈਬਲ ਦੇ ਸਿੱਖਿਆਰਥੀ ਸੱਚਾਈ ਬਾਰੇ ‘ਸਾਰੇ ਸੰਤਾਂ ਸਣੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸੱਕਣ ਭਈ ਕਿੰਨੀ ਹੀ ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਹੈ।’ (ਅਫ਼ਸੀਆਂ 3:18) ਬਾਈਬਲੀ ਸਿੱਖਿਆ ਦੀਆਂ ਕੁਝ ਅਜਿਹੀਆਂ ਗੱਲਾਂ ਵੀ ਹਨ ਜੋ ਬਹੁਤ ਦਿਲਚਸਪ ਹਨ ਪਰ ਡੂੰਘੀਆਂ ਵੀ ਹਨ। (ਰੋਮੀਆਂ 11:33) ਫਿਰ ਵੀ, ਜਦੋਂ ਪੌਲੁਸ ਨੇ ਯੂਨਾਨੀ ਲੋਕਾਂ ਨੂੰ ਪ੍ਰਚਾਰ ਕੀਤਾ ਸੀ, ਤਾਂ ਉਸ ਨੇ “ਸਲੀਬ ਦਿੱਤੇ ਹੋਏ ਮਸੀਹ” ਦੇ ਸਰਲ ਸੰਦੇਸ਼ ਵੱਲ ਧਿਆਨ ਖਿੱਚਿਆ ਸੀ। (1 ਕੁਰਿੰਥੀਆਂ 2:1, 2) ਇਸੇ ਤਰ੍ਹਾਂ, ਯਿਸੂ ਨੇ ਵੀ ਸਪੱਸ਼ਟ ਅਤੇ ਮਨਭਾਉਂਦੇ ਤਰੀਕੇ ਵਿਚ ਪ੍ਰਚਾਰ ਕੀਤਾ ਸੀ। ਆਪਣੇ ਪਹਾੜੀ ਉਪਦੇਸ਼ ਵਿਚ ਉਸ ਨੇ ਸੌਖੇ ਸ਼ਬਦ ਵਰਤੇ ਸਨ। ਲੇਕਿਨ ਉਸ ਵਿਚ ਅਜਿਹੀਆਂ ਡੂੰਘੀਆਂ ਸੱਚਾਈਆਂ ਹਨ ਜੋ ਕਿ ਅੱਗੇ ਕਦੀ ਵੀ ਨਹੀਂ ਬੋਲੀਆਂ ਗਈਆਂ।—ਮੱਤੀ, ਅਧਿਆਇ 5-7.
7. ਕਿਸੇ ਨਾਲ ਬਾਈਬਲ ਦਾ ਅਧਿਐਨ ਕਰਦੇ ਸਮੇਂ ਅਸੀਂ ਇਸ ਨੂੰ ਕਿਸ ਤਰ੍ਹਾਂ ਸੌਖਾ ਬਣਾ ਸਕਦੇ ਹਾਂ?
7 ਬਾਈਬਲ ਦਾ ਅਧਿਐਨ ਕਰਨ ਵਾਲੇ ਨੂੰ ਸਿਖਾਉਂਦੇ ਸਮੇਂ ਅਸੀਂ ਵੀ ਇਸੇ ਤਰ੍ਹਾਂ ਗੱਲਾਂ ਨੂੰ ਸੌਖੀ ਤਰ੍ਹਾਂ ਸਮਝਾ ਸਕਦੇ ਹਾਂ। ਕਿਸ ਤਰ੍ਹਾਂ? “ਜ਼ਿਆਦਾ ਮਹੱਤਵਪੂਰਣ ਗੱਲਾਂ” ਵੱਲ ਧਿਆਨ ਖਿੱਚਣ ਦੁਆਰਾ। (ਫ਼ਿਲਿੱਪੀਆਂ 1:10, ਨਿ ਵ) ਜਦੋਂ ਅਸੀਂ ਔਖਿਆਂ ਵਿਸ਼ਿਆਂ ਬਾਰੇ ਸਮਝਾਉਂਦੇ ਹਾਂ, ਤਾਂ ਸਾਨੂੰ ਸਪੱਸ਼ਟ ਸ਼ਬਦਾਂ ਵਿਚ ਗੱਲ ਕਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪ੍ਰਕਾਸ਼ਨ ਵਿਚ ਦਿੱਤੇ ਗਏ ਬਾਈਬਲ ਦੇ ਸਾਰੇ ਹਵਾਲਿਆਂ ਨੂੰ ਪੜ੍ਹਨ ਅਤੇ ਉਨ੍ਹਾਂ ਬਾਰੇ ਚਰਚਾ ਕਰਨ ਦੀ ਬਜਾਇ ਸਾਨੂੰ ਮੁੱਖ ਆਇਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਚੰਗੀ ਤਿਆਰੀ ਕਰਨ ਦੀ ਲੋੜ ਹੈ। ਸਾਨੂੰ ਬਹੁਤੀਆਂ ਗੱਲਾਂ ਨਾਲ ਸਿੱਖਿਆਰਥੀ ਉੱਤੇ ਬੋਝ ਪਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਛੋਟੀਆਂ-ਛੋਟੀਆਂ ਗੱਲਾਂ ਲੈ ਕੇ ਮੁੱਖ ਗੱਲਬਾਤ ਤੋਂ ਲਾਂਭੇ ਨਹੀਂ ਹੋਣਾ ਚਾਹੀਦਾ। ਜੇਕਰ ਸਿੱਖਿਆਰਥੀ ਕੋਲ ਕੋਈ ਸਵਾਲ ਹੈ ਜੋ ਪਾਠ ਦੇ ਵਿਸ਼ੇ ਨਾਲ ਸਿੱਧਾ ਸੰਬੰਧ ਨਹੀਂ ਰੱਖਦਾ, ਤਾਂ ਅਸੀਂ ਸੋਹਣੇ ਤਰੀਕੇ ਨਾਲ ਸੁਝਾਅ ਦੇ ਸਕਦੇ ਹਾਂ ਕਿ ਪਾਠ ਨੂੰ ਖ਼ਤਮ ਕਰਨ ਤੋਂ ਬਾਅਦ ਅਸੀਂ ਇਸ ਉੱਤੇ ਚਰਚਾ ਕਰਾਂਗੇ।
ਸਵਾਲ ਵਰਤਣ ਦਾ ਚੰਗਾ ਤਰੀਕਾ
8. ਯਿਸੂ ਨੇ ਚੰਗੇ ਸਵਾਲ ਕਿਸ ਤਰ੍ਹਾਂ ਵਰਤੇ ਸਨ?
8 ਸਿਖਲਾਈ ਦੇਣ ਦਾ ਇਕ ਹੋਰ ਲਾਭਦਾਇਕ ਤਰੀਕਾ ਹੈ ਚੰਗੇ ਸਵਾਲ ਪੁੱਛਣੇ। ਯਿਸੂ ਮਸੀਹ ਨੇ ਆਪਣੀ ਸਿਖਲਾਈ ਵਿਚ ਸਵਾਲ ਬਹੁਤ ਵਰਤੇ ਸਨ। ਮਿਸਾਲ ਲਈ, ਯਿਸੂ ਨੇ ਪਤਰਸ ਨੂੰ ਪੁੱਛਿਆ: “ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਯਾ ਮਹਸੂਲ ਲੈਂਦੇ ਹਨ, ਆਪਣੇ ਪੁੱਤ੍ਰਾਂ ਤੋਂ ਯਾ ਪਰਾਇਆਂ ਤੋਂ? ਜਦ ਉਹ ਬੋਲਿਆ, ਪਰਾਇਆਂ ਤੋਂ ਤਦ ਯਿਸੂ ਨੇ ਉਹ ਨੂੰ ਆਖਿਆ, ਫੇਰ ਪੁੱਤ੍ਰ ਤਾਂ ਮਾਫ਼ ਹੋਏ।” (ਮੱਤੀ 17:24-26) ਉਸ ਦਾ ਇਕਲੌਤਾ ਪੁੱਤਰ ਹੋਣ ਦੇ ਨਾਤੇ, ਜਿਸ ਦੀ ਹੈਕਲ ਵਿਚ ਉਪਾਸਨਾ ਕੀਤੀ ਜਾਂਦੀ ਸੀ, ਯਿਸੂ ਹੈਕਲ ਦਾ ਕਰ ਦੇਣ ਲਈ ਮਜਬੂਰ ਨਹੀਂ ਸੀ। ਲੇਕਿਨ ਯਿਸੂ ਨੇ ਇਹ ਸੱਚਾਈ ਚੰਗੇ ਸਵਾਲਾਂ ਦੇ ਰਾਹੀਂ ਪ੍ਰਗਟ ਕੀਤੀ ਸੀ। ਇਸ ਤਰ੍ਹਾਂ ਯਿਸੂ ਨੇ ਪਤਰਸ ਨੂੰ ਉਸ ਜਾਣਕਾਰੀ ਦੇ ਆਧਾਰ ਤੇ, ਜੋ ਉਸ ਕੋਲ ਪਹਿਲਾਂ ਹੀ ਸੀ, ਸਹੀ ਨਤੀਜੇ ਤੇ ਪਹੁੰਚਣ ਵਿਚ ਮਦਦ ਦਿੱਤੀ।
9. ਬਾਈਬਲ ਦੇ ਅਧਿਐਨ ਦੌਰਾਨ ਅਸੀਂ ਸਵਾਲ ਕਿਸ ਤਰ੍ਹਾਂ ਵਰਤ ਸਕਦੇ ਹਾਂ?
9 ਅਸੀਂ ਬਾਈਬਲ ਅਧਿਐਨ ਦੌਰਾਨ ਸਵਾਲਾਂ ਨੂੰ ਚੰਗੀ ਤਰ੍ਹਾਂ ਵਰਤ ਸਕਦੇ ਹਾਂ। ਜੇਕਰ ਸਿੱਖਿਆਰਥੀ ਗ਼ਲਤ ਜਵਾਬ ਦੇ ਦਿੰਦਾ ਹੈ ਤਾਂ ਸ਼ਾਇਦ ਅਸੀਂ ਸਹੀ ਜਵਾਬ ਦੱਸਣਾ ਚਾਹੁੰਦੇ ਹਾਂ, ਪਰ ਕੀ ਉਹ ਸੱਚ-ਮੁੱਚ ਉਸ ਜਾਣਕਾਰੀ ਨੂੰ ਚੇਤੇ ਰੱਖ ਸਕੇਗਾ? ਸਭ ਤੋਂ ਬਿਹਤਰ ਇਹ ਹੈ ਕਿ ਅਸੀਂ ਸਿੱਖਿਆਰਥੀ ਨੂੰ ਸਵਾਲ ਪੁੱਛਣ ਰਾਹੀਂ ਸਹੀ ਜਵਾਬ ਤਕ ਪਹੁੰਚਣ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ। ਮਿਸਾਲ ਲਈ, ਜੇਕਰ ਉਸ ਨੂੰ ਇਹ ਗੱਲ ਸਮਝਣੀ ਔਖੀ ਲੱਗ ਰਹੀ ਹੋਵੇ ਕਿ ਉਸ ਨੂੰ ਈਸ਼ਵਰੀ ਨਾਮ ਕਿਉਂ ਵਰਤਣਾ ਚਾਹੀਦਾ ਹੈ, ਅਸੀਂ ਸ਼ਾਇਦ ਪੁੱਛ ਸਕਦੇ ਹਾਂ, ‘ਕੀ ਤੁਹਾਡੇ ਲਈ ਤੁਹਾਡਾ ਨਾਂ ਮਹੱਤਤਾ ਰੱਖਦਾ ਹੈ? . . . ਕਿਉਂ? . . . ਤੁਹਾਨੂੰ ਕਿਸ ਤਰ੍ਹਾਂ ਲੱਗੇਗਾ ਜੇ ਕੋਈ ਤੁਹਾਡਾ ਨਾਂ ਲੈਣ ਤੋਂ ਇਨਕਾਰ ਕਰ ਦੇਵੇ? . . . ਤਾਂ ਫਿਰ ਕੀ ਇਹ ਜਾਇਜ਼ ਨਹੀਂ ਕਿ ਪਰਮੇਸ਼ੁਰ ਸਾਡੇ ਤੋਂ ਇਹ ਮੰਗ ਕਰੇ ਕਿ ਅਸੀਂ ਉਸ ਦਾ ਨਿੱਜੀ ਨਾਂ ਵਰਤੀਏ?’
10. ਉਨ੍ਹਾਂ ਲੋਕਾਂ ਦੀ ਮਦਦ ਕਰਦੇ ਸਮੇਂ, ਜਿਨ੍ਹਾਂ ਦੇ ਦਿਲ ਨੂੰ ਸ਼ਾਇਦ ਚੋਟ ਲੱਗੀ ਹੋਵੇ, ਬਜ਼ੁਰਗ ਸਵਾਲ ਕਿਸ ਤਰ੍ਹਾਂ ਵਰਤ ਸਕਦੇ ਹਨ?
10 ਇੱਜੜ ਦੀ ਚਰਵਾਹੀ ਕਰਦੇ ਸਮੇਂ ਵੀ ਬਜ਼ੁਰਗ ਸਵਾਲ ਚੰਗੀ ਤਰ੍ਹਾਂ ਵਰਤ ਸਕਦੇ ਹਨ। ਕਲੀਸਿਯਾ ਵਿਚ ਕਈਆਂ ਭੈਣਾਂ-ਭਰਾਵਾਂ ਦਿਆਂ ਦਿਲਾਂ ਤੇ ਸ਼ਤਾਨ ਦੀ ਦੁਨੀਆਂ ਤੋਂ ਗਹਿਰੀਆਂ ਚੋਟਾਂ ਲੱਗਣ ਦੇ ਕਾਰਨ ਉਹ ਸ਼ਾਇਦ ਮਹਿਸੂਸ ਕਰਨ ਕਿ ਉਹ ਅਸ਼ੁੱਧ ਹਨ ਅਤੇ ਪਿਆਰ ਕਰਨ ਦੇ ਲਾਇਕ ਨਹੀਂ ਹਨ। ਇਕ ਬਜ਼ੁਰਗ ਅਜਿਹੇ ਵਿਅਕਤੀ ਨਾਲ ਸ਼ਾਇਦ ਇਸ ਤਰ੍ਹਾਂ ਤਰਕ ਕਰੇ: ‘ਭਾਵੇਂ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਅਸ਼ੁੱਧ ਮਹਿਸੂਸ ਕਰਦੇ ਹੋ, ਯਹੋਵਾਹ ਤੁਹਾਡੇ ਬਾਰੇ ਕੀ ਸੋਚਦਾ ਹੈ? ਜੇਕਰ ਸਾਡੇ ਪਿਆਰੇ ਸਵਰਗੀ ਪਿਤਾ ਨੇ ਤੁਹਾਡੇ ਲਈ ਆਪਣੇ ਪੁੱਤਰ ਨੂੰ ਮਰਨ ਦਿੱਤਾ ਅਤੇ ਰਿਹਾਈ-ਕੀਮਤ ਦਾ ਪ੍ਰਬੰਧ ਕੀਤਾ ਹੈ, ਤਾਂ ਕੀ ਇਸ ਦਾ ਮਤਲਬ ਇਹ ਨਹੀਂ ਕਿ ਪਰਮੇਸ਼ੁਰ ਤੁਹਾਡੇ ਨਾਲ ਪਿਆਰ ਕਰਦਾ ਹੈ?’—ਯੂਹੰਨਾ 3:16.
11. ਅਲੰਕਾਰਕ ਸਵਾਲ ਕਿਹੜਾ ਮਕਸਦ ਪੂਰਾ ਕਰਦੇ ਹਨ, ਅਤੇ ਇਹ ਪਬਲਿਕ ਭਾਸ਼ਣਾਂ ਵਿਚ ਕਿਸ ਤਰ੍ਹਾਂ ਵਰਤੇ ਜਾ ਸਕਦੇ ਹਨ?
11 ਅਲੰਕਾਰਕ ਸਵਾਲ ਵਰਤਣੇ, ਸਿਖਾਉਣ ਦਾ ਇਕ ਹੋਰ ਲਾਭਕਾਰੀ ਤਰੀਕਾ ਹੈ। ਸੁਣਨ ਵਾਲਿਆਂ ਨੂੰ ਅਜਿਹੇ ਸਵਾਲਾਂ ਦਾ ਜਵਾਬ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਇਹ ਤਰਕ ਕਰਨ ਵਿਚ ਮਦਦ ਕਰਦੇ ਹਨ। ਪ੍ਰਾਚੀਨ ਨਬੀ ਆਪਣੇ ਸੁਣਨ ਵਾਲਿਆਂ ਨੂੰ ਗਹਿਰੀ ਤਰ੍ਹਾਂ ਸੋਚਣ ਲਈ ਪ੍ਰੇਰਿਤ ਕਰਨ ਲਈ ਅਕਸਰ ਅਜਿਹੇ ਸਵਾਲ ਪੁੱਛਦੇ ਹੁੰਦੇ ਸਨ। (ਯਿਰਮਿਯਾਹ 18:14, 15) ਯਿਸੂ ਨੇ ਵੀ ਵਧੀਆ ਢੰਗ ਨਾਲ ਅਜਿਹੇ ਸਵਾਲ ਵਰਤੇ ਸਨ। (ਮੱਤੀ 11:7-11) ਅਜਿਹੇ ਸਵਾਲ ਵਰਤਣੇ ਖ਼ਾਸ ਕਰਕੇ ਪਬਲਿਕ ਭਾਸ਼ਣ ਦਿੰਦੇ ਸਮੇਂ ਚੰਗੇ ਹੁੰਦੇ ਹਨ। ਹਾਜ਼ਰੀਨ ਨੂੰ ਇਹ ਦੱਸਣ ਦੀ ਬਜਾਇ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਨੀ ਚਾਹੀਦੀ ਹੈ, ਸ਼ਾਇਦ ਇਹ ਪੁੱਛਣਾ ਜ਼ਿਆਦਾ ਵਧੀਆ ਹੈ ਕਿ ‘ਜੇਕਰ ਅਸੀਂ ਆਪਣੀ ਸੇਵਾ ਪੂਰੇ ਦਿਲ ਨਾਲ ਨਹੀਂ ਕਰਦੇ ਹਾਂ, ਤਾਂ ਕੀ ਯਹੋਵਾਹ ਖ਼ੁਸ਼ ਹੋਵੇਗਾ?’
12. ਸੋਚ-ਵਿਚਾਰ ਪਤਾ ਕਰਨ ਵਾਲੇ ਸਵਾਲ ਪੁੱਛਣੇ ਕਿਉਂ ਮਹੱਤਵਪੂਰਣ ਹਨ?
12 ਸੋਚ-ਵਿਚਾਰ ਪਤਾ ਕਰਨ ਵਾਲੇ ਸਵਾਲ ਵੀ ਲਾਭਕਾਰੀ ਹਨ ਤਾਂਕਿ ਅਸੀਂ ਨਿਸ਼ਚਿਤ ਕਰ ਸਕੀਏ ਕਿ ਸਿੱਖਿਆਰਥੀ ਸਿੱਖੀਆਂ ਗਈਆਂ ਗੱਲਾਂ ਉੱਤੇ ਸੱਚ-ਮੁੱਚ ਵਿਸ਼ਵਾਸ ਕਰਦਾ ਹੈ ਕਿ ਨਹੀਂ। (ਮੱਤੀ 16:13-16) ਇਕ ਸਿੱਖਿਆਰਥੀ ਸ਼ਾਇਦ ਸਹੀ ਜਵਾਬ ਦੇ ਦੇਵੇ ਕਿ ਵਿਭਚਾਰ ਗ਼ਲਤ ਹੈ। ਲੇਕਿਨ ਕਿਉਂ ਨਾ ਅਜਿਹਿਆਂ ਸਵਾਲਾਂ ਰਾਹੀਂ ਇਸ ਬਾਰੇ ਹੋਰ ਪੁੱਛੀਏ ਕਿ ਨੈਤਿਕਤਾ ਸੰਬੰਧੀ ਪਰਮੇਸ਼ੁਰ ਦੇ ਮਿਆਰਾਂ ਬਾਰੇ ਤੁਸੀਂ ਨਿੱਜੀ ਤੌਰ ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਕੀ ਤੁਹਾਨੂੰ ਇਹ ਜ਼ਿਆਦਾ ਬੰਦਸ਼ੀ ਨਹੀਂ ਲੱਗਦੇ? ਤੁਹਾਡੇ ਖ਼ਿਆਲ ਵਿਚ ਕੀ ਪਰਮੇਸ਼ੁਰ ਦੇ ਮਿਆਰਾਂ ਨੂੰ ਮੰਨਣਾ ਸਾਡੇ ਲਈ ਜ਼ਰੂਰੀ ਹੈ?
ਦਿਲ ਤਕ ਪਹੁੰਚਣ ਵਾਲੇ ਦ੍ਰਿਸ਼ਟਾਂਤ
13, 14. (ੳ) ਕਿਸੇ ਚੀਜ਼ ਦਾ ਦ੍ਰਿਸ਼ਟਾਂਤ ਦੇਣ ਦਾ ਕੀ ਅਰਥ ਹੈ? (ਅ) ਚੰਗੇ ਦ੍ਰਿਸ਼ਟਾਂਤ ਕਿਉਂ ਪ੍ਰਭਾਵਕਾਰੀ ਹਨ?
13 ਸੁਣਨ ਵਾਲਿਆਂ ਅਤੇ ਬਾਈਬਲ ਦੇ ਸਿੱਖਿਆਰਥੀਆਂ ਦੇ ਦਿਲਾਂ ਤਕ ਪਹੁੰਚਣ ਦਾ ਇਕ ਹੋਰ ਤਰੀਕਾ ਹੈ ਚੰਗੇ ਦ੍ਰਿਸ਼ਟਾਂਤਾਂ ਦੁਆਰਾ। ਯੂਨਾਨੀ ਸ਼ਬਦ “ਦ੍ਰਿਸ਼ਟਾਂਤ” ਦਾ ਸਹੀ ਅਰਥ ਹੈ “ਉਸ ਦੇ ਨਾਲ ਰੱਖਣਾ ਜਾਂ ਉਸ ਵਰਗਾ।” ਜਦੋਂ ਤੁਸੀਂ ਦ੍ਰਿਸ਼ਟਾਂਤ ਦਿੰਦੇ ਹੋ, ਤੁਸੀਂ ਕਿਸੇ ਚੀਜ਼ ਨੂੰ “ਉਸ ਦੇ ਨਾਲ” ਦੀ ਮਿਲਦੀ-ਜੁਲਦੀ ਚੀਜ਼ ਨਾਲ ‘ਰੱਖਣ’ ਜਾਂ ਜੋੜਨ ਰਾਹੀਂ ਸਮਝਾਉਂਦੇ ਹੋ। ਮਿਸਾਲ ਲਈ, ਯਿਸੂ ਨੇ ਪੁੱਛਿਆ: “ਅਸੀਂ ਪਰਮੇਸ਼ੁਰ ਦੇ ਰਾਜ ਨੂੰ ਕਿਹ ਦੇ ਵਰਗਾ ਦੱਸੀਏ ਯਾ ਉਹ ਦੇ ਲਈ ਕਿਹੜਾ ਦ੍ਰਿਸ਼ਟਾਂਤ ਦੇਈਏ?” ਜਵਾਬ ਵਿਚ ਯਿਸੂ ਨੇ ਆਮ ਰਾਈ ਦੇ ਦਾਣੇ ਦਾ ਜ਼ਿਕਰ ਕੀਤਾ।—ਮਰਕੁਸ 4:30-32.
14 ਪਰਮੇਸ਼ੁਰ ਦੇ ਨਬੀਆਂ ਨੇ ਕਈ ਚੰਗੇ ਦ੍ਰਿਸ਼ਟਾਂਤ ਵਰਤੇ ਸਨ। ਜਦੋਂ ਅੱਸ਼ੂਰ ਦੇ ਲੋਕ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਸਜ਼ਾ ਦੇਣ ਲਈ ਇਸਤੇਮਾਲ ਕੀਤਾ ਸੀ, ਬੇਰਹਿਮ ਅਤਿਆਚਾਰ ਤੇ ਉੱਤਰ ਆਏ, ਤਾਂ ਯਸਾਯਾਹ ਨੇ ਉਨ੍ਹਾਂ ਦੀ ਗੁਸਤਾਖ਼ੀ ਦਾ ਇਸ ਦ੍ਰਿਸ਼ਟਾਂਤ ਨਾਲ ਭੇਤ ਖੋਲ੍ਹਿਆ: “ਭਲਾ, ਕੁਹਾੜਾ ਆਪਣੇ ਚਲਾਉਣ ਵਾਲੇ ਅੱਗੇ ਆਕੜੇ? ਕੀ ਆਰਾ ਆਪਣੇ ਖਿੱਚਣ ਵਾਲੇ ਅੱਗੇ ਗਰੂਰ ਕਰੇ?” (ਯਸਾਯਾਹ 10:15) ਦੂਸਰਿਆਂ ਨੂੰ ਸਿਖਾਉਂਦੇ ਸਮੇਂ, ਯਿਸੂ ਨੇ ਵੀ ਦ੍ਰਿਸ਼ਟਾਂਤ ਬਹੁਤ ਵਰਤੇ ਸਨ। ਇਹ ਰਿਪੋਰਟ ਕੀਤਾ ਗਿਆ ਹੈ ਕਿ “ਬਿਨਾ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ।” (ਮਰਕੁਸ 4:34) ਚੰਗੇ ਦ੍ਰਿਸ਼ਟਾਂਤ ਪ੍ਰਭਾਵਕਾਰੀ ਹਨ ਕਿਉਂਕਿ ਉਹ ਮਨ ਅਤੇ ਦਿਲ ਦੋਹਾਂ ਉੱਤੇ ਅਸਰ ਪਾਉਂਦੇ ਹਨ। ਉਨ੍ਹਾਂ ਦੇ ਰਾਹੀਂ ਸੁਣਨ ਵਾਲੇ ਨਵੀਂ ਜਾਣਕਾਰੀ ਨੂੰ ਸੌਖੀ ਤਰ੍ਹਾਂ ਸਮਝ ਸਕਦੇ ਹਨ ਜਦੋਂ ਉਹ ਉਸ ਦੀ ਤੁਲਨਾ ਕਿਸੇ ਜਾਣੀ-ਪਛਾਣੀ ਚੀਜ਼ ਨਾਲ ਕਰਦੇ ਹਨ।
15, 16. ਦ੍ਰਿਸ਼ਟਾਂਤ ਨੂੰ ਜ਼ਿਆਦਾ ਬਿਹਤਰ ਕੀ ਬਣਾਵੇਗਾ? ਮਿਸਾਲ ਦਿਓ।
15 ਅਸੀਂ ਅਜਿਹੇ ਦ੍ਰਿਸ਼ਟਾਂਤ ਕਿਸ ਤਰ੍ਹਾਂ ਵਰਤ ਸਕਦੇ ਹਾਂ ਜੋ ਸੱਚ-ਮੁੱਚ ਦਿਲ ਤਕ ਪਹੁੰਚਦੇ ਹਨ। ਪਹਿਲੀ ਗੱਲ ਇਹ ਹੈ ਕਿ ਦ੍ਰਿਸ਼ਟਾਂਤ ਨੂੰ ਸਮਝਾਈ ਜਾ ਰਹੀ ਗੱਲ ਨਾਲ ਥੋੜ੍ਹਾ-ਬਹੁਤਾ ਮੇਲ ਖਾਣਾ ਚਾਹੀਦਾ ਹੈ। ਜੇਕਰ ਦ੍ਰਿਸ਼ਟਾਂਤ ਗੱਲਬਾਤ ਨਾਲ ਮੇਲ ਨਹੀਂ ਖਾਂਦਾ ਤਾਂ ਇਹ ਸੁਣਨ ਵਾਲੇ ਨੂੰ ਸਿਖਾਉਣ ਦੀ ਬਜਾਇ ਉਸ ਦੇ ਧਿਆਨ ਨੂੰ ਉਖੇੜ ਦੇਵੇਗਾ। ਇਕ ਵਾਰ, ਚੰਗੇ ਇਰਾਦੇ ਵਾਲੇ ਇਕ ਭਾਸ਼ਣਕਾਰ ਨੇ ਮਸਹ ਕੀਤੇ ਹੋਏ ਬਕੀਏ ਦੀ ਯਿਸੂ ਮਸੀਹ ਪ੍ਰਤੀ ਅਧੀਨਗੀ ਸਮਝਾਉਣ ਵਾਸਤੇ ਉਨ੍ਹਾਂ ਦੀ ਤੁਲਨਾ ਇਕ ਵਫ਼ਾਦਾਰ ਪਾਲਤੂ ਕੁੱਤੇ ਨਾਲ ਕੀਤੀ। ਲੇਕਿਨ ਕੀ ਅਜਿਹੀ ਨਿਰਾਦਰ ਕਰਨ ਵਾਲੀ ਤੁਲਨਾ ਸੱਚ-ਮੁੱਚ ਉਚਿਤ ਹੈ? ਬਾਈਬਲ ਇਸੇ ਖ਼ਿਆਲ ਨੂੰ ਜ਼ਿਆਦਾ ਸੋਹਣੇ ਅਤੇ ਆਦਰ ਭਰੇ ਢੰਗ ਨਾਲ ਸਮਝਾਉਂਦੀ ਹੈ। ਇਹ ਯਿਸੂ ਦੇ 1,44,000 ਮਸਹ ਕੀਤੇ ਗਏ ਅਨੁਯਾਈਆਂ ਦੀ ਤੁਲਨਾ ਇਕ “ਲਾੜੀ” ਨਾਲ ਕਰਦੀ ਹੈ ਜੋ “ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ।”—ਪਰਕਾਸ਼ ਦੀ ਪੋਥੀ 21:2.
16 ਦ੍ਰਿਸ਼ਟਾਂਤ ਉਦੋਂ ਜ਼ਿਆਦਾ ਬਿਹਤਰ ਹੁੰਦੇ ਹਨ ਜਦੋਂ ਉਨ੍ਹਾਂ ਦਾ ਸੰਬੰਧ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਹੁੰਦਾ ਹੈ। ਲੇਲੇ ਬਾਰੇ ਨਾਥਾਨ ਦੇ ਦ੍ਰਿਸ਼ਟਾਂਤ ਨੇ ਰਾਜਾ ਦਾਊਦ ਦੇ ਦਿਲ ਨੂੰ ਛੂਹਿਆ ਕਿਉਂਕਿ ਜਵਾਨੀ ਵਿਚ ਉਸ ਨੇ ਚਰਵਾਹੇ ਵਜੋਂ ਕੰਮ ਕੀਤਾ ਸੀ ਅਤੇ ਉਹ ਲੇਲਿਆਂ ਨਾਲ ਪਿਆਰ ਕਰਦਾ ਸੀ। (1 ਸਮੂਏਲ 16:11-13; 2 ਸਮੂਏਲ 12:1-7) ਜੇਕਰ ਦ੍ਰਿਸ਼ਟਾਂਤ ਬਲਦ ਬਾਰੇ ਹੁੰਦਾ ਤਾਂ ਸ਼ਾਇਦ ਇੰਨਾ ਪ੍ਰਭਾਵਕਾਰੀ ਨਾ ਹੁੰਦਾ। ਇਸ ਹੀ ਤਰ੍ਹਾਂ, ਵਿਗਿਆਨਕ ਜਾਂ ਅਸਪੱਸ਼ਟ ਇਤਿਹਾਸਕ ਘਟਨਾਵਾਂ ਬਾਰੇ ਦ੍ਰਿਸ਼ਟਾਂਤ ਸ਼ਾਇਦ ਸਾਡੇ ਸੁਣਨ ਵਾਲਿਆਂ ਲਈ ਕੋਈ ਮਹੱਤਤਾ ਨਾ ਰੱਖਣ। ਯਿਸੂ ਦੇ ਦ੍ਰਿਸ਼ਟਾਂਤ ਰੋਜ਼ਾਨਾ ਜੀਵਨ ਜਾਂ ਆਮ ਚੀਜ਼ਾਂ ਬਾਰੇ ਹੁੰਦੇ ਸਨ। ਉਹ ਅਜਿਹੀਆਂ ਮਾਮੂਲੀ ਚੀਜ਼ਾਂ ਬਾਰੇ ਗੱਲ ਕਰਦਾ ਹੁੰਦਾ ਸੀ ਜਿਵੇਂ ਕਿ ਦੀਵਾ, ਅਕਾਸ਼ ਦੇ ਪੰਛੀ, ਅਤੇ ਜੰਗਲੀ ਸੋਸਨ। (ਮੱਤੀ 5:15, 16; 6:26, 28) ਯਿਸੂ ਦੇ ਸੁਣਨ ਵਾਲੇ ਇਨ੍ਹਾਂ ਚੀਜ਼ਾਂ ਨੂੰ ਆਸਾਨੀ ਨਾਲ ਪਛਾਣ ਸਕਦੇ ਸਨ।
17. (ੳ) ਅਸੀਂ ਆਪਣੇ ਦ੍ਰਿਸ਼ਟਾਂਤ ਕਿਸ ਉੱਤੇ ਆਧਾਰਿਤ ਕਰ ਸਕਦੇ ਹਾਂ? (ਅ) ਆਪਣੇ ਸਿੱਖਿਆਰਥੀ ਦਿਆਂ ਹਾਲਾਤਾਂ ਦਾ ਸੰਬੰਧ ਪ੍ਰਕਾਸ਼ਨਾਂ ਵਿਚ ਦਿੱਤੇ ਗਏ ਦ੍ਰਿਸ਼ਟਾਂਤਾਂ ਨਾਲ ਜੋੜਨ ਵਾਸਤੇ ਅਸੀਂ ਕੀ ਕਰ ਸਕਦੇ ਹਾਂ?
17 ਆਪਣੀ ਸੇਵਕਾਈ ਵਿਚ, ਸੌਖੇ ਪਰ ਚੰਗੇ ਦ੍ਰਿਸ਼ਟਾਂਤ ਇਸਤੇਮਾਲ ਕਰਨ ਦੇ ਸਾਡੇ ਕੋਲ ਕਈ ਮੌਕੇ ਹੁੰਦੇ ਹਨ। ਸੁਚੇਤ ਰਹੋ। (ਰਸੂਲਾਂ ਦੇ ਕਰਤੱਬ 17:22, 23) ਦ੍ਰਿਸ਼ਟਾਂਤ ਸੁਣਨ ਵਾਲੇ ਦੇ ਬੱਚੇ, ਘਰ, ਨੌਕਰੀ, ਜਾਂ ਸ਼ੌਕ ਉੱਤੇ ਆਧਾਰਿਤ ਹੋ ਸਕਦਾ ਹੈ। ਜਾਂ ਅਸੀਂ ਬਾਈਬਲ ਸਿੱਖਿਆਰਥੀ ਬਾਰੇ ਆਪਣੀ ਨਿੱਜੀ ਜਾਣਕਾਰੀ ਨੂੰ ਵਰਤ ਕੇ ਅਧਿਐਨ ਦੀ ਪੜ੍ਹਾਈ ਵਿਚ ਦਿੱਤੇ ਗਏ ਦ੍ਰਿਸ਼ਟਾਂਤ ਨੂੰ ਬਿਹਤਰ ਬਣਾ ਸਕਦੇ ਹਾਂ। ਮਿਸਾਲ ਲਈ, ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ 8ਵੇਂ ਅਧਿਆਇ ਦੇ 14ਵੇਂ ਪੈਰੇ ਵਿਚ ਦਿੱਤੇ ਗਏ ਵਧੀਆ ਦ੍ਰਿਸ਼ਟਾਂਤ ਨੂੰ ਦੇਖੋ। ਇਹ ਇਕ ਪ੍ਰੇਮਪੂਰਣ ਪਿਤਾ ਜਾਂ ਮਾਤਾ ਬਾਰੇ ਹੈ ਜਿਸ ਉੱਤੇ ਇਕ ਗੁਆਂਢੀ ਨੇ ਤੁਹਮਤ ਲਾਈ ਹੈ। ਜੇਕਰ ਸਾਡਾ ਬਾਈਬਲ ਸਿੱਖਿਆਰਥੀ ਪਿਤਾ ਜਾਂ ਮਾਤਾ ਹੈ ਤਾਂ ਅਸੀਂ ਇਸ ਦ੍ਰਿਸ਼ਟਾਂਤ ਬਾਰੇ ਸੋਚ ਸਕਦੇ ਹਾਂ ਕਿ ਅਸੀਂ ਇਸ ਦਾ ਸੰਬੰਧ ਉਸ ਦਿਆਂ ਹਾਲਾਤਾਂ ਦੇ ਨਾਲ ਕਿਸ ਤਰ੍ਹਾਂ ਜੋੜ ਸਕਦੇ ਹਾਂ।
ਸੋਹਣੇ ਢੰਗ ਨਾਲ ਹਵਾਲੇ ਪੜ੍ਹਨੇ
18. ਸਾਨੂੰ ਚੰਗੇ ਪੜ੍ਹਨ ਵਾਲੇ ਹੋਣ ਦੀ ਸਖ਼ਤ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
18 ਪੌਲੁਸ ਨੇ ਤਿਮੋਥਿਉਸ ਨੂੰ ਤਾਕੀਦ ਕੀਤੀ: “ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ।” (1 ਤਿਮੋਥਿਉਸ 4:13) ਕਿਉਂਕਿ ਸਾਡੀ ਸਿੱਖਿਆ ਦਾ ਮੂਲ ਆਧਾਰ ਬਾਈਬਲ ਹੈ, ਇਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਲਾਭਦਾਇਕ ਹੈ। ਪਰਮੇਸ਼ੁਰ ਦੇ ਲੋਕਾਂ ਸਾਮ੍ਹਣੇ ਮੂਸਾ ਦੀ ਬਿਵਸਥਾ ਪੜ੍ਹ ਕੇ ਸੁਣਾਉਣ ਦਾ ਸਨਮਾਨ ਲੇਵੀਆਂ ਨੂੰ ਦਿੱਤਾ ਗਿਆ ਸੀ। ਕੀ ਉਹ ਇਸ ਨੂੰ ਅਟਕ-ਅਟਕ ਕੇ ਪੜ੍ਹਦੇ ਸਨ ਜਾਂ ਇਸ ਨੂੰ ਜੋਸ਼ ਬਿਨਾਂ ਪੜ੍ਹਦੇ ਸਨ? ਨਹੀਂ, ਨਹਮਯਾਹ 8:8 ਵਿਚ ਬਾਈਬਲ ਕਹਿੰਦੀ ਹੈ: “ਉਨ੍ਹਾਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਨੂੰ ਬੜੀ ਸਫਾਈ ਨਾਲ ਪੜ੍ਹਿਆ ਅਤੇ ਅਰਥ ਕੀਤੇ ਅਤੇ ਏਸ ਪਾਠ ਨੂੰ ਉਨ੍ਹਾਂ ਨੇ ਸਮਝਾ ਦਿੱਤਾ।”
19. ਅਸੀਂ ਬਾਈਬਲ ਦੀ ਆਪਣੀ ਪੜ੍ਹਾਈ ਨੂੰ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਾਂ?
19 ਕੁਝ ਮਸੀਹੀ ਭਰਾ ਵਧੀਆ ਭਾਸ਼ਣਕਾਰ ਤਾਂ ਹਨ ਪਰ ਉਹ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦੇ। ਉਹ ਆਪਣੀ ਪੜ੍ਹਾਈ ਨੂੰ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਨ? ਵਾਰ-ਵਾਰ ਪੜ੍ਹਨ ਦਾ ਅਭਿਆਸ ਕਰਨ ਦੁਆਰਾ। ਜੀ ਹਾਂ, ਉੱਚੀ ਆਵਾਜ਼ ਵਿਚ ਮੁੜ-ਮੁੜ ਕੇ ਉਦੋਂ ਤਕ ਪੜ੍ਹੀ ਜਾਣਾ ਜਦੋਂ ਤਕ ਉਹ ਉਸ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦੇ। ਜੇਕਰ ਤੁਹਾਡੀ ਭਾਸ਼ਾ ਵਿਚ ਬਾਈਬਲ ਦੀਆਂ ਆਡੀਓ-ਕੈਸੇਟਾਂ ਮਿਲ ਸਕਦੀਆਂ ਹਨ ਤਾਂ ਚੰਗਾ ਹੋਵੇਗਾ ਜੇ ਤੁਸੀਂ ਉਸ ਵਿਚ ਪੜ੍ਹਨ ਵਾਲੇ ਦੀ ਆਵਾਜ਼ ਸੁਣੋ ਅਤੇ ਦੇਖੋ ਕੇ ਉਹ ਅਰਥ ਉੱਤੇ ਜ਼ੋਰ ਦੇਣ ਲਈ ਕਿਸ ਤਰ੍ਹਾਂ ਆਪਣੀ ਆਵਾਜ਼ ਉੱਚੀ-ਨੀਵੀਂ ਕਰਦਾ ਹੈ। ਅਤੇ ਧਿਆਨ ਦਿਓ ਕਿ ਉਹ ਨਾਂ ਅਤੇ ਅਸਾਧਾਰਣ ਸ਼ਬਦ ਕਿਸ ਤਰ੍ਹਾਂ ਕਹਿੰਦਾ ਹੈ। ਅਭਿਆਸ ਨਾਲ, ਮਹੇਰ-ਸ਼ਲਾਲ-ਹਾਸ਼-ਬਜ਼ ਵਰਗੇ ਨਾਂ ਵੀ ਆਸਾਨੀ ਨਾਲ ਪੜ੍ਹੇ ਜਾ ਸਕਦੇ ਹਨ।—ਯਸਾਯਾਹ 8:1.
20. ਅਸੀਂ ‘ਆਪਣੀ ਸਿੱਖਿਆ ਵੱਲ ਧਿਆਨ’ ਕਿਸ ਤਰ੍ਹਾਂ ਦੇ ਸਕਦੇ ਹਾਂ?
20 ਯਹੋਵਾਹ ਦੇ ਲੋਕ ਹੋਣ ਕਾਰਨ, ਉਪਦੇਸ਼ਕਾਂ ਵਜੋਂ ਇਸਤੇਮਾਲ ਕੀਤੇ ਜਾਣ ਦਾ ਸਾਡਾ ਕਿੰਨਾ ਵੱਡਾ ਸਨਮਾਨ ਹੈ! ਤਾਂ ਫਿਰ ਆਓ ਆਪਾਂ ਸਾਰੇ ਜਣੇ ਇਸ ਜ਼ਿੰਮੇਵਾਰੀ ਨੂੰ ਮਹੱਤਤਾ ਦੇਈਏ। ਆਓ ਆਪਾਂ ‘ਆਪਣੇ ਆਪ ਵੱਲ ਅਤੇ ਆਪਣੀ ਸਿੱਖਿਆ ਵੱਲ ਲਗਾਤਾਰ ਧਿਆਨ ਦੇਈਏ।’ (1 ਤਿਮੋਥਿਉਸ 4:16, ਨਿ ਵ) ਚੰਗੀ ਤਰ੍ਹਾਂ ਸੁਣਨ ਵਾਲੇ ਹੋਣ ਦੁਆਰਾ, ਗੱਲਾਂ ਨੂੰ ਸੌਖੀਆਂ ਰੱਖਣ ਦੁਆਰਾ, ਸੂਝਵਾਨ ਸਵਾਲ ਪੁੱਛਣ ਦੁਆਰਾ, ਵਧੀਆ ਦ੍ਰਿਸ਼ਟਾਂਤ ਵਰਤਣ ਦੁਆਰਾ, ਅਤੇ ਸੋਹਣੇ ਢੰਗ ਨਾਲ ਬਾਈਬਲ ਪੜ੍ਹਨ ਦੁਆਰਾ ਅਸੀਂ ਵਧੀਆ ਉਪਦੇਸ਼ਕ ਬਣ ਸਕਦੇ ਹਾਂ। ਆਓ ਆਪਾਂ ਉਸ ਸਿਖਲਾਈ ਦਾ ਲਾਭ ਉਠਾਈਏ ਜਿਸ ਦਾ ਪ੍ਰਬੰਧ ਯਹੋਵਾਹ ਆਪਣੇ ਸੰਗਠਨ ਰਾਹੀਂ ਸਾਡੇ ਲਈ ਕਰਦਾ ਹੈ, ਕਿਉਂਕਿ ਇਹ ਸਾਨੂੰ “ਚੇਲਿਆਂ ਦੀ ਜ਼ਬਾਨ” ਹਾਸਲ ਕਰਨ ਲਈ ਮਦਦ ਦੇਵੇਗੀ। (ਯਸਾਯਾਹ 50:4) ਆਪਣੀ ਸੇਵਕਾਈ ਵਿਚ ਬ੍ਰੋਸ਼ਰ, ਆਡੀਓ ਅਤੇ ਵਿਡਿਓ-ਕੈਸਟਾਂ ਵਰਗੀਆਂ ਦਿੱਤੀਆਂ ਗਈਆਂ ਸਾਰੀਆਂ ਚੀਜ਼ਾਂ ਦਾ ਫ਼ਾਇਦਾ ਉਠਾ ਕੇ ਅਸੀਂ ਸੂਝ ਅਤੇ ਕਾਇਲ ਕਰਨ ਦੀ ਸ਼ਕਤੀ ਵਰਤਾਂਗੇ।
ਕੀ ਤੁਹਾਨੂੰ ਯਾਦ ਹੈ?
◻ ਇਕ ਚੰਗਾ ਸੁਣਨ ਵਾਲਾ ਬਣਨਾ ਸਾਨੂੰ ਸਿਖਲਾਈ ਦੇ ਕੰਮ ਵਿਚ ਕਿਸ ਤਰ੍ਹਾਂ ਮਦਦ ਦੇ ਸਕਦਾ ਹੈ?
◻ ਸੌਖੀ ਤਰ੍ਹਾਂ ਸਿਖਾਉਣ ਵਿਚ ਅਸੀਂ ਪੌਲੁਸ ਅਤੇ ਯਿਸੂ ਦੀ ਕਿਸ ਤਰ੍ਹਾਂ ਰੀਸ ਕਰ ਸਕਦੇ ਹਾਂ?
◻ ਦੂਸਰਿਆਂ ਨੂੰ ਸਿਖਾਉਂਦੇ ਸਮੇਂ ਅਸੀਂ ਕਿਸ ਤਰ੍ਹਾਂ ਦੇ ਸਵਾਲ ਵਰਤ ਸਕਦੇ ਹਾਂ?
◻ ਕਿਸ ਤਰ੍ਹਾਂ ਦੇ ਦ੍ਰਿਸ਼ਟਾਂਤ ਸਭ ਤੋਂ ਪ੍ਰਭਾਵਕਾਰੀ ਹੁੰਦੇ ਹਨ?
◻ ਪਬਲਿਕ ਸਾਮ੍ਹਣੇ ਪੜ੍ਹਨ ਵਾਲਿਆਂ ਵਜੋਂ ਅਸੀਂ ਆਪਣੇ ਪੜ੍ਹਨ ਦੇ ਢੰਗ ਨੂੰ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਾਂ?
[ਸਫ਼ੇ 25 ਉੱਤੇ ਤਸਵੀਰ]
ਇਕ ਚੰਗਾ ਉਪਦੇਸ਼ਕ ਸੂਝ ਹਾਸਲ ਕਰਨ ਲਈ ਸੁਣਦਾ ਹੈ
[ਸਫ਼ੇ 27 ਉੱਤੇ ਤਸਵੀਰਾਂ]
ਯਿਸੂ ਦੇ ਦ੍ਰਿਸ਼ਟਾਂਤ ਰੋਜ਼ਾਨਾ ਜੀਵਨ ਜਾਂ ਆਮ ਚੀਜ਼ਾਂ ਬਾਰੇ ਹੁੰਦੇ ਸਨ