ਮਰਕੁਸ ਮੁਤਾਬਕ ਖ਼ੁਸ਼ ਖ਼ਬਰੀ
4 ਫਿਰ ਉਹ ਦੁਬਾਰਾ ਝੀਲ ਦੇ ਕੰਢੇ ʼਤੇ ਉਨ੍ਹਾਂ ਨੂੰ ਸਿਖਾਉਣ ਲੱਗਾ ਅਤੇ ਉੱਥੇ ਉਸ ਦੇ ਆਲੇ-ਦੁਆਲੇ ਵੱਡੀ ਭੀੜ ਜਮ੍ਹਾ ਹੋ ਗਈ। ਇਸ ਕਰਕੇ ਉਹ ਕਿਸ਼ਤੀ ਵਿਚ ਬੈਠ ਕੇ ਕੰਢੇ ਤੋਂ ਥੋੜ੍ਹਾ ਦੂਰ ਹੋ ਗਿਆ, ਪਰ ਸਾਰੀ ਭੀੜ ਝੀਲ ਦੇ ਕੰਢੇ ʼਤੇ ਰਹੀ।+ 2 ਫਿਰ ਉਹ ਉਨ੍ਹਾਂ ਨੂੰ ਮਿਸਾਲਾਂ ਦੇ ਕੇ ਕਈ ਗੱਲਾਂ ਸਿਖਾਉਣ ਲੱਗਾ।+ ਉਸ ਨੇ ਸਿਖਾਉਂਦੇ ਵੇਲੇ ਉਨ੍ਹਾਂ ਨੂੰ ਕਿਹਾ:+ 3 “ਸੁਣੋ। ਇਕ ਆਦਮੀ ਬੀ ਬੀਜਣ ਗਿਆ।+ 4 ਜਦੋਂ ਉਹ ਬੀ ਬੀਜ ਰਿਹਾ ਸੀ, ਤਾਂ ਕੁਝ ਬੀ ਰਾਹ ਦੇ ਕੰਢੇ-ਕੰਢੇ ਡਿਗ ਪਏ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ। 5 ਕੁਝ ਬੀ ਪਥਰੀਲੀ ਜ਼ਮੀਨ ʼਤੇ ਡਿਗੇ ਜਿੱਥੇ ਜ਼ਿਆਦਾ ਮਿੱਟੀ ਨਹੀਂ ਸੀ ਅਤੇ ਡੂੰਘਾਈ ਤਕ ਮਿੱਟੀ ਨਾ ਹੋਣ ਕਰਕੇ ਉਹ ਝੱਟ ਉੱਗ ਪਏ।+ 6 ਪਰ ਜਦ ਸੂਰਜ ਚੜ੍ਹਿਆ, ਤਾਂ ਉਹ ਝੁਲ਼ਸ ਗਏ ਅਤੇ ਸੁੱਕ ਗਏ ਕਿਉਂਕਿ ਉਨ੍ਹਾਂ ਨੇ ਜੜ੍ਹ ਨਹੀਂ ਫੜੀ ਸੀ। 7 ਕੁਝ ਹੋਰ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ ਅਤੇ ਝਾੜੀਆਂ ਨੇ ਵਧ ਕੇ ਉਨ੍ਹਾਂ ਨੂੰ ਦਬਾ ਲਿਆ ਤੇ ਉਨ੍ਹਾਂ ਨੇ ਕੋਈ ਫਲ ਨਾ ਦਿੱਤਾ।+ 8 ਪਰ ਕੁਝ ਬੀ ਚੰਗੀ ਜ਼ਮੀਨ ʼਤੇ ਡਿਗੇ ਅਤੇ ਉਹ ਵਧੇ-ਫੁੱਲੇ ਅਤੇ ਫਲ ਦੇਣ ਲੱਗ ਪਏ, ਕਿਸੇ ਨੇ 30 ਗੁਣਾ, ਕਿਸੇ ਨੇ 60 ਗੁਣਾ ਅਤੇ ਕਿਸੇ ਨੇ 100 ਗੁਣਾ ਦਿੱਤਾ।”+ 9 ਫਿਰ ਉਸ ਨੇ ਕਿਹਾ: “ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+
10 ਜਦੋਂ ਉਹ ਇਕੱਲਾ ਸੀ, ਤਾਂ 12 ਰਸੂਲ ਅਤੇ ਹੋਰ ਚੇਲੇ ਉਸ ਤੋਂ ਮਿਸਾਲਾਂ ਦਾ ਮਤਲਬ ਪੁੱਛਣ ਲੱਗੇ।+ 11 ਉਸ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ਦੇ ਰਾਜ ਦਾ ਪਵਿੱਤਰ ਭੇਤ+ ਤੁਹਾਨੂੰ ਦੱਸਿਆ ਗਿਆ ਹੈ, ਪਰ ਬਾਕੀ ਦੇ ਲੋਕਾਂ ਲਈ ਇਹ ਗੱਲਾਂ ਸਿਰਫ਼ ਮਿਸਾਲਾਂ ਹੀ ਹਨ+ 12 ਤਾਂਕਿ ਉਹ ਮੇਰੇ ਕੰਮ ਦੇਖਦੇ ਹੋਏ ਵੀ ਨਾ ਦੇਖਣ ਅਤੇ ਮੇਰੀਆਂ ਗੱਲਾਂ ਸੁਣਦੇ ਹੋਏ ਵੀ ਇਨ੍ਹਾਂ ਦਾ ਮਤਲਬ ਨਾ ਸਮਝਣ; ਨਾ ਹੀ ਉਹ ਕਦੇ ਬਦਲਣਗੇ ਅਤੇ ਨਾ ਮਾਫ਼ੀ ਪਾਉਣਗੇ।”+ 13 ਅੱਗੇ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਇਸ ਮਿਸਾਲ ਦਾ ਮਤਲਬ ਨਹੀਂ ਸਮਝਦੇ, ਤਾਂ ਬਾਕੀ ਸਾਰੀਆਂ ਮਿਸਾਲਾਂ ਦਾ ਮਤਲਬ ਕਿਵੇਂ ਸਮਝੋਗੇ?
14 “ਬੀ ਬੀਜਣ ਵਾਲਾ ਬਚਨ ਬੀਜਦਾ ਹੈ।+ 15 ਰਾਹ ਦੇ ਕੰਢੇ-ਕੰਢੇ ਡਿਗੇ ਬੀ ਉਨ੍ਹਾਂ ਲੋਕਾਂ ਵਰਗੇ ਹਨ ਜਿਨ੍ਹਾਂ ਦੇ ਦਿਲਾਂ ਵਿਚ ਬਚਨ ਬੀਜਿਆ ਗਿਆ, ਪਰ ਉਨ੍ਹਾਂ ਦੇ ਸੁਣਦਿਆਂ ਸਾਰ ਸ਼ੈਤਾਨ ਆਉਂਦਾ ਹੈ+ ਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਬਚਨ ਕੱਢ ਕੇ ਲੈ ਜਾਂਦਾ ਹੈ।+ 16 ਇਸੇ ਤਰ੍ਹਾਂ ਪਥਰੀਲੀ ਜ਼ਮੀਨ ਉੱਤੇ ਡਿਗੇ ਬੀ ਉਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਇਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਲੈਂਦੇ ਹਨ।+ 17 ਪਰ ਉਹ ਜੜ੍ਹ ਨਹੀਂ ਫੜਦੇ, ਫਿਰ ਵੀ ਥੋੜ੍ਹਾ ਚਿਰ ਵਧਦੇ ਹਨ; ਫਿਰ ਜਦ ਬਚਨ ਕਰਕੇ ਉਨ੍ਹਾਂ ਉੱਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਅਤਿਆਚਾਰ ਹੁੰਦਾ ਹੈ, ਤਾਂ ਉਹ ਨਿਹਚਾ ਕਰਨੀ ਛੱਡ ਦਿੰਦੇ ਹਨ।* 18 ਕਈ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ। ਇਹ ਉਹ ਹਨ ਜਿਹੜੇ ਬਚਨ ਨੂੰ ਸੁਣਦੇ ਤਾਂ ਹਨ,+ 19 ਪਰ ਇਸ ਜ਼ਮਾਨੇ* ਦੀਆਂ ਚਿੰਤਾਵਾਂ+ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ+ ਅਤੇ ਹੋਰ ਚੀਜ਼ਾਂ ਦੀਆਂ ਇੱਛਾਵਾਂ+ ਉਨ੍ਹਾਂ ਦੇ ਦਿਲ ਵਿਚ ਆ ਕੇ ਬਚਨ ਨੂੰ ਦਬਾ ਲੈਂਦੀਆਂ ਹਨ ਅਤੇ ਉਹ ਕੋਈ ਫਲ ਨਹੀਂ ਦਿੰਦਾ। 20 ਅਖ਼ੀਰ ਵਿਚ ਚੰਗੀ ਜ਼ਮੀਨ ʼਤੇ ਡਿਗਣ ਵਾਲੇ ਬੀ ਉਹ ਹਨ ਜੋ ਬਚਨ ਨੂੰ ਸੁਣਦੇ ਤੇ ਮੰਨ ਲੈਂਦੇ ਹਨ ਅਤੇ ਫਲ ਦਿੰਦੇ ਹਨ, ਕੋਈ 30 ਗੁਣਾ, ਕੋਈ 60 ਗੁਣਾ ਅਤੇ ਕੋਈ 100 ਗੁਣਾ।”+
21 ਉਸ ਨੇ ਉਨ੍ਹਾਂ ਨੂੰ ਕਿਹਾ: “ਭਲਾ ਕੋਈ ਦੀਵਾ ਬਾਲ਼ ਕੇ ਟੋਕਰੀ ਹੇਠਾਂ ਜਾਂ ਮੰਜੇ ਹੇਠ ਰੱਖਦਾ ਹੈ? ਕੀ ਦੀਵੇ ਨੂੰ ਬਾਲ਼ ਕੇ ਉੱਚੀ ਜਗ੍ਹਾ ਨਹੀਂ ਰੱਖਿਆ ਜਾਂਦਾ?+ 22 ਅਜਿਹੀ ਕੋਈ ਵੀ ਗੁਪਤ ਗੱਲ ਨਹੀਂ ਹੈ ਜੋ ਜ਼ਾਹਰ ਨਹੀਂ ਕੀਤੀ ਜਾਵੇਗੀ; ਚਾਹੇ ਕੋਈ ਚੀਜ਼ ਜਿੰਨੇ ਮਰਜ਼ੀ ਧਿਆਨ ਨਾਲ ਲੁਕੋ ਕੇ ਰੱਖੀ ਗਈ ਹੋਵੇ, ਉਹ ਜ਼ਰੂਰ ਸਾਮ੍ਹਣੇ ਆਵੇਗੀ।+ 23 ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+
24 ਉਸ ਨੇ ਉਨ੍ਹਾਂ ਨੂੰ ਅੱਗੇ ਕਿਹਾ: “ਤੁਸੀਂ ਜੋ ਵੀ ਸੁਣ ਰਹੇ ਹੋ, ਉਸ ਨੂੰ ਧਿਆਨ ਨਾਲ ਸੁਣੋ।+ ਜਿਸ ਮਾਪ ਨਾਲ ਤੁਸੀਂ ਮਾਪ ਕੇ ਦਿੰਦੇ ਹੋ, ਉਸੇ ਮਾਪ ਨਾਲ ਤੁਹਾਨੂੰ ਮਾਪ ਕੇ ਦਿੱਤਾ ਜਾਵੇਗਾ, ਸਗੋਂ ਤੁਹਾਨੂੰ ਜ਼ਿਆਦਾ ਦਿੱਤਾ ਜਾਵੇਗਾ। 25 ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ,+ ਪਰ ਜਿਸ ਕੋਲ ਨਹੀਂ ਹੈ, ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਕੁਝ ਉਸ ਕੋਲ ਹੈ।”+
26 ਫਿਰ ਉਸ ਨੇ ਕਿਹਾ: “ਪਰਮੇਸ਼ੁਰ ਦਾ ਰਾਜ ਇਵੇਂ ਹੈ ਜਿਵੇਂ ਇਕ ਆਦਮੀ ਖੇਤਾਂ ਵਿਚ ਬੀ ਬੀਜਦਾ ਹੈ। 27 ਉਹ ਰੋਜ਼ ਰਾਤ ਨੂੰ ਸੌਂਦਾ ਤੇ ਸਵੇਰ ਨੂੰ ਉੱਠਦਾ ਹੈ ਅਤੇ ਬੀ ਪੁੰਗਰਦੇ ਤੇ ਵਧਦੇ ਹਨ, ਪਰ ਉਸ ਨੂੰ ਨਹੀਂ ਪਤਾ ਕਿ ਇਹ ਕਿਵੇਂ ਹੁੰਦਾ ਹੈ। 28 ਜ਼ਮੀਨ ਖ਼ੁਦ-ਬ-ਖ਼ੁਦ ਹੌਲੀ-ਹੌਲੀ ਫਲ ਦਿੰਦੀ ਹੈ, ਪਹਿਲਾਂ ਬੀ ਪੁੰਗਰਦਾ ਹੈ, ਫਿਰ ਸਿੱਟਾ ਨਿਕਲਦਾ ਹੈ ਅਤੇ ਅਖ਼ੀਰ ਵਿਚ ਸਿੱਟਾ ਦਾਣਿਆਂ ਨਾਲ ਭਰ ਜਾਂਦਾ ਹੈ। 29 ਫਿਰ ਜਦ ਫ਼ਸਲ ਪੱਕ ਜਾਂਦੀ ਹੈ ਅਤੇ ਵਾਢੀ ਦਾ ਸਮਾਂ ਆ ਜਾਂਦਾ ਹੈ, ਤਾਂ ਉਹ ਦਾਤੀ ਨਾਲ ਫ਼ਸਲ ਵੱਢਦਾ ਹੈ।”
30 ਉਸ ਨੇ ਅੱਗੇ ਕਿਹਾ: “ਅਸੀਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰੀਏ ਜਾਂ ਕਿਹੜੀ ਮਿਸਾਲ ਦੇ ਕੇ ਇਸ ਨੂੰ ਸਮਝਾਈਏ? 31 ਇਹ ਰਾਈ ਦੇ ਦਾਣੇ ਵਰਗਾ ਹੈ ਜੋ ਬੀਜੇ ਜਾਣ ਵੇਲੇ ਧਰਤੀ ਦੇ ਸਾਰੇ ਬੀਆਂ ਨਾਲੋਂ ਛੋਟਾ ਹੁੰਦਾ ਹੈ।+ 32 ਪਰ ਬੀਜੇ ਜਾਣ ਤੋਂ ਬਾਅਦ ਉਹ ਵਧ ਕੇ ਸਭ ਪੌਦਿਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਉਸ ਦੀਆਂ ਟਾਹਣੀਆਂ ਵੀ ਬਹੁਤ ਵੱਡੀਆਂ ਹੋ ਜਾਂਦੀਆਂ ਹਨ ਅਤੇ ਆਕਾਸ਼ ਦੇ ਪੰਛੀ ਉਸ ਦੀ ਛਾਂ ਹੇਠ ਆ ਕੇ ਬਸੇਰਾ ਕਰਦੇ ਹਨ।”
33 ਪਰਮੇਸ਼ੁਰ ਦਾ ਬਚਨ ਸਮਝਾਉਣ ਲਈ ਯਿਸੂ ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਦਿੰਦਾ ਸੀ+ ਅਤੇ ਉਨ੍ਹਾਂ ਨੂੰ ਉੱਨਾ ਹੀ ਸਿਖਾਉਂਦਾ ਸੀ ਜਿੰਨਾ ਉਹ ਸਮਝ ਸਕਦੇ ਸਨ। 34 ਅਸਲ ਵਿਚ, ਉਹ ਕਦੇ ਵੀ ਮਿਸਾਲ ਵਰਤੇ ਬਿਨਾਂ ਉਨ੍ਹਾਂ ਨਾਲ ਗੱਲ ਨਹੀਂ ਸੀ ਕਰਦਾ, ਪਰ ਜਦ ਉਹ ਆਪਣੇ ਚੇਲਿਆਂ ਨਾਲ ਇਕੱਲਾ ਹੁੰਦਾ ਸੀ, ਤਾਂ ਉਹ ਉਨ੍ਹਾਂ ਨੂੰ ਸਭ ਗੱਲਾਂ ਸਮਝਾ ਦਿੰਦਾ ਸੀ।+
35 ਉਸੇ ਦਿਨ ਸ਼ਾਮ ਨੂੰ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਝੀਲ ਦੇ ਦੂਜੇ ਪਾਸੇ ਚੱਲੀਏ।”+ 36 ਇਸ ਲਈ ਭੀੜ ਨੂੰ ਘੱਲ ਕੇ ਚੇਲੇ ਉਸ ਨੂੰ ਜਿਉਂ ਦਾ ਤਿਉਂ ਕਿਸ਼ਤੀ ਵਿਚ ਲੈ ਗਏ ਅਤੇ ਉਨ੍ਹਾਂ ਨਾਲ ਕਈ ਹੋਰ ਕਿਸ਼ਤੀਆਂ ਵੀ ਸਨ।+ 37 ਹੁਣ ਝੀਲ ਵਿਚ ਬਹੁਤ ਵੱਡਾ ਤੂਫ਼ਾਨ ਆ ਗਿਆ ਅਤੇ ਲਹਿਰਾਂ ਜ਼ੋਰ-ਜ਼ੋਰ ਨਾਲ ਕਿਸ਼ਤੀ ਨਾਲ ਟਕਰਾਉਣ ਲੱਗੀਆਂ ਜਿਸ ਕਰਕੇ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ।+ 38 ਪਰ ਉਹ ਕਿਸ਼ਤੀ ਦੇ ਪਿਛਲੇ ਹਿੱਸੇ ਵਿਚ ਸਰ੍ਹਾਣਾ ਰੱਖ ਕੇ ਸੁੱਤਾ ਪਿਆ ਸੀ। ਤਦ ਚੇਲਿਆਂ ਨੇ ਉਸ ਨੂੰ ਜਗਾਇਆ ਅਤੇ ਕਿਹਾ: “ਗੁਰੂ ਜੀ, ਤੈਨੂੰ ਕੋਈ ਚਿੰਤਾ ਨਹੀਂ ਕਿ ਅਸੀਂ ਡੁੱਬਣ ਲੱਗੇ ਹਾਂ?” 39 ਇਹ ਸੁਣ ਕੇ ਉਹ ਉੱਠਿਆ ਅਤੇ ਉਸ ਨੇ ਹਨੇਰੀ ਨੂੰ ਝਿੜਕਿਆ ਤੇ ਝੀਲ ਨੂੰ ਕਿਹਾ: “ਚੁੱਪ! ਸ਼ਾਂਤ ਹੋ ਜਾ!”+ ਹਨੇਰੀ ਰੁਕ ਗਈ ਅਤੇ ਸਭ ਕੁਝ ਸ਼ਾਂਤ ਹੋ ਗਿਆ। 40 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਐਨੇ ਡਰੇ ਹੋਏ ਕਿਉਂ ਹੋ?* ਕੀ ਤੁਸੀਂ ਅਜੇ ਵੀ ਨਿਹਚਾ ਨਹੀਂ ਕਰਦੇ?” 41 ਪਰ ਉਹ ਬਹੁਤ ਹੀ ਡਰ ਗਏ ਅਤੇ ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: “ਇਹ ਕੌਣ ਹੈ? ਇਸ ਦਾ ਕਹਿਣਾ ਤਾਂ ਹਨੇਰੀ ਅਤੇ ਝੀਲ ਵੀ ਮੰਨਦੀਆਂ ਹਨ।”+