ਖ਼ਤਰਿਆਂ ਭਰੀ ਦੁਨੀਆਂ ਵਿਚ ਸੁਰੱਖਿਆ
ਬਾਰੂਦੀ ਸੁਰੰਗਾਂ ਨਾਲ ਵਿਛੀ ਹੋਈ ਥਾਂ ਤੇ ਤੁਰਨਾ ਜਾਨ-ਲੇਵਾ ਹੋ ਸਕਦਾ ਹੈ। ਪਰ ਜੇ ਤੁਹਾਡੇ ਕੋਲ ਉਨ੍ਹਾਂ ਥਾਵਾਂ ਦਾ ਨਕਸ਼ਾ ਹੋਵੇ ਜਿਸ ਵਿਚ ਦਿਖਾਇਆ ਗਿਆ ਹੈ ਕਿ ਬਾਰੂਦੀ ਸੁਰੰਗਾਂ ਕਿੱਥੇ-ਕਿੱਥੇ ਵਿਛਾਈਆਂ ਗਈਆਂ ਹਨ, ਤਾਂ ਕੀ ਤੁਹਾਨੂੰ ਇਸ ਨਾਲ ਮਦਦ ਨਹੀਂ ਮਿਲੇਗੀ? ਇਸ ਤੋਂ ਇਲਾਵਾ, ਮੰਨ ਲਓ ਤੁਹਾਨੂੰ ਵੱਖੋ-ਵੱਖਰੀਆਂ ਬਾਰੂਦੀ ਸੁਰੰਗਾਂ ਦੀ ਪਛਾਣ ਕਰਨੀ ਵੀ ਸਿਖਾਈ ਗਈ ਹੈ। ਜ਼ਾਹਰ ਹੈ ਕਿ ਅਜਿਹੀ ਜਾਣਕਾਰੀ ਨਾਲ ਕਾਫ਼ੀ ਹੱਦ ਤਕ ਤੁਹਾਡੇ ਅੰਗਹੀਣ ਹੋਣ ਜਾਂ ਮਰਨ ਦਾ ਖ਼ਤਰਾ ਘੱਟ ਜਾਵੇਗਾ।
ਬਾਈਬਲ ਦੀ ਤੁਲਨਾ ਬਾਰੂਦੀ ਸੁਰੰਗਾਂ ਦੀ ਪਛਾਣ ਕਰਾਉਣ ਵਾਲੀ ਸਿੱਖਿਆ ਤੇ ਨਕਸ਼ੇ ਨਾਲ ਕੀਤੀ ਜਾ ਸਕਦੀ ਹੈ। ਬਾਈਬਲ ਵਿਚ ਅਜਿਹੀ ਬੇਮਿਸਾਲ ਬੁੱਧ ਪਾਈ ਜਾਂਦੀ ਹੈ ਜੋ ਖ਼ਤਰਿਆਂ ਤੋਂ ਬਚਣ ਅਤੇ ਜ਼ਿੰਦਗੀ ਵਿਚ ਉੱਠਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਮਦਦ ਕਰਦੀ ਹੈ।
ਕਹਾਉਤਾਂ 2:10, 11 ਵਿਚ ਦਿੱਤੇ ਜ਼ਰਾ ਇਸ ਭਰੋਸੇਯੋਗ ਵਾਅਦੇ ਤੇ ਗੌਰ ਕਰੋ: “ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ।” ਇਨ੍ਹਾਂ ਆਇਤਾਂ ਵਿਚ ਇਨਸਾਨਾਂ ਦੀ ਨਹੀਂ, ਸਗੋਂ ਪਰਮੇਸ਼ੁਰੀ ਬੁੱਧ ਤੇ ਸਮਝ ਬਾਰੇ ਦੱਸਿਆ ਗਿਆ ਹੈ। “ਜੋ [ਪਰਮੇਸ਼ੁਰੀ ਬੁੱਧ ਦੀ] ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।” (ਕਹਾਉਤਾਂ 1:33) ਆਓ ਆਪਾਂ ਦੇਖੀਏ ਕਿ ਬਾਈਬਲ ਕਿੱਦਾਂ ਸਾਡੀ ਸੁਰੱਖਿਆ ਨੂੰ ਵਧਾ ਸਕਦੀ ਹੈ ਤੇ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚਣ ਵਿਚ ਸਾਡੀ ਮਦਦ ਕਰ ਸਕਦੀ ਹੈ।
ਜਾਨ-ਲੇਵਾ ਹਾਦਸਿਆਂ ਤੋਂ ਬਚਣਾ
ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਪ੍ਰਕਾਸ਼ਿਤ ਅੰਕੜੇ ਦਿਖਾਉਂਦੇ ਹਨ ਕਿ ਦੁਨੀਆਂ ਭਰ ਵਿਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਸਾਲਾਨਾ ਦਰ 11,71,000 ਹੈ। ਇਸ ਤੋਂ ਇਲਾਵਾ, ਤਕਰੀਬਨ ਚਾਰ ਕਰੋੜ ਲੋਕ ਫੱਟੜ ਹੁੰਦੇ ਹਨ ਅਤੇ 80 ਲੱਖ ਲੋਕ ਹਮੇਸ਼ਾ ਲਈ ਅਪਾਹਜ ਹੋ ਜਾਂਦੇ ਹਨ।
ਹਾਲਾਂਕਿ ਗੱਡੀ ਚਲਾਉਂਦੇ ਸਮੇਂ ਪੂਰੀ ਤਰ੍ਹਾਂ ਸੁਰੱਖਿਆ ਹੋਣਾ ਤਾਂ ਨਾਮੁਮਕਿਨ ਹੈ, ਪਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਕੇ ਆਪਾਂ ਕਾਫ਼ੀ ਹੱਦ ਤਕ ਆਪਣੀ ਸੁਰੱਖਿਆ ਕਰ ਸਕਦੇ ਹਾਂ। ਟ੍ਰੈਫਿਕ ਨਿਯਮ ਬਣਾਉਣ ਤੇ ਲਾਗੂ ਕਰਨ ਵਾਲੀਆਂ ਹਕੂਮਤਾਂ ਬਾਰੇ ਬਾਈਬਲ ਕਹਿੰਦੀ ਹੈ: “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ।” (ਰੋਮੀਆਂ 13:1) ਇਸ ਸਲਾਹ ਨੂੰ ਮੰਨਣ ਵਾਲੇ ਲੋਕ ਸੜਕ ਹਾਦਸਿਆਂ ਤੋਂ ਅਤੇ ਇਨ੍ਹਾਂ ਦੇ ਭਿਆਨਕ ਨਤੀਜਿਆਂ ਤੋਂ ਕਾਫ਼ੀ ਹੱਦ ਤਕ ਬਚ ਸਕਦੇ ਹਨ।
ਜੇ ਅਸੀਂ ਧਿਆਨ ਨਾਲ ਗੱਡੀ ਚਲਾਉਂਦੇ ਹਾਂ, ਤਾਂ ਇਸ ਦਾ ਮਤਲਬ ਅਸੀਂ ਆਪਣੀ ਜ਼ਿੰਦਗੀ ਦੀ ਕਦਰ ਕਰਦੇ ਹਾਂ। ਬਾਈਬਲ ਯਹੋਵਾਹ ਪਰਮੇਸ਼ੁਰ ਬਾਰੇ ਕਹਿੰਦੀ ਹੈ: “ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ।” (ਜ਼ਬੂਰ 36:9) ਜ਼ਿੰਦਗੀ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ। ਇਸ ਲਈ ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਕਿਸੇ ਕੋਲੋਂ ਇਹ ਤੋਹਫ਼ਾ ਖੋਹੀਏ ਜਾਂ ਜ਼ਿੰਦਗੀ ਲਈ ਅਨਾਦਰ ਦਿਖਾਈਏ, ਚਾਹੇ ਇਸ ਵਿਚ ਸਾਡੀ ਆਪਣੀ ਹੀ ਜ਼ਿੰਦਗੀ ਕਿਉਂ ਨਾ ਸ਼ਾਮਲ ਹੋਵੇ।—ਉਤਪਤ 9:5, 6.
ਯਕੀਨਨ, ਇਨਸਾਨੀ ਜ਼ਿੰਦਗੀ ਲਈ ਆਦਰ ਦਿਖਾਉਣ ਵਿਚ ਇਹ ਪੱਕਾ ਕਰਨਾ ਸ਼ਾਮਲ ਹੈ ਕਿ ਸਾਡੀ ਕਾਰ ਤੇ ਘਰ ਜਿੰਨੇ ਜ਼ਿਆਦਾ ਹੋ ਸਕਣ ਸੁਰੱਖਿਅਤ ਹੋਣ। ਪੁਰਾਣੇ ਇਸਰਾਏਲ ਵਿਚ ਜ਼ਿੰਦਗੀ ਦੇ ਹਰੇਕ ਪਹਿਲੂ ਵਿਚ ਸੁਰੱਖਿਆ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਸੀ। ਮਿਸਾਲ ਵਜੋਂ, ਜਦੋਂ ਇਕ ਘਰ ਬਣਾਇਆ ਜਾਂਦਾ ਸੀ, ਤਾਂ ਪਰਮੇਸ਼ੁਰ ਦੇ ਨਿਯਮ ਦੀ ਇਹ ਮੰਗ ਸੀ ਕਿ ਛੱਤ ਉੱਤੇ ਬਨੇਰਾ ਜ਼ਰੂਰ ਬਣਾਇਆ ਜਾਵੇ ਕਿਉਂਕਿ ਪਰਿਵਾਰ ਦੇ ਮੈਂਬਰ ਅਕਸਰ ਛੱਤ ਉੱਪਰ ਜਾਇਆ ਕਰਦੇ ਸਨ। “ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੀਂ ਤਾਂ ਜੋ ਤੂੰ ਆਪਣੇ ਘਰ ਉੱਤੇ ਜੇ ਕੋਈ ਉੱਥੋਂ ਡਿੱਗ ਪਵੇ ਖ਼ੂਨ ਨਾ ਲਿਆਵੇਂ।” (ਬਿਵਸਥਾ ਸਾਰ 22:8) ਘਰ ਦੀ ਛੱਤ ਉੱਤੇ ਬਨੇਰਾ ਨਾ ਬਣਾਉਣ ਕਰਕੇ ਜੇ ਕੋਈ ਛੱਤ ਉੱਤੋਂ ਡਿੱਗ ਪੈਂਦਾ ਸੀ, ਤਾਂ ਪਰਮੇਸ਼ੁਰ ਇਸ ਦਾ ਜ਼ਿੰਮੇਵਾਰ ਘਰ ਦੇ ਮਾਲਕ ਨੂੰ ਠਹਿਰਾਉਂਦਾ ਸੀ। ਬਿਨਾਂ ਸ਼ੱਕ, ਇਸ ਨਿਯਮ ਵਿਚ ਸ਼ਾਮਲ ਫ਼ਾਇਦੇਮੰਦ ਅਸੂਲਾਂ ਨੂੰ ਲਾਗੂ ਕਰਨ ਨਾਲ ਅਸੀਂ ਆਪਣੇ ਕੰਮ-ਕਾਜ ਦੀ ਥਾਂ ਤੇ ਜਾਂ ਖੇਡਣ-ਕੁੱਦਣ ਸਮੇਂ ਵੀ ਹਾਦਸਿਆਂ ਨੂੰ ਘਟਾ ਸਕਦੇ ਹਨ।
ਜਾਨ-ਲੇਵਾ ਆਦਤਾਂ ਤੇ ਕਾਬੂ ਪਾਉਣਾ
ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਵਿਚ ਇਕ ਅਰਬ ਤੋਂ ਜ਼ਿਆਦਾ ਲੋਕ ਸਿਗਰਟ ਪੀਂਦੇ ਹਨ ਤੇ ਹਰ ਸਾਲ ਤਮਾਖੂ ਦੇ ਕਾਰਨ ਕੁਝ 40 ਲੱਖ ਮੌਤਾਂ ਹੁੰਦੀਆਂ ਹਨ। ਅਗਲੇ 20-30 ਸਾਲਾਂ ਦੌਰਾਨ ਇਹ ਮੌਤ ਦਰ ਇਕ ਕਰੋੜ ਤੋਂ ਜ਼ਿਆਦਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਇਨ੍ਹਾਂ ਆਦਤਾਂ ਕਾਰਨ ਕਰੋੜਾਂ ਹੀ ਸਿਗਰਟਨੋਸ਼ੀ ਕਰਨ ਵਾਲੇ ਤੇ ਨਸ਼ੇਬਾਜ਼ ਲੋਕ ਆਪਣੀ ਸਿਹਤ ਨੂੰ ਵਿਗਾੜ ਕੇ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਣਗੇ।
ਹਾਲਾਂਕਿ ਪਰਮੇਸ਼ੁਰ ਦਾ ਬਚਨ ਸਿੱਧੇ ਤੌਰ ਤੇ ਤਮਾਖੂ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਬਾਰੇ ਨਹੀਂ ਦੱਸਦਾ, ਪਰ ਇਸ ਦੇ ਅਸੂਲ ਸਾਨੂੰ ਇਨ੍ਹਾਂ ਬੁਰਾਈਆਂ ਤੋਂ ਬਚਾ ਸਕਦੇ ਹਨ। ਮਿਸਾਲ ਵਜੋਂ, 2 ਕੁਰਿੰਥੀਆਂ 7:1 ਸਲਾਹ ਦਿੰਦਾ ਹੈ: “ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ . . . ਕਰੀਏ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਤਮਾਖੂ ਅਤੇ ਨਸ਼ੀਲੀਆਂ ਦਵਾਈਆਂ ਸਰੀਰ ਨੂੰ ਕਈ ਨੁਕਸਾਨਦੇਹ ਰਸਾਇਣਾਂ ਨਾਲ ਗੰਦਾ ਜਾਂ ਮਲੀਨ ਕਰਦੀਆਂ ਹਨ। ਇਸ ਤੋਂ ਇਲਾਵਾ, ਪਰਮੇਸ਼ੁਰ ਚਾਹੁੰਦਾ ਹੈ ਕਿ ਸਾਡੇ ਸਰੀਰ “ਪਵਿੱਤਰ” ਹੋਣ, ਯਾਨੀ ਸ਼ੁੱਧ ਅਤੇ ਨਿਰਮਲ ਹੋਣ। (ਰੋਮੀਆਂ 12:1) ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਇਨ੍ਹਾਂ ਅਸੂਲਾਂ ਤੇ ਚੱਲਣ ਨਾਲ ਇਕ ਵਿਅਕਤੀ ਦੀ ਜ਼ਿੰਦਗੀ ਖ਼ਤਰੇ ਵਿਚ ਪੈਣ ਤੋਂ ਬਚ ਸਕਦੀ ਹੈ?
ਖ਼ਤਰਨਾਕ ਆਦਤਾਂ ਤੇ ਕਾਬੂ ਪਾਉਣਾ
ਬਹੁਤ ਸਾਰੇ ਲੋਕ ਹੱਦੋਂ ਵੱਧ ਖਾਂਦੇ-ਪੀਂਦੇ ਹਨ। ਹੱਦੋਂ ਵੱਧ ਖਾਣ-ਪੀਣ ਨਾਲ ਸ਼ੱਕਰ ਰੋਗ, ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ। ਜ਼ਿਆਦਾ ਸ਼ਰਾਬ ਪੀਣ ਨਾਲ ਨਸ਼ਈਪੁਣੇ, ਜਿਗਰ ਦੀ ਬੀਮਾਰੀਆਂ, ਪਰਿਵਾਰਾਂ ਦੇ ਟੁੱਟਣ ਅਤੇ ਸੜਕ ਹਾਦਸਿਆਂ ਵਰਗੀਆਂ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਦੂਜੇ ਪਾਸੇ, ਹੱਦੋਂ ਵੱਧ ਡਾਇਟਿੰਗ ਕਰਨੀ ਵੀ ਨੁਕਸਾਨਦੇਹ ਹੋ ਸਕਦੀ ਹੈ ਕਿਉਂਕਿ ਇਸ ਨਾਲ ਐਨੋਰੇੱਕਸੀਆ ਨਰਵੋਸਾ (ਭੁੱਖ ਮਰਨੀ) ਵਰਗੀਆਂ ਜਾਨ-ਲੇਵਾ ਬੀਮਾਰੀਆਂ ਹੋ ਸਕਦੀਆਂ ਹਨ।
ਹਾਲਾਂਕਿ ਬਾਈਬਲ ਕੋਈ ਡਾਕਟਰੀ ਕਿਤਾਬ ਨਹੀਂ ਹੈ, ਪਰ ਇਹ ਖਾਣ-ਪੀਣ ਦੇ ਮਾਮਲੇ ਵਿਚ ਸੰਜਮ ਵਰਤਣ ਦੀ ਲੋੜ ਉੱਤੇ ਖਰੀ ਸਲਾਹ ਦਿੰਦੀ ਹੈ। “ਹੇ ਮੇਰੇ ਪੁੱਤ੍ਰ, ਤੂੰ ਸੁਣ ਅਤੇ ਬੁੱਧਵਾਨ ਹੋ, ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ। ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ, ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ।” (ਕਹਾਉਤਾਂ 23:19-21) ਪਰ ਬਾਈਬਲ ਇਹ ਵੀ ਕਹਿੰਦੀ ਹੈ ਕਿ ਖਾਣਾ-ਪੀਣਾ ਆਨੰਦਦਾਇਕ ਹੋਣਾ ਚਾਹੀਦਾ ਹੈ। “ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।”—ਉਪਦੇਸ਼ਕ ਦੀ ਪੋਥੀ 3:13.
ਨਾਲੇ ਬਾਈਬਲ ਸਰੀਰਕ ਕਸਰਤ ਪ੍ਰਤੀ ਸੰਤੁਲਿਤ ਰਵੱਈਆ ਰੱਖਣ ਲਈ ਉਤਸ਼ਾਹਿਤ ਕਰਦੀ ਹੈ। ਇਹ ਮੰਨਦੀ ਹੈ ਕਿ ‘ਸਰੀਰਕ ਸਾਧਨਾ ਤੋਂ ਥੋੜ੍ਹਾ ਲਾਭ ਹੈ।’ ਪਰ ਅੱਗੇ ਇਹ ਕਹਿੰਦੀ ਹੈ: “ਭਗਤੀ ਸਭਨਾਂ ਗੱਲਾਂ ਲਈ ਲਾਭਵੰਤ ਹੈ ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਹ ਦੇ ਨਾਲ ਹੈ।” (1 ਤਿਮੋਥਿਉਸ 4:8) ਤੁਸੀਂ ਸ਼ਾਇਦ ਪੁੱਛੋ ਕਿ ‘ਭਗਤੀ ਕਿੱਦਾਂ ਹੁਣ ਵੀ ਲਾਭਵੰਤ ਹੈ?’ ਕਈ ਤਰੀਕਿਆਂ ਨਾਲ। ਇਕ ਵਿਅਕਤੀ ਦੀ ਅਧਿਆਤਮਿਕ ਭੁੱਖ ਮਿਟਾਉਣ ਤੋਂ ਇਲਾਵਾ, ਪਰਮੇਸ਼ੁਰੀ ਭਗਤੀ ਉਸ ਵਿਚ ਪਿਆਰ, ਆਨੰਦ, ਸ਼ਾਂਤੀ ਅਤੇ ਸੰਜਮ ਵਰਗੇ ਫ਼ਾਇਦੇਮੰਦ ਗੁਣ ਵੀ ਪੈਦਾ ਕਰਦੀ ਹੈ। ਇਹ ਸਾਰੇ ਗੁਣ ਸਹੀ ਨਜ਼ਰੀਆ ਰੱਖਣ ਤੇ ਚੰਗੀ ਸਿਹਤ ਬਣਾਉਣ ਵਿਚ ਬੜਾ ਯੋਗਦਾਨ ਪਾਉਂਦੇ ਹਨ।—ਗਲਾਤੀਆਂ 5:22, 23.
ਬੁਰੇ ਕੰਮਾਂ ਦੇ ਦੁਖਦਾਈ ਨਤੀਜੇ
ਅੱਜ ਕਰੋੜਾਂ ਲੋਕਾਂ ਨੇ ਸਾਰੀਆਂ ਨੈਤਿਕ ਬੰਦਸ਼ਾਂ ਨੂੰ ਤੋੜ ਦਿੱਤਾ ਹੈ। ਇਸ ਦੇ ਨਤੀਜੇ ਵਜੋਂ ਏਡਜ਼ ਦੀ ਬੀਮਾਰੀ ਉੱਭਰ ਕੇ ਸਾਮ੍ਹਣੇ ਆਈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਏਡਜ਼ ਦੀ ਬੀਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤਕ ਤਕਰੀਬਨ 1,60,00,000 ਲੋਕ ਮਰੇ ਹਨ ਤੇ ਮੌਜੂਦਾ ਸਮੇਂ ਵਿਚ ਲਗਭਗ 3,40,00,000 ਲੋਕ ਐੱਚ. ਆਈ. ਵੀ. ਵਾਇਰਸ ਨਾਲ ਪੀੜਿਤ ਹਨ ਜਿਸ ਕਾਰਨ ਏਡਜ਼ ਫੈਲਦੀ ਹੈ। ਕਈਆਂ ਨੂੰ ਇਹ ਬੀਮਾਰੀ ਨਾਜਾਇਜ਼ ਸਰੀਰਕ ਸੰਬੰਧ ਰੱਖਣ ਕਰਕੇ ਅਤੇ ਨਸ਼ੇਬਾਜ਼ਾਂ ਦੁਆਰਾ ਵਿਸ਼ਾਣੂ-ਗ੍ਰਸਤ ਟੀਕੇ ਇਸਤੇਮਾਲ ਕਰਨ ਜਾਂ ਵਿਸ਼ਾਣੂ-ਗ੍ਰਸਤ ਖ਼ੂਨ ਲੈਣ ਨਾਲ ਹੁੰਦੀ ਹੈ।
ਗ਼ਲਤ ਚਾਲ-ਚਲਣ ਦੇ ਨਤੀਜੇ ਵਜੋਂ ਹਰਪੀਜ਼, ਗੋਨੋਰਿਆ, ਹੈਪਾਟਾਇਟਿਸ ਬੀ ਤੇ ਸੀ ਅਤੇ ਸਿਫ਼ਲਿਸ ਵਰਗੀਆਂ ਹੋਰ ਬੀਮਾਰੀਆਂ ਲੱਗ ਜਾਂਦੀਆਂ ਹਨ। ਹਾਲਾਂਕਿ ਬਾਈਬਲ ਸਮਿਆਂ ਵਿਚ ਅਜਿਹੇ ਡਾਕਟਰੀ ਸ਼ਬਦ ਇਸਤੇਮਾਲ ਨਹੀਂ ਕੀਤੇ ਜਾਂਦੇ ਸਨ, ਪਰ ਉਸ ਸਮੇਂ ਲੋਕ ਇਹ ਜ਼ਰੂਰ ਜਾਣਦੇ ਸਨ ਕਿ ਜਿਨਸੀ ਸੰਬੰਧਾਂ ਰਾਹੀਂ ਲੱਗਣ ਵਾਲੀਆਂ ਬੀਮਾਰੀਆਂ ਕਿਨ੍ਹਾਂ ਅੰਗਾਂ ਨੂੰ ਪ੍ਰਭਾਵਿਤ ਕਰਦੀਆਂ ਸਨ। ਮਿਸਾਲ ਵਜੋਂ, ਕਹਾਉਤਾਂ 7:23 ਵਿਭਚਾਰ ਕਰਨ ਦੇ ਭਿਆਨਕ ਨਤੀਜੇ ਨੂੰ ‘ਕਲੇਜੇ ਨੂੰ ਵਿੰਨ੍ਹਣ ਵਾਲਾ ਤੀਰ’ ਕਹਿੰਦਾ ਹੈ। ਸਿਫ਼ਲਿਸ ਬੀਮਾਰੀ ਆਮ ਕਰਕੇ ਹੈਪਾਟਾਇਟਿਸ ਦੀ ਤਰ੍ਹਾਂ ਕਲੇਜੇ ਤੇ ਹੀ ਅਸਰ ਕਰਦੀ ਹੈ। ਜੀ ਹਾਂ, ਮਸੀਹੀਆਂ ਲਈ ‘ਲਹੂ ਅਤੇ ਹਰਾਮਕਾਰੀ ਤੋਂ ਬਚੇ ਰਹਿਣ’ ਦੀ ਬਾਈਬਲੀ ਸਲਾਹ ਕਿੰਨੀ ਢੁਕਵੀਂ ਤੇ ਫ਼ਾਇਦੇਮੰਦ ਹੈ!—ਰਸੂਲਾਂ ਦੇ ਕਰਤੱਬ 15:28, 29.
ਪੈਸੇ ਦਾ ਲੋਭ ਪੁਆੜਿਆਂ ਦੀ ਜੜ੍ਹ
ਬਹੁਤ ਸਾਰੇ ਲੋਕ ਛੇਤੀ ਤੋਂ ਛੇਤੀ ਅਮੀਰ ਬਣਨ ਦੇ ਚੱਕਰ ਵਿਚ ਆਪਣੇ ਪੈਸਿਆਂ ਨਾਲ ਵੱਡੇ ਖ਼ਤਰੇ ਮੁੱਲ ਲੈਂਦੇ ਹਨ। ਦੁੱਖ ਦੀ ਗੱਲ ਹੈ ਕਿ ਅਜਿਹੇ ਖ਼ਤਰੇ ਸਹੇੜਨ ਨਾਲ ਅਕਸਰ ਮਾਲੀ ਨੁਕਸਾਨ ਹੀ ਹੁੰਦਾ ਹੈ ਜਾਂ ਸਭ ਕੁਝ ਬਰਬਾਦ ਹੋ ਜਾਂਦਾ ਹੈ। ਇਸ ਲਈ, ਬਾਈਬਲ ਪਰਮੇਸ਼ੁਰ ਦੇ ਸੇਵਕ ਨੂੰ ਕਹਿੰਦੀ ਹੈ ਕਿ ਉਹ “ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ ਭਈ ਜਿਹ ਨੂੰ ਲੋੜ ਹੈ ਉਹ ਨੂੰ ਵੰਡ ਦੇਣ ਲਈ ਕੁਝ ਉਹ ਦੇ ਕੋਲ ਹੋਵੇ।” (ਅਫ਼ਸੀਆਂ 4:28) ਇਹ ਤਾਂ ਠੀਕ ਹੈ ਕਿ ਜੀ-ਤੋੜ ਮਿਹਨਤ ਕਰਨ ਵਾਲਾ ਇਨਸਾਨ ਹਮੇਸ਼ਾ ਅਮੀਰ ਨਹੀਂ ਬਣ ਸਕਦਾ। ਪਰ ਉਸ ਕੋਲ ਮਨ ਦੀ ਸ਼ਾਂਤੀ ਅਤੇ ਆਤਮ-ਸਨਮਾਨ ਹੁੰਦਾ ਹੈ। ਨਾਲੇ ਉਹ ਸ਼ਾਇਦ ਇੰਨਾ ਕੁ ਤਾਂ ਕਮਾ ਹੀ ਲੈਂਦਾ ਹੈ ਕਿ ਕਿਸੇ ਫ਼ਾਇਦੇਮੰਦ ਕੰਮ ਲਈ ਦਾਨ ਵੀ ਦੇ ਸਕਦਾ ਹੈ।
ਬਾਈਬਲ ਚੇਤਾਵਨੀ ਦਿੰਦੀ ਹੈ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ [ਲੋਕਾਂ ਨੇ] ਉਹ ਨੂੰ ਲੋਚਦਿਆਂ . . . ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋਥਿਉਸ 6:9, 10) ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਲੋਕ “ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ” ਉਹ ਧਨਵਾਨ ਬਣੇ ਹਨ। ਪਰ ਇਸ ਵਾਸਤੇ ਉਨ੍ਹਾਂ ਨੂੰ ਕੀ ਕੀਮਤ ਚੁਕਾਉਣੀ ਪਈ? ਕੀ ਇਹ ਸੱਚ ਨਹੀਂ ਹੈ ਕਿ ਉਨ੍ਹਾਂ ਦੀ ਸਿਹਤ, ਪਰਿਵਾਰ ਤੇ ਅਧਿਆਤਮਿਕਤਾ ਉੱਤੇ ਇਸ ਦਾ ਬੁਰਾ ਅਸਰ ਪਿਆ ਹੈ, ਇੱਥੋਂ ਤਕ ਕਿ ਉਨ੍ਹਾਂ ਦੀ ਰਾਤਾਂ ਦੀ ਨੀਂਦ ਵੀ ਹਰਾਮ ਹੋਈ ਹੈ?—ਉਪਦੇਸ਼ਕ ਦੀ ਪੋਥੀ 5:12.
ਇਕ ਬੁੱਧੀਮਾਨ ਵਿਅਕਤੀ ਜਾਣਦਾ ਹੈ ਕਿ “ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” (ਲੂਕਾ 12:15) ਜ਼ਿਆਦਾਤਰ ਸਮਾਜਾਂ ਵਿਚ ਪੈਸਾ ਅਤੇ ਕੁਝ ਜਾਇਦਾਦ ਹੋਣੀ ਬੜੀ ਜ਼ਰੂਰੀ ਹੈ। ਦਰਅਸਲ ਬਾਈਬਲ ਕਹਿੰਦੀ ਹੈ ਕਿ ‘ਧਨ ਸਾਯਾ ਹੈ।’ ਫਿਰ ਅੱਗੇ ਇਹ ਕਹਿੰਦੀ ਹੈ ਕਿ “ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਪੈਸੇ ਤੋਂ ਬਿਲਕੁਲ ਉਲਟ, ਸਹੀ ਗਿਆਨ ਤੇ ਬੁੱਧ ਸਾਰੇ ਹਾਲਾਤਾਂ ਵਿਚ ਸਾਡੀ ਮਦਦ ਕਰ ਸਕਦੇ ਹਨ, ਪਰ ਖ਼ਾਸ ਕਰਕੇ ਉਨ੍ਹਾਂ ਮਾਮਲਿਆਂ ਵਿਚ ਜਿਹੜੇ ਸਾਡੀ ਜ਼ਿੰਦਗੀ ਤੇ ਅਸਰ ਕਰਦੇ ਹਨ।—ਕਹਾਉਤਾਂ 4:5-9.
ਜਦੋਂ ਸਿਰਫ਼ ਬੁੱਧ ਹੀ ਸਾਡੀ ਰੱਖਿਆ ਕਰੇਗੀ
ਸੱਚੀ ਬੁੱਧ ਜਲਦੀ ਹੀ ਬੇਮਿਸਾਲ ਤਰੀਕੇ ਨਾਲ “ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ” ਕਰੇਗੀ, ਯਾਨੀ ਤੇਜ਼ੀ ਨਾਲ ਆ ਰਹੇ ‘ਵੱਡੇ ਕਸ਼ਟ’ ਵਿੱਚੋਂ ਬਚਾਵੇਗੀ ਜਦੋਂ ਪਰਮੇਸ਼ੁਰ ਬੁਰੇ ਲੋਕਾਂ ਦਾ ਨਾਸ਼ ਕਰੇਗਾ। (ਮੱਤੀ 24:21) ਬਾਈਬਲ ਕਹਿੰਦੀ ਹੈ ਕਿ ਉਸ ਵੇਲੇ ਲੋਕ “ਅਸ਼ੁੱਧ ਵਸਤੂਆਂ” ਵਾਂਗ ਆਪਣਾ ਪੈਸਾ ਗਲੀਆਂ ਵਿਚ ਸੁੱਟਣਗੇ। ਕਿਉਂ? ਕਿਉਂਕਿ ਉਹ ਆਪਣੇ ਦੁਖਦਾਈ ਤਜਰਬੇ ਤੋਂ ਸਿੱਖਣਗੇ ਕਿ “ਯਹੋਵਾਹ ਦੇ ਕਹਿਰ ਵਾਲੇ ਦਿਨ” ਸੋਨਾ ਤੇ ਚਾਂਦੀ ਉਨ੍ਹਾਂ ਦੀ ਜ਼ਿੰਦਗੀ ਨੂੰ ਨਹੀਂ ਖ਼ਰੀਦ ਸਕਦੇ। (ਹਿਜ਼ਕੀਏਲ 7:19) ਦੂਜੇ ਪਾਸੇ, “ਇੱਕ ਵੱਡੀ ਭੀੜ” ਹੁਣ ਤੋਂ ਹੀ ਸਮਝਦਾਰੀ ਨਾਲ ਆਪਣੀ ਜ਼ਿੰਦਗੀ ਵਿਚ ਅਧਿਆਤਮਿਕ ਹਿਤਾਂ ਨੂੰ ਪਹਿਲੀ ਥਾਂ ਦੇ ਕੇ ‘ਸੁਰਗ ਵਿੱਚ ਧਨ ਜੋੜ’ ਰਹੀ ਹੈ। ਉਹ ਆਪਣੀ ਇਸ ਅਧਿਆਤਮਿਕ ਪੂੰਜੀ ਤੋਂ ਫ਼ਾਇਦਾ ਉਠਾਉਣਗੇ ਤੇ ਉਨ੍ਹਾਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਮਿਲੇਗੀ।—ਪਰਕਾਸ਼ ਦੀ ਪੋਥੀ 7:9, 14; 21:3, 4; ਮੱਤੀ 6:19, 20.
ਅਸੀਂ ਕਿੱਦਾਂ ਅਜਿਹੇ ਸੁਰੱਖਿਅਤ ਭਵਿੱਖ ਨੂੰ ਪਾ ਸਕਦੇ ਹਾਂ? ਯਿਸੂ ਨੇ ਜਵਾਬ ਦਿੱਤਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਲੱਖਾਂ ਲੋਕਾਂ ਨੇ ਇਹ ਗਿਆਨ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਲਿਆ ਹੈ। ਇਨ੍ਹਾਂ ਲੋਕਾਂ ਨੂੰ ਨਾ ਸਿਰਫ਼ ਭਵਿੱਖ ਲਈ ਇਕ ਸ਼ਾਨਦਾਰ ਉਮੀਦ ਮਿਲੀ ਹੈ, ਸਗੋਂ ਉਹ ਹੁਣ ਵੀ ਕਾਫ਼ੀ ਹੱਦ ਤਕ ਸ਼ਾਂਤੀ ਤੇ ਸੁਰੱਖਿਆ ਦਾ ਆਨੰਦ ਮਾਣ ਰਹੇ ਹਨ। ਉਹ ਜ਼ਬੂਰ ਦੀ ਤਰ੍ਹਾਂ ਮਹਿਸੂਸ ਕਰਦੇ ਹਨ: “ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈਂ।”—ਜ਼ਬੂਰ 4:8.
ਕੀ ਤੁਸੀਂ ਬਾਈਬਲ ਵਰਗੇ ਕਿਸੇ ਹੋਰ ਇਹੋ ਜਿਹੀ ਜਾਣਕਾਰੀ ਦੇਣ ਵਾਲੇ ਸੋਮੇ ਬਾਰੇ ਸੋਚ ਸਕਦੇ ਹੋ ਜੋ ਤੁਹਾਡੀ ਸਿਹਤ ਅਤੇ ਜ਼ਿੰਦਗੀ ਦੇ ਖ਼ਤਰਿਆਂ ਨੂੰ ਘਟਾਉਣ ਵਿਚ ਤੁਹਾਡੀ ਮਦਦ ਕਰ ਸਕੇ? ਅੱਜ ਦੀ ਇਸ ਖ਼ਤਰਿਆਂ ਭਰੀ ਦੁਨੀਆਂ ਵਿਚ ਸੱਚੀ ਸੁਰੱਖਿਆ ਪਾਉਣ ਵਿਚ ਮਦਦ ਕਰਨ ਵਾਲੀ ਹੋਰ ਕੋਈ ਵੀ ਕਿਤਾਬ ਬਾਈਬਲ ਦਾ ਮੁਕਾਬਲਾ ਨਹੀਂ ਕਰ ਸਕਦੀ। ਕਿਉਂ ਨਾ ਇਸ ਦੀ ਹੋਰ ਜਾਂਚ ਕਰ ਕੇ ਦੇਖੀਏ?
[ਸਫ਼ੇ 6 ਉੱਤੇ ਡੱਬੀ/ਤਸਵੀਰ]
ਬਾਈਬਲ ਸਦਕਾ ਬਿਹਤਰ ਸਿਹਤ ਤੇ ਸੁਰੱਖਿਆ
ਜ਼ਿੰਦਗੀ ਦੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਜੇਨa ਨਾਂ ਦੀ ਇਕ ਜਵਾਨ ਤੀਵੀਂ ਸੁੱਕੀ ਭੰਗ, ਤਮਾਖੂ, ਕੋਕੀਨ, ਐਮਫੈਟਾਮੀਨ, ਐੱਲ. ਐੱਸ. ਡੀ. ਅਤੇ ਹੋਰ ਨਸ਼ੇ ਖਾਣ ਦੀ ਆਦੀ ਹੋ ਗਈ। ਉਹ ਹੱਦੋਂ ਵੱਧ ਸ਼ਰਾਬ ਵੀ ਪੀਂਦੀ ਸੀ। ਜੇਨ ਮੁਤਾਬਕ ਉਸ ਦਾ ਪਤੀ ਵੀ ਇਹੋ ਨਸ਼ੇ-ਪੱਤੇ ਕਰਦਾ ਸੀ। ਉਨ੍ਹਾਂ ਨੂੰ ਆਪਣੇ ਭਵਿੱਖ ਵਿਚ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆ ਰਹੀ ਸੀ। ਅਜਿਹੇ ਹਾਲਾਤਾਂ ਵਿਚ ਜੇਨ ਦੀ ਮੁਲਾਕਾਤ ਯਹੋਵਾਹ ਦੇ ਗਵਾਹਾਂ ਨਾਲ ਹੋਈ। ਉਸ ਨੇ ਉਨ੍ਹਾਂ ਦੀਆਂ ਮਸੀਹੀ ਸਭਾਵਾਂ ਵਿਚ ਜਾਣਾ ਤੇ ਪਹਿਰਾਬੁਰਜ ਅਤੇ ਉਸ ਦੇ ਨਾਲ ਦਾ ਰਸਾਲਾ ਜਾਗਰੂਕ ਬਣੋ! ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ ਨੇ ਇਹ ਰਸਾਲੇ ਆਪਣੇ ਪਤੀ ਨੂੰ ਵੀ ਪੜ੍ਹਨ ਲਈ ਦਿੱਤੇ। ਉਨ੍ਹਾਂ ਦੋਵਾਂ ਨੇ ਗਵਾਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਦਿੱਤੀ। ਜਿਉਂ-ਜਿਉਂ ਉਨ੍ਹਾਂ ਦੇ ਦਿਲ ਵਿਚ ਯਹੋਵਾਹ ਦੇ ਉੱਚੇ ਮਿਆਰਾਂ ਦੀ ਕਦਰ ਵੱਧਦੀ ਗਈ, ਉਨ੍ਹਾਂ ਨੇ ਸਾਰੇ ਨਸ਼ੇ-ਪੱਤੇ ਕਰਨੇ ਛੱਡ ਦਿੱਤੇ। ਇਸ ਦਾ ਨਤੀਜਾ ਕੀ ਨਿਕਲਿਆ? ਕੁਝ ਸਾਲਾਂ ਬਾਅਦ ਜੇਨ ਨੇ ਲਿਖਿਆ: “ਹੁਣ ਸਾਡੀ ਨਵੀਂ ਜ਼ਿੰਦਗੀ ਖ਼ੁਸ਼ੀਆਂ-ਖੇੜਿਆਂ ਨਾਲ ਭਰ ਗਈ ਹੈ। ਮੈਂ ਯਹੋਵਾਹ ਦੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਉਸ ਦੇ ਬਚਨ ਨੂੰ ਪੜ੍ਹ ਕੇ ਅਸੀਂ ਆਪਣੀਆਂ ਬੁਰੀਆਂ ਆਦਤਾਂ ਤੇ ਕਾਬੂ ਪਾ ਸਕੇ ਤੇ ਹੁਣ ਅਸੀਂ ਇਕ ਸਿਹਤਮੰਦ ਜ਼ਿੰਦਗੀ ਦਾ ਮਜ਼ਾ ਲੈ ਰਹੇ ਹਾਂ।”
ਈਮਾਨਦਾਰ ਮੁਲਾਜ਼ਮ ਹੋਣ ਦੀ ਵੀ ਬੜੀ ਅਹਿਮੀਅਤ ਹੁੰਦੀ ਹੈ। ਕੁਰਟ ਨੂੰ ਹੀ ਲੈ ਲਓ ਜੋ ਕੰਪਿਊਟਰ ਸੰਬੰਧੀ ਕੰਮ ਦੀ ਦੇਖ-ਰੇਖ ਕਰਦਾ ਸੀ। ਕੁਝ ਨਵਾਂ ਸਮਾਨ ਲਿਆਉਣ ਦੀ ਲੋੜ ਸੀ ਤੇ ਕੁਰਟ ਦੇ ਮਾਲਕ ਨੇ ਵਾਜਬ ਮੁੱਲ ਤੇ ਇਹ ਸਮਾਨ ਲਿਆਉਣ ਦੀ ਜ਼ਿੰਮੇਵਾਰੀ ਕੁਰਟ ਨੂੰ ਸੌਂਪੀ। ਕੁਰਟ ਇਕ ਚੰਗੇ ਡੀਲਰ ਨੂੰ ਮਿਲਿਆ ਤੇ ਉਸ ਨਾਲ ਸਮਾਨ ਦੀ ਰਕਮ ਤੈ ਕੀਤੀ। ਪਰ ਡੀਲਰ ਦੇ ਕਲਰਕ ਨੇ ਬਿੱਲ ਬਣਾਉਣ ਵੇਲੇ ਲਿਖਣ ਵਿਚ ਗ਼ਲਤੀ ਕਰ ਦਿੱਤੀ। ਉਸ ਨੇ ਬਿੱਲ ਉੱਤੇ 20,00,000 ਰੁਪਏ ਘੱਟ ਲਿਖੇ। ਗ਼ਲਤੀ ਨੂੰ ਦੇਖਦੇ ਹੋਏ ਕੁਰਟ ਨੇ ਉਸ ਕੰਪਨੀ ਨੂੰ ਫ਼ੋਨ ਕੀਤਾ। ਕੰਪਨੀ ਦੇ ਮੈਨੇਜਰ ਨੇ ਕਿਹਾ ਕਿ ਉਸ ਨੇ ਆਪਣੇ 25 ਸਾਲਾਂ ਦੇ ਕੈਰੀਅਰ ਵਿਚ ਅਜਿਹੀ ਈਮਾਨਦਾਰੀ ਕਦੇ ਨਹੀਂ ਦੇਖੀ। ਕੁਰਟ ਨੇ ਮੈਨੇਜਰ ਨੂੰ ਦੱਸਿਆ ਕਿ ਉਹ ਇਹ ਈਮਾਨਦਾਰੀ ਸਿਰਫ਼ ਇਸ ਕਰਕੇ ਹੀ ਦਿਖਾ ਸਕਿਆ ਕਿਉਂਕਿ ਉਸ ਦਾ ਜ਼ਮੀਰ ਬਾਈਬਲ ਦੁਆਰਾ ਢਾਲ਼ਿਆ ਗਿਆ ਹੈ। ਇਸ ਦਾ ਨਤੀਜਾ ਕੀ ਨਿਕਲਿਆ? ਮੈਨੇਜਰ ਨੇ ਬਿਜ਼ਨਿਸ ਵਿਚ ਈਮਾਨਦਾਰੀ ਦੇ ਵਿਸ਼ੇ ਉੱਤੇ ਕੁਰਟ ਕੋਲੋਂ ਜਾਗਰੂਕ ਬਣੋ! ਰਸਾਲੇ ਦੀਆਂ 300 ਕਾਪੀਆਂ ਮੰਗੀਆਂ ਤਾਂਕਿ ਉਹ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਦੇ ਸਕੇ। ਇਸ ਈਮਾਨਦਾਰੀ ਨੂੰ ਦੇਖਦੇ ਹੋਏ, ਕੁਰਟ ਦੇ ਮਾਲਕ ਨੇ ਵੀ ਉਸ ਦੀ ਤਰੱਕੀ ਕਰ ਦਿੱਤੀ।
[ਫੁਟਨੋਟ]
a ਨਾਂ ਬਦਲ ਦਿੱਤੇ ਗਏ ਹਨ।
[ਸਫ਼ੇ 7 ਉੱਤੇ ਤਸਵੀਰ]
“ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।”—ਯਸਾਯਾਹ 48:17