ਜਿਉਂ-ਜਿਉਂ ਅੰਤ ਨੇੜੇ ਆ ਰਿਹਾ ਹੈ, ਹੋਰ ਆਗਿਆਕਾਰ ਬਣੋ
“ਲੋਕਾਂ ਦੀ ਆਗਿਆਕਾਰੀ [ ਸ਼ੀਲੋਹ] ਦੀ ਹੋਵੇਗੀ।”—ਉਤਪਤ 49:10.
1. (ੳ) ਪੁਰਾਣੇ ਜ਼ਮਾਨਿਆਂ ਵਿਚ ਯਹੋਵਾਹ ਦੀ ਆਗਿਆਕਾਰੀ ਕਰਨ ਦਾ ਅਕਸਰ ਕੀ ਮਤਲਬ ਸੀ? (ਅ) ਯਾਕੂਬ ਨੇ ਆਗਿਆਕਾਰੀ ਸੰਬੰਧੀ ਕਿਹੜੀ ਭਵਿੱਖਬਾਣੀ ਕੀਤੀ ਸੀ?
ਯਹੋਵਾਹ ਦੇ ਆਗਿਆਕਾਰ ਰਹਿਣ ਦਾ ਅਕਸਰ ਮਤਲਬ ਇਹ ਹੁੰਦਾ ਹੈ ਕਿ ਅਸੀਂ ਉਸ ਦੇ ਨਿਯੁਕਤ ਕੀਤੇ ਸੇਵਕਾਂ ਦੇ ਵੀ ਆਗਿਆਕਾਰ ਰਹੀਏ। ਦੂਤ, ਕੁਲਪਿਤਾ, ਨਿਆਂਕਾਰ, ਜਾਜਕ, ਨਬੀ ਤੇ ਰਾਜੇ ਉਸ ਦੇ ਨਿਯੁਕਤ ਕੀਤੇ ਸੇਵਕ ਹੁੰਦੇ ਸਨ। ਇਸਰਾਏਲ ਦੇ ਰਾਜਿਆਂ ਦੇ ਸਿੰਘਾਸਣ ਨੂੰ ਯਹੋਵਾਹ ਦਾ ਸਿੰਘਾਸਣ ਵੀ ਕਿਹਾ ਜਾਂਦਾ ਸੀ। (1 ਇਤਹਾਸ 29:23) ਪਰ ਦੁੱਖ ਦੀ ਗੱਲ ਹੈ ਕਿ ਇਸਰਾਏਲ ਦੇ ਬਹੁਤ ਸਾਰੇ ਰਾਜਿਆਂ ਨੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਜਿਸ ਕਰਕੇ ਉਨ੍ਹਾਂ ਉੱਤੇ ਅਤੇ ਉਨ੍ਹਾਂ ਦੇ ਲੋਕਾਂ ਉੱਤੇ ਆਫ਼ਤਾਂ ਆਈਆਂ। ਪਰ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਨਹੀਂ ਤਿਆਗਿਆ; ਉਸ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਸੀ ਕਿ ਉਹ ਆਪਣੇ ਸਿੰਘਾਸਣ ਉੱਤੇ ਇਕ ਅਜਿਹੇ ਰਾਜੇ ਨੂੰ ਬਿਠਾਵੇਗਾ ਜੋ ਜੁੱਗੋ-ਜੁੱਗ ਰਾਜ ਕਰੇਗਾ। ਅਤੇ ਧਰਮੀ ਲੋਕ ਇਸ ਰਾਜੇ ਦੀ ਖ਼ੁਸ਼ੀ ਨਾਲ ਆਗਿਆਕਾਰੀ ਕਰਨਗੇ। (ਯਸਾਯਾਹ 9:6, 7) ਮਰਨ ਤੋਂ ਪਹਿਲਾਂ ਯਾਕੂਬ ਨੇ ਇਸ ਰਾਜੇ ਬਾਰੇ ਭਵਿੱਖਬਾਣੀ ਕੀਤੀ ਸੀ: “ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ਾਂਤੀ ਦਾਤਾ [“ਸ਼ੀਲੋਹ,” ਫੁਟਨੋਟ] ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।”—ਉਤਪਤ 49:10.
2. “ਸ਼ੀਲੋਹ” ਦਾ ਕੀ ਮਤਲਬ ਹੈ ਅਤੇ ਇਸ ਦੇ ਸ਼ਾਹੀ ਰਾਜ ਅਧੀਨ ਕੌਣ-ਕੌਣ ਹੋਣਗੇ?
2 “ਸ਼ੀਲੋਹ” ਇਕ ਇਬਰਾਨੀ ਸ਼ਬਦ ਹੈ ਜੋ ਕਿਸੇ ਚੀਜ਼ ਦੇ ਵਾਰਸ ਨੂੰ ਸੰਕੇਤ ਕਰਦਾ ਹੈ। ਜੀ ਹਾਂ, ਸ਼ੀਲੋਹ ਨੂੰ ਰਾਜ ਕਰਨ ਦਾ ਪੂਰਾ-ਪੂਰਾ ਹੱਕ ਮਿਲੇਗਾ ਜੋ ਰਾਜ ਡੰਡੇ ਦੁਆਰਾ ਦਰਸਾਇਆ ਗਿਆ ਹੈ। ਅਤੇ ਹਾਕਮ ਦੇ ਸੋਟੇ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ਤਾਕਤ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਉਸ ਦੇ ਸ਼ਾਹੀ ਰਾਜ ਅਧੀਨ ਸਿਰਫ਼ ਯਾਕੂਬ ਦੇ ਵੰਸ਼ ਦੇ ਲੋਕ ਹੀ ਨਹੀਂ, ਸਗੋਂ ਸਾਰੇ ‘ਲੋਕ’ ਹੋਣਗੇ। ਯਹੋਵਾਹ ਨੇ ਅਬਰਾਹਾਮ ਨਾਲ ਇਸੇ ਤਰ੍ਹਾਂ ਦਾ ਵਾਅਦਾ ਕੀਤਾ ਸੀ: “ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ। ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤਪਤ 22:17, 18) ਯਹੋਵਾਹ ਨੇ 29 ਸਾ.ਯੁ. ਵਿਚ ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ ਪਵਿੱਤਰ ਆਤਮਾ ਨਾਲ ਮਸਹ ਕਰ ਕੇ ਇਸ “ਅੰਸ” ਦੀ ਪਛਾਣ ਕਰਵਾਈ ਸੀ।—ਲੂਕਾ 3:21-23, 34; ਗਲਾਤੀਆਂ 3:16.
ਯਿਸੂ ਦਾ ਪਹਿਲਾ ਰਾਜ
3. ਸਵਰਗ ਨੂੰ ਵਾਪਸ ਜਾਣ ਤੋਂ ਬਾਅਦ ਯਿਸੂ ਨੂੰ ਕਿਹੜਾ ਰਾਜ ਦਿੱਤਾ ਗਿਆ ਸੀ?
3 ਜਦੋਂ ਯਿਸੂ ਸਵਰਗ ਵਿਚ ਵਾਪਸ ਗਿਆ ਸੀ, ਤਾਂ ਉਸ ਨੂੰ ਸਾਰੀ ਧਰਤੀ ਦੇ ਲੋਕਾਂ ਉੱਤੇ ਰਾਜ ਕਰਨ ਦਾ ਡੰਡਾ ਉਸੇ ਵੇਲੇ ਨਹੀਂ ਦਿੱਤਾ ਗਿਆ ਸੀ। (ਜ਼ਬੂਰਾਂ ਦੀ ਪੋਥੀ 110:1) ਪਰ ਉਸ ਨੂੰ ਇਕ “ਰਾਜ” ਦਿੱਤਾ ਗਿਆ ਸੀ ਜਿਸ ਦੀ ਪਰਜਾ ਨੇ ਉਸ ਦੀ ਆਗਿਆਕਾਰੀ ਕੀਤੀ। ਪੌਲੁਸ ਰਸੂਲ ਨੇ ਉਸ ਰਾਜ ਬਾਰੇ ਦੱਸਿਆ: ਪਰਮੇਸ਼ੁਰ ਨੇ “[ਆਤਮਾ ਨਾਲ ਮਸਹ ਕੀਤੇ ਹੋਏ ਮਸੀਹੀਆਂ ਨੂੰ] ਅੰਧਕਾਰ ਦੇ ਵੱਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤ੍ਰ ਦੇ ਰਾਜ ਵਿੱਚ ਪੁਚਾ ਦਿੱਤਾ।” (ਟੇਢੇ ਟਾਈਪ ਸਾਡੇ।) (ਕੁਲੁੱਸੀਆਂ 1:13) ਇਹ ਛੁਟਕਾਰਾ ਪੰਤੇਕੁਸਤ 33 ਸਾ.ਯੁ. ਵਿਚ ਸ਼ੁਰੂ ਹੋਇਆ ਸੀ ਜਦੋਂ ਯਿਸੂ ਦੇ ਵਫ਼ਾਦਾਰ ਚੇਲਿਆਂ ਨੂੰ ਪਵਿੱਤਰ ਆਤਮਾ ਦਿੱਤੀ ਗਈ ਸੀ।—ਰਸੂਲਾਂ ਦੇ ਕਰਤੱਬ 2:1-4; 1 ਪਤਰਸ 2:9.
4. ਯਿਸੂ ਦੇ ਪਹਿਲੇ ਚੇਲਿਆਂ ਨੇ ਕਿਵੇਂ ਦਿਖਾਇਆ ਕਿ ਉਹ ਉਸ ਦੇ ਆਗਿਆਕਾਰ ਸਨ ਅਤੇ ਯਿਸੂ ਨੇ ਇਨ੍ਹਾਂ ਨੂੰ ਕਿਹੜਾ ਨਾਂ ਦਿੱਤਾ?
4 “ਮਸੀਹ ਦੇ ਏਲਚੀ” ਹੋਣ ਕਰਕੇ ਮਸਹ ਕੀਤੇ ਹੋਏ ਚੇਲਿਆਂ ਨੇ ਪੂਰੀ ਆਗਿਆਕਾਰੀ ਨਾਲ ਉਨ੍ਹਾਂ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਉਸ ਰਾਜ ਦੇ “ਵਤਨੀ” ਜਾਂ ਪਰਜਾ ਬਣਨਾ ਸੀ। (2 ਕੁਰਿੰਥੀਆਂ 5:20; ਅਫ਼ਸੀਆਂ 2:19; ਰਸੂਲਾਂ ਦੇ ਕਰਤੱਬ 1:8) ਅਤੇ ਆਪਣੇ ਰਾਜੇ ਯਿਸੂ ਮਸੀਹ ਦੀ ਮਿਹਰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ “ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ” ਹੋਣ ਦੀ ਲੋੜ ਸੀ। (1 ਕੁਰਿੰਥੀਆਂ 1:10) ਇਹ ਸਾਰੇ ਮਿਲ ਕੇ “ਮਾਤਬਰ ਅਤੇ ਬੁੱਧਵਾਨ ਨੌਕਰ” ਜਾਂ ਵਫ਼ਾਦਾਰ ਮੁਖ਼ਤਿਆਰ ਵਜੋਂ ਕੰਮ ਕਰਦੇ ਹਨ।—ਮੱਤੀ 24:45; ਲੂਕਾ 12:42.
ਪਰਮੇਸ਼ੁਰ ਦੇ “ਮੁਖ਼ਤਿਆਰ” ਦੀ ਆਗਿਆਕਾਰੀ ਕਰਨ ਕਰਕੇ ਬਰਕਤਾਂ
5. ਪੁਰਾਣੇ ਸਮਿਆਂ ਤੋਂ ਯਹੋਵਾਹ ਆਪਣੇ ਲੋਕਾਂ ਨੂੰ ਕਿਵੇਂ ਸਿਖਾਉਂਦਾ ਆਇਆ ਹੈ?
5 ਯਹੋਵਾਹ ਨੇ ਹਮੇਸ਼ਾ ਆਪਣੇ ਲੋਕਾਂ ਲਈ ਸਿੱਖਿਅਕਾਂ ਦਾ ਪ੍ਰਬੰਧ ਕੀਤਾ ਹੈ। ਉਦਾਹਰਣ ਲਈ, ਯਹੂਦੀਆਂ ਦੇ ਬਾਬਲ ਤੋਂ ਮੁੜਨ ਤੋਂ ਬਾਅਦ ਅਜ਼ਰਾ ਤੇ ਦੂਸਰੇ ਕਾਬਲ ਆਦਮੀ ਲੋਕਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਸਿਰਫ਼ ਪੜ੍ਹ ਕੇ ਸੁਣਾਉਂਦੇ ਹੀ ਨਹੀਂ ਸਨ, ਸਗੋਂ ਇਸ ਦੇ “ਅਰਥ” ਕੱਢ ਕੇ ਪਰਮੇਸ਼ੁਰ ਦੇ ਬਚਨ ਨੂੰ ‘ਸਮਝਾਉਂਦੇ’ ਵੀ ਸਨ।—ਨਹਮਯਾਹ 8:8.
6, 7. ਨੌਕਰ ਵਰਗ ਨੇ ਆਪਣੀ ਪ੍ਰਬੰਧਕ ਸਭਾ ਰਾਹੀਂ ਕਿਵੇਂ ਸਮੇਂ ਸਿਰ ਅਧਿਆਤਮਿਕ ਭੋਜਨ ਮੁਹੱਈਆ ਕੀਤਾ ਹੈ ਅਤੇ ਨੌਕਰ ਵਰਗ ਦੇ ਅਧੀਨ ਹੋਣਾ ਕਿਉਂ ਚੰਗੀ ਗੱਲ ਹੈ?
6 ਪਹਿਲੀ ਸਦੀ ਵਿਚ ਜਦੋਂ 49 ਸਾ.ਯੁ. ਵਿਚ ਸੁੰਨਤ ਕਰਨ ਦਾ ਮਸਲਾ ਖੜ੍ਹਾ ਹੋਇਆ ਸੀ, ਤਾਂ ਉਸ ਸਮੇਂ ਦੇ ਨੌਕਰ ਵਰਗ ਦੀ ਪ੍ਰਬੰਧਕ ਸਭਾ ਨੇ ਪ੍ਰਾਰਥਨਾ ਕਰਦੇ ਹੋਏ ਇਸ ਗੱਲ ਉੱਤੇ ਵਿਚਾਰ ਕੀਤਾ ਅਤੇ ਪਰਮੇਸ਼ੁਰ ਦੇ ਬਚਨ ਦੇ ਆਧਾਰ ਤੇ ਇਸ ਮਸਲੇ ਦਾ ਹੱਲ ਕੱਢਿਆ। ਜਦੋਂ ਉਨ੍ਹਾਂ ਨੇ ਚਿੱਠੀਆਂ ਲਿਖ ਕੇ ਕਲੀਸਿਯਾਵਾਂ ਨੂੰ ਆਪਣੇ ਫ਼ੈਸਲੇ ਤੋਂ ਜਾਣੂ ਕਰਵਾਇਆ, ਤਾਂ ਭੈਣਾਂ-ਭਰਾਵਾਂ ਨੇ ਉਨ੍ਹਾਂ ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਅਤੇ ਪਰਮੇਸ਼ੁਰ ਦੀਆਂ ਭਰਪੂਰ ਬਰਕਤਾਂ ਦਾ ਆਨੰਦ ਮਾਣਿਆ। (ਰਸੂਲਾਂ ਦੇ ਕਰਤੱਬ 15:6-15, 22-29; 16:4, 5) ਇਸੇ ਤਰ੍ਹਾਂ ਅੱਜ ਵੀ ਇਸ ਵਫ਼ਾਦਾਰ ਨੌਕਰ ਨੇ ਆਪਣੀ ਪ੍ਰਬੰਧਕ ਸਭਾ ਰਾਹੀਂ ਬਹੁਤ ਸਾਰੀਆਂ ਅਹਿਮ ਗੱਲਾਂ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਹੈ ਜਿਵੇਂ ਕਿ ਮਸੀਹੀ ਨਿਰਪੱਖਤਾ, ਖ਼ੂਨ ਦੀ ਪਵਿੱਤਰਤਾ ਅਤੇ ਨਸ਼ੀਲੀਆਂ ਦਵਾਈਆਂ ਅਤੇ ਤਮਾਖੂ ਦੀ ਵਰਤੋਂ। (ਯਸਾਯਾਹ 2:4; ਰਸੂਲਾਂ ਦੇ ਕਰਤੱਬ 21:25; 2 ਕੁਰਿੰਥੀਆਂ 7:1) ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਬਰਕਤਾਂ ਦਿੱਤੀਆਂ ਜਿਹੜੇ ਉਸ ਦੇ ਬਚਨ ਅਤੇ ਵਫ਼ਾਦਾਰ ਨੌਕਰ ਦੇ ਆਗਿਆਕਾਰ ਸਨ।
7 ਨੌਕਰ ਵਰਗ ਦੇ ਅਧੀਨ ਹੋ ਕੇ ਪਰਮੇਸ਼ੁਰ ਦੇ ਲੋਕ ਦਿਖਾਉਂਦੇ ਹਨ ਕਿ ਉਹ ਆਪਣੇ ਮਾਲਕ ਯਿਸੂ ਮਸੀਹ ਦੇ ਵੀ ਅਧੀਨ ਹਨ। ਅੱਜ ਯਿਸੂ ਦੇ ਅਧੀਨ ਹੋਣਾ ਹੋਰ ਵੀ ਮਹੱਤਵਪੂਰਣ ਹੈ ਕਿਉਂਕਿ ਯਿਸੂ ਨੂੰ ਜ਼ਿਆਦਾ ਇਖ਼ਤਿਆਰ ਦਿੱਤਾ ਗਿਆ ਹੈ, ਜਿਵੇਂ ਯਾਕੂਬ ਨੇ ਮਰਨ ਤੋਂ ਪਹਿਲਾਂ ਭਵਿੱਖਬਾਣੀ ਵਿਚ ਦੱਸਿਆ ਸੀ।
ਸ਼ੀਲੋਹ ਧਰਤੀ ਦਾ ਜਾਇਜ਼ ਸ਼ਾਸਕ ਬਣਦਾ ਹੈ
8. ਮਸੀਹ ਨੂੰ ਕਿਵੇਂ ਅਤੇ ਕਦੋਂ ਹੋਰ ਜ਼ਿਆਦਾ ਇਖ਼ਤਿਆਰ ਦਿੱਤਾ ਗਿਆ ਸੀ?
8 ਯਾਕੂਬ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਸਾਰੇ ‘ਲੋਕ ਸ਼ੀਲੋਹ ਦੀ ਆਗਿਆਕਾਰੀ’ ਕਰਨਗੇ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮਸੀਹ ਦੇ ਸ਼ਾਸਨ ਅਧੀਨ ਸਿਰਫ਼ ਅਧਿਆਤਮਿਕ ਇਸਰਾਏਲ ਹੀ ਨਹੀਂ ਹੋਵੇਗਾ। ਤਾਂ ਫਿਰ, ਹੋਰ ਕੌਣ ਇਸ ਦੇ ਅਧੀਨ ਹੋਣਗੇ? ਪਰਕਾਸ਼ ਦੀ ਪੋਥੀ 11:15 ਜਵਾਬ ਦਿੰਦਾ ਹੈ: “ਜਗਤ ਦਾ ਰਾਜ ਸਾਡੇ ਪ੍ਰਭੁ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ ਜੁੱਗ ਰਾਜ ਕਰੇਗਾ।” (ਟੇਢੇ ਟਾਈਪ ਸਾਡੇ।) ਬਾਈਬਲ ਦੱਸਦੀ ਹੈ ਕਿ ਯਿਸੂ ਨੂੰ ਇਹ ਇਖ਼ਤਿਆਰ ਭਵਿੱਖਸੂਚਕ ‘ਸੱਤ ਸਮਿਆਂ’ ਜਾਂ “ਪਰਾਈਆਂ ਕੌਮਾਂ ਦੇ ਸਮੇ” ਦੇ ਅਖ਼ੀਰ ਵਿਚ ਯਾਨੀ 1914 ਵਿਚ ਦਿੱਤਾ ਗਿਆ ਸੀ। ਪਰਾਈਆਂ ਕੌਮਾਂ ਦਾ ਇਹ ਸਮਾਂ 1914 ਵਿਚ ਖ਼ਤਮ ਹੋਇਆ ਸੀ।a (ਦਾਨੀਏਲ 4:16, 17; ਲੂਕਾ 21:24) ਉਸ ਸਾਲ ਮਸੀਹ ਦੀ ਅਦ੍ਰਿਸ਼ਟ “ਮੌਜੂਦਗੀ” ਅਤੇ ਉਸ ਦਾ ‘ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰਨ’ ਦਾ ਸਮਾਂ ਸ਼ੁਰੂ ਹੋਇਆ।—ਮੱਤੀ 24:3, ਨਿ ਵ; ਜ਼ਬੂਰ 110:2.
9. ਜਦੋਂ ਯਿਸੂ ਰਾਜਾ ਬਣਿਆ, ਤਾਂ ਉਸ ਨੇ ਕੀ ਕੀਤਾ ਅਤੇ ਇਸ ਦਾ ਦੁਨੀਆਂ ਦੇ ਲੋਕਾਂ ਉੱਤੇ, ਖ਼ਾਸ ਕਰਕੇ ਉਸ ਦੇ ਚੇਲਿਆਂ ਉੱਤੇ ਕੀ ਪ੍ਰਭਾਵ ਪਿਆ?
9 ਰਾਜਾ ਬਣਨ ਤੋਂ ਬਾਅਦ ਯਿਸੂ ਨੂੰ ਸਭ ਤੋਂ ਪਹਿਲਾ ਇਹ ਕੰਮ ਦਿੱਤਾ ਗਿਆ ਸੀ ਕਿ ਉਹ ਅਣਆਗਿਆਕਾਰੀ ਦੀ ਜੀਉਂਦੀ-ਜਾਗਦੀ ਮਿਸਾਲ ਯਾਨੀ ਸ਼ਤਾਨ ਤੇ ਉਸ ਦੇ ਨਾਲ ਰਲੇ ਦੂਤਾਂ ਨੂੰ “ਧਰਤੀ ਉੱਤੇ” ਸੁੱਟ ਦੇਵੇ। ਉਦੋਂ ਤੋਂ ਹੀ ਇਹ ਸਾਰੇ ਦੁਸ਼ਟ ਦੂਤ ਲੋਕਾਂ ਉੱਤੇ ਲਗਾਤਾਰ ਆਫ਼ਤਾਂ ਲਿਆਉਂਦੇ ਆਏ ਹਨ ਅਤੇ ਅਜਿਹਾ ਮਾਹੌਲ ਪੈਦਾ ਕਰਦੇ ਆਏ ਹਨ ਜਿਹਦੇ ਵਿਚ ਯਹੋਵਾਹ ਦੇ ਆਗਿਆਕਾਰ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। (ਪਰਕਾਸ਼ ਦੀ ਪੋਥੀ 12:7-12; 2 ਤਿਮੋਥਿਉਸ 3:1-5) ਅਸਲ ਵਿਚ ਸ਼ਤਾਨ ਦੇ ਹਮਲੇ ਦੇ ਮੁੱਖ ਨਿਸ਼ਾਨੇ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕ, “ਜਿਹੜੇ ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ” ਅਤੇ ਉਨ੍ਹਾਂ ਦੇ ਸਾਥੀ ਯਾਨੀ ‘ਹੋਰ ਭੇਡਾਂ’ ਹਨ।—ਪਰਕਾਸ਼ ਦੀ ਪੋਥੀ 12:17; ਯੂਹੰਨਾ 10:16.
10. ਬਾਈਬਲ ਦੀਆਂ ਕਿਹੜੀਆਂ ਭਵਿੱਖਬਾਣੀਆਂ ਦੀ ਪੂਰਤੀ ਇਸ ਗੱਲ ਦੀ ਗਾਰੰਟੀ ਹੈ ਕਿ ਸ਼ਤਾਨ ਸੱਚੇ ਮਸੀਹੀਆਂ ਨਾਲ ਲੜਾਈ ਕਰ ਕੇ ਜਿੱਤੇਗਾ ਨਹੀਂ?
10 ਪਰ ਸ਼ਤਾਨ ਦੀ ਹਾਰ ਤਾਂ ਪੱਕੀ ਹੈ ਕਿਉਂਕਿ ਇਹ ‘ਪ੍ਰਭੁ ਦਾ ਦਿਨ’ ਹੈ ਅਤੇ ਕੋਈ ਵੀ ਤਾਕਤ ਯਿਸੂ ਨੂੰ “ਫਤਹ ਕਰਨ” ਤੋਂ ਰੋਕ ਨਹੀਂ ਸਕਦੀ। (ਪਰਕਾਸ਼ ਦੀ ਪੋਥੀ 1:10; 6:2) ਉਦਾਹਰਣ ਲਈ, ਉਹ 1,44,000 ਅਧਿਆਤਮਿਕ ਇਸਰਾਏਲੀਆਂ ਦੀ ਗਿਣਤੀ ਉੱਤੇ ਜ਼ਰੂਰ ਮੋਹਰ ਲਾਵੇਗਾ। ਉਹ “ਇੱਕ ਵੱਡੀ ਭੀੜ” ਦੀ ਵੀ ਜ਼ਰੂਰ ਰਾਖੀ ਕਰੇਗਾ ਜੋ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ” ਦੇ ਲੋਕਾਂ ਦੀ ਬਣੀ ਹੈ ਤੇ “ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ।” (ਪਰਕਾਸ਼ ਦੀ ਪੋਥੀ 7:1-4, 9, 14-16) ਇਨ੍ਹਾਂ ਕੋਲ ਸਵਰਗੀ ਉਮੀਦ ਨਹੀਂ, ਸਗੋਂ ਇਹ ਲੋਕ ਧਰਤੀ ਉੱਤੇ ਯਿਸੂ ਦੀ ਆਗਿਆਕਾਰੀ ਪਰਜਾ ਬਣ ਕੇ ਰਹਿਣਗੇ। (ਦਾਨੀਏਲ 7:13, 14) ਧਰਤੀ ਉੱਤੇ ਇਨ੍ਹਾਂ ਦੀ ਮੌਜੂਦਗੀ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਸ਼ੀਲੋਹ ਸੱਚ-ਮੁੱਚ ਇਸ ‘ਜਗਤ ਦੇ ਰਾਜ’ ਦਾ ਸ਼ਾਸਕ ਹੈ।—ਪਰਕਾਸ਼ ਦੀ ਪੋਥੀ 11:15.
‘ਇੰਜੀਲ ਨੂੰ ਮੰਨਣ’ ਦਾ ਹੁਣ ਸਮਾਂ ਹੈ
11, 12. (ੳ) ਇਸ ਦੁਨੀਆਂ ਦੇ ਅੰਤ ਵਿਚ ਸਿਰਫ਼ ਕਿਹੜੇ ਲੋਕ ਬਚਾਏ ਜਾਣਗੇ? (ਅ) ‘ਜਗਤ ਦੇ ਆਤਮਾ’ ਦੁਆਰਾ ਪ੍ਰਭਾਵਿਤ ਹੋਏ ਲੋਕਾਂ ਵਿਚ ਕਿਹੜੇ ਔਗੁਣ ਪੈਦਾ ਹੋ ਜਾਂਦੇ ਹਨ?
11 ਜਿਹੜੇ ਵੀ ਸਦਾ ਦੀ ਜ਼ਿੰਦਗੀ ਚਾਹੁੰਦੇ ਹਨ, ਉਨ੍ਹਾਂ ਨੂੰ ਆਗਿਆਕਾਰੀ ਕਰਨੀ ਸਿੱਖਣੀ ਪਵੇਗੀ। ਇਸ ਬਾਰੇ ਬਾਈਬਲ ਸਾਫ਼-ਸਾਫ਼ ਕਹਿੰਦੀ ਹੈ ਕਿ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ।” (2 ਥੱਸਲੁਨੀਕੀਆਂ 1:8) ਪਰ ਮੌਜੂਦਾ ਦੁਸ਼ਟ ਮਾਹੌਲ ਅਤੇ ਬਾਈਬਲ ਦੇ ਨਿਯਮਾਂ ਤੇ ਸਿਧਾਂਤਾਂ ਨੂੰ ਨਾ ਮੰਨਣ ਦਾ ਬਗਾਵਤੀ ਰਵੱਈਆ ਇਸ ਇੰਜੀਲ ਜਾਂ ਖ਼ੁਸ਼ ਖ਼ਬਰੀ ਨੂੰ ਮੰਨਣਾ ਮੁਸ਼ਕਲ ਬਣਾਉਂਦਾ ਹੈ।
12 ਪਰਮੇਸ਼ੁਰ ਦੇ ਵਿਰੁੱਧ ਜਾਣ ਦੇ ਇਸ ਰਵੱਈਏ ਨੂੰ ਬਾਈਬਲ “ਜਗਤ ਦਾ ਆਤਮਾ” ਕਹਿੰਦੀ ਹੈ। (1 ਕੁਰਿੰਥੀਆਂ 2:12) ਲੋਕਾਂ ਉੱਤੇ ਇਸ ਦੇ ਪ੍ਰਭਾਵ ਬਾਰੇ ਦੱਸਦੇ ਹੋਏ ਪੌਲੁਸ ਰਸੂਲ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਲਿਖਿਆ: “ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸਾਓ ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ। ਅਤੇ ਉਨ੍ਹਾਂ ਵਿੱਚ ਅਸੀਂ ਵੀ ਸੱਭੇ ਸਰੀਰ ਅਤੇ ਮਨ ਦੀਆਂ ਚਾਹਵਾਂ ਨੂੰ ਪੂਰੇ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾਂ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾਂ ਵਾਂਙੁ ਆਪਣੇ ਸੁਭਾਉ ਕਰਕੇ ਗਜ਼ਬ ਦੇ ਪੁੱਤ੍ਰ ਸਾਂ।”—ਅਫ਼ਸੀਆਂ 2:2, 3.
13. ਮਸੀਹੀ ਜਗਤ ਦੀ ਆਤਮਾ ਦਾ ਕਿਵੇਂ ਸਫ਼ਲਤਾਪੂਰਵਕ ਵਿਰੋਧ ਕਰ ਸਕਦੇ ਹਨ ਅਤੇ ਇਸ ਦੇ ਕੀ ਫ਼ਾਇਦੇ ਹੁੰਦੇ ਹਨ?
13 ਖ਼ੁਸ਼ੀ ਦੀ ਗੱਲ ਹੈ ਕਿ ਅਫ਼ਸੁਸ ਦੇ ਮਸੀਹੀ ਅਣਆਗਿਆਕਾਰੀ ਦੀ ਇਸ ਆਤਮਾ ਦੇ ਗ਼ੁਲਾਮ ਨਹੀਂ ਰਹੇ। ਇਸ ਦੀ ਬਜਾਇ ਉਹ ਪਰਮੇਸ਼ੁਰ ਦੀ ਆਤਮਾ ਦੇ ਅਧੀਨ ਹੋ ਕੇ ਉਸ ਦੇ ਆਗਿਆਕਾਰੀ ਪੁੱਤਰ ਬਣ ਗਏ ਅਤੇ ਉਨ੍ਹਾਂ ਵਿਚ ਬਹੁਤ ਸਾਰੇ ਚੰਗੇ ਗੁਣ ਪੈਦਾ ਹੋਏ। (ਗਲਾਤੀਆਂ 5:22, 23) ਇਸੇ ਤਰ੍ਹਾਂ ਅੱਜ ਵਿਸ਼ਵ ਦੀ ਸਭ ਤੋਂ ਤਾਕਤਵਰ ਸ਼ਕਤੀ ਯਾਨੀ ਪਰਮੇਸ਼ੁਰ ਦੀ ਪਵਿੱਤਰ ਆਤਮਾ ਲੱਖਾਂ ਲੋਕਾਂ ਦੀ ਮਦਦ ਕਰ ਰਹੀ ਹੈ ਕਿ ਉਹ ਯਹੋਵਾਹ ਦੀ ਆਗਿਆਕਾਰੀ ਕਰਨ ਅਤੇ ਭਰੋਸਾ ਰੱਖਣ ਕਿ ਉਨ੍ਹਾਂ ਦੀ ‘ਆਸ ਦੀ ਭਰਪੂਰੀ ਅੰਤ ਤੋੜੀ’ ਪਹੁੰਚ ਜਾਵੇ।—ਇਬਰਾਨੀਆਂ 6:11; ਜ਼ਕਰਯਾਹ 4:6.
14. ਅੰਤ ਦੇ ਦਿਨਾਂ ਵਿਚ ਰਹਿ ਰਹੇ ਮਸੀਹੀਆਂ ਨੂੰ ਯਿਸੂ ਨੇ ਕਿਹੜੀਆਂ ਸਮੱਸਿਆਵਾਂ ਤੋਂ ਖ਼ਬਰਦਾਰ ਕੀਤਾ ਸੀ ਜੋ ਉਨ੍ਹਾਂ ਦੀ ਆਗਿਆਕਾਰੀ ਪਰਖਣਗੀਆਂ?
14 ਇਹ ਵੀ ਯਾਦ ਰੱਖੋ ਕਿ ਸ਼ਕਤੀਸ਼ਾਲੀ ਸ਼ੀਲੋਹ ਵੀ ਸਾਡੇ ਨਾਲ ਹੈ। ਉਹ ਅਤੇ ਉਸ ਦਾ ਪਿਤਾ ਕਿਸੇ ਵੀ ਦੁਸ਼ਮਣ ਨੂੰ, ਚਾਹੇ ਉਹ ਸ਼ਤਾਨ ਹੋਵੇ ਜਾਂ ਇਨਸਾਨ, ਸਾਡੀ ਬਰਦਾਸ਼ਤ ਤੋਂ ਬਾਹਰ ਸਾਡੀ ਆਗਿਆਕਾਰੀ ਨੂੰ ਪਰਖਣ ਦੀ ਇਜਾਜ਼ਤ ਨਹੀਂ ਦੇਵੇਗਾ। (1 ਕੁਰਿੰਥੀਆਂ 10:13) ਅਸਲ ਵਿਚ ਸਾਡੀ ਅਧਿਆਤਮਿਕ ਲੜਾਈ ਵਿਚ ਮਦਦ ਕਰਨ ਲਈ ਯਿਸੂ ਨੇ ਕਈ ਖ਼ਾਸ ਸਮੱਸਿਆਵਾਂ ਬਾਰੇ ਦੱਸਿਆ ਸੀ ਜਿਨ੍ਹਾਂ ਦਾ ਅਸੀਂ ਇਨ੍ਹਾਂ ਅੰਤ ਦੇ ਦਿਨਾਂ ਵਿਚ ਸਾਮ੍ਹਣਾ ਕਰਦੇ ਹਾਂ। ਇਹ ਗੱਲਾਂ ਉਸ ਨੇ ਸੱਤ ਚਿੱਠੀਆਂ ਵਿਚ ਦੱਸੀਆਂ ਸਨ ਜੋ ਉਸ ਨੇ ਯੂਹੰਨਾ ਨਬੀ ਨੂੰ ਦਰਸ਼ਣ ਵਿਚ ਲਿਖਵਾਈਆਂ ਸਨ। (ਪਰਕਾਸ਼ ਦੀ ਪੋਥੀ 1:10, 11) ਭਾਵੇਂ ਕਿ ਇਨ੍ਹਾਂ ਵਿਚ ਉਸ ਵੇਲੇ ਦੇ ਮਸੀਹੀਆਂ ਨੂੰ ਬਹੁਤ ਜ਼ਰੂਰੀ ਸਲਾਹ ਦਿੱਤੀ ਗਈ ਸੀ, ਪਰ ਇਹ ਖ਼ਾਸ ਕਰਕੇ 1914 ਤੋਂ ਯਾਨੀ “ਪ੍ਰਭੁ ਦੇ ਦਿਨ” ਵਿਚ ਲਾਗੂ ਹੋ ਰਹੀ ਹੈ। ਇਸ ਲਈ ਇਹ ਸਾਡੇ ਲਈ ਕਿੰਨੀ ਚੰਗੀ ਗੱਲ ਹੈ ਕਿ ਅਸੀਂ ਇਨ੍ਹਾਂ ਸੰਦੇਸ਼ਾਂ ਵੱਲ ਧਿਆਨ ਦੇਈਏ!b
ਲਾਪਰਵਾਹੀ ਤੇ ਅਨੈਤਿਕਤਾ ਤੋਂ ਦੂਰ ਰਹੋ ਅਤੇ ਪੈਸੇ ਪਿੱਛੇ ਨਾ ਭੱਜੋ
15. ਸਾਨੂੰ ਅਫ਼ਸੁਸ ਦੀ ਕਲੀਸਿਯਾ ਦੀ ਸਮੱਸਿਆ ਤੋਂ ਕਿਉਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਅਤੇ ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? (2 ਪਤਰਸ 1:5-8)
15 ਯਿਸੂ ਨੇ ਪਹਿਲੀ ਚਿੱਠੀ ਅਫ਼ਸੁਸ ਦੀ ਕਲੀਸਿਯਾ ਨੂੰ ਲਿਖੀ ਸੀ। ਉਨ੍ਹਾਂ ਦੇ ਸਬਰ ਦੀ ਤਾਰੀਫ਼ ਕਰਨ ਤੋਂ ਬਾਅਦ ਯਿਸੂ ਨੇ ਕਿਹਾ: “ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈਂ।” (ਪਰਕਾਸ਼ ਦੀ ਪੋਥੀ 2:1-4) ਅੱਜ ਵੀ ਕੁਝ ਮਸੀਹੀਆਂ ਦਾ ਪਰਮੇਸ਼ੁਰ ਲਈ ਪਿਆਰ ਪਹਿਲਾਂ ਨਾਲੋਂ ਠੰਢਾ ਪੈ ਗਿਆ ਹੈ। ਇਸ ਕਰਕੇ ਉਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਪੈ ਸਕਦਾ ਹੈ ਇਸ ਲਈ ਉਨ੍ਹਾਂ ਨੂੰ ਇਸ ਵੱਲ ਫ਼ੌਰਨ ਧਿਆਨ ਦੇਣ ਦੀ ਲੋੜ ਹੈ। ਠੰਢੇ ਪੈ ਚੁੱਕੇ ਪਿਆਰ ਵਿਚ ਫਿਰ ਤੋਂ ਕਿਵੇਂ ਜਾਨ ਪਾਈ ਜਾ ਸਕਦੀ ਹੈ? ਬਾਈਬਲ ਦਾ ਬਾਕਾਇਦਾ ਅਧਿਐਨ ਕਰਨ, ਸਭਾਵਾਂ ਵਿਚ ਹਾਜ਼ਰ ਹੋਣ, ਪ੍ਰਾਰਥਨਾ ਅਤੇ ਮਨਨ ਕਰਨ ਦੁਆਰਾ। (1 ਯੂਹੰਨਾ 5:3) ਇਹ ਸੱਚ ਹੈ ਕਿ ਇਸ ਦੇ ਲਈ “ਵੱਡਾ ਜਤਨ” ਕਰਨਾ ਪਵੇਗਾ, ਪਰ ਇਸ ਨਾਲ ਸਾਡਾ ਹੀ ਫ਼ਾਇਦਾ ਹੁੰਦਾ ਹੈ। (2 ਪਤਰਸ 1:5-8) ਜੇ ਸੱਚੇ ਦਿਲੋਂ ਆਪਣੀ ਪਰਖ ਕਰਨ ਤੋਂ ਪਤਾ ਲੱਗਦਾ ਹੈ ਕਿ ਸਾਡਾ ਪਿਆਰ ਠੰਢਾ ਪੈ ਗਿਆ ਹੈ, ਤਾਂ ਸਾਨੂੰ ਯਿਸੂ ਦੀ ਨਸੀਹਤ ਉੱਤੇ ਚੱਲਦੇ ਹੋਏ ਫਟਾਫਟ ਕੁਝ ਕਰਨਾ ਚਾਹੀਦਾ ਹੈ। ਯਿਸੂ ਨੇ ਇਹ ਨਸੀਹਤ ਦਿੱਤੀ ਸੀ: “ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈਂ ਅਤੇ ਤੋਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ!”—ਪਰਕਾਸ਼ ਦੀ ਪੋਥੀ 2:5.
16. ਪਰਗਮੁਮ ਅਤੇ ਥੂਆਤੀਰੇ ਦੇ ਮਸੀਹੀਆਂ ਦੀ ਅਧਿਆਤਮਿਕਤਾ ਉੱਤੇ ਕਿਹੜੀਆਂ ਚੀਜ਼ਾਂ ਬੁਰਾ ਪ੍ਰਭਾਵ ਪਾ ਰਹੀਆਂ ਸਨ ਅਤੇ ਉਨ੍ਹਾਂ ਨੂੰ ਦਿੱਤੀ ਯਿਸੂ ਦੀ ਸਲਾਹ ਅੱਜ ਵੀ ਕਿਵੇਂ ਫ਼ਾਇਦੇਮੰਦ ਹੈ?
16 ਪਰਗਮੁਮ ਅਤੇ ਥੂਆਤੀਰੇ ਦੇ ਮਸੀਹੀਆਂ ਦੀ ਉਨ੍ਹਾਂ ਦੀ ਵਫ਼ਾਦਾਰੀ, ਸਬਰ ਅਤੇ ਜੋਸ਼ ਕਰਕੇ ਸ਼ਲਾਘਾ ਕੀਤੀ ਗਈ ਸੀ। (ਪਰਕਾਸ਼ ਦੀ ਪੋਥੀ 2:12, 13, 18, 19) ਪਰ ਉਹ ਕੁਝ ਅਜਿਹੇ ਲੋਕਾਂ ਦੇ ਪ੍ਰਭਾਵ ਹੇਠ ਆ ਗਏ ਸਨ ਜਿਨ੍ਹਾਂ ਦਾ ਰਵੱਈਆ ਬਿਲਆਮ ਅਤੇ ਈਜਬਲ ਵਾਂਗ ਦੁਸ਼ਟ ਸੀ। ਬਿਲਆਮ ਅਤੇ ਈਜਬਲ ਨੇ ਬਦਚਲਣੀ ਅਤੇ ਬਆਲ ਦੀ ਪੂਜਾ ਕਰ ਕੇ ਇਸਰਾਏਲੀਆਂ ਉੱਤੇ ਬੁਰਾ ਪ੍ਰਭਾਵ ਪਾਇਆ ਸੀ। (ਗਿਣਤੀ 31:16; 1 ਰਾਜਿਆਂ 16:30, 31; ਪਰਕਾਸ਼ ਦੀ ਪੋਥੀ 2:14, 16, 20-23) “ਪ੍ਰਭੂ ਦੇ ਦਿਨ” ਯਾਨੀ ਸਾਡੇ ਸਮੇਂ ਬਾਰੇ ਕੀ? ਕੀ ਇਹ ਬੁਰੇ ਪ੍ਰਭਾਵ ਅੱਜ ਵੀ ਮੌਜੂਦ ਹਨ? ਜੀ ਹਾਂ, ਕਿਉਂਕਿ ਵਿਭਚਾਰ ਇਕ ਮੁੱਖ ਕਾਰਨ ਹੈ ਜਿਸ ਕਰਕੇ ਕਈਆਂ ਨੂੰ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਛੇਕਿਆ ਜਾਂਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਤੋਂ ਦੂਰ ਰਹੀਏ ਜਿਹੜੇ ਸਾਨੂੰ ਗ਼ਲਤ ਪਾਸੇ ਲਾ ਸਕਦੇ ਹਨ, ਚਾਹੇ ਉਹ ਮਸੀਹੀ ਹੀ ਕਿਉਂ ਨਾ ਹੋਣ। (1 ਕੁਰਿੰਥੀਆਂ 5:9-11; 15:33) ਜਿਹੜੇ ਲੋਕ ਸ਼ੀਲੋਹ ਦੀ ਆਗਿਆਕਾਰੀ ਪਰਜਾ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਗ਼ਲਤ ਮਨੋਰੰਜਨ, ਅਸ਼ਲੀਲ ਸਾਹਿੱਤ ਅਤੇ ਇੰਟਰਨੈੱਟ ਉੱਤੇ ਅਸ਼ਲੀਲ ਤਸਵੀਰਾਂ ਦੇਖਣ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ।—ਆਮੋਸ 5:15; ਮੱਤੀ 5:28, 29.
17. ਯਿਸੂ ਦੀ ਨਜ਼ਰ ਵਿਚ ਸਾਰਦੀਸ ਅਤੇ ਲਾਉਦਿਕੀਏ ਦੀਆਂ ਕਲੀਸਿਯਾਵਾਂ ਦੀ ਅਧਿਆਤਮਿਕ ਹਾਲਤ ਕਿਸ ਤਰ੍ਹਾਂ ਦੀ ਸੀ?
17 ਸਾਰਦੀਸ ਦੀ ਕਲੀਸਿਯਾ ਦੇ ਸਿਰਫ਼ ਕੁਝ ਲੋਕਾਂ ਦੀ ਹੀ ਤਾਰੀਫ਼ ਕੀਤੀ ਗਈ ਸੀ, ਸਾਰਿਆਂ ਦੀ ਨਹੀਂ। ਇਹ ਕਲੀਸਿਯਾ ‘ਜੀਉਂਦੀ ਕਹਾਉਂਦੀ’ ਸੀ, ਪਰ ਇਹ ਅਧਿਆਤਮਿਕ ਤੌਰ ਤੇ ਇੰਨੀ ਲਾਪਰਵਾਹ ਹੋ ਗਈ ਸੀ ਕਿ ਯਿਸੂ ਨੇ ਇਸ ਨੂੰ “ਮੁਰਦਾ” ਕਿਹਾ। ਉਹ ਦਿਲੋਂ ਖ਼ੁਸ਼ ਖ਼ਬਰੀ ਦੀ ਪਾਲਣਾ ਨਹੀਂ ਕਰ ਰਹੇ ਸਨ। ਉਨ੍ਹਾਂ ਦੇ ਲਈ ਇਹ ਬੜੀ ਸ਼ਰਮ ਦੀ ਗੱਲ ਸੀ। (ਪਰਕਾਸ਼ ਦੀ ਪੋਥੀ 3:1-3) ਲਾਉਦਿਕੀਏ ਦੀ ਕਲੀਸਿਯਾ ਦੀ ਵੀ ਇਹੀ ਹਾਲਤ ਸੀ। ਇਹ ਆਪਣੀ ਧਨ-ਦੌਲਤ ਉੱਤੇ ਬਹੁਤ ਸ਼ੇਖੀ ਮਾਰਦੀ ਸੀ: “ਮੈਂ ਧਨਵਾਨ ਹਾਂ।” ਪਰ ਮਸੀਹ ਦੀਆਂ ਨਜ਼ਰਾਂ ਵਿਚ ਇਹ ‘ਦੁਖੀ, ਮੰਦਭਾਗੀ, ਕੰਗਾਲ, ਅੰਨ੍ਹੀ ਅਤੇ ਨੰਗੀ’ ਸੀ।—ਪਰਕਾਸ਼ ਦੀ ਪੋਥੀ 3:14-17.
18. ਅਸੀਂ ਅਧਿਆਤਮਿਕ ਤੌਰ ਤੇ ਠੰਢੇ ਪੈਣ ਤੋਂ ਕਿਵੇਂ ਬਚ ਸਕਦੇ ਹਾਂ?
18 ਅੱਜ ਵੀ ਕਈ ਮਸੀਹੀ ਵਫ਼ਾਦਾਰ ਨਹੀਂ ਰਹੇ ਅਤੇ ਉਨ੍ਹਾਂ ਨੇ ਅਣਆਗਿਆਕਾਰੀ ਕਰਨ ਦੀ ਆਦਤ ਪਾ ਲਈ ਹੈ। ਸ਼ਾਇਦ ਉਨ੍ਹਾਂ ਨੇ ਆਪਣੇ ਉੱਤੇ ਜਗਤ ਦੀ ਆਤਮਾ ਦਾ ਪ੍ਰਭਾਵ ਪੈਣ ਦਿੱਤਾ ਹੈ ਜਿਸ ਕਰਕੇ ਉਹ ਸਮੇਂ ਦੀ ਅਹਿਮੀਅਤ ਭੁੱਲ ਗਏ ਹਨ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਉਹ ਬਾਈਬਲ ਅਧਿਐਨ, ਮਸੀਹੀ ਸਭਾਵਾਂ ਅਤੇ ਸੇਵਕਾਈ ਵਿਚ ਹਿੱਸਾ ਲੈਣ ਵਿਚ ਠੰਢੇ ਪੈ ਚੁੱਕੇ ਹਨ। (2 ਪਤਰਸ 3:3, 4, 11, 12) ਇਸ ਲਈ ਅਜਿਹੇ ਲੋਕਾਂ ਲਈ ਅਧਿਆਤਮਿਕ ਧਨ ਇਕੱਠਾ ਕਰਨ ਵਾਸਤੇ ਮਸੀਹ ਦੀ ਆਗਿਆਕਾਰੀ ਕਰਨੀ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਨੂੰ ‘ਅੱਗ ਵਿੱਚ ਤਾਇਆ ਹੋਇਆ ਸੋਨਾ [ਯਿਸੂ] ਕੋਲੋਂ ਮੁੱਲ ਲੈਣਾ’ ਚਾਹੀਦਾ ਹੈ। (ਪਰਕਾਸ਼ ਦੀ ਪੋਥੀ 3:18) ਅਜਿਹੀ ਅਸਲੀ ਜਾਇਦਾਦ ਵਿਚ ‘ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਣਾ’ ਸ਼ਾਮਲ ਹੈ। ਇਸ ਅਸਲੀ ਧਨ ਨੂੰ ਪ੍ਰਾਪਤ ਕਰਨ ਨਾਲ ਅਸੀਂ ‘ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰਦੇ ਹਾਂ ਭਈ ਅਸੀਂ ਉਸ ਜੀਵਨ ਨੂੰ ਫੜ ਲਈਏ ਜਿਹੜਾ ਅਸਲ ਜੀਵਨ ਹੈ।’—1 ਤਿਮੋਥਿਉਸ 6:17-19.
ਆਗਿਆਕਾਰੀ ਕਾਰਨ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ
19. ਯਿਸੂ ਨੇ ਸਮੁਰਨੇ ਅਤੇ ਫ਼ਿਲਦਲਫ਼ੀਏ ਦੀਆਂ ਕਲੀਸਿਯਾਵਾਂ ਦੇ ਮਸੀਹੀਆਂ ਦੀ ਕਿਉਂ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਕਿਹੜੀ ਨਸੀਹਤ ਦਿੱਤੀ?
19 ਸਮੁਰਨੇ ਅਤੇ ਫ਼ਿਲਦਲਫ਼ੀਏ ਦੀਆਂ ਕਲੀਸਿਯਾਵਾਂ ਨੇ ਆਗਿਆਕਾਰੀ ਕਰਨ ਦੀ ਚੰਗੀ ਮਿਸਾਲ ਕਾਇਮ ਕੀਤੀ ਕਿਉਂਕਿ ਯਿਸੂ ਨੇ ਚਿੱਠੀਆਂ ਵਿਚ ਕਿਸੇ ਗੱਲੋਂ ਉਨ੍ਹਾਂ ਨੂੰ ਝਿੜਕਿਆ ਨਹੀਂ ਸੀ। ਸਮੁਰਨੇ ਦੀ ਕਲੀਸਿਯਾ ਨੂੰ ਉਸ ਨੇ ਕਿਹਾ: “ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ।” (ਪਰਕਾਸ਼ ਦੀ ਪੋਥੀ 2:9) ਇਹ ਮਸੀਹੀ ਲਾਉਦਿਕੀਏ ਦੇ ਮਸੀਹੀਆਂ ਨਾਲੋਂ ਕਿੰਨੇ ਵੱਖਰੇ ਸਨ ਜਿਹੜੇ ਆਪਣੀ ਦੁਨਿਆਵੀ ਧਨ-ਦੌਲਤ ਤੇ ਬਹੁਤ ਘਮੰਡ ਕਰਦੇ ਸਨ, ਪਰ ਅਸਲ ਵਿਚ ਗ਼ਰੀਬ ਸਨ! ਸ਼ਤਾਨ ਨੂੰ ਇਹ ਦੇਖ ਕੇ ਬਿਲਕੁਲ ਖ਼ੁਸ਼ੀ ਨਹੀਂ ਹੋਈ ਕਿ ਕੁਝ ਮਸੀਹੀ ਯਿਸੂ ਪ੍ਰਤੀ ਵਫ਼ਾਦਾਰ ਅਤੇ ਆਗਿਆਕਾਰ ਸਨ। ਇਸ ਲਈ ਯਿਸੂ ਨੇ ਚੇਤਾਵਨੀ ਦਿੱਤੀ ਸੀ: “ਜਿਹੜੇ ਦੁਖ ਤੈਂ ਭੋਗਣੇ ਹਨ ਤੂੰ ਓਹਨਾਂ ਤੋਂ ਨਾ ਡਰੀਂ। ਵੇਖੋ, ਸ਼ਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੀਕ ਬਿਪਤਾ ਹੋਵੇਗੀ। ਤੂੰ ਮਰਨ ਤੋੜੀ ਵਫ਼ਾਦਾਰ ਰਹੁ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ।” (ਪਰਕਾਸ਼ ਦੀ ਪੋਥੀ 2:10) ਇਸੇ ਤਰ੍ਹਾਂ ਯਿਸੂ ਨੇ ਫ਼ਿਲਦਲਫ਼ੀਏ ਦੀ ਕਲੀਸਿਯਾ ਦੀ ਤਾਰੀਫ਼ ਕੀਤੀ: “ਤੈਂ ਮੇਰੇ ਬਚਨ ਦੀ ਪਾਲਨਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ। ਮੈਂ ਛੇਤੀ ਆਉਂਦਾ ਹਾਂ। ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ ਕਿਤੇ ਐਉਂ ਨਾ ਹੋਵੇ ਭਈ ਕੋਈ ਤੇਰਾ ਮੁਕਟ ਲੈ ਜਾਵੇ।”—ਪਰਕਾਸ਼ ਦੀ ਪੋਥੀ 3:8, 11.
20. ਅੱਜ ਲੱਖਾਂ ਲੋਕ ਕਿਨ੍ਹਾਂ ਹਾਲਾਤਾਂ ਵਿਚ ਯਿਸੂ ਦੇ ਬਚਨਾਂ ਦੀ ਪਾਲਣਾ ਕਰਦੇ ਹਨ ਅਤੇ ਉਹ ਇਸ ਤਰ੍ਹਾਂ ਕਿਵੇਂ ਕਰਦੇ ਹਨ?
20 “ਪ੍ਰਭੁ ਦੇ ਦਿਨ” ਯਾਨੀ 1914 ਤੋਂ ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀਆਂ ਅਤੇ ਦੂਜੀਆਂ ਭੇਡਾਂ ਦੇ ਉਨ੍ਹਾਂ ਦੇ ਲੱਖਾਂ ਸਾਥੀਆਂ ਨੇ ਜੋਸ਼ ਨਾਲ ਪ੍ਰਚਾਰ ਦੀ ਸੇਵਾ ਵਿਚ ਹਿੱਸਾ ਲੈਣ ਅਤੇ ਦ੍ਰਿੜ੍ਹਤਾ ਨਾਲ ਵਫ਼ਾਦਾਰ ਰਹਿਣ ਦੁਆਰਾ ਯਿਸੂ ਦੇ ਬਚਨਾਂ ਨੂੰ ਮੰਨਿਆ ਹੈ। ਪਹਿਲੀ ਸਦੀ ਦੇ ਆਪਣੇ ਭਰਾਵਾਂ ਵਾਂਗ ਕੁਝ ਮਸੀਹੀਆਂ ਨੇ ਮਸੀਹ ਦੇ ਆਗਿਆਕਾਰ ਰਹਿਣ ਕਰਕੇ ਦੁੱਖ ਝੱਲੇ ਹਨ। ਕਈਆਂ ਨੂੰ ਜੇਲ੍ਹਾਂ ਵਿਚ ਸੁੱਟਿਆ ਗਿਆ ਤੇ ਕਈਆਂ ਨੂੰ ਨਜ਼ਰਬੰਦੀ ਕੈਂਪਾਂ ਵਿਚ ਤਸੀਹੇ ਦਿੱਤੇ ਗਏ। ਕਈ ਮਸੀਹੀ ਅਮੀਰੀ ਅਤੇ ਲਾਲਚ ਨਾਲ ਭਰੇ ਮਾਹੌਲ ਵਿਚ ਰਹਿੰਦੇ ਹਨ, ਫਿਰ ਵੀ ਉਨ੍ਹਾਂ ਨੇ ਆਪਣੀ “ਅੱਖ ਨਿਰਮਲ” ਰੱਖ ਕੇ ਯਿਸੂ ਦੇ ਬਚਨਾਂ ਦੀ ਪਾਲਣਾ ਕੀਤੀ ਹੈ। (ਮੱਤੀ 6:22, 23) ਜੀ ਹਾਂ, ਹਰ ਹਾਲਤ ਤੇ ਹਰ ਤਰ੍ਹਾਂ ਦੇ ਮਾਹੌਲ ਵਿਚ ਸੱਚੇ ਮਸੀਹੀ ਆਗਿਆਕਾਰੀ ਕਰ ਕੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਨ।—ਕਹਾਉਤਾਂ 27:11.
21. (ੳ) ਨੌਕਰ ਵਰਗ ਆਪਣੀ ਕਿਹੜੀ ਜ਼ਿੰਮੇਵਾਰੀ ਪੂਰੀ ਕਰਦਾ ਰਹੇਗਾ? (ਅ) ਅਸੀਂ ਕਿੱਦਾਂ ਦਿਖਾਉਂਦੇ ਹਾਂ ਕਿ ਅਸੀਂ ਦਿਲੋਂ ਸ਼ੀਲੋਹ ਦੀ ਆਗਿਆਕਾਰੀ ਕਰਨੀ ਚਾਹੁੰਦੇ ਹਾਂ?
21 ਜਿਉਂ-ਜਿਉਂ ਵੱਡਾ ਕਸ਼ਟ ਨੇੜੇ ਆਉਂਦਾ ਜਾ ਰਿਹਾ ਹੈ, “ਬੁੱਧਵਾਨ ਅਤੇ ਮਾਤਬਰ ਨੌਕਰ” ਨੇ ਇਹ ਪੱਕਾ ਇਰਾਦਾ ਕੀਤਾ ਹੈ ਕਿ ਉਹ ਆਪਣੇ ਮਾਲਕ ਯਿਸੂ ਦੀ ਆਗਿਆਕਾਰੀ ਕਰਦੇ ਰਹਿਣਗੇ। ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਪਰਮੇਸ਼ੁਰ ਦੇ ਘਰਾਣੇ ਨੂੰ ਸਮੇਂ ਸਿਰ ਅਧਿਆਤਮਿਕ ਭੋਜਨ ਮੁਹੱਈਆ ਕਰਾਉਂਦੇ ਰਹਿਣਗੇ। ਇਸ ਲਈ ਆਓ ਆਪਾਂ ਯਹੋਵਾਹ ਵੱਲੋਂ ਕੀਤੇ ਗਏ ਅਧਿਆਤਮਿਕ ਪ੍ਰਬੰਧਾਂ ਅਤੇ ਇਨ੍ਹਾਂ ਤੋਂ ਹੋਣ ਵਾਲੇ ਫ਼ਾਇਦਿਆਂ ਦੀ ਕਦਰ ਕਰਦੇ ਰਹੀਏ। ਇਸ ਤਰ੍ਹਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸ਼ੀਲੋਹ ਦੇ ਅਧੀਨ ਹਾਂ ਜੋ ਆਪਣੀ ਆਗਿਆਕਾਰ ਪਰਜਾ ਨੂੰ ਸਦਾ ਦੀ ਜ਼ਿੰਦਗੀ ਦੇਵੇਗਾ।—ਮੱਤੀ 24:45-47; 25:40; ਯੂਹੰਨਾ 5:22-24.
[ਫੁਟਨੋਟ]
a ‘ਸੱਤ ਸਮਿਆਂ’ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦਾ ਅਧਿਆਇ 10 ਦੇਖੋ।
b ਇਨ੍ਹਾਂ ਸੱਤ ਚਿੱਠੀਆਂ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਦਾ ਸਫ਼ਾ 33 ਦੇਖੋ।
ਕੀ ਤੁਹਾਨੂੰ ਯਾਦ ਹੈ?
• ਯਾਕੂਬ ਨੇ ਮਰਨ ਤੋਂ ਪਹਿਲਾਂ ਜੋ ਭਵਿੱਖਬਾਣੀ ਕੀਤੀ ਸੀ, ਉਸ ਅਨੁਸਾਰ ਯਿਸੂ ਨੂੰ ਕਿਹੜਾ ਅਧਿਕਾਰ ਦਿੱਤਾ ਗਿਆ ਸੀ?
• ਅਸੀਂ ਕਿਵੇਂ ਇਹ ਗੱਲ ਸਵੀਕਾਰ ਕਰਦੇ ਹਾਂ ਕਿ ਯਿਸੂ ਸ਼ੀਲੋਹ ਹੈ ਅਤੇ ਸਾਨੂੰ ਕਿਹੜੀ ਆਤਮਾ ਤੋਂ ਦੂਰ ਰਹਿਣਾ ਚਾਹੀਦਾ ਹੈ?
• ਪਰਕਾਸ਼ ਦੀ ਪੋਥੀ ਵਿਚ ਜ਼ਿਕਰ ਕੀਤੀਆਂ ਸੱਤ ਕਲੀਸਿਯਾਵਾਂ ਨੂੰ ਲਿਖੀਆਂ ਚਿੱਠੀਆਂ ਵਿਚ ਸਾਡੇ ਲਈ ਕਿਹੜੀ ਫ਼ਾਇਦੇਮੰਦ ਸਲਾਹ ਦਿੱਤੀ ਗਈ ਸੀ?
• ਅਸੀਂ ਸਮੁਰਨੇ ਅਤੇ ਫ਼ਿਲਦਲਫ਼ੀਏ ਦੀਆਂ ਕਲੀਸਿਯਾਵਾਂ ਦੇ ਮਸੀਹੀਆਂ ਦੀ ਕਿੱਦਾਂ ਨਕਲ ਕਰ ਸਕਦੇ ਹਾਂ?
[ਸਫ਼ੇ 18 ਉੱਤੇ ਤਸਵੀਰਾਂ]
ਵਫ਼ਾਦਾਰ “ਮੁਖ਼ਤਿਆਰ” ਦੀ ਆਗਿਆਕਾਰੀ ਕਰਨ ਕਰਕੇ ਯਹੋਵਾਹ ਆਪਣੇ ਲੋਕਾਂ ਨੂੰ ਬਰਕਤਾਂ ਦਿੰਦਾ ਹੈ
[ਸਫ਼ੇ 19 ਉੱਤੇ ਤਸਵੀਰ]
ਸ਼ਤਾਨ ਪਰਮੇਸ਼ੁਰ ਦੀ ਆਗਿਆਕਾਰੀ ਕਰਨੀ ਸਾਡੇ ਲਈ ਮੁਸ਼ਕਲ ਬਣਾਉਂਦਾ ਹੈ
[ਸਫ਼ੇ 21 ਉੱਤੇ ਤਸਵੀਰਾਂ]
ਯਹੋਵਾਹ ਨਾਲ ਚੰਗਾ ਰਿਸ਼ਤਾ ਉਸ ਦੀ ਆਗਿਆਕਾਰੀ ਕਰਨ ਵਿਚ ਸਾਡੀ ਮਦਦ ਕਰਦਾ ਹੈ