ਦੁਖੀ ਲੋਕਾਂ ਲਈ ਦਿਲਾਸਾ
‘ਰੱਬ ਸਾਡੇ ਦੁੱਖਾਂ ਨੂੰ ਦੂਰ ਕਿਉਂ ਨਹੀਂ ਕਰਦਾ?’ ਫ਼ਿਲਾਸਫ਼ਰ ਅਤੇ ਧਰਮ-ਸ਼ਾਸਤਰੀ ਸਦੀਆਂ ਤੋਂ ਇਹ ਸਵਾਲ ਪੁੱਛਦੇ ਆਏ ਹਨ। ਕਈਆਂ ਨੇ ਸਿੱਟਾ ਕੱਢਿਆ ਕਿ ਜੇ ਪਰਮੇਸ਼ੁਰ ਸਰਬਸ਼ਕਤੀਮਾਨ ਹੈ, ਤਾਂ ਉਹੀ ਦੁੱਖਾਂ ਲਈ ਜ਼ਿੰਮੇਵਾਰ ਹੈ। ਕਲੇਮੰਟਾਈਨ ਦੇ ਉਪਦੇਸ਼ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਦੇ ਲੇਖਕ ਨੇ ਦੂਜੀ ਸਦੀ ਵਿਚ ਕਿਹਾ ਕਿ ਪਰਮੇਸ਼ੁਰ ਦੋਵੇਂ ਹੱਥਾਂ ਨਾਲ ਦੁਨੀਆਂ ਤੇ ਇਖ਼ਤਿਆਰ ਚਲਾਉਂਦਾ ਹੈ। ਆਪਣੇ “ਖੱਬੇ ਹੱਥ” ਯਾਨੀ ਸ਼ਤਾਨ ਦੇ ਜ਼ਰੀਏ ਦੁੱਖ ਅਤੇ ਦਰਦ ਲਿਆਉਂਦਾ ਹੈ ਅਤੇ ਆਪਣੇ “ਸੱਜੇ ਹੱਥ” ਯਾਨੀ ਯਿਸੂ ਦੇ ਜ਼ਰੀਏ ਬਚਾਉਂਦਾ ਤੇ ਬਰਕਤਾਂ ਦਿੰਦਾ ਹੈ।
ਦੂਜੇ ਲੋਕ ਕਹਿੰਦੇ ਹਨ ਕਿ ਦੁੱਖ ਹੈ ਹੀ ਨਹੀਂ ਕਿਉਂਕਿ ਉਹ ਇਹ ਨਹੀਂ ਮੰਨ ਸਕਦੇ ਕਿ ਪਰਮੇਸ਼ੁਰ ਦੁੱਖਾਂ ਨੂੰ ਇਜਾਜ਼ਤ ਦੇ ਸਕਦਾ ਹੈ। ਮੇਰੀ ਬੇਕਰ ਐਡੀ ਨੇ ਲਿਖਿਆ: “ਦੁਸ਼ਟਤਾ ਸਿਰਫ਼ ਮਨ ਦੀ ਇਕ ਕਲਪਨਾ ਹੈ। ਜੇ ਇਹ ਮੰਨਿਆ ਜਾਵੇ ਕਿ ਪਾਪ, ਬੀਮਾਰੀ ਅਤੇ ਮੌਤ ਅਸਲੀ ਨਹੀਂ ਹਨ, ਤਾਂ ਇਹ ਜ਼ਰੂਰ ਮਿਟ ਜਾਣਗੇ।”— ਬਾਈਬਲ ਦੇ ਜ਼ਰੀਏ ਵਿਗਿਆਨ ਅਤੇ ਸਿਹਤ ਨੂੰ ਸਮਝਣਾ, (ਅੰਗ੍ਰੇਜ਼ੀ)।
ਇਤਿਹਾਸ ਦੌਰਾਨ ਵਾਪਰੀਆਂ ਦੁਖਦਾਇਕ ਘਟਨਾਵਾਂ ਦੇ ਨਤੀਜੇ ਵਜੋਂ, ਖ਼ਾਸ ਕਰਕੇ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ, ਕਈਆਂ ਨੇ ਇਹ ਸਿੱਟਾ ਕੱਢਿਆ ਹੈ ਕਿ ਪਰਮੇਸ਼ੁਰ ਅਸਲ ਵਿਚ ਦੁੱਖ ਨੂੰ ਰੋਕ ਨਹੀਂ ਸਕਦਾ। ਯਹੂਦੀ ਵਿਦਵਾਨ ਡੇਵਿਡ ਵੁਲਫ ਸਿਲਵਰਮਨ ਨੇ ਲਿਖਿਆ: “ਮੇਰੇ ਖ਼ਿਆਲ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਵੱਲੋਂ ਕੀਤੇ ਸਰਬਨਾਸ਼ ਕਾਰਨ ਅਸੀਂ ਪਰਮੇਸ਼ੁਰ ਨੂੰ ਸਰਬਸ਼ਕਤੀਮਾਨ ਨਹੀਂ ਸਮਝ ਸਕਦੇ। ਜੇ ਪਰਮੇਸ਼ੁਰ ਨੂੰ ਕਿਸੇ ਤਰ੍ਹਾਂ ਸਮਝਿਆ ਜਾਵੇ, ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਉਹ ਸਰਬਸ਼ਕਤੀਮਾਨ ਨਹੀਂ ਹੈ ਅਤੇ ਉਸ ਦੀ ਭਲਾਈ ਦੇ ਬਾਵਜੂਦ ਦੁਨੀਆਂ ਵਿਚ ਬੁਰਿਆਈ ਹਮੇਸ਼ਾ ਰਹੇਗੀ।”
ਲੇਕਿਨ ਇਹ ਦਾਅਵੇ, ਕਿ ਪਰਮੇਸ਼ੁਰ ਕਿਸੇ-ਨ-ਕਿਸੇ ਤਰ੍ਹਾਂ ਦੁੱਖਾਂ ਲਈ ਜ਼ਿੰਮੇਵਾਰ ਹੈ ਜਾਂ ਉਹ ਇਨ੍ਹਾਂ ਨੂੰ ਰੋਕ ਨਹੀਂ ਸਕਦਾ ਜਾਂ ਇਹ ਸਿਰਫ਼ ਮਨ ਦੀ ਕਲਪਨਾ ਹੈ, ਦੁਖੀ ਲੋਕਾਂ ਨੂੰ ਦਿਲਾਸਾ ਨਹੀਂ ਦਿੰਦੇ। ਇਸ ਤੋਂ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਬਾਈਬਲ ਵਿਚ ਪਰਮੇਸ਼ੁਰ ਨੂੰ ਇਨ੍ਹਾਂ ਦਾਅਵਿਆਂ ਦੀ ਤਰ੍ਹਾਂ ਨਹੀਂ ਦਰਸਾਇਆ ਗਿਆ, ਸਗੋਂ ਉਹ ਇਕ ਨਿਆਂ, ਪ੍ਰੇਮ ਅਤੇ ਪਰਵਾਹ ਕਰਨ ਵਾਲਾ ਪਰਮੇਸ਼ੁਰ ਹੈ ਜੋ ਸ਼ਕਤੀਸ਼ਾਲੀ ਹੈ ਅਤੇ ਜਿਸ ਨੂੰ ਇਨਸਾਨਾਂ ਦੀ ਚਿੰਤਾ ਹੈ। (ਅੱਯੂਬ 34:10, 12; ਯਿਰਮਿਯਾਹ 32:17; 1 ਯੂਹੰਨਾ 4:8) ਤਾਂ ਫਿਰ, ਉਹ ਸਾਡੇ ਦੁੱਖਾਂ ਨੂੰ ਦੂਰ ਕਿਉਂ ਨਹੀਂ ਕਰਦਾ ਅਤੇ ਇਸ ਸਵਾਲ ਬਾਰੇ ਬਾਈਬਲ ਕੀ ਕਹਿੰਦੀ ਹੈ?
ਦੁੱਖ ਕਿਵੇਂ ਸ਼ੁਰੂ ਹੋਇਆ?
ਜਦੋਂ ਪਰਮੇਸ਼ੁਰ ਨੇ ਪਹਿਲੇ ਜੋੜੇ ਨੂੰ ਬਣਾਇਆ, ਤਾਂ ਉਨ੍ਹਾਂ ਦੇ ਦਿਮਾਗ਼ ਅਤੇ ਸਰੀਰ ਸੰਪੂਰਣ ਸਨ। ਉਨ੍ਹਾਂ ਨੂੰ ਇਕ ਸੁੰਦਰ ਬਾਗ਼ ਵਿਚ ਵਸਾਇਆ ਗਿਆ ਅਤੇ ਉਨ੍ਹਾਂ ਦੀ ਖ਼ੁਸ਼ੀ ਲਈ ਉਨ੍ਹਾਂ ਨੂੰ ਵਧੀਆ ਕੰਮ ਸੌਂਪਿਆ ਗਿਆ। ਪਰਮੇਸ਼ੁਰ ਇਹ ਨਹੀਂ ਚਾਹੁੰਦਾ ਸੀ ਕਿ ਇਨਸਾਨਾਂ ਤੇ ਦੁੱਖ ਆਉਣ। (ਉਤਪਤ 1:27, 28, 31; 2:8) ਲੇਕਿਨ, ਜੇ ਆਦਮ ਅਤੇ ਹੱਵਾਹ ਖ਼ੁਸ਼ ਰਹਿਣਾ ਚਾਹੁੰਦੇ ਸਨ, ਤਾਂ ਉਨ੍ਹਾਂ ਲਈ ਇਹ ਗੱਲਾਂ ਕਬੂਲ ਕਰਨੀਆਂ ਜ਼ਰੂਰੀ ਸਨ ਕਿ ਪਰਮੇਸ਼ੁਰ ਉਨ੍ਹਾਂ ਦਾ ਰਾਜਾ ਸੀ ਅਤੇ ਉਸ ਦਾ ਸਹੀ-ਗ਼ਲਤ ਦਾ ਫ਼ੈਸਲਾ ਕਰਨ ਦਾ ਪੂਰਾ ਅਧਿਕਾਰ ਸੀ। ਪਰਮੇਸ਼ੁਰ ਦਾ ਇਹ ਹੱਕ “ਭਲੇ ਬੁਰੇ ਦੀ ਸਿਆਣ ਦੇ ਬਿਰਛ” ਦੁਆਰਾ ਦਰਸਾਇਆ ਗਿਆ ਸੀ। (ਉਤਪਤ 2:17) ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਹੁਕਮ ਦਿੱਤਾ ਸੀ ਕਿ ਉਹ ਇਸ ਬਿਰਛ ਤੋਂ ਨਾ ਖਾਣ। ਉਸ ਦਾ ਕਹਿਣਾ ਮੰਨ ਕੇ ਉਹ ਪਰਮੇਸ਼ੁਰ ਪ੍ਰਤੀ ਆਪਣੀ ਅਧੀਨਗੀ ਦਾ ਇਜ਼ਹਾਰ ਕਰ ਸਕਦੇ ਸਨ।a
ਦੁੱਖ ਦੀ ਗੱਲ ਹੈ ਕਿ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਇਕ ਬਾਗ਼ੀ ਦੂਤ ਯਾਨੀ ਸ਼ਤਾਨ ਅਰਥਾਤ ਇਬਲੀਸ ਨੇ ਹੱਵਾਹ ਨੂੰ ਯਕੀਨ ਦਿਲਾਇਆ ਕਿ ਪਰਮੇਸ਼ੁਰ ਦੇ ਹੁਕਮ ਤੇ ਚੱਲਣਾ ਫ਼ਾਇਦੇਮੰਦ ਨਹੀਂ ਹੈ। ਅਸਲ ਵਿਚ ਉਹ ਕਹਿ ਰਿਹਾ ਸੀ ਕਿ ਹੱਵਾਹ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਆਪ ਫ਼ੈਸਲਾ ਕਰ ਸਕਦੀ ਸੀ ਕਿ ਸਹੀ ਅਤੇ ਗ਼ਲਤ ਕੀ ਹੈ ਅਤੇ ਇਹ ਵੀ ਕਿ ਪਰਮੇਸ਼ੁਰ ਉਸ ਤੋਂ ਇਹ ਹੱਕ ਖੋਹ ਰਿਹਾ ਸੀ। ਸ਼ਤਾਨ ਨੇ ਦਾਅਵਾ ਕੀਤਾ ਕਿ ਜੇ ਹੱਵਾਹ ਬਿਰਛ ਤੋਂ ਖਾਵੇਗੀ, ਤਾਂ ‘ਉਸ ਦੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਉਹ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੀ ਹੋ ਜਾਵੇਗੀ।’ (ਉਤਪਤ 3:1-6; ਪਰਕਾਸ਼ ਦੀ ਪੋਥੀ 12:9) ਆਜ਼ਾਦ ਹੋਣ ਦੀ ਇੱਛਾ ਕਰਕੇ ਉਸ ਨੇ ਮਨ੍ਹਾ ਕੀਤਾ ਗਿਆ ਫਲ ਖਾ ਲਿਆ ਅਤੇ ਬਾਅਦ ਵਿਚ ਆਦਮ ਨੇ ਵੀ ਖਾਧਾ।
ਉਸੇ ਦਿਨ ਆਦਮ ਅਤੇ ਹੱਵਾਹ ਨੇ ਆਪਣੀ ਬਗਾਵਤ ਦੇ ਨਤੀਜੇ ਭੁਗਤਣੇ ਸ਼ੁਰੂ ਕੀਤੇ। ਪਰਮੇਸ਼ੁਰ ਦੀ ਹਕੂਮਤ ਨੂੰ ਰੱਦ ਕਰਨ ਕਰਕੇ ਉਨ੍ਹਾਂ ਨੇ ਉਹ ਰੱਖਿਆ ਅਤੇ ਬਰਕਤਾਂ ਗੁਆਈਆਂ ਜੋ ਪਰਮੇਸ਼ੁਰ ਦੇ ਅਧੀਨ ਉਨ੍ਹਾਂ ਨੂੰ ਮਿਲਦੀਆਂ ਸਨ। ਪਰਮੇਸ਼ੁਰ ਨੇ ਉਨ੍ਹਾਂ ਨੂੰ ਫਿਰਦੌਸ ਵਿੱਚੋਂ ਕੱਢ ਦਿੱਤਾ ਅਤੇ ਆਦਮ ਨੂੰ ਕਿਹਾ: “ਜ਼ਮੀਨ ਤੇਰੇ ਕਾਰਨ ਸਰਾਪਤ ਹੋਈ। ਤੂੰ ਆਪਣੇ ਜੀਵਣ ਦੇ ਸਾਰੇ ਦਿਨ ਉਸ ਤੋਂ ਦੁਖ ਨਾਲ ਖਾਵੇਂਗਾ। ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ।” (ਉਤਪਤ 3:17, 19) ਹੁਣ ਆਦਮ ਅਤੇ ਹੱਵਾਹ ਉੱਤੇ ਦੁੱਖ, ਬੀਮਾਰੀ, ਬੁਢਾਪਾ ਅਤੇ ਮੌਤ ਛਾਂ ਗਏ ਸਨ। ਹਾਂ, ਦੁੱਖ ਹੁਣ ਜ਼ਿੰਦਗੀ ਦਾ ਇਕ ਹਿੱਸਾ ਬਣ ਗਿਆ ਸੀ।—ਉਤਪਤ 5:29.
ਮਾਮਲੇ ਨੂੰ ਸੁਲਝਾਉਣਾ
ਸ਼ਾਇਦ ਕੋਈ ਪੁੱਛੇ, ‘ਕੀ ਪਰਮੇਸ਼ੁਰ ਆਦਮ ਅਤੇ ਹੱਵਾਹ ਦੇ ਪਾਪ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ?’ ਨਹੀਂ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਇਨਸਾਨਾਂ ਦਾ ਪਰਮੇਸ਼ੁਰ ਦੀ ਹਕੂਮਤ ਲਈ ਆਦਰ ਹੋਰ ਵੀ ਘੱਟ ਜਾਣਾ ਸੀ। ਇਸ ਦੇ ਨਾਲ-ਨਾਲ ਭਵਿੱਖ ਵਿਚ ਦੂਜੇ ਲੋਕ ਵੀ ਬਗਾਵਤ ਕਰਨ ਲੱਗ ਸਕਦੇ ਸਨ ਜਿਸ ਕਰਕੇ ਧਰਤੀ ਤੇ ਹੋਰ ਵੀ ਕਸ਼ਟ ਹੋ ਸਕਦਾ ਸੀ। (ਉਪਦੇਸ਼ਕ ਦੀ ਪੋਥੀ 8:11) ਦੂਸਰੀ ਗੱਲ ਇਹ ਹੈ ਕਿ ਜੇ ਪਰਮੇਸ਼ੁਰ ਪਾਪ ਨੂੰ ਮਾਮੂਲੀ ਸਮਝ ਕੇ ਬਰਦਾਸ਼ਤ ਕਰ ਲੈਂਦਾ, ਤਾਂ ਉਸ ਨੇ ਪਾਪ ਦਾ ਹਿੱਸੇਦਾਰ ਬਣ ਜਾਣਾ ਸੀ। ਬਾਈਬਲ ਦਾ ਲੇਖਕ ਮੂਸਾ ਸਾਨੂੰ ਯਾਦ ਦਿਲਾਉਂਦਾ ਕਿ ਪਰਮੇਸ਼ੁਰ “ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:4) ਪਰਮੇਸ਼ੁਰ ਆਪਣੇ ਅਸੂਲਾਂ ਦਾ ਪੱਕਾ ਹੈ। ਇਸ ਲਈ ਉਸ ਨੇ ਆਦਮ ਅਤੇ ਹੱਵਾਹ ਨੂੰ ਆਪਣੀਆਂ ਗ਼ਲਤੀਆਂ ਦੇ ਨਤੀਜਿਆਂ ਤੋਂ ਨਹੀਂ ਬਚਾਇਆ।
ਪਰਮੇਸ਼ੁਰ ਨੇ ਪਹਿਲੇ ਮਨੁੱਖੀ ਜੋੜੇ ਅਤੇ ਉਨ੍ਹਾਂ ਨੂੰ ਭਰਮਾਉਣ ਵਾਲੇ ਯਾਨੀ ਸ਼ਤਾਨ ਦਾ ਤੁਰੰਤ ਹੀ ਨਾਸ਼ ਕਿਉਂ ਨਹੀਂ ਕੀਤਾ? ਉਸ ਕੋਲ ਇੱਦਾਂ ਕਰਨ ਦੀ ਸ਼ਕਤੀ ਸੀ ਅਤੇ ਜੇ ਉਹ ਇਸ ਤਰ੍ਹਾਂ ਕਰਦਾ, ਤਾਂ ਆਦਮ ਦੀ ਕੋਈ ਔਲਾਦ ਨਹੀਂ ਹੋਣੀ ਸੀ ਜਿਨ੍ਹਾਂ ਨੂੰ ਵਿਰਸੇ ਵਿਚ ਦੁੱਖ ਤੇ ਮੌਤ ਮਿਲਣੀ ਸੀ। ਲੇਕਿਨ, ਜੇ ਪਰਮੇਸ਼ੁਰ ਆਪਣੀ ਸ਼ਕਤੀ ਇਸ ਤਰ੍ਹਾਂ ਵਰਤਦਾ, ਤਾਂ ਇਸ ਤੋਂ ਉਸ ਸਵਾਲ ਦਾ ਜਵਾਬ ਨਹੀਂ ਸੀ ਮਿਲਣਾ ਕਿ ਕੀ ਪਰਮੇਸ਼ੁਰ ਦਾ ਸਮਝਦਾਰ ਇਨਸਾਨਾਂ ਉੱਤੇ ਅਧਿਕਾਰ ਚਲਾਉਣ ਦਾ ਹੱਕ ਸੀ ਜਾਂ ਨਹੀਂ? ਇਸ ਤੋਂ ਇਲਾਵਾ, ਜੇ ਆਦਮ ਅਤੇ ਹੱਵਾਹ ਬੇਔਲਾਦ ਮਰ ਜਾਂਦੇ ਤਾਂ ਪਰਮੇਸ਼ੁਰ ਦਾ ਧਰਤੀ ਨੂੰ ਉਨ੍ਹਾਂ ਦੀ ਸੰਪੂਰਣ ਔਲਾਦ ਨਾਲ ਭਰਨ ਦਾ ਮਕਸਦ ਅਸਫ਼ਲ ਹੋ ਜਾਣਾ ਸੀ। (ਉਤਪਤ 1:28) ‘ਪਰਮੇਸ਼ਰ ਆਦਮੀ ਦੀ ਤਰ੍ਹਾਂ ਨਹੀਂ ਹੈ; ਉਹ ਜੋ ਕਹਿੰਦਾ ਹੈ, ਕਰਦਾ ਵੀ ਹੈ, ਉਹ ਆਪਣਾ ਕਿਹਾ ਪੂਰਾ ਕਰਦਾ ਹੈ।’—ਗਿਣਤੀ 23:19, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਯਹੋਵਾਹ ਪਰਮੇਸ਼ੁਰ ਨੇ ਆਪਣੀ ਬੁੱਧ ਕਰਕੇ ਫ਼ੈਸਲਾ ਕੀਤਾ ਕਿ ਉਹ ਇਸ ਬਗਾਵਤ ਨੂੰ ਥੋੜ੍ਹੇ ਸਮੇਂ ਲਈ ਚੱਲਣ ਦੇਵੇਗਾ। ਪਰਮੇਸ਼ੁਰ ਤੋਂ ਆਜ਼ਾਦ ਰਹਿਣ ਦੇ ਨਤੀਜੇ ਦੇਖਣ ਲਈ ਬਾਗ਼ੀਆਂ ਨੂੰ ਕਾਫ਼ੀ ਸਮਾਂ ਮਿਲ ਚੁੱਕਾ ਹੈ। ਇਤਿਹਾਸ ਤੋਂ ਪੱਕਾ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਦਾ ਰਾਜ ਮਨੁੱਖਾਂ ਜਾਂ ਸ਼ਤਾਨ ਦੇ ਰਾਜ ਨਾਲੋਂ ਕਿਤੇ ਉੱਤਮ ਹੈ ਅਤੇ ਇਨਸਾਨਾਂ ਨੂੰ ਪਰਮੇਸ਼ੁਰ ਦੇ ਨਿਰਦੇਸ਼ਨ ਅਧੀਨ ਰਹਿਣ ਦੀ ਲੋੜ ਹੈ। ਇਸ ਦੇ ਨਾਲ-ਨਾਲ ਪਰਮੇਸ਼ੁਰ ਨੇ ਆਪਣਾ ਮੁਢਲਾ ਮਕਸਦ ਪੂਰਾ ਕਰਨ ਲਈ ਵੀ ਕਦਮ ਚੁੱਕੇ ਸਨ। ਉਸ ਨੇ ਵਾਅਦਾ ਕੀਤਾ ਕਿ ਇਕ “ਅੰਸ” ਜਾਂ “ਸੰਤਾਨ” ਪੈਦਾ ਹੋਵੇਗੀ ‘ਜੋ ਸ਼ਤਾਨ ਦੇ ਸਿਰ ਨੂੰ ਫੇਵੇਗੀ’ ਅਤੇ ਹਮੇਸ਼ਾ ਲਈ ਉਸ ਦੀ ਬਗਾਵਤ ਅਤੇ ਇਸ ਦੇ ਬੁਰੇ ਨਤੀਜਿਆਂ ਨੂੰ ਮਿਟਾ ਦੇਵੇਗੀ।—ਉਤਪਤ 3:15.
ਉਹ ਵਾਅਦਾ ਕੀਤੀ ਗਈ ਅੰਸ ਯਿਸੂ ਮਸੀਹ ਸੀ। ਪਹਿਲੇ ਯੂਹੰਨਾ 3:8 ਵਿਚ ਅਸੀਂ ਪੜ੍ਹਦੇ ਹਾਂ: “ਪਰਮੇਸ਼ੁਰ ਦਾ ਪੁੱਤ੍ਰ ਇਸੇ ਲਈ ਪਰਗਟ ਹੋਇਆ ਭਈ ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇ।” ਯਿਸੂ ਨੇ ਆਪਣਾ ਸੰਪੂਰਣ ਜੀਵਨ ਕੁਰਬਾਨ ਕਰ ਕੇ ਆਦਮ ਦੀ ਸੰਤਾਨ ਦੀ ਰਿਹਾਈ-ਕੀਮਤ ਭਰਨ ਦੁਆਰਾ ਉਸ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਡਾਇਆ। (ਯੂਹੰਨਾ 1:29; 1 ਤਿਮੋਥਿਉਸ 2:5, 6) ਜਿਹੜੇ ਸੱਚ-ਮੁੱਚ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰਦੇ ਹਨ, ਉਨ੍ਹਾਂ ਨਾਲ ਵਾਅਦਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਲਈ ਦੁੱਖਾਂ ਤੋਂ ਛੁਟਕਾਰਾ ਮਿਲੇਗਾ। (ਯੂਹੰਨਾ 3:16; ਪਰਕਾਸ਼ ਦੀ ਪੋਥੀ 7:17) ਇਹ ਕਦੋਂ ਹੋਵੇਗਾ?
ਦੁੱਖਾਂ ਦਾ ਅੰਤ
ਪਰਮੇਸ਼ੁਰ ਦੇ ਅਧਿਕਾਰ ਨੂੰ ਰੱਦ ਕਰਨ ਕਰਕੇ ਮਨੁੱਖਜਾਤੀ ਨੇ ਬੇਹਿਸਾਬ ਦੁੱਖ ਭੋਗੇ ਹਨ। ਤਾਂ ਫਿਰ ਇਹ ਕਿੰਨਾ ਢੁਕਵਾਂ ਹੈ ਕਿ ਪਰਮੇਸ਼ੁਰ ਆਪਣਾ ਅਧਿਕਾਰ ਖ਼ਾਸ ਤਰੀਕੇ ਨਾਲ ਇਸਤੇਮਾਲ ਕਰ ਕੇ ਮਨੁੱਖਜਾਤੀ ਦੇ ਦੁੱਖ ਦੂਰ ਕਰੇ ਅਤੇ ਧਰਤੀ ਲਈ ਆਪਣਾ ਮੁਢਲਾ ਮਕਸਦ ਪੂਰਾ ਕਰੇ। ਯਿਸੂ ਨੇ ਇਸ ਬਾਰੇ ਜ਼ਿਕਰ ਕੀਤਾ ਸੀ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, . . . ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਟੇਢੇ ਟਾਈਪ ਸਾਡੇ।)—ਮੱਤੀ 6:9, 10.
ਜੋ ਸਮਾਂ ਪਰਮੇਸ਼ੁਰ ਨੇ ਮਨੁੱਖਾਂ ਨੂੰ ਉਸ ਤੋਂ ਬਗੈਰ ਸ਼ਾਸਨ ਕਰਨ ਲਈ ਦਿੱਤਾ ਹੈ ਉਹ ਖ਼ਤਮ ਹੋਣ ਵਾਲਾ ਹੈ। ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਵਿਚ ਪਰਮੇਸ਼ੁਰ ਦਾ ਰਾਜ 1914 ਵਿਚ ਸਥਾਪਿਤ ਹੋਇਆ ਸੀ ਅਤੇ ਯਿਸੂ ਮਸੀਹ ਇਸ ਦਾ ਰਾਜਾ ਹੈ।b ਜਲਦੀ ਹੀ ਉਸ ਨੇ ਸਾਰੀਆਂ ਮਨੁੱਖੀ ਸਰਕਾਰਾਂ ਨੂੰ ਚੂਰ-ਚੂਰ ਕਰ ਕੇ ਸੱਤਿਆਨਾਸ ਕਰਨਾ ਹੈ।—ਦਾਨੀਏਲ 2:44.
ਧਰਤੀ ਤੇ ਆਪਣੀ ਥੋੜ੍ਹੇ ਸਮੇਂ ਦੀ ਸੇਵਕਾਈ ਦੌਰਾਨ, ਯਿਸੂ ਨੇ ਪਰਮੇਸ਼ੁਰ ਦੇ ਰਾਜ ਅਧੀਨ ਮਨੁੱਖਜਾਤੀ ਨੂੰ ਮਿਲਣ ਵਾਲੀਆਂ ਬਰਕਤਾਂ ਦੀ ਝਲਕ ਦਿਖਾਈ। ਇੰਜੀਲਾਂ ਤੋਂ ਸਬੂਤ ਮਿਲਦਾ ਹੈ ਕਿ ਯਿਸੂ ਉਨ੍ਹਾਂ ਲੋਕਾਂ ਉੱਤੇ ਦਇਆ ਕਰਦਾ ਸੀ ਜੋ ਗ਼ਰੀਬ ਸਨ ਅਤੇ ਜਿਨ੍ਹਾਂ ਵਿਰੁੱਧ ਪੱਖ-ਪਾਤ ਕੀਤਾ ਜਾਂਦਾ ਸੀ। ਉਸ ਨੇ ਬੀਮਾਰਾਂ ਨੂੰ ਚੰਗਾ ਕੀਤਾ, ਭੁੱਖਿਆਂ ਨੂੰ ਰੋਟੀ ਖਿਲਾਈ ਅਤੇ ਮੁਰਦਿਆਂ ਨੂੰ ਜੀ ਉਠਾਇਆ। ਕੁਦਰਤੀ ਸ਼ਕਤੀਆਂ ਵੀ ਉਸ ਦੇ ਵਸ ਵਿਚ ਸਨ। (ਮੱਤੀ 11:5; ਮਰਕੁਸ 4:37-39; ਲੂਕਾ 9:11-16) ਜ਼ਰਾ ਕਲਪਨਾ ਕਰੋ ਕਿ ਯਿਸੂ ਕੀ ਕੁਝ ਕਰ ਸਕੇਗਾ ਜਦੋਂ ਉਹ ਆਪਣੇ ਬਲੀਦਾਨ ਦੇ ਲਾਭ ਪਹੁੰਚਾ ਕੇ ਆਗਿਆਕਾਰ ਇਨਸਾਨਾਂ ਦੇ ਪਾਪ ਮਾਫ਼ ਕਰੇਗਾ! ਬਾਈਬਲ ਵਾਅਦਾ ਕਰਦੀ ਹੈ ਕਿ ਯਿਸੂ ਦੇ ਰਾਜ ਰਾਹੀਂ ਪਰਮੇਸ਼ੁਰ ਮਨੁੱਖਜਾਤੀ “ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।”—ਪਰਕਾਸ਼ ਦੀ ਪੋਥੀ 21:4.
ਦੁਖੀ ਲੋਕਾਂ ਲਈ ਦਿਲਾਸਾ
ਸਾਨੂੰ ਇਸ ਗੱਲ ਤੋਂ ਕਿੰਨਾ ਦਿਲਾਸਾ ਮਿਲਦਾ ਹੈ ਕਿ ਸਾਡੇ ਪ੍ਰੇਮਪੂਰਣ, ਸ਼ਕਤੀਸ਼ਾਲੀ ਪਰਮੇਸ਼ੁਰ ਨੂੰ ਸਾਡੀ ਚਿੰਤਾ ਹੈ ਅਤੇ ਉਸ ਨੇ ਜਲਦੀ ਹੀ ਮਨੁੱਖਜਾਤੀ ਲਈ ਆਰਾਮ ਲਿਆਉਣਾ ਹੈ! ਆਮ ਤੌਰ ਤੇ ਇਕ ਬੀਮਾਰ ਵਿਅਕਤੀ ਠੀਕ ਹੋਣ ਲਈ ਕੁਝ ਵੀ ਕਰਨ ਲਈ ਤਿਆਰ ਹੁੰਦਾ ਹੈ। ਉਹ ਅਜਿਹਾ ਇਲਾਜ ਕਰਾਉਣ ਲਈ ਵੀ ਰਾਜ਼ੀ ਹੋਵੇਗਾ ਜਿਸ ਨਾਲ ਉਸ ਨੂੰ ਕਾਫ਼ੀ ਦੁੱਖ ਵੀ ਲੱਗ ਸਕਦਾ ਹੈ। ਇਸੇ ਤਰ੍ਹਾਂ, ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਆਪਣੇ ਹੀ ਤਰੀਕੇ ਨਾਲ ਸਦੀਪਕ ਬਰਕਤਾਂ ਜ਼ਰੂਰ ਲਿਆਵੇਗਾ ਅਤੇ ਇਹ ਗੱਲ ਜਾਣ ਕੇ ਅਸੀਂ ਹਰ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਾਂ।
ਪਹਿਲੇ ਲੇਖ ਵਿਚ ਜ਼ਿਕਰ ਕੀਤੇ ਗਏ ਰਿਕਾਰਡੋ ਨੇ ਬਾਈਬਲ ਦੇ ਵਾਅਦਿਆਂ ਤੋਂ ਬਹੁਤ ਦਿਲਾਸਾ ਪਾਇਆ ਹੈ। ਉਹ ਦੱਸਦਾ ਹੈ: “ਮੇਰੀ ਪਤਨੀ ਦੇ ਮਰਨ ਤੋਂ ਬਾਅਦ ਮੈਂ ਦੂਸਰਿਆਂ ਤੋਂ ਦੂਰ-ਦੂਰ ਰਹਿਣਾ ਚਾਹੁੰਦਾ ਸੀ, ਪਰ ਮੈਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਇਸ ਤਰ੍ਹਾਂ ਕਰਨ ਨਾਲ ਮੇਰੀ ਪਤਨੀ ਨੇ ਵਾਪਸ ਨਹੀਂ ਆ ਜਾਣਾ ਸੀ, ਸਗੋਂ ਮੈਂ ਹੋਰ ਵੀ ਉਦਾਸ ਹੋ ਜਾਣਾ ਸੀ।” ਇਸ ਲਈ ਰਿਕਾਰਡੋ ਨੇ ਇਸ ਤਰ੍ਹਾਂ ਕਰਨ ਦੀ ਬਜਾਇ ਮਸੀਹੀ ਸਭਾਵਾਂ ਨੂੰ ਜਾਣ ਅਤੇ ਹੋਰਨਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣ ਦੀ ਆਪਣੀ ਰੁਟੀਨ ਨਹੀਂ ਛੱਡੀ। ਰਿਕਾਰਡੋ ਦੱਸਦਾ ਹੈ: “ਜਿਉਂ-ਜਿਉਂ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਮੈਨੂੰ ਸਹਾਰਾ ਦੇ ਰਿਹਾ ਸੀ ਅਤੇ ਕਿ ਉਹ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਰਿਹਾ ਸੀ, ਤਿਉਂ-ਤਿਉਂ ਉਸ ਨਾਲ ਮੇਰਾ ਰਿਸ਼ਤਾ ਹੋਰ ਵੀ ਗੂੜ੍ਹਾ ਹੁੰਦਾ ਗਿਆ। ਜੇ ਮੈਨੂੰ ਪਰਮੇਸ਼ੁਰ ਦੇ ਪ੍ਰੇਮ ਦਾ ਅਹਿਸਾਸ ਨਾ ਹੁੰਦਾ, ਤਾਂ ਮੈਂ ਆਪਣੀ ਜ਼ਿੰਦਗੀ ਦਾ ਇਹ ਸਭ ਤੋਂ ਦੁੱਖ-ਭਰਿਆ ਸਮਾਂ ਸਹਿ ਨਹੀਂ ਪਾਉਣਾ ਸੀ।” ਉਹ ਕਹਿੰਦਾ ਹੈ: “ਮੈਂ ਹਾਲੇ ਵੀ ਆਪਣੀ ਪਤਨੀ ਬਾਰੇ ਸੋਚ ਕੇ ਬੜਾ ਉਦਾਸ ਹੁੰਦਾ ਹਾਂ, ਪਰ ਮੈਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਹੈ ਕਿ ਜੋ ਵੀ ਅਜ਼ਮਾਇਸ਼ਾਂ ਯਹੋਵਾਹ ਸਾਡੇ ਤੇ ਆਉਣ ਦਿੰਦਾ ਹੈ ਇਹ ਸਾਨੂੰ ਸਦਾ ਦਾ ਨੁਕਸਾਨ ਨਹੀਂ ਪਹੁੰਚਾ ਸਕਦੀਆਂ।”
ਕੀ ਤੁਸੀਂ ਰਿਕਾਰਡੋ ਅਤੇ ਹਜ਼ਾਰਾਂ ਹੀ ਦੂਸਰਿਆਂ ਲੋਕਾਂ ਵਾਂਗ, ਉਸ ਸਮੇਂ ਲਈ ਤਰਸਦੇ ਹੋ ਜਦੋਂ ਮਨੁੱਖਜਾਤੀ ਦੀਆਂ ਅਜ਼ਮਾਇਸ਼ਾਂ “ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ”? (ਯਸਾਯਾਹ 65:17) ਯਕੀਨ ਕਰੋ ਕਿ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਤੁਹਾਨੂੰ ਮਿਲ ਸਕਦੀਆਂ ਹਨ ਜੇਕਰ ਤੁਸੀਂ ਬਾਈਬਲ ਦੀ ਸਲਾਹ ਉੱਤੇ ਚੱਲੋਗੇ: “ਯਹੋਵਾਹ ਨੂੰ ਭਾਲੋ ਜਦ ਤੀਕ ਉਹ ਲੱਭ ਸੱਕੇ, ਉਹ ਨੂੰ ਪੁਕਾਰੋ ਜਦ ਤੀਕ ਉਹ ਨੇੜੇ ਹੈ।”—ਯਸਾਯਾਹ 55:6.
ਇਸ ਤਰ੍ਹਾਂ ਕਰਨ ਲਈ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਅਤੇ ਉਸ ਦਾ ਚੰਗੀ ਤਰ੍ਹਾਂ ਅਧਿਐਨ ਕਰਨਾ ਜ਼ਰੂਰੀ ਸਮਝੋ। ਪਰਮੇਸ਼ੁਰ ਨੂੰ ਅਤੇ ਯਿਸੂ ਮਸੀਹ ਨੂੰ, ਜਿਸ ਨੂੰ ਉਸ ਨੇ ਘੱਲਿਆ ਸੀ, ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੋ। ਆਪਣੀ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੇ ਮਿਆਰਾਂ ਤੇ ਚੱਲ ਕੇ ਇਹ ਦਿਖਾਓ ਕਿ ਤੁਸੀਂ ਰਜ਼ਾਮੰਦੀ ਨਾਲ ਉਸ ਦੇ ਅਧਿਕਾਰ ਨੂੰ ਸਵੀਕਾਰ ਕਰਦੇ ਹੋ। ਇਸ ਤਰ੍ਹਾਂ ਕਰਨ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਵੀ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ। ਇਸ ਤੋਂ ਇਲਾਵਾ, ਭਵਿੱਖ ਵਿਚ ਤੁਸੀਂ ਅਜਿਹੀ ਦੁਨੀਆਂ ਵਿਚ ਜ਼ਿੰਦਗੀ ਦਾ ਆਨੰਦ ਮਾਣੋਗੇ ਜਿੱਥੇ ਕੋਈ ਵੀ ਦੁੱਖ ਨਾ ਹੋਵੇਗਾ।—ਯੂਹੰਨਾ 17:3.
[ਫੁਟਨੋਟ]
a ਜਰੂਸਲਮ ਬਾਈਬਲ ਵਿਚ ਉਤਪਤ 2:17 ਦਾ ਫੁਟਨੋਟ ਕਹਿੰਦਾ ਹੈ: “ਭਲੇ-ਬੁਰੇ ਦਾ ਗਿਆਨ” ਦਾ ਮਤਲਬ ਹੈ “ਆਪ ਫ਼ੈਸਲਾ ਕਰਨਾ ਕਿ ਭਲਾ-ਬੁਰਾ ਕੀ ਹੈ ਅਤੇ ਇਸ ਦੇ ਮੁਤਾਬਕ ਚੱਲਣਾ, ਆਪ ਹੀ ਨੈਤਿਕ ਮਿਆਰ ਸਥਾਪਿਤ ਕਰਨੇ ਅਤੇ ਇਸ ਤਰ੍ਹਾਂ ਕਰ ਕੇ ਆਪਣੇ ਸਿਰਜਣਹਾਰ ਨੂੰ ਰੱਦ ਕਰਨਾ।” ਫੁਟਨੋਟ ਅੱਗੇ ਦੱਸਦਾ: “ਪਹਿਲਾ ਪਾਪ ਉਦੋਂ ਕੀਤਾ ਗਿਆ ਸੀ ਜਦੋਂ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਬਾਰੇ ਸਵਾਲ ਉਠਾਇਆ ਗਿਆ ਸੀ।”
b ਸੰਨ 1914 ਦੀ ਭਵਿੱਖਬਾਣੀ ਬਾਰੇ ਹੋਰ ਜਾਣਕਾਰੀ ਲਈ, ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਮਕ ਪੁਸਤਕ ਦੇ 10ਵੇਂ ਅਤੇ 11ਵੇਂ ਅਧਿਆਇ ਦੇਖੋ।
[ਸਫ਼ਾ 6, 7 ਉੱਤੇ ਡੱਬੀ]
ਅਸੀਂ ਦੁੱਖਾਂ ਨੂੰ ਕਿੱਦਾਂ ਸਹਿ ਸਕਦੇ ਹਾਂ?
“ਆਪਣੀ ਸਾਰੀ ਚਿੰਤਾ [ਪਰਮੇਸ਼ੁਰ] ਉੱਤੇ ਸੁਟ ਛੱਡੋ।” (1 ਪਤਰਸ 5:7) ਜਦ ਅਸੀਂ ਦੁੱਖਾਂ ਦਾ ਸਾਮ੍ਹਣਾ ਕਰਦੇ ਹਾਂ ਜਾਂ ਆਪਣੇ ਕਿਸੇ ਅਜ਼ੀਜ਼ ਦਾ ਦੁੱਖ ਦੇਖਦੇ ਹਾਂ, ਤਾਂ ਇਹ ਸੁਭਾਵਕ ਹੈ ਕਿ ਅਸੀਂ ਪਰੇਸ਼ਾਨੀ, ਗੁੱਸਾ ਅਤੇ ਇਕੱਲਾਪਣ ਮਹਿਸੂਸ ਕਰਾਂਗੇ। ਫਿਰ ਵੀ, ਹੌਸਲਾ ਰੱਖੋ ਕਿਉਂਕਿ ਯਹੋਵਾਹ ਸਾਡੇ ਜਜ਼ਬਾਤਾਂ ਨੂੰ ਸਮਝਦਾ ਹੈ। (ਕੂਚ 3:7; ਯਸਾਯਾਹ 63:9) ਪ੍ਰਾਚੀਨ ਸਮਿਆਂ ਦੇ ਵਫ਼ਾਦਾਰ ਆਦਮੀਆਂ ਵਾਂਗ ਅਸੀਂ ਵੀ ਆਪਣਾ ਦਿਲ ਖੋਲ੍ਹ ਕੇ ਰੱਬ ਨੂੰ ਆਪਣੀਆਂ ਪਰੇਸ਼ਾਨੀਆਂ ਦੱਸ ਸਕਦੇ ਹਾਂ ਅਤੇ ਆਪਣੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਸੁੱਟ ਸਕਦੇ ਹਾਂ। (ਕੂਚ 5:22; ਅੱਯੂਬ 10:1-3; ਯਿਰਮਿਯਾਹ 14:19; ਹਬੱਕੂਕ 1:13) ਪਰਮੇਸ਼ੁਰ ਸ਼ਾਇਦ ਚਮਤਕਾਰੀ ਢੰਗ ਨਾਲ ਸਾਡੀਆਂ ਅਜ਼ਮਾਇਸ਼ਾਂ ਦੂਰ ਨਾ ਕਰੇ, ਪਰ ਉਹ ਸਾਡੀਆਂ ਪ੍ਰਾਰਥਨਾਵਾਂ ਸੁਣ ਕੇ ਸਾਨੂੰ ਇਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਬੁੱਧ ਅਤੇ ਸ਼ਕਤੀ ਜ਼ਰੂਰ ਦੇਵੇਗਾ।—ਯਾਕੂਬ 1:5, 6.
“ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹ ਨੂੰ ਅਚਰਜ ਨਾ ਮੰਨੋ ਭਈ ਜਿੱਕੁਰ ਤੁਹਾਡੇ ਨਾਲ ਕੋਈ ਅਣੋਖੀ ਗੱਲ ਪਈ ਬੀਤਦੀ ਹੈ।” (1 ਪਤਰਸ 4:12) ਇੱਥੇ ਪਤਰਸ ਅਤਿਆਚਾਰ ਬਾਰੇ ਗੱਲ ਕਰ ਰਿਹਾ ਸੀ, ਪਰ ਉਸ ਦੇ ਸ਼ਬਦ ਪਰਮੇਸ਼ੁਰ ਦੇ ਸੇਵਕਾਂ ਉੱਤੇ ਆਈ ਕਿਸੇ ਵੀ ਮੁਸੀਬਤ ਤੇ ਲਾਗੂ ਹੋ ਸਕਦੇ ਹਨ। ਇਨਸਾਨਾਂ ਨੂੰ ਗ਼ਰੀਬੀ, ਬੀਮਾਰੀਆਂ ਅਤੇ ਮੌਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅੱਜ-ਕੱਲ੍ਹ ਇਸ ਤਰ੍ਹਾਂ ਦੀਆਂ ਗੱਲਾਂ ਜ਼ਿੰਦਗੀ ਦਾ ਆਮ ਹਿੱਸਾ ਬਣ ਗਈਆਂ ਹਨ। ਇਹ ਜਾਣਕਾਰੀ ਦੁੱਖਾਂ ਅਤੇ ਆਫ਼ਤਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰੇਗੀ। (1 ਪਤਰਸ 5:9) ਸਾਨੂੰ ਸਭ ਤੋਂ ਜ਼ਿਆਦਾ ਦਿਲਾਸਾ ਇਸ ਗੱਲ ਨੂੰ ਯਾਦ ਕਰਨ ਤੋਂ ਮਿਲੇਗਾ ਕਿ “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।”—ਜ਼ਬੂਰਾਂ ਦੀ ਪੋਥੀ 34:15; ਕਹਾਉਤਾਂ 15:3; 1 ਪਤਰਸ 3:12.
“ਆਸਾ ਵਿੱਚ ਅਨੰਦ . . . ਕਰੋ।” (ਰੋਮੀਆਂ 12:12) ਉਨ੍ਹਾਂ ਖ਼ੁਸ਼ੀਆਂ ਬਾਰੇ ਸੋਚਣ ਦੀ ਬਜਾਇ ਜੋ ਅਸੀਂ ਗੁਆ ਚੁੱਕੇ ਹਾਂ, ਅਸੀਂ ਪਰਮੇਸ਼ੁਰ ਦੇ ਵਾਅਦੇ ਉੱਤੇ ਵਿਚਾਰ ਕਰ ਸਕਦੇ ਹਾਂ ਕਿ ਉਹ ਸਾਰੀਆਂ ਦੁੱਖ-ਤਕਲੀਫ਼ਾਂ ਦੂਰ ਕਰ ਦੇਵੇਗਾ। (ਉਪਦੇਸ਼ਕ ਦੀ ਪੋਥੀ 7:10) ਇਹ ਪੱਕੀ ਆਸ਼ਾ ਸਾਡੀ ਉਸ ਤਰ੍ਹਾਂ ਰਾਖੀ ਕਰਦੀ ਹੈ ਜਿਵੇਂ ਲੋਹੇ ਦਾ ਟੋਪ ਸਿਰ ਦੀ ਰਾਖੀ ਕਰਦਾ ਹੈ। ਆਸ਼ਾ ਦੁਆਰਾ ਜ਼ਿੰਦਗੀ ਦੀਆਂ ਦੁੱਖ-ਤਕਲੀਫ਼ਾਂ ਸਹਿਣ ਦੀ ਸ਼ਕਤੀ ਮਿਲਦੀ ਹੈ ਅਤੇ ਸਾਨੂੰ ਕਿਸੇ ਮੁਸ਼ਕਲ ਕਾਰਨ ਮਾਨਸਿਕ, ਭਾਵਾਤਮਕ ਜਾਂ ਰੂਹਾਨੀ ਤੌਰ ਤੇ ਕੋਈ ਗਹਿਰੀ ਸੱਟ ਨਹੀਂ ਵੱਜੇਗੀ।—1 ਥੱਸਲੁਨੀਕੀਆਂ 5:8.
[ਸਫ਼ੇ 5 ਉੱਤੇ ਤਸਵੀਰ]
ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੀ ਹਕੂਮਤ ਨੂੰ ਰੱਦ ਕੀਤਾ
[ਸਫ਼ੇ 7 ਉੱਤੇ ਤਸਵੀਰ]
ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਦੁਨੀਆਂ ਤੋਂ ਦੁੱਖ ਦੂਰ ਕਰੇਗਾ