ਉਨ੍ਹਾਂ ਨੇ ਸੌੜੇ ਰਾਹ ਦੀ ਤਲਾਸ਼ ਕੀਤੀ
ਤਕਰੀਬਨ 550 ਸਾਲ ਪਹਿਲਾਂ ਮੌਜੂਦਾ ਚੈੱਕ ਗਣਰਾਜ ਦੇ ਪ੍ਰਾਗ, ਖ਼ੈੱਲਚਿਟਸੇ, ਵਿਲੇਮੋਵ, ਕਲਾਟਵੀ ਅਤੇ ਦੂਸਰੇ ਸ਼ਹਿਰਾਂ ਵਿਚ ਰਹਿੰਦੇ ਕੁਝ ਈਸਾਈ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ। ਉਹ ਉੱਤਰ-ਪੂਰਬੀ ਬੋਹੀਮੀਆ ਵਿਚ ਇਕ ਵਾਦੀ ਵਿਚ ਸਥਿਤ ਕੂਨਵੋਲਟ ਨਾਂ ਦੇ ਪਿੰਡ ਵਿਚ ਛੋਟੇ-ਛੋਟੇ ਘਰ ਬਣਾ ਕੇ ਰਹਿਣ ਲੱਗ ਪਏ। ਉਹ ਉੱਥੇ ਖੇਤੀਬਾੜੀ ਕਰਦੇ ਸਨ ਅਤੇ ਬਾਈਬਲ ਦਾ ਅਧਿਐਨ ਕਰਦੇ ਸਨ। ਉਨ੍ਹਾਂ ਨੇ ਆਪਣਾ ਨਾਂ ਯੂਨਿਟੀ ਆਫ਼ ਬ੍ਰੈਦਰਨ (ਇਕਜੁਟ ਭਾਈਚਾਰਾ) ਰੱਖਿਆ। ਇਸ ਭਾਈਚਾਰੇ ਦੇ ਲੋਕਾਂ ਨੂੰ ਬਾਅਦ ਵਿਚ ਚੈੱਕ ਬ੍ਰੈਦਰਨ ਦੇ ਨਾਂ ਨਾਲ ਜਾਣਿਆ ਜਾਣ ਲੱਗਾ।
ਇਹ ਲੋਕ ਵੱਖੋ-ਵੱਖਰੇ ਪਿਛੋਕੜਾਂ ਤੋਂ ਸਨ। ਕਈ ਲੋਕ ਕਿਸਾਨ ਸਨ, ਕਈ ਉੱਚੇ ਘਰਾਣਿਆਂ ਦੇ, ਯੂਨੀਵਰਸਿਟੀਆਂ ਦੇ ਵਿਦਿਆਰਥੀ, ਅਮੀਰ-ਗ਼ਰੀਬ, ਆਦਮੀ-ਤੀਵੀਆਂ, ਵਿਧਵਾਵਾਂ ਅਤੇ ਯਤੀਮ। ਇਨ੍ਹਾਂ ਸਾਰਿਆਂ ਦੀ ਇੱਕੋ ਇੱਛਾ ਸੀ। ਉਨ੍ਹਾਂ ਨੇ ਲਿਖਿਆ: “ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਹੀ ਪ੍ਰਾਰਥਨਾ ਕੀਤੀ ਕਿ ਉਹ ਸਾਨੂੰ ਆਪਣੀ ਮਹਾਨ ਇੱਛਾ ਪ੍ਰਗਟ ਕਰੇ। ਅਸੀਂ ਉਸ ਦੇ ਰਾਹਾਂ ਉੱਤੇ ਚੱਲਣਾ ਚਾਹੁੰਦੇ ਸੀ।” ਅਸਲ ਵਿਚ, ਉਹ ‘ਜੀਉਣ ਨੂੰ ਜਾਂਦੇ ਸੌੜੇ ਰਾਹ’ ਦੀ ਤਲਾਸ਼ ਕਰ ਰਹੇ ਸਨ। (ਮੱਤੀ 7:13, 14) ਬਾਈਬਲ ਦਾ ਅਧਿਐਨ ਕਰ ਕੇ ਉਨ੍ਹਾਂ ਨੂੰ ਕਿਹੜੀਆਂ ਸੱਚਾਈਆਂ ਪਤਾ ਲੱਗੀਆਂ? ਉਨ੍ਹਾਂ ਦੇ ਵਿਸ਼ਵਾਸ ਆਪਣੇ ਜ਼ਮਾਨੇ ਦੇ ਲੋਕਾਂ ਦੇ ਵਿਸ਼ਵਾਸਾਂ ਤੋਂ ਕਿਵੇਂ ਵੱਖਰੇ ਸਨ? ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?
ਨਾ ਲੜਾਈ-ਝਗੜਾ—ਨਾ ਸਮਝੌਤਾ
ਪੰਦਰਵੀਂ ਸਦੀ ਦੇ ਮੱਧ ਵਿਚ ਕਈ ਧਾਰਮਿਕ ਅੰਦੋਲਨਾਂ ਕਰਕੇ ਇਸ ਭਾਈਚਾਰੇ ਦਾ ਜਨਮ ਹੋਇਆ। ਇਕ ਸੀ ਵਾਲਡੈਂਸੀਜ਼ ਅੰਦੋਲਨ ਜੋ ਕਿ 12ਵੀਂ ਸਦੀ ਵਿਚ ਸ਼ੁਰੂ ਹੋਇਆ ਸੀ। ਵਾਲਡੈਂਸੀ ਲੋਕ ਰੋਮਨ ਕੈਥੋਲਿਕ ਧਰਮ ਤੋਂ ਅਲੱਗ ਹੋ ਗਏ ਸਨ ਜੋ ਉਸ ਵੇਲੇ ਕੇਂਦਰੀ ਯੂਰਪੀ ਦੇਸ਼ਾਂ ਦਾ ਕੌਮੀ ਧਰਮ ਸੀ। ਪਰ ਬਾਅਦ ਵਿਚ ਉਹ ਕੈਥੋਲਿਕ ਧਰਮ ਦੀਆਂ ਕੁਝ ਸਿੱਖਿਆਵਾਂ ਨੂੰ ਦੁਬਾਰਾ ਮੰਨਣ ਲੱਗ ਪਏ ਸਨ। ਯੌਨ ਹਸ ਦੇ ਪੈਰੋਕਾਰਾਂ ਦਾ ਵੀ ਇਸ ਭਾਈਚਾਰੇ ਉੱਤੇ ਅਸਰ ਪਿਆ। ਚੈੱਕ ਗਣਰਾਜ ਦੇ ਜ਼ਿਆਦਾਤਰ ਲੋਕ ਹਸ ਦੀਆਂ ਸਿੱਖਿਆਵਾਂ ਨੂੰ ਮੰਨਦੇ ਸਨ, ਪਰ ਉਨ੍ਹਾਂ ਵਿਚ ਬਿਲਕੁਲ ਵੀ ਏਕਤਾ ਨਹੀਂ ਸੀ। ਕਈ ਲੋਕ ਸਮਾਜ ਵਿਚ ਸੁਧਾਰ ਕਰਨ ਲਈ ਲੜ ਰਹੇ ਸਨ ਅਤੇ ਕਈ ਲੋਕ ਆਪਣੇ ਰਾਜਨੀਤਿਕ ਫ਼ਾਇਦਿਆਂ ਲਈ ਧਰਮ ਨੂੰ ਇਸਤੇਮਾਲ ਕਰ ਰਹੇ ਸਨ। ਯੂਨਿਟੀ ਆਫ ਬ੍ਰੈਦਰਨ ਉੱਤੇ ਉਨ੍ਹਾਂ ਸਮੂਹਾਂ ਦਾ ਵੀ ਅਸਰ ਪਿਆ ਸੀ ਜੋ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਵਿਚ ਵਿਸ਼ਵਾਸ ਕਰਦੇ ਸਨ। ਇਸ ਤੋਂ ਇਲਾਵਾ, ਬ੍ਰੈਦਰਨ ਸਮੂਹ ਦੇ ਵਿਚਾਰਾਂ ਨੂੰ ਢਾਲ਼ਣ ਵਿਚ ਸਥਾਨਕ ਤੇ ਵਿਦੇਸ਼ੀ ਬਾਈਬਲ ਵਿਦਵਾਨਾਂ ਦਾ ਵੀ ਵੱਡਾ ਹੱਥ ਸੀ।
ਪੀਟਰ ਚੈਲਸੀਕੀ (ਲਗਭਗ 1390-1460) ਚੈੱਕ ਗਣਰਾਜ ਦਾ ਇਕ ਬਾਈਬਲ ਵਿਦਵਾਨ ਅਤੇ ਸੁਧਾਰਕ ਸੀ। ਉਹ ਵਾਲਡੈਂਸੀਜ਼ ਅਤੇ ਹਸ ਦੇ ਪੈਰੋਕਾਰਾਂ ਦੀਆਂ ਸਿੱਖਿਆਵਾਂ ਬਾਰੇ ਜਾਣਦਾ ਸੀ। ਉਸ ਨੇ ਹਸ ਦੇ ਪੈਰੋਕਾਰਾਂ ਨੂੰ ਨਕਾਰਿਆ ਕਿਉਂਕਿ ਉਹ ਆਪਣੇ ਅੰਦੋਲਨ ਵਿਚ ਹਿੰਸਾ ਦਾ ਸਹਾਰਾ ਲੈਣ ਲੱਗ ਪਏ ਸਨ ਅਤੇ ਉਸ ਨੇ ਵਾਲਡੈਂਸੀਜ਼ ਨੂੰ ਵੀ ਠੁਕਰਾਇਆ ਕਿਉਂਕਿ ਉਹ ਆਪਣੀਆਂ ਸਿੱਖਿਆਵਾਂ ਉੱਤੇ ਦ੍ਰਿੜ੍ਹ ਨਹੀਂ ਰਹੇ। ਉਸ ਨੇ ਲੜਾਈ ਦੀ ਨਿੰਦਿਆ ਕੀਤੀ ਕਿਉਂਕਿ ਇਹ ਮਸੀਹੀ ਧਰਮ ਦੇ ਖ਼ਿਲਾਫ਼ ਸੀ। ਉਸ ਨੇ ਕਿਹਾ ਕਿ ਹਰ ਮਸੀਹੀ ਨੂੰ “ਮਸੀਹ ਦੀ ਸ਼ਰਾ” ਅਨੁਸਾਰ ਜੀਣਾ ਚਾਹੀਦਾ ਹੈ, ਭਾਵੇਂ ਇਸ ਦੇ ਨਤੀਜੇ ਜੋ ਮਰਜ਼ੀ ਨਿਕਲਣ। (ਗਲਾਤੀਆਂ 6:2; ਮੱਤੀ 22:37-39) ਸਾਲ 1440 ਵਿਚ ਚੈਲਸੀਕੀ ਨੇ ਆਪਣੀਆਂ ਸਿੱਖਿਆਵਾਂ ਦੀ ਇਕ ਕਿਤਾਬ ਲਿਖੀ ਜਿਸ ਦਾ ਨਾਂ ਸੀ ਨੈੱਟ ਆਫ਼ ਦ ਫੇਥ (ਨਿਹਚਾ ਦਾ ਸਿਲਸਿਲਾ)।
ਵਿਦਵਾਨ ਚੈਲਸੀਕੀ ਦੇ ਸਮੇਂ ਦੌਰਾਨ ਪ੍ਰਾਗ ਦੇ ਰਹਿਣ ਵਾਲੇ ਨੌਜਵਾਨ ਗ੍ਰੈਗਰੀ ਉੱਤੇ ਚੈਲਸੀਕੀ ਦੀਆਂ ਸਿੱਖਿਆਵਾਂ ਦਾ ਇੰਨਾ ਪ੍ਰਭਾਵ ਪਿਆ ਕਿ ਉਸ ਨੇ ਹਸ ਦੇ ਪੈਰੋਕਾਰਾਂ ਦੇ ਅੰਦੋਲਨ ਨੂੰ ਛੱਡ ਦਿੱਤਾ। ਸਾਲ 1458 ਵਿਚ ਗ੍ਰੈਗਰੀ ਨੇ ਚੈੱਕੀਆ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਰਹਿੰਦੇ ਹਸ ਦੇ ਸਾਬਕਾ ਪੈਰੋਕਾਰਾਂ ਨੂੰ ਆਪਣਾ ਘਰ-ਬਾਰ ਛੱਡਣ ਲਈ ਮਨਾ ਲਿਆ। ਉਹ ਉਨ੍ਹਾਂ ਲੋਕਾਂ ਵਿੱਚੋਂ ਸਨ ਜੋ ਉਸ ਨਾਲ ਕੂਨਵੋਲਟ ਪਿੰਡ ਵਿਚ ਰਹਿਣ ਆਏ ਸਨ। ਉੱਥੇ ਉਨ੍ਹਾਂ ਨੇ ਇਕ ਨਵੇਂ ਧਾਰਮਿਕ ਸਮਾਜ ਦੀ ਸ਼ੁਰੂਆਤ ਕੀਤੀ। ਬਾਅਦ ਵਿਚ ਚੈੱਕ ਅਤੇ ਜਰਮਨ ਵਾਲਡੈਂਸੀ ਲੋਕ ਵੀ ਉਨ੍ਹਾਂ ਨਾਲ ਰਲ ਗਏ।
ਬੀਤੇ ਸਮੇਂ ਦੀ ਝਲਕ
ਸਾਲ 1464 ਤੋਂ 1467 ਦੌਰਾਨ ਤੇਜ਼ੀ ਨਾਲ ਵਧ ਰਹੇ ਇਸ ਨਵੇਂ ਸਮੂਹ ਦੇ ਆਗੂਆਂ ਨੇ ਕੂਨਵੋਲਟ ਵਿਚ ਕਈ ਧਾਰਮਿਕ ਸਭਾਵਾਂ ਕੀਤੀਆਂ। ਇਨ੍ਹਾਂ ਸਭਾਵਾਂ ਵਿਚ ਉਨ੍ਹਾਂ ਨੇ ਬਹੁਤ ਸਾਰੇ ਮਤੇ ਪਾਸ ਕੀਤੇ ਜੋ ਉਨ੍ਹਾਂ ਦੀ ਨਵੀਂ ਧਾਰਮਿਕ ਲਹਿਰ ਦਾ ਆਧਾਰ ਬਣੇ। ਇਨ੍ਹਾਂ ਮਤਿਆਂ ਨੂੰ ਬਹੁਤ ਹੀ ਧਿਆਨ ਨਾਲ ਕਲਮਬੱਧ ਕਰ ਕੇ ਕਿਤਾਬਾਂ ਵਿਚ ਸੰਭਾਲਿਆ ਗਿਆ। ਹੁਣ ਇਨ੍ਹਾਂ ਕਿਤਾਬਾਂ ਨੂੰ ਏਕਟਾ ਯੂਨਿਟਾਟਿਸ ਫਰਾਟਰੁਮ (ਇਕਜੁਟ ਭਾਈਚਾਰੇ ਦੇ ਨਿਯਮ) ਕਿਹਾ ਜਾਂਦਾ ਹੈ ਅਤੇ ਇਹ ਕਿਤਾਬਾਂ ਅਜੇ ਵੀ ਮੌਜੂਦ ਹਨ। ਇਹ ਕਿਤਾਬਾਂ ਬੀਤੇ ਸਮੇਂ ਦੀ ਝਲਕ ਪੇਸ਼ ਕਰਦੀਆਂ ਹਨ ਅਤੇ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਈਚਾਰੇ ਦੇ ਲੋਕ ਕੀ ਵਿਸ਼ਵਾਸ ਕਰਦੇ ਸਨ। ਇਨ੍ਹਾਂ ਕਿਤਾਬਾਂ ਵਿਚ ਚਿੱਠੀਆਂ, ਭਾਸ਼ਣ ਅਤੇ ਵੱਖ-ਵੱਖ ਵਿਸ਼ਿਆਂ ਉੱਤੇ ਕੀਤੀਆਂ ਬਹਿਸਾਂ ਦੇ ਵੇਰਵੇ ਦਿੱਤੇ ਗਏ ਹਨ।
ਯੂਨਿਟੀ ਆਫ਼ ਬ੍ਰੈਦਰਨ ਦੇ ਵਿਸ਼ਵਾਸਾਂ ਬਾਰੇ ਏਕਟਾ ਕਹਿੰਦੀ ਹੈ: “ਅਸੀਂ ਬਾਈਬਲ ਪੜ੍ਹ ਕੇ ਅਤੇ ਆਪਣੇ ਪ੍ਰਭੂ ਤੇ ਪਵਿੱਤਰ ਰਸੂਲਾਂ ਦੀਆਂ ਮਿਸਾਲਾਂ ਉੱਤੇ ਮਨਨ ਕਰ ਕੇ ਇਨ੍ਹਾਂ ਅਨੁਸਾਰ ਜੀਣ ਦਾ ਪ੍ਰਣ ਕੀਤਾ ਹੈ। ਅਸੀਂ ਨਿਮਰਤਾ ਅਤੇ ਧੀਰਜ ਨਾਲ ਪੇਸ਼ ਆਵਾਂਗੇ ਅਤੇ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਾਂਗੇ, ਉਨ੍ਹਾਂ ਦਾ ਭਲਾ ਚਾਹਾਂਗੇ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰਾਂਗੇ।” ਉਨ੍ਹਾਂ ਦੀਆਂ ਕਿਤਾਬਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸ਼ੁਰੂ-ਸ਼ੁਰੂ ਵਿਚ ਭਾਈਚਾਰੇ ਦੇ ਲੋਕ ਪ੍ਰਚਾਰ ਵੀ ਕਰਦੇ ਸਨ। ਉਹ ਦੋ-ਦੋ ਕਰ ਕੇ ਪ੍ਰਚਾਰ ਕਰਨ ਜਾਂਦੇ ਸਨ ਅਤੇ ਤੀਵੀਆਂ ਨੂੰ ਸਥਾਨਕ ਇਲਾਕਿਆਂ ਵਿਚ ਬਹੁਤ ਸਫ਼ਲਤਾ ਮਿਲੀ। ਭਾਈਚਾਰੇ ਦੇ ਲੋਕ ਰਾਜਨੀਤੀ ਵਿਚ ਕੋਈ ਹਿੱਸਾ ਨਹੀਂ ਲੈਂਦੇ ਸਨ, ਨਾ ਸਹੁੰ ਖਾਂਦੇ ਸਨ, ਨਾ ਫ਼ੌਜ ਵਿਚ ਭਰਤੀ ਹੁੰਦੇ ਸਨ ਅਤੇ ਨਾ ਹੀ ਆਪਣੇ ਕੋਲ ਹਥਿਆਰ ਰੱਖਦੇ ਸਨ।
ਏਕਤਾ ਵਿਚ ਫੁੱਟ
ਕੁਝ ਦਹਾਕਿਆਂ ਬਾਅਦ ਯੂਨਿਟੀ ਆਫ਼ ਬ੍ਰੈਦਰਨ ਆਪਣੇ ਨਾਂ ਤੇ ਪੂਰਾ ਨਹੀਂ ਉਤਰਿਆ। ਇਸ ਗੱਲ ਤੇ ਬਹਿਸਾਂ ਹੋਣ ਲੱਗੀਆਂ ਕਿ ਭਾਈਚਾਰੇ ਦੀਆਂ ਸਿੱਖਿਆਵਾਂ ਉੱਤੇ ਕਿੰਨੀ ਕੁ ਸਖ਼ਤੀ ਨਾਲ ਚੱਲਿਆ ਜਾਵੇ। ਇਸ ਕਰਕੇ ਉਨ੍ਹਾਂ ਵਿਚ ਫੁੱਟ ਪੈ ਗਈ ਅਤੇ ਸਾਲ 1494 ਵਿਚ ਭਾਈਚਾਰਾ ਦੋ ਧੜਿਆਂ ਵਿਚ ਵੰਡਿਆ ਗਿਆ—ਮੇਜਰ ਅਤੇ ਮਾਈਨਰ ਪਾਰਟੀਆਂ। ਮੇਜਰ ਪਾਰਟੀ ਦੇ ਲੋਕ ਭਾਈਚਾਰੇ ਦੀਆਂ ਸਿੱਖਿਆਵਾਂ ਦਾ ਸਖ਼ਤੀ ਨਾਲ ਪਾਲਣ ਨਹੀਂ ਕਰਦੇ ਸਨ, ਪਰ ਮਾਈਨਰ ਪਾਰਟੀ ਇਸ ਗੱਲ ਤੇ ਜ਼ੋਰ ਦਿੰਦੀ ਸੀ ਕਿ ਭਾਈਚਾਰੇ ਨੂੰ ਰਾਜਨੀਤੀ ਅਤੇ ਸੰਸਾਰ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।—“ਮੇਜਰ ਪਾਰਟੀ ਦਾ ਕੀ ਬਣਿਆ?” ਨਾਮਕ ਡੱਬੀ ਦੇਖੋ।
ਉਦਾਹਰਣ ਲਈ, ਮਾਈਨਰ ਪਾਰਟੀ ਦੇ ਇਕ ਮੈਂਬਰ ਨੇ ਲਿਖਿਆ: “ਦੋ ਰਾਹਾਂ ਉੱਤੇ ਚੱਲਣ ਵਾਲੇ ਲੋਕਾਂ ਦੀ ਪਰਮੇਸ਼ੁਰ ਦੇ ਨੇੜੇ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ। ਉਹ ਕਦੀ-ਕਦਾਈਂ ਅਤੇ ਛੋਟੀਆਂ-ਛੋਟੀਆਂ ਗੱਲਾਂ ਵਿਚ ਤਾਂ ਪਰਮੇਸ਼ੁਰ ਦਾ ਕਿਹਾ ਮੰਨਦੇ ਹਨ ਤੇ ਉਸ ਦੇ ਅਧੀਨ ਹੁੰਦੇ ਹਨ, ਪਰ ਵੱਡੀਆਂ ਗੱਲਾਂ ਵਿਚ ਉਹ ਆਪਣੀ ਮਰਜ਼ੀ ਕਰਦੇ ਹਨ। . . . ਅਸੀਂ ਉਨ੍ਹਾਂ ਲੋਕਾਂ ਵਿਚ ਗਿਣੇ ਜਾਣਾ ਚਾਹੁੰਦੇ ਹਾਂ ਜਿਹੜੇ ਪੱਕੇ ਮਨ ਵਾਲੇ ਤੇ ਸ਼ੁੱਧ ਅੰਤਹਕਰਣ ਵਾਲੇ ਹਨ ਅਤੇ ਜਿਹੜੇ ਰੋਜ਼ ਆਪਣੀ ਸਲੀਬ ਚੁੱਕ ਕੇ ਪ੍ਰਭੂ ਮਸੀਹ ਦੇ ਪਿੱਛੇ-ਪਿੱਛੇ ਸੌੜੇ ਰਾਹ ਉੱਤੇ ਤੁਰਦੇ ਹਨ।”
ਮਾਈਨਰ ਪਾਰਟੀ ਦੇ ਮੈਂਬਰ ਪਵਿੱਤਰ ਆਤਮਾ ਨੂੰ ਪਰਮੇਸ਼ੁਰ ਦੀ ਸਰਗਰਮ ਸ਼ਕਤੀ ਜਾਂ ਉਸ ਦੀ “ਉਂਗਲ” ਮੰਨਦੇ ਸਨ। ਉਹ ਇਸ ਗੱਲ ਨੂੰ ਮੰਨਦੇ ਸਨ ਕਿ ਆਦਮ ਨੇ ਪਾਪ ਕਰ ਕੇ ਮਨੁੱਖਜਾਤੀ ਉੱਤੇ ਦੁੱਖ ਲਿਆਂਦੇ, ਪਰ ਮੁਕੰਮਲ ਇਨਸਾਨ ਯਿਸੂ ਨੇ ਮਨੁੱਖਜਾਤੀ ਨੂੰ ਛੁਡਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ। ਉਹ ਯਿਸੂ ਦੀ ਮਾਤਾ ਮਰਿਯਮ ਦੀ ਪੂਜਾ ਨਹੀਂ ਕਰਦੇ ਸਨ। ਉਹ ਇਹ ਸਿਖਾਉਂਦੇ ਸਨ ਕਿ ਸਾਰੇ ਵਿਸ਼ਵਾਸੀ ਜਾਜਕਾਂ ਵਜੋਂ ਸੇਵਾ ਕਰਨਗੇ ਅਤੇ ਪਾਦਰੀਆਂ ਨੂੰ ਕੁਆਰੇ ਰਹਿਣ ਦੀ ਸਹੁੰ ਖਾਣ ਦੀ ਕੋਈ ਲੋੜ ਨਹੀਂ ਸੀ। ਉਨ੍ਹਾਂ ਨੇ ਕਲੀਸਿਯਾ ਦੇ ਸਾਰੇ ਮੈਂਬਰਾਂ ਨੂੰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦਾ ਉਤਸ਼ਾਹ ਦਿੱਤਾ ਅਤੇ ਅਪਸ਼ਚਾਤਾਪੀ ਪਾਪੀਆਂ ਨੂੰ ਛੇਕਿਆ। ਉਹ ਫ਼ੌਜੀ ਅਤੇ ਰਾਜਨੀਤਿਕ ਕਾਰਵਾਈਆਂ ਵਿਚ ਬਿਲਕੁਲ ਵੀ ਹਿੱਸਾ ਨਹੀਂ ਲੈਂਦੇ ਸਨ। (“ਮਾਈਨਰ ਪਾਰਟੀ ਦੇ ਮੈਂਬਰ ਕੀ ਵਿਸ਼ਵਾਸ ਕਰਦੇ ਸਨ?” ਨਾਮਕ ਡੱਬੀ ਦੇਖੋ।) ਮਾਈਨਰ ਪਾਰਟੀ ਏਕਟਾ ਵਿਚ ਦਰਜ ਮਤਿਆਂ ਉੱਤੇ ਸਖ਼ਤੀ ਨਾਲ ਚੱਲਦੀ ਰਹੀ, ਇਸ ਲਈ ਇਹ ਆਪਣੇ ਆਪ ਨੂੰ ਯੂਨਿਟੀ ਆਫ ਬ੍ਰੈਦਰਨ ਦੀ ਅਸਲੀ ਵਾਰਸ ਸਮਝਦੀ ਸੀ।
ਨਿਡਰ ਹੋਣ ਕਰਕੇ ਸਤਾਏ ਗਏ
ਮਾਈਨਰ ਪਾਰਟੀ ਨੇ ਨਿਡਰ ਹੋ ਕੇ ਮੇਜਰ ਪਾਰਟੀ ਅਤੇ ਦੂਸਰੇ ਈਸਾਈ ਧਰਮਾਂ ਦੀ ਆਲੋਚਨਾ ਕੀਤੀ। ਇਸ ਨੇ ਉਨ੍ਹਾਂ ਬਾਰੇ ਲਿਖਿਆ: ‘ਤੁਸੀਂ ਛੋਟੇ ਬੱਚਿਆਂ ਨੂੰ ਬਪਤਿਸਮਾ ਦੇਣ ਦੀ ਸਿੱਖਿਆ ਦਿੰਦੇ ਹੋ ਜਿਹੜੇ ਨਿਹਚਾ ਨਹੀਂ ਕਰਦੇ। ਇਸ ਤਰ੍ਹਾਂ ਕਰਕੇ ਤੁਸੀਂ ਡੀਓਨੀਸੀਅਸ ਨਾਂ ਦੇ ਬਿਸ਼ਪ ਦੇ ਮਤ ਉੱਤੇ ਚੱਲਦੇ ਹੋ ਜਿਸ ਨੇ ਕੁਝ ਨਾਸਮਝ ਲੋਕਾਂ ਦੇ ਉਕਸਾਏ ਜਾਣ ਤੇ ਬੱਚਿਆਂ ਨੂੰ ਬਪਤਿਸਮਾ ਦੇਣ ਤੇ ਜ਼ੋਰ ਦਿੱਤਾ। ਤਕਰੀਬਨ ਸਾਰੇ ਧਾਰਮਿਕ ਉਪਦੇਸ਼ਕ ਅਤੇ ਵਿਦਵਾਨ, ਲੂਥਰ, ਮਿਲੈਂਕਥਨ, ਬੁਟਸੇਰੁਸ, ਕੌਰਵੀਨ, ਯਿਲੇਸ਼, ਬੁਲਿੰਗਰ ਤੇ ਮੇਜਰ ਪਾਰਟੀ ਦੇ ਮੈਂਬਰ ਇਹੀ ਸਿਖਾਉਂਦੇ ਹਨ।’
ਇਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਮਾਈਨਰ ਪਾਰਟੀ ਦੇ ਮੈਂਬਰਾਂ ਨੂੰ ਕਿਉਂ ਸਤਾਇਆ ਗਿਆ ਸੀ। ਸਾਲ 1524 ਵਿਚ ਉਨ੍ਹਾਂ ਦੇ ਇਕ ਆਗੂ, ਯੌਨ ਕੌਲਨੈੱਟਸ ਨੂੰ ਕੋਰੜੇ ਮਾਰੇ ਗਏ ਅਤੇ ਫਿਰ ਸਾੜ ਦਿੱਤਾ ਗਿਆ ਸੀ। ਬਾਅਦ ਵਿਚ ਮਾਈਨਰ ਪਾਰਟੀ ਦੇ ਤਿੰਨ ਮੈਂਬਰਾਂ ਨੂੰ ਸੂਲੀ ਉੱਤੇ ਸਾੜ ਦਿੱਤਾ ਗਿਆ। ਲਗਭਗ ਸਾਲ 1550 ਵਿਚ ਮਾਈਨਰ ਪਾਰਟੀ ਦੇ ਆਖ਼ਰੀ ਆਗੂ ਦੇ ਮਰਨ ਤੋਂ ਬਾਅਦ ਇਹ ਸਮੂਹ ਇਤਿਹਾਸ ਦੇ ਪੰਨਿਆਂ ਤੋਂ ਅਲੋਪ ਹੋ ਗਿਆ ਸੀ।
ਪਰ ਮਾਈਨਰ ਪਾਰਟੀ ਦੇ ਪੈਰੋਕਾਰ ਮੱਧਕਾਲੀ ਯੂਰਪ ਦੇ ਧਾਰਮਿਕ ਮਾਹੌਲ ਉੱਤੇ ਆਪਣੀ ਛਾਪ ਛੱਡ ਗਏ। ਮਾਈਨਰ ਪਾਰਟੀ ਦੇ ਦਿਨਾਂ ਵਿਚ “ਵਿੱਦਿਆ” ਯਾਨੀ ਸੱਚਾ ਗਿਆਨ ਇੰਨਾ ਜ਼ਾਹਰ ਨਹੀਂ ਹੋਇਆ ਸੀ, ਇਸ ਲਈ ਉਹ ਲੰਬੇ ਸਮੇਂ ਤੋਂ ਛਾਏ ਅਧਿਆਤਮਿਕ ਹਨੇਰੇ ਨੂੰ ਮਿਟਾ ਨਹੀਂ ਸਕੇ। (ਦਾਨੀਏਲ 12:4) ਫਿਰ ਵੀ, ਉਨ੍ਹਾਂ ਨੇ ਪੂਰੀ ਦ੍ਰਿੜ੍ਹਤਾ ਨਾਲ ਸੌੜੇ ਰਾਹ ਦੀ ਤਲਾਸ਼ ਕੀਤੀ ਅਤੇ ਅਤਿਆਚਾਰ ਦੇ ਬਾਵਜੂਦ ਉਹ ਇਸ ਰਾਹ ਉੱਤੇ ਚੱਲਦੇ ਰਹੇ। ਅੱਜ ਮਸੀਹੀਆਂ ਲਈ ਇਹ ਕਿੰਨੀ ਵਧੀਆ ਮਿਸਾਲ ਹੈ!
[ਸਫ਼ੇ 13 ਉੱਤੇ ਸੁਰਖੀ]
ਕਿਹਾ ਜਾਂਦਾ ਹੈ ਕਿ 1500 ਤੋਂ 1510 ਦੌਰਾਨ ਛਪੀਆਂ 60 ਬੋਹੀਮੀਅਨ (ਚੈੱਕ) ਕਿਤਾਬਾਂ ਵਿੱਚੋਂ 50 ਕਿਤਾਬਾਂ ਯੂਨਿਟੀ ਆਫ਼ ਬ੍ਰੈਦਰਨ ਦੇ ਮੈਂਬਰਾਂ ਨੇ ਲਿਖੀਆਂ ਸਨ
[ਸਫ਼ੇ 11 ਉੱਤੇ ਡੱਬੀ]
ਮੇਜਰ ਪਾਰਟੀ ਦਾ ਕੀ ਬਣਿਆ?
ਮਾਈਨਰ ਪਾਰਟੀ ਦੇ ਖ਼ਤਮ ਹੋ ਜਾਣ ਤੋਂ ਬਾਅਦ ਮੇਜਰ ਪਾਰਟੀ ਦੀ ਧਾਰਮਿਕ ਲਹਿਰ ਚੱਲਦੀ ਰਹੀ ਅਤੇ ਲੋਕ ਇਸ ਨੂੰ ਯੂਨਿਟੀ ਆਫ਼ ਬ੍ਰੈਦਰਨ ਦੇ ਨਾਂ ਨਾਲ ਹੀ ਜਾਣਦੇ ਸਨ। ਸਮੇਂ ਦੇ ਬੀਤਣ ਨਾਲ ਇਸ ਸਮੂਹ ਨੇ ਆਪਣੀਆਂ ਮੁਢਲੀਆਂ ਸਿੱਖਿਆਵਾਂ ਵਿਚ ਕੁਝ ਫੇਰ-ਬਦਲ ਕੀਤਾ। ਸੋਲਵੀਂ ਸਦੀ ਦੇ ਅਖ਼ੀਰ ਵਿਚ ਯੂਨਿਟੀ ਆਫ਼ ਬ੍ਰੈਦਰਨ ਨੇ ਚੈੱਕ ਯੂਟ੍ਰਾਕਵਿਸਟa ਨਾਲ ਹੱਥ ਮਿਲਾ ਲਿਆ ਜੋ ਕਿ ਅਸਲ ਵਿਚ ਲੂਥਰ ਦੇ ਪੈਰੋਕਾਰ ਸਨ। ਪਰ ਬ੍ਰੈਦਰਨ ਸਮੂਹ ਬਾਈਬਲ ਅਤੇ ਹੋਰ ਧਾਰਮਿਕ ਕਿਤਾਬਾਂ ਦਾ ਅਨੁਵਾਦ ਕਰਨ ਅਤੇ ਛਾਪਣ ਵਿਚ ਰੁੱਝਾ ਰਿਹਾ। ਦਿਲਚਸਪੀ ਦੀ ਗੱਲ ਹੈ ਕਿ ਉਨ੍ਹਾਂ ਦੀਆਂ ਕੁਝ ਪਹਿਲੀਆਂ ਕਿਤਾਬਾਂ ਦੀਆਂ ਜਿਲਦਾਂ ਉੱਤੇ ਪਰਮੇਸ਼ੁਰ ਦੇ ਨਾਂ ਨੂੰ ਦਰਸਾਉਣ ਵਾਲੇ ਇਬਰਾਨੀ ਦੇ ਚੌ-ਵਰਣੀ ਸ਼ਬਦ ਛਾਪੇ ਹੁੰਦੇ ਸਨ।
ਸਾਲ 1620 ਵਿਚ ਚੈੱਕ ਦੇਸ਼ ਨੂੰ ਜ਼ਬਰਦਸਤੀ ਦੁਬਾਰਾ ਰੋਮਨ ਕੈਥੋਲਿਕ ਚਰਚ ਦੇ ਅਧੀਨ ਲਿਆਂਦਾ ਗਿਆ। ਨਤੀਜੇ ਵਜੋਂ, ਮੇਜਰ ਪਾਰਟੀ ਦੇ ਬਹੁਤ ਸਾਰੇ ਮੈਂਬਰ ਦੇਸ਼ ਛੱਡ ਕੇ ਚਲੇ ਗਏ ਅਤੇ ਉਨ੍ਹਾਂ ਨੇ ਵਿਦੇਸ਼ਾਂ ਵਿਚ ਆਪਣੇ ਕੰਮ ਜਾਰੀ ਰੱਖੇ। ਵਿਦੇਸ਼ਾਂ ਵਿਚ ਇਹ ਮੋਰਾਵੀਅਨ ਚਰਚ (ਕਿਉਂਕਿ ਮੋਰਾਵੀਆ ਚੈੱਕ ਦੇਸ਼ ਦਾ ਹਿੱਸਾ ਸੀ) ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਹ ਚਰਚ ਅੱਜ ਵੀ ਹੋਂਦ ਵਿਚ ਹੈ।
[ਫੁਟਨੋਟ]
a ਯੂਟ੍ਰਾਕਵਿਸਟ ਲਾਤੀਨੀ ਸ਼ਬਦ ਉਟ੍ਰੌਕਵੀ ਤੋਂ ਬਣਿਆ ਹੈ ਜਿਸ ਦਾ ਮਤਲਬ ਹੈ “ਦੋਵੇਂ।” ਰੋਮਨ ਕੈਥੋਲਿਕ ਪਾਦਰੀ ਪਵਿੱਤਰ ਭੋਜ (ਹੋਲੀ ਕਮਿਊਨਿਯਨ) ਦੌਰਾਨ ਆਮ ਲੋਕਾਂ ਨੂੰ ਵਾਈਨ ਨਹੀਂ ਦਿੰਦੇ ਸਨ। ਪਰ ਇਸ ਤੋਂ ਉਲਟ ਯੂਟ੍ਰਾਕਵਿਸਟ (ਹਸ ਦੇ ਪੈਰੋਕਾਰਾਂ ਦੇ ਵੱਖਰੇ-ਵੱਖਰੇ ਸਮੂਹ) ਆਮ ਲੋਕਾਂ ਨੂੰ ਰੋਟੀ ਅਤੇ ਵਾਈਨ ਦਿੰਦੇ ਸਨ।
[ਸਫ਼ੇ 12 ਉੱਤੇ ਡੱਬੀ]
ਮਾਈਨਰ ਪਾਰਟੀ ਦੇ ਮੈਂਬਰ ਕੀ ਵਿਸ਼ਵਾਸ ਕਰਦੇ ਸਨ?
ਪੰਦਰਵੀਂ ਅਤੇ ਸੋਲਵੀਂ ਸਦੀ ਵਿਚ ਲਿਖੀਆਂ ਕਿਤਾਬਾਂ ਏਕਟਾ ਯੂਨਿਟਾਟਿਸ ਫਰਾਟਰੁਮ ਵਿੱਚੋਂ ਅੱਗੇ ਦਿੱਤੇ ਕੁਝ ਹਵਾਲੇ ਮਾਈਨਰ ਪਾਰਟੀ ਦੇ ਕੁਝ ਵਿਸ਼ਵਾਸਾਂ ਉੱਤੇ ਚਾਨਣਾ ਪਾਉਂਦੇ ਹਨ। ਮਾਈਨਰ ਪਾਰਟੀ ਦੇ ਆਗੂਆਂ ਦੁਆਰਾ ਲਿਖੀਆਂ ਗੱਲਾਂ ਅਸਲ ਵਿਚ ਮੇਜਰ ਪਾਰਟੀ ਨੂੰ ਕਹੀਆਂ ਗਈਆਂ ਸਨ।
ਤ੍ਰਿਏਕ: “ਜੇ ਤੁਸੀਂ ਪੂਰੀ ਬਾਈਬਲ ਪੜ੍ਹੋ, ਤਾਂ ਤੁਹਾਨੂੰ ਕਿਤੇ ਵੀ ਇਹ ਨਹੀਂ ਮਿਲੇਗਾ ਕਿ ਪਰਮੇਸ਼ੁਰ ਨੂੰ ਵੱਖੋ-ਵੱਖਰੇ ਨਾਂ ਦੇ ਤਿੰਨ ਵਿਅਕਤੀਆਂ ਦੇ ਤ੍ਰਿਏਕ ਵਿਚ ਵੰਡਿਆ ਗਿਆ ਹੈ, ਜਿਵੇਂ ਕਿ ਲੋਕ ਮੰਨਦੇ ਹਨ।”
ਪਵਿੱਤਰ ਆਤਮਾ: “ਪਵਿੱਤਰ ਆਤਮਾ ਪਰਮੇਸ਼ੁਰ ਦੀ ਉਂਗਲ ਅਤੇ ਉਸ ਵੱਲੋਂ ਇਕ ਤੋਹਫ਼ਾ ਹੈ। ਇਹ ਪਰਮੇਸ਼ੁਰ ਦੀ ਸ਼ਕਤੀ ਅਤੇ ਸਾਡਾ ਹਮਦਰਦ ਹੈ ਅਤੇ ਪਰਮੇਸ਼ੁਰ ਇਹ ਸ਼ਕਤੀ ਮਸੀਹ ਦੁਆਰਾ ਆਪਣੇ ਭਗਤਾਂ ਨੂੰ ਦਿੰਦਾ ਹੈ। ਅਸੀਂ ਪਵਿੱਤਰ ਸ਼ਾਸਤਰ ਵਿਚ ਇਹ ਕਿਤੇ ਨਹੀਂ ਪੜ੍ਹਿਆ ਕਿ ਪਵਿੱਤਰ ਆਤਮਾ ਨੂੰ ਪਰਮੇਸ਼ੁਰ ਜਾਂ ਇਕ ਵਿਅਕਤੀ ਮੰਨਿਆ ਜਾਵੇ; ਨਾ ਹੀ ਰਸੂਲਾਂ ਨੇ ਇਸ ਤਰ੍ਹਾਂ ਦੀ ਕੋਈ ਸਿੱਖਿਆ ਦਿੱਤੀ।”
ਜਾਜਕਾਈ: “ਉਨ੍ਹਾਂ ਦਾ ਤੁਹਾਨੂੰ “ਪਾਦਰੀ” ਦਾ ਖ਼ਿਤਾਬ ਦੇਣਾ ਗ਼ਲਤ ਹੈ; ਜੇ ਤੁਸੀਂ ਸਿਰ ਨਾ ਮੁੰਡਵਾਓ ਅਤੇ ਤੁਹਾਡੇ ਕੋਲ ਕਰਾਮਾਤੀ ਜਾਪਣ ਵਾਲੀ ਮੱਲ੍ਹਮ ਨਾ ਹੋਵੇ, ਤਾਂ ਤੁਸੀਂ ਇਕ ਆਮ ਆਦਮੀ ਤੋਂ ਜ਼ਿਆਦਾ ਕੁਝ ਵੀ ਨਹੀਂ ਹੋਵੋਗੇ। ਸੰਤ ਪਤਰਸ ਇਹ ਕਹਿੰਦੇ ਹੋਏ ਸਾਰੇ ਮਸੀਹੀਆਂ ਨੂੰ ਜਾਜਕ ਬਣਨ ਦਾ ਸੱਦਾ ਦਿੰਦਾ ਹੈ: ਤੁਸੀਂ ਜਾਜਕਾਂ ਦੀ ਪਵਿੱਤਰ ਮੰਡਲੀ ਹੋ ਜੋ ਆਤਮਕ ਬਲੀਦਾਨ ਚੜ੍ਹਾਉਂਦੀ ਹੈ। (1 ਪਤਰਸ 2)”
ਬਪਤਿਸਮਾ: “ਪ੍ਰਭੂ ਮਸੀਹ ਨੇ ਆਪਣੇ ਰਸੂਲਾਂ ਨੂੰ ਕਿਹਾ ਸੀ: ਸਾਰੇ ਜਗਤ ਵਿਚ ਜਾ ਕੇ ਸਾਰੀ ਸ੍ਰਿਸ਼ਟੀ ਦੇ ਸਾਮ੍ਹਣੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ ਜੋ ਵਿਸ਼ਵਾਸ ਕਰਨਗੇ। (ਮਰਕੁਸ, ਅਧਿਆਇ 16) ਅਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਬਪਤਿਸਮਾ ਦਿਓ ਜਿਸ ਨਾਲ ਉਹ ਬਚਾਏ ਜਾਣਗੇ। ਪਰ ਤੁਸੀਂ ਛੋਟੇ ਬੱਚਿਆਂ ਨੂੰ ਬਪਤਿਸਮਾ ਦੇਣ ਦੀ ਸਿੱਖਿਆ ਦਿੰਦੇ ਹੋ ਜੋ ਵਿਸ਼ਵਾਸ ਨਹੀਂ ਕਰ ਸਕਦੇ।”
ਨਿਰਪੱਖਤਾ: “ਤੁਹਾਡੇ ਪਹਿਲੇ ਭਰਾਵਾਂ ਨੇ ਫ਼ੌਜ ਵਿਚ ਭਰਤੀ ਹੋਣ, ਖ਼ੂਨ ਕਰਨ ਜਾਂ ਹਥਿਆਰ ਚੁੱਕਣ ਨੂੰ ਗ਼ਲਤ ਅਤੇ ਬੁਰਾ ਸਮਝਿਆ, ਪਰ ਤੁਸੀਂ ਇਨ੍ਹਾਂ ਗੱਲਾਂ ਨੂੰ ਚੰਗਾ ਸਮਝਦੇ ਹੋ। . . . ਇਸ ਲਈ ਅਸੀਂ ਮਹਿਸੂਸ ਕਰਦੇ ਹਾਂ ਕਿ ਤੁਹਾਨੂੰ ਅਤੇ ਹੋਰ ਗੁਰੂਆਂ ਨੂੰ ਭਵਿੱਖ-ਸੂਚਕ ਬਚਨਾਂ ਦੀ ਪੂਰੀ ਸਮਝ ਨਹੀਂ ਹੈ। ਇਹ ਭਵਿੱਖ-ਸੂਚਕ ਬਚਨ ਕਹਿੰਦੇ ਹਨ: ਉਸ ਨੇ ਧਣੁਖ ਦੀਆਂ ਲਸ਼ਕਾਂ ਨੂੰ ਭੰਨ ਦਿੱਤਾ, ਨਾਲੇ ਢਾਲ, ਤੇਗ ਤੇ ਲੜਾਈ ਦੇ ਸੰਦਾਂ ਨੂੰ। (ਜ਼ਬੂਰਾਂ ਦੀ ਪੋਥੀ 75) ਇਕ ਹੋਰ ਆਇਤ ਕਹਿੰਦੀ ਹੈ: ਮੇਰੇ ਸਾਰੇ ਪਵਿੱਤਰ ਪਹਾੜ ਵਿਚ ਉਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਪ੍ਰਭੂ ਦੀ ਧਰਤੀ ਪਰਮੇਸ਼ੁਰ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ। (ਯਸਾਯਾਹ, ਅਧਿਆਇ 11)”
ਪ੍ਰਚਾਰ: “ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸ਼ੁਰੂ-ਸ਼ੁਰੂ ਵਿਚ ਸਾਰੇ ਪਾਦਰੀਆਂ ਤੇ ਬਿਸ਼ਪ ਨਾਲੋਂ ਜ਼ਿਆਦਾ ਤੀਵੀਆਂ ਨੇ ਲੋਕਾਂ ਦੀ ਤੋਬਾ ਕਰਨ ਵਿਚ ਮਦਦ ਕੀਤੀ ਸੀ। ਹੁਣ ਪਾਦਰੀ ਆਪੋ-ਆਪਣੇ ਨਿਵਾਸ-ਸਥਾਨਾਂ ਵਿਚ ਆਰਾਮ ਫਰਮਾ ਰਹੇ ਹਨ। ਉਹ ਬਹੁਤ ਵੱਡੀ ਗ਼ਲਤੀ ਕਰ ਰਹੇ ਹਨ। ਪੂਰੀ ਦੁਨੀਆਂ ਵਿਚ ਜਾਓ। ਸਾਰੇ ਲੋਕਾਂ ਨੂੰ . . . ਪ੍ਰਚਾਰ ਕਰੋ।”
[ਸਫ਼ੇ 10 ਉੱਤੇ ਨਕਸ਼ੇ]
(ਪੂਰੀ ਤਰ੍ਹਾਂ ਫਾਰਮੈਟ ਕੀਤੇ ਹੋਏ ਟੈਕਸਟ ਲਈ ਪ੍ਰਕਾਸ਼ਨ ਦੇਖੋ)
ਜਰਮਨੀ
ਪੋਲੈਂਡ
ਚੈੱਕ ਗਣਰਾਜ
ਮੋਰਾਵੀਆ
ਕੂਨਵੋਲਟ
ਵਿਲੇਮੋਵ
ਕਲਾਟਵੀ
ਖ਼ੈੱਲਚਿਟਸੇ
ਪ੍ਰਾਗ
ਬੋਹੀਮੀਆ
ਐਲਬ ਨਦੀ
ਵਲਟਵਾ ਨਦੀ
ਡੈਨਿਊਬ ਨਦੀ
[ਸਫ਼ੇ 10, 11 ਉੱਤੇ ਤਸਵੀਰ]
ਖੱਬੇ: ਪੀਟਰ ਚੈਲਸੀਕੀ; ਥੱਲੇ: “ਨਿਹਚਾ ਦਾ ਸਿਲਸਿਲਾ” ਦਾ ਇਕ ਪੰਨਾ
[ਸਫ਼ੇ 11 ਉੱਤੇ ਤਸਵੀਰ]
ਪ੍ਰਾਗ ਦਾ ਰਹਿਣ ਵਾਲਾ ਗ੍ਰੈਗਰੀ
[ਸਫ਼ੇ 13 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਸਾਰੀਆਂ ਤਸਵੀਰਾਂ: S laskavým svolením knihovny Národního muzea v Praze, C̆esko