ਉਹ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕਰ ਰਹੇ ਹਨ
“ਤੇਰੇ ਲੋਕ . . . ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ।” (ਜ਼ਬੂਰਾਂ ਦੀ ਪੋਥੀ 110:3) ਇਹ ਸ਼ਬਦ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 118ਵੀਂ ਕਲਾਸ ਦੇ 46 ਵਿਦਿਆਰਥੀਆਂ ਲਈ ਖ਼ਾਸ ਮਾਅਨੇ ਰੱਖਦੇ ਹਨ। ਇਹ ਸਕੂਲ ਪਾਇਨੀਅਰਾਂ ਨੂੰ ਹੋਰਨਾਂ ਮੁਲਕਾਂ ਵਿਚ ਪ੍ਰਚਾਰ ਕਰਨ ਲਈ ਤਿਆਰ ਕਰਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਇਸ ਸਕੂਲ ਵਿਚ ਆਉਣ ਦੀ ਤਿਆਰੀ ਲਈ ਕੀ-ਕੀ ਕੀਤਾ ਸੀ? ਮਾਇਕਲ ਅਤੇ ਸਟੇਸੀ ਨਾਂ ਦੇ ਵਿਦਿਆਰਥੀ ਦੱਸਦੇ ਹਨ: “ਅਸੀਂ ਸਾਦੀ ਜ਼ਿੰਦਗੀ ਜੀਉਣ ਬਾਰੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ। ਇਸ ਲਈ ਅਸੀਂ ਕਿਸੇ ਵੀ ਚੀਜ਼ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਰੋੜਾ ਨਹੀਂ ਬਣਨ ਦਿੱਤਾ। ਅਸੀਂ ਆਪਣੇ ਮਨ ਬਣਾ ਲਏ ਸਨ ਕਿ ਪੈਸੇ ਦੇ ਮਗਰ ਲੱਗਣ ਦੀ ਬਜਾਇ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿਆਂਗੇ।” ਮਾਇਕਲ ਅਤੇ ਸਟੇਸੀ ਵਾਂਗ ਇਸ ਕਲਾਸ ਦੇ ਬਾਕੀ ਦੇ ਵਿਦਿਆਰਥੀਆਂ ਨੇ ਵੀ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ ਅਤੇ ਹੁਣ ਉਹ ਚਾਰ ਮਹਾਂਦੀਪਾਂ ਵਿਚ ਮਿਸ਼ਨਰੀ ਸੇਵਾ ਕਰ ਰਹੇ ਹਨ।
ਸ਼ਨੀਵਾਰ 12 ਮਾਰਚ 2005 ਦੇ ਦਿਨ 6,843 ਲੋਕਾਂ ਨੇ ਬੜੇ ਮਜ਼ੇ ਨਾਲ ਗ੍ਰੈਜੂਏਸ਼ਨ ਦਾ ਪ੍ਰੋਗ੍ਰਾਮ ਸੁਣਿਆ। ਪ੍ਰੋਗ੍ਰਾਮ ਦੇ ਚੇਅਰਮੈਨ ਪ੍ਰਬੰਧਕ ਸਭਾ ਦੇ ਮੈਂਬਰ ਭਰਾ ਥੀਓਡੋਰ ਜੈਰਸ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ 28 ਮੁਲਕਾਂ ਤੋਂ ਆਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਤੇ ਫਿਰ ਸਾਰਿਆਂ ਦਾ ਧਿਆਨ ਬਾਈਬਲ ਦੀ ਤਾਲੀਮ ਦੀ ਅਹਿਮੀਅਤ ਵੱਲ ਖਿੱਚਿਆ। ਅਮਰੀਕੀ ਸਿੱਖਿਅਕ ਵਿਲੀਅਮ ਲਾਇਅਨ ਫੈੱਲਪਸ ਦੀ ਗੱਲ ਦੁਹਰਾਉਂਦੇ ਹੋਏ ਭਰਾ ਜੈਰਸ ਨੇ ਕਿਹਾ: “ਉਸ ਇਨਸਾਨ ਨੂੰ ਪੜ੍ਹਿਆ-ਲਿਖਿਆ ਕਿਹਾ ਜਾ ਸਕਦਾ ਹੈ ਜਿਸ ਕੋਲ ਬਾਈਬਲ ਦਾ ਪੂਰਾ ਗਿਆਨ ਹੈ।” ਭਾਵੇਂ ਦੁਨੀਆਂ ਦੀ ਤਾਲੀਮ ਕਿਸੇ ਹੱਦ ਤਕ ਸਾਡੇ ਕੰਮ ਆਉਂਦੀ ਹੈ, ਪਰ ਬਾਈਬਲ ਦੀ ਤਾਲੀਮ ਇਸ ਤੋਂ ਵੀ ਉੱਤਮ ਹੈ। ਇਸ ਤਾਲੀਮ ਨੂੰ ਪ੍ਰਾਪਤ ਕਰਨ ਵਾਲਾ ਪਰਮੇਸ਼ੁਰ ਦਾ ਗਿਆਨ ਲੈਂਦਾ ਹੈ ਜੋ ਉਸ ਨੂੰ ਸਦਾ ਦੀ ਜ਼ਿੰਦਗੀ ਬਖ਼ਸ਼ ਸਕਦਾ ਹੈ। (ਯੂਹੰਨਾ 17:3) ਭਰਾ ਜੈਰਸ ਨੇ ਗ੍ਰੈਜੂਏਟਾਂ ਦੀ ਸ਼ਲਾਘਾ ਕੀਤੀ ਕਿ ਉਹ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ 98,000 ਤੋਂ ਵੱਧ ਕਲੀਸਿਯਾਵਾਂ ਵਿਚ ਦਿੱਤੀ ਜਾ ਰਹੀ ਬਾਈਬਲ ਦੀ ਤਾਲੀਮ ਦੇਣ ਦੇ ਕੰਮ ਵਿਚ ਹਿੱਸਾ ਲੈ ਕੇ ਖ਼ੁਸ਼ ਹਨ।
ਗ੍ਰੈਜੂਏਟਾਂ ਨੂੰ ਹੱਲਾਸ਼ੇਰੀ
ਚੇਅਰਮੈਨ ਦੇ ਭਾਸ਼ਣ ਤੋਂ ਬਾਅਦ ਭਰਾ ਵਿਲੀਅਮ ਸੈਮੂਏਲਸਨ ਨੇ ਜ਼ਬੂਰ 52:8 ਤੇ ਆਧਾਰਿਤ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ: “ਤੁਸੀਂ ਪਰਮੇਸ਼ੁਰ ਦੇ ਘਰ ਵਿਚ ਜ਼ੈਤੂਨ ਦੇ ਹਰੇ ਭਰੇ ਬਿਰਛ ਵਰਗੇ ਕਿਵੇਂ ਬਣ ਸਕਦੇ ਹੋ।” ਉਨ੍ਹਾਂ ਨੇ ਕਿਹਾ ਕਿ ਬਾਈਬਲ ਵਿਚ ਜ਼ੈਤੂਨ ਦਾ ਦਰਖ਼ਤ ਸਫ਼ਲਤਾ, ਸੁੰਦਰਤਾ ਅਤੇ ਮਹਿਮਾ ਦਾ ਪ੍ਰਤੀਕ ਸਮਝਿਆ ਜਾਂਦਾ ਸੀ। (ਯਿਰਮਿਯਾਹ 11:16) ਵਿਦਿਆਰਥੀਆਂ ਦੀ ਤੁਲਨਾ ਜ਼ੈਤੂਨ ਦੇ ਦਰਖ਼ਤਾਂ ਨਾਲ ਕਰਦੇ ਹੋਏ ਉਨ੍ਹਾਂ ਨੇ ਕਿਹਾ: “ਆਪਣੀ ਮਿਸ਼ਨਰੀ ਸੇਵਕਾਈ ਵਿਚ ਵਫ਼ਾਦਾਰੀ ਨਾਲ ਰਾਜ ਦਾ ਪ੍ਰਚਾਰ ਕਰਿਓ ਅਤੇ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸੁੰਦਰ ਹੋਵੋਗੇ ਅਤੇ ਉਹ ਤੁਹਾਨੂੰ ਮਹਿਮਾ ਬਖ਼ਸ਼ੇਗਾ।” ਸੋਕੇ ਤੋਂ ਬਚਣ ਲਈ ਜ਼ੈਤੂਨ ਦੇ ਦਰਖ਼ਤ ਨੂੰ ਮਜ਼ਬੂਤ ਜੜ੍ਹਾਂ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਵੀ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਮਜ਼ਬੂਤ ਕਰਨ ਦੀ ਲੋੜ ਹੈ ਤਾਂਕਿ ਉਹ ਪਰਦੇਸਾਂ ਵਿਚ ਸੇਵਾ ਕਰਦੇ ਸਮੇਂ ਨਿਰਾਸ਼ ਨਾ ਹੋਣ ਜਦੋਂ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਦੇ, ਵਿਰੋਧ ਕਰਦੇ ਹਨ ਜਾਂ ਉਨ੍ਹਾਂ ਤੇ ਕੋਈ ਹੋਰ ਅਜ਼ਮਾਇਸ਼ ਆਉਂਦੀ ਹੈ।—ਮੱਤੀ 13:21; ਕੁਲੁੱਸੀਆਂ 2:6, 7.
ਪ੍ਰੋਗ੍ਰਾਮ ਵਿਚ ਅਗਲਾ ਭਾਸ਼ਣ ਦੇਣ ਵਾਲੇ ਭਰਾ ਜੌਨ ਈ. ਬਾਰ ਪ੍ਰਬੰਧਕ ਸਭਾ ਦੇ ਦੂਜੇ ਮੈਂਬਰ ਸਨ। ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ: “ਤੁਸੀਂ ਧਰਤੀ ਦੇ ਲੂਣ ਹੋ।” (ਮੱਤੀ 5:13) ਜਿਵੇਂ ਲੂਣ ਆਚਾਰ, ਸਬਜ਼ੀਆਂ ਤੇ ਹੋਰ ਚੀਜ਼ਾਂ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ, ਉਸੇ ਤਰ੍ਹਾਂ ਵਿਦਿਆਰਥੀ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਕੇ ਉਨ੍ਹਾਂ ਲੋਕਾਂ ਨੂੰ ਦੁਨੀਆਂ ਦੀ ਗੰਦਗੀ ਤੋਂ ਸੁਰੱਖਿਅਤ ਰੱਖ ਸਕਦੇ ਹਨ ਅਤੇ ਉਨ੍ਹਾਂ ਦੀਆਂ ਜਾਨਾਂ ਬਚਾ ਸਕਦੇ ਹਨ ਜੋ ਉਨ੍ਹਾਂ ਦੀ ਗੱਲ ਸੁਣਦੇ ਹਨ। ਇਹ ਕਹਿਣ ਤੋਂ ਬਾਅਦ ਭਰਾ ਬਾਰ ਨੇ ਗ੍ਰੈਜੂਏਟਾਂ ਨੂੰ ਲੜਨ ਦੀ ਬਜਾਇ ‘ਇੱਕ ਦੂਏ ਨਾਲ ਮਿਲੇ ਰਹਿਣ’ ਲਈ ਕਿਹਾ। (ਮਰਕੁਸ 9:50) ਉਨ੍ਹਾਂ ਨੇ ਕਿਹਾ: “ਆਪਣੇ ਵਿਚ ਪਰਮੇਸ਼ੁਰ ਦੀ ਆਤਮਾ ਦੇ ਫਲ ਪੈਦਾ ਕਰੋ ਅਤੇ ਹਮੇਸ਼ਾ ਧਿਆਨ ਰੱਖੋ ਕਿ ਤੁਸੀਂ ਕਿਸੇ ਨਾਲ ਕਿਵੇਂ ਪੇਸ਼ ਆਉਂਦੇ ਅਤੇ ਬੋਲਦੇ ਹੋ।”
ਗਿਲਿਅਡ ਸਕੂਲ ਦੇ ਇੰਸਟ੍ਰਕਟਰ ਭਰਾ ਵੌਲਸ ਲਿਵਰੈਂਸ ਦੇ ਭਾਸ਼ਣ ਦਾ ਵਿਸ਼ਾ ਸੀ: “ਡੂੰਘੇ ਪਾਣੀਆਂ ਵਿਚ ਡੁੱਬੋ ਨਾ।” ਜਿਵੇਂ ਇਕ ਜਹਾਜ਼ ਡੂੰਘੇ ਪਾਣੀਆਂ ਵਿੱਚੋਂ ਲੰਘਦਾ ਹੋਇਆ ਸਹੀ ਸੇਧ ਵੱਲ ਜਾ ਸਕਦਾ ਹੈ, ਇਸੇ ਤਰ੍ਹਾਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਯਾਨੀ ਪਰਮੇਸ਼ੁਰ ਦੇ ਮਕਸਦ ਦੀ ਸਮਝ ਨਾਲ ਅਸੀਂ ਸੱਚਾਈ ਵਿਚ ਤਰੱਕੀ ਕਰਦੇ ਰਹਿ ਸਕਦੇ ਹਾਂ। (1 ਕੁਰਿੰਥੀਆਂ 2:10) ਜੇ ਅਸੀਂ ਸਿਰਫ਼ “ਪਰਮੇਸ਼ੁਰ ਦੇ ਉਪਦੇਸ਼ ਦੇ ਮੁੱਢਲੇ ਪਾਠ” ਸਮਝ ਕੇ ਘੱਟ ਡੂੰਘੀ ਥਾਂ ਰਹਿਣਾ ਚਾਹਾਂਗੇ, ਤਾਂ ਇਸ ਨਾਲ ਸਾਡੀ ਤਰੱਕੀ ਹੋਣ ਦੀ ਬਜਾਇ ਸਾਡੀ ‘ਨਿਹਚਾ ਦੀ ਬੇੜੀ ਡੁੱਬ’ ਸਕਦੀ ਹੈ। (ਇਬਰਾਨੀਆਂ 5:12, 13, ਈਜ਼ੀ ਟੂ ਰੀਡ ਵਰਯਨ; 1 ਤਿਮੋਥਿਉਸ 1:19) ਆਪਣੇ ਭਾਸ਼ਣ ਦੇ ਅੰਤ ਵਿਚ ਭਰਾ ਲਿਵਰੈਂਸ ਨੇ ਕਿਹਾ ਕਿ ‘ਤੁਸੀਂ ਪਰਮੇਸ਼ੁਰ ਦੇ ਧਨ, ਬੁੱਧ ਅਤੇ ਗਿਆਨ ਦੀ ਡੂੰਘਾਈ ਨਾਲ ਮਿਸ਼ਨਰੀ ਸੇਵਾ ਵਿਚ ਲੱਗੇ ਰਹੋ।’—ਰੋਮੀਆਂ 11:33.
ਅਗਲਾ ਭਾਸ਼ਣ ਗਿਲਿਅਡ ਸਕੂਲ ਦੇ ਇਕ ਹੋਰ ਇੰਸਟ੍ਰਕਟਰ ਭਰਾ ਮਾਰਕ ਨੂਮੇਰ ਨੇ ਦਿੱਤਾ ਜਿਸ ਦਾ ਵਿਸ਼ਾ ਸੀ: “ਕੀ ਤੁਸੀਂ ਆਪਣੇ ਵਿਰਸੇ ਤੇ ਪੂਰੇ ਉਤਰੋਗੇ?” ਪਿਛਲੇ 60 ਸਾਲਾਂ ਤੋਂ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੇ ਗ੍ਰੈਜੂਏਟਾਂ ਨੇ ਯਹੋਵਾਹ ਬਾਰੇ ਢੇਰ ਸਾਰੀ ਗਵਾਹੀ ਦੇ ਕੇ ਇਸ ਸਕੂਲ ਦੀ ਵਾਹਵਾ ਸ਼ਾਨ ਵਧਾਈ ਹੈ। (ਉਤਪਤ 31:48) ਗਿਲਿਅਡ ਦਾ ਇਹ ਵਿਰਸਾ 118ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵੀ ਦਿੱਤਾ ਗਿਆ ਹੈ। ਭਰਾ ਨੂਮੇਰ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਨਹਮਯਾਹ ਦੇ ਜ਼ਮਾਨੇ ਦੇ ਤਕੋਈਆਂ ਦੀ ਨਕਲ ਕਰਨ ਦੁਆਰਾ ਆਪਣੀ ਨਵੀਂ ਕਲੀਸਿਯਾ ਅਤੇ ਸੰਗੀ ਮਿਸ਼ਨਰੀਆਂ ਨਾਲ ਮਿਲ ਕੇ ਨਿਮਰਤਾ ਨਾਲ ਕੰਮ ਕਰਨ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਸ਼ੁਹਰਤ ਖੱਟਣ ਲਈ ਜਾਂ ਦਿਖਾਵੇ ਲਈ ਕੁਝ ਨਾ ਕਰਨ ਅਤੇ ਨਾ ਹੀ ਨਹਮਯਾਹ ਦੇ ਸਮੇਂ ਦੇ ਘਮੰਡੀ “ਪਤ ਵੰਤਿਆਂ” ਵਰਗੇ ਬਣਨ।—ਨਹਮਯਾਹ 3:5.
ਵਧੀਆ ਤਜਰਬੇ ਅਤੇ ਇੰਟਰਵਿਊਆਂ
ਪ੍ਰੋਗ੍ਰਾਮ ਦੇ ਅਗਲੇ ਹਿੱਸੇ ਦਾ ਵਿਸ਼ਾ ਸੀ: “ਪਰਮੇਸ਼ੁਰ ਦਾ ਬਚਨ ਫੈਲਦਾ ਗਿਆ।” (ਰਸੂਲਾਂ ਦੇ ਕਰਤੱਬ 6:7) ਗਿਲਿਅਡ ਦੇ ਇੰਸਟ੍ਰਕਟਰ ਭਰਾ ਲਾਰੈਂਸ ਬੋਵਨ ਦੀ ਅਗਵਾਈ ਅਧੀਨ ਵਿਦਿਆਰਥੀਆਂ ਨੇ ਆਪਣੇ ਤਜਰਬਿਆਂ ਦਾ ਪ੍ਰਦਰਸ਼ਨ ਕਰ ਕੇ ਦਿਖਾਇਆ ਕਿ ਸਕੂਲ ਦੀ ਸਿਖਲਾਈ ਦੌਰਾਨ ਉਨ੍ਹਾਂ ਨੇ ਪ੍ਰਚਾਰ ਕਰਨ ਦਾ ਲਾਭ ਕਿਵੇਂ ਉਠਾਇਆ ਸੀ। ਇਨ੍ਹਾਂ ਤਜਰਬਿਆਂ ਤੋਂ ਸਾਰਿਆਂ ਅੱਗੇ ਜ਼ਾਹਰ ਹੋਇਆ ਕਿ ਵਿਦਿਆਰਥੀਆਂ ਨੇ ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕੀਤਾ ਤੇ ਇਸ ਵਿਚ ਯਹੋਵਾਹ ਨੇ ਉਨ੍ਹਾਂ ਦੀ ਮਦਦ ਕੀਤੀ ਸੀ।
ਭਰਾ ਰਿਚਰਡ ਐਸ਼ ਨੇ ਬੈਥਲ ਪਰਿਵਾਰ ਦੇ ਉਨ੍ਹਾਂ ਕੁਝ ਮੈਂਬਰਾਂ ਦੀਆਂ ਇੰਟਰਵਿਊਆਂ ਲਈਆਂ ਜੋ ਸਕੂਲ ਨਾਲ ਗਹਿਰਾ ਤਅੱਲਕ ਰੱਖਦੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਜ਼ਾਹਰ ਹੋਇਆ ਕਿ ਬੈਥਲ ਦੇ ਮੈਂਬਰ ਵਿਦਿਆਰਥੀਆਂ ਦੀ ਸਕੂਲ ਤੋਂ ਪੂਰਾ ਲਾਭ ਲੈਣ ਵਿਚ ਕਿੰਨੀ ਸਹਾਇਤਾ ਕਰਦੇ ਹਨ। ਫਿਰ ਭਰਾ ਜੈਫਰੀ ਜੈਕਸਨ ਨੇ ਉਨ੍ਹਾਂ ਭਰਾਵਾਂ ਦੀ ਇੰਟਰਵਿਊ ਲਈ ਜੋ ਪਹਿਲਾਂ ਗਿਲਿਅਡ ਤੋਂ ਗ੍ਰੈਜੂਏਟ ਹੋ ਚੁੱਕੇ ਸਨ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨਰੀ ਸੇਵਾ ਵਿਚ ਯਹੋਵਾਹ ਦੇ ਗੁਣ ਗਾਉਣ ਦੇ ਬਹੁਤ ਸਾਰੇ ਵਧੀਆ ਮੌਕੇ ਮਿਲਦੇ ਹਨ। ਇਕ ਭਰਾ ਨੇ ਕਿਹਾ: “ਮਿਸ਼ਨਰੀ ਹਰਦਮ ਲੋਕਾਂ ਦੀਆਂ ਨਜ਼ਰਾਂ ਵਿਚ ਹੁੰਦੇ ਹਨ। ਸਭ ਦੇਖਦੇ ਹਨ ਕਿ ਤੁਸੀਂ ਕੀ ਕਹਿੰਦੇ ਹੋ, ਕੀ ਕਰਦੇ ਹੋ ਅਤੇ ਉਹ ਸਭ ਕੁਝ ਯਾਦ ਰੱਖਦੇ ਹਨ।” ਇਸ ਲਈ ਵਿਦਿਆਰਥੀਆਂ ਨੂੰ ਹਰ ਵੇਲੇ ਚੰਗੀ ਮਿਸਾਲ ਕਾਇਮ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ ਸੀ। ਇਹ ਵਧੀਆ ਸਲਾਹ ਅਗਾਹਾਂ ਨੂੰ ਗ੍ਰੈਜੂਏਟਾਂ ਲਈ ਲਾਹੇਵੰਦ ਸਾਬਤ ਹੋਵੇਗੀ।
ਪ੍ਰੋਗ੍ਰਾਮ ਦਾ ਆਖ਼ਰੀ ਭਾਸ਼ਣ ਪ੍ਰਬੰਧਕ ਸਭਾ ਦੇ ਤੀਜੇ ਮੈਂਬਰ ਭਰਾ ਸਟੀਵਨ ਲੈੱਟ ਨੇ ਦਿੱਤਾ ਜਿਸ ਦਾ ਵਿਸ਼ਾ ਸੀ: “ਜਾਓ ‘ਅੰਮ੍ਰਿਤ ਜਲ’ ਨੂੰ ਵੰਡੋ।” (ਯੂਹੰਨਾ 7:38) ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਵਿਚ ਵਿਦਿਆਰਥੀਆਂ ਨੇ ਪਰਮੇਸ਼ੁਰ ਦੇ ਬਚਨ ਦੇ ਪਾਣੀ ਨਾਲ ਆਪਣੀ ਪਿਆਸ ਬੁਝਾਈ ਹੈ। ਪਰ ਇਸ ਤਾਲੀਮ ਨਾਲ ਇਹ ਨਵੇਂ ਮਿਸ਼ਨਰੀ ਅੱਗੇ ਕੀ ਕਰਨਗੇ? ਭਰਾ ਲੈੱਟ ਨੇ ਕਿਹਾ ਕਿ ਗ੍ਰੈਜੂਏਟ ਖੁੱਲ੍ਹੇ ਦਿਲ ਨਾਲ ਇਸ ਪਾਣੀ ਨੂੰ ਹੋਰਨਾਂ ਲੋਕਾਂ ਵਿਚ ਵੰਡਣ ਤਾਂਕਿ ਇਹ ਉਨ੍ਹਾਂ ਅੰਦਰ ‘ਜਲ ਦਾ ਇੱਕ ਸੋਮਾ ਬਣ ਜਾਵੇ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ।’ (ਯੂਹੰਨਾ 4:14) ਭਰਾ ਜੀ ਨੇ ਅੱਗੇ ਕਿਹਾ: “‘ਜੀਉਂਦੇ ਪਾਣੀ ਦੇ ਸੋਤੇ’ ਯਹੋਵਾਹ ਦੀ ਵਡਿਆਈ ਕਰਨੀ ਕਦੇ ਨਾ ਭੁੱਲਿਓ। ਸੋਕੇ ਦੀ ਮਾਰ ਹੇਠ ਆਈ ਵੱਡੀ ਬਾਬਲ ਵਿੱਚੋਂ ਆਉਣ ਵਾਲਿਆਂ ਨੂੰ ਸਬਰ ਨਾਲ ਤਾਲੀਮ ਦਿੰਦੇ ਰਹੀਓ।” (ਯਿਰਮਿਯਾਹ 2:13) ਅਖ਼ੀਰ ਵਿਚ ਭਰਾ ਲੈੱਟ ਨੇ ਗ੍ਰੈਜੂਏਟਾਂ ਨੂੰ ਆਤਮਾ ਅਤੇ ਲਾੜੀ ਵਾਂਗ ਜੋਸ਼ ਨਾਲ ਕਹਿਣ ਲਈ ਕਿਹਾ: “ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।”—ਪਰਕਾਸ਼ ਦੀ ਪੋਥੀ 22:17.
ਪ੍ਰੋਗ੍ਰਾਮ ਦੇ ਅਖ਼ੀਰ ਵਿਚ ਭਰਾ ਜੈਰਸ ਨੇ ਵੱਖੋ-ਵੱਖਰੇ ਮੁਲਕਾਂ ਤੋਂ ਆਏ ਸੰਦੇਸ਼ ਸੁਣਾਏ। ਇਸ ਤੋਂ ਬਾਅਦ ਇਕ ਵਿਦਿਆਰਥੀ ਨੇ ਆਪਣੀ ਕਲਾਸ ਵੱਲੋਂ ਚਿੱਠੀ ਪੜ੍ਹ ਕੇ ਸੁਣਾਈ।
ਬਹੁਤ ਸਾਰੀਆਂ ਥਾਵਾਂ ਤੇ ਪ੍ਰਚਾਰਕਾਂ ਦੀ ਲੋੜ ਹੈ। ਕੀ ਤੁਸੀਂ ਉੱਥੇ ਜਾ ਕੇ ਸੇਵਾ ਕਰਨ ਲਈ ਤਿਆਰ ਹੋ? ਜੇ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਇਨ੍ਹਾਂ ਗ੍ਰੈਜੂਏਟਾਂ ਵਾਂਗ ਪਰਮੇਸ਼ੁਰ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿਓ। ਫਿਰ ਤੁਸੀਂ ਉਹ ਖ਼ੁਸ਼ੀ ਪਾਓਗੇ ਜੋ ਸਿਰਫ਼ ਉਨ੍ਹਾਂ ਨੂੰ ਮਿਲਦੀ ਹੈ ਜੋ ਖ਼ੁਸ਼ੀ-ਖ਼ੁਸ਼ੀ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਪੇਸ਼ ਕਰਦੇ ਹਨ, ਭਾਵੇਂ ਉਹ ਮਿਸ਼ਨਰੀਆਂ ਦੇ ਨਾਤੇ ਪਰਦੇਸਾਂ ਵਿਚ ਜਾਂ ਆਪਣੇ ਹੀ ਮੁਲਕ ਵਿਚ ਇਹ ਸੇਵਾ ਕਰਦੇ ਹਨ।
[ਸਫ਼ੇ 13 ਉੱਤੇ ਡੱਬੀ]
ਕਲਾਸ ਦੇ ਅੰਕੜੇ
ਜਿੰਨੇ ਦੇਸ਼ਾਂ ਤੋਂ ਆਏ: 8
ਜਿੰਨੇ ਦੇਸ਼ਾਂ ਵਿਚ ਭੇਜੇ ਗਏ: 19
ਵਿਦਿਆਰਥੀਆਂ ਦੀ ਗਿਣਤੀ: 46
ਔਸਤਨ ਉਮਰ: 33
ਸੱਚਾਈ ਵਿਚ ਔਸਤਨ ਸਾਲ: 16.5
ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 12.9
[ਸਫ਼ੇ 15 ਉੱਤੇ ਤਸਵੀਰ]
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 118ਵੀਂ ਕਲਾਸ
ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿੱਛੇ ਵੱਲ ਅਤੇ ਹਰ ਲਾਈਨ ਵਿਚ ਖੱਬਿਓਂ ਸੱਜੇ ਦਿੱਤੇ ਗਏ ਹਨ।
(1) ਅਨੀਟਾ ਬਰਾਕਮਾਇਰ; ਸਟੇਸੀ ਮਲੋਨੀ; ਨੂਨਸੀਆ ਸਿਮੰਸ; ਇਸੇਲਾ ਲੋਪੈਜ਼; ਕਮਿਲ ਹਾਵਰਡ। (2) ਟਵੀਯਾ ਜਾਜ਼ਡ੍ਰੇਬਸਕੀ; ਡਾਨੀਯੇਲ ਬ੍ਰਾਊਨ; ਹੈਲਨ ਹਰਨਾਨਡੇਜ਼; ਆਈਰੀਨ ਮਾਲਾਗੌਨ; ਆਰਾਸੇਲਿਸ ਜੋਨਜ਼; ਲਿਨੈਟ ਕਾਨਲ. (3) ਜੋਡੀ ਹਾਵਰਡ; ਐਸਟਰ ਲਾਰੂ ; ਬੀਟ੍ਰਿਸ ਸ਼ੈਮਸ; ਸਾਸ਼ਾ ਹੇਜ਼; ਆਸਕਰ ਬ੍ਰਾਊਨ. (4) ਜੈਨੀਫਰ ਬਰਲ; ਮੇਲਨੀ ਹੈਮਰ; ਆਲਿਗਜ਼ਾਂਡਰਾ ਮਾਯਰ; ਕੇ ਕਿਮ; ਰੇਚਲ ਸਟੈਨਲੀ; ਰੋਜ਼ਾਲੀਆ ਰੇਨੀ। (5) ਪਿਔਟਰ ਜਾਜ਼ਡ੍ਰੇਬਸਕੀ; ਕਾਰੀ ਜ਼ਿਲਵੈਟਜ਼; ਸ਼ੈਲੀ ਫੈਰਿਸ; ਬੈਲਨ ਟੌਰੈਸ; ਫਰਨਾਂਡੋ ਟੌਰੈਸ। (6) ਜੋਸਫ਼ ਕਾਨਲ; ਰਾਫਾਐਲ ਹਰਨਾਨਡੇਜ਼; ਮਾਇਕਲ ਮਲੋਨੀ; ਹੌਰਹੇ ਮਾਲਾਗੌਨ; ਰੇਜ਼ਾ ਸ਼ੈਮਸ; ਜੈਸੀ ਹੇਜ਼। (7) ਐਲਨ ਫੈਰਿਸ; ਜੌਨ ਹੈਮਰ; ਗ੍ਰਾਂਟ ਸਟੈਨਲੀ; ਚਾਰਲੀ ਕਿਮ; ਸਟੀਵਨ ਸਿਮੰਸ; ਡੈਨਿਅਲ ਲੋਪੈਜ਼; ਡੈਰਿਕ ਬਰਲ। (8) ਡੌਨਵਨ ਬਰਾਕਮਾਇਰ; ਯੁਰਗਨ ਮਾਯਰ; ਸ਼ੈਨਨ ਰੇਨੀ; ਸਟੀਵਨ ਜ਼ਿਲਵੈਟਜ਼; ਰਾਇਨ ਜੋਨਜ਼; ਜੋਅਲ ਲਾਰੂ।