ਅੱਯੂਬ—ਧੀਰਜ ਤੇ ਵਫ਼ਾਦਾਰੀ ਦੀ ਮਿਸਾਲ
“ਕੀ ਤੈਂ ਮੇਰੇ ਦਾਸ ਅੱਯੂਬ ਵੱਲ ਆਪਣੇ ਮਨ ਵਿੱਚ ਗੌਹ ਕੀਤਾ ਕਿਉਂਕਿ ਪਿਰਥਵੀ ਵਿੱਚ ਉਹ ਦੇ ਜਿਹਾ ਕੋਈ ਨਹੀਂ? ਉਹ ਖਰਾ ਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।”—ਅੱਯੂਬ 1:8.
1, 2. (ੳ) ਅੱਯੂਬ ਉੱਤੇ ਅਚਾਨਕ ਹੀ ਕਿਹੜੀਆਂ ਆਫ਼ਤਾਂ ਆ ਪਈਆਂ? (ਅ) ਇਸ ਤੋਂ ਪਹਿਲਾਂ ਅੱਯੂਬ ਦੀ ਜ਼ਿੰਦਗੀ ਕਿੱਦਾਂ ਦੀ ਸੀ?
ਅੱਯੂਬ ਕੋਲ ਕੀ ਨਹੀਂ ਸੀ? ਉਸ ਕੋਲ ਧਨ-ਦੌਲਤ, ਸ਼ਾਨੋ-ਸ਼ੌਕਤ, ਚੰਗੀ ਸਿਹਤ, ਹੱਸਦਾ-ਖੇਡਦਾ ਪਰਿਵਾਰ ਸਭ ਕੁਝ ਸੀ। ਫਿਰ ਅਚਾਨਕ ਹੀ ਉਸ ਉੱਤੇ ਇਕ ਤੋਂ ਬਾਅਦ ਇਕ ਆਫ਼ਤ ਆ ਪਈ। ਰਾਤੋ-ਰਾਤ ਉਸ ਦਾ ਸਭ ਕੁਝ ਲੁੱਟਿਆ ਗਿਆ। ਇਕ ਭਿਆਨਕ ਤੂਫ਼ਾਨ ਨੇ ਉਸ ਦੇ ਸਾਰੇ ਬੱਚਿਆਂ ਨੂੰ ਝੱਫ ਲਿਆ। ਫਿਰ ਇਕ ਨਾਮੁਰਾਦ ਬੀਮਾਰੀ ਨੇ ਉਸ ਨੂੰ ਆ ਘੇਰਿਆ ਅਤੇ ਉਸ ਦਾ ਸਾਰਾ ਜਿਸਮ ਫੋੜਿਆਂ ਨਾਲ ਭਰ ਗਿਆ। ਅੱਯੂਬ ਦੀ ਹੱਡ-ਬੀਤੀ ਅਸੀਂ ਬਾਈਬਲ ਵਿਚ ਉਸੇ ਦੇ ਨਾਂ ਦੀ ਕਿਤਾਬ ਵਿਚ ਪੜ੍ਹ ਸਕਦੇ ਹਾਂ।—ਅੱਯੂਬ, ਅਧਿਆਇ 1 ਤੇ 2.
2 ਦੁੱਖਾਂ ਦਾ ਮਾਰਿਆ ਅੱਯੂਬ ਕਰਾਹਿਆ: “ਕਾਸ਼ ਕਿ ਮੈਂ ਹੁੰਦਾ ਜਿਵੇਂ ਪਰਾਚੀਨ ਮਹੀਨਿਆਂ ਵਿੱਚ, ਜਿਵੇਂ ਉਨ੍ਹੀਂ ਦਿਨੀਂ ਜਦ ਪਰਮੇਸ਼ੁਰ ਮੇਰੀ ਪਾਲਨਾ ਕਰਦਾ ਸੀ।” (ਅੱਯੂਬ 3:3; 29:2) ਜਦੋਂ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ, ਤਾਂ ਅਕਸਰ ਉਹ ਬੀਤ ਚੁੱਕੇ ਚੰਗੇ ਦਿਨਾਂ ਨੂੰ ਯਾਦ ਕਰਦਾ ਹੈ। ਉੱਪਰ ਦੱਸੀਆਂ ਗਈਆਂ ਬਿਪਤਾਵਾਂ ਦਾ ਸਾਮ੍ਹਣਾ ਕਰਨ ਤੋਂ ਪਹਿਲਾਂ ਅੱਯੂਬ ਦੀ ਜ਼ਿੰਦਗੀ ਖ਼ੁਸ਼ੀਆਂ-ਖੇੜਿਆਂ ਨਾਲ ਭਰੀ ਹੋਈ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਚੰਗੇ ਕੰਮ ਕੀਤੇ ਤੇ ਮੰਨੇ-ਪ੍ਰਮੰਨੇ ਲੋਕ ਵੀ ਉਸ ਦਾ ਆਦਰ-ਸਤਿਕਾਰ ਕਰਦੇ ਸਨ ਤੇ ਉਸ ਦੀ ਸਲਾਹ ਲੈਂਦੇ ਸਨ। (ਅੱਯੂਬ 29:5-11) ਉਹ ਧਨੀ ਜ਼ਰੂਰ ਸੀ, ਪਰ ਉਸ ਨੂੰ ਆਪਣੀ ਦੌਲਤ ਦਾ ਉੱਕਾ ਵੀ ਘਮੰਡ ਨਹੀਂ ਸੀ। (ਅੱਯੂਬ 31:24, 25, 28) ਉਸ ਨੇ ਹਮੇਸ਼ਾ ਵਿਧਵਾਵਾਂ ਤੇ ਅਨਾਥਾਂ ਦੀ ਲੋੜ ਵੇਲੇ ਮਦਦ ਕੀਤੀ। (ਅੱਯੂਬ 29:12-16) ਉਹ ਆਪਣੀ ਪਤਨੀ ਦਾ ਵਫ਼ਾਦਾਰ ਰਿਹਾ ਅਤੇ ਉਸ ਨੇ ਸੁਪਨੇ ਵਿਚ ਵੀ ਕਿਸੇ ਪਰਾਈ ਤੀਵੀਂ ਬਾਰੇ ਨਹੀਂ ਸੋਚਿਆ।—ਅੱਯੂਬ 31:1, 9, 11.
3. ਯਹੋਵਾਹ ਦੀ ਨਜ਼ਰ ਵਿਚ ਅੱਯੂਬ ਕਿਹੋ ਜਿਹਾ ਇਨਸਾਨ ਸੀ?
3 ਅੱਯੂਬ ਖਰੀ ਚਾਲ ਚਲਿਆ ਕਿਉਂਕਿ ਉਹ ਪਰਮੇਸ਼ੁਰ ਨੂੰ ਬਹੁਤ ਮੰਨਦਾ ਸੀ। ਇਸੇ ਲਈ ਯਹੋਵਾਹ ਨੇ ਉਸ ਬਾਰੇ ਕਿਹਾ ਕਿ ‘ਪਿਰਥਵੀ ਵਿੱਚ ਉਹ ਦੇ ਜਿਹਾ ਕੋਈ ਨਹੀਂ, ਉਹ ਖਰਾ ਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।’ (ਅੱਯੂਬ 1:1, 8) ਪਰ ਅੱਯੂਬ ਦੇ ਨੇਕ-ਚਲਣ ਦੇ ਬਾਵਜੂਦ ਬਿਪਤਾਵਾਂ ਨੇ ਉਸ ਦੀ ਸੁਖਦ ਜ਼ਿੰਦਗੀ ਨੂੰ ਉਜਾੜ ਦਿੱਤਾ। ਉਸ ਦੀ ਜ਼ਿੰਦਗੀ ਭਰ ਦੀ ਮਿਹਨਤ ਮਿੱਟੀ ਵਿਚ ਮਿਲ ਗਈ। ਉਹ ਆਪਣਾ ਸਭ ਕੁਝ ਗੁਆ ਬੈਠਾ। ਕੀ ਮਾਨਸਿਕ ਤੇ ਸਰੀਰਕ ਪੀੜ ਅਤੇ ਗਹਿਰੀ ਨਿਰਾਸ਼ਾ ਕਰਕੇ ਉਸ ਦਾ ਪਰਮੇਸ਼ੁਰ ਤੋਂ ਭਰੋਸਾ ਉੱਠ ਗਿਆ ਸੀ?
4. ਅੱਯੂਬ ਦੇ ਦੁਖਦਾਈ ਤਜਰਬੇ ਬਾਰੇ ਚਰਚਾ ਕਰਨੀ ਕਿਉਂ ਫ਼ਾਇਦੇਮੰਦ ਹੈ?
4 ਸਿਰਫ਼ ਅੱਯੂਬ ਹੀ ਯਹੋਵਾਹ ਦਾ ਅਜਿਹਾ ਇੱਕੋ-ਇਕ ਭਗਤ ਨਹੀਂ ਸੀ ਜਿਸ ਨੂੰ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਿਆ। ਅੱਜ ਵੀ ਯਹੋਵਾਹ ਦੇ ਕਈ ਸੇਵਕਾਂ ਨੂੰ ਦੁਖਦਾਈ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ। ਸੋ ਸਾਡੇ ਲਈ ਦੋ ਸਵਾਲਾਂ ਉੱਤੇ ਗੌਰ ਕਰਨਾ ਚੰਗੀ ਗੱਲ ਹੋਵੇਗੀ। ਪਹਿਲਾ, ਅੱਯੂਬ ਦਾ ਤਜਰਬਾ ਸਾਨੂੰ ਦੁੱਖਾਂ ਦਾ ਸਾਮ੍ਹਣਾ ਕਰਨ ਦਾ ਹੌਸਲਾ ਕਿਵੇਂ ਦੇ ਸਕਦਾ ਹੈ? ਅਤੇ ਦੂਸਰਾ, ਅੱਯੂਬ ਦੀ ਕਹਾਣੀ ਤੋਂ ਅਸੀਂ ਦੂਸਰਿਆਂ ਦੇ ਦੁੱਖਾਂ ਵਿਚ ਦਰਦੀ ਬਣਨ ਬਾਰੇ ਕੀ ਸਿੱਖਦੇ ਹਾਂ?
ਵਫ਼ਾਦਾਰੀ ਦੀ ਪਰਖ
5. ਸ਼ਤਾਨ ਮੁਤਾਬਕ ਅੱਯੂਬ ਪਰਮੇਸ਼ੁਰ ਦੀ ਸੇਵਾ ਕਿਉਂ ਕਰਦਾ ਸੀ?
5 ਅੱਯੂਬ ਉੱਤੇ ਆਈਆਂ ਮੁਸੀਬਤਾਂ ਜ਼ਿੰਦਗੀ ਦੀਆਂ ਆਮ ਦੁੱਖ-ਤਕਲੀਫ਼ਾਂ ਨਹੀਂ ਸਨ। ਅੱਯੂਬ ਨੂੰ ਇਹ ਨਹੀਂ ਸੀ ਪਤਾ ਕਿ ਸ਼ਤਾਨ ਨੇ ਉਸ ਉੱਤੇ ਦੋਸ਼ ਲਾਇਆ ਸੀ ਕਿ ਉਹ ਆਪਣੇ ਸੁਆਰਥ ਲਈ ਪਰਮੇਸ਼ੁਰ ਦੀ ਭਗਤੀ ਕਰਦਾ ਸੀ। ਇਕ ਮੌਕੇ ਤੇ ਜਦੋਂ ਯਹੋਵਾਹ ਦੇ ਸਵਰਗੀ ਦਰਬਾਰ ਵਿਚ ਉਸ ਦੇ ਸਾਰੇ ਆਤਮਿਕ ਪੁੱਤਰ ਇਕੱਠੇ ਹੋਏ ਸਨ, ਤਾਂ ਯਹੋਵਾਹ ਨੇ ਅੱਯੂਬ ਦੇ ਸਦਗੁਣਾਂ ਦੀ ਤਾਰੀਫ਼ ਕੀਤੀ ਸੀ। ਉਦੋਂ ਸ਼ਤਾਨ ਨੇ ਇਹ ਕਹਿ ਕੇ ਯਹੋਵਾਹ ਨੂੰ ਮਿਹਣਾ ਮਾਰਿਆ ਸੀ: “ਕੀ ਤੈਂ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ?” ਫਿਰ ਸ਼ਤਾਨ ਨੇ ਯਹੋਵਾਹ ਨੂੰ ਲਲਕਾਰਦੇ ਹੋਏ ਕਿਹਾ: “ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੋਹ। ਉਹ ਤੇਰੇ ਮੂੰਹ ਉੱਤੇ ਫਿਟਕਾਰਾਂ ਪਾਊਗਾ!” ਇਸ ਪੂਰੇ ਬਿਰਤਾਂਤ ਤੋਂ ਸੰਕੇਤ ਮਿਲਦਾ ਹੈ ਕਿ ਸ਼ਤਾਨ ਨੇ ਯਹੋਵਾਹ ਦੇ ਸਾਰੇ ਸੇਵਕਾਂ ਉੱਤੇ ਸੁਆਰਥੀ ਹੋਣ ਦਾ ਇਲਜ਼ਾਮ ਲਗਾਇਆ ਹੈ।—ਅੱਯੂਬ 1:8-11.
6. ਸ਼ਤਾਨ ਨੇ ਕਿਹੜਾ ਗੰਭੀਰ ਇਲਜ਼ਾਮ ਲਾਇਆ ਸੀ?
6 ਸ਼ਤਾਨ ਦਾ ਇਹ ਇਲਜ਼ਾਮ ਬਹੁਤ ਹੀ ਗੰਭੀਰ ਸੀ। ਉਸ ਨੇ ਯਹੋਵਾਹ ਉੱਤੇ ਦੋਸ਼ ਲਾਇਆ ਕਿ ਉਸ ਦਾ ਆਪਣੀ ਸ੍ਰਿਸ਼ਟੀ ਉੱਤੇ ਰਾਜ ਕਰਨ ਦਾ ਤਰੀਕਾ ਗ਼ਲਤ ਸੀ। ਕੀ ਪਰਮੇਸ਼ੁਰ ਦੇ ਸੇਵਕ ਇਸ ਲਈ ਉਸ ਦੇ ਅਧੀਨ ਰਹਿੰਦੇ ਹਨ ਕਿਉਂਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਹਨ? ਸ਼ਤਾਨ ਦਾ ਦਾਅਵਾ ਸੀ ਕਿ ਯਹੋਵਾਹ ਦੇ ਸਾਰੇ ਸੇਵਕ ਸਿਰਫ਼ ਆਪਣੇ ਸੁਆਰਥ ਲਈ ਹੀ ਯਹੋਵਾਹ ਨੂੰ ਪੂਜਦੇ ਹਨ। ਪਰ ਯਹੋਵਾਹ ਨੂੰ ਅੱਯੂਬ ਦੀ ਵਫ਼ਾਦਾਰੀ ਉੱਤੇ ਪੱਕਾ ਵਿਸ਼ਵਾਸ ਸੀ। ਇਸ ਲਈ ਉਸ ਨੇ ਸ਼ਤਾਨ ਨੂੰ ਅੱਯੂਬ ਦੀ ਵਫ਼ਾਦਾਰੀ ਨੂੰ ਪਰਖਣ ਦੀ ਇਜਾਜ਼ਤ ਦਿੱਤੀ। ਸੋ ਸ਼ਤਾਨ ਅੱਯੂਬ ਉੱਤੇ ਇਕ ਤੋਂ ਬਾਅਦ ਇਕ ਦੁੱਖ ਲਿਆਇਆ। ਪਰ ਜਦੋਂ ਅੱਯੂਬ ਨੇ ਆਪਣੀ ਵਫ਼ਾਦਾਰੀ ਬਣਾਈ ਰੱਖੀ, ਤਾਂ ਸ਼ਤਾਨ ਨੇ ਉਸ ਨੂੰ ਇਕ ਨਾਮੁਰਾਦ ਬੀਮਾਰੀ ਲਾ ਦਿੱਤੀ ਜਿਸ ਕਰਕੇ ਅੱਯੂਬ ਤੜਫ ਉੱਠਿਆ। ਸ਼ਤਾਨ ਦਾ ਦਾਅਵਾ ਸੀ ਕਿ “ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।”—ਅੱਯੂਬ 2:4.
7. ਅੱਜ ਪਰਮੇਸ਼ੁਰ ਦੇ ਸੇਵਕਾਂ ਨੂੰ ਅੱਯੂਬ ਵਾਂਗ ਕਿਹੜੇ ਦੁੱਖ ਝੱਲਣੇ ਪੈਂਦੇ ਹਨ?
7 ਅੱਜ ਭਾਵੇਂ ਪਰਮੇਸ਼ੁਰ ਦੇ ਜ਼ਿਆਦਾਤਰ ਸੇਵਕਾਂ ਨੂੰ ਉਸ ਹੱਦ ਤਕ ਦੁੱਖ ਨਹੀਂ ਸਹਿਣੇ ਪੈਂਦੇ ਜਿਸ ਹੱਦ ਤਕ ਅੱਯੂਬ ਨੂੰ ਝੱਲਣੇ ਪਏ ਸਨ, ਪਰ ਫਿਰ ਵੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕਈਆਂ ਨੂੰ ਜ਼ੁਲਮ ਜਾਂ ਘਰ ਵਿਚ ਕਲੇਸ਼ ਸਹਿਣਾ ਪੈਂਦਾ ਹੈ। ਕੁਝ ਲੋਕ ਆਰਥਿਕ ਤੰਗੀਆਂ ਜਾਂ ਖ਼ਰਾਬ ਸਿਹਤ ਕਰਕੇ ਦੁਖੀ ਹਨ। ਕਈਆਂ ਨੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿੰਦਿਆਂ ਆਪਣੀ ਜਾਨ ਤਕ ਦੇ ਦਿੱਤੀ। ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਹਰ ਸਮੱਸਿਆ ਸ਼ਤਾਨ ਦੀ ਬਦੌਲਤ ਹੈ। ਕਈ ਵਾਰ ਸਮੱਸਿਆਵਾਂ ਸਾਡੀਆਂ ਆਪਣੀਆਂ ਗ਼ਲਤੀਆਂ ਕਰਕੇ ਜਾਂ ਆਦਮ ਤੋਂ ਵਿਰਸੇ ਵਿਚ ਮਿਲੇ ਪਾਪੀ ਸੁਭਾਅ ਕਰਕੇ ਵੀ ਖੜ੍ਹੀਆਂ ਹੁੰਦੀਆਂ ਹਨ। (ਗਲਾਤੀਆਂ 6:7) ਅਤੇ ਬੁਢਾਪਾ ਤੇ ਕੁਦਰਤੀ ਆਫ਼ਤਾਂ ਕਿਸੇ ਦਾ ਲਿਹਾਜ਼ ਨਹੀਂ ਕਰਦੀਆਂ। ਬਾਈਬਲ ਸਾਫ਼ ਕਹਿੰਦੀ ਹੈ ਕਿ ਯਹੋਵਾਹ ਆਪਣੇ ਸੇਵਕਾਂ ਦੀ ਹਰ ਮੁਸੀਬਤ ਤੋਂ ਰਾਖੀ ਨਹੀਂ ਕਰਦਾ, ਸਗੋਂ ਉਪਦੇਸ਼ਕ 9:11 ਵਿਚ ਲਿਖਿਆ ਹੈ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।”—ਪਵਿੱਤਰ ਬਾਈਬਲ ਨਵਾਂ ਅਨੁਵਾਦ।
8. ਸ਼ਤਾਨ ਸਾਡੇ ਦੁੱਖਾਂ ਤੇ ਮੁਸ਼ਕਲਾਂ ਦਾ ਕਿਵੇਂ ਫ਼ਾਇਦਾ ਉਠਾ ਸਕਦਾ ਹੈ?
8 ਭਾਵੇਂ ਕਿ ਸ਼ਤਾਨ ਸਾਰੇ ਦੁੱਖਾਂ ਲਈ ਜ਼ਿੰਮੇਵਾਰ ਨਹੀਂ ਹੈ, ਪਰ ਉਹ ਇਨ੍ਹਾਂ ਦਾ ਫ਼ਾਇਦਾ ਉਠਾਉਂਦੇ ਹੋਏ ਸਾਡੀ ਨਿਹਚਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਪੌਲੁਸ ਰਸੂਲ ਨੇ ਕਿਹਾ ਸੀ ਕਿ ਉਸ ਦੇ “ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ਤਾਨ ਦਾ ਘੱਲਿਆ ਹੋਇਆ ਭਈ ਉਹ ਮੈਨੂੰ ਹੂਰੇ ਮਾਰੇ।” (2 ਕੁਰਿੰਥੀਆਂ 12:7) ਸਾਨੂੰ ਪੱਕਾ ਨਹੀਂ ਪਤਾ ਕਿ ਪੌਲੁਸ ਕਿਸ ਕੰਡੇ ਜਾਂ ਦੁੱਖ ਦੀ ਗੱਲ ਕਰ ਰਿਹਾ ਸੀ। ਇਹ ਉਸ ਦੀ ਕਮਜ਼ੋਰ ਨਜ਼ਰ ਜਾਂ ਕੋਈ ਹੋਰ ਸਮੱਸਿਆ ਹੋ ਸਕਦੀ ਸੀ। ਜੋ ਵੀ ਸੀ, ਪਰ ਪੌਲੁਸ ਜਾਣਦਾ ਸੀ ਕਿ ਸ਼ਤਾਨ ਉਸ ਦੀ ਸਮੱਸਿਆ ਅਤੇ ਨਿਰਾਸ਼ਾ ਦਾ ਫ਼ਾਇਦਾ ਉਠਾਉਂਦੇ ਹੋਏ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਉਸ ਦੀ ਖ਼ੁਸ਼ੀ ਨੂੰ ਮਿਟਾ ਸਕਦਾ ਸੀ। ਨਤੀਜੇ ਵਜੋਂ, ਸ਼ਤਾਨ ਲਈ ਉਸ ਦੀ ਵਫ਼ਾਦਾਰੀ ਨੂੰ ਤੋੜਨਾ ਆਸਾਨ ਹੋ ਜਾਂਦਾ। (ਕਹਾਉਤਾਂ 24:10) ਅੱਜ ਸ਼ਤਾਨ ਪਰਮੇਸ਼ੁਰ ਦੇ ਸੇਵਕਾਂ ਨੂੰ ਤੰਗ ਕਰਨ ਲਈ ਉਨ੍ਹਾਂ ਦੇ ਆਪਣੇ ਹੀ ਘਰਦਿਆਂ ਨੂੰ, ਸਹਿਪਾਠੀਆਂ ਨੂੰ ਜਾਂ ਤਾਨਾਸ਼ਾਹ ਸਰਕਾਰਾਂ ਨੂੰ ਆਪਣਾ ਮੋਹਰਾ ਬਣਾ ਸਕਦਾ ਹੈ।
9. ਸਾਡੇ ਉੱਤੇ ਮੁਸੀਬਤਾਂ ਜਾਂ ਸਤਾਹਟਾਂ ਆਉਣ ਤੇ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ?
9 ਅਸੀਂ ਇਨ੍ਹਾਂ ਮੁਸ਼ਕਲਾਂ ਦਾ ਡੱਟ ਕੇ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਮੁਸ਼ਕਲਾਂ ਨੂੰ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦੇਣ ਦਾ ਸੁਨਹਿਰਾ ਮੌਕਾ ਸਮਝੋ ਅਤੇ ਸਾਬਤ ਕਰ ਦਿਖਾਓ ਕਿ ਅਸੀਂ ਹਰ ਹੀਲੇ ਉਸੇ ਦਾ ਕਹਿਣਾ ਮੰਨਾਂਗੇ। (ਯਾਕੂਬ 1:2-4) ਅਸੀਂ ਭਾਵੇਂ ਕਿਸੇ ਵੀ ਬਿਪਤਾ ਵਿਚ ਕਿਉਂ ਨਾ ਘਿਰੇ ਹੋਈਏ, ਪਰ ਜੇ ਅਸੀਂ ਇਹ ਗੱਲ ਯਾਦ ਰੱਖੀਏ ਕਿ ਯਹੋਵਾਹ ਦੇ ਵਫ਼ਾਦਾਰ ਰਹਿ ਕੇ ਅਸੀਂ ਸ਼ਤਾਨ ਦੇ ਝੂਠੇ ਦੋਸ਼ ਦਾ ਮੂੰਹ-ਤੋੜ ਜਵਾਬ ਦਿੰਦੇ ਹਾਂ, ਤਾਂ ਇਹ ਸਾਨੂੰ ਯਹੋਵਾਹ ਦਾ ਪੱਲਾ ਨਾ ਛੱਡਣ ਦੀ ਤਾਕਤ ਦੇਵੇਗਾ। ਪਤਰਸ ਰਸੂਲ ਨੇ ਮਸੀਹੀਆਂ ਨੂੰ ਲਿਖਿਆ ਸੀ: “ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹ ਨੂੰ ਅਚਰਜ ਨਾ ਮੰਨੋ ਭਈ ਜਿੱਕੁਰ ਤੁਹਾਡੇ ਨਾਲ ਕੋਈ ਅਣੋਖੀ ਗੱਲ ਪਈ ਬੀਤਦੀ ਹੈ।” (1 ਪਤਰਸ 4:12) ਪੌਲੁਸ ਨੇ ਵੀ ਕਿਹਾ ਸੀ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12) ਜਿਵੇਂ ਸ਼ਤਾਨ ਨੇ ਅੱਯੂਬ ਤੇ ਦੋਸ਼ ਲਾਇਆ ਸੀ, ਅੱਜ ਉਹ ਯਹੋਵਾਹ ਦੇ ਸਾਰੇ ਸੇਵਕਾਂ ਦੀ ਵਫ਼ਾਦਾਰੀ ਉੱਤੇ ਵੀ ਸਵਾਲ ਖੜ੍ਹਾ ਕਰ ਰਿਹਾ ਹੈ। ਹੋਰ ਤਾਂ ਹੋਰ, ਬਾਈਬਲ ਦਿਖਾਉਂਦੀ ਹੈ ਕਿ ਇਸ ਬੁਰੀ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਸ਼ਤਾਨ ਪਰਮੇਸ਼ੁਰ ਦੇ ਸੇਵਕਾਂ ਦੀ ਵਫ਼ਾਦਾਰੀ ਤੋੜਨ ਦੀ ਵਧ-ਚੜ੍ਹ ਕੇ ਕੋਸ਼ਿਸ਼ ਕਰ ਰਿਹਾ ਹੈ।—ਪਰਕਾਸ਼ ਦੀ ਪੋਥੀ 12:9, 17.
ਗ਼ਲਤ ਸੋਚ ਅਤੇ ਗ਼ਲਤ ਦਲੀਲਾਂ
10. ਅੱਯੂਬ ਕਿਹੜੀ ਗੱਲ ਨਹੀਂ ਜਾਣਦਾ ਸੀ?
10 ਅੱਜ ਅਸੀਂ ਇਕ ਗੱਲ ਜਾਣਦੇ ਹਾਂ ਜੋ ਅੱਯੂਬ ਨਹੀਂ ਜਾਣਦਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਉਸ ਉੱਤੇ ਆਫ਼ਤਾਂ ਕਿਉਂ ਆ ਰਹੀਆਂ ਸਨ। ਉਸ ਨੇ ਆਪਣੇ ਦੁੱਖਾਂ ਦਾ ਗ਼ਲਤ ਕਾਰਨ ਸੋਚਦਿਆਂ ਕਿਹਾ ਕਿ “ਯਹੋਵਾਹ ਨੇ ਦਿੱਤਾ ਯਹੋਵਾਹ ਨੇ ਹੀ ਲੈ ਲਿਆ।” (ਅੱਯੂਬ 1:21) ਸ਼ਾਇਦ ਸ਼ਤਾਨ ਨੇ ਅਜਿਹੇ ਤਰੀਕਿਆਂ ਨਾਲ ਅੱਯੂਬ ਉੱਤੇ ਮੁਸੀਬਤਾਂ ਲਿਆਂਦੀਆਂ ਕਿ ਉਸ ਨੂੰ ਇਹੋ ਲੱਗੇ ਕਿ ਉਸ ਦੀਆਂ ਮੁਸੀਬਤਾਂ ਦਾ ਕਾਰਨ ਪਰਮੇਸ਼ੁਰ ਸੀ।
11. ਦੱਸੋ ਕਿ ਆਫ਼ਤਾਂ ਵਿਚ ਘਿਰੇ ਅੱਯੂਬ ਨੇ ਕਿਵੇਂ ਮਹਿਸੂਸ ਕੀਤਾ ਸੀ।
11 ਬਿਪਤਾਵਾਂ ਦੀ ਮਾਰ ਸਹਿੰਦਿਆਂ ਅੱਯੂਬ ਬਹੁਤ ਹੀ ਨਿਰਾਸ਼ ਹੋ ਗਿਆ ਸੀ, ਪਰ ਫਿਰ ਵੀ ਉਸ ਨੇ ਆਪਣੀ ਪਤਨੀ ਦੇ ਕਹਿਣ ਤੇ ਪਰਮੇਸ਼ੁਰ ਨੂੰ ਨਹੀਂ ਫਿਟਕਾਰਿਆ। (ਅੱਯੂਬ 2:9, 10) ਉਸ ਨੇ ਕਿਹਾ ਕਿ ‘ਮੇਰੇ ਨਾਲੋਂ ਤਾਂ ਭੈੜੇ ਲੋਕ ਜ਼ਿਆਦਾ ਸੁਖੀ ਹਨ।’ (ਅੱਯੂਬ 21:7-9) ਉਸ ਨੇ ਮਨ ਹੀ ਮਨ ਵਿਚ ਸੋਚਿਆ ਹੋਣਾ ਕਿ ‘ਪਰਮੇਸ਼ੁਰ ਮੇਰੇ ਨਾਲ ਇੱਦਾਂ ਕਿਉਂ ਕਰ ਰਿਹਾ ਹੈ?’ ਕਈ ਵਾਰ ਤਾਂ ਉਸ ਨੇ ਦੁਖੀ ਹੋ ਕੇ ਪਰਮੇਸ਼ੁਰ ਤੋਂ ਮੌਤ ਮੰਗੀ: “ਕਾਸ਼ ਕਿ ਤੂੰ ਮੈਨੂੰ ਪਤਾਲ ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛਿਪਾ ਰੱਖੇਂ ਜਦ ਤੀਕ ਤੇਰਾ ਕ੍ਰੋਧ ਨਾ ਹਟੇ!”—ਅੱਯੂਬ 14:13.
12, 13. ਅੱਯੂਬ ਦੇ ਤਿੰਨ ਦੋਸਤਾਂ ਦੀਆਂ ਗੱਲਾਂ ਦਾ ਉਸ ਉੱਤੇ ਕੀ ਅਸਰ ਪਿਆ?
12 ਅੱਯੂਬ ਦੇ ਤਿੰਨ ਦੋਸਤ “ਉਹ ਦਾ ਦੁੱਖ ਵੰਡਾਉਣ ਅਤੇ ਉਹ ਨੂੰ ਦਿਲਾਸਾ ਦੇਣ” ਲਈ ਆਏ। (ਅੱਯੂਬ 2:11) ਪਰ ਉਹ “ਦੁਖ ਦਾਇਕ ਤਸੱਲੀ ਦੇਣ ਵਾਲੇ” ਸਿੱਧ ਹੋਏ। (ਅੱਯੂਬ 16:2) ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਹਮਦਰਦੀ ਨਾਲ ਅੱਯੂਬ ਦਾ ਦੁੱਖ ਵੰਡਾਉਂਦੇ। ਪਰ ਉਨ੍ਹਾਂ ਨੇ ਆਪਣੀਆਂ ਚੁਭਵੀਆਂ ਗੱਲਾਂ ਨਾਲ ਉਸ ਦੀ ਉਲਝਣ ਨੂੰ ਹੋਰ ਵੀ ਵਧਾ ਦਿੱਤਾ ਤੇ ਉਸ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ।—ਅੱਯੂਬ 19:2; 26:2.
13 ਦੁੱਖਾਂ ਕਰਕੇ ਅੱਯੂਬ ਦੇ ਮਨ ਵਿਚ ਸ਼ਾਇਦ ਇੱਦਾਂ ਦੇ ਸਵਾਲ ਖੜ੍ਹੇ ਹੋਏ ਹੋਣਗੇ: ‘ਇਹ ਸਭ ਕੁਝ ਮੇਰੇ ਨਾਲ ਹੀ ਕਿਉਂ ਹੋ ਰਿਹਾ? ਆਖ਼ਰ ਮੇਰਾ ਕਸੂਰ ਕੀ ਹੈ?’ ਉਸ ਦੇ ਦੋਸਤਾਂ ਨੇ ਉਸ ਦੀਆਂ ਤਕਲੀਫ਼ਾਂ ਦਾ ਬਿਲਕੁਲ ਗ਼ਲਤ ਕਾਰਨ ਦੱਸਿਆ। ਉਨ੍ਹਾਂ ਮੁਤਾਬਕ ਅੱਯੂਬ ਨੇ ਜ਼ਰੂਰ ਕੋਈ ਗੰਭੀਰ ਪਾਪ ਕਰ ਕੇ ਆਪਣੇ ਉੱਤੇ ਦੁੱਖ ਲਿਆਂਦਾ ਸੀ। ਇਕ ਦੋਸਤ ਅਲੀਫ਼ਜ਼ ਨੇ ਸਵਾਲ ਕੀਤਾ: “ਕਿਹੜਾ ਬੇਦੋਸ਼ਾ ਕਦੇ ਨਾਸ਼ ਹੋਇਆ, ਯਾ ਨੇਕ ਜਨ ਕਿੱਥੇ ਮਿਟਾਏ ਗਏ? ਮੇਰੇ ਵੇਖਣ ਵਿੱਚ ਤਾਂ ਬਦੀ ਦੇ ਵਾਹੁਣ ਵਾਲੇ ਅਤੇ ਕਸ਼ਟ ਦੇ ਬੀਜਣ ਵਾਲੇ ਉਹੋ ਕੁਝ ਵੱਢਦੇ ਹਨ।”—ਅੱਯੂਬ 4:7, 8.
14. ਕੀ ਸਾਡੇ ਉੱਤੇ ਦੁੱਖ-ਤਕਲੀਫ਼ਾਂ ਇਸ ਲਈ ਆਉਂਦੀਆਂ ਹਨ ਕਿ ਅਸੀਂ ਕੋਈ ਬੁਰਾ ਕੰਮ ਕੀਤਾ ਹੈ?
14 ਇਹ ਸੱਚ ਹੈ ਕਿ ਜੇਕਰ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਬਜਾਇ ਆਪਣੀਆਂ ਗ਼ਲਤ ਇੱਛਾਵਾਂ ਪੂਰੀਆਂ ਕਰਾਂਗੇ, ਤਾਂ ਅਸੀਂ ਮੁਸ਼ਕਲਾਂ ਵਿਚ ਪੈ ਸਕਦੇ ਹਾਂ। (ਗਲਾਤੀਆਂ 6:7, 8) ਪਰ ਅੱਜ ਦੀ ਦੁਸ਼ਟ ਦੁਨੀਆਂ ਵਿਚ ਬਿਨਾਂ ਸਾਡੀ ਆਪਣੀ ਕਿਸੇ ਗ਼ਲਤੀ ਦੇ ਵੀ ਸਾਨੂੰ ਦੁੱਖ ਭੋਗਣੇ ਪੈ ਸਕਦੇ ਹਨ। ਬੇਕਸੂਰ ਤੇ ਮਾਸੂਮ ਲੋਕਾਂ ਉੱਤੇ ਵੀ ਸਮੱਸਿਆਵਾਂ ਆਉਂਦੀਆਂ ਹਨ। ਯਿਸੂ ਮਸੀਹ ‘ਨਿਰਮਲ ਅਤੇ ਪਾਪੀਆਂ ਤੋਂ ਨਿਆਰਾ’ ਸੀ, ਫਿਰ ਵੀ ਲੋਕਾਂ ਨੇ ਉਸ ਨੂੰ ਸੂਲੀ ਉੱਤੇ ਚਾੜ੍ਹ ਕੇ ਜਾਨੋਂ ਮਾਰ ਦਿੱਤਾ। ਇਸੇ ਤਰ੍ਹਾਂ ਯਿਸੂ ਦਾ ਚੇਲਾ ਯਾਕੂਬ ਵੀ ਧਰਮ ਦੀ ਖ਼ਾਤਰ ਸ਼ਹੀਦ ਹੋਇਆ ਸੀ। (ਇਬਰਾਨੀਆਂ 7:26; ਰਸੂਲਾਂ ਦੇ ਕਰਤੱਬ 12:1, 2) ਅਲੀਫ਼ਜ਼ ਤੇ ਉਸ ਦੇ ਦੋ ਸਾਥੀਆਂ ਦੀਆਂ ਗ਼ਲਤ ਦਲੀਲਾਂ ਸੁਣ ਕੇ ਅੱਯੂਬ ਦਾ ਜੀਅ ਬੜਾ ਦੁਖੀ ਹੋਇਆ ਅਤੇ ਉਸ ਨੇ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਸਫ਼ਾਈ ਪੇਸ਼ ਕੀਤੀ। ਪਰ ਉਸ ਦੇ ਝੂਠੇ ਦੋਸਤ ਆਪਣੀ ਗੱਲ ਤੇ ਅੜੇ ਰਹੇ ਕਿ ਅੱਯੂਬ ਨੂੰ ਆਪਣੇ ਪਾਪਾਂ ਦੀ ਸਜ਼ਾ ਮਿਲ ਰਹੀ ਸੀ। ਉਨ੍ਹਾਂ ਦੀਆਂ ਗੱਲਾਂ ਸੁਣ-ਸੁਣ ਕੇ ਸ਼ਾਇਦ ਅੱਯੂਬ ਨੂੰ ਵੀ ਪਰਮੇਸ਼ੁਰ ਦੇ ਇਨਸਾਫ਼ ਉੱਤੇ ਸ਼ੱਕ ਹੋਣ ਲੱਗ ਪਿਆ ਸੀ।—ਅੱਯੂਬ 34:5; 35:2.
ਮੁਸੀਬਤਾਂ ਸਹਿਣ ਵਿਚ ਮਦਦ
15. ਦੁਖਦਾਈ ਹਾਲਾਤਾਂ ਵਿਚ ਸਾਨੂੰ ਕੀ ਨਜ਼ਰੀਆ ਰੱਖਣਾ ਚਾਹੀਦਾ ਹੈ?
15 ਕੀ ਅਸੀਂ ਅੱਯੂਬ ਦੇ ਤਜਰਬੇ ਤੋਂ ਕੁਝ ਸਿੱਖ ਸਕਦੇ ਹਾਂ? ਜਦੋਂ ਸਾਡੇ ਨਾਲ ਕੋਈ ਦੁਖਦਾਈ ਘਟਨਾ ਵਾਪਰਦੀ ਹੈ ਜਾਂ ਸਾਨੂੰ ਕਿਸੇ ਬੀਮਾਰੀ ਜਾਂ ਸਤਾਹਟ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਸਾਨੂੰ ਇਹ ਸਰਾਸਰ ਬੇਇਨਸਾਫ਼ੀ ਲੱਗਦੀ ਹੈ। ਅਸੀਂ ਸ਼ਾਇਦ ਸੋਚੀਏ ਕਿ ਇਹ ਸਭ ਸਾਡੇ ਨਾਲ ਹੀ ਕਿਉਂ ਹੁੰਦਾ ਹੈ, ਜਦ ਕਿ ਦੂਸਰਿਆਂ ਦੀ ਜ਼ਿੰਦਗੀ ਵਿਚ ਸੁਖ ਹੀ ਸੁਖ ਹਨ। (ਜ਼ਬੂਰਾਂ ਦੀ ਪੋਥੀ 73:3-12) ਅਜਿਹੇ ਮੌਕਿਆਂ ਤੇ ਸਾਡੇ ਲਈ ਆਪਣੇ ਆਪ ਤੋਂ ਇਹ ਜ਼ਰੂਰੀ ਸਵਾਲ ਪੁੱਛਣੇ ਫ਼ਾਇਦੇਮੰਦ ਹੋਣਗੇ: ‘ਕੀ ਮੈਂ ਯਹੋਵਾਹ ਨੂੰ ਇੰਨਾ ਪਿਆਰ ਕਰਦਾ ਹਾਂ ਕਿ ਮੇਰੀ ਜ਼ਿੰਦਗੀ ਵਿਚ ਭਾਵੇਂ ਜੋ ਵੀ ਹੋਵੇ, ਮੈਂ ਉਸ ਦੀ ਸੇਵਾ ਕਰਦਾ ਰਹਾਂਗਾ? ਕੀ ਮੈਂ ਯਹੋਵਾਹ ਦਾ ਵਫ਼ਾਦਾਰ ਰਹਾਂਗਾ ਤਾਂਕਿ ਉਹ “[ਸ਼ਤਾਨ] ਨੂੰ ਉੱਤਰ ਦੇ ਸਕੇ ਜਿਹੜਾ ਉਸ ਨੂੰ ਮੇਹਣਾ ਮਾਰਦਾ ਹੈ?”’ (ਕਹਾਉਤਾਂ 27:11; ਮੱਤੀ 22:37) ਸਾਨੂੰ ਕਦੇ ਵੀ ਦੂਸਰਿਆਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਯਹੋਵਾਹ ਦੇ ਪਿਆਰ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ। ਇਕ ਵਫ਼ਾਦਾਰ ਭੈਣ ਨੂੰ ਸਾਲਾਂ ਬੱਧੀ ਬੀਮਾਰੀ ਸਹਿਣੀ ਪਈ ਸੀ। ਫਿਰ ਵੀ ਉਸ ਨੇ ਕਿਹਾ: “ਮੈਂ ਜਾਣਦੀ ਹਾਂ ਕਿ ਜੋ ਵੀ ਦੁੱਖ ਯਹੋਵਾਹ ਮੇਰੇ ਉੱਤੇ ਆਉਣ ਦਿੰਦਾ ਹੈ, ਉਸ ਨੂੰ ਮੈਂ ਸਹਾਰ ਸਕਦੀ ਹਾਂ। ਮੈਨੂੰ ਪੱਕਾ ਯਕੀਨ ਹੈ ਕਿ ਉਹ ਮੈਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਵੇਗਾ। ਇੱਦਾਂ ਕਦੇ ਨਹੀਂ ਹੋਇਆ ਕਿ ਉਸ ਨੇ ਮੇਰੀ ਮਦਦ ਨਾ ਕੀਤੀ ਹੋਵੇ।”
16. ਪਰਮੇਸ਼ੁਰ ਦਾ ਬਚਨ ਮੁਸ਼ਕਲਾਂ ਨੂੰ ਸਹਿਣ ਵਿਚ ਕਿਵੇਂ ਸਾਡੀ ਮਦਦ ਕਰਦਾ ਹੈ?
16 ਅੱਯੂਬ ਸ਼ਤਾਨ ਦੀਆਂ ਚਾਲਾਂ ਤੋਂ ਅਣਜਾਣ ਸੀ, ਪਰ ਅੱਜ “ਅਸੀਂ ਉਸ ਦਿਆਂ ਚਾਲਿਆਂ ਤੋਂ ਅਣਜਾਣ ਨਹੀਂ।” (2 ਕੁਰਿੰਥੀਆਂ 2:11) ਨਾਲੇ ਸਾਡੇ ਕੋਲ ਪਰਮੇਸ਼ੁਰ ਦਾ ਬਚਨ ਬਾਈਬਲ ਹੈ ਜਿਸ ਵਿਚ ਸਾਨੂੰ ਉਸ ਦੀਆਂ ਚਾਲਾਂ ਤੋਂ ਬਚਣ ਦੀ ਸੇਧ ਦਿੱਤੀ ਗਈ ਹੈ। ਇਸ ਵਿਚ ਅਸੀਂ ਯਹੋਵਾਹ ਦੇ ਉਨ੍ਹਾਂ ਵਫ਼ਾਦਾਰ ਸੇਵਕਾਂ ਦੇ ਤਜਰਬੇ ਵੀ ਪੜ੍ਹਦੇ ਹਾਂ ਜਿਨ੍ਹਾਂ ਨੇ ਹਰ ਕਿਸਮ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਪੌਲੁਸ ਰਸੂਲ ਨੇ ਵੀ ਬਹੁਤ ਦੁੱਖ ਸਹੇ ਸਨ। ਉਸ ਨੇ ਲਿਖਿਆ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਯੂਰਪ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਇਕ ਭਰਾ ਨੂੰ ਯਹੋਵਾਹ ਦੀ ਭਗਤੀ ਕਰਨ ਕਰਕੇ ਕੈਦ ਵਿਚ ਸੁੱਟ ਦਿੱਤਾ ਗਿਆ ਸੀ। ਉਸ ਨੇ ਕਿਸੇ ਤੋਂ ਬਾਈਬਲ ਹਾਸਲ ਕਰਨ ਦੇ ਬਦਲੇ ਵਿਚ ਉਸ ਨੂੰ ਆਪਣਾ ਤਿੰਨ ਦਿਨਾਂ ਦਾ ਖਾਣਾ ਦੇ ਦਿੱਤਾ ਸੀ। ਉਹ ਕਹਿੰਦਾ ਹੈ: “ਮੈਨੂੰ ਇਸ ਲੈਣ-ਦੇਣ ਤੇ ਉੱਕਾ ਵੀ ਪਛਤਾਵਾ ਨਹੀਂ ਹੋਇਆ! ਭਾਵੇਂ ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਸੀ, ਪਰ ਬਾਈਬਲ ਪੜ੍ਹਨ ਨਾਲ ਮੈਨੂੰ ਤੇ ਹੋਰਨਾਂ ਭਰਾਵਾਂ ਨੂੰ ਹਰ ਮੁਸ਼ਕਲ ਸਹਿਣ ਦੀ ਤਾਕਤ ਮਿਲੀ। ਮੈਂ ਉਹ ਬਾਈਬਲ ਅਜੇ ਵੀ ਸਾਂਭ ਕੇ ਰੱਖੀ ਹੋਈ ਹੈ।”
17. ਦੁੱਖਾਂ ਨੂੰ ਸਹਾਰਨ ਵਿਚ ਯਹੋਵਾਹ ਸਾਡੀ ਕਿਨ੍ਹਾਂ ਤਰੀਕਿਆਂ ਨਾਲ ਮਦਦ ਕਰਦਾ ਹੈ?
17 ਬਾਈਬਲ ਤੋਂ ਇਲਾਵਾ ਪਰਮੇਸ਼ੁਰ ਦਾ ਸੰਗਠਨ ਕਈ ਕਿਤਾਬਾਂ-ਰਸਾਲੇ ਵੀ ਛਾਪਦਾ ਹੈ ਜੋ ਸਾਨੂੰ ਸਮੱਸਿਆਵਾਂ ਨਾਲ ਨਜਿੱਠਣ ਬਾਰੇ ਚੰਗੀਆਂ ਸਲਾਹਾਂ ਦਿੰਦੇ ਹਨ। ਇਨ੍ਹਾਂ ਵਿਚ ਕਈ ਭੈਣਾਂ-ਭਰਾਵਾਂ ਦੇ ਤਜਰਬੇ ਛਪਦੇ ਹਨ ਜਿਨ੍ਹਾਂ ਨੇ ਸਾਡੇ ਵਾਂਗ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ। (1 ਪਤਰਸ 5:9) ਇਸ ਤੋਂ ਇਲਾਵਾ ਤੁਸੀਂ ਆਪਣੀਆਂ ਮੁਸ਼ਕਲਾਂ ਨਾਲ ਸਿੱਝਣ ਲਈ ਕਲੀਸਿਯਾ ਵਿਚ ਹਮਦਰਦ ਨਿਗਾਹਬਾਨਾਂ ਜਾਂ ਹੋਰ ਸਿਆਣੇ ਭੈਣਾਂ-ਭਰਾਵਾਂ ਦੀ ਵੀ ਸਲਾਹ ਲੈ ਸਕਦੇ ਹੋ। ਪਰ ਸਭ ਤੋਂ ਜ਼ਿਆਦਾ ਮਦਦ ਸਾਨੂੰ ਪ੍ਰਾਰਥਨਾ ਰਾਹੀਂ ਮਿਲਦੀ ਹੈ ਕਿਉਂਕਿ ਯਹੋਵਾਹ ਆਪਣੀ ਪਵਿੱਤਰ ਆਤਮਾ ਰਾਹੀਂ ਸਾਡੀ ਜ਼ਰੂਰ ਮਦਦ ਕਰੇਗਾ। ਪੌਲੁਸ ਨੇ ਸ਼ਤਾਨ ਦੇ ‘ਹੂਰਿਆਂ’ ਨੂੰ ਕਿਵੇਂ ਸਹਾਰਿਆ ਸੀ? ਪਰਮੇਸ਼ੁਰ ਦੀ ਤਾਕਤ ਨਾਲ। (2 ਕੁਰਿੰਥੀਆਂ 12:9, 10) ਤਾਹੀਓਂ ਉਹ ਲਿਖ ਸਕਿਆ ਕਿ “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:13.
18. ਸਾਡੇ ਧਰਮ ਭੈਣ-ਭਾਈ ਮੁਸ਼ਕਲਾਂ ਸਹਿਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੇ ਹਨ?
18 ਸੋ ਪਰਮੇਸ਼ੁਰ ਨੇ ਸਾਡੀ ਮਦਦ ਕਰਨ ਦਾ ਸਾਰਾ ਇੰਤਜ਼ਾਮ ਕੀਤਾ ਹੈ ਅਤੇ ਸਾਨੂੰ ਇਸ ਤੋਂ ਪੂਰਾ-ਪੂਰਾ ਲਾਭ ਲੈਣਾ ਚਾਹੀਦਾ ਹੈ। ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” (ਕਹਾਉਤਾਂ 24:10) ਠੀਕ ਜਿਵੇਂ ਸਿਓਂਕ ਲੱਕੜ ਦੇ ਬਣੇ ਘਰ ਨੂੰ ਅੰਦਰੋਂ ਖੋਖਲਾ ਕਰ ਕੇ ਡੇਗ ਸਕਦੀ ਹੈ, ਉਸੇ ਤਰ੍ਹਾਂ ਜੇ ਅਸੀਂ ਨਿਰਾਸ਼ਾਜਨਕ ਗੱਲਾਂ ਬਾਰੇ ਸੋਚਦੇ ਰਹੀਏ, ਤਾਂ ਇਸ ਨਾਲ ਸਾਡਾ ਹੌਸਲਾ ਢਹਿ ਸਕਦਾ ਹੈ ਅਤੇ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹਿ ਸਕਾਂਗੇ। ਸਾਨੂੰ ਇਸ ਖ਼ਤਰੇ ਤੋਂ ਬਚਾਉਣ ਲਈ ਯਹੋਵਾਹ ਆਪਣੇ ਹੋਰ ਸੇਵਕਾਂ ਰਾਹੀਂ ਸਾਨੂੰ ਮਜ਼ਬੂਤ ਕਰਦਾ ਹੈ। ਮਿਸਾਲ ਲਈ, ਜਿਸ ਰਾਤ ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ ਸੀ, ਇਕ ਦੂਤ ਨੇ ਉਸ ਨੂੰ ਤਕੜਿਆਂ ਕੀਤਾ ਸੀ। (ਲੂਕਾ 22:43) ਇਸੇ ਤਰ੍ਹਾਂ ਜਦੋਂ ਪੌਲੁਸ ਨੂੰ ਕੈਦੀ ਬਣਾ ਕੇ ਰੋਮ ਲਿਜਾਇਆ ਜਾ ਰਿਹਾ ਸੀ, ਤਾਂ ਰਾਹ ਵਿਚ ਕਈ ਭਰਾ ਉਸ ਨੂੰ ਮਿਲਣ ਆਏ ਸਨ। ਉਨ੍ਹਾਂ ਨੂੰ ਦੇਖ ਕੇ ਪੌਲੁਸ ਨੇ “ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ।” (ਰਸੂਲਾਂ ਦੇ ਕਰਤੱਬ 28:15) ਜਦੋਂ ਇਕ ਜਰਮਨ ਭੈਣ ਨੂੰ ਅੱਲ੍ਹੜ ਉਮਰ ਵਿਚ ਰੈਵਨਜ਼ਬਰੂਕ ਨਜ਼ਰਬੰਦੀ ਕੈਂਪ ਲਿਜਾਇਆ ਗਿਆ ਸੀ, ਤਾਂ ਉਹ ਬਹੁਤ ਘਬਰਾਈ ਹੋਈ ਸੀ। ਪਰ ਫਿਰ ਜੋ ਹੋਇਆ, ਉਸ ਬਾਰੇ ਚੇਤੇ ਕਰਦੀ ਹੋਈ ਉਹ ਦੱਸਦੀ ਹੈ: “ਮੇਰੇ ਪਹੁੰਚਦਿਆਂ ਹੀ ਇਕ ਭੈਣ ਨੇ ਮੇਰਾ ਨਿੱਘਾ ਸੁਆਗਤ ਕੀਤਾ। ਇਕ ਹੋਰ ਵਫ਼ਾਦਾਰ ਭੈਣ ਨੇ ਮੈਨੂੰ ਆਪਣੀ ਛਤਰ-ਛਾਇਆ ਹੇਠ ਲੈ ਲਿਆ। ਯਹੋਵਾਹ ਨਾਲ ਮੇਰੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦਾ ਵੱਡਾ ਹੱਥ ਸੀ।”
‘ਵਫ਼ਾਦਾਰ ਰਹੋ’
19. ਸ਼ਤਾਨ ਅੱਯੂਬ ਦੀ ਵਫ਼ਾਦਾਰੀ ਕਿਉਂ ਨਹੀਂ ਤੋੜ ਸਕਿਆ?
19 ਯਹੋਵਾਹ ਨੇ ਅੱਯੂਬ ਬਾਰੇ ਕਿਹਾ ਸੀ ਕਿ ਉਸ ਨੇ “ਆਪਣੀ ਖਰਿਆਈ ਨੂੰ ਤਕੜਾ ਕਰ ਕੇ ਫੜਿਆ ਹੋਇਆ ਹੈ।” (ਅੱਯੂਬ 2:3) ਭਾਵੇਂ ਅੱਯੂਬ ਆਪਣੇ ਹਾਲਾਤਾਂ ਕਰਕੇ ਬਹੁਤ ਮਾਯੂਸ ਸੀ ਤੇ ਉਸ ਨੂੰ ਆਪਣੇ ਦੁੱਖਾਂ ਦਾ ਕਾਰਨ ਤਕ ਪਤਾ ਨਹੀਂ ਸੀ, ਪਰ ਫਿਰ ਵੀ ਉਹ ਯਹੋਵਾਹ ਦਾ ਵਫ਼ਾਦਾਰ ਰਿਹਾ। ਉਸ ਨੇ ਉਨ੍ਹਾਂ ਅਸੂਲਾਂ ਨੂੰ ਨਹੀਂ ਤਿਆਗਿਆ ਜਿਨ੍ਹਾਂ ਤੇ ਉਹ ਜ਼ਿੰਦਗੀ ਭਰ ਚੱਲਦਾ ਆਇਆ ਸੀ। ਉਸ ਨੇ ਪੱਕੇ ਇਰਾਦੇ ਨਾਲ ਕਿਹਾ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।”—ਅੱਯੂਬ 27:5.
20. ਬਿਪਤਾਵਾਂ ਨੂੰ ਧੀਰਜ ਨਾਲ ਸਹਿਣਾ ਕਿਉਂ ਫ਼ਾਇਦੇਮੰਦ ਹੈ?
20 ਅੱਯੂਬ ਵਰਗਾ ਪੱਕਾ ਇਰਾਦਾ ਸਾਡੀ ਹਰ ਹੀਲੇ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਮਦਦ ਕਰੇਗਾ, ਭਾਵੇਂ ਸਾਡੇ ਉੱਤੇ ਅਜ਼ਮਾਇਸ਼ਾਂ ਤੇ ਮੁਸ਼ਕਲਾਂ ਆਉਣ ਜਾਂ ਦੂਸਰੇ ਸਾਡਾ ਵਿਰੋਧ ਕਰਨ। ਯਿਸੂ ਨੇ ਸਮੁਰਨੇ ਦੀ ਕਲੀਸਿਯਾ ਨੂੰ ਕਿਹਾ ਸੀ: “ਜਿਹੜੇ ਦੁਖ ਤੈਂ ਭੋਗਣੇ ਹਨ ਤੂੰ ਓਹਨਾਂ ਤੋਂ ਨਾ ਡਰੀਂ। ਵੇਖੋ, ਸ਼ਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੀਕ ਬਿਪਤਾ ਹੋਵੇਗੀ। ਤੂੰ ਮਰਨ ਤੋੜੀ ਵਫ਼ਾਦਾਰ ਰਹੁ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ।”—ਪਰਕਾਸ਼ ਦੀ ਪੋਥੀ 2:10.
21, 22. ਦੁੱਖ ਝੱਲਦੇ ਸਮੇਂ ਕਿਹੜੀ ਗੱਲ ਚੇਤੇ ਰੱਖਣ ਨਾਲ ਸਾਨੂੰ ਦਿਲਾਸਾ ਮਿਲ ਸਕਦਾ ਹੈ?
21 ਇਸ ਦੁਨੀਆਂ ਉੱਤੇ ਸ਼ਤਾਨ ਦਾ ਰਾਜ ਹੈ, ਇਸ ਲਈ ਸਾਡੀ ਵਫ਼ਾਦਾਰੀ ਅਤੇ ਧੀਰਜ ਦਾ ਪਰਖਿਆ ਜਾਣਾ ਨਿਸ਼ਚਿਤ ਹੈ। ਪਰ ਯਿਸੂ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਸਾਨੂੰ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਤੋਂ ਡਰਨ ਦੀ ਲੋੜ ਨਹੀਂ। ਬਸ ਸਾਨੂੰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਲੋੜ ਹੈ। ਪੌਲੁਸ ਨੇ ਕਿਹਾ ਸੀ ਕਿ ਸਾਡਾ ‘ਕਸ਼ਟ ਛਿੰਨ ਭਰ ਦਾ ਹੈ,’ ਪਰ ਯਹੋਵਾਹ ਜੋ ਇਨਾਮ ਦੇਵੇਗਾ ਉਹ “ਅੱਤ ਭਾਰੀ ਅਤੇ ਸਦੀਪਕ” ਹੋਵੇਗਾ। (2 ਕੁਰਿੰਥੀਆਂ 4:17, 18) ਭਾਵੇਂ ਅੱਯੂਬ ਨੇ ਬਹੁਤ ਦੁੱਖ ਸਹੇ, ਪਰ ਉਸ ਦੀ ਜ਼ਿੰਦਗੀ ਵਿਚ ਵੱਡਾ ਤੂਫ਼ਾਨ ਆਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਉਸ ਨੂੰ ਜੋ ਖ਼ੁਸ਼ੀਆਂ ਮਿਲੀਆਂ, ਉਹ ਕਿਤੇ ਜ਼ਿਆਦਾ ਸਨ। ਇਨ੍ਹਾਂ ਖ਼ੁਸ਼ੀਆਂ-ਖੇੜਿਆਂ ਨਾਲ ਭਰੇ ਸਾਲਾਂ ਦੀ ਤੁਲਨਾ ਵਿਚ ਉਸ ਦੇ ਕਸ਼ਟ ਵਾਕਈ ਪਲ ਭਰ ਦੇ ਸਨ।—ਅੱਯੂਬ 42:16.
22 ਫਿਰ ਵੀ ਜ਼ਿੰਦਗੀ ਵਿਚ ਕੁਝ ਅਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜੋ ਸਾਡੇ ਬਰਦਾਸ਼ਤ ਤੋਂ ਬਾਹਰ ਜਾਪਦੀਆਂ ਹਨ ਅਤੇ ਜਿਨ੍ਹਾਂ ਦਾ ਸਾਨੂੰ ਕੋਈ ਹੱਲ ਨਹੀਂ ਲੱਭਦਾ। ਅਗਲੇ ਲੇਖ ਵਿਚ ਅਸੀਂ ਅੱਯੂਬ ਦੇ ਤਜਰਬੇ ਤੋਂ ਧੀਰਜ ਰੱਖਣ ਬਾਰੇ ਹੋਰ ਗੱਲਾਂ ਸਿੱਖਾਂਗੇ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਔਖੀ ਘੜੀ ਵਿੱਚੋਂ ਲੰਘ ਰਹੇ ਵਿਅਕਤੀਆਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ।
ਤੁਸੀਂ ਕੀ ਜਵਾਬ ਦਿਓਗੇ?
• ਅੱਯੂਬ ਉੱਤੇ ਸ਼ਤਾਨ ਨੇ ਕੀ ਦੋਸ਼ ਲਾਇਆ ਸੀ?
• ਸਾਨੂੰ ਕਿਉਂ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਸਾਡੇ ਉੱਤੇ ਬਿਪਤਾਵਾਂ ਆਉਂਦੀਆਂ ਹਨ?
• ਯਹੋਵਾਹ ਸਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਕਿਵੇਂ ਦਿੰਦਾ ਹੈ?
[ਸਫ਼ਾ 23 ਉੱਤੇ ਤਸਵੀਰਾਂ]
ਬਾਈਬਲ ਤੇ ਹੋਰ ਪ੍ਰਕਾਸ਼ਨ ਪੜ੍ਹਨ, ਸਿਆਣੇ ਮਸੀਹੀਆਂ ਦੀ ਸਲਾਹ ਲੈਣ ਅਤੇ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੇ ਦਿਲ ਦੀ ਗੱਲ ਦੱਸਣ ਨਾਲ ਸਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਮਿਲੇਗੀ