ਕ੍ਰੀਸਤੋਫ਼ ਪਲਾਨਤੇਨ ਬਾਈਬਲ ਦੇ ਛਪਾਈ ਕੰਮ ਦਾ ਮੋਢੀ
ਯੋਹਾਨਸ ਗੁਟਨਬਰਗ (ਲਗਭਗ 1397-1468 ਈ.) ਨੇ ਹਿੱਲਣਯੋਗ ਟਾਈਪ ਵਰਤਦੇ ਹੋਏ ਪਹਿਲੀ ਬਾਈਬਲ ਛਾਪ ਕੇ ਨਾਮਣਾ ਖੱਟਿਆ ਸੀ। ਪਰ ਛਪਾਈ ਦੇ ਕੰਮ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਉਣ ਵਾਲੇ ਕ੍ਰੀਸਤੋਫ਼ ਪਲਾਨਤੇਨ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਉਸ ਦੀ ਅਣਥੱਕ ਮਿਹਨਤ ਸਦਕਾ 16ਵੀਂ ਸਦੀ ਦੌਰਾਨ ਦੁਨੀਆਂ ਭਰ ਦੇ ਲੋਕਾਂ ਦੇ ਹੱਥਾਂ ਵਿਚ ਕਿਤਾਬਾਂ ਤੇ ਬਾਈਬਲਾਂ ਪਹੁੰਚੀਆਂ।
ਕ੍ਰੀਸਤੋਫ਼ ਪਲਾਨਤੇਨ ਫਰਾਂਸ ਦੇ ਸੀਨ ਆਵਰਟਨ ਸ਼ਹਿਰ ਵਿਚ ਲਗਭਗ 1520 ਈ. ਵਿਚ ਪੈਦਾ ਹੋਇਆ ਸੀ। ਜਦੋਂ ਪਲਾਨਤੇਨ ਤਕਰੀਬਨ 28-29 ਸਾਲਾਂ ਦਾ ਸੀ, ਤਾਂ ਉਹ ਅਜਿਹੀ ਜਗ੍ਹਾ ਜਾ ਕੇ ਰਹਿਣਾ ਚਾਹੁੰਦਾ ਸੀ ਜਿੱਥੇ ਉਸ ਨੂੰ ਫਰਾਂਸ ਨਾਲੋਂ ਜ਼ਿਆਦਾ ਪੈਸਾ ਕਮਾਉਣ ਦੇ ਮੌਕੇ ਮਿਲਣ ਤੇ ਧਰਮ ਪ੍ਰਤੀ ਲੋਕਾਂ ਦੇ ਵਿਚਾਰ ਖੁੱਲ੍ਹੇ ਹੋਣ। ਉਸ ਨੇ ਦੇਖਿਆ ਕਿ ਲੋ ਕੰਟਰੀਜ਼ ਦੇ ਐਂਟਵਰਪ ਸ਼ਹਿਰ ਵਿਚ ਅਜਿਹਾ ਮਾਹੌਲ ਸੀ, ਇਸ ਲਈ ਉਹ ਉੱਥੇ ਜਾ ਕੇ ਵੱਸ ਗਿਆ।a
ਪਲਾਨਤੇਨ ਨੇ ਕਿਤਾਬਾਂ ਦੀਆਂ ਜਿਲਦਾਂ ਬੰਨ੍ਹਣ ਤੇ ਚਮੜੇ ਦੀਆਂ ਚੀਜ਼ਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ। ਉਹ ਚਮੜੇ ਦੀਆਂ ਚੀਜ਼ਾਂ ਬਣਾਉਣ ਵਿਚ ਬੜਾ ਕਾਰੀਗਰ ਸੀ। ਅਮੀਰ ਘਰਾਣਿਆਂ ਦੇ ਲੋਕ ਉਸ ਦੀ ਇਸ ਕਾਰੀਗਰੀ ਦੇ ਦੀਵਾਨੇ ਸਨ। ਪਰ 1555 ਵਿਚ ਇਕ ਘਟਨਾ ਨੇ ਪਲਾਨਤੇਨ ਨੂੰ ਆਪਣਾ ਕਿੱਤਾ ਬਦਲਣ ਲਈ ਮਜਬੂਰ ਕਰ ਦਿੱਤਾ। ਉਹ ਲੋ ਕੰਟਰੀਜ਼ ਉੱਤੇ ਰਾਜ ਕਰ ਰਹੇ ਸਪੇਨ ਦੇ ਬਾਦਸ਼ਾਹ ਫਿੱਲਿਪ ਦੂਜੇ ਨੂੰ ਚਮੜੇ ਦਾ ਇਕ ਥੈਲਾ ਦੇਣ ਜਾ ਰਿਹਾ ਸੀ। ਉਸ ਵੇਲੇ ਐਂਟਵਰਪ ਦੀ ਇਕ ਗਲੀ ਵਿਚ ਕੁਝ ਸ਼ਰਾਬੀਆਂ ਨੇ ਉਸ ਉੱਤੇ ਹਮਲਾ ਕਰ ਕੇ ਉਸ ਦੇ ਮੋਢੇ ਨੂੰ ਤਲਵਾਰ ਨਾਲ ਵਿੰਨ੍ਹ ਦਿੱਤਾ। ਪਲਾਨਤੇਨ ਦਾ ਜ਼ਖ਼ਮ ਤਾਂ ਭਰ ਗਿਆ, ਪਰ ਇਸ ਤੋਂ ਬਾਅਦ ਉਹ ਜ਼ੋਰ ਦਾ ਕੰਮ ਕਰਨ ਤੋਂ ਰਹਿ ਗਿਆ ਜਿਸ ਕਰਕੇ ਉਸ ਨੇ ਆਪਣਾ ਕਿੱਤਾ ਬਦਲ ਲਿਆ। ਐਨਾਬੈਪਟਿਸਟ ਪੰਥ ਦੇ ਇਕ ਸਮੂਹ ਦੇ ਲੀਡਰ ਹੈਨਡ੍ਰਿਕ ਨਿਕਲਾਸ ਤੋਂ ਪੈਸੇ ਮਿਲਣ ਤੇ ਪਲਾਨਤੇਨ ਨੇ ਆਪਣਾ ਛਾਪਾਖ਼ਾਨਾ ਖੋਲ੍ਹ ਲਿਆ।
“ਕੰਮ ਅਤੇ ਲਗਨ”
ਪਲਾਨਤੇਨ ਨੇ ਆਪਣੇ ਛਾਪੇਖ਼ਾਨੇ ਦਾ ਨਾਂ “ਸੁਨਹਿਰੀ ਪਰਕਾਰ” (ਦ ਗੋਲਡਨ ਕੰਪਾਸ) ਰੱਖਿਆ। ਉਸ ਦੇ ਟ੍ਰੇਡਮਾਰਕ ਤੇ ਇਕ ਸੁਨਹਿਰੀ ਪਰਕਾਰ ਬਣੀ ਹੋਈ ਸੀ ਤੇ ਨਾਲ ਹੀ ਲਾਤੀਨੀ ਭਾਸ਼ਾ ਵਿਚ “ਕੰਮ ਅਤੇ ਲਗਨ” ਲਿਖਿਆ ਹੋਇਆ ਸੀ। ਇਹ ਟ੍ਰੇਡਮਾਰਕ ਇਸ ਮਿਹਨਤੀ ਬੰਦੇ ਲਈ ਬਹੁਤ ਹੀ ਢੁਕਵਾਂ ਸੀ।
ਉਸ ਵੇਲੇ ਯੂਰਪ ਵਿਚ ਧਾਰਮਿਕ ਤੇ ਰਾਜਨੀਤਿਕ ਮਾਹੌਲ ਵਿਚ ਕਾਫ਼ੀ ਉਥਲ-ਪੁਥਲ ਚੱਲ ਰਹੀ ਸੀ। ਪਲਾਨਤੇਨ ਇਨ੍ਹਾਂ ਝਗੜਿਆਂ-ਝੇੜਿਆਂ ਵਿਚ ਨਹੀਂ ਪੈਣਾ ਚਾਹੁੰਦਾ ਸੀ ਕਿਉਂਕਿ ਉਸ ਲਈ ਆਪਣਾ ਕੰਮ ਜ਼ਿਆਦਾ ਜ਼ਰੂਰੀ ਸੀ। ਲੇਖਕ ਮਾਉਰਿਟਸ ਸਾਬ ਨੇ ਕਿਹਾ ਕਿ ਭਾਵੇਂ ਪਲਾਨਤੇਨ ਪ੍ਰੋਟੈਸਟੈਂਟ ਸੁਧਾਰਵਾਦੀਆਂ ਦੇ ਖ਼ਿਆਲਾਂ ਨਾਲ ਸਹਿਮਤ ਸੀ, ਪਰ ਉਸ “ਨੇ ਕਦੀ ਕਿਸੇ ਇਕ ਧਰਮ ਨਾਲ ਆਪਣਾ ਨਾਂ ਨਹੀਂ ਸੀ ਜੋੜਿਆ।” ਇਸ ਕਰਕੇ ਪਲਾਨਤੇਨ ਬਾਰੇ ਹਮੇਸ਼ਾ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਹਿੰਦਾ ਸੀ ਕਿ ਉਹ ਕੈਥੋਲਿਕ ਧਰਮ ਦੀਆਂ ਸਿੱਖਿਆਵਾਂ ਦਾ ਵਿਰੋਧ ਕਰਨ ਵਾਲੀਆਂ ਕਿਤਾਬਾਂ ਛਾਪਦਾ ਸੀ। ਇਸ ਕਰਕੇ 1562 ਵਿਚ ਉਸ ਨੂੰ ਭੱਜ ਕੇ ਪੈਰਿਸ ਵਿਚ ਇਕ ਸਾਲ ਰਹਿਣਾ ਪਿਆ।
1563 ਵਿਚ ਪਲਾਨਤੇਨ ਨੇ ਐਂਟਵਰਪ ਵਾਪਸ ਆ ਕੇ ਅਮੀਰ ਵਪਾਰੀਆਂ ਨਾਲ ਹਿੱਸੇਦਾਰੀ ਪਾ ਲਈ। ਇਨ੍ਹਾਂ ਵਿੱਚੋਂ ਕਈ ਵਪਾਰੀ ਕੈਲਵਿਨਵਾਦੀ (Calvinists) ਸਨ। ਪੰਜਾਂ ਸਾਲਾਂ ਦੀ ਹਿੱਸੇਦਾਰੀ ਦੌਰਾਨ ਪਲਾਨਤੇਨ ਨੇ ਆਪਣੇ ਛਾਪੇਖ਼ਾਨੇ ਵਿਚ 260 ਵੱਖੋ-ਵੱਖਰੀਆਂ ਕਿਤਾਬਾਂ ਛਾਪੀਆਂ। ਇਨ੍ਹਾਂ ਵਿਚ ਇਬਰਾਨੀ, ਯੂਨਾਨੀ ਤੇ ਲਾਤੀਨੀ ਬਾਈਬਲਾਂ ਤੇ ਚਮਕੀਲੇ ਰੰਗਾਂ ਨਾਲ ਸਜੀ ਡੱਚ ਕੈਥੋਲਿਕ ਲੂਵੇਂ ਬਾਈਬਲ ਵੀ ਸ਼ਾਮਲ ਸੀ।
“ਛਪਾਈ ਦੇ ਖੇਤਰ ਵਿਚ ਸਭ ਤੋਂ ਮਹੱਤਵਪੂਰਣ ਪ੍ਰਾਪਤੀ”
1567 ਵਿਚ ਲੋ ਕੰਟਰੀਜ਼ ਵਿਚ ਸਪੇਨੀ ਬਾਦਸ਼ਾਹਤ ਦੇ ਵਿਰੁੱਧ ਬਗਾਵਤ ਵਧ ਰਹੀ ਸੀ। ਇਸ ਲਈ ਸਪੇਨ ਦੇ ਬਾਦਸ਼ਾਹ ਫਿੱਲਿਪ ਦੂਜੇ ਨੇ ਔਲਬੌ ਦੇ ਡਿਊਕ ਨੂੰ ਲੋ ਕੰਟਰੀਜ਼ ਦਾ ਗਵਰਨਰ ਬਣਾ ਕੇ ਉੱਥੇ ਘੱਲਿਆ। ਬਾਦਸ਼ਾਹ ਤੋਂ ਮਿਲੇ ਇਖ਼ਤਿਆਰ ਨਾਲ ਡਿਊਕ ਨੇ ਪ੍ਰੋਟੈਸਟੈਂਟ ਧਰਮ ਦੀ ਬਗਾਵਤ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਪਲਾਨਤੇਨ ਨੇ ਇਕ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ। ਉਹ ਚਾਹੁੰਦਾ ਸੀ ਕਿ ਇਸ ਪ੍ਰਾਜੈਕਟ ਰਾਹੀਂ ਉਸ ਉੱਤੇ ਕੈਥੋਲਿਕ ਧਰਮ ਦਾ ਵਿਰੋਧੀ ਹੋਣ ਦੇ ਲਾਏ ਜਾ ਰਹੇ ਦੋਸ਼ ਮਿੱਟ ਜਾਣ। ਉਸ ਦੀ ਤਮੰਨਾ ਸੀ ਕਿ ਉਹ ਇਬਰਾਨੀ ਤੇ ਯੂਨਾਨੀ ਭਾਸ਼ਾਵਾਂ ਵਿਚ ਬਾਈਬਲ ਦਾ ਇਕ ਉੱਤਮ ਅੰਕ ਛਾਪੇ। ਇਸ ਪ੍ਰਾਜੈਕਟ ਲਈ ਪਲਾਨਤੇਨ ਨੇ ਫਿੱਲਿਪ ਦੂਜੇ ਦੀ ਮਦਦ ਹਾਸਲ ਕਰ ਲਈ। ਬਾਦਸ਼ਾਹ ਨੇ ਇਸ ਕੰਮ ਲਈ ਪੈਸਾ ਦੇਣ ਦਾ ਵਾਅਦਾ ਕੀਤਾ ਅਤੇ ਉਸ ਨੇ ਆਰਿਅਸ ਮੌਨਟਾਨੋ ਨੂੰ ਇਸ ਪ੍ਰਾਜੈਕਟ ਦੀ ਨਿਗਰਾਨੀ ਕਰਨ ਲਈ ਘੱਲਿਆ।
ਮੌਨਟਾਨੋ ਭਾਸ਼ਾਵਾਂ ਦਾ ਵਿਦਵਾਨ ਸੀ ਤੇ ਰੋਜ਼ 11-11 ਘੰਟੇ ਕੰਮ ਕਰਦਾ ਸੀ। ਉਸ ਨੇ ਸਪੇਨੀ, ਬੈਲਜੀਅਨ ਤੇ ਫਰਾਂਸੀਸੀ ਭਾਸ਼ਾ-ਵਿਗਿਆਨੀਆਂ ਤੋਂ ਵੀ ਮਦਦ ਲਈ ਸੀ ਜਿਨ੍ਹਾਂ ਦਾ ਟੀਚਾ ਸੀ ਮਸ਼ਹੂਰ ਕੋਮਪਲੂਟੈਂਸੀਅਨ ਪੌਲੀਗਲੋਟ ਦਾ ਨਵਾਂ ਅੰਕ ਤਿਆਰ ਕਰਨਾ।b ਪਲਾਨਤੇਨ ਦੀ ਇਸ ਨਵੀਂ ਪੌਲੀਗਲੋਟ ਬਾਈਬਲ ਵਿਚ ਲਾਤੀਨੀ ਵਲਗੇਟ, ਯੂਨਾਨੀ ਸੈਪਟੁਜਿੰਟ ਅਤੇ ਮੁਢਲੇ ਇਬਰਾਨੀ ਪਾਠ ਤੋਂ ਇਲਾਵਾ ਅਰਾਮੀ ਟਾਰਗਾਮ ਅਤੇ ਸੀਰੀਆਈ ਪਸ਼ੀਟਾ ਤੇ ਨਾਲ ਹੀ ਇਨ੍ਹਾਂ ਦਾ ਲਾਤੀਨੀ ਵਿਚ ਸ਼ਬਦ-ਬ-ਸ਼ਬਦ ਅਨੁਵਾਦ ਵੀ ਸ਼ਾਮਲ ਕੀਤਾ ਗਿਆ।
ਇਸ ਬਾਈਬਲ ਦੀ ਛਪਾਈ 1568 ਵਿਚ ਸ਼ੁਰੂ ਹੋਈ ਸੀ ਤੇ ਇਹ ਵੱਡਾ ਪ੍ਰਾਜੈਕਟ 1573 ਵਿਚ ਪੂਰਾ ਹੋਇਆ ਸੀ। ਉਨ੍ਹਾਂ ਦਿਨਾਂ ਦੇ ਹਿਸਾਬ ਨਾਲ ਇਹ ਕੰਮ ਬਹੁਤ ਛੇਤੀ ਖ਼ਤਮ ਕਰ ਦਿੱਤਾ ਗਿਆ ਸੀ। ਬਾਦਸ਼ਾਹ ਫਿੱਲਿਪ ਨੂੰ ਚਿੱਠੀ ਲਿਖ ਕੇ ਮੌਨਟਾਨੋ ਨੇ ਦੱਸਿਆ: “ਜਿੰਨਾ ਕੰਮ ਰੋਮ ਵਿਚ ਇਕ ਸਾਲ ਵਿਚ ਹੁੰਦਾ ਹੈ, ਉੱਨਾ ਕੰਮ ਇੱਥੇ ਇਕ ਮਹੀਨੇ ਵਿਚ ਕੀਤਾ ਜਾਂਦਾ ਹੈ।” ਪਲਾਨਤੇਨ ਨੇ ਨਵੀਂ ਪੌਲੀਗਲੋਟ ਬਾਈਬਲ ਦੀਆਂ 1,213 ਕਾਪੀਆਂ ਛਾਪੀਆਂ। ਹਰ ਕਾਪੀ ਅੱਠ ਵੱਡੀਆਂ ਜਿਲਦਾਂ ਵਿਚ ਸੀ। ਮੁੱਖ ਸਫ਼ੇ ਉੱਤੇ ਸ਼ੇਰ, ਬਲਦ, ਬਘਿਆੜ ਤੇ ਲੇਲੇ ਨੂੰ ਸ਼ਾਂਤੀ ਨਾਲ ਇੱਕੋ ਖ਼ੁਰਲੀ ਵਿੱਚੋਂ ਘਾਹ ਖਾਂਦੇ ਦਿਖਾਇਆ ਗਿਆ ਸੀ। ਇਹ ਤਸਵੀਰ ਯਸਾਯਾਹ 65:25 ਉੱਤੇ ਆਧਾਰਿਤ ਸੀ। ਅੱਠਾਂ ਜਿਲਦਾਂ ਵਾਲੀ ਇਸ ਬਾਈਬਲ ਦੀ ਕੀਮਤ 70 ਗਿਲਡਰ ਸੀ। ਇਹ ਉਸ ਵੇਲੇ ਬਹੁਤ ਵੱਡੀ ਕੀਮਤ ਸੀ ਕਿਉਂਕਿ ਆਮ ਤੌਰ ਤੇ ਇਕ ਪਰਿਵਾਰ ਦੀ ਸਾਲਾਨਾ ਆਮਦਨ ਲਗਭਗ 50 ਗਿਲਡਰ ਹੁੰਦੀ ਸੀ। ਇਸ ਪੂਰੇ ਸੈੱਟ ਦਾ ਨਾਂ ਐਂਟਵਰਪ ਪੌਲੀਗਲੋਟ ਰੱਖਿਆ ਗਿਆ। ਇਸ ਨੂੰ ਰੋਇਲ ਬਾਈਬਲ ਜਾਂ ਸ਼ਾਹੀ ਬਾਈਬਲ ਵੀ ਕਿਹਾ ਜਾਂਦਾ ਸੀ ਕਿਉਂਕਿ ਇਸ ਦੀ ਤਿਆਰੀ ਤੇ ਛਪਾਈ ਦਾ ਖ਼ਰਚਾ ਬਾਦਸ਼ਾਹ ਫਿੱਲਿਪ ਦੂਜੇ ਨੇ ਚੁੱਕਿਆ ਸੀ।
ਭਾਵੇਂ ਪੋਪ ਗ੍ਰੈਗਰੀ ਤੇਰਵੇਂ ਨੇ ਇਸ ਬਾਈਬਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਸੀ, ਪਰ ਹੋਰ ਕਈਆਂ ਨੇ ਆਰਿਅਸ ਮੌਨਟਾਨੋ ਦੀ ਬਹੁਤ ਆਲੋਚਨਾ ਕੀਤੀ। ਇਸ ਦਾ ਇਕ ਕਾਰਨ ਸੀ ਕਿ ਮੌਨਟਾਨੋ ਨੇ ਮੁਢਲੇ ਇਬਰਾਨੀ ਪਾਠ ਨੂੰ ਲਾਤੀਨੀ ਵਲਗੇਟ ਨਾਲੋਂ ਜ਼ਿਆਦਾ ਅਹਿਮੀਅਤ ਦਿੱਤੀ ਸੀ। ਲੇਓਨ ਡਾ ਕਾਸਟ੍ਰੋ ਨਾਂ ਦਾ ਸਪੇਨੀ ਧਰਮ-ਸ਼ਾਸਤਰੀ ਮੌਨਟਾਨੋ ਦਾ ਮੁੱਖ ਆਲੋਚਕ ਸੀ। ਡਾ ਕਾਸਟ੍ਰੋ ਲਾਤੀਨੀ ਵਲਗੇਟ ਨੂੰ ਉੱਤਮ ਮੰਨਦਾ ਸੀ। ਡਾ ਕਾਸਟ੍ਰੋ ਨੇ ਮੌਨਟਾਨੋ ਤੇ ਇਲਜ਼ਾਮ ਲਾਇਆ ਕਿ ਉਸ ਨੇ ਬਾਈਬਲ ਵਿਚ ਤ੍ਰਿਏਕ ਦੀ ਸਿੱਖਿਆ ਦੇ ਵਿਰੁੱਧ ਵਿਚਾਰ ਪਾ ਦਿੱਤੇ ਸਨ। ਉਦਾਹਰਣ ਲਈ ਡਾ ਕਾਸਟ੍ਰੋ ਨੇ ਕਿਹਾ ਕਿ ਸੀਰੀਆਈ ਪਸ਼ੀਟਾ ਵਿਚ 1 ਯੂਹੰਨਾ 5:7 ਵਿੱਚੋਂ ਇਹ ਸ਼ਬਦ ਕੱਟੇ ਸਨ: “ਸਵਰਗ ਵਿਚ, ਪਿਤਾ, ਬਚਨ ਅਤੇ ਪਵਿੱਤਰ ਆਤਮਾ: ਅਤੇ ਇਹ ਤਿੰਨੋਂ ਇਕ ਹਨ।” (ਕਿੰਗ ਜੇਮਜ਼ ਵਰਯਨ) ਪਰ ਇਸ ਮਾਮਲੇ ਦੀ ਜਾਂਚ-ਪੜਤਾਲ ਕੀਤੀ ਗਈ ਅਤੇ ਸਪੇਨੀ ਧਰਮ-ਅਦਾਲਤ ਨੇ ਮੌਨਟਾਨੋ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅੱਜ ਕੁਝ ਲੋਕ ਮੰਨਦੇ ਹਨ ਕਿ ਐਂਟਵਰਪ ਪੌਲੀਗਲੋਟ “16ਵੀਂ ਸਦੀ ਦੌਰਾਨ ਇਕ ਪ੍ਰਿੰਟਰ ਦੁਆਰਾ ਛਪਾਈ ਦੇ ਖੇਤਰ ਵਿਚ ਸਭ ਤੋਂ ਮਹੱਤਵਪੂਰਣ ਪ੍ਰਾਪਤੀ” ਸੀ।
ਮਹੱਤਵਪੂਰਣ ਯੋਗਦਾਨ
ਉਸ ਸਮੇਂ ਜ਼ਿਆਦਾਤਰ ਪ੍ਰਿੰਟਰਾਂ ਕੋਲ ਦੋ ਜਾਂ ਤਿੰਨ ਛਪਾਈ ਮਸ਼ੀਨਾਂ ਹੋਇਆ ਕਰਦੀਆਂ ਸਨ। ਪਰ ਜਦੋਂ ਪਲਾਨਤੇਨ ਦਾ ਕੰਮ ਚੰਗਾ ਚੱਲ ਰਿਹਾ ਸੀ, ਉਦੋਂ ਸ਼ਾਇਦ ਉਸ ਕੋਲ ਘੱਟੋ-ਘੱਟ 22 ਮਸ਼ੀਨਾਂ ਸਨ ਤੇ 160 ਬੰਦੇ ਉਸ ਦੇ ਛਾਪੇਖ਼ਾਨੇ ਵਿਚ ਕੰਮ ਕਰਦੇ ਸਨ। ਜਿੱਥੇ ਕਿਤੇ ਵੀ ਸਪੇਨੀ ਬੋਲੀ ਜਾਂਦੀ ਸੀ, ਪਲਾਨਤੇਨ ਇਕ ਵੱਡੇ ਪ੍ਰਿੰਟਰ ਦੇ ਤੌਰ ਤੇ ਮਸ਼ਹੂਰ ਸੀ।
ਇਸ ਸਮੇਂ ਦੌਰਾਨ, ਲੋ ਕੰਟਰੀਜ਼ ਵਿਚ ਸਪੇਨੀ ਸ਼ਾਸਨ ਪ੍ਰਤੀ ਬਗਾਵਤ ਜ਼ੋਰ ਫੜਦੀ ਜਾ ਰਹੀ ਸੀ। ਐਂਟਵਰਪ ਵੀ ਬਗਾਵਤ ਦੀ ਹਨੇਰੀ ਤੋਂ ਬਚਿਆ ਨਾ ਰਹਿ ਸਕਿਆ। ਤਨਖ਼ਾਹਾਂ ਨਾ ਮਿਲਣ ਕਰਕੇ 1576 ਵਿਚ ਸਪੇਨ ਦੇ ਭਾੜੇ ਦੇ ਸਿਪਾਹੀਆਂ ਨੇ ਬਗਾਵਤ ਕਰ ਕੇ ਸ਼ਹਿਰ ਨੂੰ ਲੁੱਟ ਲਿਆ। ਛੇ ਸੋ ਤੋਂ ਜ਼ਿਆਦਾ ਘਰ ਫੂਕ ਦਿੱਤੇ ਗਏ ਤੇ ਐਂਟਵਰਪ ਦੇ ਹਜ਼ਾਰਾਂ ਵਾਸੀਆਂ ਦਾ ਕਤਲ ਕਰ ਦਿੱਤਾ ਗਿਆ। ਵਪਾਰੀ ਜਾਨ ਬਚਾ ਕੇ ਭੱਜ ਗਏ। ਇਸ ਨਾਲ ਪਲਾਨਤੇਨ ਦੇ ਕਾਰੋਬਾਰ ਨੂੰ ਬੜਾ ਨੁਕਸਾਨ ਹੋਇਆ। ਇਸ ਤੋਂ ਇਲਾਵਾ, ਐਂਟਵਰਪ ਦੇ ਵਸਨੀਕ ਭਾੜੇ ਦੇ ਸਿਪਾਹੀਆਂ ਨੂੰ ਜਿੰਨਾ ਟੈਕਸ ਦਿੰਦੇ ਸਨ, ਪਲਾਨਤੇਨ ਨੂੰ ਉਸ ਤੋਂ ਨੌਂ ਗੁਣਾ ਜ਼ਿਆਦਾ ਟੈਕਸ ਦੇਣਾ ਪਿਆ।
1583 ਵਿਚ ਪਲਾਨਤੇਨ ਐਂਟਵਰਪ ਤੋਂ ਤਕਰੀਬਨ 100 ਕਿਲੋਮੀਟਰ ਉੱਤਰ ਵੱਲ ਵਸੇ ਲਾਈਡਨ ਸ਼ਹਿਰ ਚਲਾ ਗਿਆ। ਉੱਥੇ ਉਸ ਨੇ ਛਾਪਾਖ਼ਾਨਾ ਲਾਇਆ ਤੇ ਲਾਈਡਨ ਯੂਨੀਵਰਸਿਟੀ ਦੀਆਂ ਕਿਤਾਬਾਂ ਛਾਪਣ ਲੱਗ ਪਿਆ। ਲਾਈਡਨ ਯੂਨੀਵਰਸਿਟੀ ਕੈਲਵਿਨਵਾਦੀ ਪ੍ਰੋਟੈਸਟੈਂਟਾਂ ਨੇ ਸਥਾਪਿਤ ਕੀਤੀ ਸੀ। ਕਿਤਾਬਾਂ ਛਾਪਣ ਦਾ ਕੰਮ ਹੱਥ ਵਿਚ ਲੈਣ ਨਾਲ ਪਲਾਨਤੇਨ ਉੱਤੇ ਦੁਬਾਰਾ ਦੋਸ਼ ਲੱਗਣੇ ਸ਼ੁਰੂ ਹੋ ਗਏ ਕਿ ਉਹ ਕੈਥੋਲਿਕ ਧਰਮ ਦੇ ਵਿਰੁੱਧ ਸੀ। ਇਸ ਲਈ 1585 ਦੇ ਅਖ਼ੀਰ ਵਿਚ ਪਲਾਨਤੇਨ ਵਾਪਸ ਐਂਟਵਰਪ ਆ ਗਿਆ। ਉਸ ਸਮੇਂ ਐਂਟਵਰਪ ਦੁਬਾਰਾ ਸਪੇਨੀ ਸ਼ਾਸਨ ਅਧੀਨ ਆ ਚੁੱਕਾ ਸੀ। ਪਲਾਨਤੇਨ ਦੀ ਉਮਰ ਹੁਣ 60 ਤੋਂ ਉੱਪਰ ਹੋ ਚੁੱਕੀ ਸੀ ਅਤੇ ਉਸ ਦੀ “ਸੁਨਹਿਰੀ ਪਰਕਾਰ” ਵਿਚ ਸਿਰਫ਼ ਇਕ ਛਪਾਈ ਮਸ਼ੀਨ ਰਹਿ ਗਈ ਤੇ ਸਿਰਫ਼ ਚਾਰ ਬੰਦੇ ਉੱਥੇ ਕੰਮ ਕਰਦੇ ਸਨ। ਪਲਾਨਤੇਨ ਨੇ ਦੁਬਾਰਾ ਆਪਣੇ ਕਾਰੋਬਾਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਦਾ ਕਾਰੋਬਾਰ ਪਹਿਲਾਂ ਵਾਂਗ ਉਚਾਈਆਂ ਤੇ ਨਾ ਗਿਆ। 1 ਜੁਲਾਈ 1589 ਨੂੰ ਪਲਾਨਤੇਨ ਦੀ ਮੌਤ ਹੋ ਗਈ।
34 ਸਾਲਾਂ ਦੌਰਾਨ ਕ੍ਰੀਸਤੋਫ਼ ਪਲਾਨਤੇਨ ਨੇ 1,863 ਵੱਖੋ-ਵੱਖਰੀਆਂ ਕਿਤਾਬਾਂ ਦੇ ਐਡੀਸ਼ਨ ਛਾਪੇ। ਇਸ ਦਾ ਮਤਲਬ ਹੈ ਉਸ ਨੇ ਹਰ ਸਾਲ ਔਸਤਨ 55 ਕਿਤਾਬਾਂ ਦੇ ਐਡੀਸ਼ਨ ਛਾਪੇ। ਦੇਖਿਆ ਜਾਵੇ ਤਾਂ ਅੱਜ ਵੀ ਇਕ ਪ੍ਰਿੰਟਰ ਵਾਸਤੇ ਇਹ ਬਹੁਤ ਵੱਡੀ ਪ੍ਰਾਪਤੀ ਹੈ। ਭਾਵੇਂ ਪਲਾਨਤੇਨ ਨੇ ਕਿਸੇ ਇਕ ਧਰਮ ਨੂੰ ਪੱਕੇ ਤੌਰ ਤੇ ਨਹੀਂ ਚੁਣਿਆ, ਪਰ ਉਸ ਨੇ ਆਪਣੇ ਕੰਮ ਰਾਹੀਂ ਨਾ ਸਿਰਫ਼ ਛਪਾਈ ਦੇ ਖੇਤਰ ਵਿਚ ਯੋਗਦਾਨ ਪਾਇਆ, ਸਗੋਂ ਲੋਕਾਂ ਨੂੰ ਬਾਈਬਲ ਦਾ ਅਧਿਐਨ ਕਰਨ ਦੀ ਹੱਲਾਸ਼ੇਰੀ ਵੀ ਦਿੱਤੀ। (2 ਤਿਮੋਥਿਉਸ 3:16) ਸੱਚ-ਮੁੱਚ, ਪਲਾਨਤੇਨ ਅਤੇ ਉਸ ਦੇ ਸਮੇਂ ਦੇ ਹੋਰ ਪ੍ਰਿੰਟਰਾਂ ਦੇ ਅਣਥੱਕ ਜਤਨਾਂ ਸਦਕਾ ਅੱਜ ਆਮ ਲੋਕ ਵੀ ਬਾਈਬਲ ਪੜ੍ਹ ਸਕਦੇ ਹਨ।
[ਫੁਟਨੋਟ]
a ਜਰਮਨੀ ਤੇ ਫਰਾਂਸ ਦੇ ਵਿਚਕਾਰ ਪੈਂਦੇ ਤੱਟਵਰਤੀ ਇਲਾਕਿਆਂ ਨੂੰ ਲੋ ਕੰਟਰੀਜ਼ ਕਿਹਾ ਜਾਂਦਾ ਸੀ। ਇਸ ਇਲਾਕੇ ਵਿਚ ਅੱਜ ਬੈਲਜੀਅਮ, ਨੀਦਰਲੈਂਡਜ਼ ਤੇ ਲਕਜ਼ਮਬਰਗ ਹਨ।
b ਇਹ ਬਹੁਭਾਸ਼ੀ ਬਾਈਬਲ 1517 ਵਿਚ ਛਪੀ ਸੀ। ਇਹ ਇਬਰਾਨੀ, ਯੂਨਾਨੀ ਤੇ ਲਾਤੀਨੀ ਵਿਚ ਛਪੀ ਸੀ ਤੇ ਇਸ ਦੇ ਕੁਝ ਹਿੱਸੇ ਅਰਾਮੀ ਵਿਚ ਵੀ ਸਨ। ਪਹਿਰਾਬੁਰਜ, 15 ਅਪ੍ਰੈਲ 2004 ਦੇ ਸਫ਼ੇ 28-31 ਉੱਤੇ “ਕੋਮਪਲੂਟੈਂਸੀਅਨ ਪੌਲੀਗਲੋਟ—ਅਨੁਵਾਦਕਾਂ ਲਈ ਇਕ ਅਹਿਮ ਕਿਤਾਬ” ਨਾਂ ਦਾ ਲੇਖ ਪੜ੍ਹੋ।
[ਸਫ਼ਾ 15 ਉੱਤੇ ਡੱਬੀ/ਤਸਵੀਰ]
ਪਲਾਨਤੇਨ-ਮੋਰਾਟੁਸ ਮਿਊਜ਼ੀਅਮ
ਐਂਟਵਰਪ ਸ਼ਹਿਰ ਦੀ ਜਿਸ ਇਮਾਰਤ ਵਿਚ ਪਲਾਨਤੇਨ ਅਤੇ ਉਸ ਦੇ ਖ਼ਾਨਦਾਨ ਦੇ ਲੋਕ ਰਹੇ ਤੇ ਕੰਮ ਕੀਤਾ, ਉਸ ਇਮਾਰਤ ਨੂੰ 1877 ਵਿਚ ਮਿਊਜ਼ੀਅਮ ਬਣਾ ਕੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਉਸ ਜ਼ਮਾਨੇ ਦਾ ਹੋਰ ਕੋਈ ਵੀ ਛਾਪਾਖ਼ਾਨਾ ਸਹੀ-ਸਲਾਮਤ ਨਹੀਂ ਬਚਿਆ ਹੈ। ਇਸ ਮਿਊਜ਼ੀਅਮ ਵਿਚ 17ਵੀਂ ਤੇ 18ਵੀਂ ਸਦੀ ਦੀਆਂ ਪੰਜ ਛਪਾਈ ਮਸ਼ੀਨਾਂ ਰੱਖੀਆਂ ਗਈਆਂ ਹਨ। ਦੁਨੀਆਂ ਦੀਆਂ ਦੋ ਸਭ ਤੋਂ ਪੁਰਾਣੀਆਂ ਮਸ਼ੀਨਾਂ ਪਲਾਨਤੇਨ ਦੇ ਜ਼ਮਾਨੇ ਦੀਆਂ ਹਨ। ਇਸ ਮਿਊਜ਼ੀਅਮ ਵਿਚ ਛਾਪੇ ਦੇ ਅੱਖਰ ਬਣਾਉਣ ਲਈ 15,000 ਸਾਂਚੇ, 15,000 ਲੱਕੜ ਦੇ ਠੱਪੇ ਅਤੇ 3,000 ਕਾਂਸੀ ਦੀਆਂ ਪ੍ਰਿੰਟਿੰਗ ਪਲੇਟਾਂ ਰੱਖੀਆਂ ਗਈਆਂ ਹਨ। ਮਿਊਜ਼ੀਅਮ ਦੀ ਲਾਈਬ੍ਰੇਰੀ ਵਿਚ 9ਵੀਂ ਤੋਂ 16ਵੀਂ ਸਦੀ ਤਕ ਦੀਆਂ 638 ਹੱਥਲਿਖਤਾਂ ਅਤੇ 1501 ਤੋਂ ਪਹਿਲਾਂ ਦੀਆਂ ਛਪੀਆਂ 154 ਕਿਤਾਬਾਂ ਪਈਆਂ ਹਨ। ਇਨ੍ਹਾਂ ਵਿਚ ਸ਼ਾਮਲ ਹਨ 1461 ਤੋਂ ਪਹਿਲਾਂ ਦੀ ਛਪੀ ਅਸਲੀ ਗੁਟਨਬਰਗ ਬਾਈਬਲ ਅਤੇ ਪਲਾਨਤੇਨ ਦੀ ਮਸ਼ਹੂਰ ਐਂਟਵਰਪ ਪੌਲੀਗਲੋਟ ਬਾਈਬਲ ਦੀ ਇਕ ਕਾਪੀ।
[ਸਫ਼ਾ 15 ਉੱਤੇ ਤਸਵੀਰ]
ਆਰਿਅਸ ਮੌਨਟਾਨੋ
[ਸਫ਼ਾ 16 ਉੱਤੇ ਤਸਵੀਰ]
ਐਂਟਵਰਪ ਪੌਲੀਗਲੋਟ ਬਾਈਬਲ ਵਿਚ ਮੁਢਲਾ ਇਬਰਾਨੀ ਪਾਠ, ਲਾਤੀਨੀ “ਵਲਗੇਟ”, ਯੂਨਾਨੀ “ਸੈਪਟੁਜਿੰਟ,” ਸੀਰੀਆਈ “ਪਸ਼ੀਟਾ” ਅਤੇ ਅਰਾਮੀ ਟਾਰਗਾਮ ਅਤੇ ਇਨ੍ਹਾਂ ਦਾ ਲਾਤੀਨੀ ਵਿਚ ਅਨੁਵਾਦ ਵੀ ਦਿੱਤਾ ਗਿਆ ਹੈ
[ਕ੍ਰੈਡਿਟ ਲਾਈਨ]
By courtesy of Museum Plantin-Moretus/Stedelijk Prentenkabinet Antwerpen
[ਸਫ਼ਾ 15 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਦੋਵੇਂ ਚਿੱਤਰ: By courtesy of Museum Plantin-Moretus/Stedelijk Prentenkabinet Antwerpen