ਜ਼ਿੰਦਗੀ ਅਤੇ ਸ਼ਾਂਤੀ ਪਾਉਣ ਲਈ ਪਵਿੱਤਰ ਸ਼ਕਤੀ ਅਨੁਸਾਰ ਚੱਲੋ
‘ਸਰੀਰ ਦੇ ਨਹੀਂ ਸਗੋਂ ਸ਼ਕਤੀ ਦੇ ਅਨੁਸਾਰ ਚੱਲੋ।’—ਰੋਮੀ. 8:4.
1, 2. (ੳ) ਧਿਆਨ ਨਾਲ ਗੱਡੀ ਨਾ ਚਲਾਉਣ ਦਾ ਕਿਹੜਾ ਬੁਰਾ ਅੰਜਾਮ ਹੋਇਆ ਹੈ? (ਅ) ਪਰਮੇਸ਼ੁਰ ਤੋਂ ਦੂਰ ਹੋਣ ਦਾ ਕਿਹੜਾ ਖ਼ਤਰਾ ਹੋ ਸਕਦਾ ਹੈ?
“ਬੇਧਿਆਨੇ ਗੱਡੀ ਚਲਾਉਣ ਦੀ ਸਮੱਸਿਆ ਹਰ ਸਾਲ ਵਧਦੀ ਹੀ ਜਾ ਰਹੀ ਹੈ।” ਇਹ ਗੱਲ ਅਮਰੀਕਾ ਦੇ ਆਵਾਜਾਈ ਵਿਭਾਗ ਦੇ ਸੈਕਟਰੀ ਨੇ ਕਹੀ। ਡਰਾਈਵਰਾਂ ਦਾ ਧਿਆਨ ਭੰਗ ਕਰਨ ਵਾਲੀਆਂ ਚੀਜ਼ਾਂ ਵਿੱਚੋਂ ਇਕ ਹੈ ਸੈੱਲ ਫ਼ੋਨ। ਇਕ ਸਰਵੇਖਣ ਵਿਚ ਜਿਨ੍ਹਾਂ ਲੋਕਾਂ ਦੀ ਇੰਟਰਵਿਊ ਲਈ ਗਈ ਸੀ, ਉਨ੍ਹਾਂ ਵਿੱਚੋਂ ਇਕ ਤਿਹਾਈ ਲੋਕਾਂ ਨੇ ਕਿਹਾ ਕਿ ਫ਼ੋਨ ਵਰਤ ਰਹੇ ਡਰਾਈਵਰਾਂ ਨੇ ਉਨ੍ਹਾਂ ਵਿਚ ਗੱਡੀ ਮਾਰੀ ਜਾਂ ਫਿਰ ਉਨ੍ਹਾਂ ਵਿਚ ਗੱਡੀ ਵੱਜਣੋਂ ਮਸਾਂ ਬਚੀ। ਭਾਵੇਂ ਕਿ ਗੱਡੀ ਚਲਾਉਣ ਦੇ ਨਾਲ-ਨਾਲ ਸ਼ਾਇਦ ਦੂਜੇ ਕੰਮ ਕਰਨੇ ਠੀਕ ਲੱਗਣ, ਪਰ ਇਸ ਦਾ ਅੰਜਾਮ ਬਹੁਤ ਬੁਰਾ ਹੋ ਸਕਦਾ ਹੈ।
2 ਇਹੀ ਗੱਲ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਬਾਰੇ ਵੀ ਕਹੀ ਜਾ ਸਕਦੀ ਹੈ। ਜਿਸ ਤਰ੍ਹਾਂ ਡਰਾਈਵਰ ਬੇਧਿਆਨੇ ਗੱਡੀ ਚਲਾਉਂਦੇ ਸਮੇਂ ਖ਼ਤਰਿਆਂ ਦੇ ਸਾਈਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰ ਤੋਂ ਦੂਰ ਕਰਨ ਵਾਲੀਆਂ ਗੱਲਾਂ ਵੱਲ ਧਿਆਨ ਦੇਣ ਵਾਲੇ ਇਨਸਾਨ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ। ਜੇ ਅਸੀਂ ਮਸੀਹੀ ਰਾਹ ਤੋਂ ਹੌਲੀ-ਹੌਲੀ ਭਟਕ ਜਾਈਏ ਅਤੇ ਪਰਮੇਸ਼ੁਰੀ ਕੰਮ ਕਰਨੇ ਛੱਡ ਦੇਈਏ, ਤਾਂ ਸਾਡੀ ਨਿਹਚਾ ਦੀ ਬੇੜੀ ਡੁੱਬ ਸਕਦੀ ਹੈ। (1 ਤਿਮੋ. 1:18, 19) ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਇਸ ਖ਼ਤਰੇ ਤੋਂ ਚੁਕੰਨੇ ਕੀਤਾ: “ਸਰੀਰਕ ਮਨਸ਼ਾ ਮੌਤ ਹੈ ਪਰ ਆਤਮਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ।” (ਰੋਮੀ. 8:6) ਪੌਲੁਸ ਦੇ ਕਹਿਣ ਦਾ ਮਤਲਬ ਕੀ ਸੀ? ਅਸੀਂ “ਸਰੀਰਕ ਮਨਸ਼ਾ” ਰੱਖਣ ਤੋਂ ਕਿਵੇਂ ਬਚ ਸਕਦੇ ਹਾਂ, ਪਰ “ਆਤਮਕ ਮਨਸ਼ਾ” ਰੱਖ ਸਕਦੇ ਹਾਂ?
ਉਨ੍ਹਾਂ ਨੂੰ “ਸਜ਼ਾ ਦਾ ਹੁਕਮ ਨਹੀਂ ਹੈ”
3, 4. (ੳ) ਪੌਲੁਸ ਨੇ ਆਪਣੀ ਕਿਹੜੀ ਲੜਾਈ ਬਾਰੇ ਲਿਖਿਆ? (ਅ) ਸਾਨੂੰ ਪੌਲੁਸ ਦੀ ਹਾਲਤ ਵਿਚ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ?
3 ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਨੇ ਆਪਣੇ ਸਰੀਰ ਅਤੇ ਮਨ ਵਿਚ ਚੱਲ ਰਹੀ ਲੜਾਈ ਬਾਰੇ ਲਿਖਿਆ। (ਰੋਮੀਆਂ 7:21-23 ਪੜ੍ਹੋ।) ਪੌਲੁਸ ਸਫ਼ਾਈ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਜਾਂ ਆਪਣੇ ʼਤੇ ਤਰਸ ਨਹੀਂ ਖਾ ਰਿਹਾ ਸੀ ਕਿ ਪਾਪ ਉਸ ਉੱਤੇ ਇੰਨਾ ਹਾਵੀ ਸੀ ਕਿ ਉਹ ਕੁਝ ਨਹੀਂ ਕਰ ਸਕਦਾ ਸੀ। ਉਹ ਸਮਝਦਾਰ, ਪਵਿੱਤਰ ਸ਼ਕਤੀ ਨਾਲ ਮਸਹ ਕੀਤਾ ਹੋਇਆ ਮਸੀਹੀ ਅਤੇ “ਪਰਾਈਆਂ ਕੌਮਾਂ” ਲਈ ਚੁਣਿਆ ਹੋਇਆ “ਰਸੂਲ” ਸੀ। (ਰੋਮੀ. 1:1; 11:13) ਤਾਂ ਫਿਰ ਪੌਲੁਸ ਨੇ ਆਪਣੀ ਇਸ ਲੜਾਈ ਬਾਰੇ ਕਿਉਂ ਲਿਖਿਆ?
4 ਪੌਲੁਸ ਨੇ ਈਮਾਨਦਾਰੀ ਨਾਲ ਮੰਨਿਆ ਕਿ ਉਹ ਜਿੰਨੀ ਵਾਹ ਲਾ ਕੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਚਾਹੁੰਦਾ ਸੀ, ਉੱਨੀ ਉਹ ਆਪਣੀ ਤਾਕਤ ਨਾਲ ਨਹੀਂ ਕਰ ਸਕਦਾ ਸੀ। ਇਸ ਦਾ ਕਾਰਨ ਕੀ ਸੀ? ਉਸ ਨੇ ਕਿਹਾ: “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀ. 3:23) ਆਦਮ ਦੀ ਔਲਾਦ ਹੋਣ ਕਰਕੇ ਪੌਲੁਸ ਆਪਣੇ ਨਾਮੁਕੰਮਲ ਸਰੀਰ ਉੱਤੇ ਪਾਪ ਦੇ ਅਸਰਾਂ ਨੂੰ ਸਹਿ ਰਿਹਾ ਸੀ। ਅਸੀਂ ਉਸ ਦੀ ਗੱਲ ਸਮਝ ਸਕਦੇ ਹਾਂ ਕਿਉਂਕਿ ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਹਰ ਰੋਜ਼ ਉਸ ਵਾਂਗ ਸੰਘਰਸ਼ ਕਰ ਰਹੇ ਹਾਂ। ਇਸ ਤੋਂ ਇਲਾਵਾ ਕਈ ਧਿਆਨ ਭਟਕਾਉਣ ਵਾਲੀਆਂ ਗੱਲਾਂ ਸਾਨੂੰ ‘ਜੀਉਣ ਨੂੰ ਜਾਂਦੇ ਸੌੜੇ ਰਾਹ’ ਤੋਂ ਭਟਕਾ ਸਕਦੀਆਂ ਹਨ। (ਮੱਤੀ 7:14) ਪਰ ਪੌਲੁਸ ਦੀ ਹਾਲਤ ਇੰਨੀ ਮਾੜੀ ਨਹੀਂ ਸੀ ਕਿ ਕੁਝ ਕੀਤਾ ਨਹੀਂ ਜਾ ਸਕਦਾ ਸੀ ਤੇ ਨਾ ਹੀ ਸਾਡੀ ਹਾਲਤ ਇੰਨੀ ਮਾੜੀ ਹੈ।
5. ਪੌਲੁਸ ਨੂੰ ਮਦਦ ਅਤੇ ਰਾਹਤ ਕਿੱਥੋਂ ਮਿਲੀ?
5 ਪੌਲੁਸ ਨੇ ਲਿਖਿਆ: ‘ਕੌਣ ਮੈਨੂੰ ਛੁਡਾਵੇਗਾ? ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ!’ (ਰੋਮੀ. 7:24, 25) ਫਿਰ ਉਸ ਨੇ ਮਸਹ ਕੀਤੇ ਹੋਏ ਮਸੀਹੀਆਂ ਨਾਲ ਗੱਲ ਕੀਤੀ ਜਿਹੜੇ ਮਸੀਹ ਯਿਸੂ ਦੇ ਚੇਲੇ ਹਨ। (ਰੋਮੀਆਂ 8:1, 2 ਪੜ੍ਹੋ।) ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਉਨ੍ਹਾਂ ਨੂੰ ਆਪਣੇ ਪੁੱਤਰਾਂ ਵਜੋਂ ਅਪਣਾਇਆ ਹੈ ਅਤੇ ਉਨ੍ਹਾਂ ਨੂੰ “ਮਸੀਹ ਦੇ ਨਾਲ ਸਾਂਝੇ ਅਧਕਾਰੀ” ਬਣਨ ਲਈ ਸੱਦਿਆ ਹੈ। (ਰੋਮੀ. 8:14-17) ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਅਤੇ ਮਸੀਹ ਦੀ ਕੁਰਬਾਨੀ ʼਤੇ ਨਿਹਚਾ ਸਦਕਾ ਉਹ ਪੌਲੁਸ ਵੱਲੋਂ ਜ਼ਿਕਰ ਕੀਤੀ ਲੜਾਈ ਜਿੱਤਦੇ ਹਨ ਜਿਸ ਕਰਕੇ ਉਨ੍ਹਾਂ ਨੂੰ “ਸਜ਼ਾ ਦਾ ਹੁਕਮ ਨਹੀਂ” ਮਿਲਿਆ ਹੈ। ਉਨ੍ਹਾਂ ਨੂੰ ‘ਪਾਪ ਅਤੇ ਮੌਤ ਦੀ ਸ਼ਰਾ ਤੋਂ ਛੁਡਾਇਆ’ ਗਿਆ ਹੈ।
6. ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਪੌਲੁਸ ਦੀਆਂ ਗੱਲਾਂ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?
6 ਭਾਵੇਂ ਕਿ ਪੌਲੁਸ ਨੇ ਪਰਮੇਸ਼ੁਰ ਦੀ ਸ਼ਕਤੀ ਅਤੇ ਮਸੀਹ ਦੀ ਕੁਰਬਾਨੀ ਬਾਰੇ ਮਸਹ ਕੀਤੇ ਹੋਏ ਮਸੀਹੀਆਂ ਨਾਲ ਗੱਲ ਕੀਤੀ ਸੀ, ਪਰ ਉਸ ਦੀਆਂ ਇਨ੍ਹਾਂ ਗੱਲਾਂ ਦਾ ਯਹੋਵਾਹ ਦੇ ਸਾਰੇ ਸੇਵਕਾਂ ਨੂੰ ਫ਼ਾਇਦਾ ਹੋ ਸਕਦਾ ਹੈ ਭਾਵੇਂ ਉਹ ਜਿਹੜੀ ਮਰਜ਼ੀ ਉਮੀਦ ਰੱਖਦੇ ਹੋਣ। ਪੌਲੁਸ ਨੇ ਸਲਾਹ ਦੇਣ ਲਈ ਉਨ੍ਹਾਂ ਨੂੰ ਜੋ ਕੁਝ ਲਿਖਿਆ ਸੀ, ਉਸ ਨੂੰ ਸਮਝਣਾ ਅਤੇ ਉਸ ਤੋਂ ਫ਼ਾਇਦਾ ਉਠਾਉਣਾ ਸਾਰੇ ਸੇਵਕਾਂ ਲਈ ਬਹੁਤ ਜ਼ਰੂਰੀ ਹੈ।
ਪਰਮੇਸ਼ੁਰ ਨੇ ਕਿਵੇਂ ‘ਸਰੀਰ ਵਿੱਚ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ’
7, 8. (ੳ) ਕਾਨੂੰਨ ਕਿਸ ਅਰਥ ਵਿਚ ‘ਸਰੀਰ ਦੇ ਕਾਰਨ ਨਿਤਾਣਾ ਸੀ’? (ਅ) ਪਰਮੇਸ਼ੁਰ ਨੇ ਆਪਣੀ ਸ਼ਕਤੀ ਅਤੇ ਕੁਰਬਾਨੀ ਦੇ ਜ਼ਰੀਏ ਕਿਹੜਾ ਕੰਮ ਪੂਰਾ ਕੀਤਾ ਹੈ?
7 ਰੋਮੀਆਂ ਦੇ ਸੱਤਵੇਂ ਅਧਿਆਇ ਵਿਚ ਪੌਲੁਸ ਨੇ ਕਿਹਾ ਕਿ ਨਾਮੁਕੰਮਲ ਸਰੀਰ ਉੱਤੇ ਪਾਪ ਦਾ ਜ਼ਬਰਦਸਤ ਅਸਰ ਹੈ। ਅੱਠਵੇਂ ਅਧਿਆਇ ਵਿਚ ਉਸ ਨੇ ਪਵਿੱਤਰ ਸ਼ਕਤੀ ਦੇ ਅਸਰ ਦੀ ਗੱਲ ਕੀਤੀ। ਪੌਲੁਸ ਨੇ ਸਮਝਾਇਆ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਪ ਦੇ ਜ਼ਬਰਦਸਤ ਅਸਰ ਦਾ ਸਾਮ੍ਹਣਾ ਕਰਨ ਵਿਚ ਮਸੀਹੀਆਂ ਦੀ ਕਿਵੇਂ ਮਦਦ ਕਰ ਸਕਦੀ ਹੈ ਤਾਂਕਿ ਉਹ ਯਹੋਵਾਹ ਦੀ ਇੱਛਾ ਮੁਤਾਬਕ ਜੀ ਕੇ ਉਸ ਦੀ ਮਿਹਰ ਪਾ ਸਕਣ। ਪੌਲੁਸ ਨੇ ਦੱਸਿਆ ਕਿ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਅਤੇ ਆਪਣੇ ਪੁੱਤਰ ਦੀ ਕੁਰਬਾਨੀ ਰਾਹੀਂ ਜੋ ਕੁਝ ਪੂਰਾ ਕੀਤਾ, ਉਹ ਮੂਸਾ ਦਾ ਕਾਨੂੰਨ ਨਹੀਂ ਕਰ ਸਕਿਆ।
8 ਢੇਰ ਸਾਰੇ ਹੁਕਮਾਂ ਸਮੇਤ ਇਸ ਕਾਨੂੰਨ ਨੇ ਪਾਪੀਆਂ ਨੂੰ ਨਿੰਦਿਆ। ਇਸ ਤੋਂ ਇਲਾਵਾ, ਕਾਨੂੰਨ ਦੇ ਅਧੀਨ ਸੇਵਾ ਕਰ ਰਹੇ ਮੁੱਖ ਪੁਜਾਰੀ ਨਾਮੁਕੰਮਲ ਸਨ ਅਤੇ ਉਨ੍ਹਾਂ ਲਈ ਇੱਕੋ ਵਾਰ ਅਜਿਹੀ ਬਲ਼ੀ ਚੜ੍ਹਾਉਣੀ ਨਾਮੁਮਕਿਨ ਸੀ ਜਿਸ ਨਾਲ ਪਾਪ ਦੀ ਕੀਮਤ ਚੁਕਾਈ ਜਾ ਸਕੇ। ਇਸ ਲਈ, ਕਾਨੂੰਨ ‘ਸਰੀਰ ਦੇ ਕਾਰਨ ਨਿਤਾਣਾ’ ਯਾਨੀ ਕਮਜ਼ੋਰ ਸੀ। ਪਰ ਪਰਮੇਸ਼ੁਰ ਨੇ “ਆਪਣਾ ਪੁੱਤ੍ਰ ਪਾਪ ਦੇ ਲਈ ਪਾਪੀ ਸਰੀਰ ਦੇ ਰੂਪ ਵਿੱਚ ਘੱਲ ਕੇ” ਉਸ ਦੀ ਕੁਰਬਾਨੀ ਦਿੱਤੀ ਅਤੇ “ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ,” ਮਤਲਬ ਕਿ ਪਾਪ ਨੂੰ ਦੋਸ਼ੀ ਠਹਿਰਾਇਆ। ਇਸ ਤਰ੍ਹਾਂ ਉਸ ਨੇ ਉਹ ਕੰਮ ਕੀਤਾ ਜੋ ਕਾਨੂੰਨ ਯਾਨੀ “ਸ਼ਰਾ ਤੋਂ ਨਾ ਹੋ ਸੱਕਿਆ।” ਨਤੀਜੇ ਵਜੋਂ ਮਸੀਹ ਦੀ ਕੁਰਬਾਨੀ ʼਤੇ ਨਿਹਚਾ ਕਰਨ ਕਰਕੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਧਰਮੀ ਠਹਿਰਾਇਆ ਗਿਆ ਹੈ। ਉਨ੍ਹਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ‘ਸਰੀਰ ਦੇ ਅਨੁਸਾਰ ਨਹੀਂ ਸਗੋਂ ਸ਼ਕਤੀ ਦੇ ਅਨੁਸਾਰ ਚੱਲਣ।’ (ਰੋਮੀਆਂ 8:3, 4 ਪੜ੍ਹੋ।) ਉਨ੍ਹਾਂ ਨੂੰ ਮਰਦੇ ਦਮ ਤਕ ਵਫ਼ਾਦਾਰੀ ਨਾਲ ਇਸ ਤਰ੍ਹਾਂ ਕਰਦੇ ਰਹਿਣ ਦੀ ਲੋੜ ਹੈ ਤਾਂਕਿ ਉਨ੍ਹਾਂ ਨੂੰ “ਜੀਵਨ ਦਾ ਮੁਕਟ” ਮਿਲੇ।—ਪਰ. 2:10.
9. ਰੋਮੀਆਂ 8:2 ਵਿਚ ਵਰਤੇ ਸ਼ਬਦ “ਸ਼ਰਾ” ਦਾ ਕੀ ਮਤਲਬ ਹੈ?
9 ਪੌਲੁਸ ਨੇ “ਸ਼ਰਾ” ਯਾਨੀ ਕਾਨੂੰਨ ਤੋਂ ਇਲਾਵਾ “[ਸ਼ਕਤੀ] ਦੀ ਸ਼ਰਾ” ਤੇ “ਪਾਪ ਅਤੇ ਮੌਤ ਦੀ ਸ਼ਰਾ” ਦਾ ਜ਼ਿਕਰ ਕੀਤਾ। (ਰੋਮੀ. 8:2) ਇਹ ਕਿਹੜੀ ਸ਼ਰਾ ਹੈ? ਇੱਥੇ ਸ਼ਬਦ “ਸ਼ਰਾ” ਜਾਂ ਕਾਨੂੰਨ ਕਿਸੇ ਤਰ੍ਹਾਂ ਦੇ ਨਿਯਮਾਂ ਨੂੰ ਨਹੀਂ ਦਰਸਾਉਂਦਾ ਜਿਸ ਤਰ੍ਹਾਂ ਦੇ ਨਿਯਮ ਮੂਸਾ ਦੇ ਕਾਨੂੰਨ ਵਿਚ ਦਿੱਤੇ ਗਏ ਸਨ। ਇਕ ਕਿਤਾਬ ਕਹਿੰਦੀ ਹੈ: “ਇੱਥੇ ਕਾਨੂੰਨ ਲਈ ਵਰਤੇ ਯੂਨਾਨੀ ਸ਼ਬਦ ਦਾ ਮਤਲਬ ਹੈ ਲੋਕਾਂ ਦੇ ਅੰਦਰ ਚੰਗੇ ਜਾਂ ਬੁਰੇ ਕੰਮ ਕਰਨ ਦਾ ਅਸੂਲ ਜੋ ਉਨ੍ਹਾਂ ਨੂੰ ਕਾਨੂੰਨ ਵਾਂਗ ਕੰਟ੍ਰੋਲ ਕਰਦਾ ਹੈ। ਇਸ ਦਾ ਮਤਲਬ ਉਹ ਕਾਇਦੇ ਵੀ ਹੋ ਸਕਦੇ ਹਨ ਜਿਨ੍ਹਾਂ ਮੁਤਾਬਕ ਲੋਕ ਜੀਣਾ ਚਾਹੁੰਦੇ ਹਨ।”
10. ਅਸੀਂ ਪਾਪ ਅਤੇ ਮੌਤ ਦੇ ਕਾਨੂੰਨ ਅਧੀਨ ਕਿਵੇਂ ਹਾਂ?
10 ਪੌਲੁਸ ਰਸੂਲ ਨੇ ਲਿਖਿਆ: “ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀ. 5:12) ਆਦਮ ਦੀ ਔਲਾਦ ਹੋਣ ਕਰਕੇ ਅਸੀਂ ਸਾਰੇ ਪਾਪ ਅਤੇ ਮੌਤ ਦੇ ਕਾਨੂੰਨ ਅਧੀਨ ਹਾਂ। ਸਾਡਾ ਪਾਪੀ ਸਰੀਰ ਲਗਾਤਾਰ ਸਾਨੂੰ ਪਰਮੇਸ਼ੁਰ ਨੂੰ ਨਾਖ਼ੁਸ਼ ਕਰਨ ਵਾਲੇ ਕੰਮ ਕਰਨ ਲਈ ਉਕਸਾਉਂਦਾ ਹੈ ਜਿਨ੍ਹਾਂ ਦਾ ਅੰਜਾਮ ਮੌਤ ਹੈ। ਗਲਾਤੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਨੇ ਅਜਿਹੇ ਕੰਮਾਂ ਅਤੇ ਆਦਤਾਂ ਨੂੰ “ਸਰੀਰ ਦੇ ਕੰਮ” ਕਿਹਾ। ਫਿਰ ਉਸ ਨੇ ਕਿਹਾ: “ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਓਹ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।” (ਗਲਾ. 5:19-21) ਇਸ ਤਰ੍ਹਾਂ ਦੇ ਲੋਕ ਉਨ੍ਹਾਂ ਲੋਕਾਂ ਵਾਂਗ ਹਨ ਜਿਹੜੇ ਸਰੀਰ ਅਨੁਸਾਰ ਚੱਲਦੇ ਹਨ। (ਰੋਮੀ. 8:4) ਉਨ੍ਹਾਂ ਦੇ ‘ਅੰਦਰਲਾ ਅਸੂਲ’ ਅਤੇ “ਕਾਇਦੇ” ਪੂਰੀ ਤਰ੍ਹਾਂ ਸਰੀਰਕ ਹਨ। ਪਰ ਕੀ ਸਿਰਫ਼ ਹਰਾਮਕਾਰੀ, ਮੂਰਤੀ-ਪੂਜਾ ਅਤੇ ਜਾਦੂ-ਟੂਣੇ ਵਰਗੇ ਗੰਭੀਰ ਪਾਪ ਕਰਨ ਵਾਲੇ ਹੀ ਸਰੀਰ ਅਨੁਸਾਰ ਚੱਲਦੇ ਹਨ? ਨਹੀਂ, ਈਰਖਾ, ਕ੍ਰੋਧ, ਝਗੜੇ ਕਰਨ ਅਤੇ ਵੈਰ ਰੱਖਣ ਵਾਲੇ ਲੋਕ ਵੀ ਇਨ੍ਹਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਕੁਝ ਲੋਕ ਸ਼ਾਇਦ ਕਮੀਆਂ-ਕਮਜ਼ੋਰੀਆਂ ਹੀ ਸਮਝਦੇ ਹਨ। ਸਾਡੇ ਵਿੱਚੋਂ ਕੌਣ ਕਹਿ ਸਕਦਾ ਹੈ ਕਿ ਮੈਂ ਸਰੀਰ ਅਨੁਸਾਰ ਬਿਲਕੁਲ ਨਹੀਂ ਚੱਲਦਾ?
11, 12. ਪਾਪ ਅਤੇ ਮੌਤ ਦੇ ਕਾਨੂੰਨ ਉੱਤੇ ਕਾਬੂ ਪਾਉਣ ਲਈ ਯਹੋਵਾਹ ਨੇ ਕਿਹੜਾ ਪ੍ਰਬੰਧ ਕੀਤਾ ਹੈ ਅਤੇ ਪਰਮੇਸ਼ੁਰ ਦੀ ਮਿਹਰ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
11 ਅਸੀਂ ਕਿੰਨੇ ਖ਼ੁਸ਼ ਹੋ ਸਕਦੇ ਹਾਂ ਕਿ ਯਹੋਵਾਹ ਨੇ ਸਾਡੇ ਲਈ ਪਾਪ ਅਤੇ ਮੌਤ ਦੇ ਕਾਨੂੰਨ ʼਤੇ ਕਾਬੂ ਪਾਉਣਾ ਮੁਮਕਿਨ ਬਣਾਇਆ ਹੈ! ਯਿਸੂ ਨੇ ਕਿਹਾ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਪਰਮੇਸ਼ੁਰ ਦੇ ਪਿਆਰ ਨੂੰ ਕਬੂਲ ਕਰਨ ਅਤੇ ਯਿਸੂ ਮਸੀਹ ਦੀ ਕੁਰਬਾਨੀ ʼਤੇ ਨਿਹਚਾ ਕਰਨ ਨਾਲ ਅਸੀਂ ਵਿਰਾਸਤ ਵਿਚ ਮਿਲੇ ਪਾਪ ਦੀ ਸਜ਼ਾ ਤੋਂ ਬਚ ਸਕਦੇ ਹਾਂ। (ਯੂਹੰ. 3:16-18) ਇਸ ਲਈ ਅਸੀਂ ਵੀ ਸ਼ਾਇਦ ਪੌਲੁਸ ਵਾਂਗ ਖ਼ੁਸ਼ੀ ਨਾਲ ਕਹੀਏ: “ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ!”
12 ਸਾਡੀ ਹਾਲਤ ਹੁਣ ਇਸ ਤਰ੍ਹਾਂ ਦੀ ਹੈ ਜਿਵੇਂ ਸਾਨੂੰ ਇਕ ਗੰਭੀਰ ਬੀਮਾਰੀ ਤੋਂ ਠੀਕ ਕੀਤਾ ਗਿਆ ਹੋਵੇ। ਜੇ ਅਸੀਂ ਪੂਰੀ ਤਰ੍ਹਾਂ ਠੀਕ ਹੋਣਾ ਹੈ, ਤਾਂ ਸਾਨੂੰ ਉੱਦਾਂ ਹੀ ਕਰਨਾ ਪਵੇਗਾ ਜਿਵੇਂ ਡਾਕਟਰ ਨੇ ਸਾਨੂੰ ਕਰਨ ਲਈ ਕਿਹਾ ਹੈ। ਭਾਵੇਂ ਕਿ ਕੁਰਬਾਨੀ ਉੱਤੇ ਨਿਹਚਾ ਕਰਨ ਨਾਲ ਅਸੀਂ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਛੁੱਟ ਸਕਦੇ ਹਾਂ, ਪਰ ਅਸੀਂ ਹਾਲੇ ਵੀ ਪਾਪੀ ਹਾਂ। ਇਸ ਤੋਂ ਇਲਾਵਾ, ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਜੋੜਨ, ਉਸ ਦੀ ਮਿਹਰ ਅਤੇ ਬਰਕਤਾਂ ਪਾਉਣ ਲਈ ਹੋਰ ਵੀ ਕੁਝ ਕਰਨ ਦੀ ਲੋੜ ਹੈ। “ਸ਼ਰਾ ਦਾ ਰਾਸਤ ਹੁਕਮ” ਯਾਨੀ ਕਾਨੂੰਨ ਦੀਆਂ ਧਰਮੀ ਮੰਗਾਂ ਪੂਰੀਆਂ ਕਰਨ ਲਈ ਪੌਲੁਸ ਨੇ ਪਵਿੱਤਰ ਸ਼ਕਤੀ ਅਨੁਸਾਰ ਚੱਲਣ ਦੀ ਵੀ ਗੱਲ ਕੀਤੀ।
ਪਵਿੱਤਰ ਸ਼ਕਤੀ ਅਨੁਸਾਰ ਕਿਵੇਂ ਚੱਲੀਏ?
13. ਪਵਿੱਤਰ ਸ਼ਕਤੀ ਅਨੁਸਾਰ ਚੱਲਣ ਦਾ ਕੀ ਮਤਲਬ ਹੈ?
13 ਕਿਸੇ ਰਸਤੇ ਉੱਤੇ ਚੱਲਦਿਆਂ ਅਸੀਂ ਕਿਸੇ ਮੰਜ਼ਲ ਵੱਲ ਵਧ ਰਹੇ ਹੁੰਦੇ ਹਾਂ। ਇਸੇ ਤਰ੍ਹਾਂ ਪਵਿੱਤਰ ਸ਼ਕਤੀ ਅਨੁਸਾਰ ਚੱਲਣ ਦਾ ਮਤਲਬ ਹੈ ਕਿ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਸਾਨੂੰ ਲਗਾਤਾਰ ਤਰੱਕੀ ਕਰਦੇ ਰਹਿਣ ਦੀ ਲੋੜ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਕੋਈ ਗ਼ਲਤੀ ਨਹੀਂ ਕਰਾਂਗੇ। (1 ਤਿਮੋ. 4:15) ਹਰ ਰੋਜ਼ ਪੂਰੀ ਵਾਹ ਲਾ ਕੇ ਸਾਨੂੰ ਸ਼ਕਤੀ ਦੀ ਸੇਧ ਅਨੁਸਾਰ ਚੱਲਣ ਯਾਨੀ ਜੀਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ‘ਸ਼ਕਤੀ ਦੁਆਰਾ ਚੱਲਣ’ ਨਾਲ ਸਾਡੇ ਉੱਤੇ ਪਰਮੇਸ਼ੁਰ ਦੀ ਮਿਹਰ ਹੋਵੇਗੀ।—ਗਲਾ. 5:16.
14. “ਜਿਹੜੇ ਸਰੀਰਕ ਹਨ,” ਉਨ੍ਹਾਂ ਦਾ ਸੁਭਾਅ ਕਿਹੋ ਜਿਹਾ ਹੈ?
14 ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਨੇ ਦੋ ਤਰ੍ਹਾਂ ਦੇ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਦੀ ਸੋਚ ਵੱਖੋ-ਵੱਖਰੀ ਹੈ। (ਰੋਮੀਆਂ 8:5 ਪੜ੍ਹੋ।) ਜ਼ਰੂਰੀ ਨਹੀਂ ਕਿ ਇੱਥੇ ਹੱਡ-ਮਾਸ ਦੇ ਸਰੀਰ ਦੀ ਗੱਲ ਕੀਤੀ ਗਈ ਹੈ। ਬਾਈਬਲ ਵਿਚ ਕਦੇ-ਕਦੇ “ਸਰੀਰ” ਸ਼ਬਦ ਪਾਪੀ ਸੁਭਾਅ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਇਸ ਸੁਭਾਅ ਕਾਰਨ ਸਰੀਰ ਅਤੇ ਮਨ ਵਿਚਕਾਰ ਲੜਾਈ ਹੁੰਦੀ ਹੈ ਜਿਸ ਦਾ ਪੌਲੁਸ ਨੇ ਪਹਿਲਾਂ ਜ਼ਿਕਰ ਕੀਤਾ ਸੀ। ਪਰ “ਜਿਹੜੇ ਸਰੀਰਕ ਹਨ,” ਉਹ ਪੌਲੁਸ ਵਾਂਗ ਜੱਦੋ-ਜਹਿਦ ਨਹੀਂ ਕਰਦੇ। ਉਨ੍ਹਾਂ ਨੂੰ ਇਸ ਦਾ ਕੋਈ ਫ਼ਿਕਰ ਨਹੀਂ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਅਤੇ ਨਾ ਹੀ ਉਹ ਉਸ ਵੱਲੋਂ ਦਿੱਤੀ ਮਦਦ ਸਵੀਕਾਰ ਕਰਦੇ ਹਨ। ਇਸ ਦੀ ਬਜਾਇ ਉਹ ‘ਸਰੀਰ ਦੀਆਂ ਵਸਤਾਂ ਉੱਤੇ ਮਨ ਲਾਉਂਦੇ ਹਨ।’ ਉਹ ਅਕਸਰ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਵਿਚ ਲੱਗੇ ਰਹਿੰਦੇ ਹਨ। ਇਸ ਦੇ ਉਲਟ “ਜਿਹੜੇ ਆਤਮਕ ਹਨ,” ਉਹ ਪਰਮੇਸ਼ੁਰੀ ਗੱਲਾਂ ਯਾਨੀ ਉਸ ਦੇ ਪ੍ਰਬੰਧਾਂ ਅਤੇ ਕੰਮਾਂ ਉੱਤੇ ਮਨ ਲਾਉਂਦੇ ਹਨ।
15, 16. (ੳ) ਕਿਸੇ ਚੀਜ਼ ਉੱਤੇ ਮਨ ਲਾਉਣ ਦਾ ਦਿਮਾਗ਼ ʼਤੇ ਕੀ ਅਸਰ ਪੈ ਸਕਦਾ ਹੈ? (ਅ) ਅੱਜ ਜ਼ਿਆਦਾਤਰ ਲੋਕਾਂ ਦੀ ਸੋਚ ਬਾਰੇ ਅਸੀਂ ਕੀ ਕਹਿ ਸਕਦੇ ਹਾਂ?
15 ਰੋਮੀਆਂ 8:6 ਪੜ੍ਹੋ। ਕੋਈ ਚੰਗਾ ਜਾਂ ਮਾੜਾ ਕੰਮ ਕਰਨ ਲਈ ਇਕ ਵਿਅਕਤੀ ਪਹਿਲਾਂ ਇਸ ʼਤੇ ਮਨ ਲਾਉਂਦਾ ਹੈ। ਜਿਹੜੇ ਲੋਕ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਈ ਰੱਖਦੇ ਹਨ, ਉਨ੍ਹਾਂ ਦੇ ਦਿਮਾਗ਼ ਵਿਚ ਹਰ ਵੇਲੇ ਸਰੀਰਕ ਗੱਲਾਂ ਘੁੰਮਦੀਆਂ ਰਹਿੰਦੀਆਂ ਹਨ। ਉਨ੍ਹਾਂ ਦੀਆਂ ਭਾਵਨਾਵਾਂ, ਰੁਚੀਆਂ ਅਤੇ ਸਨੇਹ-ਪਿਆਰ ਤੋਂ ਜ਼ਾਹਰ ਹੋ ਜਾਂਦਾ ਹੈ ਕਿ ਉਨ੍ਹਾਂ ਉੱਤੇ ਕਿਹੜੀਆਂ ਚੀਜ਼ਾਂ ਦਾ ਭੂਤ ਸਵਾਰ ਰਹਿੰਦਾ ਹੈ।
16 ਅੱਜ ਜ਼ਿਆਦਾਤਰ ਲੋਕ ਕਿਨ੍ਹਾਂ ਚੀਜ਼ਾਂ ਵਿਚ ਰੁੱਝੇ ਪਏ ਹਨ? ਯੂਹੰਨਾ ਰਸੂਲ ਨੇ ਲਿਖਿਆ: “ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।” (1 ਯੂਹੰ. 2:16) ਇਨ੍ਹਾਂ ਇੱਛਾਵਾਂ ਵਿਚ ਸ਼ਾਮਲ ਹੈ: ਵੱਖੋ-ਵੱਖਰੇ ਲੋਕਾਂ ਨਾਲ ਜਿਨਸੀ ਸੰਬੰਧ ਰੱਖਣੇ, ਮਸ਼ਹੂਰੀ ਖੱਟਣੀ ਅਤੇ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਇਕੱਠੀਆਂ ਕਰਨੀਆਂ। ਕਿਤਾਬਾਂ, ਰਸਾਲੇ, ਅਖ਼ਬਾਰਾਂ, ਫ਼ਿਲਮਾਂ, ਟੀ.ਵੀ. ਸ਼ੋਅ ਅਤੇ ਇੰਟਰਨੈੱਟ ਅਜਿਹੀ ਜਾਣਕਾਰੀ ਦਾ ਭੰਡਾਰ ਹਨ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਮਨ ਇਨ੍ਹਾਂ ਚੀਜ਼ਾਂ ʼਤੇ ਲੱਗਾ ਰਹਿੰਦਾ ਹੈ ਅਤੇ ਉਹ ਇਨ੍ਹਾਂ ਨੂੰ ਪਾਉਣਾ ਚਾਹੁੰਦੇ ਹਨ। ਪਰ “ਸਰੀਰਕ ਮਨਸ਼ਾ ਮੌਤ ਹੈ” ਜਿਸ ਦਾ ਮਤਲਬ ਹੈ ਕਿ ਨਾ ਸਿਰਫ਼ ਹੁਣ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ, ਸਗੋਂ ਆਉਣ ਵਾਲੇ ਸਮੇਂ ਵਿਚ ਅਸੀਂ ਆਪਣੀ ਜਾਨ ਵੀ ਗੁਆ ਸਕਦੇ ਹਾਂ। ਕਿਉਂ? “ਇਸ ਲਈ ਜੋ ਸਰੀਰਕ ਮਨਸ਼ਾ ਪਰਮੇਸ਼ੁਰ ਨਾਲ ਵੈਰ ਹੈ ਕਿਉਂ ਜੋ ਉਹ ਪਰਮੇਸ਼ੁਰ ਦੀ ਸ਼ਰਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸੱਕਦੀ ਹੈ। ਅਤੇ ਜਿਹੜੇ ਸਰੀਰਕ ਹਨ ਓਹ ਪਰਮੇਸ਼ੁਰ ਨੂੰ ਪਰਸੰਨ ਕਰ ਨਹੀਂ ਸੱਕਦੇ ਹਨ।”—ਰੋਮੀ. 8:7, 8.
17, 18. ਅਸੀਂ “ਆਤਮਕ ਮਨਸ਼ਾ” ਕਿਵੇਂ ਰੱਖ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਦਾ ਨਤੀਜਾ ਕੀ ਨਿਕਲੇਗਾ?
17 ਦੂਜੇ ਪਾਸੇ “ਆਤਮਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ” ਯਾਨੀ ਆਉਣ ਵਾਲੇ ਸਮੇਂ ਵਿਚ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਤੇ ਮਨ ਦੀ ਸ਼ਾਂਤੀ ਮਿਲੇਗੀ ਅਤੇ ਇਸ ਵੇਲੇ ਪਰਮੇਸ਼ੁਰ ਨਾਲ ਸਾਡਾ ਚੰਗਾ ਰਿਸ਼ਤਾ ਬਣਦਾ ਹੈ। ਪਰ ਅਸੀਂ “ਆਤਮਕ ਮਨਸ਼ਾ” ਕਿਵੇਂ ਰੱਖ ਸਕਦੇ ਹਾਂ? ਆਪਣਾ ਮਨ ਪਰਮੇਸ਼ੁਰ ਦੀਆਂ ਗੱਲਾਂ ʼਤੇ ਲਾ ਕੇ ਅਤੇ ਇਨ੍ਹਾਂ ਅਨੁਸਾਰ ਆਪਣੀ ਸੋਚ ਢਾਲ਼ ਕੇ। ਇਸ ਤਰ੍ਹਾਂ ਕਰਨ ਨਾਲ ਸਾਡਾ ਮਨ “ਪਰਮੇਸ਼ੁਰ ਦੀ ਸ਼ਰਾ ਦੇ ਅਧੀਨ” ਹੋਵੇਗਾ ਅਤੇ ਉਸ ਦੇ ਖ਼ਿਆਲਾਂ ਅਨੁਸਾਰ ਸੋਚੇਗਾ। ਫਿਰ ਜਦੋਂ ਸਾਡੇ ʼਤੇ ਕੋਈ ਪਰਤਾਵਾ ਆਉਂਦਾ ਹੈ, ਤਾਂ ਸਾਨੂੰ ਪਤਾ ਹੋਵੇਗਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਫਿਰ ਅਸੀਂ ਪਵਿੱਤਰ ਸ਼ਕਤੀ ਅਨੁਸਾਰ ਸਹੀ ਫ਼ੈਸਲੇ ਕਰਾਂਗੇ।
18 ਇਸ ਲਈ ਪਰਮੇਸ਼ੁਰ ਦੀਆਂ ਗੱਲਾਂ ʼਤੇ ਮਨ ਲਾਉਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਅਸੀਂ “ਆਪਣੀ ਬੁੱਧ ਦਾ ਲੱਕ ਬੰਨ੍ਹ ਕੇ” ਕਰਦੇ ਹਾਂ ਯਾਨੀ ਜ਼ਿੰਦਗੀ ਵਿਚ ਪਰਮੇਸ਼ੁਰੀ ਕੰਮ ਕਰਨ ਦੀ ਆਪਣੀ ਆਦਤ ਬਣਾਉਂਦੇ ਹਾਂ। ਇਨ੍ਹਾਂ ਕੰਮਾਂ ਵਿਚ ਸ਼ਾਮਲ ਹੈ: ਬਾਕਾਇਦਾ ਪ੍ਰਾਰਥਨਾ ਕਰਨੀ, ਬਾਈਬਲ ਪੜ੍ਹਨੀ ਅਤੇ ਅਧਿਐਨ ਕਰਨਾ, ਮੀਟਿੰਗਾਂ ਵਿਚ ਜਾਣਾ ਅਤੇ ਪ੍ਰਚਾਰ ਕਰਨਾ। (1 ਪਤ. 1:13) ਆਓ ਆਪਾਂ ਸਰੀਰ ਦੀਆਂ ਗੱਲਾਂ ਕਾਰਨ ਆਪਣਾ ਮਨ ਨਾ ਭਟਕਣ ਦੇਈਏ, ਸਗੋਂ ਇਸ ਨੂੰ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਲਾਈਏ। ਇਸ ਤਰ੍ਹਾਂ ਕਰ ਕੇ ਆਪਾਂ ਸ਼ਕਤੀ ਅਨੁਸਾਰ ਚੱਲ ਰਹੇ ਹੋਵਾਂਗੇ। ਇੱਦਾਂ ਚੱਲਣ ਨਾਲ ਸਾਨੂੰ ਬਰਕਤਾਂ ਮਿਲਣਗੀਆਂ ਕਿਉਂਕਿ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਨਾਲ ਸਾਨੂੰ ਜ਼ਿੰਦਗੀ ਅਤੇ ਸ਼ਾਂਤੀ ਮਿਲੇਗੀ।—ਗਲਾ. 6:7, 8.
ਕੀ ਤੁਸੀਂ ਦੱਸ ਸਕਦੇ ਹੋ?
• ਜੋ ਕੰਮ ਸ਼ਰਾ ਨਹੀਂ ਕਰ ਸਕੀ, ਉਹ ਕੰਮ ਪਰਮੇਸ਼ੁਰ ਨੇ ਕਿਵੇਂ ਕਰ ਦਿਖਾਇਆ?
• “ਪਾਪ ਅਤੇ ਮੌਤ ਦੀ ਸ਼ਰਾ” ਕੀ ਹੈ ਅਤੇ ਅਸੀਂ ਇਸ ਤੋਂ ਕਿਵੇਂ ਛੁੱਟ ਸਕਦੇ ਹਾਂ?
• “ਆਤਮਕ ਮਨਸ਼ਾ” ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
[ਸਫ਼ੇ 12, 13 ਉੱਤੇ ਤਸਵੀਰਾਂ]
ਕੀ ਤੁਸੀਂ ਸਰੀਰ ਅਨੁਸਾਰ ਚੱਲਦੇ ਹੋ ਜਾਂ ਸ਼ਕਤੀ ਅਨੁਸਾਰ?