“ਅਪਾਹਜ ਹਾਂ, ਪਰ ਹਮੇਸ਼ਾ ਲਈ ਨਹੀਂ!”
ਸਾਰਾ ਵੈਨ ਡੇ ਮੌਂਡ ਦੀ ਜ਼ਬਾਨੀ
ਲੋਕ ਮੈਨੂੰ ਅਕਸਰ ਕਹਿੰਦੇ ਹਨ, “ਸਾਰਾ, ਤੇਰੇ ਚਿਹਰੇ ʼਤੇ ਮੁਸਕਰਾਹਟ ਖਿੜੀ ਰਹਿੰਦੀ ਹੈ। ਤੂੰ ਹਮੇਸ਼ਾ ਇੰਨੀ ਖ਼ੁਸ਼ ਕਿਉਂ ਰਹਿੰਦੀ ਹੈ?” ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਮੈਨੂੰ ਭਵਿੱਖ ਲਈ ਇਕ ਖ਼ਾਸ ਉਮੀਦ ਮਿਲੀ ਹੈ। ਇਸ ਨੂੰ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤਾ ਜਾ ਸਕਦਾ ਹੈ: “ਹੁਣ ਭਾਵੇਂ ਮੈਂ ਅਪਾਹਜ ਹਾਂ, ਪਰ ਹਮੇਸ਼ਾ ਲਈ ਨਹੀਂ!”
ਮੈਂ 1974 ਵਿਚ ਪੈਰਿਸ, ਫਰਾਂਸ ਵਿਚ ਪੈਦਾ ਹੋਈ ਸੀ। ਮੇਰਾ ਜਨਮ ਬਹੁਤ ਔਖਾ ਹੋਇਆ ਸੀ ਅਤੇ ਬਾਅਦ ਵਿਚ ਪਤਾ ਲੱਗਾ ਕਿ ਮੈਨੂੰ ਸੇਰੀਬ੍ਰੇਲ ਪਾਲਿਸੀ (ਦਿਮਾਗ਼ ਨੂੰ ਨੁਕਸਾਨ ਪਹੁੰਚਣ ਕਾਰਨ ਅਪਾਹਜ ਹੋਣਾ) ਨਾਂ ਦੀ ਬੀਮਾਰੀ ਸੀ। ਮੇਰੀਆਂ ਲੱਤਾਂ-ਬਾਹਾਂ ਚੰਗੀ ਤਰ੍ਹਾਂ ਕੰਮ ਨਹੀਂ ਸੀ ਕਰਦੀਆਂ ਅਤੇ ਦੂਜਿਆਂ ਲਈ ਮੇਰੀ ਗੱਲ ਨੂੰ ਸਮਝਣਾ ਔਖਾ ਸੀ। ਮੈਨੂੰ ਮਿਰਗੀ ਦੇ ਦੌਰੇ ਵੀ ਪੈਂਦੇ ਸਨ ਅਤੇ ਝੱਟ ਇਨਫ਼ੈਕਸ਼ਨ ਹੋ ਜਾਂਦੀ ਸੀ।
ਜਦੋਂ ਮੈਂ ਦੋ ਸਾਲ ਦੀ ਸੀ, ਤਾਂ ਮੇਰਾ ਪਰਿਵਾਰ ਮੈਲਬੋਰਨ, ਆਸਟ੍ਰੇਲੀਆ ਚਲਾ ਗਿਆ। ਦੋ ਸਾਲਾਂ ਬਾਅਦ ਮੇਰੇ ਡੈਡੀ ਮੈਨੂੰ ਅਤੇ ਮੇਰੀ ਮੰਮੀ ਨੂੰ ਛੱਡ ਕੇ ਚਲੇ ਗਏ। ਇਹ ਪਹਿਲੀ ਵਾਰ ਸੀ ਜਦੋਂ ਮੈਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਨਜ਼ਦੀਕ ਮਹਿਸੂਸ ਕੀਤਾ। ਮੰਮੀ, ਜੋ ਯਹੋਵਾਹ ਦੀ ਗਵਾਹ ਸੀ, ਮੈਨੂੰ ਲਗਾਤਾਰ ਮੀਟਿੰਗਾਂ ਤੇ ਲੈ ਕੇ ਜਾਂਦੀ ਸੀ ਜਿੱਥੇ ਮੈਂ ਜਾਣਿਆ ਕਿ ਪਰਮੇਸ਼ੁਰ ਮੈਨੂੰ ਪਿਆਰ ਹੀ ਨਹੀਂ, ਸਗੋਂ ਮੇਰੀ ਪਰਵਾਹ ਵੀ ਕਰਦਾ ਸੀ। ਇਹ ਜਾਣਨ ਦੇ ਨਾਲ-ਨਾਲ ਮੰਮੀ ਦੇ ਪਿਆਰ ਅਤੇ ਭਰੋਸੇ ਕਾਰਨ ਮੈਂ ਸੁਰੱਖਿਅਤ ਮਹਿਸੂਸ ਕਰਦੀ ਸੀ ਭਾਵੇਂ ਹੁਣ ਸਾਡੇ ਹਾਲਾਤ ਬਦਲ ਗਏ ਸਨ।
ਮੰਮੀ ਨੇ ਮੈਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਵੀ ਸਿਖਾਈ। ਅਸਲ ਵਿਚ ਗੱਲਾਂ ਕਰਨ ਨਾਲੋਂ ਪ੍ਰਾਰਥਨਾ ਕਰਨੀ ਮੈਨੂੰ ਬਹੁਤ ਸੌਖੀ ਲੱਗੀ। ਪ੍ਰਾਰਥਨਾ ਦੌਰਾਨ ਸ਼ਬਦ ਕਹਿਣ ਲਈ ਮੈਨੂੰ ਜੱਦੋ-ਜਹਿਦ ਨਹੀਂ ਕਰਨੀ ਪੈਂਦੀ, ਬਲਕਿ ਮੈਂ ਮਨ ਹੀ ਮਨ ਵਿਚ ਉਨ੍ਹਾਂ ਸ਼ਬਦਾਂ ਨੂੰ ਸਾਫ਼-ਸਾਫ਼ “ਸੁਣਦੀ” ਹਾਂ। ਦੂਜਿਆਂ ਨੂੰ ਮੇਰੀ ਗੱਲ ਸਮਝਣੀ ਔਖੀ ਲੱਗਦੀ ਹੈ, ਪਰ ਇਹ ਜਾਣ ਕੇ ਮੈਨੂੰ ਹੌਸਲਾ ਮਿਲਦਾ ਹੈ ਕਿ ਯਹੋਵਾਹ ਮੇਰੀ ਹਰ ਗੱਲ ਸਮਝਦਾ ਹੈ ਭਾਵੇਂ ਮੈਂ ਮਨ ਹੀ ਮਨ ਵਿਚ ਜਾਂ ਲੜਖੜਾਉਂਦੀ ਆਵਾਜ਼ ਵਿਚ ਕੁਝ ਕਹਿੰਦੀ ਹਾਂ।—ਜ਼ਬੂ. 65:2.
ਸਮੱਸਿਆਵਾਂ ਨਾਲ ਸਿੱਝਣਾ
ਪੰਜ ਸਾਲ ਦੀ ਹੋਣ ਤੇ ਮੇਰੀ ਬੀਮਾਰੀ ਇੰਨੀ ਵਧ ਗਈ ਕਿ ਮੈਨੂੰ ਤੁਰਨ ਲਈ ਭਾਰੇ ਕੈਲੀਪਰ ਦੀ ਲੋੜ ਪਈ। ਮੈਂ ਤੁਰਨ ਨਾਲੋਂ ਜ਼ਿਆਦਾ ਲੜਖੜਾਉਂਦੀ ਸੀ! 11 ਸਾਲ ਦੀ ਹੋਣ ਤੇ ਮੈਂ ਤੁਰ ਵੀ ਨਹੀਂ ਸਕਦੀ ਸੀ। ਬਾਅਦ ਵਿਚ ਮੈਂ ਇਲੈਕਟ੍ਰਿਕ ਮਸ਼ੀਨ ਦੀ ਮਦਦ ਤੋਂ ਬਿਨਾਂ ਨਾ ਤਾਂ ਬਿਸਤਰ ʼਤੇ ਜਾ ਸਕਦੀ ਸੀ ਤੇ ਨਾ ਹੀ ਉੱਠ ਕੇ ਵੀਲ੍ਹਚੇਅਰ ʼਤੇ ਬੈਠ ਸਕਦੀ ਸੀ ਜਿਸ ਨੂੰ ਮੈਂ ਹੈਂਡ ਲੀਵਰ ਨਾਲ ਚਲਾਉਂਦੀ ਹਾਂ।
ਮੈਂ ਮੰਨਦੀ ਹਾਂ ਕਿ ਆਪਣੀਆਂ ਸਿਹਤ ਸਮੱਸਿਆਵਾਂ ਕਰਕੇ ਮੈਂ ਕਦੀ-ਕਦੀ ਉਦਾਸ ਹੋ ਜਾਂਦੀ ਹਾਂ। ਪਰ ਫਿਰ ਮੈਨੂੰ ਆਪਣੇ ਪਰਿਵਾਰ ਦਾ ਬਣਾਇਆ ਅਸੂਲ ਯਾਦ ਆਉਂਦਾ ਹੈ: “ਉਨ੍ਹਾਂ ਕੰਮਾਂ ਦੀ ਚਿੰਤਾ ਨਾ ਕਰੋ ਜੋ ਤੁਸੀਂ ਨਹੀਂ ਕਰ ਸਕਦੇ। ਉਹੀ ਕੰਮ ਕਰੋ ਜੋ ਤੁਸੀਂ ਕਰ ਸਕਦੇ ਹੋ।” ਇਸ ਗੱਲ ਦੀ ਮਦਦ ਨਾਲ ਮੈਂ ਹੋਰ ਕਈ ਕੰਮ ਕਰਨ ਵਿਚ ਕਾਮਯਾਬ ਹੋ ਗਈ ਜਿਵੇਂ ਘੋੜ ਸਵਾਰੀ, ਸਮੁੰਦਰੀ ਸਫ਼ਰ, ਬੇੜੀ ਚਲਾਉਣੀ, ਕੈਂਪ ਲਾਉਣਾ ਅਤੇ ਟ੍ਰੈਫਿਕ ਤੋਂ ਬਿਨਾਂ ਥਾਵਾਂ ਤੇ ਕਾਰ ਚਲਾਉਣੀ! ਮੈਂ ਪੇਟਿੰਗ, ਸਿਲਾਈ, ਰਜਾਈਆਂ ਨਗੰਦ ਕੇ ਉਨ੍ਹਾਂ ਉੱਤੇ ਡੀਜ਼ਾਈਨ ਬਣਾਉਣ, ਕਢਾਈ ਕਰਨ ਅਤੇ ਮਿੱਟੀ ਦੇ ਭਾਂਡੇ ਬਣਾਉਣੇ ਪਸੰਦ ਕਰਦੀ ਹਾਂ।
ਗੰਭੀਰ ਸਿਹਤ ਸਮੱਸਿਆਵਾਂ ਹੋਣ ਕਰਕੇ ਕੁਝ ਲੋਕ ਕਹਿੰਦੇ ਸਨ ਕਿ ਮੈਂ ਇੰਨੀ ਅਕਲਮੰਦ ਨਹੀਂ ਹਾਂ ਕਿ ਪਰਮੇਸ਼ੁਰ ਦੀ ਭਗਤੀ ਕਰ ਸਕਾਂ। ਜਦੋਂ ਮੈਂ 18 ਸਾਲਾਂ ਦੀ ਸੀ, ਤਾਂ ਮੇਰੀ ਅਧਿਆਪਕ ਨੇ ਮੈਨੂੰ ਘਰ ਛੱਡਣ ਲਈ ਕਿਹਾ ਤਾਂਕਿ ਮੈਂ ਆਪਣੀ ਮੰਮੀ ਦੇ ਧਰਮ ਤੋਂ “ਛੁੱਟ ਜਾਵਾਂ।” ਉਸ ਨੇ ਇਹ ਵੀ ਕਿਹਾ ਕਿ ਉਹ ਰਹਿਣ ਲਈ ਥਾਂ ਲੱਭਣ ਵਿਚ ਮੇਰੀ ਮਦਦ ਵੀ ਕਰੇਗੀ। ਪਰ ਮੈਂ ਉਸ ਨੂੰ ਕਹਿ ਦਿੱਤਾ ਕਿ ਮੈਂ ਕਦੇ ਵੀ ਆਪਣੇ ਧਰਮ ਨੂੰ ਨਹੀਂ ਛੱਡਾਂਗੀ ਅਤੇ ਉਦੋਂ ਹੀ ਘਰ ਛੱਡਾਂਗੀ ਜਦੋਂ ਮੈਂ ਕੁਝ ਕੰਮ ਆਪ ਕਰਨ ਦੇ ਕਾਬਲ ਹੋਵਾਂਗੀ।
ਅਧਿਆਪਕ ਦੀ ਇਸ ਗੱਲ ਤੋਂ ਥੋੜ੍ਹੀ ਦੇਰ ਬਾਅਦ ਮੈਂ ਯਹੋਵਾਹ ਦੀ ਇਕ ਗਵਾਹ ਵਜੋਂ ਬਪਤਿਸਮਾ ਲੈ ਲਿਆ। ਦੋ ਸਾਲਾਂ ਬਾਅਦ ਮੈਂ ਇਕ ਛੋਟੇ ਜਿਹੇ ਅਪਾਰਟਮੈਂਟ ਵਿਚ ਰਹਿਣ ਲੱਗ ਪਈ। ਮੈਂ ਇੱਥੇ ਖ਼ੁਸ਼ ਹਾਂ ਕਿਉਂਕਿ ਮੈਂ ਆਪਣੇ ਕੁਝ ਕੰਮ ਆਪ ਕਰ ਸਕਦੀ ਹਾਂ ਅਤੇ ਇਸ ਦੇ ਨਾਲ-ਨਾਲ ਮੈਨੂੰ ਲੋੜ ਵੇਲੇ ਮਦਦ ਵੀ ਮਿਲਦੀ ਹੈ।
ਅਚਾਨਕ ਵਿਆਹ ਦੀ ਪੇਸ਼ਕਸ਼
ਕਈ ਸਾਲਾਂ ਤਾਈਂ ਮੇਰੀ ਨਿਹਚਾ ਦੀ ਪਰੀਖਿਆ ਹੋਈ। ਇਕ ਦਿਨ ਮੈਂ ਹੱਕੀ-ਬੱਕੀ ਰਹਿ ਗਈ ਜਦੋਂ ਮੇਰੇ ਨਾਲ ਪੜ੍ਹਨ ਵਾਲੇ ਇਕ ਅਪਾਹਜ ਮੁੰਡੇ ਨੇ ਮੈਨੂੰ ਆਪਣੇ ਨਾਲ ਵਿਆਹ ਕਰਾਉਣ ਲਈ ਪੁੱਛਿਆ। ਪਹਿਲਾਂ-ਪਹਿਲਾਂ ਤਾਂ ਮੈਂ ਬਹੁਤ ਖ਼ੁਸ਼ ਹੋਈ। ਜ਼ਿਆਦਾਤਰ ਕੁੜੀਆਂ ਦੀ ਤਰ੍ਹਾਂ ਮੈਂ ਵੀ ਚਾਹੁੰਦੀ ਹਾਂ ਕਿ ਮੇਰਾ ਜੀਵਨ-ਸਾਥੀ ਹੋਵੇ। ਭਾਵੇਂ ਅਸੀਂ ਦੋਵੇਂ ਅਪਾਹਜ ਹਾਂ, ਪਰ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਸਾਡਾ ਵਿਆਹੁਤਾ-ਜੀਵਨ ਖ਼ੁਸ਼ੀਆਂ ਭਰਿਆ ਹੋਵੇਗਾ। ਇਸ ਤੋਂ ਇਲਾਵਾ ਉਹ ਮੁੰਡਾ ਯਹੋਵਾਹ ਨੂੰ ਨਹੀਂ ਸੀ ਮੰਨਦਾ। ਸਾਡੇ ਵਿਸ਼ਵਾਸ, ਕੰਮ ਅਤੇ ਟੀਚੇ ਬਿਲਕੁਲ ਵੱਖਰੇ ਸਨ। ਤਾਂ ਫਿਰ ਅਸੀਂ ਕਿਵੇਂ ਵਿਆਹ ਦੇ ਬੰਧਨ ਵਿਚ ਬੱਝ ਸਕਦੇ ਸੀ? ਮੈਂ ਯਹੋਵਾਹ ਦੇ ਸਪੱਸ਼ਟ ਹੁਕਮ ਨੂੰ ਮੰਨਣ ਦੀ ਪੱਕੀ ਠਾਣੀ ਹੋਈ ਸੀ ਕਿ ਮੈਂ ਸਿਰਫ਼ ਉਸ ਦੇ ਸੇਵਕ ਨਾਲ ਵਿਆਹ ਕਰਾਂਗੀ। (1 ਕੁਰਿੰ. 7:39) ਇਸ ਲਈ ਮੈਂ ਉਸ ਮੁੰਡੇ ਨੂੰ ਨਰਮਾਈ ਨਾਲ ਕਹਿ ਦਿੱਤਾ ਕਿ ਮੈਂ ਉਸ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕਰ ਸਕਦੀ।
ਅੱਜ ਵੀ ਮੈਂ ਜਾਣਦੀ ਹਾਂ ਕਿ ਮੈਂ ਸਹੀ ਫ਼ੈਸਲਾ ਕੀਤਾ ਸੀ। ਮੇਰੇ ਮਨ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੈਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਖ਼ੁਸ਼ ਰਹਾਂਗੀ। (ਜ਼ਬੂ. 145:16; 2 ਪਤ. 3:13) ਤਦ ਤਕ ਮੇਰਾ ਇਰਾਦਾ ਹੈ ਕਿ ਮੈਂ ਯਹੋਵਾਹ ਦੀ ਵਫ਼ਾਦਾਰ ਰਹਾਂਗੀ ਅਤੇ ਆਪਣੇ ਮੌਜੂਦਾ ਹਾਲਾਤਾਂ ਨਾਲ ਸੰਤੁਸ਼ਟ ਰਹਾਂਗੀ।
ਮੈਂ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰਦੀ ਹਾਂ ਜਦੋਂ ਮੈਂ ਆਪਣੀ ਵੀਲ੍ਹਚੇਅਰ ਤੋਂ ਕੁੱਦ ਕੇ ਹਵਾ ਵਾਂਗ ਦੌੜਾਂਗੀ। ਤਦ ਮੈਂ ਖ਼ੁਸ਼ੀ ਨਾਲ ਕਹਿ ਉੱਠਾਂਗੀ: “ਮੈਂ ਅਪਾਹਜ ਸੀ, ਪਰ ਹੁਣ ਹੱਟੀ-ਕੱਟੀ ਹਾਂ ਤੇ ਹਮੇਸ਼ਾ ਲਈ ਰਹਾਂਗੀ!”