ਦੁਸ਼ਟ ਦੁਨੀਆਂ ਵਿਚ “ਪਰਦੇਸੀ”
‘ਇਨ੍ਹਾਂ ਸਭਨਾਂ ਨੇ ਨਿਹਚਾ ਨਾਲ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।’—ਇਬ. 11:13.
1. ਯਿਸੂ ਨੇ ਦੁਨੀਆਂ ਵਿਚ ਆਪਣੇ ਚੇਲਿਆਂ ਦੀ ਥਾਂ ਬਾਰੇ ਕੀ ਕਿਹਾ?
ਯਿਸੂ ਨੇ ਆਪਣੇ ਚੇਲਿਆਂ ਬਾਰੇ ਕਿਹਾ ਕਿ “ਏਹ ਜਗਤ ਵਿੱਚ ਹਨ।” ਪਰ ਉਸ ਨੇ ਸਮਝਾਇਆ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰ. 17:11, 14) ਇਸ ਤਰ੍ਹਾਂ ਯਿਸੂ ਨੇ ਸਾਫ਼ ਕਰ ਦਿੱਤਾ ਕਿ ਉਸ ਦੇ ਸੱਚੇ ਚੇਲਿਆਂ ਦੀ “ਇਸ ਜੁੱਗ” ਵਿਚ ਕੀ ਥਾਂ ਹੈ ਜਿਸ ਦਾ ਈਸ਼ਵਰ ਸ਼ਤਾਨ ਹੈ। (2 ਕੁਰਿੰ. 4:4) ਉਹ ਇਸ ਬੁਰੀ ਦੁਨੀਆਂ ਵਿਚ ਤਾਂ ਰਹਿੰਦੇ ਹਨ, ਪਰ ਉਹ ਇਸ ਦਾ ਹਿੱਸਾ ਨਹੀਂ ਹੋਣਗੇ। ਦੁਨੀਆਂ ਵਿਚ ਉਹ “ਪਰਦੇਸੀ ਅਤੇ ਮੁਸਾਫ਼ਰ” ਹਨ।—1 ਪਤ. 2:11.
ਉਹ ‘ਪਰਦੇਸੀਆਂ’ ਵਜੋਂ ਰਹੇ
2, 3. ਕਿਉਂ ਕਿਹਾ ਜਾ ਸਕਦਾ ਹੈ ਕਿ ਹਨੋਕ, ਨੂਹ, ਅਬਰਾਹਾਮ ਅਤੇ ਸਾਰਾਹ ‘ਓਪਰਿਆਂ ਅਤੇ ਪਰਦੇਸੀਆਂ’ ਵਾਂਗ ਰਹੇ?
2 ਸ਼ੁਰੂ ਤੋਂ ਹੀ ਯਹੋਵਾਹ ਦੇ ਵਫ਼ਾਦਾਰ ਸੇਵਕ ਆਪਣੇ ਜ਼ਮਾਨੇ ਦੀ ਦੁਸ਼ਟ ਦੁਨੀਆਂ ਵਿਚ ਰਹਿੰਦੇ ਲੋਕਾਂ ਤੋਂ ਵੱਖਰੇ ਨਜ਼ਰ ਆਉਂਦੇ ਸਨ। ਜਲ-ਪਰਲੋ ਤੋਂ ਪਹਿਲਾਂ ਹਨੋਕ ਅਤੇ ਨੂਹ ‘ਪਰਮੇਸ਼ੁਰ ਦੇ ਨਾਲ ਨਾਲ ਚੱਲੇ।’ (ਉਤ. 5:22-24; 6:9) ਉਨ੍ਹਾਂ ਦੋਵਾਂ ਨੇ ਸ਼ਤਾਨ ਦੀ ਬੁਰੀ ਦੁਨੀਆਂ ਨੂੰ ਯਹੋਵਾਹ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਦਾ ਦਲੇਰੀ ਨਾਲ ਪ੍ਰਚਾਰ ਕੀਤਾ। (2 ਪਤਰਸ 2:5; ਯਹੂਦਾਹ 14, 15 ਪੜ੍ਹੋ।) ਬੁਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਕਾਰਨ ਹਨੋਕ ਨੇ ‘ਪਰਮੇਸ਼ੁਰ ਨੂੰ ਪ੍ਰਸੰਨ ਕੀਤਾ ਸੀ’ ਅਤੇ ਨੂਹ “ਆਪਣੀ ਪੀੜ੍ਹੀ ਵਿੱਚ ਸੰਪੂਰਨ [ਨਿਹਕਲੰਕ] ਸੀ।”—ਇਬ. 11:5, CL; ਉਤ. 6:9.
3 ਪਰਮੇਸ਼ੁਰ ਦੇ ਕਹਿਣ ਤੇ ਅਬਰਾਹਾਮ ਅਤੇ ਸਾਰਾਹ ਨੇ ਕਸਦੀਆਂ ਦੇ ਸ਼ਹਿਰ ਊਰ ਵਿਚ ਐਸ਼ੋ-ਆਰਾਮ ਦੀ ਜ਼ਿੰਦਗੀ ਤਿਆਗ ਦਿੱਤੀ ਅਤੇ ਇਕ ਓਪਰੇ ਦੇਸ਼ ਵਿਚ ਖ਼ਾਨਾਬਦੋਸ਼ਾਂ ਵਾਂਗ ਰਹਿਣ ਲੱਗ ਪਏ। (ਉਤ. 11:27, 28; 12:1) ਪੌਲੁਸ ਰਸੂਲ ਨੇ ਲਿਖਿਆ: “ਨਿਹਚਾ ਨਾਲ ਅਬਰਾਹਾਮ ਜਾਂ ਸੱਦਿਆ ਗਿਆ ਤਾਂ ਓਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਹ ਨੂੰ ਉਹ ਨੇ ਅਧਕਾਰ ਵਿੱਚ ਲੈਣਾ ਸੀ, ਅਤੇ ਭਾਵੇਂ ਉਹ ਨਹੀਂ ਸੀ ਜਾਣਦਾ ਭਈ ਮੈਂ ਕਿੱਧਰ ਨੂੰ ਲਗਾ ਜਾਂਦਾ ਹਾਂ ਤਾਂ ਵੀ ਨਿੱਕਲ ਤੁਰਿਆ। ਨਿਹਚਾ ਨਾਲ ਉਹ ਵਾਇਦੇ ਵਾਲੀ ਧਰਤੀ ਵਿੱਚ ਜਾ ਵੱਸਿਆ ਜਿਵੇਂ ਪਰਾਈ ਧਰਤੀ ਵਿੱਚ ਉਹ ਨੇ ਇਸਹਾਕ ਅਤੇ ਯਾਕੂਬ ਦੇ ਨਾਲ ਜਿਹੜੇ ਉਹ ਦੇ ਸੰਗ ਓਸੇ ਵਾਇਦੇ ਦੇ ਅਧਕਾਰੀ ਸਨ ਤੰਬੂਆਂ ਵਿੱਚ ਵਾਸ ਕੀਤਾ।” (ਇਬ. 11:8, 9) ਯਹੋਵਾਹ ਦੇ ਇਹੋ ਜਿਹੇ ਵਫ਼ਾਦਾਰ ਸੇਵਕਾਂ ਬਾਰੇ ਪੌਲੁਸ ਨੇ ਕਿਹਾ: “ਏਹ ਸੱਭੇ ਨਿਹਚਾ ਵਿੱਚ ਮਰ ਗਏ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ ਪਰ ਓਹ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।”—ਇਬ. 11:13.
ਇਸਰਾਏਲੀਆਂ ਨੂੰ ਚੇਤਾਵਨੀ
4. ਦੇਸ਼ ਦੇ ਵਾਸੀ ਬਣਨ ਤੋਂ ਪਹਿਲਾਂ ਇਸਰਾਏਲੀਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਗਈ ਸੀ?
4 ਅਬਰਾਹਾਮ ਦੀ ਔਲਾਦ ਯਾਨੀ ਇਸਰਾਏਲੀਆਂ ਦੀ ਗਿਣਤੀ ਵਧ ਗਈ ਅਤੇ ਅਖ਼ੀਰ ਉਨ੍ਹਾਂ ਦੀ ਇਕ ਕੌਮ ਬਣ ਗਈ ਜਿਸ ਦਾ ਆਪਣਾ ਦੇਸ਼ ਅਤੇ ਕਾਨੂੰਨ ਸੀ। (ਉਤ. 48:4; ਬਿਵ. 6:1) ਇਸਰਾਏਲ ਦੇ ਲੋਕਾਂ ਨੇ ਇਹ ਕਦੇ ਨਹੀਂ ਸੀ ਭੁੱਲਣਾ ਕਿ ਯਹੋਵਾਹ ਉਨ੍ਹਾਂ ਦੇ ਦੇਸ਼ ਦਾ ਅਸਲੀ ਮਾਲਕ ਸੀ। (ਲੇਵੀ. 25:23) ਉਹ ਕਿਰਾਏਦਾਰਾਂ ਵਾਂਗ ਸਨ ਜਿਨ੍ਹਾਂ ਨੂੰ ਮਾਲਕ ਦੀ ਇੱਛਾ ਅਨੁਸਾਰ ਚੱਲਣਾ ਪੈਣਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਯਾਦ ਰੱਖਣਾ ਸੀ ਕਿ ‘ਆਦਮੀ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹਿੰਦਾ।’ ਉਨ੍ਹਾਂ ਨੇ ਖ਼ੁਸ਼ਹਾਲ ਹੋ ਜਾਣ ਤੇ ਯਹੋਵਾਹ ਨੂੰ ਭੁੱਲਣਾ ਨਹੀਂ ਸੀ। (ਬਿਵ. 8:1-3) ਆਪਣੇ ਦੇਸ਼ ਵਿਚ ਵਸਣ ਤੋਂ ਪਹਿਲਾਂ ਇਸਰਾਏਲੀਆਂ ਨੂੰ ਇਹ ਚੇਤਾਵਨੀ ਦਿੱਤੀ ਗਈ ਸੀ: “ਐਉਂ ਹੋਵੇਗਾ ਕਿ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਧਰਤੀ ਵਿੱਚ ਜਿਹ ਦੇ ਤੁਹਾਨੂੰ ਦੇਣ ਦੀ ਸੌਂਹ ਤੁਹਾਡੇ ਪਿਉ ਦਾਦਿਆਂ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ ਲਿਆਵੇਗਾ, ਨਾਲੇ ਵੱਡੇ ਅਤੇ ਚੰਗੇ ਸ਼ਹਿਰ ਦੇਵੇਗਾ ਜਿਹੜੇ ਤੁਸਾਂ ਨਹੀਂ ਬਣਾਏ। ਅਤੇ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਜਿਹੜੇ ਤੁਸਾਂ ਨਹੀਂ ਭਰੇ ਅਤੇ ਪੁੱਟੇ ਹੋਏ ਹੌਦ ਜਿਹੜੇ ਤੁਸਾਂ ਨਹੀਂ ਪੁੱਟੇ, ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਿਰਛ ਜਿਹੜੇ ਤੁਸਾਂ ਨਹੀਂ ਲਾਏ ਜਿਨ੍ਹਾਂ ਤੋਂ ਤੁਸੀਂ ਖਾਓਗੇ ਅਤੇ ਰੱਜ ਜਾਓਗੇ। ਤਾਂ ਤੁਸੀਂ ਚੌਕਸ ਰਹਿਓ, ਮਤੇ ਤੁਸੀਂ ਯਹੋਵਾਹ ਨੂੰ ਵਿੱਸਰ ਜਾਓ।”—ਬਿਵ. 6:10-12.
5. ਯਹੋਵਾਹ ਨੇ ਇਸਰਾਏਲ ਨੂੰ ਕਿਉਂ ਰੱਦ ਕੀਤਾ ਅਤੇ ਕਿਹੜੀ ਨਵੀਂ ਕੌਮ ਉੱਤੇ ਮਿਹਰ ਕੀਤੀ?
5 ਇਹ ਚੇਤਾਵਨੀ ਦੇਣ ਦਾ ਇਕ ਆਧਾਰ ਸੀ। ਨਹਮਯਾਹ ਦੇ ਜ਼ਮਾਨੇ ਵਿਚ ਲੇਵੀਆਂ ਦਾ ਇਕ ਗਰੁੱਪ ਇਹ ਯਾਦ ਕਰਕੇ ਬਹੁਤ ਸ਼ਰਮਿੰਦਾ ਹੋਇਆ ਕਿ ਇਸਰਾਏਲੀਆਂ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਬਾਅਦ ਕੀ ਕੀਤਾ। ਆਰਾਮਦੇਹ ਘਰਾਂ ਵਿਚ ਰਹਿਣ, ਬਹੁਤ ਸਾਰਾ ਖਾਣਾ ਅਤੇ ਸ਼ਰਾਬ ਮਿਲਣ ਤੋਂ ਬਾਅਦ “ਓਹ ਖਾ ਕੇ ਰੱਜ ਗਏ ਅਤੇ ਮੋਟੇ ਹੋ ਗਏ।” ਉਹ ਪਰਮੇਸ਼ੁਰ ਦੇ ਖ਼ਿਲਾਫ਼ ਹੋ ਗਏ ਅਤੇ ਉਨ੍ਹਾਂ ਨਬੀਆਂ ਨੂੰ ਵੀ ਮਾਰ ਦਿੱਤਾ ਜਿਨ੍ਹਾਂ ਨੂੰ ਉਨ੍ਹਾਂ ਕੋਲ ਚੇਤਾਵਨੀ ਦੇਣ ਲਈ ਭੇਜਿਆ ਗਿਆ ਸੀ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹੱਥਾਂ ਵਿਚ ਸੌਂਪ ਦਿੱਤਾ। (ਨਹਮਯਾਹ 9:25-27 ਪੜ੍ਹੋ; ਹੋਸ਼ੇ. 13:6-9) ਬਾਅਦ ਵਿਚ ਰੋਮੀ ਹਕੂਮਤ ਅਧੀਨ ਹੁੰਦਿਆਂ ਉਨ੍ਹਾਂ ਨੇ ਹੱਦ ਹੀ ਕਰ ਦਿੱਤੀ। ਉਨ੍ਹਾਂ ਗੱਦਾਰ ਯਹੂਦੀਆਂ ਨੇ ਵਾਅਦਾ ਕੀਤੇ ਹੋਏ ਮਸੀਹਾ ਨੂੰ ਜਾਨੋਂ ਮਾਰ ਦਿੱਤਾ! ਇਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਤੋਂ ਆਪਣੀ ਮਿਹਰ ਹਟਾ ਕੇ ਇਕ ਨਵੀਂ ਕੌਮ ਤੇ ਮਿਹਰ ਕੀਤੀ ਜਿਸ ਨੂੰ ਪਰਮੇਸ਼ੁਰ ਦਾ ਇਸਰਾਏਲ ਕਿਹਾ ਜਾਂਦਾ ਹੈ।—ਮੱਤੀ 21:43; ਰਸੂ. 7:51, 52; ਗਲਾ. 6:16.
“ਜਗਤ ਦੇ ਨਹੀਂ”
6, 7. (ੳ) ਯਿਸੂ ਨੇ ਇਸ ਦੁਨੀਆਂ ਵਿਚ ਆਪਣੇ ਚੇਲਿਆਂ ਦੀ ਥਾਂ ਬਾਰੇ ਜੋ ਕੁਝ ਕਿਹਾ, ਉਸ ਬਾਰੇ ਤੁਸੀਂ ਕਿਵੇਂ ਸਮਝਾਓਗੇ? (ਅ) ਸੱਚੇ ਮਸੀਹੀਆਂ ਨੇ ਸ਼ਤਾਨ ਦੀ ਦੁਨੀਆਂ ਦਾ ਹਿੱਸਾ ਕਿਉਂ ਨਹੀਂ ਬਣਨਾ ਸੀ?
6 ਇਸ ਲੇਖ ਦੇ ਸ਼ੁਰੂ ਵਿਚ ਅਸੀਂ ਦੇਖਿਆ ਸੀ ਕਿ ਕਲੀਸਿਯਾ ਦੇ ਸਿਰ ਯਿਸੂ ਮਸੀਹ ਨੇ ਸਪੱਸ਼ਟ ਕੀਤਾ ਸੀ ਕਿ ਉਸ ਦੇ ਚੇਲੇ ਸ਼ਤਾਨ ਦੀ ਦੁਨੀਆਂ ਤੋਂ ਵੱਖਰੇ ਹੋਣਗੇ। ਆਪਣੀ ਮੌਤ ਤੋਂ ਕੁਝ ਦੇਰ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇਹ ਕਰਦਾ ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।”—ਯੂਹੰ. 15:19.
7 ਜਿਉਂ-ਜਿਉਂ ਜ਼ਿਆਦਾ ਤੋਂ ਜ਼ਿਆਦਾ ਲੋਕ ਮਸੀਹੀ ਬਣਦੇ ਗਏ, ਕੀ ਉਨ੍ਹਾਂ ਨੇ ਦੁਨੀਆਂ ਵਰਗੇ ਕੰਮ ਕਰਨੇ ਸਨ ਅਤੇ ਇਸ ਦਾ ਹਿੱਸਾ ਬਣਨਾ ਸੀ? ਨਹੀਂ। ਉਹ ਜਿੱਥੇ ਵੀ ਰਹਿੰਦੇ ਸਨ, ਉਨ੍ਹਾਂ ਨੇ ਸ਼ਤਾਨ ਦੀ ਦੁਨੀਆਂ ਤੋਂ ਵੱਖਰੇ ਨਜ਼ਰ ਆਉਣਾ ਸੀ। ਮਸੀਹ ਦੀ ਮੌਤ ਤੋਂ ਤਕਰੀਬਨ 30 ਸਾਲਾਂ ਬਾਅਦ ਪਤਰਸ ਰਸੂਲ ਨੇ ਰੋਮੀ ਜ਼ਮਾਨੇ ਦੀ ਦੁਨੀਆਂ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਰਹਿੰਦੇ ਮਸੀਹੀਆਂ ਨੂੰ ਲਿਖਿਆ: “ਹੇ ਪਿਆਰਿਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਪਰਦੇਸੀ ਅਤੇ ਮੁਸਾਫ਼ਰ ਹੋ ਕੇ ਸਰੀਰਕ ਕਾਮਨਾਂ ਤੋਂ ਪਰੇ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ। ਅਤੇ ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ।”—1 ਪਤ. 1:1; 2:11, 12.
8. ਇਕ ਇਤਿਹਾਸਕਾਰ ਨੇ ਦੁਨੀਆਂ ਨਾਲ ਮੁਢਲੇ ਮਸੀਹੀਆਂ ਦੇ ਰਿਸ਼ਤੇ ਬਾਰੇ ਕੀ ਕਿਹਾ?
8 ਇਤਿਹਾਸਕਾਰ ਕੈਨੱਥ ਸਕਾਟ ਲਾਟੂਰੇਟ ਨੇ ਪੁਸ਼ਟੀ ਕੀਤੀ ਕਿ ਰੋਮੀ ਹਕੂਮਤ ਦੇ ਜ਼ਮਾਨੇ ਵਿਚ ਮੁਢਲੇ ਮਸੀਹੀ ਆਪਣੇ ਆਪ ਨੂੰ “ਪਰਦੇਸੀ ਅਤੇ ਮੁਸਾਫ਼ਰ” ਸਮਝਦੇ ਸਨ। ਉਸ ਨੇ ਲਿਖਿਆ: “ਬਹੁਤ ਸਾਰੇ ਲੋਕ ਇਤਿਹਾਸ ਤੋਂ ਜਾਣਦੇ ਹਨ ਕਿ ਮਸੀਹੀਆਂ ਨੂੰ ਮੁਢਲੀਆਂ ਤਿੰਨ ਸਦੀਆਂ ਵਿਚ ਲਗਾਤਾਰ ਸਤਾਇਆ ਜਾਂਦਾ ਰਿਹਾ ਅਤੇ ਸਤਾਹਟ ਅਕਸਰ ਬਹੁਤ ਸਖ਼ਤ ਹੁੰਦੀ ਸੀ। . . . ਉਨ੍ਹਾਂ ʼਤੇ ਵੱਖੋ-ਵੱਖਰੇ ਇਲਜ਼ਾਮ ਲਾਏ ਜਾਂਦੇ ਸਨ। ਝੂਠੇ ਧਰਮ ਨਾਲ ਸੰਬੰਧਿਤ ਰੀਤਾਂ-ਰਸਮਾਂ ਵਿਚ ਹਿੱਸਾ ਨਾ ਲੈਣ ਕਰਕੇ ਉਨ੍ਹਾਂ ਨੂੰ ਨਾਸਤਿਕ ਕਿਹਾ ਜਾਂਦਾ ਸੀ। ਉਹ ਸਮਾਜ ਦੇ ਜ਼ਿਆਦਾਤਰ ਕੰਮਾਂ ਤੋਂ ਦੂਰ ਰਹਿੰਦੇ ਸਨ ਜਿਵੇਂ ਕਿ ਉਹ ਤਿਉਹਾਰ ਨਹੀਂ ਮਨਾਉਂਦੇ ਸਨ ਅਤੇ ਬਾਕੀ ਲੋਕਾਂ ਨਾਲ ਮਨੋਰੰਜਨ ਦੀਆਂ ਥਾਵਾਂ ʼਤੇ ਨਹੀਂ ਜਾਂਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਇਹ ਤਿਉਹਾਰ ਅਤੇ ਮਨੋਰੰਜਨ ਝੂਠੇ ਧਰਮਾਂ ਨਾਲ ਸੰਬੰਧਿਤ ਵਿਸ਼ਵਾਸਾਂ, ਕੰਮਾਂ ਅਤੇ ਬਦਚਲਣੀਆਂ ਨਾਲ ਭਰੇ ਪਏ ਸਨ, ਇਸ ਲਈ ਉਨ੍ਹਾਂ ਨੂੰ ਇਨਸਾਨੀਅਤ ਦੇ ਦੁਸ਼ਮਣ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਇਆ ਜਾਂਦਾ ਸੀ।”
ਸੰਸਾਰ ਨੂੰ ਹੱਦੋਂ ਵੱਧ ਨਾ ਵਰਤੋ
9. ਸੱਚੇ ਮਸੀਹੀਆਂ ਵਜੋਂ ਅਸੀਂ ਕਿਵੇਂ ਸਬੂਤ ਦਿੰਦੇ ਹਾਂ ਕਿ ਅਸੀਂ “ਇਨਸਾਨੀਅਤ ਦੇ ਦੁਸ਼ਮਣ” ਨਹੀਂ ਹਾਂ?
9 ਅੱਜ ਮਸੀਹੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ? “ਵਰਤਮਾਨ ਬੁਰੇ ਜੁੱਗ” ਬਾਰੇ ਅਸੀਂ ਉਹੀ ਨਜ਼ਰੀਆ ਰੱਖਦੇ ਹਾਂ ਜੋ ਮੁਢਲੇ ਮਸੀਹੀ ਰੱਖਦੇ ਸਨ। (ਗਲਾ. 1:4) ਇਸ ਕਾਰਨ ਕਈ ਲੋਕਾਂ ਨੂੰ ਸਾਡੇ ਬਾਰੇ ਗ਼ਲਤਫ਼ਹਿਮੀ ਹੈ ਅਤੇ ਕੁਝ ਤਾਂ ਸਾਨੂੰ ਨਫ਼ਰਤ ਵੀ ਕਰਦੇ ਹਨ। ਪਰ ਅਸੀਂ “ਇਨਸਾਨੀਅਤ ਦੇ ਦੁਸ਼ਮਣ” ਨਹੀਂ ਹਾਂ। ਲੋਕਾਂ ਨਾਲ ਪਿਆਰ ਹੋਣ ਕਰਕੇ ਅਸੀਂ ਘਰ-ਘਰ ਪ੍ਰਚਾਰ ਕਰਨ ਜਾਂਦੇ ਹਾਂ। ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਘਰ ਦੇ ਹਰ ਜੀਅ ਨੂੰ ਪਰਮੇਸ਼ੁਰ ਦੇ ‘ਰਾਜ ਦੀ ਖ਼ੁਸ਼ ਖ਼ਬਰੀ’ ਸੁਣਾਈਏ। (ਮੱਤੀ 22:39; 24:14) ਅਸੀਂ ਇੱਦਾਂ ਇਸ ਲਈ ਕਰਦੇ ਹਾਂ ਕਿਉਂਕਿ ਸਾਨੂੰ ਯਕੀਨ ਹੈ ਕਿ ਮਸੀਹ ਅਧੀਨ ਯਹੋਵਾਹ ਦੀ ਸਰਕਾਰ ਜਲਦੀ ਹੀ ਨਾਮੁਕੰਮਲ ਇਨਸਾਨਾਂ ਦੀ ਸਰਕਾਰ ਦਾ ਨਾਮੋ-ਨਿਸ਼ਾਨ ਮਿਟਾ ਕੇ ਇਕ ਨਵਾਂ ਧਰਮੀ ਰਾਜ ਲਿਆਵੇਗੀ।—ਦਾਨੀ. 2:44; 2 ਪਤ. 3:13.
10, 11. (ੳ) ਅਸੀਂ ਕਿਵੇਂ ਸੰਸਾਰ ਦੀ ਹੱਦੋਂ ਵੱਧ ਵਰਤੋਂ ਨਹੀਂ ਕਰਦੇ? (ਅ) ਕਿਹੜੇ ਕੁਝ ਤਰੀਕਿਆਂ ਨਾਲ ਸਮਝਦਾਰ ਮਸੀਹੀ ਸੰਸਾਰ ਦੀ ਹੱਦੋਂ ਵੱਧ ਵਰਤੋਂ ਕਰਨ ਤੋਂ ਪਰਹੇਜ਼ ਕਰਦੇ ਹਨ?
10 ਦੁਨੀਆਂ ਦਾ ਅੰਤ ਨੇੜੇ ਹੋਣ ਕਾਰਨ ਅਸੀਂ ਯਹੋਵਾਹ ਦੇ ਗਵਾਹਾਂ ਵਜੋਂ ਮੰਨਦੇ ਹਾਂ ਕਿ ਇਹ ਸਮਾਂ ਇਸ ਮਰ ਰਹੀ ਦੁਨੀਆਂ ਵਾਂਗ ਕੰਮਾਂ-ਕਾਰਾਂ ਵਿਚ ਰੁੱਝ ਜਾਣ ਦਾ ਸਮਾਂ ਨਹੀਂ ਹੈ। ਅਸੀਂ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਦਿੰਦੇ ਹਾਂ: “ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਸਮਾ ਘਟਾਇਆ ਗਿਆ ਹੈ ਭਈ ਏਦੋਂ ਅੱਗੇ . . . ਮੁੱਲ ਲੈਣ ਵਾਲੇ [ਅਜਿਹੇ ਬਣਨ] ਕਿ ਜਾਣੀਦਾ ਉਨ੍ਹਾਂ ਦੇ ਕੋਲ ਮਾਲ ਨਹੀਂ ਹੈ। ਅਤੇ ਸੰਸਾਰ ਨੂੰ ਵਰਤਣ ਵਾਲੇ ਕਿ ਜਾਣੀਦਾ ਹੱਦੋਂ ਵਧਕੇ ਨਹੀਂ ਵਰਤਦੇ ਕਿਉਂ ਜੋ ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।” (1 ਕੁਰਿੰ. 7:29-31) ਪਰ ਅੱਜ ਮਸੀਹੀ ਸੰਸਾਰ ਨੂੰ ਕਿਵੇਂ ਵਰਤਦੇ ਹਨ? ਉਹ ਪ੍ਰਿਟਿੰਗ ਪ੍ਰੈੱਸ, ਕੰਪਿਊਟਰ ਅਤੇ ਹੋਰ ਆਧੁਨਿਕ ਤਕਨਾਲੋਜੀ ਵਰਤ ਕੇ ਸੈਂਕੜੇ ਭਾਸ਼ਾਵਾਂ ਵਿਚ ਦੁਨੀਆਂ ਭਰ ਵਿਚ ਬਾਈਬਲ ਦਾ ਗਿਆਨ ਫੈਲਾਉਂਦੇ ਹਨ। ਉਹ ਆਪਣਾ ਗੁਜ਼ਾਰਾ ਤੋਰਨ ਲਈ ਸੰਸਾਰ ਦੀ ਹੱਦੋਂ ਵੱਧ ਵਰਤੋਂ ਨਹੀਂ ਕਰਦੇ। ਉਹ ਦੁਨੀਆਂ ਵਿਚ ਉਪਲਬਧ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਖ਼ਰੀਦਦੇ ਹਨ। ਪਰ ਉਹ ਸੰਸਾਰ ਦੀ ਹੱਦੋਂ ਵੱਧ ਵਰਤੋਂ ਨਹੀਂ ਕਰਦੇ ਕਿਉਂਕਿ ਉਹ ਦੁਨਿਆਵੀ ਚੀਜ਼ਾਂ ਅਤੇ ਕੰਮਾਂ ਨੂੰ ਇਨ੍ਹਾਂ ਦੀ ਆਪਣੀ ਥਾਂ ʼਤੇ ਰੱਖਦੇ ਹਨ।—1 ਤਿਮੋਥਿਉਸ 6:9, 10 ਪੜ੍ਹੋ।
11 ਸਮਝਦਾਰ ਮਸੀਹੀ ਉੱਚ ਸਿੱਖਿਆ ਪਾਉਣ ਦੇ ਮਾਮਲੇ ਵਿਚ ਸੰਸਾਰ ਦੀ ਹੱਦੋਂ ਵੱਧ ਵਰਤੋਂ ਕਰਨ ਤੋਂ ਪਰਹੇਜ਼ ਕਰਦੇ ਹਨ। ਦੁਨੀਆਂ ਦੇ ਬਹੁਤ ਸਾਰੇ ਲੋਕ ਸ਼ੁਹਰਤ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਪਾਉਣ ਲਈ ਉੱਚ ਸਿੱਖਿਆ ਨੂੰ ਜ਼ਰੂਰੀ ਸਮਝਦੇ ਹਨ। ਪਰ ਅਸੀਂ ਪਰਦੇਸੀਆਂ ਵਜੋਂ ਰਹਿੰਦੇ ਹਾਂ ਅਤੇ ਅਲੱਗ ਟੀਚੇ ਰੱਖਦੇ ਹਾਂ। ਅਸੀਂ ‘ਉੱਚੀਆਂ ਗੱਲਾਂ ਉੱਤੇ ਮਨ ਨਹੀਂ ਲਾਉਂਦੇ।’ (ਰੋਮੀ. 12:16; ਯਿਰ. 45:5) ਯਿਸੂ ਦੇ ਪੈਰੋਕਾਰ ਹੋਣ ਕਰਕੇ ਅਸੀਂ ਉਸ ਦੀ ਇਸ ਚੇਤਾਵਨੀ ਵੱਲ ਧਿਆਨ ਦਿੰਦੇ ਹਾਂ: “ਖਬਰਦਾਰ ਅਤੇ ਸਾਰੇ ਲੋਭ ਤੋਂ ਬਚੇ ਰਹੋ ਕਿਉਂ ਜੋ ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” (ਲੂਕਾ 12:15) ਇਸ ਲਈ ਨੌਜਵਾਨ ਮਸੀਹੀਆਂ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਕਿ ਉਹ ਯਹੋਵਾਹ ਦੀ ਸੇਵਾ ‘ਸਾਰੇ ਦਿਲ, ਜਾਨ, ਸ਼ਕਤੀ ਅਤੇ ਬੁੱਧ’ ਨਾਲ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਦੇ ਸਮੇਂ ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਰੱਖਣ ਅਤੇ ਉੱਨੀ ਹੀ ਸਿੱਖਿਆ ਲੈਣ ਜਿੰਨੀ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਜ਼ਰੂਰੀ ਹੈ। (ਲੂਕਾ 10:27) ਇਸ ਤਰ੍ਹਾਂ ਕਰਨ ਨਾਲ ਉਹ “ਪਰਮੇਸ਼ੁਰ ਦੇ ਅੱਗੇ ਧਨਵਾਨ” ਬਣ ਸਕਦੇ ਹਨ।—ਲੂਕਾ 12:21; ਮੱਤੀ 6:19-21 ਪੜ੍ਹੋ।
ਜ਼ਿੰਦਗੀ ਦੀਆਂ ਚਿੰਤਾਵਾਂ ਦੇ ਬੋਝ ਤੋਂ ਬਚੋ
12, 13. ਮੱਤੀ 6:31-33 ਵਿਚ ਦਰਜ ਯਿਸੂ ਦੇ ਸ਼ਬਦਾਂ ਅਨੁਸਾਰ ਚੱਲਣ ਨਾਲ ਅਸੀਂ ਕਿਵੇਂ ਦੁਨੀਆਂ ਦੇ ਲੋਕਾਂ ਤੋਂ ਵੱਖਰੇ ਹਾਂ?
12 ਭੌਤਿਕ ਚੀਜ਼ਾਂ ਬਾਰੇ ਯਹੋਵਾਹ ਦੇ ਸੇਵਕਾਂ ਦਾ ਰਵੱਈਆ ਦੁਨੀਆਂ ਦੇ ਲੋਕਾਂ ਨਾਲੋਂ ਵੱਖਰਾ ਹੈ। ਇਸ ਸੰਬੰਧੀ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ। ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:31-33) ਬਹੁਤ ਸਾਰੇ ਭੈਣਾਂ-ਭਰਾਵਾਂ ਦਾ ਤਜਰਬਾ ਰਿਹਾ ਹੈ ਕਿ ਸਾਡਾ ਸਵਰਗੀ ਪਿਤਾ ਉਨ੍ਹਾਂ ਨੂੰ ਲੋੜੀਂਦੀਆਂ ਚੀਜ਼ਾਂ ਦਿੰਦਾ ਹੈ।
13 “ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ।” (1 ਤਿਮੋ. 6:6) ਇਹ ਗੱਲ ਅੱਜ ਦੁਨੀਆਂ ਦੇ ਨਜ਼ਰੀਏ ਤੋਂ ਬਿਲਕੁਲ ਵੱਖਰੀ ਹੈ। ਮਿਸਾਲ ਲਈ, ਜਦੋਂ ਨੌਜਵਾਨ ਵਿਆਹ ਕਰਾਉਂਦੇ ਹਨ, ਤਾਂ ਉਸੇ ਵੇਲੇ ਉਨ੍ਹਾਂ ਵਿੱਚੋਂ ਕਈ ਚਾਹੁੰਦੇ ਹਨ ਕਿ ਉਨ੍ਹਾਂ ਕੋਲ ਸੋਹਣਾ ਘਰ ਹੋਵੇ ਜਿਸ ਵਿਚ ਮਹਿੰਗਾ ਫਰਨੀਚਰ ਅਤੇ ਸੁੱਖ-ਸਹੂਲਤਾਂ ਹੋਣ, ਵਧੀਆ ਕਾਰ ਅਤੇ ਨਵੀਆਂ ਤੋਂ ਨਵੀਆਂ ਇਲੈਕਟ੍ਰਾਨਿਕ ਚੀਜ਼ਾਂ ਹੋਣ। ਪਰ ਪਰਦੇਸੀਆਂ ਵਜੋਂ ਰਹਿਣ ਵਾਲੇ ਮਸੀਹੀ ਅਜਿਹੀਆਂ ਚੀਜ਼ਾਂ ਦੀ ਖ਼ਾਹਸ਼ ਨਹੀਂ ਰੱਖਦੇ ਜੋ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। ਅਜਿਹੇ ਮਸੀਹੀ ਤਾਰੀਫ਼ ਦੇ ਕਾਬਲ ਹਨ ਜਿਹੜੇ ਇਨ੍ਹਾਂ ਚੀਜ਼ਾਂ ਨੂੰ ਤਿਆਗ ਦਿੰਦੇ ਹਨ ਤਾਂਕਿ ਉਹ ਜੋਸ਼ੀਲੇ ਪ੍ਰਚਾਰਕਾਂ ਵਜੋਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਅਤੇ ਤਾਕਤ ਲਾ ਸਕਣ। ਕਈ ਪਾਇਨੀਅਰ ਹਨ, ਕਈ ਬੈਥਲ ਵਿਚ ਸੇਵਾ ਕਰਦੇ ਹਨ, ਕਈ ਸਰਕਟ ਕੰਮ ਕਰਦੇ ਹਨ ਜਾਂ ਮਿਸ਼ਨਰੀ ਹਨ। ਅਸੀਂ ਸਾਰੇ ਇਨ੍ਹਾਂ ਭੈਣਾਂ-ਭਰਾਵਾਂ ਦੀ ਕਿੰਨੀ ਕਦਰ ਕਰਦੇ ਹਾਂ ਜੋ ਪੂਰੇ ਦਿਲੋਂ ਯਹੋਵਾਹ ਦੀ ਸੇਵਾ ਕਰਦੇ ਹਨ!
14. ਬੀਜਣ ਵਾਲੇ ਬਾਰੇ ਦਿੱਤੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
14 ਬੀਜਣ ਵਾਲੇ ਦੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਕਿਹਾ ਕਿ “ਇਸ ਜੁਗ ਦੀ ਚਿੰਤਾ ਅਤੇ ਧਨ ਦਾ ਧੋਖਾ” ਸਾਡੇ ਦਿਲਾਂ ਵਿਚ ਪਰਮੇਸ਼ੁਰ ਦੇ ਬਚਨ ਨੂੰ ਦਬਾ ਸਕਦਾ ਹੈ ਜਿਸ ਕਾਰਨ ਅਸੀਂ ਕੋਈ ਫਲ ਨਹੀਂ ਦੇ ਸਕਾਂਗੇ। (ਮੱਤੀ 13:22) ਇਸ ਦੁਨੀਆਂ ਵਿਚ ਪਰਦੇਸੀਆਂ ਵਜੋਂ ਸੰਤੁਸ਼ਟ ਰਹਿ ਕੇ ਅਸੀਂ ਇਸ ਫੰਦੇ ਵਿਚ ਫਸਣ ਤੋਂ ਬਚ ਸਕਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਅੱਖ “ਨਿਰਮਲ” ਰੱਖ ਸਕਾਂਗੇ ਯਾਨੀ ਇਸ ਨੂੰ ਪਰਮੇਸ਼ੁਰ ਦੇ ਰਾਜ ਅਤੇ ਇਸ ਦੇ ਕੰਮਾਂ ʼਤੇ ਟਿਕਾਈ ਰੱਖਾਂਗੇ।—ਮੱਤੀ 6:22.
‘ਸੰਸਾਰ ਬੀਤਦਾ ਜਾਂਦਾ ਹੈ’
15. ਯੂਹੰਨਾ ਰਸੂਲ ਦੇ ਕਿਹੜੇ ਸ਼ਬਦ ਇਸ ਦੁਨੀਆਂ ਪ੍ਰਤੀ ਸੱਚੇ ਮਸੀਹੀਆਂ ਦੇ ਨਜ਼ਰੀਏ ਅਤੇ ਚਾਲ-ਚਲਣ ਨੂੰ ਪ੍ਰਭਾਵਿਤ ਕਰਦੇ ਹਨ?
15 ਇਸ ਦੁਨੀਆਂ ਵਿਚ “ਪਰਦੇਸੀ ਅਤੇ ਮੁਸਾਫ਼ਰ ਹੋ ਕੇ” ਰਹਿਣ ਦਾ ਮੁੱਖ ਕਾਰਨ ਹੈ ਕਿ ਅਸੀਂ ਸੱਚੇ ਮਸੀਹੀਆਂ ਵਜੋਂ ਯਕੀਨ ਰੱਖਦੇ ਹਾਂ ਕਿ ਇਹ ਦੁਨੀਆਂ ਚੰਦ ਦਿਨਾਂ ਦੀ ਮਹਿਮਾਨ ਹੈ। (1 ਪਤ. 2:11; 2 ਪਤ. 3:7) ਇਹੋ ਜਿਹੇ ਨਜ਼ਰੀਏ ਦਾ ਅਸਰ ਸਾਡੀ ਜ਼ਿੰਦਗੀ ਦੇ ਫ਼ੈਸਲਿਆਂ, ਇੱਛਾਵਾਂ ਅਤੇ ਉਮੀਦਾਂ ʼਤੇ ਪੈਂਦਾ ਹੈ। ਯੂਹੰਨਾ ਰਸੂਲ ਨੇ ਭੈਣਾਂ-ਭਰਾਵਾਂ ਨੂੰ ਸਲਾਹ ਦਿੱਤੀ ਕਿ ਉਹ ਦੁਨੀਆਂ ਜਾਂ ਇਸ ਦੀਆਂ ਚੀਜ਼ਾਂ ਨੂੰ ਪਿਆਰ ਨਾ ਕਰਨ ਕਿਉਂਕਿ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰ. 2:15-17.
16. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਖ਼ਾਸ ਪਰਜਾ ਵਜੋਂ ਚੁਣਿਆ ਗਿਆ ਹੈ?
16 ਇਸਰਾਏਲੀਆਂ ਨੂੰ ਕਿਹਾ ਗਿਆ ਸੀ ਕਿ ਜੇ ਉਹ ਯਹੋਵਾਹ ਦੇ ਆਗਿਆਕਾਰ ਰਹਿਣਗੇ, ਤਾਂ ਉਹ ‘ਸਾਰੀਆਂ ਕੌਮਾਂ ਵਿੱਚੋਂ ਉਸ ਦੀ ਨਿੱਜੀ ਪਰਜਾ ਹੋਣਗੇ।’ (ਕੂਚ 19:5) ਜਦ ਤਕ ਇਸਰਾਏਲੀ ਪਰਮੇਸ਼ੁਰ ਦੇ ਵਫ਼ਾਦਾਰ ਰਹੇ ਸਨ, ਤਦ ਤਕ ਉਹ ਭਗਤੀ ਕਰਨ ਅਤੇ ਜੀਉਣ ਦੇ ਮਾਮਲੇ ਵਿਚ ਬਾਕੀ ਸਾਰੀਆਂ ਕੌਮਾਂ ਤੋਂ ਵੱਖਰੇ ਰਹੇ ਸਨ। ਅੱਜ ਵੀ ਯਹੋਵਾਹ ਨੇ ਆਪਣੇ ਲਈ ਲੋਕ ਚੁਣੇ ਹਨ ਜੋ ਸ਼ਤਾਨ ਦੀ ਦੁਨੀਆਂ ਤੋਂ ਬਿਲਕੁਲ ਵੱਖਰੇ ਹਨ। ਸਾਨੂੰ ਕਿਹਾ ਗਿਆ ਹੈ: ‘ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੋ। ਅਤੇ ਉਸ ਸ਼ੁਭ ਆਸ ਦੀ ਅਤੇ ਆਪਣੇ ਮਹਾਂ ਪਰਮੇਸ਼ੁਰ ਅਤੇ ਮੁਕਤੀ ਦਾਤਾ ਯਿਸੂ ਮਸੀਹ ਦੇ ਤੇਜ ਦੇ ਪਰਗਟ ਹੋਣ ਦੀ ਉਡੀਕ ਰੱਖੋ। ਜਿਹ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਭਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖ਼ਾਸ ਆਪਣੇ ਲਈ ਇਕ ਕੌਮ ਨੂੰ ਪਾਕ ਕਰੇ ਜੋ ਸ਼ੁਭ ਕਰਮਾਂ ਵਿੱਚ ਸਰਗਰਮ ਹੋਵੇ।’ (ਤੀਤੁ. 2:11-14) ਇਹ “ਪਰਜਾ” ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੀਆਂ ਯਿਸੂ ਦੀਆਂ ਲੱਖਾਂ ‘ਹੋਰ ਭੇਡਾਂ’ ਹਨ।—ਯੂਹੰ. 10:16.
17. ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਦੁਸ਼ਟ ਦੁਨੀਆਂ ਵਿਚ ਪਰਦੇਸੀਆਂ ਵਜੋਂ ਰਹਿਣ ਦਾ ਪਛਤਾਵਾ ਕਿਉਂ ਨਹੀਂ ਹੋਵੇਗਾ?
17 ਮਸਹ ਕੀਤੇ ਹੋਏ ਮਸੀਹੀਆਂ ਦੀ “ਸ਼ੁਭ ਆਸ” ਸਵਰਗ ਵਿਚ ਮਸੀਹ ਨਾਲ ਰਾਜ ਕਰਨ ਦੀ ਹੈ। (ਪਰ. 5:10) ਜਦੋਂ ਹੋਰ ਭੇਡਾਂ ਦੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਪੂਰੀ ਹੋਵੇਗੀ, ਉਦੋਂ ਉਹ ਦੁਸ਼ਟ ਦੁਨੀਆਂ ਵਿਚ ਪਰਦੇਸੀਆਂ ਵਜੋਂ ਨਹੀਂ ਰਹਿਣਗੇ। ਉਨ੍ਹਾਂ ਕੋਲ ਸੋਹਣੇ ਘਰ ਹੋਣਗੇ ਅਤੇ ਬਹੁਤ ਸਾਰਾ ਖਾਣ-ਪੀਣ ਨੂੰ ਹੋਵੇਗਾ। (ਜ਼ਬੂ. 37:10, 11; ਯਸਾ. 25:6; 65:21, 22) ਇਸਰਾਏਲੀਆਂ ਦੇ ਉਲਟ, ਉਹ ਕਦੇ ਵੀ ਨਹੀਂ ਭੁੱਲਣਗੇ ਕਿ ਇਹ ਸਭ ਕੁਝ ‘ਸਾਰੀ ਧਰਤੀ ਦੇ ਪਰਮੇਸ਼ੁਰ’ ਯਹੋਵਾਹ ਨੇ ਦਿੱਤਾ ਹੈ। (ਯਸਾ. 54:5) ਮਸਹ ਕੀਤੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਨੂੰ ਕੋਈ ਪਛਤਾਵਾ ਨਹੀਂ ਹੋਵੇਗਾ ਕਿ ਉਹ ਦੁਸ਼ਟ ਦੁਨੀਆਂ ਵਿਚ ਪਰਦੇਸੀਆਂ ਵਜੋਂ ਰਹੇ।
ਤੁਸੀਂ ਕਿਵੇਂ ਜਵਾਬ ਦਿਓਗੇ?
• ਮਸੀਹੀਆਂ ਤੋਂ ਪਹਿਲਾਂ ਦੇ ਜ਼ਮਾਨੇ ਦੇ ਵਫ਼ਾਦਾਰ ਭਗਤ ਕਿਵੇਂ ਪਰਦੇਸੀਆਂ ਵਜੋਂ ਰਹੇ ਸਨ?
• ਮੁਢਲੇ ਮਸੀਹੀ ਆਪਣੇ ਜ਼ਮਾਨੇ ਦੀ ਦੁਨੀਆਂ ਵਿਚ ਕਿਵੇਂ ਰਹਿੰਦੇ ਸਨ?
• ਸੱਚੇ ਮਸੀਹੀ ਕਿਵੇਂ ਸੰਸਾਰ ਦੀ ਇੰਨੀ ਵਰਤੋਂ ਨਹੀਂ ਕਰਦੇ?
• ਇਸ ਦੁਸ਼ਟ ਦੁਨੀਆਂ ਵਿਚ ਪਰਦੇਸੀਆਂ ਵਜੋਂ ਰਹਿਣ ਦਾ ਸਾਨੂੰ ਕਿਉਂ ਕਦੇ ਪਛਤਾਵਾ ਨਹੀਂ ਹੋਵੇਗਾ?
[ਸਫ਼ਾ 18 ਉੱਤੇ ਤਸਵੀਰ]
ਮੁਢਲੇ ਮਸੀਹੀ ਮਾਰ-ਧਾੜ ਵਾਲੇ ਅਤੇ ਅਨੈਤਿਕ ਮਨੋਰੰਜਨ ਤੋਂ ਕੋਹਾਂ ਦੂਰ ਰਹਿੰਦੇ ਸਨ