“ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ”
“ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।”—ਯੂਹੰਨਾ 8:31, 32.
ਇਸ ਦਾ ਕੀ ਮਤਲਬ ਹੈ?: ਯਿਸੂ ਜਿਹੜੀਆਂ “ਸਿੱਖਿਆਵਾਂ” ਦਿੰਦਾ ਸੀ, ਉਹ ਪਰਮੇਸ਼ੁਰ ਵੱਲੋਂ ਸਨ। ਇਸ ਲਈ ਉਸ ਨੇ ਕਿਹਾ: “ਪਿਤਾ ਨੇ, ਜਿਸ ਨੇ ਮੈਨੂੰ ਘੱਲਿਆ ਹੈ, ਆਪ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ-ਕੀ ਦੱਸਣਾ ਹੈ ਤੇ ਕੀ-ਕੀ ਸਿਖਾਉਣਾ ਹੈ।” (ਯੂਹੰਨਾ 12:49) ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਵੇਲੇ ਉਸ ਨੇ ਕਿਹਾ: “ਤੇਰਾ ਬਚਨ ਹੀ ਸੱਚਾਈ ਹੈ।” ਉਸ ਨੇ ਸਿੱਖਿਆ ਦਿੰਦੇ ਵੇਲੇ ਕਈ ਵਾਰ ਰੱਬ ਦੇ ਬਚਨ ਵਿੱਚੋਂ ਹਵਾਲੇ ਦਿੱਤੇ। (ਯੂਹੰਨਾ 17:17; ਮੱਤੀ 4:4, 7, 10) ਇਸ ਲਈ ਸੱਚੇ ਮਸੀਹੀ ‘ਉਸ ਦੀਆਂ ਸਿੱਖਿਆਵਾਂ ਨੂੰ ਮੰਨਦੇ’ ਹਨ ਯਾਨੀ ਰੱਬ ਦੇ ਬਚਨ ਬਾਈਬਲ ਨੂੰ “ਸੱਚਾਈ” ਮੰਨਦੇ ਹਨ ਅਤੇ ਇਹ ਬਚਨ ਹੀ ਉਨ੍ਹਾਂ ਦੇ ਵਿਸ਼ਵਾਸਾਂ ਤੇ ਕੰਮਾਂ ਦਾ ਆਧਾਰ ਹੈ।
ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ?: ਬਾਈਬਲ ਦੇ ਇਕ ਲਿਖਾਰੀ ਪੌਲੁਸ ਰਸੂਲ ਨੇ ਵੀ ਯਿਸੂ ਵਾਂਗ ਰੱਬ ਦੇ ਬਚਨ ਲਈ ਆਦਰ ਦਿਖਾਇਆ। ਉਸ ਨੇ ਲਿਖਿਆ: “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ . . . ਫ਼ਾਇਦੇਮੰਦ ਹੈ।” (2 ਤਿਮੋਥਿਉਸ 3:16) ਜਿਨ੍ਹਾਂ ਆਦਮੀਆਂ ਨੂੰ ਮਸੀਹੀਆਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਨ੍ਹਾਂ ਦੀ ਸਿੱਖਿਆ “ਪੂਰੀ ਤਰ੍ਹਾਂ ਪਰਮੇਸ਼ੁਰ ਦੇ ਸੱਚੇ ਬਚਨ ਉੱਤੇ ਆਧਾਰਿਤ” ਹੋਣੀ ਚਾਹੀਦੀ ਸੀ। (ਤੀਤੁਸ 1:7, 9) ਪਹਿਲੀ ਸਦੀ ਦੇ ਮਸੀਹੀਆਂ ਨੂੰ “ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ” ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ “ਜੋ ਇਨਸਾਨਾਂ ਦੇ ਰੀਤਾਂ-ਰਿਵਾਜਾਂ ਅਤੇ ਦੁਨੀਆਂ ਦੇ ਬੁਨਿਆਦੀ ਅਸੂਲਾਂ ਉੱਤੇ ਆਧਾਰਿਤ ਹਨ, ਨਾ ਕਿ ਮਸੀਹ ਦੀਆਂ ਸਿੱਖਿਆਵਾਂ ਉੱਤੇ।”—ਕੁਲੁੱਸੀਆਂ 2:8.
ਅੱਜ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ?: 1965 ਵਿਚ ਵੈਟੀਕਨ ਨੇ ਇਕ ਸੰਵਿਧਾਨਕ ਦਸਤਾਵੇਜ਼ (Dogmatic Constitution on Divine Revelation) ਤਿਆਰ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਕੈਥੋਲਿਕ ਚਰਚ ਦੇ ਵਿਸ਼ਵਾਸ ਸਿਰਫ਼ ਪਵਿੱਤਰ ਲਿਖਤਾਂ ਉੱਤੇ ਹੀ ਆਧਾਰਿਤ ਨਹੀਂ ਹਨ, ਸਗੋਂ ਪਵਿੱਤਰ ਪਰੰਪਰਾਵਾਂ ਉੱਤੇ ਵੀ ਆਧਾਰਿਤ ਹਨ। ਇਸ ਲਈ ਪਵਿੱਤਰ ਪਰੰਪਰਾਵਾਂ ਅਤੇ ਪਵਿੱਤਰ ਲਿਖਤਾਂ ਦੋਵਾਂ ਨੂੰ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ ਤੇ ਇਨ੍ਹਾਂ ਲਈ ਇੱਕੋ ਜਿਹੀ ਸ਼ਰਧਾ ਰੱਖੀ ਜਾਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਮੰਨਿਆ ਜਾਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਨੂੰ ਬਾਅਦ ਵਿਚ ਕੈਥੋਲਿਕ ਗਿਰਜੇ ਬਾਰੇ ਸਵਾਲ-ਜਵਾਬ (ਅੰਗ੍ਰੇਜ਼ੀ) ਕਿਤਾਬ ਵਿਚ ਸ਼ਾਮਲ ਕੀਤਾ ਗਿਆ। ਕੈਨੇਡਾ ਦੇ ਟੋਰੌਂਟੋ ਸ਼ਹਿਰ ਵਿਚ ਇਕ ਚਰਚ ਦੀ ਮੋਹਰੀ ਔਰਤ ਨੇ ਮੈਕਲੇਨਸ ਰਸਾਲੇ ਵਿਚ ਕਿਹਾ: “ਸਾਨੂੰ ਦੋ ਹਜ਼ਾਰ ਸਾਲ ਪਹਿਲਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ʼਤੇ ਚੱਲਣ ਦੀ ਕੀ ਲੋੜ ਹੈ? ਸਾਡੇ ਆਪਣੇ ਵਿਚਾਰ ਹੀ ਇੰਨੇ ਵਧੀਆ ਹਨ। ਪਰ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਯਿਸੂ ਅਤੇ ਬਾਈਬਲ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਡੇ ਵਿਚਾਰ ਇਨ੍ਹਾਂ ਅੱਗੇ ਕਮਜ਼ੋਰ ਪੈ ਜਾਂਦੇ ਹਨ।”
ਯਹੋਵਾਹ ਦੇ ਗਵਾਹਾਂ ਬਾਰੇ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਵਿਚ ਲਿਖਿਆ ਹੈ: “ਉਹ ਆਪਣੇ ਵਿਸ਼ਵਾਸਾਂ ਅਤੇ ਚਾਲ-ਚਲਣ ਸੰਬੰਧੀ ਮਿਆਰਾਂ ਦਾ ਇੱਕੋ-ਇਕ ਆਧਾਰ ਬਾਈਬਲ ਨੂੰ ਮੰਨਦੇ ਹਨ।” ਹਾਲ ਹੀ ਵਿਚ ਕੈਨੇਡਾ ਵਿਚ ਇਕ ਯਹੋਵਾਹ ਦੀ ਗਵਾਹ ਪ੍ਰਚਾਰ ਕਰਦੇ ਵੇਲੇ ਇਕ ਆਦਮੀ ਨੂੰ ਆਪਣੀ ਜਾਣ-ਪਛਾਣ ਕਰਾਉਣ ਹੀ ਵਾਲੀ ਸੀ ਕਿ ਉਸ ਆਦਮੀ ਨੇ ਵਿੱਚੋਂ ਹੀ ਉਸ ਨੂੰ ਟੋਕਿਆ ਅਤੇ ਉਸ ਦੀ ਬਾਈਬਲ ਵੱਲ ਇਸ਼ਾਰਾ ਕਰ ਕੇ ਕਿਹਾ, “ਮੈਨੂੰ ਪਤਾ ਤੁਸੀਂ ਕੌਣ ਹੋ।”