ਸਾਡੀ ਅਨਮੋਲ ਵਿਰਾਸਤ
“ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ [“ਵਿਰਾਸਤ,” NW] ਹੈ।”—ਯਸਾ. 54:17.
1. ਯਹੋਵਾਹ ਨੇ ਇਨਸਾਨਾਂ ਨੂੰ ਕੀ ਦਿੱਤਾ ਹੈ ਜਿਸ ਤੋਂ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ?
ਯਹੋਵਾਹ ‘ਜੀਉਂਦਾ ਤੇ ਅਮਰ ਪਰਮੇਸ਼ੁਰ’ ਹੈ ਅਤੇ ਉਸ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਕਿਵੇਂ ਹਾਸਲ ਕਰ ਸਕਦੇ ਹਾਂ। ਉਸ ਦੀਆਂ ਹਿਦਾਇਤਾਂ ਕਦੇ ਬਦਲਦੀਆਂ ਨਹੀਂ ਹਨ। ਬਾਈਬਲ ਕਹਿੰਦੀ ਹੈ: “ਯਹੋਵਾਹ ਦਾ ਬਚਨ ਹਮੇਸ਼ਾ ਕਾਇਮ ਰਹਿੰਦਾ ਹੈ।” (1 ਪਤ. 1:23-25) ਸਾਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸ ਨੇ ਆਪਣੇ ਬਚਨ ਬਾਈਬਲ ਵਿਚ ਜ਼ਰੂਰੀ ਜਾਣਕਾਰੀ ਦਿੱਤੀ ਹੈ।
2. ਪਰਮੇਸ਼ੁਰ ਨੇ ਆਪਣੇ ਬਚਨ ਵਿਚ ਸਾਨੂੰ ਕੀ ਦੱਸਿਆ ਹੈ?
2 ਯਹੋਵਾਹ ਚਾਹੁੰਦਾ ਹੈ ਕਿ ਸਾਰਿਆਂ ਨੂੰ ਉਸ ਦਾ ਨਾਂ ਪਤਾ ਲੱਗੇ। ਬਾਈਬਲ ਵਿਚ ਪਹਿਲੀ ਵਾਰ ਯਹੋਵਾਹ ਦੇ ਨਾਂ ਦਾ ਉਦੋਂ ਜ਼ਿਕਰ ਕੀਤਾ ਗਿਆ ਸੀ ਜਦੋਂ ਆਕਾਸ਼ ਅਤੇ ਧਰਤੀ ਦੀ ਸ੍ਰਿਸ਼ਟੀ ਬਾਰੇ ਦੱਸਿਆ ਗਿਆ ਸੀ। (ਉਤ. 2:4) ਜਦੋਂ ਪਰਮੇਸ਼ੁਰ ਨੇ ਮੂਸਾ ਨੂੰ ਦਸ ਹੁਕਮ ਦਿੱਤੇ ਸਨ, ਤਾਂ ਉਸ ਨੇ ਚਮਤਕਾਰ ਕਰ ਕੇ ਆਪਣਾ ਨਾਂ ਪੱਥਰ ਦੀਆਂ ਫੱਟੀਆਂ ʼਤੇ ਕਈ ਵਾਰ ਲਿਖਿਆ ਸੀ। ਉਦਾਹਰਣ ਲਈ, ਪਹਿਲੇ ਹੁਕਮ ਵਿਚ ਲਿਖਿਆ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ।” (ਕੂਚ 20:1-17) ਸ਼ੈਤਾਨ ਨੇ ਬਾਈਬਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂਕਿ ਲੋਕਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਨਾਂ ਬਾਰੇ ਪਤਾ ਨਾ ਲੱਗੇ। ਪਰ ਯਹੋਵਾਹ ਨੇ ਇਸ ਤਰ੍ਹਾਂ ਨਹੀਂ ਹੋਣ ਦਿੱਤਾ। ਉਸ ਦਾ ਨਾਂ ਹਮੇਸ਼ਾ ਕਾਇਮ ਰਹੇਗਾ।—ਜ਼ਬੂ. 73:28.
3. ਯਹੋਵਾਹ ਨੇ ਸਾਨੂੰ ਕਿਹੜਾ ਗਿਆਨ ਦਿੱਤਾ ਹੈ?
3 ਲੋਕ ਪਰਮੇਸ਼ੁਰ ਬਾਰੇ ਕਈ ਗ਼ਲਤ ਸਿੱਖਿਆਵਾਂ ਉੱਤੇ ਵਿਸ਼ਵਾਸ ਕਰਦੇ ਹਨ। ਪਰ ਯਹੋਵਾਹ ਚਾਹੁੰਦਾ ਹੈ ਕਿ ਸਾਨੂੰ ਸੱਚਾਈ ਦਾ ਗਿਆਨ ਮਿਲੇ। ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਬਾਈਬਲ ਵਿਚ ਸੱਚਾਈ ਦੱਸੀ ਗਈ ਹੈ। (ਜ਼ਬੂਰਾਂ ਦੀ ਪੋਥੀ 43:3, 4 ਪੜ੍ਹੋ।) ਅੱਜ ਦੁਨੀਆਂ ਹਨੇਰੇ ਵਿਚ ਚੱਲ ਰਹੀ ਹੈ, ਪਰ ਅਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੇ ਗਿਆਨ ਦੇ ਚਾਨਣ ਵਿਚ ਚੱਲ ਰਹੇ ਹਾਂ।—1 ਯੂਹੰ. 1:6, 7.
ਸਾਨੂੰ ਅਨਮੋਲ ਵਿਰਾਸਤ ਮਿਲੀ ਹੈ
4, 5. ਸੰਨ 1931 ਵਿਚ ਸਾਨੂੰ ਕਿਹੜਾ ਸਨਮਾਨ ਦਿੱਤਾ ਗਿਆ ਸੀ?
4 ਇਕ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਵਿਚ ਇੱਕੋ ਜਿਹੀਆਂ ਖੂਬੀਆਂ, ਰੀਤ-ਰਿਵਾਜ ਤੇ ਰਹਿਣ-ਸਹਿਣ ਦਾ ਇੱਕੋ ਜਿਹਾ ਢੰਗ ਹੋ ਸਕਦਾ ਹੈ ਜੋ ਪੀੜ੍ਹੀ-ਦਰ-ਪੀੜ੍ਹੀ ਚੱਲਦਾ ਹੈ। ਇਨ੍ਹਾਂ ਸਭ ਚੀਜ਼ਾਂ ਨੂੰ ਉਨ੍ਹਾਂ ਦੀ ਵਿਰਾਸਤ ਕਿਹਾ ਜਾ ਸਕਦਾ ਹੈ। ਮਸੀਹੀ ਹੋਣ ਕਰਕੇ ਸਾਨੂੰ ਅਨਮੋਲ ਵਿਰਾਸਤ ਮਿਲੀ ਹੈ। ਯਹੋਵਾਹ ਨੇ ਸਾਨੂੰ ਬਾਈਬਲ ਦੀ ਸਹੀ ਸਮਝ ਅਤੇ ਆਪਣੇ ਬਾਰੇ ਤੇ ਆਪਣੇ ਮਕਸਦਾਂ ਬਾਰੇ ਸੱਚਾਈ ਦੱਸੀ ਹੈ। ਉਸ ਨੇ ਸਾਨੂੰ ਇਕ ਹੋਰ ਸਨਮਾਨ ਵੀ ਬਖ਼ਸ਼ਿਆ ਹੈ।
5 ਇਹ ਸਨਮਾਨ ਸਾਨੂੰ 1931 ਵਿਚ ਕੋਲੰਬਸ, ਓਹੀਓ, ਅਮਰੀਕਾ ਵਿਚ ਹੋਏ ਜ਼ਿਲ੍ਹਾ ਸੰਮੇਲਨ ਵਿਚ ਦਿੱਤਾ ਗਿਆ ਸੀ। ਸੰਮੇਲਨ ਦੇ ਪ੍ਰੋਗ੍ਰਾਮ ਪਰਚੇ ਉੱਤੇ ਅੰਗ੍ਰੇਜ਼ੀ ਦੇ ਅੱਖਰ “JW” ਛਾਪੇ ਗਏ ਸਨ। ਇਕ ਭੈਣ ਨੇ ਕਿਹਾ ਕਿ ਉਸ ਵੇਲੇ ਸਾਰੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਨ੍ਹਾਂ ਦਾ ਕੀ ਮਤਲਬ ਸੀ। ਉਦੋਂ ਅਸੀਂ ਬਾਈਬਲ ਸਟੂਡੈਂਟਸ ਦੇ ਨਾਂ ਨਾਲ ਜਾਣੇ ਜਾਂਦੇ ਸੀ। ਪਰ ਐਤਵਾਰ 26 ਜੁਲਾਈ 1931 ਨੂੰ ਇਕ ਖ਼ਾਸ ਭਾਸ਼ਣ ਵਿਚ ਦੱਸਿਆ ਗਿਆ ਕਿ ਹੁਣ ਤੋਂ ਅਸੀਂ “Jehovah’s Witnesses” ਜਾਂ “ਯਹੋਵਾਹ ਦੇ ਗਵਾਹਾਂ” ਵਜੋਂ ਜਾਣੇ ਜਾਵਾਂਗੇ। ਇਹ ਨਾਂ ਬਾਈਬਲ ਵਿੱਚੋਂ ਸੀ ਅਤੇ ਸਾਰਿਆਂ ਨੂੰ ਇਸ ਨਵੇਂ ਨਾਂ ਤੋਂ ਬਹੁਤ ਖ਼ੁਸ਼ੀ ਹੋਈ। (ਯਸਾਯਾਹ 43:12 ਪੜ੍ਹੋ।) ਇਕ ਭਰਾ ਯਾਦ ਕਰਦਾ ਹੈ: “ਮੈਂ ਸਟੇਡੀਅਮ ਵਿਚ ਤਾੜੀਆਂ ਦੀ ਗੂੰਜ ਨੂੰ ਕਦੀ ਨਹੀਂ ਭੁੱਲ ਸਕਦਾ।” ਦੁਨੀਆਂ ਵਿਚ ਕੋਈ ਵੀ ਧਰਮ ਇਹ ਨਾਂ ਨਹੀਂ ਰੱਖਣਾ ਚਾਹੁੰਦਾ ਸੀ, ਪਰ 1931 ਤੋਂ ਯਹੋਵਾਹ ਨੇ ਸਾਨੂੰ ਇਸ ਖ਼ਾਸ ਨਾਂ ਤੋਂ ਜਾਣੇ ਜਾਣ ਦਾ ਸਨਮਾਨ ਬਖ਼ਸ਼ਿਆ ਹੈ।
6. ਸਾਨੂੰ ਵਿਰਸੇ ਵਿਚ ਕਿਹੜੀ ਜਾਣਕਾਰੀ ਮਿਲੀ ਹੈ?
6 ਸਾਨੂੰ ਵਿਰਸੇ ਵਿਚ ਪਰਮੇਸ਼ੁਰ ਦੇ ਪੁਰਾਣੇ ਸੇਵਕਾਂ ਬਾਰੇ ਸਹੀ ਅਤੇ ਮਹੱਤਵਪੂਰਣ ਜਾਣਕਾਰੀ ਵੀ ਮਿਲੀ ਹੈ। ਉਦਾਹਰਣ ਲਈ, ਬਾਈਬਲ ਵਿਚ ਅਬਰਾਹਾਮ, ਇਸਹਾਕ ਅਤੇ ਯਾਕੂਬ ਬਾਰੇ ਦੱਸਿਆ ਗਿਆ ਹੈ। ਉਹ ਅਕਸਰ ਆਪਣੇ ਪਰਿਵਾਰਾਂ ਨਾਲ ਬੈਠ ਕੇ ਗੱਲਾਂ ਕਰਦੇ ਹੋਣੇ ਕਿ ਉਹ ਪਰਮੇਸ਼ੁਰ ਨੂੰ ਕਿਵੇਂ ਖ਼ੁਸ਼ ਕਰ ਸਕਦੇ ਸਨ। ਯੂਸੁਫ਼ ਉੱਤੇ ਇਨ੍ਹਾਂ ਗੱਲਾਂ-ਬਾਤਾਂ ਦਾ ਚੰਗਾ ਅਸਰ ਪਿਆ ਹੋਣਾ ਅਤੇ ਇਸ ਕਰਕੇ ਉਸ ਨੇ ਪੋਟੀਫ਼ਰ ਦੀ ਘਰਵਾਲੀ ਨਾਲ ਗ਼ਲਤ ਕੰਮ ਕਰਨ ਤੋਂ ਇਨਕਾਰ ਕੀਤਾ ਸੀ। (ਉਤ. 39:7-9) ਪਹਿਲੀ ਸਦੀ ਵਿਚ ਮਸੀਹੀ ਵੀ ਇਕ-ਦੂਜੇ ਨਾਲ ਪਰਮੇਸ਼ੁਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੁੰਦੇ ਸੀ। ਮਿਸਾਲ ਲਈ, ਯਿਸੂ ਨੇ ਪੌਲੁਸ ਨੂੰ ਪ੍ਰਭੂ ਦੇ ਭੋਜਨ ਬਾਰੇ ਜੋ ਜਾਣਕਾਰੀ ਦਿੱਤੀ ਸੀ ਉਸ ਬਾਰੇ ਉਸ ਨੇ ਮੰਡਲੀਆਂ ਨੂੰ ਦੱਸਿਆ। (1 ਕੁਰਿੰ. 11:2, 23) ਇਹ ਸਾਰੀਆਂ ਗੱਲਾਂ ਬਾਈਬਲ ਵਿਚ ਹਨ ਤਾਂਕਿ ਅਸੀਂ “ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ” ਪਰਮੇਸ਼ੁਰ ਦੀ ਭਗਤੀ ਕਰ ਸਕੀਏ। (ਯੂਹੰਨਾ 4:23, 24 ਪੜ੍ਹੋ।) ਬਾਈਬਲ ਤੋਂ ਸਾਰੇ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਮਿਲ ਸਕਦਾ ਹੈ, ਪਰ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਇਸ ਦੀ ਜ਼ਿਆਦਾ ਸਟੱਡੀ ਕਰਨੀ ਚਾਹੀਦੀ ਹੈ।
7. ਕਿਹੜਾ ਵਾਅਦਾ ਸਾਡੀ ਵਿਰਾਸਤ ਦਾ ਹਿੱਸਾ ਹੈ?
7 ਯਹੋਵਾਹ ਅੱਜ ਵੀ ਆਪਣੇ ਲੋਕਾਂ ਦੀ ਮਦਦ ਕਰਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ‘ਯਹੋਵਾਹ ਸਾਡੀ ਵੱਲ ਹੈ।’ (ਜ਼ਬੂ. 118:7) ਅਸੀਂ ਆਪਣੇ ਪ੍ਰਕਾਸ਼ਨਾਂ ਵਿਚ ਪੜ੍ਹ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਿਵੇਂ ਕਰਦਾ ਹੈ। ਇਸ ਬਾਰੇ ਪੜ੍ਹ ਕੇ ਅਸੀਂ ਮੁਸ਼ਕਲ ਹਾਲਾਤਾਂ ਵਿਚ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ। ਬਾਈਬਲ ਵਿਚ ਪਰਮੇਸ਼ੁਰ ਨੇ ਇਹ ਵਾਅਦਾ ਕੀਤਾ ਹੈ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗੀ,—ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ [“ਵਿਰਾਸਤ,” NW] ਹੈ, ਅਤੇ ਉਨ੍ਹਾਂ ਦਾ ਧਰਮ ਮੈਥੋਂ ਹੈ, ਯਹੋਵਾਹ ਦਾ ਵਾਕ ਹੈ।” (ਯਸਾ. 54:17) ਇਹ ਵਾਅਦਾ ਵੀ ਸਾਡੀ ਵਿਰਾਸਤ ਹੈ। ਸ਼ੈਤਾਨ ਦਾ ਕੋਈ ਵੀ ਹਥਿਆਰ ਸਾਨੂੰ ਹਮੇਸ਼ਾ ਲਈ ਖ਼ਤਮ ਨਹੀਂ ਕਰ ਸਕਦਾ।
8. ਅਸੀਂ ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਕੀ ਦੇਖਾਂਗੇ?
8 ਸ਼ੈਤਾਨ ਨੇ ਬਾਈਬਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂਕਿ ਲੋਕਾਂ ਨੂੰ ਯਹੋਵਾਹ ਦੇ ਨਾਂ ਬਾਰੇ ਅਤੇ ਸੱਚਾਈ ਬਾਰੇ ਪਤਾ ਨਾ ਲੱਗੇ। ਪਰ ਸ਼ੈਤਾਨ ਕਾਮਯਾਬ ਨਹੀਂ ਹੋਇਆ ਹੈ। ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ (1) ਪਰਮੇਸ਼ੁਰ ਨੇ ਆਪਣੇ ਬਚਨ ਨੂੰ ਤਬਾਹ ਹੋਣ ਤੋਂ ਕਿਵੇਂ ਬਚਾਇਆ; (2) ਉਸ ਨੇ ਕਿਵੇਂ ਧਿਆਨ ਰੱਖਿਆ ਕਿ ਲੋਕਾਂ ਨੂੰ ਉਸ ਦਾ ਨਾਂ ਪਤਾ ਲੱਗੇ ਅਤੇ (3) ਉਸ ਨੇ ਕਿਵੇਂ ਮੁਮਕਿਨ ਬਣਾਇਆ ਕਿ ਅੱਜ ਲੋਕਾਂ ਨੂੰ ਸੱਚਾਈ ਪਤਾ ਲੱਗੇ।
ਯਹੋਵਾਹ ਨੇ ਆਪਣੇ ਬਚਨ ਨੂੰ ਤਬਾਹ ਹੋਣ ਤੋਂ ਬਚਾਇਆ
9-11. ਕਿਹੜੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਵਾਰ-ਵਾਰ ਹਮਲਿਆਂ ਦੇ ਬਾਵਜੂਦ ਬਾਈਬਲ ਬਚੀ ਰਹੀ?
9 ਬਾਈਬਲ ਨੂੰ ਤਬਾਹ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਪਰਮੇਸ਼ੁਰ ਨੇ ਇਸ ਨੂੰ ਤਬਾਹ ਨਹੀਂ ਹੋਣ ਦਿੱਤਾ। ਇਕ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ: “1229 ਈਸਵੀ ਵਿਚ ਟੂਲੂਸ ਦੀ ਕੌਂਸਲ ਨੇ ਆਮ ਆਦਮੀ ਨੂੰ [ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਬਾਈਬਲ] ਪੜ੍ਹਨ ਤੋਂ ਰੋਕਿਆ . . . 1234 ਈਸਵੀ ਵਿਚ ਜੇਮਜ਼ ਪਹਿਲੇ ਅਧੀਨ ਸਪੇਨ ਦੇ ਟਾਰਾਗੋਨਾ ਸ਼ਹਿਰ ਵਿਚ ਇਕੱਠੀ ਹੋਈ ਕੌਂਸਲ ਨੇ ਵੀ ਬਾਈਬਲ ਪੜ੍ਹਨ ʼਤੇ ਰੋਕ ਲਾਈ। . . . 1559 ਈਸਵੀ ਵਿਚ ਪੌਲ ਚੌਥੇ ਵੱਲੋਂ ਤਿਆਰ ਕੀਤੀ ਕਿਤਾਬਾਂ ਦੀ ਸੂਚੀ ਅਨੁਸਾਰ ਪੋਪ ਦੀ ਇਜਾਜ਼ਤ ਤੋਂ ਬਿਨਾਂ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਬਾਈਬਲਾਂ ਛਾਪਣੀਆਂ ਤੇ ਰੱਖਣੀਆਂ ਮਨ੍ਹਾ ਸਨ।”
10 ਇਨ੍ਹਾਂ ਸਾਰੇ ਹਮਲਿਆਂ ਦੇ ਬਾਵਜੂਦ ਬਾਈਬਲ ਤਬਾਹ ਨਹੀਂ ਹੋਈ। ਲਗਭਗ 1382 ਵਿਚ ਜੌਨ ਵਿੱਕਲਿਫ਼ ਅਤੇ ਉਸ ਦੇ ਸਾਥੀਆਂ ਨੇ ਅੰਗ੍ਰੇਜ਼ੀ ਵਿਚ ਬਾਈਬਲ ਦਾ ਪਹਿਲਾ ਅਨੁਵਾਦ ਕੀਤਾ। ਬਾਅਦ ਵਿਚ ਵਿਲਿਅਮ ਟਿੰਡੇਲ ਨੇ ਵੀ ਅੰਗ੍ਰੇਜ਼ੀ ਵਿਚ ਬਾਈਬਲ ਦਾ ਅਨੁਵਾਦ ਕੀਤਾ ਸੀ। ਇਸ ਕਰਕੇ ਉਸ ਨੂੰ 1536 ਵਿਚ ਜਾਨੋਂ ਮਾਰ ਦਿੱਤਾ ਗਿਆ। ਉਸ ਨੂੰ ਇਕ ਲੱਕੜ ਦੇ ਖੰਭੇ ਨਾਲ ਬੰਨ੍ਹਿਆ ਗਿਆ, ਫਿਰ ਰੱਸੀ ਨਾਲ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਤੇ ਉਸ ਦੀ ਲਾਸ਼ ਸਾੜ ਦਿੱਤੀ ਗਈ। ਕਿਹਾ ਜਾਂਦਾ ਹੈ ਕਿ ਉਸ ਨੇ ਮਰਨ ਤੋਂ ਪਹਿਲਾਂ ਉੱਚੀ ਆਵਾਜ਼ ਵਿਚ ਕਿਹਾ ਸੀ: “ਹੇ ਪ੍ਰਭੂ, ਇੰਗਲੈਂਡ ਦੇ ਰਾਜੇ ਦੀਆਂ ਅੱਖਾਂ ਖੋਲ੍ਹ।”
11 ਸੰਨ 1535 ਵਿਚ ਮਾਈਲਜ਼ ਕਵਰਡੇਲ ਨੇ ਵੀ ਅੰਗ੍ਰੇਜ਼ੀ ਵਿਚ ਬਾਈਬਲ ਦਾ ਅਨੁਵਾਦ ਕੀਤਾ ਸੀ। ਉਸ ਨੇ ਟਿੰਡੇਲ ਦੇ ਅਨੁਵਾਦ ਨੂੰ ਵਰਤ ਕੇ “ਨਵੇਂ ਨੇਮ” ਅਤੇ “ਪੁਰਾਣੇ ਨੇਮ” ਵਿਚ ਉਤਪਤ ਤੋਂ ਲੈ ਕੇ ਇਤਿਹਾਸ ਦੀਆਂ ਕਿਤਾਬਾਂ ਦਾ ਅਨੁਵਾਦ ਕੀਤਾ ਸੀ। ਉਸ ਨੇ ਬਾਕੀ ਕਿਤਾਬਾਂ ਦਾ ਅਨੁਵਾਦ ਲਾਤੀਨੀ ਬਾਈਬਲ ਅਤੇ ਜਰਮਨ ਵਿਚ ਮਾਰਟਿਨ ਲੂਥਰ ਦੀ ਬਾਈਬਲ ਤੋਂ ਕੀਤਾ ਸੀ। ਅੱਜ ਸਾਡੇ ਕੋਲ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਹੈ। ਖ਼ੁਸ਼ੀ ਦੀ ਗੱਲ ਹੈ ਕਿ ਇਹ ਬਾਈਬਲ ਸਹੀ ਅਤੇ ਸਮਝਣ ਵਿਚ ਸੌਖੀ ਹੈ ਅਤੇ ਇਹ ਪ੍ਰਚਾਰ ਦੇ ਕੰਮ ਵਿਚ ਆਸਾਨੀ ਨਾਲ ਵਰਤੀ ਜਾ ਸਕਦੀ ਹੈ। ਨਾ ਹੀ ਸ਼ੈਤਾਨ ਤੇ ਨਾ ਹੀ ਕੋਈ ਇਨਸਾਨ ਯਹੋਵਾਹ ਦੇ ਬਚਨ ਦਾ ਨਾਮੋ-ਨਿਸ਼ਾਨ ਮਿਟਾ ਸਕਿਆ ਹੈ।
ਯਹੋਵਾਹ ਨੇ ਧਿਆਨ ਰੱਖਿਆ ਕਿ ਸਾਨੂੰ ਉਸ ਦਾ ਨਾਂ ਪਤਾ ਲੱਗੇ
12. ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਨੇ ਲੋਕਾਂ ਦੀ ਯਹੋਵਾਹ ਦਾ ਨਾਂ ਜਾਣਨ ਵਿਚ ਕਿਵੇਂ ਮਦਦ ਕੀਤੀ ਹੈ?
12 ਯਹੋਵਾਹ ਪਰਮੇਸ਼ੁਰ ਨੇ ਧਿਆਨ ਰੱਖਿਆ ਕਿ ਉਸ ਦੇ ਬਚਨ ਵਿੱਚੋਂ ਉਸ ਦਾ ਨਾਂ ਮਿਟਾਇਆ ਨਾ ਜਾਵੇ। ਖ਼ਾਸ ਕਰਕੇ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਲੋਕਾਂ ਦੀ ਯਹੋਵਾਹ ਦਾ ਨਾਂ ਜਾਣਨ ਵਿਚ ਮਦਦ ਕਰਦੀ ਹੈ। ਪਵਿੱਤਰ ਬਾਈਬਲ—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ) ਦੇ ਮੁਖਬੰਧ ਵਿਚ ਅਨੁਵਾਦ ਕਮੇਟੀ ਨੇ ਲਿਖਿਆ: “ਇਸ ਅਨੁਵਾਦ ਦੇ ਮੁੱਖ ਪਾਠ ਵਿਚ ਪਰਮੇਸ਼ੁਰ ਦਾ ਨਾਂ, ਯਹੋਵਾਹ, 237 ਵਾਰ ਵਰਤਿਆ ਗਿਆ ਹੈ। . . . ਇਹ ਗੱਲ ਬਹੁਤ ਅਹਿਮੀਅਤ ਰੱਖਦੀ ਹੈ ਕਿ ਪਰਮੇਸ਼ੁਰ ਦਾ ਨਾਂ ਪਵਿੱਤਰ ਕੀਤਾ ਜਾਵੇ ਅਤੇ ਮੁਕਤੀ ਪਾਉਣ ਲਈ ਜ਼ਰੂਰੀ ਹੈ ਕਿ ਹਰ ਕੋਈ ਇਹ ਨਾਂ ਲਵੇ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਇਸ ਅਨੁਵਾਦ ਵਿਚ ਯਹੋਵਾਹ ਦਾ ਨਾਂ ਉਨ੍ਹਾਂ ਸਾਰੀਆਂ ਥਾਵਾਂ ਵਿਚ ਵਰਤਿਆ ਗਿਆ ਹੈ ਜਿੱਥੇ ਇਸ ਨੂੰ ਧਰਮ-ਗ੍ਰੰਥ ਵਿਚ ਹੋਣਾ ਚਾਹੀਦਾ ਹੈ।” ਨਵੀਂ ਦੁਨੀਆਂ ਅਨੁਵਾਦ ਬਾਈਬਲ 116 ਭਾਸ਼ਾਵਾਂ ਵਿਚ ਉਪਲਬਧ ਹੈ। ਇਸ ਦੀਆਂ 17,85,45,862 ਤੋਂ ਜ਼ਿਆਦਾ ਕਾਪੀਆਂ ਛਾਪੀਆਂ ਗਈਆਂ ਹਨ।
13. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਇਨਸਾਨ ਸ਼ੁਰੂ ਤੋਂ ਹੀ ਪਰਮੇਸ਼ੁਰ ਦਾ ਨਾਂ ਜਾਣਦੇ ਸਨ?
13 ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਨੂੰ ਪਰਮੇਸ਼ੁਰ ਦਾ ਨਾਂ ਪਤਾ ਸੀ ਤੇ ਉਨ੍ਹਾਂ ਨੇ ਇਹ ਨਾਂ ਵਰਤਿਆ ਸੀ। ਨੂਹ ਨੇ ਵੀ ਪਰਮੇਸ਼ੁਰ ਦਾ ਨਾਂ ਵਰਤਿਆ ਸੀ। ਉਸ ਨੇ ਕਿਹਾ ਸੀ: “ਧੰਨ ਹੋਵੇ ਯਹੋਵਾਹ ਸ਼ੇਮ ਦਾ ਪਰਮੇਸ਼ੁਰ।” (ਉਤ. 4:1; 9:26) ਪਰਮੇਸ਼ੁਰ ਨੇ ਆਪ ਕਿਹਾ ਸੀ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ, ਅਤੇ ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ।” ਉਸ ਨੇ ਇਹ ਵੀ ਕਿਹਾ ਸੀ: “ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ, ਮੈਥੋਂ ਬਿਨਾ ਕੋਈ ਪਰਮੇਸ਼ੁਰ ਨਹੀਂ।” (ਯਸਾ. 42:8; 45:5) ਯਹੋਵਾਹ ਨੇ ਧਿਆਨ ਰੱਖਿਆ ਹੈ ਕਿ ਉਸ ਦਾ ਨਾਂ ਕਦੇ ਨਾ ਮਿਟੇ ਅਤੇ ਲੋਕਾਂ ਨੂੰ ਇਹ ਨਾਂ ਪਤਾ ਲੱਗੇ। ਸਾਡੇ ਲਈ ਇਹ ਕਿੰਨੇ ਸਨਮਾਨ ਦੀ ਗੱਲ ਹੈ ਕਿ ਅਸੀਂ ਉਸ ਦਾ ਨਾਂ ਵਰਤਦੇ ਹਾਂ ਅਤੇ ਉਸ ਦੇ ਗਵਾਹ ਹਾਂ! ਅਸੀਂ ਕਹਿੰਦੇ ਹਾਂ: ‘ਅਸੀਂ ਆਪਣੇ ਪਰਮੇਸ਼ੁਰ ਦੇ ਨਾਮ ਤੋਂ ਆਪਣੇ ਝੰਡੇ ਖੜੇ ਕਰਾਂਗੇ।’—ਜ਼ਬੂ. 20:5.
14. ਬਾਈਬਲ ਤੋਂ ਇਲਾਵਾ ਹੋਰ ਕਿੱਥੇ ਪਰਮੇਸ਼ੁਰ ਦਾ ਨਾਂ ਪਾਇਆ ਜਾਂਦਾ ਹੈ?
14 ਸਿਰਫ਼ ਬਾਈਬਲ ਵਿਚ ਹੀ ਪਰਮੇਸ਼ੁਰ ਦਾ ਨਾਂ ਨਹੀਂ ਪਾਇਆ ਜਾਂਦਾ ਹੈ। ਮ੍ਰਿਤ ਸਾਗਰ ਤੋਂ 21 ਕਿਲੋਮੀਟਰ (13 ਮੀਲ) ਦੂਰ ਥੀਬਾਨ (ਦੀਬੋਨ) ਨਾਂ ਦੀ ਜਗ੍ਹਾ ਤੋਂ ਇਕ ਪੱਥਰ ਮਿਲਿਆ ਸੀ ਜਿਸ ਨੂੰ ਮੋਆਬਾਈਟ ਸਟੋਨ ਕਿਹਾ ਜਾਂਦਾ ਹੈ। ਇਸ ਪੱਥਰ ਉੱਤੇ ਇਜ਼ਰਾਈਲ ਦੇ ਰਾਜੇ ਆਮਰੀ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਮੋਆਬ ਦੇ ਰਾਜੇ ਮੇਸ਼ਾ ਨੇ ਇਜ਼ਰਾਈਲ ਦੇ ਵਿਰੁੱਧ ਬਗਾਵਤ ਕੀਤੀ ਸੀ। (1 ਰਾਜ. 16:28; 2 ਰਾਜ. 1:1; 3:4, 5) ਪਰ ਇਸ ਪੱਥਰ ਦੀ ਖ਼ਾਸ ਗੱਲ ਇਹ ਹੈ ਕਿ ਇਸ ਉੱਤੇ ਪਰਮੇਸ਼ੁਰ ਦਾ ਨਾਂ ਚਾਰ ਇਬਰਾਨੀ ਅੱਖਰਾਂ ਵਿਚ ਲਿਖਿਆ ਹੋਇਆ ਹੈ। ਇਹ ਨਾਂ ਮਿੱਟੀ ਦੇ ਭਾਂਡਿਆਂ ਦੀਆਂ ਠੀਕਰੀਆਂ ਉੱਤੇ ਵੀ ਚਾਰ ਇਬਰਾਨੀ ਅੱਖਰਾਂ ਵਿਚ ਲਿਖਿਆ ਹੋਇਆ ਹੈ। ਇਹ ਠੀਕਰੀਆਂ ਲਾਕੀਸ਼ ਦੀਆਂ ਚਿੱਠੀਆਂ ਦੇ ਨਾਂ ਨਾਲ ਮਸ਼ਹੂਰ ਹਨ।
15. ਸੈਪਟੁਜਿੰਟ ਕੀ ਹੈ ਅਤੇ ਇਹ ਅਨੁਵਾਦ ਕਿਉਂ ਤਿਆਰ ਕੀਤਾ ਗਿਆ ਸੀ?
15 ਦੋ ਹਜ਼ਾਰ ਤੋਂ ਜ਼ਿਆਦਾ ਸਾਲ ਪਹਿਲਾਂ ਇਬਰਾਨੀ ਲਿਖਤਾਂ ਦਾ ਯੂਨਾਨੀ ਵਿਚ ਅਨੁਵਾਦ ਕੀਤਾ ਗਿਆ ਸੀ। ਇਸ ਅਨੁਵਾਦ ਦਾ ਨਾਂ ਸੈਪਟੁਜਿੰਟ ਹੈ। ਇਸ ਅਨੁਵਾਦ ਦੀ ਲੋੜ ਕਿਉਂ ਪਈ ਸੀ? ਯਹੂਦੀ 70 ਸਾਲ ਬਾਬਲੀਆਂ ਦੇ ਗ਼ੁਲਾਮ ਰਹੇ। ਜਦੋਂ ਉਨ੍ਹਾਂ ਨੂੰ 537 ਈਸਵੀ ਪੂਰਵ ਵਿਚ ਆਜ਼ਾਦ ਕੀਤਾ ਗਿਆ, ਤਾਂ ਕੁਝ ਲੋਕਾਂ ਨੇ ਬਾਬਲ ਵਿਚ ਹੀ ਰਹਿਣ ਦਾ ਫ਼ੈਸਲਾ ਕੀਤਾ। ਫਿਰ ਸਮੇਂ ਦੇ ਬੀਤਣ ਨਾਲ ਬਹੁਤ ਸਾਰੇ ਯਹੂਦੀ ਮਿਸਰ ਦੇ ਸ਼ਹਿਰ ਸਿਕੰਦਰੀਆ ਵਿਚ ਵੱਸ ਗਏ ਜਿੱਥੇ ਯੂਨਾਨੀ ਭਾਸ਼ਾ ਬੋਲੀ ਜਾਂਦੀ ਸੀ। ਇਨ੍ਹਾਂ ਯਹੂਦੀਆਂ ਲਈ ਇਬਰਾਨੀ ਲਿਖਤਾਂ ਦਾ ਯੂਨਾਨੀ ਵਿਚ ਅਨੁਵਾਦ ਕੀਤਾ ਗਿਆ। ਸੈਪਟੁਜਿੰਟ ਦੀਆਂ ਕੁਝ ਕਾਪੀਆਂ ਵਿਚ ਪਰਮੇਸ਼ੁਰ ਦਾ ਨਾਂ ਇਬਰਾਨੀ ਅੱਖਰਾਂ ਵਿਚ ਦਿੱਤਾ ਗਿਆ ਹੈ।
16. ਸੰਨ 1640 ਵਿਚ ਅਮਰੀਕਾ ਵਿਚ ਛਪੀ ਇਕ ਕਿਤਾਬ ਦੀ ਕੀ ਖ਼ਾਸੀਅਤ ਸੀ?
16 ਅਮਰੀਕਾ ਵਿਚ ਪਹਿਲੀ ਜਿਹੜੀ ਕਿਤਾਬ ਛਾਪੀ ਗਈ ਸੀ ਉਹ ਸੀ ਜ਼ਬੂਰਾਂ ਦੀ ਪੋਥੀ ਦਾ ਅੰਗ੍ਰੇਜ਼ੀ ਵਿਚ ਅਨੁਵਾਦ। ਇਹ ਕਿਤਾਬ 1640 ਵਿਚ ਛਪੀ ਸੀ ਅਤੇ ਇਸ ਵਿਚ ਕਈ ਜਗ੍ਹਾ ਪਰਮੇਸ਼ੁਰ ਦਾ ਨਾਂ ਯਹੋਵਾਹ ਵਰਤਿਆ ਗਿਆ ਸੀ ਜਿਵੇਂ ਕਿ ਜ਼ਬੂਰ 1:1, 2 ਵਿਚ।
ਯਹੋਵਾਹ ਨੇ ਸਾਨੂੰ ਸੱਚਾਈ ਦਾ ਗਿਆਨ ਦਿੱਤਾ ਹੈ
17, 18. (ੳ) “ਸੱਚਾਈ” ਸ਼ਬਦ ਦਾ ਮਤਲਬ ਦੱਸੋ। (ਅ) “ਖ਼ੁਸ਼ ਖ਼ਬਰੀ ਦੀ ਸੱਚਾਈ” ਵਿਚ ਕੀ-ਕੀ ਸ਼ਾਮਲ ਹੈ?
17 ਅਸੀਂ ਖ਼ੁਸ਼ੀ-ਖ਼ੁਸ਼ੀ ‘ਸਚਿਆਈ ਦੇ ਪਰਮੇਸ਼ੁਰ ਯਹੋਵਾਹ’ ਦੀ ਭਗਤੀ ਕਰਦੇ ਹਾਂ। (ਜ਼ਬੂ. 31:5) “ਸੱਚਾਈ” ਸ਼ਬਦ ਦਾ ਮਤਲਬ ਹੈ ਕਿਸੇ ਗੱਲ ਬਾਰੇ ਸਹੀ ਜਾਣਕਾਰੀ ਹੋਣੀ। ਜਿਨ੍ਹਾਂ ਇਬਰਾਨੀ ਤੇ ਯੂਨਾਨੀ ਸ਼ਬਦਾਂ ਦਾ ਅਨੁਵਾਦ “ਸੱਚਾਈ” ਕੀਤਾ ਗਿਆ ਹੈ, ਉਨ੍ਹਾਂ ਦਾ ਮਤਲਬ ਹੈ ਸੱਚਾ, ਸਹੀ ਤੇ ਭਰੋਸੇਯੋਗ।
18 ਯਹੋਵਾਹ ਨੇ ਧਿਆਨ ਰੱਖਿਆ ਹੈ ਕਿ ਸਾਨੂੰ ਸੱਚਾਈ ਦਾ ਗਿਆਨ ਮਿਲੇ। (2 ਯੂਹੰ. 1, 2) ਸੱਚਾਈ ਬਾਰੇ ਸਾਡੀ ਸਮਝ ਵੀ ਲਗਾਤਾਰ ਵਧ ਰਹੀ ਹੈ ਕਿਉਂਕਿ “ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।” (ਕਹਾ. 4:18) ਅਸੀਂ ਯਿਸੂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜਿਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹੋਏ ਕਿਹਾ ਸੀ: “ਤੇਰਾ ਬਚਨ ਹੀ ਸੱਚਾਈ ਹੈ।” (ਯੂਹੰ. 17:17) ਪਰਮੇਸ਼ੁਰ ਦੇ ਬਚਨ ਵਿਚ “ਖ਼ੁਸ਼ ਖ਼ਬਰੀ ਦੀ ਸੱਚਾਈ” ਦੱਸੀ ਗਈ ਹੈ। ਇਸ ਸੱਚਾਈ ਵਿਚ ਸਾਰੀਆਂ ਮਸੀਹੀ ਸਿੱਖਿਆਵਾਂ ਸ਼ਾਮਲ ਹਨ। (ਗਲਾ. 2:14) ਇਸ ਵਿਚ ਯਹੋਵਾਹ ਦੇ ਨਾਂ, ਉਸ ਦੇ ਰਾਜ ਕਰਨ ਦੇ ਹੱਕ, ਯਿਸੂ ਦੀ ਕੁਰਬਾਨੀ, ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਸੱਚਾਈ ਦੱਸੀ ਗਈ ਹੈ। ਅਸੀਂ ਹੁਣ ਇਹ ਦੇਖਾਂਗੇ ਕਿ ਯਹੋਵਾਹ ਨੇ ਸੱਚਾਈ ਨੂੰ ਕਿਵੇਂ ਬਚਾ ਕੇ ਰੱਖਿਆ, ਭਾਵੇਂ ਸ਼ੈਤਾਨ ਨੇ ਇਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ।
ਯਹੋਵਾਹ ਸੱਚੀ ਭਗਤੀ ਦੀ ਰੱਖਿਆ ਕਰਦਾ ਹੈ
19, 20. ਨਿਮਰੋਦ ਕੌਣ ਸੀ ਅਤੇ ਉਸ ਦੀ ਕਿਹੜੀ ਯੋਜਨਾ ਸਫ਼ਲ ਨਹੀਂ ਹੋਈ?
19 ਜਲ-ਪਰਲੋ ਤੋਂ ਬਾਅਦ ਨਿਮਰੋਦ ਨਾਂ ਦਾ ਇਕ ਬਲਵੰਤ ਸ਼ਿਕਾਰੀ ਹੋਇਆ ਸੀ। ਉਸ ਬਾਰੇ ਬਾਈਬਲ ਵਿਚ ਲਿਖਿਆ ਹੈ: “ਨਿਮਰੋਦ ਵਰਗਾ ਯਹੋਵਾਹ ਦੇ ਅੱਗੇ [“ਖ਼ਿਲਾਫ਼,” NW] ਬਲਵੰਤ ਸ਼ਿਕਾਰੀ।” (ਉਤ. 10:9) ਯਹੋਵਾਹ ਦੇ ਖ਼ਿਲਾਫ਼ ਹੋਣ ਕਰਕੇ ਨਿਮਰੋਦ ਅਸਲ ਵਿਚ ਸ਼ੈਤਾਨ ਦੀ ਭਗਤੀ ਕਰਦਾ ਸੀ ਅਤੇ ਉਨ੍ਹਾਂ ਵਿਰੋਧੀਆਂ ਵਰਗਾ ਸੀ ਜਿਨ੍ਹਾਂ ਬਾਰੇ ਯਿਸੂ ਨੇ ਕਿਹਾ: ‘ਤੁਹਾਡਾ ਪਿਉ ਸ਼ੈਤਾਨ ਹੈ ਅਤੇ ਤੁਸੀਂ ਆਪਣੇ ਪਿਉ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ। ਉਹ ਸੱਚਾਈ ਦੇ ਰਾਹ ਤੋਂ ਭਟਕ ਗਿਆ।’—ਯੂਹੰ. 8:44.
20 ਨਿਮਰੋਦ ਬਾਬਲ ਅਤੇ ਹੋਰ ਸ਼ਹਿਰਾਂ ਉੱਤੇ ਹਕੂਮਤ ਕਰਦਾ ਸੀ ਜਿਹੜੇ ਟਾਈਗ੍ਰਿਸ ਅਤੇ ਫਰਾਤ ਦਰਿਆਵਾਂ ਦੇ ਵਿਚਕਾਰ ਪੈਂਦੇ ਇਲਾਕੇ ਵਿਚ ਸਨ। (ਉਤ. 10:10) ਸ਼ਾਇਦ ਉਸ ਦੀ ਅਗਵਾਈ ਵਿਚ ਹੀ ਸੰਨ 2269 ਈਸਵੀ ਪੂਰਵ ਵਿਚ ਬਾਬਲ ਸ਼ਹਿਰ ਅਤੇ ਇਸ ਦਾ ਬੁਰਜ ਬਣਨਾ ਸ਼ੁਰੂ ਹੋਇਆ ਸੀ। ਯਹੋਵਾਹ ਦੀ ਇੱਛਾ ਸੀ ਕਿ ਇਨਸਾਨ ਪੂਰੀ ਧਰਤੀ ਉੱਤੇ ਰਹਿਣ। ਪਰ ਸ਼ਹਿਰ ਬਣਾਉਣ ਵਾਲਿਆਂ ਨੇ ਕਿਹਾ: “ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਰ ਇੱਕ ਬੁਰਜ ਬਣਾਈਏ ਜਿਸ ਦੀ ਟੀਸੀ ਅਕਾਸ਼ ਤੀਕ ਹੋਵੇ ਅਰ ਆਪਣੇ ਲਈ ਇੱਕ ਨਾਉਂ ਕੱਢੀਏ ਅਜਿਹਾ ਨਾ ਹੋਵੇ ਭਈ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ।” ਪਰ ਲੋਕ ਬੁਰਜ ਪੂਰਾ ਨਾ ਕਰ ਸਕੇ ਕਿਉਂਕਿ ਯਹੋਵਾਹ ਨੇ “ਸਾਰੀ ਧਰਤੀ ਦੀ ਬੋਲੀ ਉਲਟ ਪੁਲਟ ਕਰ ਦਿੱਤੀ” ਸੀ। ਇਸ ਲਈ ਲੋਕ ਬੁਰਜ ਬਣਾਉਣਾ ਛੱਡ ਕੇ ਉੱਥੋਂ ਚਲੇ ਗਏ। (ਉਤ. 11:1-4, 8, 9) ਉਸ ਵੇਲੇ ਸ਼ੈਤਾਨ ਦੀ ਸ਼ਾਇਦ ਇਹ ਚਾਲ ਸੀ ਕਿ ਲੋਕ ਯਹੋਵਾਹ ਦੀ ਭਗਤੀ ਕਰਨ ਦੀ ਬਜਾਇ ਉਸ ਦੀ ਭਗਤੀ ਕਰਨ। ਪਰ ਯਹੋਵਾਹ ਨੇ ਉਸ ਦੀ ਇਹ ਚਾਲ ਸਫ਼ਲ ਨਹੀਂ ਹੋਣ ਦਿੱਤੀ। ਉਸ ਨੇ ਸੱਚੀ ਭਗਤੀ ਨੂੰ ਕਦੇ ਖ਼ਤਮ ਨਹੀਂ ਹੋਣ ਦਿੱਤਾ ਹੈ ਅਤੇ ਅੱਜ ਜ਼ਿਆਦਾ ਤੋਂ ਜ਼ਿਆਦਾ ਲੋਕ ਉਸ ਦੀ ਭਗਤੀ ਕਰਨੀ ਸ਼ੁਰੂ ਕਰ ਰਹੇ ਹਨ।
21, 22. (ੳ) ਯਹੋਵਾਹ ਦੀ ਭਗਤੀ ਨੂੰ ਕਦੇ ਕੋਈ ਖ਼ਤਮ ਕਿਉਂ ਨਹੀਂ ਕਰ ਸਕਿਆ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
21 ਯਹੋਵਾਹ ਦੀ ਭਗਤੀ ਨੂੰ ਕਦੇ ਕੋਈ ਖ਼ਤਮ ਨਹੀਂ ਕਰ ਸਕਿਆ ਕਿਉਂਕਿ ਯਹੋਵਾਹ ਨੇ ਆਪਣੇ ਬਚਨ ਨੂੰ ਤਬਾਹ ਹੋਣ ਤੋਂ ਬਚਾਇਆ, ਲੋਕਾਂ ਨੂੰ ਆਪਣਾ ਨਾਂ ਦੱਸਿਆ ਅਤੇ ਸੱਚਾਈ ਦਾ ਗਿਆਨ ਦਿੱਤਾ। (ਯਸਾ. 30:20, 21) ਸੱਚਾਈ ਦੇ ਗਿਆਨ ਮੁਤਾਬਕ ਪਰਮੇਸ਼ੁਰ ਦੀ ਭਗਤੀ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ। ਪਰ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਗੱਲਾਂ ʼਤੇ ਹੀ ਵਿਸ਼ਵਾਸ ਕਰੀਏ ਜਿਹੜੀਆਂ ਸੱਚੀਆਂ ਹਨ ਅਤੇ ਯਹੋਵਾਹ ʼਤੇ ਭਰੋਸਾ ਰੱਖੀਏ ਅਤੇ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੀਏ।
22 ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਕੁਝ ਚਰਚਾਂ ਨੇ ਪਰਮੇਸ਼ੁਰ ਬਾਰੇ ਕਿਹੜੀਆਂ ਗ਼ਲਤ ਸਿੱਖਿਆਵਾਂ ਦਿੱਤੀਆਂ ਹਨ ਅਤੇ ਇਹ ਸਿੱਖਿਆਵਾਂ ਬਾਈਬਲ ਵਿਚ ਨਹੀਂ ਦਿੱਤੀਆਂ ਗਈਆਂ ਹਨ। ਨਾਲੇ ਅਸੀਂ ਇਹ ਵੀ ਸਿੱਖਾਂਗੇ ਕਿ ਯਹੋਵਾਹ ਨੇ ਸਾਨੂੰ ਆਪਣੇ ਬਾਰੇ ਕਿਹੜੀ ਸਹੀ ਜਾਣਕਾਰੀ ਦਿੱਤੀ ਹੈ। ਇਹ ਸਾਰਾ ਗਿਆਨ ਸਾਡੀ ਅਨਮੋਲ ਵਿਰਾਸਤ ਹੈ।