ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?
“ਮੈਂ ਓਹਨਾਂ ਨੂੰ ਅਜੇਹਾ ਦਿਲ ਦਿਆਂਗਾ ਭਈ ਓਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਓਹ ਮੇਰੀ ਪਰਜਾ ਹੋਣਗੇ।”—ਯਿਰ. 24:7.
1, 2. ਕੁਝ ਲੋਕਾਂ ਦੀ ਸ਼ਾਇਦ ਅੰਜੀਰਾਂ ਵਿਚ ਕਿਉਂ ਦਿਲਚਸਪੀ ਹੋਵੇ?
ਬਹੁਤ ਸਾਰੇ ਲੋਕਾਂ ਨੂੰ ਅੰਜੀਰਾਂ ਖਾਣੀਆਂ ਪਸੰਦ ਹਨ। ਦੁਨੀਆਂ ਦੇ ਕਈ ਇਲਾਕਿਆਂ ਵਿਚ ਅੰਜੀਰਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਪੁਰਾਣੇ ਜ਼ਮਾਨੇ ਵਿਚ ਯਹੂਦੀ ਵੀ ਅੰਜੀਰਾਂ ਨੂੰ ਪਸੰਦ ਕਰਦੇ ਸਨ। (ਨਹੂ. 3:12; ਲੂਕਾ 13:6-9) ਅੰਜੀਰਾਂ ਸਿਹਤ ਲਈ ਚੰਗੀਆਂ ਹੁੰਦੀਆਂ ਹਨ। ਕੁਝ ਲੋਕਾਂ ਅਨੁਸਾਰ ਇਹ ਦਿਲ ਲਈ ਫ਼ਾਇਦੇਮੰਦ ਹੁੰਦੀਆਂ ਹਨ।
2 ਯਹੋਵਾਹ ਨੇ ਇਕ ਵਾਰ ਲੋਕਾਂ ਦੀ ਤੁਲਨਾ ਅੰਜੀਰਾਂ ਨਾਲ ਕੀਤੀ ਤੇ ਦੱਸਿਆ ਕਿ ਉਨ੍ਹਾਂ ਦੇ ਦਿਲਾਂ ਵਿਚ ਕੀ ਸੀ। ਉਸ ਨੇ ਯਿਰਮਿਯਾਹ ਨਬੀ ਰਾਹੀਂ ਜੋ ਕਿਹਾ ਸੀ, ਉਸ ਤੋਂ ਸਾਨੂੰ ਤੇ ਸਾਡੇ ਅਜ਼ੀਜ਼ਾਂ ਨੂੰ ਫ਼ਾਇਦਾ ਹੁੰਦਾ ਹੈ। ਇਸ ਉੱਤੇ ਸੋਚ-ਵਿਚਾਰ ਕਰ ਕੇ ਦੇਖੋ ਕਿ ਅਸੀਂ ਕੀ ਸਿੱਖ ਸਕਦੇ ਹਾਂ।
3. ਯਿਰਮਿਯਾਹ ਅਧਿਆਇ 24 ਵਿਚ ਜ਼ਿਕਰ ਕੀਤੀਆਂ ਅੰਜੀਰਾਂ ਦਾ ਕੀ ਮਤਲਬ ਸੀ?
3 ਆਓ ਪਹਿਲਾਂ ਗੌਰ ਕਰੀਏ ਕਿ ਪਰਮੇਸ਼ੁਰ ਨੇ ਯਿਰਮਿਯਾਹ ਦੇ ਦਿਨਾਂ ਵਿਚ ਅੰਜੀਰਾਂ ਦੀ ਤੁਲਨਾ ਕਿਨ੍ਹਾਂ ਲੋਕਾਂ ਨਾਲ ਕੀਤੀ ਸੀ। 617 ਈਸਵੀ ਪੂਰਵ ਵਿਚ ਯਹੂਦਾਹ ਦੇ ਲੋਕ ਪਰਮੇਸ਼ੁਰ ਦੇ ਹੁਕਮਾਂ ਦੇ ਖ਼ਿਲਾਫ਼ ਚੱਲ ਰਹੇ ਸਨ। ਯਹੋਵਾਹ ਨੇ ਯਿਰਮਿਯਾਹ ਨੂੰ ਇਕ ਦਰਸ਼ਣ ਵਿਚ ਦਿਖਾਇਆ ਕਿ ਯਹੂਦਾਹ ਦੇ ਲੋਕਾਂ ਨਾਲ ਕੀ ਹੋਵੇਗਾ। ਉਸ ਨੇ ਦਰਸ਼ਣ ਵਿਚ “ਬਹੁਤ ਚੰਗੀਆਂ ਹਜੀਰਾਂ” ਅਤੇ “ਬਹੁਤ ਖਰਾਬ ਹਜੀਰਾਂ” ਦੀ ਮਿਸਾਲ ਵਰਤੀ ਸੀ। (ਯਿਰਮਿਯਾਹ 24:1-3 ਪੜ੍ਹੋ।) ਬੁਰੀਆਂ ਅੰਜੀਰਾਂ ਰਾਜਾ ਸਿਦਕੀਯਾਹ ਅਤੇ ਉਸ ਵਰਗੇ ਲੋਕ ਸਨ ਜਿਨ੍ਹਾਂ ਉੱਤੇ ਰਾਜਾ ਨਬੂਕਦਨੱਸਰ ਅਤੇ ਉਸ ਦੀ ਫ਼ੌਜ ਨੇ ਹਮਲਾ ਕੀਤਾ ਸੀ। ਪਰ ਬਾਬਲ ਵਿਚ ਹਿਜ਼ਕੀਏਲ, ਦਾਨੀਏਲ ਅਤੇ ਉਸ ਦੇ ਤਿੰਨ ਸਾਥੀਆਂ ਬਾਰੇ ਕੀ ਅਤੇ ਉਨ੍ਹਾਂ ਕੁਝ ਯਹੂਦੀਆਂ ਬਾਰੇ ਕੀ ਜਿਨ੍ਹਾਂ ਨੂੰ ਛੇਤੀ ਹੀ ਬਾਬਲ ਲਿਜਾਇਆ ਜਾਣਾ ਸੀ? ਉਹ ਚੰਗੀਆਂ ਅੰਜੀਰਾਂ ਵਰਗੇ ਸਨ। ਉਨ੍ਹਾਂ ਵਿੱਚੋਂ ਕੁਝ ਯਹੂਦੀਆਂ ਨੇ ਵਾਪਸ ਆ ਕੇ ਯਰੂਸ਼ਲਮ ਅਤੇ ਇਸ ਦੇ ਮੰਦਰ ਨੂੰ ਦੁਬਾਰਾ ਬਣਾਉਣਾ ਸੀ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਵੀ।—ਯਿਰ. 24:8-10; 25:11, 12; 29:10.
4. ਪਰਮੇਸ਼ੁਰ ਨੇ ਚੰਗੀਆਂ ਅੰਜੀਰਾਂ ਵਰਗੇ ਲੋਕਾਂ ਬਾਰੇ ਜੋ ਕਿਹਾ ਸੀ, ਉਸ ਨੂੰ ਪੜ੍ਹ ਕੇ ਸਾਨੂੰ ਕੀ ਹੌਸਲਾ ਮਿਲਦਾ ਹੈ?
4 ਜਿਹੜੇ ਲੋਕ ਚੰਗੀਆਂ ਅੰਜੀਰਾਂ ਵਰਗੇ ਸਨ, ਉਨ੍ਹਾਂ ਬਾਰੇ ਯਹੋਵਾਹ ਨੇ ਕਿਹਾ: “ਮੈਂ ਓਹਨਾਂ ਨੂੰ ਅਜੇਹਾ ਦਿਲ ਦਿਆਂਗਾ ਭਈ ਓਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਓਹ ਮੇਰੀ ਪਰਜਾ ਹੋਣਗੇ।” (ਯਿਰ. 24:7) ਇਹ ਆਇਤ ਇਸ ਲੇਖ ਦਾ ਮੁੱਖ ਵਿਸ਼ਾ ਹੈ। ਇਸ ਨੂੰ ਪੜ੍ਹ ਕੇ ਸਾਨੂੰ ਬਹੁਤ ਹੌਸਲਾ ਮਿਲੇਗਾ ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਸਾਡੇ ਕੋਲ ਵੀ ਅਜਿਹਾ ਦਿਲ ਹੋਵੇ। ਇਸ ਦਾ ਮਤਲਬ ਹੈ ਕਿ ਸਾਡੇ ਦਿਲ ਵਿਚ ਉਸ ਬਾਰੇ ਚੰਗੀ ਤਰ੍ਹਾਂ ਜਾਣਨ ਦੀ ਅਤੇ ਉਸ ਦੇ ਸੰਗਠਨ ਦਾ ਹਿੱਸਾ ਬਣਨ ਦੀ ਇੱਛਾ ਹੋਣੀ ਚਾਹੀਦੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੇ ਬਚਨ ਦੀ ਸਟੱਡੀ ਕਰੀਏ ਅਤੇ ਉਸ ਮੁਤਾਬਕ ਚੱਲੀਏ, ਆਪਣੇ ਪਾਪਾਂ ਦੀ ਤੋਬਾ ਕਰ ਕੇ ਬੁਰੇ ਰਾਹਾਂ ਤੋਂ ਮੁੜੀਏ ਅਤੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਪਿਤਾ, ਪੁੱਤਰ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਲਈਏ। (ਮੱਤੀ 28:19, 20; ਰਸੂ. 3:19) ਸ਼ਾਇਦ ਤੁਸੀਂ ਪਹਿਲਾਂ ਹੀ ਇਹ ਸਭ ਕੁਝ ਕੀਤਾ ਹੋਵੇ ਜਾਂ ਤੁਸੀਂ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਲਗਾਤਾਰ ਆਉਂਦੇ ਹੋਵੋ ਅਤੇ ਹੌਲੀ-ਹੌਲੀ ਇਹ ਸਭ ਕੁਝ ਕਰ ਰਹੇ ਹੋਵੋ।
5. ਯਿਰਮਿਯਾਹ ਨੇ ਖ਼ਾਸ ਤੌਰ ਤੇ ਕਿਨ੍ਹਾਂ ਲੋਕਾਂ ਦੇ ਦਿਲ ਦੀ ਹਾਲਤ ਬਾਰੇ ਲਿਖਿਆ ਸੀ?
5 ਭਾਵੇਂ ਅਸੀਂ ਪਿਛਲੇ ਪੈਰੇ ਵਿਚ ਦੱਸੀਆਂ ਕੁਝ ਜਾਂ ਸਾਰੀਆਂ ਗੱਲਾਂ ਕਰ ਚੁੱਕੇ ਹਾਂ, ਫਿਰ ਵੀ ਸਾਨੂੰ ਆਪਣੇ ਰਵੱਈਏ ਅਤੇ ਚਾਲ-ਚਲਣ ਵੱਲ ਧਿਆਨ ਦੇਣ ਦੀ ਲੋੜ ਹੈ। ਕਿਉਂ? ਯਿਰਮਿਯਾਹ ਨੇ ਦਿਲ ਬਾਰੇ ਜੋ ਕਿਹਾ ਸੀ, ਉਸ ਬਾਰੇ ਪੜ੍ਹ ਕੇ ਸਾਨੂੰ ਇਸ ਦਾ ਕਾਰਨ ਪਤਾ ਲੱਗਦਾ ਹੈ। ਯਿਰਮਿਯਾਹ ਦੀ ਕਿਤਾਬ ਦੇ ਕੁਝ ਅਧਿਆਵਾਂ ਵਿਚ ਯਹੂਦਾਹ ਦੇ ਆਲੇ-ਦੁਆਲੇ ਦੀਆਂ ਹੋਰ ਕੌਮਾਂ ਦੀ ਗੱਲ ਕੀਤੀ ਗਈ ਹੈ। ਪਰ ਇਸ ਵਿਚ ਮੁੱਖ ਤੌਰ ਤੇ ਯਹੂਦਾਹ ਦੇ ਪੰਜ ਰਾਜਿਆਂ ਦੇ ਰਾਜ ਦੌਰਾਨ ਉਸ ਦੇ ਲੋਕਾਂ ਦੀ ਗੱਲ ਕੀਤੀ ਗਈ ਹੈ। (ਯਿਰ. 1:15, 16) ਜੀ ਹਾਂ, ਯਿਰਮਿਯਾਹ ਨੇ ਖ਼ਾਸ ਤੌਰ ਤੇ ਉਨ੍ਹਾਂ ਆਦਮੀਆਂ, ਤੀਵੀਆਂ ਅਤੇ ਬੱਚਿਆਂ ਬਾਰੇ ਗੱਲ ਕੀਤੀ ਸੀ ਜਿਹੜੇ ਯਹੋਵਾਹ ਦੇ ਸਮਰਪਿਤ ਲੋਕ ਸਨ। ਉਨ੍ਹਾਂ ਦੇ ਪਿਉ-ਦਾਦਿਆਂ ਨੇ ਆਪਣੀ ਮਰਜ਼ੀ ਨਾਲ ਯਹੋਵਾਹ ਦੀ ਸਮਰਪਿਤ ਪਰਜਾ ਬਣਨ ਦਾ ਫ਼ੈਸਲਾ ਕੀਤਾ ਸੀ। (ਕੂਚ 19:3-8) ਯਿਰਮਿਯਾਹ ਦੇ ਦਿਨਾਂ ਵਿਚ ਲੋਕਾਂ ਨੇ ਪਰਮੇਸ਼ੁਰ ਨਾਲ ਆਪਣੇ ਇਸ ਰਿਸ਼ਤੇ ਦੀ ਹਾਮੀ ਭਰੀ ਸੀ। ਉਨ੍ਹਾਂ ਨੇ ਕਿਹਾ ਸੀ: “ਅਸੀਂ ਤੇਰੇ ਕੋਲ ਆਏ ਹਾਂ, ਤੂੰ ਸਾਡਾ ਯਹੋਵਾਹ ਪਰਮੇਸ਼ੁਰ ਜੋ ਹੈਂ।” (ਯਿਰ. 3:22) ਪਰ ਤੁਹਾਡੇ ਖ਼ਿਆਲ ਵਿਚ ਉਨ੍ਹਾਂ ਦੇ ਦਿਲ ਦੀ ਹਾਲਤ ਕੀ ਸੀ?
ਦਿਲ ਦੀ ਹਾਲਤ ਬਹੁਤ ਖ਼ਰਾਬ
6. ਪਰਮੇਸ਼ੁਰ ਨੇ ਦਿਲ ਬਾਰੇ ਜੋ ਕਿਹਾ, ਉਸ ਵਿਚ ਸਾਨੂੰ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
6 ਅੱਜ ਡਾਕਟਰ ਮਸ਼ੀਨਾਂ ਦੀ ਮਦਦ ਨਾਲ ਦਿਲ ਦੀ ਜਾਂਚ ਕਰ ਸਕਦੇ ਹਨ ਕਿ ਇਹ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ। ਪਰ ਯਹੋਵਾਹ ਇਸ ਤੋਂ ਵੀ ਜ਼ਿਆਦਾ ਕਰ ਸਕਦਾ ਹੈ ਜਿਵੇਂ ਉਸ ਨੇ ਯਿਰਮਿਯਾਹ ਦੇ ਦਿਨਾਂ ਵਿਚ ਕੀਤਾ ਸੀ। ਯਹੋਵਾਹ ਦਿਲ ਦੀ ਜਾਂਚ ਕਰਨ ਵਿਚ ਬਹੁਤ ਹੀ ਮਾਹਰ ਹੈ, ਜਿਵੇਂ ਅਸੀਂ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਦੇਖ ਸਕਦੇ ਹਾਂ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ? ਮੈਂ ਯਹੋਵਾਹ ਦਿਲ ਨੂੰ ਜੋਹੰਦਾ ਹਾਂ, . . . ਭਈ ਹਰ ਮਨੁੱਖ ਨੂੰ ਉਹ ਦੇ ਚਾਲ ਚਲਣ ਅਨੁਸਾਰ, ਅਤੇ ਉਹ ਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦਿਆਂ।” (ਯਿਰ. 17:9, 10) ਇੱਥੇ ਦਿਲ ਦਾ ਮਤਲਬ ਹੈ ਸਾਡਾ ਅੰਦਰਲਾ ਇਨਸਾਨ ਯਾਨੀ ਸਾਡੀਆਂ ਇੱਛਾਵਾਂ, ਸੋਚਾਂ, ਸੁਭਾਅ, ਰਵੱਈਆ ਤੇ ਟੀਚੇ। ਯਹੋਵਾਹ ਸਾਡੇ ਦਿਲ ਦੀ ਜਾਂਚ ਕਰਦਾ ਹੈ ਅਤੇ ਕੁਝ ਹੱਦ ਤਕ ਅਸੀਂ ਵੀ ਆਪਣੇ ਦਿਲ ਦੀ ਜਾਂਚ ਕਰ ਸਕਦੇ ਹਾਂ।
7. ਯਿਰਮਿਯਾਹ ਨੇ ਆਪਣੇ ਦਿਨਾਂ ਦੇ ਜ਼ਿਆਦਾਤਰ ਯਹੂਦੀਆਂ ਦੇ ਦਿਲਾਂ ਦੀ ਹਾਲਤ ਬਾਰੇ ਕੀ ਦੱਸਿਆ ਸੀ?
7 ਆਪਣੇ ਦਿਲ ਦੀ ਜਾਂਚ ਕਰਨ ਲਈ ਸਾਨੂੰ ਆਪਣੇ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ, ‘ਯਿਰਮਿਯਾਹ ਦੇ ਦਿਨਾਂ ਵਿਚ ਜ਼ਿਆਦਾਤਰ ਯਹੂਦੀਆਂ ਦੇ ਦਿਲਾਂ ਦੀ ਕੀ ਹਾਲਤ ਸੀ?’ ਇਸ ਸਵਾਲ ਦੇ ਜਵਾਬ ਲਈ ਸਾਨੂੰ ਯਿਰਮਿਯਾਹ ਦੁਆਰਾ ਵਰਤੇ ਇਨ੍ਹਾਂ ਅਜੀਬ ਸ਼ਬਦਾਂ ʼਤੇ ਗੌਰ ਕਰਨ ਦੀ ਲੋੜ ਹੈ: ‘ਇਸਰਾਏਲ ਦੇ ਸਾਰੇ ਘਰਾਣੇ ਦੇ ਦਿਲ ਅਸੁੰਨਤੇ ਹਨ।’ ਭਾਵੇਂ ਕਿ ਯਹੂਦੀ ਆਦਮੀਆਂ ਨੇ ਸੁੰਨਤ ਕਰਵਾਈ ਹੋਈ ਸੀ, ਪਰ ਉਨ੍ਹਾਂ ਦੇ “ਦਿਲ ਅਸੁੰਨਤੇ” ਸਨ। (ਯਿਰ. 9:25, 26) ਇਸ ਦਾ ਕੀ ਮਤਲਬ ਸੀ?
8, 9. ਜ਼ਿਆਦਾਤਰ ਯਹੂਦੀਆਂ ਦੇ ਦਿਲਾਂ ਵਿਚ ਕੀ ਖ਼ਰਾਬੀ ਸੀ ਅਤੇ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਸੀ?
8 ਪਰਮੇਸ਼ੁਰ ਨੇ ਯਹੂਦੀਆਂ ਨੂੰ ਜੋ ਕਰਨ ਲਈ ਕਿਹਾ ਸੀ, ਉਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੇ “ਦਿਲ ਅਸੁੰਨਤੇ” ਹੋਣ ਦਾ ਕੀ ਮਤਲਬ ਸੀ। ਉਸ ਨੇ ਯਹੂਦੀਆਂ ਨੂੰ ਕਿਹਾ ਸੀ: “ਆਪਣੇ ਦਿਲ ਦੀ ਖੱਲੜੀ ਲਹਾਓ, ਹੇ ਯਹੂਦਾਹ ਦੇ ਮਨੁੱਖੋ ਅਤੇ ਯਰੂਸ਼ਲਮ ਦੇ ਵਾਸੀਓ! ਮਤੇ ਮੇਰਾ ਗੁੱਸਾ ਅੱਗ ਵਾਂਙੁ ਭੜਕ ਉੱਠੇ . . . ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ।” ਇਹ ਬੁਰਾਈ ਸ਼ੁਰੂ ਕਿੱਥੋਂ ਹੋਈ ਸੀ? ਉਨ੍ਹਾਂ ਦੇ ਦਿਲਾਂ ਵਿੱਚੋਂ। (ਮਰਕੁਸ 7:20-23 ਪੜ੍ਹੋ।) ਜੀ ਹਾਂ, ਯਿਰਮਿਯਾਹ ਰਾਹੀਂ ਪਰਮੇਸ਼ੁਰ ਨੇ ਯਹੂਦੀਆਂ ਦੇ ਬੁਰੇ ਕੰਮਾਂ ਦਾ ਕਾਰਨ ਦੱਸਿਆ ਸੀ। ਉਨ੍ਹਾਂ ਦੇ ਦਿਲ ਢੀਠ ਅਤੇ ਬਾਗ਼ੀ ਸਨ। ਯਹੋਵਾਹ ਉਨ੍ਹਾਂ ਦੇ ਇਰਾਦਿਆਂ ਅਤੇ ਸੋਚ ਤੋਂ ਖ਼ੁਸ਼ ਨਹੀਂ ਸੀ। (ਯਿਰਮਿਯਾਹ 5:23, 24; 7:24-26 ਪੜ੍ਹੋ।) ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਲਈ ਆਪਣੀ ਸੁੰਨਤ ਕਰਾਓ, ਆਪਣੇ ਦਿਲ ਦੀ ਖੱਲੜੀ ਲਹਾਓ।”—ਯਿਰ. 4:4; 18:11, 12.
9 ਯਿਰਮਿਯਾਹ ਦੇ ਦਿਨਾਂ ਵਿਚ ਯਹੂਦੀਆਂ ਨੂੰ ‘ਆਪਣੇ ਦਿਲ ਦੀ ਸੁੰਨਤ ਕਰਾਉਣ’ ਜਾਂ ‘ਆਪਣੇ ਦਿਲ ਦੀ ਖੱਲੜੀ ਲਹਾਉਣ’ ਦੀ ਲੋੜ ਸੀ, ਜਿਵੇਂ ਮੂਸਾ ਦੇ ਦਿਨਾਂ ਵਿਚ ਯਹੂਦੀਆਂ ਨੂੰ ਪਈ ਸੀ। (ਬਿਵ. 10:16; 30:6) ਇਸ ਦਾ ਮਤਲਬ ਸੀ ਕਿ ਯਹੂਦੀਆਂ ਨੂੰ ਆਪਣੀ ਗ਼ਲਤ ਸੋਚ, ਇੱਛਾਵਾਂ ਤੇ ਇਰਾਦਿਆਂ ਨੂੰ ਬਦਲਣ ਦੀ ਲੋੜ ਸੀ।—ਰਸੂ. 7:51.
ਅੱਜ ਪਰਮੇਸ਼ੁਰ ਨੂੰ ਜਾਣਨ ਦੀ ਲੋੜ
10. ਦਾਊਦ ਵਾਂਗ ਸਾਨੂੰ ਕੀ ਕਰਨ ਦੀ ਲੋੜ ਹੈ?
10 ਅਸੀਂ ਪਰਮੇਸ਼ੁਰ ਦੇ ਧੰਨਵਾਦੀ ਹਾਂ ਕਿ ਉਹ ਸਾਡੀ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਪਰ ਕੁਝ ਲੋਕ ਸ਼ਾਇਦ ਸੋਚਣ, ‘ਇਸ ਗੱਲ ਦਾ ਅੱਜ ਯਹੋਵਾਹ ਦੇ ਗਵਾਹਾਂ ਨਾਲ ਕੀ ਲੈਣਾ-ਦੇਣਾ ਹੈ?’ ਇਸ ਤਰ੍ਹਾਂ ਨਹੀਂ ਹੈ ਕਿ ਮੰਡਲੀਆਂ ਵਿਚ ਬਹੁਤ ਸਾਰੇ ਮਸੀਹੀ ਗ਼ਲਤ ਰਾਹ ʼਤੇ ਚੱਲ ਰਹੇ ਹਨ ਜਾਂ ਯਹੂਦੀਆਂ ਵਾਂਗ “ਖਰਾਬ ਹਜੀਰਾਂ” ਵਰਗੇ ਹਨ। ਇਸ ਦੇ ਉਲਟ, ਅੱਜ ਪਰਮੇਸ਼ੁਰ ਦੇ ਸੇਵਕ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਹਨ ਅਤੇ ਆਪਣੇ ਆਪ ਨੂੰ ਹਰ ਤਰ੍ਹਾਂ ਸਾਫ਼ ਰੱਖਦੇ ਹਨ। ਫਿਰ ਵੀ ਧਿਆਨ ਦਿਓ ਕਿ ਦਾਊਦ ਨੇ ਯਹੋਵਾਹ ਨੂੰ ਕੀ ਬੇਨਤੀ ਕੀਤੀ ਸੀ: ‘ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ?’—ਜ਼ਬੂ. 17:3; 139:23, 24.
11, 12. (ੳ) ਸਾਨੂੰ ਸਾਰਿਆਂ ਨੂੰ ਆਪਣੇ ਦਿਲ ਦੀ ਜਾਂਚ ਕਰਨ ਦੀ ਕਿਉਂ ਲੋੜ ਹੈ? (ਅ) ਪਰਮੇਸ਼ੁਰ ਕੀ ਨਹੀਂ ਕਰੇਗਾ?
11 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਾਰੇ ਉਸ ਨੂੰ ਜਾਣੀਏ ਤੇ ਉਸ ਨਾਲ ਰਿਸ਼ਤਾ ਜੋੜੀਏ ਅਤੇ ਉਸ ਦੀਆਂ ਨਜ਼ਰਾਂ ਵਿਚ ਧਰਮੀ ਬਣੀਏ। ਧਰਮੀ ਇਨਸਾਨ ਬਾਰੇ ਯਿਰਮਿਯਾਹ ਨੇ ਕਿਹਾ ਸੀ: “ਹੇ ਸੈਨਾਂ ਦੇ ਯਹੋਵਾਹ, ਜਿਹੜਾ ਧਰਮੀਆਂ ਨੂੰ ਪਰਖਦਾ ਹੈਂ, ਜਿਹੜਾ ਦਿਲ ਅਤੇ ਗੁਰਦਿਆਂ ਨੂੰ ਵੇਖਦਾ ਹੈਂ।” (ਯਿਰ. 20:12) ਸਰਬਸ਼ਕਤੀਮਾਨ ਪਰਮੇਸ਼ੁਰ ਧਰਮੀ ਦਾ ਦਿਲ ਪਰਖਦਾ ਹੈ। ਇਸ ਕਰਕੇ ਸਾਡੇ ਲਈ ਹੋਰ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਦੀ ਜਾਂਚ ਕਰੀਏ। (ਜ਼ਬੂਰਾਂ ਦੀ ਪੋਥੀ 11:5 ਪੜ੍ਹੋ।) ਜਾਂਚ ਕਰਨ ਤੋਂ ਬਾਅਦ ਅਸੀਂ ਸ਼ਾਇਦ ਦੇਖੀਏ ਕਿ ਸਾਡਾ ਰਵੱਈਆ ਗ਼ਲਤ ਹੈ ਜਾਂ ਸਾਡਾ ਕੋਈ ਟੀਚਾ ਠੀਕ ਨਹੀਂ ਹੈ ਜਾਂ ਸਾਡੇ ਦਿਲ ਵਿਚ ਕੋਈ ਬੁਰੀ ਭਾਵਨਾ ਹੈ। ਸਾਨੂੰ ਸ਼ਾਇਦ ਅਹਿਸਾਸ ਹੋਵੇ ਕਿ ਅਸੀਂ ਯਹੋਵਾਹ ਦੀ ਗੱਲ ਮੰਨਣ ਵਿਚ ਢਿੱਲ ਕਰਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਦੀ ਸੁੰਨਤ ਕਰੀਏ ਯਾਨੀ ਆਪਣੇ ਵਿਚ ਤਬਦੀਲੀਆਂ ਕਰੀਏ। ਆਓ ਆਪਾਂ ਕੁਝ ਉਦਾਹਰਣਾਂ ʼਤੇ ਗੌਰ ਕਰੀਏ ਅਤੇ ਦੇਖੀਏ ਕਿ ਅਸੀਂ ਲੋੜੀਂਦੀਆਂ ਤਬਦੀਲੀਆਂ ਕਿਵੇਂ ਕਰ ਸਕਦੇ ਹਾਂ।—ਯਿਰ. 4:4.
12 ਯਹੋਵਾਹ ਸਾਡੇ ਵਿਚ ਜ਼ਬਰਦਸਤੀ ਤਬਦੀਲੀਆਂ ਨਹੀਂ ਕਰੇਗਾ। ਜਿਹੜੇ ਲੋਕ “ਚੰਗੀਆਂ ਹਜੀਰਾਂ” ਵਰਗੇ ਸਨ, ਉਨ੍ਹਾਂ ਬਾਰੇ ਉਸ ਨੇ ਕਿਹਾ ਸੀ ਕਿ ਉਹ ‘ਓਹਨਾਂ ਨੂੰ ਅਜੇਹਾ ਦਿਲ ਦੇਵੇਗਾ ਭਈ ਓਹ ਉਸ ਨੂੰ ਜਾਣਨ।’ ਉਸ ਨੇ ਇਹ ਨਹੀਂ ਕਿਹਾ ਸੀ ਕਿ ਉਹ ਜ਼ਬਰਦਸਤੀ ਉਨ੍ਹਾਂ ਦਾ ਦਿਲ ਬਦਲੇਗਾ। ਉਨ੍ਹਾਂ ਦੇ ਦਿਲ ਵਿਚ ਉਸ ਨੂੰ ਜਾਣਨ ਦੀ ਇੱਛਾ ਹੋਣੀ ਚਾਹੀਦੀ ਸੀ। ਕੀ ਸਾਡੇ ਵਿਚ ਵੀ ਇਹ ਇੱਛਾ ਨਹੀਂ ਹੋਣੀ ਚਾਹੀਦੀ?
13, 14. ਕਿਸੇ ਮਸੀਹੀ ਦੇ ਦਿਲ ਦੀ ਹਾਲਤ ਖ਼ਤਰਨਾਕ ਕਿਵੇਂ ਹੋ ਸਕਦੀ ਹੈ?
13 ਯਿਸੂ ਨੇ ਕਿਹਾ ਸੀ: “ਇਹ ਗੱਲਾਂ ਦਿਲ ਵਿੱਚੋਂ ਨਿਕਲਦੀਆਂ ਹਨ: ਭੈੜੀ ਸੋਚ, ਕਤਲ, ਆਪਣੇ ਜੀਵਨ ਸਾਥੀ ਤੋਂ ਇਲਾਵਾ ਦੂਸਰਿਆਂ ਨਾਲ ਨਾਜਾਇਜ਼ ਸੰਬੰਧ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ।” (ਮੱਤੀ 15:19) ਕਿਸੇ ਭਰਾ ਦੇ ਦਿਲ ਵਿਚ ਗੰਦੇ ਖ਼ਿਆਲ ਹੋਣ ਕਰਕੇ ਉਹ ਸ਼ਾਇਦ ਹਰਾਮਕਾਰੀ ਕਰ ਬੈਠੇ। ਜੇ ਉਹ ਤੋਬਾ ਨਾ ਕਰੇ, ਤਾਂ ਯਹੋਵਾਹ ਉਸ ਨਾਲੋਂ ਹਮੇਸ਼ਾ ਲਈ ਰਿਸ਼ਤਾ ਤੋੜ ਲਵੇਗਾ। ਦੂਸਰੇ ਪਾਸੇ, ਭਾਵੇਂ ਕੋਈ ਮਸੀਹੀ ਗ਼ਲਤ ਕੰਮ ਨਾ ਵੀ ਕਰੇ, ਪਰ ਸ਼ਾਇਦ ਉਹ ਆਪਣੇ ਦਿਲ ਵਿਚ ਕਿਸੇ ਗ਼ਲਤ ਇੱਛਾ ਨੂੰ ਪਾਲ਼ਦਾ ਹੋਵੇ। (ਮੱਤੀ 5:27, 28 ਪੜ੍ਹੋ।) ਇਸ ਲਈ ਆਪਣੇ ਦਿਲ ਦੀ ਜਾਂਚ ਕਰਨੀ ਬਹੁਤ ਹੀ ਜ਼ਰੂਰੀ ਹੈ। ਜਾਂਚ ਕਰ ਕੇ ਤੁਹਾਨੂੰ ਸ਼ਾਇਦ ਪਤਾ ਲੱਗੇ ਕਿ ਤੁਹਾਡੇ ਦਿਲ ਵਿਚ ਕਿਸੇ ਮੁੰਡੇ ਜਾਂ ਕੁੜੀ ਲਈ ਗ਼ਲਤ ਇੱਛਾ ਹੈ। ਤੁਰੰਤ ਇਸ ਨੂੰ ਆਪਣੇ ਦਿਲ ਵਿੱਚੋਂ ਕੱਢ ਦਿਓ।
14 ਇਸੇ ਤਰ੍ਹਾਂ ਕਿਸੇ ਭਰਾ ਨੇ ਕਿਸੇ ਦਾ “ਕਤਲ” ਨਾ ਕੀਤਾ ਹੋਵੇ, ਪਰ ਕੀ ਉਸ ਦੇ ਦਿਲ ਵਿਚ ਕਿਸੇ ਭਰਾ ਲਈ ਇੰਨਾ ਗੁੱਸਾ ਹੈ ਕਿ ਉਹ ਉਸ ਨਾਲ ਨਫ਼ਰਤ ਕਰਦਾ ਹੈ? (ਲੇਵੀ. 19:17) ਉਸ ਨੂੰ ਆਪਣੇ ਦਿਲ ਵਿੱਚੋਂ ਗੁੱਸਾ ਤੇ ਨਫ਼ਰਤ ਕੱਢਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਉਸ ਦਾ ਦਿਲ ਢੀਠ ਨਾ ਬਣੇ।—ਮੱਤੀ 5:21, 22.
15, 16. (ੳ) ਇਸ ਗੱਲ ਦੀ ਇਕ ਉਦਾਹਰਣ ਦਿਓ ਕਿ ਕਿਸੇ ਮਸੀਹੀ ਦਾ ‘ਦਿਲ ਅਸੁੰਨਤਾ’ ਕਿਵੇਂ ਹੋ ਸਕਦਾ ਹੈ। (ਅ) ਤੁਹਾਡੇ ਮੁਤਾਬਕ ਯਹੋਵਾਹ ਨੂੰ ਕਿਸੇ ਮਸੀਹੀ ਦਾ ‘ਅਸੁੰਨਤਾ ਦਿਲ’ ਦੇਖ ਕੇ ਖ਼ੁਸ਼ੀ ਕਿਉਂ ਨਹੀਂ ਹੁੰਦੀ?
15 ਖ਼ੁਸ਼ੀ ਦੀ ਗੱਲ ਹੈ ਕਿ ਜ਼ਿਆਦਾਤਰ ਮਸੀਹੀਆਂ ਦੇ ਦਿਲ ਦੀ ਹਾਲਤ ਇੰਨੀ ਬੁਰੀ ਨਹੀਂ ਹੈ। ਪਰ ਯਿਸੂ ਨੇ “ਭੈੜੀ ਸੋਚ” ਬਾਰੇ ਵੀ ਗੱਲ ਕੀਤੀ ਸੀ। ਭੈੜੀ ਸੋਚ ਦਾ ਸਾਡੀ ਜ਼ਿੰਦਗੀ ਦੇ ਕਈ ਪਹਿਲੂਆਂ ʼਤੇ ਅਸਰ ਪੈਂਦਾ ਹੈ। ਮਿਸਾਲ ਲਈ, ਅਸੀਂ ਸ਼ਾਇਦ ਸੋਚੀਏ ਕਿ ਸਾਡਾ ਪਰਿਵਾਰ ਹੀ ਸਭ ਕੁਝ ਹੈ। ਇਹ ਸੱਚ ਹੈ ਕਿ ਮਸੀਹੀਆਂ ਨੂੰ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਦੁਨੀਆਂ ਦੇ ਲੋਕਾਂ ਵਰਗੇ ਨਹੀਂ ਹੋਣਾ ਚਾਹੀਦਾ ਜਿਹੜੇ “ਨਿਰਮੋਹੀ” ਹਨ। (2 ਤਿਮੋ. 3:1, 3) ਪਰ ਹੋ ਸਕਦਾ ਹੈ ਕਿ ਆਪਣੇ ਪਰਿਵਾਰ ਨਾਲ ਪਿਆਰ ਹੋਣ ਕਰਕੇ ਅਸੀਂ ਹਰ ਹਾਲਤ ਵਿਚ ਉਨ੍ਹਾਂ ਦੀ ਤਰਫ਼ਦਾਰੀ ਕਰੀਏ ਜਾਂ ਉਨ੍ਹਾਂ ਦੇ ਪੱਖ ਵਿਚ ਬੋਲਣ ਦੀ ਕੋਸ਼ਿਸ਼ ਕਰੀਏ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ‘ਆਪਣਾ ਖ਼ੂਨ ਆਪਣਾ ਹੁੰਦਾ ਹੈ।’ ਇਸ ਕਰਕੇ ਜੇ ਕੋਈ ਸਾਡੇ ਘਰ ਦੇ ਕਿਸੇ ਜੀਅ ਨੂੰ ਕੁਝ ਕਹਿ ਦਿੰਦਾ ਹੈ, ਤਾਂ ਅਸੀਂ ਆਪ ਗੁੱਸੇ ਵਿਚ ਭੜਕ ਉੱਠਦੇ ਹਾਂ। ਜ਼ਰਾ ਸੋਚੋ ਕਿ ਦੀਨਾਹ ਦੇ ਭਰਾਵਾਂ ਨੇ ਕੀ ਕੀਤਾ ਸੀ। ਦੀਨਾਹ ਨਾਲ ਜੋ ਹੋਇਆ ਸੀ, ਉਸ ਕਰਕੇ ਉਸ ਦੇ ਭਰਾ ਆਪੇ ਤੋਂ ਬਾਹਰ ਹੋ ਗਏ ਸਨ ਅਤੇ ਉਨ੍ਹਾਂ ਨੇ ਕਈ ਬੰਦਿਆਂ ਦੇ ਕਤਲ ਕੀਤੇ ਸਨ। (ਉਤ. 34:13, 25-30) ਇਸੇ ਤਰ੍ਹਾਂ ਅਬਸ਼ਾਲੋਮ ਨੇ ਦਿਲ ਵਿਚ ਬਦਲੇ ਦੀ ਭਾਵਨਾ ਹੋਣ ਕਰਕੇ ਆਪਣੇ ਮਤਰੇਏ ਭਰਾ ਅਮਨੋਨ ਦਾ ਕਤਲ ਕੀਤਾ ਸੀ। (2 ਸਮੂ. 13:1-30) ਕੀ ਇਨ੍ਹਾਂ ਸਭ ਕੰਮਾਂ ਪਿੱਛੇ “ਭੈੜੀ ਸੋਚ” ਨਹੀਂ ਸੀ?
16 ਇਹ ਸੱਚ ਹੈ ਕਿ ਅੱਜ ਮਸੀਹੀ ਕਤਲ ਨਹੀਂ ਕਰਦੇ ਹਨ। ਪਰ ਜੇ ਕਿਸੇ ਮਸੀਹੀ ਨੂੰ ਲੱਗੇ ਕਿ ਮੰਡਲੀ ਦੇ ਕਿਸੇ ਭੈਣ ਜਾਂ ਭਰਾ ਨੇ ਉਸ ਦੇ ਘਰ ਦੇ ਕਿਸੇ ਜੀਅ ਨਾਲ ਬਦਸਲੂਕੀ ਕੀਤੀ ਹੈ, ਤਾਂ ਉਹ ਸ਼ਾਇਦ ਦਿਲ ਵਿਚ ਉਸ ਨਾਲ ਖਾਰ ਖਾਣ ਲੱਗ ਪਵੇ। ਉਹ ਸ਼ਾਇਦ ਉਸ ਮਸੀਹੀ ਦੀ ਪਰਾਹੁਣਚਾਰੀ ਨਾ ਕਰੇ ਜਾਂ ਜੇ ਉਹ ਮਸੀਹੀ ਉਸ ਨੂੰ ਆਪਣੇ ਘਰ ਰੋਟੀ ਤੇ ਬੁਲਾਉਂਦਾ ਹੈ, ਤਾਂ ਉਹ ਇਨਕਾਰ ਕਰ ਦੇਵੇ। (ਇਬ. 13:1, 2) ਉਸ ਨੂੰ ਆਪਣੀਆਂ ਇਨ੍ਹਾਂ ਬੁਰੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਦਿਲ ਵਿਚ ਪਿਆਰ ਨਹੀਂ ਹੈ। ਜੀ ਹਾਂ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਸ ਦਾ ‘ਦਿਲ ਅਸੁੰਨਤਾ’ ਹੈ। (ਯਿਰ. 9:25, 26) ਯਾਦ ਕਰੋ ਯਹੋਵਾਹ ਅਜਿਹੇ ਲੋਕਾਂ ਨੂੰ ਕਹਿੰਦਾ ਹੈ: “ਆਪਣੇ ਦਿਲ ਦੀ ਖੱਲੜੀ ਲਹਾਓ।”—ਯਿਰ. 4:4.
ਤਬਦੀਲੀਆਂ ਕਰੋ ਅਤੇ ਪਰਮੇਸ਼ੁਰ ਨੂੰ ਜਾਣੋ
17. ਦਿਲ ਵਿਚ ਯਹੋਵਾਹ ਦਾ ਡਰ ਹੋਣਾ ਕਿਉਂ ਜ਼ਰੂਰੀ ਹੈ?
17 ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਸੀਂ ਆਪਣੇ ਦਿਲ ਦੀ ਜਾਂਚ ਕਰ ਕੇ ਦੇਖਦੇ ਹੋ ਕਿ ਤੁਹਾਡਾ ਦਿਲ ਯਹੋਵਾਹ ਦੀ ਸਲਾਹ ਨਹੀਂ ਮੰਨਣੀ ਚਾਹੁੰਦਾ ਅਤੇ ਕੁਝ ਹੱਦ ਤਕ ‘ਅਸੁੰਨਤਾ’ ਹੋ ਗਿਆ ਹੈ? ਸ਼ਾਇਦ ਤੁਹਾਡੇ ਦਿਲ ਵਿਚ ਇਨਸਾਨਾਂ ਦਾ ਡਰ ਹੋਵੇ, ਤੁਹਾਡੇ ਅੰਦਰ ਨਾਂ ਕਮਾਉਣ ਦੀ ਇੱਛਾ ਹੋਵੇ, ਐਸ਼ੋ-ਆਰਾਮ ਦੀ ਤਮੰਨਾ ਹੋਵੇ ਜਾਂ ਤੁਹਾਡਾ ਦਿਲ ਢੀਠ ਹੋਵੇ ਜਾਂ ਆਪਣੀ ਮਰਜ਼ੀ ਕਰਨੀ ਚਾਹੁੰਦਾ ਹੋਵੇ। ਤੁਹਾਡੇ ਵਾਂਗ ਯਹੋਵਾਹ ਦੇ ਹੋਰ ਕਈ ਸੇਵਕਾਂ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ। (ਯਿਰ. 7:24; 11:8) ਯਿਰਮਿਯਾਹ ਨੇ ਲਿਖਿਆ ਸੀ ਕਿ ਉਸ ਦੇ ਦਿਨਾਂ ਦੇ ਬੇਵਫ਼ਾ ਯਹੂਦੀਆਂ ਦਾ “ਦਿਲ ਜ਼ਿੱਦੀ ਅਤੇ ਆਕੀ ਹੈ।” ਉਸ ਨੇ ਅੱਗੇ ਕਿਹਾ: “ਓਹ ਆਪਣੇ ਮਨ ਵਿੱਚ ਨਹੀਂ ਆਖਦੇ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੀਏ, ਜਿਹੜਾ ਸਾਨੂੰ ਰੁੱਤ ਸਿਰ ਮੀਂਹ ਦਿੰਦਾ ਹੈ।” (ਯਿਰ. 5:23, 24) ਇਸ ਤੋਂ ਪਤਾ ਲੱਗਦਾ ਹੈ ਕਿ ਆਪਣੇ ਦਿਲ ਦੀ ਸੁੰਨਤ ਕਰਨ ਲਈ ਦਿਲ ਵਿਚ ਯਹੋਵਾਹ ਦਾ ਡਰ ਅਤੇ ਆਦਰ ਹੋਣਾ ਬਹੁਤ ਜ਼ਰੂਰੀ ਹੈ। ਜੇ ਸਾਡੇ ਦਿਲ ਵਿਚ ਯਹੋਵਾਹ ਦਾ ਡਰ ਹੈ, ਤਾਂ ਅਸੀਂ ਆਪਣੇ ਵਿਚ ਤਬਦੀਲੀਆਂ ਕਰਾਂਗੇ ਅਤੇ ਯਹੋਵਾਹ ਦੀ ਗੱਲ ਮੰਨਣ ਲਈ ਝੱਟ ਤਿਆਰ ਹੋਵਾਂਗੇ।
18. ਨਵੇਂ ਇਕਰਾਰ ਵਿਚ ਸ਼ਾਮਲ ਮਸੀਹੀਆਂ ਨਾਲ ਯਹੋਵਾਹ ਨੇ ਕੀ ਵਾਅਦਾ ਕੀਤਾ ਸੀ?
18 ਜਦੋਂ ਅਸੀਂ ਆਪਣੇ ਵਿਚ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ‘ਅਜੇਹਾ ਦਿਲ ਦੇਵੇਗਾ ਭਈ ਅਸੀਂ ਉਸ ਨੂੰ ਜਾਣੀਏ।’ ਉਸ ਨੇ ਨਵੇਂ ਨੇਮ ਜਾਂ ਇਕਰਾਰ ਵਿਚ ਸ਼ਾਮਲ ਚੁਣੇ ਹੋਏ ਮਸੀਹੀਆਂ ਨੂੰ ਅਜਿਹਾ ਦਿਲ ਦੇਣ ਦਾ ਵਾਅਦਾ ਕੀਤਾ ਸੀ: “ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ।” ਉਸ ਨੇ ਅੱਗੇ ਕਿਹਾ: “ਓਹ ਫੇਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ ਭਈ ਯਹੋਵਾਹ ਨੂੰ ਜਾਣੋ ਕਿਉਂ ਜੋ ਓਹ ਸਾਰਿਆਂ ਦੇ ਸਾਰੇ ਓਹਨਾਂ ਦੇ ਛੋਟੇ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ, . . . ਕਿਉਂ ਜੋ ਮੈਂ ਓਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ।”—ਯਿਰ. 31:31-34.a
19. ਸੱਚੇ ਮਸੀਹੀਆਂ ਕੋਲ ਭਵਿੱਖ ਵਿਚ ਕੀ ਕਰਨ ਦਾ ਵਧੀਆ ਮੌਕਾ ਹੋਵੇਗਾ?
19 ਅਸੀਂ ਸਾਰੇ ਇਸ ਵਾਅਦੇ ਤੋਂ ਹਮੇਸ਼ਾ ਲਈ ਫ਼ਾਇਦਾ ਲੈਣਾ ਚਾਹੁੰਦੇ ਹਾਂ। ਅਸੀਂ ਯਹੋਵਾਹ ਬਾਰੇ ਸਿੱਖਦੇ ਰਹਿਣਾ ਚਾਹੁੰਦੇ ਹਾਂ ਅਤੇ ਉਸ ਦੀ ਪਰਜਾ ਬਣਨਾ ਚਾਹੁੰਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਮਸੀਹ ਦੀ ਕੁਰਬਾਨੀ ਦੇ ਆਧਾਰ ʼਤੇ ਸਾਡੇ ਪਾਪ ਮਾਫ਼ ਕੀਤੇ ਜਾਣ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਾਪ ਮਾਫ਼ ਕੀਤੇ ਜਾਣ, ਤਾਂ ਸਾਨੂੰ ਵੀ ਦੂਸਰਿਆਂ ਦੇ ਪਾਪ ਮਾਫ਼ ਕਰਨੇ ਚਾਹੀਦੇ ਹਨ, ਉਨ੍ਹਾਂ ਦੇ ਪਾਪ ਵੀ ਜਿਨ੍ਹਾਂ ਲਈ ਸਾਡੇ ਦਿਲ ਵਿਚ ਗੁੱਸਾ ਜਾਂ ਨਫ਼ਰਤ ਹੈ। ਇਸ ਤਰ੍ਹਾਂ ਦੀਆਂ ਗ਼ਲਤ ਭਾਵਨਾਵਾਂ ਨੂੰ ਆਪਣੇ ਦਿਲ ਵਿੱਚੋਂ ਕੱਢਣ ਦਾ ਸਾਨੂੰ ਫ਼ਾਇਦਾ ਹੋਵੇਗਾ। ਇਸ ਤਰ੍ਹਾਂ ਕਰ ਕੇ ਅਸੀਂ ਇਹੀ ਨਹੀਂ ਦਿਖਾਵਾਂਗੇ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ, ਸਗੋਂ ਇਹ ਵੀ ਕਿ ਅਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹਾਂ। ਅਸੀਂ ਵੀ ਉਨ੍ਹਾਂ ਲੋਕਾਂ ਵਰਗੇ ਹੋਵਾਂਗੇ ਜਿਨ੍ਹਾਂ ਬਾਰੇ ਯਹੋਵਾਹ ਨੇ ਯਿਰਮਿਯਾਹ ਰਾਹੀਂ ਕਿਹਾ ਸੀ: “ਤੁਸੀਂ ਲੋਕ ਮੇਰੀ ਤਲਾਸ਼ ਕਰੋਗੇ। ਅਤੇ ਜਦੋਂ ਤੁਸੀਂ ਪੂਰੇ ਦਿਲ ਨਾਲ ਮੇਰੀ ਤਲਾਸ਼ ਕਰੋਗੇ ਤੁਸੀਂ ਮੈਨੂੰ ਲੱਭ ਲਵੋਗੇ।”—ਯਿਰ. 29:13, 14, ERV.
a ਇਸ ਨਵੇਂ ਇਕਰਾਰ ਬਾਰੇ ਜਾਣਕਾਰੀ ਪਹਿਰਾਬੁਰਜ 15 ਜਨਵਰੀ 2012 ਸਫ਼ੇ 26-30 ਉੱਤੇ ਦਿੱਤੀ ਗਈ ਹੈ।