ਯੂਹੰਨਾ ਬਪਤਿਸਮਾ ਦੇਣ ਵਾਲਾ—ਖ਼ੁਸ਼ੀ ਬਣਾਈ ਰੱਖਣ ਦਾ ਸਬਕ
ਕੀ ਤੁਸੀਂ ਮੰਡਲੀ ਵਿਚ ਕੋਈ ਜ਼ਿੰਮੇਵਾਰੀ ਨਿਭਾਉਣੀ ਚਾਹੁੰਦੇ ਹੋ ਜੋ ਤੁਸੀਂ ਅਜੇ ਨਹੀਂ ਕਰ ਸਕਦੇ? ਸ਼ਾਇਦ ਇਹ ਜ਼ਿੰਮੇਵਾਰੀ ਕਿਸੇ ਹੋਰ ਕੋਲ ਹੋਵੇ ਜਾਂ ਸ਼ਾਇਦ ਇਹ ਕੋਈ ਕੰਮ ਜਾਂ ਸਨਮਾਨ ਹੋਵੇ ਜੋ ਪਹਿਲਾਂ ਤੁਹਾਡੇ ਕੋਲ ਸੀ। ਪਰ ਵਧਦੀ ਉਮਰ, ਖ਼ਰਾਬ ਸਿਹਤ, ਆਰਥਿਕ ਤੰਗੀ ਜਾਂ ਪਰਿਵਾਰ ਦੀ ਜ਼ਿੰਮੇਵਾਰੀ ਕਰਕੇ ਤੁਸੀਂ ਹੁਣ ਉਹ ਨਹੀਂ ਕਰ ਸਕਦੇ ਜੋ ਤੁਸੀਂ ਪਹਿਲਾਂ ਕਰਦੇ ਸੀ। ਜਾਂ ਸੰਗਠਨ ਵਿਚ ਹੁੰਦੀਆਂ ਤਬਦੀਲੀਆਂ ਕਰਕੇ ਸ਼ਾਇਦ ਤੁਹਾਨੂੰ ਇਹ ਜ਼ਿੰਮੇਵਾਰੀ ਛੱਡਣੀ ਪਈ ਹੋਵੇ ਜੋ ਤੁਸੀਂ ਕਾਫ਼ੀ ਸਮੇਂ ਤੋਂ ਪੂਰੀ ਕਰ ਰਹੇ ਸੀ। ਚਾਹੇ ਕਾਰਨ ਜੋ ਮਰਜ਼ੀ ਹੋਵੇ, ਪਰ ਤੁਹਾਨੂੰ ਲੱਗ ਸਕਦਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਉਹ ਨਹੀਂ ਕਰ ਰਹੇ ਜੋ ਤੁਸੀਂ ਕਰਨਾ ਚਾਹੁੰਦੇ ਹੋ। ਇਹ ਸੱਚ ਹੈ ਕਿ ਇਨ੍ਹਾਂ ਹਾਲਾਤਾਂ ਵਿਚ ਤੁਸੀਂ ਕਈ ਵਾਰ ਨਿਰਾਸ਼ ਹੋ ਜਾਓ। ਪਰ ਫਿਰ ਵੀ ਤੁਸੀਂ ਆਪਣੀਆਂ ਨਿਰਾਸ਼ਾ, ਕੁੜੱਤਣ ਜਾਂ ਨਾਰਾਜ਼ਗੀ ਵਰਗੀਆਂ ਭਾਵਨਾਵਾਂ ਨੂੰ ਜੜ੍ਹ ਫੜਨ ਤੋਂ ਕਿਵੇਂ ਰੋਕ ਕਰ ਸਕਦੇ ਹੋ? ਤੁਸੀਂ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹੋ?
ਅਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮਿਸਾਲ ʼਤੇ ਗੌਰ ਕਰ ਕੇ ਖ਼ੁਸ਼ੀ ਬਣਾਈ ਰੱਖਣ ਦਾ ਸਬਕ ਸਿੱਖ ਸਕਦੇ ਹਾਂ। ਯੂਹੰਨਾ ਕੋਲ ਸ਼ਾਨਦਾਰ ਸਨਮਾਨ ਸਨ, ਪਰ ਉਸ ਦੀ ਜ਼ਿੰਦਗੀ ਵਿਚ ਜੋ ਹੋਇਆ, ਸ਼ਾਇਦ ਉਸ ਨੇ ਇਸ ਬਾਰੇ ਸੋਚਿਆ ਨਹੀਂ ਸੀ। ਉਸ ਨੇ ਸ਼ਾਇਦ ਸੋਚਿਆ ਨਹੀਂ ਸੀ ਕਿ ਉਸ ਨੂੰ ਜੇਲ੍ਹ ਵਿਚ ਆਪਣੀ ਸੇਵਕਾਈ ਨਾਲੋਂ ਜ਼ਿਆਦਾ ਸਮਾਂ ਗੁਜ਼ਾਰਨਾ ਪਵੇਗਾ। ਪਰ ਫਿਰ ਵੀ ਯੂਹੰਨਾ ਨੇ ਆਪਣੀ ਖ਼ੁਸ਼ੀ ਬਣਾਈ ਰੱਖੀ ਅਤੇ ਆਪਣੀ ਪੂਰੀ ਜ਼ਿੰਦਗੀ ਉਸ ਨੇ ਇਹੀ ਰਵੱਈਆ ਬਣਾਈ ਰੱਖਿਆ। ਇੱਦਾਂ ਕਰਨ ਵਿਚ ਉਸ ਦੀ ਕਿਵੇਂ ਮਦਦ ਹੋਈ? ਨਿਰਾਸ਼ਾ ਦਾ ਸਾਮ੍ਹਣਾ ਕਰਦਿਆਂ ਵੀ ਅਸੀਂ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹਾਂ?
ਖ਼ੁਸ਼ੀ ਦੇਣ ਵਾਲੀ ਜ਼ਿੰਮੇਵਾਰੀ
29 ਈਸਵੀ ਦੀ ਬਸੰਤ ਵਿਚ ਯੂਹੰਨਾ ਨੇ ਮਸੀਹ ਦਾ ਰਾਹ ਤਿਆਰ ਕਰਨ ਦੀ ਜ਼ਿੰਮੇਵਾਰੀ ਪੂਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ: “ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ।” (ਮੱਤੀ 3:2; ਲੂਕਾ 1:12-17) ਬਹੁਤ ਸਾਰੇ ਲੋਕਾਂ ਨੇ ਵਧੀਆ ਹੁੰਗਾਰਾ ਭਰਿਆ। ਦਰਅਸਲ, ਉਸ ਦਾ ਸੰਦੇਸ਼ ਸੁਣਨ ਲਈ ਭੀੜਾਂ ਦੂਰੋਂ-ਦੂਰੋਂ ਆਈਆਂ ਅਤੇ ਬਹੁਤ ਸਾਰੇ ਲੋਕਾਂ ਨੇ ਤੋਬਾ ਕਰ ਕੇ ਬਪਤਿਸਮਾ ਲਿਆ। ਖ਼ੁਦ ਨੂੰ ਧਰਮੀ ਕਹਿਣ ਵਾਲੇ ਧਾਰਮਿਕ ਆਗੂਆਂ ਨੂੰ ਯੂਹੰਨਾ ਨੇ ਦਲੇਰੀ ਨਾਲ ਚੇਤਾਵਨੀ ਵੀ ਦਿੱਤੀ ਕਿ ਜੇ ਉਹ ਆਪਣੇ ਰਾਹਾਂ ਨੂੰ ਨਹੀਂ ਬਦਲਦੇ, ਤਾਂ ਉਨ੍ਹਾਂ ਨੂੰ ਜ਼ਰੂਰ ਸਜ਼ਾ ਮਿਲੇਗੀ। (ਮੱਤੀ 3:5-12) 29 ਈਸਵੀ ਦੀ ਪਤਝੜ ਵਿਚ ਯਿਸੂ ਨੂੰ ਬਪਤਿਸਮਾ ਦੇ ਕੇ ਉਸ ਨੇ ਆਪਣੀ ਸੇਵਕਾਈ ਦਾ ਸਭ ਤੋਂ ਅਹਿਮ ਕੰਮ ਕੀਤਾ। ਉਸ ਸਮੇਂ ਤੋਂ ਯੂਹੰਨਾ ਨੇ ਲੋਕਾਂ ਨੂੰ ਯਿਸੂ ਪਿੱਛੇ ਚੱਲਣ ਦੀ ਸਲਾਹ ਦਿੱਤੀ ਜੋ ਵਾਅਦਾ ਕੀਤਾ ਹੋਇਆ ਮਸੀਹ ਸੀ।—ਯੂਹੰ. 1:32-37.
ਯੂਹੰਨਾ ਦੀ ਅਨੋਖੀ ਭੂਮਿਕਾ ਬਾਰੇ ਯਿਸੂ ਨੇ ਕਿਹਾ: “ਤੀਵੀਆਂ ਦੀ ਕੁੱਖੋਂ ਪੈਦਾ ਹੋਏ ਲੋਕਾਂ ਵਿੱਚੋਂ ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਨਹੀਂ ਹੈ।” (ਮੱਤੀ 11:11) ਬਿਨਾਂ ਸ਼ੱਕ, ਯੂਹੰਨਾ ਆਪਣੀਆਂ ਬਰਕਤਾਂ ਕਰਕੇ ਖ਼ੁਸ਼ ਸੀ। ਯੂਹੰਨਾ ਦੀ ਤਰ੍ਹਾਂ ਅੱਜ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਪਰਮੇਸ਼ੁਰ ਤੋਂ ਬੇਸ਼ੁਮਾਰ ਬਰਕਤਾਂ ਮਿਲੀਆਂ ਹਨ। ਜ਼ਰਾ ਭਰਾ ਟੈਰੀ ਦੀ ਮਿਸਾਲ ʼਤੇ ਗੌਰ ਕਰੋ। ਉਹ ਅਤੇ ਉਸ ਦੀ ਪਤਨੀ ਸਾਂਡਰਾ ਨੇ 50 ਤੋਂ ਜ਼ਿਆਦਾ ਸਾਲ ਪੂਰੇ ਸਮੇਂ ਦੀ ਸੇਵਕਾਈ ਕੀਤੀ। ਟੈਰੀ ਦੱਸਦਾ ਹੈ: “ਮੇਰੇ ਕੋਲ ਬਹੁਤ ਸਾਰੇ ਸ਼ਾਨਦਾਰ ਸਨਮਾਨ ਸਨ। ਮੈਂ ਪਾਇਨੀਅਰ ਵਜੋਂ, ਬੈਥਲ ਵਿਚ, ਸਪੈਸ਼ਲ ਪਾਇਨੀਅਰ ਵਜੋਂ, ਸਰਕਟ ਓਵਰਸੀਅਰ ਵਜੋਂ ਅਤੇ ਡਿਸਟ੍ਰਿਕਟ ਓਵਰਸੀਅਰ ਵਜੋਂ ਸੇਵਾ ਕੀਤੀ ਤੇ ਹੁਣ ਮੈਂ ਫਿਰ ਤੋਂ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰ ਰਿਹਾ ਹਾਂ।” ਪਰਮੇਸ਼ੁਰ ਦੀ ਸੇਵਾ ਵਿਚ ਸਨਮਾਨ ਮਿਲਣ ਕਰਕੇ ਸਾਨੂੰ ਖ਼ੁਸ਼ੀ ਮਿਲਦੀ ਹੈ, ਪਰ ਯੂਹੰਨਾ ਦੀ ਮਿਸਾਲ ਤੋਂ ਅਸੀਂ ਸਿੱਖਾਂਗੇ ਕਿ ਹਾਲਾਤ ਬਦਲ ਜਾਣ ʼਤੇ ਵੀ ਸਾਨੂੰ ਖ਼ੁਸ਼ੀ ਬਣਾਈ ਰੱਖਣ ਲਈ ਜਤਨ ਕਰਦੇ ਰਹਿਣ ਦੀ ਲੋੜ ਹੈ।
ਹਮੇਸ਼ਾ ਸ਼ੁਕਰਗੁਜ਼ਾਰੀ ਦਿਖਾਓ
ਯੂਹੰਨਾ ਬਪਤਿਸਮੇ ਦੇਣ ਵਾਲੇ ਨੇ ਆਪਣੀ ਖ਼ੁਸ਼ੀ ਬਣਾਈ ਰੱਖੀ ਕਿਉਂਕਿ ਉਹ ਆਪਣੇ ਸਨਮਾਨਾਂ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਿਹਾ। ਇਕ ਮਿਸਾਲ ʼਤੇ ਗੌਰ ਕਰੋ। ਯਿਸੂ ਦੇ ਬਪਤਿਸਮੇ ਤੋਂ ਬਾਅਦ, ਯੂਹੰਨਾ ਦੇ ਚੇਲਿਆਂ ਦੀ ਗਿਣਤੀ ਘੱਟਦੀ ਗਈ ਅਤੇ ਯਿਸੂ ਦੇ ਚੇਲਿਆਂ ਦੀ ਗਿਣਤੀ ਵਧਦੀ ਗਈ। ਇਸ ਕਰਕੇ ਯੂਹੰਨਾ ਦੇ ਚੇਲੇ ਪਰੇਸ਼ਾਨ ਸਨ ਅਤੇ ਉਨ੍ਹਾਂ ਨੇ ਯੂਹੰਨਾ ਨੂੰ ਕਿਹਾ: “ਗੁਰੂ ਜੀ, ਉਹ ਆਦਮੀ ਜਿਹੜਾ ਤੇਰੇ ਨਾਲ ਯਰਦਨ ਦੇ ਦੂਜੇ ਪਾਸੇ ਸੀ . . . ਉਹ ਲੋਕਾਂ ਨੂੰ ਬਪਤਿਸਮਾ ਦਿੰਦਾ ਹੈ ਅਤੇ ਸਾਰੇ ਉਸ ਕੋਲ ਜਾ ਰਹੇ ਹਨ।” (ਯੂਹੰ. 3:26) ਯੂਹੰਨਾ ਨੇ ਜਵਾਬ ਵਿਚ ਕਿਹਾ: “ਲਾੜਾ ਉਹੀ ਹੈ ਜਿਸ ਦੀ ਲਾੜੀ ਹੈ। ਜਦ ਲਾੜੇ ਨਾਲ ਖੜ੍ਹਾ ਉਸ ਦਾ ਦੋਸਤ ਉਸ ਦੀ ਆਵਾਜ਼ ਸੁਣਦਾ ਹੈ, ਤਾਂ ਦੋਸਤ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਸ ਕਰਕੇ, ਮੇਰੇ ਤੋਂ ਆਪਣੀ ਖ਼ੁਸ਼ੀ ਸਾਂਭੀ ਨਹੀਂ ਜਾਂਦੀ।” (ਯੂਹੰ. 3:29) ਯੂਹੰਨਾ ਨੇ ਨਾ ਤਾਂ ਯਿਸੂ ਨਾਲ ਮੁਕਾਬਲਾ ਕੀਤਾ ਤੇ ਨਾ ਹੀ ਇਹ ਸੋਚਿਆ ਕਿ ਯਿਸੂ ਦਾ ਕੰਮ ਜ਼ਿਆਦਾ ਅਹਿਮ ਹੋਣ ਕਰਕੇ ਉਸ ਦਾ ਕੰਮ ਮਾਅਨੇ ਨਹੀਂ ਰੱਖਦਾ। ਇਸ ਦੀ ਬਜਾਇ, ਯੂਹੰਨਾ ਨੇ ‘ਲਾੜੇ ਦੇ ਦੋਸਤ’ ਵਜੋਂ ਆਪਣੀ ਭੂਮਿਕਾ ਨੂੰ ਅਹਿਮ ਸਮਝਿਆ ਜਿਸ ਕਰਕੇ ਉਸ ਨੇ ਆਪਣੀ ਖ਼ੁਸ਼ੀ ਬਣਾਈ ਰੱਖੀ।
ਚਾਹੇ ਯੂਹੰਨਾ ਦੀ ਜ਼ਿੰਮੇਵਾਰੀ ਸੌਖੀ ਨਹੀਂ ਸੀ, ਪਰ ਫਿਰ ਵੀ ਆਪਣੇ ਵਧੀਆ ਰਵੱਈਏ ਕਰਕੇ ਉਸ ਨੇ ਆਪਣੀ ਖ਼ੁਸ਼ੀ ਬਣਾਈ ਰੱਖੀ। ਮਿਸਾਲ ਲਈ, ਯੂਹੰਨਾ ਜਨਮ ਤੋਂ ਹੀ ਨਜ਼ੀਰ ਸੀ। ਇਸ ਲਈ ਉਸ ਨੂੰ ਦਾਖਰਸ ਪੀਣ ਤੋਂ ਮਨ੍ਹਾ ਕੀਤਾ ਗਿਆ ਸੀ। (ਲੂਕਾ 1:15) ਯੂਹੰਨਾ ਦੇ ਸਾਦੇ ਜੀਵਨ ਢੰਗ ਬਾਰੇ ਯਿਸੂ ਨੇ ਕਿਹਾ: “ਯੂਹੰਨਾ ਨਾ ਰੋਟੀ ਖਾਂਦਾ ਹੈ ਤੇ ਨਾ ਹੀ ਦਾਖਰਸ ਪੀਂਦਾ ਹੈ।” ਦੂਜੇ ਪਾਸੇ, ਯਿਸੂ ਤੇ ਉਸ ਦੇ ਚੇਲਿਆਂ ʼਤੇ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਸੀ ਅਤੇ ਉਹ ਹੋਰ ਲੋਕਾਂ ਵਾਂਗ ਆਮ ਜ਼ਿੰਦਗੀ ਜੀਉਂਦੇ ਸਨ। (ਮੱਤੀ 11:18, 19) ਨਾਲੇ ਯੂਹੰਨਾ ਨੇ ਕੋਈ ਚਮਤਕਾਰ ਨਹੀਂ ਕੀਤਾ ਸੀ ਜਦ ਕਿ ਉਹ ਜਾਣਦਾ ਸੀ ਕਿ ਯਿਸੂ ਦੇ ਚੇਲਿਆਂ ਨੂੰ ਚਮਤਕਾਰ ਕਰਨ ਦੀ ਸ਼ਕਤੀ ਦਿੱਤੀ ਗਈ ਸੀ ਜਿਨ੍ਹਾਂ ਵਿਚ ਉਹ ਕੁਝ ਲੋਕ ਵੀ ਸ਼ਾਮਲ ਸਨ ਜੋ ਪਹਿਲਾਂ ਉਸ ਦੇ ਚੇਲੇ ਸਨ। (ਮੱਤੀ 10:1; ਯੂਹੰ. 10:41) ਉਸ ਨੇ ਆਪਣੇ ਚੇਲਿਆਂ ਤੇ ਯਿਸੂ ਦੇ ਚੇਲਿਆਂ ਦੀ ਜ਼ਿੰਮੇਵਾਰੀ ਵਿਚ ਫ਼ਰਕ ਹੋਣ ਸੰਬੰਧੀ ਹੱਦੋਂ ਵੱਧ ਸੋਚਣ ਦੀ ਬਜਾਇ ਆਪਣਾ ਧਿਆਨ ਯਹੋਵਾਹ ਵੱਲੋਂ ਮਿਲੀ ਜ਼ਿੰਮੇਵਾਰੀ ʼਤੇ ਲਾਇਆ।
ਯਹੋਵਾਹ ਦੀ ਸੇਵਾ ਵਿਚ ਮਿਲੀ ਆਪਣੀ ਜ਼ਿੰਮੇਵਾਰੀ ਨੂੰ ਅਨਮੋਲ ਸਮਝ ਕੇ ਅਸੀਂ ਵੀ ਆਪਣੀ ਖ਼ੁਸ਼ੀ ਬਣਾਈ ਰੱਖ ਸਕਦੇ ਹਾਂ। ਟੈਰੀ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ: “ਮੈਂ ਆਪਣੀ ਜ਼ਿੰਮੇਵਾਰੀ ʼਤੇ ਧਿਆਨ ਲਾਉਂਦਾ ਸੀ ਜੋ ਮੈਨੂੰ ਮਿਲਦੀ ਸੀ।” ਆਪਣੀ ਪੂਰੇ ਸਮੇਂ ਦੀ ਸੇਵਕਾਈ ʼਤੇ ਝਾਤ ਮਾਰਦਿਆਂ ਉਹ ਕਹਿੰਦਾ ਹੈ: “ਮੈਨੂੰ ਕੋਈ ਪਛਤਾਵਾ ਨਹੀਂ ਹੈ, ਸਗੋਂ ਮੇਰੇ ਕੋਲ ਸਿਰਫ਼ ਮਿੱਠੀਆਂ ਯਾਦਾਂ ਹੀ ਹਨ।”
ਜੇ ਅਸੀਂ ਸੋਚਦੇ ਹਾਂ ਕਿ ਕਿਹੜੀ ਗੱਲ ਕਰਕੇ ਯਹੋਵਾਹ ਦੀ ਸੇਵਾ ਵਿਚ ਮਿਲੀ ਕੋਈ ਜ਼ਿੰਮੇਵਾਰੀ ਖ਼ਾਸ ਹੈ, ਤਾਂ ਅਸੀਂ ਜ਼ਿਆਦਾ ਖ਼ੁਸ਼ੀ ਪਾ ਸਕਦੇ ਹਾਂ। “ਪਰਮੇਸ਼ੁਰ ਨਾਲ ਮਿਲ ਕੇ ਕੰਮ” ਕਰਨਾ ਸਨਮਾਨ ਦੀ ਗੱਲ ਹੈ। (1 ਕੁਰਿੰ. 3:9) ਵਿਰਾਸਤ ਵਿਚ ਮਿਲੀ ਕਿਸੇ ਚੀਜ਼ ਦਾ ਧਿਆਨ ਰੱਖਣ ਕਰਕੇ ਹੀ ਉਹ ਸੋਹਣੀ ਬਣੀ ਰਹਿ ਸਕਦੀ ਹੈ। ਇਸੇ ਤਰ੍ਹਾਂ ਜੇ ਅਸੀਂ ਸੋਚਦੇ ਰਹਿੰਦੇ ਹਾਂ ਕਿ ਯਹੋਵਾਹ ਨਾਲ ਮਿਲ ਕੇ ਕੰਮ ਕਰਨਾ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ, ਤਾਂ ਅਸੀਂ ਆਪਣੀ ਖ਼ੁਸ਼ੀ ਬਣਾਈ ਰੱਖਾਂਗੇ। ਅਸੀਂ ਆਪਣੇ ਵੱਲੋਂ ਕੀਤੀਆਂ ਕੁਰਬਾਨੀਆਂ ਦੀ ਤੁਲਨਾ ਦੂਜਿਆਂ ਦੀਆਂ ਕੁਰਬਾਨੀਆਂ ਨਾਲ ਨਹੀਂ ਕਰਾਂਗੇ। ਅਸੀਂ ਦੂਜਿਆਂ ਨੂੰ ਮਿਲੇ ਸਨਮਾਨਾਂ ਕਰਕੇ ਆਪਣੇ ਸਨਮਾਨਾਂ ਨੂੰ ਘੱਟ ਨਹੀਂ ਸਮਝਾਂਗੇ।—ਗਲਾ. 6:4.
ਉਨ੍ਹਾਂ ਗੱਲਾਂ ʼਤੇ ਧਿਆਨ ਲਾਓ ਜਿਨ੍ਹਾਂ ਨੂੰ ਯਹੋਵਾਹ ਅਹਿਮ ਸਮਝਦਾ ਹੈ
ਯੂਹੰਨਾ ਸ਼ਾਇਦ ਜਾਣਦਾ ਹੋਵੇ ਕਿ ਉਸ ਦੀ ਸੇਵਕਾਈ ਲੰਬੇ ਸਮੇਂ ਤਕ ਨਹੀਂ ਰਹੇਗੀ, ਪਰ ਉਹ ਸ਼ਾਇਦ ਇਹ ਨਹੀਂ ਜਾਣਦਾ ਸੀ ਕਿ ਉਸ ਦੀ ਸੇਵਕਾਈ ਅਚਾਨਕ ਖ਼ਤਮ ਹੋ ਜਾਵੇਗੀ। (ਯੂਹੰ. 3:30) 30 ਈਸਵੀ ਵਿਚ ਯਿਸੂ ਨੂੰ ਬਪਤਿਸਮਾ ਦੇਣ ਤੋਂ ਲਗਭਗ ਛੇ ਮਹੀਨਿਆਂ ਬਾਅਦ ਯੂਹੰਨਾ ਨੂੰ ਰਾਜਾ ਹੇਰੋਦੇਸ ਨੇ ਜੇਲ੍ਹ ਵਿਚ ਸੁੱਟ ਦਿੱਤਾ। ਪਰ ਫਿਰ ਵੀ ਉਹ ਗਵਾਹੀ ਦਿੰਦਾ ਰਿਹਾ। (ਮਰ. 6:17-20) ਇਨ੍ਹਾਂ ਬਦਲਦੇ ਹਾਲਾਤਾਂ ਵਿਚ ਵੀ ਉਹ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਿਆ? ਉਸ ਨੇ ਉਨ੍ਹਾਂ ਗੱਲਾਂ ʼਤੇ ਧਿਆਨ ਲਾਈ ਰੱਖਿਆ ਜਿਨ੍ਹਾਂ ਨੂੰ ਯਹੋਵਾਹ ਅਹਿਮ ਸਮਝਦਾ ਸੀ।
ਜੇਲ੍ਹ ਵਿਚ ਹੁੰਦਿਆਂ ਯੂਹੰਨਾ ਨੂੰ ਯਿਸੂ ਦੀ ਸੇਵਕਾਈ ਬਾਰੇ ਖ਼ਬਰਾਂ ਮਿਲਦੀਆਂ ਸਨ। (ਮੱਤੀ 11:2; ਲੂਕਾ 7:18) ਯੂਹੰਨਾ ਨੂੰ ਭਰੋਸਾ ਸੀ ਕਿ ਯਿਸੂ ਹੀ ਮਸੀਹ ਸੀ, ਪਰ ਉਸ ਨੇ ਸ਼ਾਇਦ ਸੋਚਿਆ ਹੋਵੇ ਕਿ ਯਿਸੂ ਧਰਮ-ਗ੍ਰੰਥ ਵਿਚ ਮਸੀਹ ਬਾਰੇ ਦੱਸੀਆਂ ਸਾਰੀਆਂ ਗੱਲਾਂ ਕਿਵੇਂ ਪੂਰੀਆਂ ਕਰੇਗਾ। ਉਸ ਨੇ ਸ਼ਾਇਦ ਸੋਚਿਆ, ‘ਮਸੀਹ ਨੂੰ ਰਾਜ-ਗੱਦੀ ਮਿਲਣੀ ਸੀ ਜਿਸ ਕਰਕੇ ਸ਼ਾਇਦ ਯਿਸੂ ਜਲਦੀ ਹੀ ਰਾਜ ਕਰਨਾ ਸ਼ੁਰੂ ਕਰ ਦੇਵੇ? ਕੀ ਇਸ ਕਰਕੇ ਉਹ ਯੂਹੰਨਾ ਨੂੰ ਜੇਲ੍ਹ ਤੋਂ ਆਜ਼ਾਦ ਕਰਵਾ ਲਵੇਗਾ?’ ਯੂਹੰਨਾ ਯਿਸੂ ਦੀ ਭੂਮਿਕਾ ਬਾਰੇ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੁੰਦਾ ਸੀ ਜਿਸ ਕਰਕੇ ਉਸ ਨੇ ਆਪਣੇ ਦੋ ਚੇਲਿਆਂ ਨੂੰ ਯਿਸੂ ਨੂੰ ਇਹ ਪੁੱਛਣ ਲਈ ਭੇਜਿਆ: “ਕੀ ਤੂੰ ਉਹੀ ਹੈਂ ਜਿਸ ਨੇ ਆਉਣਾ ਸੀ ਜਾਂ ਫਿਰ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?” (ਲੂਕਾ 7:19) ਚੇਲਿਆਂ ਦੇ ਵਾਪਸ ਆਉਣ ʼਤੇ ਯੂਹੰਨਾ ਨੇ ਉਨ੍ਹਾਂ ਦੀਆਂ ਗੱਲਾਂ ਜ਼ਰੂਰ ਧਿਆਨ ਨਾਲ ਸੁਣੀਆਂ ਹੋਣੀਆਂ ਜਦੋਂ ਉਨ੍ਹਾਂ ਨੇ ਦੱਸਿਆ ਕਿ ਯਿਸੂ ਨੇ ਚਮਤਕਾਰ ਕਰ ਕੇ ਲੋਕਾਂ ਨੂੰ ਠੀਕ ਕੀਤਾ ਅਤੇ ਯੂਹੰਨਾ ਨੂੰ ਇਹ ਗੱਲਾਂ ਦੱਸਣ ਲਈ ਉਨ੍ਹਾਂ ਨੂੰ ਵਾਪਸ ਭੇਜਿਆ: “ਅੰਨ੍ਹਿਆਂ ਨੂੰ ਸੁਜਾਖਾ ਕੀਤਾ ਜਾ ਰਿਹਾ ਹੈ, ਲੰਗੜੇ ਤੁਰ ਰਹੇ ਹਨ, ਕੋੜ੍ਹੀ ਸ਼ੁੱਧ ਹੋ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮਰ ਚੁੱਕੇ ਲੋਕ ਦੁਬਾਰਾ ਜੀਉਂਦੇ ਕੀਤੇ ਜਾ ਰਹੇ ਹਨ ਅਤੇ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਹੈ।”—ਲੂਕਾ 7:20-22.
ਬਿਨਾਂ ਸ਼ੱਕ, ਇਹ ਖ਼ਬਰ ਸੁਣ ਕੇ ਯੂਹੰਨਾ ਨੂੰ ਹੌਸਲਾ ਮਿਲਿਆ ਹੋਣਾ। ਇਸ ਤੋਂ ਪੱਕਾ ਹੋਇਆ ਕਿ ਮਸੀਹ ਲਈ ਕੀਤੀਆਂ ਭਵਿੱਖਬਾਣੀਆਂ ਯਿਸੂ ਪੂਰੀਆਂ ਕਰ ਰਿਹਾ ਸੀ। ਭਾਵੇਂ ਕਿ ਯਿਸੂ ਨੇ ਯੂਹੰਨਾ ਨੂੰ ਜੇਲ੍ਹ ਵਿੱਚੋਂ ਰਿਹਾ ਨਹੀਂ ਕਰਾਇਆ, ਪਰ ਯੂਹੰਨਾ ਜਾਣਦਾ ਸੀ ਕਿ ਉਸ ਦੀ ਸੇਵਕਾਈ ਵਿਅਰਥ ਨਹੀਂ ਸੀ। ਆਪਣੇ ਹਾਲਾਤਾਂ ਦੇ ਬਾਵਜੂਦ ਉਸ ਕੋਲ ਖ਼ੁਸ਼ ਹੋਣ ਦਾ ਕਾਰਨ ਸੀ।
ਯੂਹੰਨਾ ਵਾਂਗ ਜੇ ਅਸੀਂ ਉਨ੍ਹਾਂ ਗੱਲਾਂ ʼਤੇ ਧਿਆਨ ਲਾਈ ਰੱਖਾਂਗੇ ਜਿਨ੍ਹਾਂ ਨੂੰ ਯਹੋਵਾਹ ਅਹਿਮ ਸਮਝਦਾ ਹੈ, ਤਾਂ ਅਸੀਂ ਧੀਰਜ ਅਤੇ ਖ਼ੁਸ਼ੀ ਨਾਲ ਸਾਰਾ ਕੁਝ ਸਹਿ ਸਕਾਂਗੇ। (ਕੁਲੁ. 1:9-11) ਅਸੀਂ ਬਾਈਬਲ ਪੜ੍ਹ ਕੇ ਅਤੇ ਉਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰ ਕੇ ਇੱਦਾਂ ਕਰ ਸਕਦੇ ਹਾਂ ਅਤੇ ਆਪਣੇ ਆਪ ਨੂੰ ਯਾਦ ਕਰਾ ਸਕਦੇ ਹਾਂ ਕਿ ਪਰਮੇਸ਼ੁਰ ਦੀ ਸੇਵਾ ਵਿਚ ਕੀਤੇ ਸਾਡੇ ਕੰਮ ਕਦੇ ਬੇਕਾਰ ਨਹੀਂ ਜਾਂਦੇ। (1 ਕੁਰਿੰ. 15:58) ਸਾਂਡਰਾ ਦੱਸਦੀ ਹੈ: “ਹਰ ਰੋਜ਼ ਬਾਈਬਲ ਦਾ ਇਕ ਅਧਿਆਇ ਪੜ੍ਹ ਕੇ ਯਹੋਵਾਹ ਦੇ ਹੋਰ ਨੇੜੇ ਜਾਣ ਵਿਚ ਮੇਰੀ ਮਦਦ ਹੁੰਦੀ ਹੈ। ਇੱਦਾਂ ਕਰ ਕੇ ਮੈਂ ਆਪਣੇ ʼਤੇ ਨਹੀਂ, ਸਗੋਂ ਪਰਮੇਸ਼ੁਰ ʼਤੇ ਆਪਣਾ ਧਿਆਨ ਲਾ ਸਕਦੀ ਹਾਂ।” ਅਸੀਂ ਪ੍ਰਚਾਰ ਦੇ ਕੰਮ ਦੀਆਂ ਰਿਪੋਰਟਾਂ ʼਤੇ ਵੀ ਧਿਆਨ ਲਾ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਆਪਣੇ ਹਾਲਾਤਾਂ ʼਤੇ ਧਿਆਨ ਲਾਉਣ ਦੀ ਬਜਾਇ ਇਸ ਗੱਲ ʼਤੇ ਧਿਆਨ ਲਾ ਸਕਦੇ ਹਾਂ ਕਿ ਯਹੋਵਾਹ ਕੀ ਕਰ ਰਿਹਾ ਹੈ। ਸਾਂਡਰਾ ਦੱਸਦੀ ਹੈ: “ਹਰ ਮਹੀਨੇ JW ਬਰਾਡਕਾਸਟਿੰਗ ʼਤੇ ਆਉਂਦੇ ਪ੍ਰੋਗ੍ਰਾਮ ਸੰਗਠਨ ਦੇ ਹੋਰ ਨੇੜੇ ਜਾਣ ਅਤੇ ਆਪਣੀ ਜ਼ਿੰਮੇਵਾਰੀ ਪੂਰਿਆਂ ਕਰਦਿਆਂ ਖ਼ੁਸ਼ੀ ਬਣਾਈ ਰੱਖਣ ਵਿਚ ਸਾਡੀ ਮਦਦ ਕਰਦੇ ਹਨ।”
ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਥੋੜ੍ਹਾ ਸਮਾਂ ਹੀ ਪ੍ਰਚਾਰ ਕੀਤਾ, ਪਰ ਉਸ ਨੇ ਇਹ ਕੰਮ “ਏਲੀਯਾਹ ਨਬੀ ਵਰਗੇ ਜੋਸ਼ ਅਤੇ ਤਾਕਤ” ਨਾਲ ਕੀਤਾ। ਨਾਲੇ ਏਲੀਯਾਹ ਵਾਂਗ ਉਹ ਵੀ “ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ।” (ਲੂਕਾ 1:17; ਯਾਕੂ. 5:17) ਜੇ ਅਸੀਂ ਸ਼ੁਕਰਗੁਜ਼ਾਰੀ ਅਤੇ ਯਹੋਵਾਹ ਦੀ ਸੇਵਾ ਵਿਚ ਰੱਖੀ ਯੂਹੰਨਾ ਦੀ ਮਿਸਾਲ ʼਤੇ ਚੱਲਦੇ ਹਾਂ, ਤਾਂ ਅਸੀਂ ਵੀ ਹਰ ਹਾਲਾਤ ਵਿਚ ਪਰਮੇਸ਼ੁਰ ਦੀ ਸੇਵਾ ਕਰਦਿਆਂ ਆਪਣੀ ਖ਼ੁਸ਼ੀ ਬਣਾਈ ਰੱਖ ਸਕਦੇ ਹਾਂ।