ਅਧਿਐਨ ਲੇਖ 2
ਉਸ ਚੇਲੇ ਤੋਂ ਸਿੱਖੋ ‘ਜਿਸ ਨੂੰ ਯਿਸੂ ਪਿਆਰ ਕਰਦਾ ਸੀ’
“ਆਓ ਆਪਾਂ ਇਕ-ਦੂਸਰੇ ਨੂੰ ਪਿਆਰ ਕਰਦੇ ਰਹੀਏ, ਕਿਉਂਕਿ ਪਿਆਰ ਪਰਮੇਸ਼ੁਰ ਤੋਂ ਹੈ।”—1 ਯੂਹੰ. 4:7.
ਗੀਤ 3 “ਪਰਮੇਸ਼ੁਰ ਪਿਆਰ ਹੈ”
ਖ਼ਾਸ ਗੱਲਾਂa
1. ਪਰਮੇਸ਼ੁਰ ਦੇ ਪਿਆਰ ਕਰਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8) ਇਨ੍ਹਾਂ ਥੋੜ੍ਹੇ ਜਿਹੇ ਸ਼ਬਦਾਂ ਤੋਂ ਸਾਨੂੰ ਇਕ ਅਹਿਮ ਸੱਚਾਈ ਪਤਾ ਲੱਗਦੀ ਹੈ ਕਿ ਪਰਮੇਸ਼ੁਰ ਜ਼ਿੰਦਗੀ ਦਾ ਸੋਮਾ ਹੋਣ ਦੇ ਨਾਲ-ਨਾਲ ਪਿਆਰ ਦਾ ਵੀ ਸੋਮਾ ਹੈ। ਯਹੋਵਾਹ ਸਾਨੂੰ ਪਿਆਰ ਕਰਦਾ ਹੈ। ਉਸ ਦੇ ਪਿਆਰ ਕਰਕੇ ਅਸੀਂ ਖ਼ੁਸ਼, ਸੁਰੱਖਿਅਤ ਅਤੇ ਸੰਤੁਸ਼ਟ ਮਹਿਸੂਸ ਕਰਦੇ ਹਾਂ।
2. (ੳ) ਮੱਤੀ 22:37-40 ਅਨੁਸਾਰ ਦੋ ਵੱਡੇ ਹੁਕਮ ਕਿਹੜੇ ਹਨ? (ਅ) ਸ਼ਾਇਦ ਸਾਨੂੰ ਦੂਜਾ ਹੁਕਮ ਮੰਨਣਾ ਔਖਾ ਕਿਉਂ ਲੱਗੇ?
2 ਮਸੀਹੀਆਂ ਨੂੰ ਪਿਆਰ ਕਰਨ ਦਾ ਸੁਝਾਅ ਨਹੀਂ, ਸਗੋਂ ਹੁਕਮ ਦਿੱਤਾ ਗਿਆ ਹੈ। (ਮੱਤੀ 22:37-40 ਪੜ੍ਹੋ।) ਜਦੋਂ ਅਸੀਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪੈਂਦੇ ਹਾਂ, ਤਾਂ ਸ਼ਾਇਦ ਸਾਡੇ ਲਈ ਪਹਿਲਾ ਹੁਕਮ ਮੰਨਣਾ ਸੌਖਾ ਹੋਵੇ। ਕਿਉਂ? ਕਿਉਂਕਿ ਯਹੋਵਾਹ ਮੁਕੰਮਲ ਹੈ, ਉਹ ਸਾਡੀ ਪਰਵਾਹ ਕਰਦਾ ਹੈ ਅਤੇ ਸਾਡੇ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ। ਪਰ ਸ਼ਾਇਦ ਸਾਨੂੰ ਦੂਜਾ ਹੁਕਮ ਮੰਨਣਾ ਔਖਾ ਲੱਗੇ। ਕਿਉਂ? ਕਿਉਂਕਿ ਸਾਡੇ ਗੁਆਂਢੀ ਯਾਨੀ ਸਾਡੇ ਭੈਣ-ਭਰਾ ਨਾਮੁਕੰਮਲ ਹਨ। ਕਦੀ-ਕਦਾਈਂ ਉਹ ਸ਼ਾਇਦ ਸਾਨੂੰ ਕੋਈ ਅਜਿਹੀ ਗੱਲ ਕਹਿ ਦੇਣ ਜਾਂ ਅਜਿਹਾ ਕੁਝ ਕਰ ਦੇਣ ਜਿਸ ਤੋਂ ਸਾਨੂੰ ਲੱਗੇ ਕਿ ਉਹ ਨਾ ਤਾਂ ਸਾਨੂੰ ਪਿਆਰ ਕਰਦੇ ਹਨ ਤੇ ਨਾ ਹੀ ਸਾਡੀ ਪਰਵਾਹ ਕਰਦੇ ਹਨ। ਯਹੋਵਾਹ ਨੂੰ ਪਤਾ ਸੀ ਕਿ ਸਾਨੂੰ ਇਹ ਚੁਣੌਤੀ ਆਵੇਗੀ। ਇਸ ਲਈ ਉਸ ਨੇ ਬਾਈਬਲ ਦੇ ਕੁਝ ਲਿਖਾਰੀਆਂ ਨੂੰ ਇਹ ਲਿਖਣ ਲਈ ਪ੍ਰੇਰਿਆ ਕਿ ਪਿਆਰ ਦਿਖਾਉਣਾ ਕਿਉਂ ਜ਼ਰੂਰੀ ਹੈ ਅਤੇ ਅਸੀਂ ਇਹ ਕਿਵੇਂ ਦਿਖਾ ਸਕਦੇ ਹਾਂ। ਇਨ੍ਹਾਂ ਵਿੱਚੋਂ ਇਕ ਲਿਖਾਰੀ ਯੂਹੰਨਾ ਸੀ।—1 ਯੂਹੰ. 3:11, 12.
3. ਯੂਹੰਨਾ ਨੇ ਕਿਸ ਗੱਲ ʼਤੇ ਜ਼ੋਰ ਦਿੱਤਾ?
3 ਯੂਹੰਨਾ ਨੇ ਆਪਣੀਆਂ ਕਿਤਾਬਾਂ ਵਿਚ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਮਸੀਹੀਆਂ ਨੂੰ ਪਿਆਰ ਦਿਖਾਉਣਾ ਚਾਹੀਦਾ ਹੈ। ਦਰਅਸਲ, ਯਿਸੂ ਦੀ ਜ਼ਿੰਦਗੀ ਬਾਰੇ ਲਿਖਦਿਆਂ ਯੂਹੰਨਾ ਨੇ ਤਿੰਨਾਂ ਇੰਜੀਲਾਂ ਦੇ ਲਿਖਾਰੀਆਂ ਨਾਲੋਂ ਜ਼ਿਆਦਾ ਵਾਰ ਪਿਆਰ ਬਾਰੇ ਗੱਲ ਕੀਤੀ। ਯੂਹੰਨਾ ਉਦੋਂ ਲਗਭਗ 100 ਸਾਲਾਂ ਦਾ ਸੀ ਜਦੋਂ ਉਸ ਨੇ ਆਪਣੀ ਇੰਜੀਲ ਅਤੇ ਤਿੰਨ ਚਿੱਠੀਆਂ ਲਿਖੀਆਂ। ਪਵਿੱਤਰ ਸ਼ਕਤੀ ਅਧੀਨ ਲਿਖੀਆਂ ਇਨ੍ਹਾਂ ਕਿਤਾਬਾਂ ਤੋਂ ਜ਼ਾਹਰ ਹੁੰਦਾ ਹੈ ਕਿ ਮਸੀਹੀਆਂ ਨੂੰ ਹਰ ਕੰਮ ਪਿਆਰ ਕਰਕੇ ਕਰਨਾ ਚਾਹੀਦਾ ਹੈ। (1 ਯੂਹੰ. 4:10, 11) ਪਰ ਯੂਹੰਨਾ ਨੂੰ ਇਹ ਗੱਲ ਸਿੱਖਣ ਵਿਚ ਸਮਾਂ ਲੱਗਾ।
4. ਕੀ ਯੂਹੰਨਾ ਨੇ ਹਮੇਸ਼ਾ ਪਿਆਰ ਦਿਖਾਇਆ?
4 ਜਦੋਂ ਯੂਹੰਨਾ ਨੌਜਵਾਨ ਸੀ, ਤਾਂ ਉਸ ਨੇ ਹਮੇਸ਼ਾ ਪਿਆਰ ਨਹੀਂ ਦਿਖਾਇਆ। ਮਿਸਾਲ ਲਈ, ਇਕ ਮੌਕੇ ਤੇ ਯਿਸੂ ਅਤੇ ਉਸ ਦੇ ਚੇਲੇ ਸਾਮਰੀਆ ਵਿੱਚੋਂ ਦੀ ਹੁੰਦੇ ਹੋਏ ਯਰੂਸ਼ਲਮ ਜਾ ਰਹੇ ਸਨ। ਸਾਮਰੀਆ ਦੇ ਇਕ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਪਰਾਹੁਣਚਾਰੀ ਨਹੀਂ ਦਿਖਾਈ। ਯੂਹੰਨਾ ਨੇ ਕੀ ਕੀਤਾ? ਯੂਹੰਨਾ ਅਤੇ ਉਸ ਦੇ ਭਰਾ ਨੇ ਯਿਸੂ ਨੂੰ ਪੁੱਛਿਆ ਕਿ ਉਹ ਹੁਕਮ ਕਰਨ ਕਿ ਸਵਰਗੋਂ ਅੱਗ ਵਰ੍ਹੇ ਤੇ ਪਿੰਡ ਨੂੰ ਭਸਮ ਕਰ ਦੇਵੇ! (ਲੂਕਾ 9:52-56) ਇਕ ਹੋਰ ਮੌਕੇ ਤੇ ਯੂਹੰਨਾ ਨੇ ਦੂਜੇ ਰਸੂਲਾਂ ਨੂੰ ਪਿਆਰ ਨਹੀਂ ਦਿਖਾਇਆ। ਉਸ ਨੇ ਅਤੇ ਯਾਕੂਬ ਨੇ ਆਪਣੀ ਮਾਤਾ ਨੂੰ ਯਿਸੂ ਕੋਲ ਇਹ ਕਹਿਣ ਲਈ ਭੇਜਿਆ ਕਿ ਉਹ ਉਨ੍ਹਾਂ ਨੂੰ ਆਪਣੇ ਰਾਜ ਵਿਚ ਖ਼ਾਸ ਪਦਵੀ ਦੇਵੇ। ਜਦੋਂ ਬਾਕੀ ਰਸੂਲਾਂ ਨੂੰ ਇਹ ਗੱਲ ਪਤਾ ਲੱਗੀ, ਤਾਂ ਉਹ ਬਹੁਤ ਗੁੱਸੇ ਹੋਏ! (ਮੱਤੀ 20:20, 21, 24) ਪਰ ਯੂਹੰਨਾ ਦੀਆਂ ਸਾਰੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਯਿਸੂ ਉਸ ਨੂੰ ਪਿਆਰ ਕਰਦਾ ਸੀ।—ਯੂਹੰ. 21:7.
5. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਚਰਚਾ ਕਰਾਂਗੇ?
5 ਇਸ ਲੇਖ ਵਿਚ ਅਸੀਂ ਯੂਹੰਨਾ ਦੀ ਮਿਸਾਲ ਅਤੇ ਉਸ ਦੁਆਰਾ ਪਿਆਰ ਬਾਰੇ ਲਿਖੀਆਂ ਕੁਝ ਗੱਲਾਂ ʼਤੇ ਚਰਚਾ ਕਰਾਂਗੇ। ਨਾਲੇ ਅਸੀਂ ਸਿੱਖਾਂਗੇ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਿਵੇਂ ਦਿਖਾ ਸਕਦੇ ਹਾਂ। ਅਸੀਂ ਇਹ ਵੀ ਸਿੱਖਾਂਗੇ ਕਿ ਪਰਿਵਾਰ ਦਾ ਮੁਖੀ ਕਿਹੜੇ ਇਕ ਅਹਿਮ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਪਿਆਰ ਦਿਖਾ ਸਕਦਾ ਹੈ।
ਕੰਮਾਂ ਰਾਹੀਂ ਪਿਆਰ ਦਿਖਾਓ
6. ਯਹੋਵਾਹ ਨੇ ਸਾਡੇ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ ਹੈ?
6 ਅਸੀਂ ਅਕਸਰ ਇਹੀ ਸੋਚਦੇ ਹਾਂ ਕਿ ਪਿਆਰ ਇਕ ਭਾਵਨਾ ਹੈ ਜੋ ਸ਼ਬਦਾਂ ਰਾਹੀਂ ਬਿਆਨ ਕੀਤੀ ਜਾਂਦੀ ਹੈ। ਪਰ ਜੇ ਅਸੀਂ ਕਿਸੇ ਨੂੰ ਦਿਲੋਂ ਪਿਆਰ ਕਰਦੇ ਹਾਂ, ਤਾਂ ਸਾਨੂੰ ਇਹ ਆਪਣੇ ਕੰਮਾਂ ਰਾਹੀਂ ਵੀ ਦਿਖਾਉਣਾ ਚਾਹੀਦਾ ਹੈ। (ਯਾਕੂਬ 2:17, 26 ਵਿਚ ਨੁਕਤਾ ਦੇਖੋ।) ਮਿਸਾਲ ਲਈ, ਯਹੋਵਾਹ ਸਾਨੂੰ ਪਿਆਰ ਕਰਦਾ ਹੈ। (1 ਯੂਹੰ. 4:19) ਨਾਲੇ ਉਹ ਬਾਈਬਲ ਵਿਚ ਦਰਜ ਸੋਹਣੇ ਸ਼ਬਦਾਂ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ। (ਜ਼ਬੂ. 25:10; ਰੋਮੀ. 8:38, 39) ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਿਰਫ਼ ਆਪਣੀ ਕਹਿਣੀ ਰਾਹੀਂ ਹੀ ਨਹੀਂ, ਸਗੋਂ ਆਪਣੇ ਕੰਮਾਂ ਰਾਹੀਂ ਵੀ ਆਪਣਾ ਪਿਆਰ ਜ਼ਾਹਰ ਕਰਦਾ ਹੈ। ਯੂਹੰਨਾ ਨੇ ਲਿਖਿਆ: “ਸਾਡੇ ਲਈ ਪਰਮੇਸ਼ੁਰ ਦਾ ਪਿਆਰ ਇਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆਂ ਵਿਚ ਘੱਲਿਆ ਤਾਂਕਿ ਉਸ ਰਾਹੀਂ ਸਾਨੂੰ ਜ਼ਿੰਦਗੀ ਮਿਲੇ।” (1 ਯੂਹੰ. 4:9) ਯਹੋਵਾਹ ਨੇ ਸਾਡੇ ਲਈ ਆਪਣੇ ਪਿਆਰੇ ਪੁੱਤਰ ਨੂੰ ਦੁੱਖ ਝੱਲਣ ਅਤੇ ਮਰਨ ਦਿੱਤਾ। (ਯੂਹੰ. 3:16) ਸੋ ਕੀ ਇਸ ਗੱਲ ʼਤੇ ਸ਼ੱਕ ਕਰਨਾ ਜਾਇਜ਼ ਹੈ ਕਿ ਯਹੋਵਾਹ ਸਾਨੂੰ ਸੱਚੀਂ ਪਿਆਰ ਕਰਦਾ ਹੈ?
7. ਯਿਸੂ ਨੇ ਸਾਡੇ ਲਈ ਆਪਣਾ ਪਿਆਰ ਕਿਵੇਂ ਦਿਖਾਇਆ?
7 ਯਿਸੂ ਨੇ ਆਪਣੇ ਚੇਲਿਆਂ ਨੂੰ ਯਕੀਨ ਦਿਵਾਇਆ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਸੀ। (ਯੂਹੰ. 13:1; 15:15) ਉਸ ਨੇ ਸਿਰਫ਼ ਆਪਣੀਆਂ ਗੱਲਾਂ ਰਾਹੀਂ ਹੀ ਨਹੀਂ, ਸਗੋਂ ਆਪਣੇ ਕੰਮਾਂ ਰਾਹੀਂ ਵੀ ਦਿਖਾਇਆ ਕਿ ਉਹ ਆਪਣੇ ਸਾਰੇ ਚੇਲਿਆਂ ਨੂੰ ਕਿੰਨਾ ਪਿਆਰ ਕਰਦਾ ਹੈ। ਯਿਸੂ ਨੇ ਕਿਹਾ: “ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ ਕਿ ਕੋਈ ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ ਦੇਵੇ।” (ਯੂਹੰ. 15:13) ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਤੇ ਯਿਸੂ ਨੇ ਸਾਡੇ ਲਈ ਕੀ ਕੁਝ ਕੀਤਾ ਹੈ, ਤਾਂ ਇਸ ਦਾ ਸਾਡੇ ʼਤੇ ਕੀ ਅਸਰ ਪੈਣਾ ਚਾਹੀਦਾ ਹੈ?
8. ਪਹਿਲਾ ਯੂਹੰਨਾ 3:18 ਵਿਚ ਸਾਨੂੰ ਕੀ ਕਰਨ ਲਈ ਕਿਹਾ ਗਿਆ ਹੈ?
8 ਅਸੀਂ ਯਹੋਵਾਹ ਤੇ ਯਿਸੂ ਦਾ ਕਹਿਣਾ ਮੰਨ ਕੇ ਉਨ੍ਹਾਂ ਲਈ ਪਿਆਰ ਦਿਖਾਉਂਦੇ ਹਾਂ। (ਯੂਹੰ. 14:15; 1 ਯੂਹੰ. 5:3) ਨਾਲੇ ਯਿਸੂ ਨੇ ਖ਼ਾਸ ਤੌਰ ਤੇ ਸਾਨੂੰ ਇਕ-ਦੂਜੇ ਨਾਲ ਪਿਆਰ ਕਰਨ ਦਾ ਹੁਕਮ ਦਿੱਤਾ ਸੀ। (ਯੂਹੰ. 13:34, 35) ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਸਿਰਫ਼ ਆਪਣੀ ਕਹਿਣੀ ਰਾਹੀਂ ਹੀ ਨਹੀਂ, ਸਗੋਂ ਆਪਣੇ ਕੰਮਾਂ ਰਾਹੀਂ ਵੀ ਪਿਆਰ ਦਿਖਾਉਣਾ ਚਾਹੀਦਾ ਹੈ। (1 ਯੂਹੰਨਾ 3:18 ਪੜ੍ਹੋ।) ਅਸੀਂ ਕਿਹੜੇ ਤਰੀਕਿਆਂ ਰਾਹੀਂ ਆਪਣਾ ਪਿਆਰ ਦਿਖਾ ਸਕਦੇ ਹਾਂ?
ਭੈਣਾਂ-ਭਰਾਵਾਂ ਨੂੰ ਪਿਆਰ ਕਰੋ
9. ਪਿਆਰ ਹੋਣ ਕਰਕੇ ਯੂਹੰਨਾ ਕੀ ਕਰਨ ਲਈ ਪ੍ਰੇਰਿਤ ਹੋਇਆ?
9 ਯੂਹੰਨਾ ਆਪਣੇ ਪਿਤਾ ਨਾਲ ਮੱਛੀਆਂ ਦੇ ਕਾਰੋਬਾਰ ਤੋਂ ਪੈਸੇ ਕਮਾ ਸਕਦਾ ਸੀ। ਪਰ ਉਸ ਨੇ ਆਪਣੀ ਬਾਕੀ ਦੀ ਜ਼ਿੰਦਗੀ ਦੂਜਿਆਂ ਨੂੰ ਯਹੋਵਾਹ ਤੇ ਯਿਸੂ ਬਾਰੇ ਸਿਖਾਉਣ ਵਿਚ ਲਾਈ। ਯੂਹੰਨਾ ਨੇ ਜਿਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਦਾ ਫ਼ੈਸਲਾ ਕੀਤਾ ਸੀ, ਉਹ ਸੌਖੀ ਨਹੀਂ ਸੀ। ਉਸ ਨੂੰ ਪ੍ਰਚਾਰ ਕਰਨ ਕਰਕੇ ਸਤਾਇਆ ਗਿਆ ਅਤੇ ਪਹਿਲੀ ਸਦੀ ਦੇ ਅਖ਼ੀਰ ਵਿਚ ਜਦੋਂ ਉਹ ਸਿਆਣੀ ਉਮਰ ਦਾ ਹੋ ਚੁੱਕਾ ਸੀ, ਤਾਂ ਉਸ ਨੂੰ ਦੇਸ਼-ਨਿਕਾਲਾ ਦਿੱਤਾ ਗਿਆ। (ਰਸੂ. 3:1; 4:1-3; 5:18; ਪ੍ਰਕਾ. 1:9) ਭਾਵੇਂ ਯਿਸੂ ਬਾਰੇ ਗਵਾਹੀ ਦੇਣ ਕਰਕੇ ਉਹ ਜੇਲ੍ਹ ਵਿਚ ਸੀ, ਪਰ ਫਿਰ ਵੀ ਉਸ ਨੇ ਦੂਜਿਆਂ ਲਈ ਪਿਆਰ ਦਿਖਾਇਆ। ਮਿਸਾਲ ਲਈ, ਜਦੋਂ ਉਹ ਪਾਤਮੁਸ ਟਾਪੂ ʼਤੇ ਸੀ, ਤਾਂ ਉਸ ਨੇ ਉਹ ਗੱਲਾਂ ਲਿਖੀਆਂ ਜੋ ਉਸ ʼਤੇ ਪ੍ਰਗਟ ਕੀਤੀਆਂ ਗਈਆਂ ਸਨ ਅਤੇ ਮੰਡਲੀਆਂ ਨੂੰ ਭੇਜੀਆਂ ਤਾਂਕਿ ਉਹ ਵੀ ਜਾਣਨ ਕਿ “ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ।” (ਪ੍ਰਕਾ. 1:1) ਲੱਗਦਾ ਹੈ ਕਿ ਪਾਤਮੁਸ ਟਾਪੂ ਤੋਂ ਰਿਹਾ ਹੋਣ ਤੋਂ ਬਾਅਦ ਯੂਹੰਨਾ ਨੇ ਆਪਣੀ ਇੰਜੀਲ ਲਿਖੀ ਜਿਸ ਵਿਚ ਉਸ ਨੇ ਯਿਸੂ ਦੀ ਜ਼ਿੰਦਗੀ ਤੇ ਸੇਵਕਾਈ ਬਾਰੇ ਵੀ ਲਿਖਿਆ। ਨਾਲੇ ਉਸ ਨੇ ਭੈਣਾਂ-ਭਰਾਵਾਂ ਨੂੰ ਹੌਸਲਾ ਅਤੇ ਹਿੰਮਤ ਦੇਣ ਲਈ ਤਿੰਨ ਚਿੱਠੀਆਂ ਵੀ ਲਿਖੀਆਂ। ਤੁਸੀਂ ਯੂਹੰਨਾ ਦੀ ਰੀਸ ਕਿਵੇਂ ਕਰ ਸਕਦੇ ਹੋ?
10. ਤੁਸੀਂ ਲੋਕਾਂ ਲਈ ਆਪਣਾ ਪਿਆਰ ਕਿਵੇਂ ਦਿਖਾ ਸਕਦੇ ਹੋ?
10 ਤੁਸੀਂ ਆਪਣੇ ਫ਼ੈਸਲਿਆਂ ਰਾਹੀਂ ਦਿਖਾ ਸਕਦੇ ਹੋ ਕਿ ਤੁਸੀਂ ਲੋਕਾਂ ਨੂੰ ਪਿਆਰ ਕਰਦੇ ਹੋ। ਸ਼ੈਤਾਨ ਦੀ ਦੁਨੀਆਂ ਚਾਹੁੰਦੀ ਹੈ ਕਿ ਅਸੀਂ ਆਪਣਾ ਸਮਾਂ ਤੇ ਆਪਣੀ ਤਾਕਤ ਪੈਸਾ ਜਾਂ ਨਾਂ ਕਮਾਉਣ ʼਤੇ ਲਾਈਏ। ਪਰ ਦੁਨੀਆਂ ਭਰ ਵਿਚ ਮਸੀਹੀ ਜ਼ਿਆਦਾ ਤੋਂ ਜ਼ਿਆਦਾ ਸਮਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ʼਤੇ ਲਾਉਂਦੇ ਹਨ ਅਤੇ ਯਹੋਵਾਹ ਦੇ ਨੇੜੇ ਜਾਣ ਵਿਚ ਲੋਕਾਂ ਦੀ ਮਦਦ ਕਰਦੇ ਹਨ। ਕੁਝ ਭੈਣ-ਭਰਾ ਤਾਂ ਆਪਣਾ ਪੂਰਾ ਸਮਾਂ ਪ੍ਰਚਾਰ ਕਰਨ ਤੇ ਸਿਖਾਉਣ ਦੇ ਕੰਮ ʼਤੇ ਲਾਉਂਦੇ ਹਨ।
11. ਬਹੁਤ ਸਾਰੇ ਵਫ਼ਾਦਾਰ ਮਸੀਹੀ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਕਿਵੇਂ ਦਿਖਾਉਂਦੇ ਹਨ?
11 ਬਹੁਤ ਸਾਰੇ ਵਫ਼ਾਦਾਰ ਮਸੀਹੀਆਂ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਪੂਰਾ ਦਿਨ ਕੰਮ ਕਰਨਾ ਪੈਂਦਾ ਹੈ। ਪਰ ਫਿਰ ਵੀ ਇਹ ਵਫ਼ਾਦਾਰ ਮਸੀਹੀ ਹਰ ਤਰੀਕੇ ਨਾਲ ਪਰਮੇਸ਼ੁਰ ਦੇ ਸੰਗਠਨ ਦਾ ਸਾਥ ਦਿੰਦੇ ਹਨ। ਮਿਸਾਲ ਲਈ, ਕੁਝ ਜਣੇ ਰਾਹਤ ਕੰਮ ਵਿਚ ਹਿੱਸਾ ਲੈਂਦੇ ਹਨ, ਹੋਰ ਜਣੇ ਉਸਾਰੀ ਕੰਮ ਵਿਚ ਹੱਥ ਵਟਾਉਂਦੇ ਹਨ ਅਤੇ ਸਾਰੇ ਦੁਨੀਆਂ ਭਰ ਵਿਚ ਹੋ ਰਹੇ ਕੰਮਾਂ ਲਈ ਦਾਨ ਦਿੰਦੇ ਹਨ। ਪਰਮੇਸ਼ੁਰ ਤੇ ਲੋਕਾਂ ਨਾਲ ਪਿਆਰ ਹੋਣ ਕਰਕੇ ਉਹ ਇਸ ਤਰ੍ਹਾਂ ਕਰਦੇ ਹਨ। ਹਰ ਹਫ਼ਤੇ ਅਸੀਂ ਸਭਾਵਾਂ ਵਿਚ ਹਾਜ਼ਰ ਹੋ ਕੇ ਅਤੇ ਇਨ੍ਹਾਂ ਵਿਚ ਹਿੱਸਾ ਲੈ ਕੇ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਦਿਖਾਉਂਦੇ ਹਾਂ। ਚਾਹੇ ਅਸੀਂ ਥੱਕੇ ਹੁੰਦੇ ਹਾਂ, ਫਿਰ ਵੀ ਅਸੀਂ ਸਭਾਵਾਂ ʼਤੇ ਹਾਜ਼ਰ ਹੁੰਦੇ ਹਾਂ। ਚਾਹੇ ਸਾਨੂੰ ਡਰ ਲੱਗਦਾ ਹੋਵੇ, ਫਿਰ ਵੀ ਅਸੀਂ ਟਿੱਪਣੀਆਂ ਦਿੰਦੇ ਹਾਂ। ਇਸ ਤੋਂ ਇਲਾਵਾ, ਭਾਵੇਂ ਅਸੀਂ ਸਾਰੇ ਜਣੇ ਆਪੋ-ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਾਂ, ਫਿਰ ਵੀ ਸਭਾਵਾਂ ਤੋਂ ਪਹਿਲਾਂ ਜਾਂ ਬਾਅਦ ਵਿਚ ਦੂਜਿਆਂ ਨੂੰ ਹੌਸਲਾ ਦਿੰਦੇ ਹਾਂ। (ਇਬ. 10:24, 25) ਅਸੀਂ ਭੈਣਾਂ-ਭਰਾਵਾਂ ਦੇ ਇਨ੍ਹਾਂ ਕੰਮਾਂ ਲਈ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ!
12. ਯੂਹੰਨਾ ਨੇ ਹੋਰ ਕਿਹੜੇ ਤਰੀਕੇ ਰਾਹੀਂ ਭੈਣਾਂ-ਭਰਾਵਾਂ ਲਈ ਪਿਆਰ ਦਿਖਾਇਆ?
12 ਯੂਹੰਨਾ ਨੇ ਭੈਣਾਂ-ਭਰਾਵਾਂ ਦੀ ਸਿਰਫ਼ ਤਾਰੀਫ਼ ਕਰ ਕੇ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸਲਾਹ ਦੇ ਕੇ ਵੀ ਪਿਆਰ ਦਿਖਾਇਆ। ਮਿਸਾਲ ਲਈ, ਉਸ ਨੇ ਆਪਣੀਆਂ ਚਿੱਠੀਆਂ ਵਿਚ ਉਨ੍ਹਾਂ ਦੀ ਨਿਹਚਾ ਤੇ ਚੰਗੇ ਕੰਮਾਂ ਦੀ ਤਾਰੀਫ਼ ਕੀਤੀ, ਪਰ ਉਸ ਨੇ ਪਾਪ ਸੰਬੰਧੀ ਉਨ੍ਹਾਂ ਨੂੰ ਸਾਫ਼-ਸਾਫ਼ ਸਲਾਹ ਵੀ ਦਿੱਤੀ। (1 ਯੂਹੰ. 1:8–2:1, 13, 14) ਇਸ ਤਰ੍ਹਾਂ ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਦੇ ਚੰਗੇ ਕੰਮਾਂ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਪਰ ਜੇ ਕਿਸੇ ਵਿਚ ਗ਼ਲਤ ਰਵੱਈਆ ਜਾਂ ਕੋਈ ਮਾੜੀ ਆਦਤ ਪੈਦਾ ਹੋ ਰਹੀ ਹੈ, ਤਾਂ ਅਸੀਂ ਸਮਝਦਾਰੀ ਨਾਲ ਉਸ ਨੂੰ ਸਲਾਹ ਦੇ ਕੇ ਆਪਣਾ ਪਿਆਰ ਦਿਖਾ ਸਕਦੇ ਹਾਂ। ਦੋਸਤ ਨੂੰ ਸਲਾਹ ਦੇਣ ਲਈ ਹਿੰਮਤ ਦੀ ਲੋੜ ਹੁੰਦੀ ਹੈ, ਪਰ ਬਾਈਬਲ ਕਹਿੰਦੀ ਹੈ ਕਿ ਸੱਚੇ ਦੋਸਤ ਇਕ-ਦੂਜੇ ਨੂੰ ਤਿੱਖਾ ਕਰਦੇ ਹਨ ਯਾਨੀ ਸੁਧਾਰਦੇ ਹਨ।—ਕਹਾ. 27:17.
13. ਸਾਨੂੰ ਕੀ ਨਹੀਂ ਕਰਨਾ ਚਾਹੀਦਾ?
13 ਕਈ ਵਾਰੀ ਅਸੀਂ ਕੁਝ ਨਾ ਕਰ ਕੇ ਵੀ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਹਾਂ। ਮਿਸਾਲ ਲਈ, ਅਸੀਂ ਉਨ੍ਹਾਂ ਦੀਆਂ ਗੱਲਾਂ ਦਾ ਛੇਤੀ ਗੁੱਸਾ ਨਹੀਂ ਮਨਾਉਂਦੇ। ਜ਼ਰਾ ਧਰਤੀ ʼਤੇ ਯਿਸੂ ਦੀ ਜ਼ਿੰਦਗੀ ਦੇ ਆਖ਼ਰੀ ਸਮੇਂ ਦੌਰਾਨ ਹੋਈ ਇਕ ਘਟਨਾ ʼਤੇ ਗੌਰ ਕਰੋ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜ਼ਿੰਦਗੀ ਪਾਉਣ ਲਈ ਉਨ੍ਹਾਂ ਨੂੰ ਉਸ ਦਾ ਮਾਸ ਖਾਣਾ ਤੇ ਲਹੂ ਪੀਣਾ ਪਵੇਗਾ। (ਯੂਹੰ. 6:53-57) ਯਿਸੂ ਦੇ ਬਹੁਤ ਸਾਰੇ ਚੇਲਿਆਂ ਨੂੰ ਇਹ ਗੱਲ ਇੰਨੀ ਘਿਣਾਉਣੀ ਲੱਗੀ ਕਿ ਉਹ ਉਸ ਨੂੰ ਛੱਡ ਕੇ ਚਲੇ ਗਏ। ਪਰ ਯੂਹੰਨਾ ਵਰਗੇ ਸੱਚੇ ਦੋਸਤਾਂ ਨੇ ਉਸ ਦਾ ਸਾਥ ਨਹੀਂ ਛੱਡਿਆ। ਉਹ ਵਫ਼ਾਦਾਰੀ ਨਾਲ ਉਸ ਦੇ ਪਿੱਛੇ ਚੱਲਦੇ ਰਹੇ। ਉਨ੍ਹਾਂ ਨੂੰ ਵੀ ਯਿਸੂ ਦੀ ਗੱਲ ਸਮਝ ਨਹੀਂ ਆਈ ਸੀ ਜਿਸ ਕਰਕੇ ਉਹ ਵੀ ਹੈਰਾਨ ਹੋਏ ਹੋਣੇ। ਪਰ ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਯਿਸੂ ਨੇ ਜੋ ਕਿਹਾ ਗ਼ਲਤ ਸੀ ਅਤੇ ਨਾ ਹੀ ਉਸ ਦੀ ਗੱਲ ਦਾ ਗੁੱਸਾ ਕੀਤਾ। ਇਸ ਦੀ ਬਜਾਇ, ਉਨ੍ਹਾਂ ਨੂੰ ਯਿਸੂ ʼਤੇ ਭਰੋਸਾ ਸੀ ਕਿਉਂਕਿ ਉਹ ਜਾਣਦੇ ਸਨ ਕਿ ਉਹ ਸੱਚ ਬੋਲ ਰਿਹਾ ਸੀ। (ਯੂਹੰ. 6:60, 66-69) ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਭੈਣਾਂ-ਭਰਾਵਾਂ ਦੀਆਂ ਗੱਲਾਂ ਕਰਕੇ ਛੇਤੀ ਗੁੱਸੇ ਨਾ ਹੋਈਏ! ਇਸ ਦੀ ਬਜਾਇ, ਸਾਨੂੰ ਉਨ੍ਹਾਂ ਨੂੰ ਗ਼ਲਤਫ਼ਹਿਮੀ ਦੂਰ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ।—ਕਹਾ. 18:13; ਉਪ. 7:9.
14. ਸਾਨੂੰ ਨਫ਼ਰਤ ਕਿਉਂ ਨਹੀਂ ਕਰਨੀ ਚਾਹੀਦੀ?
14 ਯੂਹੰਨਾ ਰਸੂਲ ਨੇ ਸਾਨੂੰ ਇਹ ਵੀ ਤਾਕੀਦ ਕੀਤੀ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਨਫ਼ਰਤ ਨਾ ਕਰੀਏ। ਜੇ ਅਸੀਂ ਇਸ ਸਲਾਹ ਨੂੰ ਨਹੀਂ ਮੰਨਦੇ, ਤਾਂ ਅਸੀਂ ਸ਼ੈਤਾਨ ਦੇ ਹੱਥਾਂ ਵਿਚ ਕਠਪੁਤਲੀ ਬਣ ਜਾਵਾਂਗੇ। (1 ਯੂਹੰ. 2:11; 3:15) ਪਹਿਲੀ ਸਦੀ ਦੇ ਅਖ਼ੀਰ ਵਿਚ ਕੁਝ ਜਣਿਆਂ ਨਾਲ ਇੱਦਾਂ ਹੀ ਹੋਇਆ। ਸ਼ੈਤਾਨ ਪਰਮੇਸ਼ੁਰ ਦੇ ਲੋਕਾਂ ਵਿਚ ਨਫ਼ਰਤ ਪੈਦਾ ਕਰਨ ਅਤੇ ਫੁੱਟ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਯੂਹੰਨਾ ਨੇ ਇਹ ਚਿੱਠੀਆਂ ਲਿਖੀਆਂ, ਉਦੋਂ ਮੰਡਲੀ ਵਿਚ ਸ਼ੈਤਾਨ ਵਰਗੀ ਸੋਚ ਰੱਖਣ ਵਾਲੇ ਆਦਮੀ ਆ ਚੁੱਕੇ ਸਨ। ਮਿਸਾਲ ਲਈ, ਦਿਉਤ੍ਰਿਫੇਸ ਨੇ ਮੰਡਲੀ ਵਿਚ ਫੁੱਟ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। (3 ਯੂਹੰ. 9, 10) ਉਹ ਪ੍ਰਬੰਧਕ ਸਭਾ ਵੱਲੋਂ ਭੇਜੇ ਭਰਾਵਾਂ ਦੀ ਇੱਜ਼ਤ ਨਹੀਂ ਕਰਦਾ ਸੀ। ਉਸ ਨੇ ਉਨ੍ਹਾਂ ਮਸੀਹੀਆਂ ਨੂੰ ਮੰਡਲੀ ਵਿੱਚੋਂ ਕੱਢਣ ਦੀ ਵੀ ਕੋਸ਼ਿਸ਼ ਕੀਤੀ ਜੋ ਉਨ੍ਹਾਂ ਲੋਕਾਂ ਦੀ ਪਰਾਹੁਣਚਾਰੀ ਕਰਦੇ ਸਨ ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰਦਾ ਸੀ। ਕਿੰਨਾ ਹੀ ਘਮੰਡੀ ਰਵੱਈਆ! ਸ਼ੈਤਾਨ ਅੱਜ ਵੀ ਪਰਮੇਸ਼ੁਰ ਦੇ ਲੋਕਾਂ ਵਿਚ ਫੁੱਟ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਆਓ ਆਪਾਂ ਕਦੇ ਵੀ ਨਫ਼ਰਤ ਕਰਕੇ ਆਪਣੇ ਵਿਚ ਫੁੱਟ ਨਾ ਪੈਣ ਦੇਈਏ।
ਆਪਣੇ ਪਰਿਵਾਰ ਨੂੰ ਪਿਆਰ ਕਰੋ
15. ਪਰਿਵਾਰ ਦੇ ਮੁਖੀ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
15 ਪਰਿਵਾਰ ਦਾ ਮੁਖੀ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਕੇ ਉਨ੍ਹਾਂ ਲਈ ਪਿਆਰ ਦਿਖਾਉਂਦਾ ਹੈ। (1 ਤਿਮੋ. 5:8) ਪਰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਆਪਣੇ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਜੋੜਨ ਵਿਚ ਮਦਦ ਕਰੇ। (ਮੱਤੀ 5:3) ਗੌਰ ਕਰੋ ਯਿਸੂ ਨੇ ਪਰਿਵਾਰ ਦੇ ਮੁਖੀਆਂ ਲਈ ਕਿਵੇਂ ਵਧੀਆ ਮਿਸਾਲ ਰੱਖੀ। ਯੂਹੰਨਾ ਦੀ ਇੰਜੀਲ ਅਨੁਸਾਰ ਜਦੋਂ ਯਿਸੂ ਤਸੀਹੇ ਦੀ ਸੂਲ਼ੀ ʼਤੇ ਆਖ਼ਰੀ ਸਾਹ ਲੈ ਰਿਹਾ ਸੀ, ਤਾਂ ਉਹ ਉਸ ਸਮੇਂ ਵੀ ਆਪਣੇ ਪਰਿਵਾਰ ਬਾਰੇ ਸੋਚ ਰਿਹਾ ਸੀ। ਯੂਹੰਨਾ ਅਤੇ ਯਿਸੂ ਦੀ ਮਾਂ ਮਰੀਅਮ ਉਸ ਥਾਂ ʼਤੇ ਮੌਜੂਦ ਸਨ ਜਿੱਥੇ ਯਿਸੂ ਨੂੰ ਟੰਗਿਆ ਹੋਇਆ ਸੀ। ਇੰਨੀ ਦਰਦਨਾਕ ਹਾਲਤ ਵਿਚ ਵੀ ਯਿਸੂ ਨੇ ਆਪਣੀ ਮਾਂ ਮਰੀਅਮ ਲਈ ਪਿਆਰ ਦਿਖਾਇਆ। ਇਸ ਕਰਕੇ ਉਸ ਨੇ ਆਪਣੀ ਮਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਯੂਹੰਨਾ ਨੂੰ ਦਿੱਤੀ। (ਯੂਹੰ. 19:26, 27) ਬਿਨਾਂ ਸ਼ੱਕ, ਯਿਸੂ ਦੇ ਭੈਣਾਂ-ਭਰਾਵਾਂ ਨੇ ਮਰੀਅਮ ਦੀ ਦੇਖ-ਭਾਲ ਕਰਨੀ ਸੀ, ਪਰ ਲੱਗਦਾ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ ਯਿਸੂ ਦਾ ਚੇਲਾ ਨਹੀਂ ਬਣਿਆ ਸੀ। ਯਿਸੂ ਚਾਹੁੰਦਾ ਸੀ ਕਿ ਮਰੀਅਮ ਦੀਆਂ ਸਿਰਫ਼ ਭੌਤਿਕ ਲੋੜਾਂ ਹੀ ਪੂਰੀਆਂ ਨਾ ਹੋਣ, ਸਗੋਂ ਉਸ ਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਵੀ ਮਿਲੇ।
16. ਯੂਹੰਨਾ ਦੇ ਸਿਰ ʼਤੇ ਕਿਹੜੀਆਂ ਜ਼ਿੰਮੇਵਾਰੀਆਂ ਸਨ?
16 ਯੂਹੰਨਾ ਦੇ ਸਿਰ ʼਤੇ ਕਾਫ਼ੀ ਜ਼ਿੰਮੇਵਾਰੀਆਂ ਸਨ। ਰਸੂਲ ਹੋਣ ਦੇ ਨਾਤੇ, ਉਹ ਪ੍ਰਚਾਰ ਕੰਮ ਦੀ ਅਗਵਾਈ ਕਰਦਾ ਸੀ। ਸ਼ਾਇਦ ਉਹ ਵਿਆਹਿਆ ਹੋਇਆ ਸੀ ਜਿਸ ਕਰਕੇ ਉਸ ਨੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਸਨ। ਨਾਲੇ ਉਸ ਨੇ ਪਰਮੇਸ਼ੁਰ ਨਾਲ ਉਨ੍ਹਾਂ ਦਾ ਵਧੀਆ ਰਿਸ਼ਤਾ ਜੋੜਨ ਵਿਚ ਵੀ ਮਦਦ ਕਰਨੀ ਸੀ। (1 ਕੁਰਿੰ. 9:5) ਯੂਹੰਨਾ ਤੋਂ ਅੱਜ ਪਰਿਵਾਰ ਦੇ ਮੁਖੀ ਕੀ ਸਿੱਖ ਸਕਦੇ ਹਨ?
17. ਇਹ ਕਿਉਂ ਜ਼ਰੂਰੀ ਹੈ ਕਿ ਪਰਿਵਾਰ ਦਾ ਮੁਖੀ ਆਪਣੇ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰਨ ਵਿਚ ਮਦਦ ਕਰੇ?
17 ਪਰਿਵਾਰ ਦੇ ਮੁਖੀ ਦੀਆਂ ਕਾਫ਼ੀ ਜ਼ਿੰਮੇਵਾਰੀਆਂ ਹੋ ਸਕਦੀਆਂ ਹਨ। ਮਿਸਾਲ ਲਈ, ਉਸ ਨੂੰ ਕੰਮ ਦੀ ਥਾਂ ʼਤੇ ਧਿਆਨ ਰੱਖਣ ਦੀ ਲੋੜ ਹੈ ਤਾਂਕਿ ਉਸ ਦੇ ਚਾਲ-ਚਲਣ ਤੋਂ ਯਹੋਵਾਹ ਦੀ ਮਹਿਮਾ ਹੋਵੇ। (ਅਫ਼. 6:5, 6; ਤੀਤੁ. 2:9, 10) ਸ਼ਾਇਦ ਉਸ ਕੋਲ ਮੰਡਲੀ ਵਿਚ ਵੀ ਜ਼ਿੰਮੇਵਾਰੀਆਂ ਹੋਣ, ਜਿਵੇਂ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣਾ ਅਤੇ ਪ੍ਰਚਾਰ ਕੰਮ ਵਿਚ ਅਗਵਾਈ ਕਰਨੀ। ਨਾਲੇ ਇਹ ਵੀ ਜ਼ਰੂਰੀ ਹੈ ਕਿ ਉਹ ਬਾਕਾਇਦਾ ਆਪਣੀ ਪਤਨੀ ਤੇ ਬੱਚਿਆਂ ਨਾਲ ਮਿਲ ਕੇ ਬਾਈਬਲ ਦੀ ਸਟੱਡੀ ਕਰੇ। ਉਸ ਦਾ ਪਰਿਵਾਰ ਇਸ ਗੱਲ ਦੀ ਦਿਲੋਂ ਕਦਰ ਕਰੇਗਾ ਕਿ ਉਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ।—ਅਫ਼. 5:28, 29; 6:4.
‘ਮੇਰੇ ਪਿਆਰ ਦੇ ਲਾਇਕ ਬਣੇ ਰਹੋ’
18. ਯੂਹੰਨਾ ਨੂੰ ਕਿਸ ਗੱਲ ਦਾ ਭਰੋਸਾ ਸੀ?
18 ਯੂਹੰਨਾ ਨੇ ਲੰਬੀ ਜ਼ਿੰਦਗੀ ਗੁਜ਼ਾਰੀ ਅਤੇ ਉਸ ਨੂੰ ਕਾਫ਼ੀ ਵਧੀਆ ਤਜਰਬੇ ਹੋਏ। ਉਸ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਮ੍ਹਣਾ ਕੀਤਾ ਜਿਨ੍ਹਾਂ ਕਰਕੇ ਉਸ ਦੀ ਨਿਹਚਾ ਕਮਜ਼ੋਰ ਹੋ ਸਕਦੀ ਸੀ। ਪਰ ਉਸ ਨੇ ਹਮੇਸ਼ਾ ਪੂਰੀ ਵਾਹ ਲਾ ਕੇ ਯਿਸੂ ਦੇ ਹੁਕਮਾਂ ਦੀ ਪਾਲਣਾ ਕੀਤੀ ਜਿਸ ਵਿਚ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਦਾ ਹੁਕਮ ਵੀ ਸ਼ਾਮਲ ਸੀ। ਇਸ ਕਰਕੇ ਯੂਹੰਨਾ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਤੇ ਯਿਸੂ ਉਸ ਨੂੰ ਪਿਆਰ ਕਰਦੇ ਸਨ ਅਤੇ ਉਸ ਨੂੰ ਕਿਸੇ ਵੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਦੀ ਤਾਕਤ ਦੇ ਸਕਦੇ ਸਨ। (ਯੂਹੰ. 14:15-17; 15:10; 1 ਯੂਹੰ. 4:16) ਸ਼ੈਤਾਨ ਅਤੇ ਉਸ ਦੀ ਦੁਨੀਆਂ ਯੂਹੰਨਾ ਨੂੰ ਆਪਣੀ ਕਹਿਣੀ ਤੇ ਕਰਨੀ ਰਾਹੀਂ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਣ ਤੋਂ ਰੋਕ ਨਹੀਂ ਸਕੀ।
19. ਪਹਿਲਾ ਯੂਹੰਨਾ 4:7 ਵਿਚ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ ਅਤੇ ਕਿਉਂ?
19 ਯੂਹੰਨਾ ਵਾਂਗ ਅਸੀਂ ਵੀ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿਸ ਦਾ ਰਾਜਾ ਸ਼ੈਤਾਨ ਹੈ ਜੋ ਕਿਸੇ ਨੂੰ ਪਿਆਰ ਨਹੀਂ ਕਰਦਾ। (1 ਯੂਹੰ. 3:1, 10) ਭਾਵੇਂ ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨਾ ਛੱਡ ਦੇਈਏ, ਪਰ ਉਹ ਉਦੋਂ ਤਕ ਸਫ਼ਲ ਨਹੀਂ ਹੋ ਸਕਦਾ ਜਦੋਂ ਤਕ ਅਸੀਂ ਉਸ ਨੂੰ ਇੱਦਾਂ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਆਓ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਆਪਣੀ ਕਹਿਣੀ ਤੇ ਕਰਨੀ ਰਾਹੀਂ ਪਿਆਰ ਦਿਖਾਉਣ ਦਾ ਪੱਕਾ ਇਰਾਦਾ ਕਰੀਏ। ਫਿਰ ਸਾਨੂੰ ਖ਼ੁਸ਼ੀ ਹੋਵੇਗੀ ਕਿ ਅਸੀਂ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਹਾਂ ਅਤੇ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਾਂਗੇ।—1 ਯੂਹੰਨਾ 4:7 ਪੜ੍ਹੋ।
ਗੀਤ 11 ਯਹੋਵਾਹ ਦਾ ਜੀ ਆਨੰਦ ਕਰੋ
a ਮੰਨਿਆ ਜਾਂਦਾ ਹੈ ਕਿ ਯੂਹੰਨਾ ਰਸੂਲ ਉਹ ਚੇਲਾ ਸੀ “ਜਿਸ . . . ਨੂੰ ਯਿਸੂ ਪਿਆਰ ਕਰਦਾ ਸੀ।” (ਯੂਹੰ. 21:7) ਸੋ ਨੌਜਵਾਨ ਹੁੰਦਿਆਂ ਯੂਹੰਨਾ ਵਿਚ ਜ਼ਰੂਰ ਬਹੁਤ ਵਧੀਆ ਗੁਣ ਹੋਣੇ। ਬਹੁਤ ਸਾਲਾਂ ਬਾਅਦ ਯਹੋਵਾਹ ਨੇ ਉਸ ਨੂੰ ਪਿਆਰ ਦੇ ਗੁਣ ਬਾਰੇ ਕਾਫ਼ੀ ਕੁਝ ਲਿਖਣ ਲਈ ਵਰਤਿਆ। ਇਸ ਲੇਖ ਵਿਚ ਅਸੀਂ ਯੂਹੰਨਾ ਵੱਲੋਂ ਲਿਖੀਆਂ ਕੁਝ ਗੱਲਾਂ ʼਤੇ ਚਰਚਾ ਕਰਾਂਗੇ ਅਤੇ ਦੇਖਾਂਗੇ ਕਿ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।
b ਤਸਵੀਰ ਬਾਰੇ ਜਾਣਕਾਰੀ: ਪਰਿਵਾਰ ਦਾ ਮੁਖੀ ਰਾਹਤ ਕੰਮ ਵਿਚ ਮਦਦ ਕਰਦਾ ਹੋਇਆ, ਦਾਨ ਦੇ ਕੇ ਦੁਨੀਆਂ ਭਰ ਦੇ ਕੰਮਾਂ ਵਿਚ ਯੋਗਦਾਨ ਪਾਉਂਦਾ ਹੋਇਆ ਅਤੇ ਹੋਰਨਾਂ ਨੂੰ ਆਪਣੀ ਪਰਿਵਾਰਕ ਸਟੱਡੀ ਵਿਚ ਆਉਣ ਦਾ ਸੱਦਾ ਦਿੰਦਾ ਹੋਇਆ।