ਅਧਿਐਨ ਲੇਖ 22
“ਪਵਿੱਤਰ ਰਾਹ” ਉੱਤੇ ਚੱਲਦੇ ਰਹੋ
“ਉੱਥੇ ਇਕ ਰਾਜਮਾਰਗ ਹੋਵੇਗਾ, . . . ਜੋ ਪਵਿੱਤਰ ਰਾਹ ਕਹਾਉਂਦਾ ਹੈ।”—ਯਸਾ. 35:8.
ਗੀਤ 31 ਪਰਮੇਸ਼ੁਰ ਦੇ ਨਾਲ-ਨਾਲ ਚੱਲੋ!
ਖ਼ਾਸ ਗੱਲਾਂa
1-2. ਬਾਬਲ ਵਿਚ ਰਹਿੰਦੇ ਯਹੂਦੀਆਂ ਨੂੰ ਕਿਹੜਾ ਅਹਿਮ ਫ਼ੈਸਲਾ ਕਰਨਾ ਪੈਣਾ ਸੀ? (ਅਜ਼ਰਾ 1:2-4)
ਇਕ ਜ਼ਬਰਦਸਤ ਖ਼ਬਰ ਅੱਗ ਵਾਂਗ ਫੈਲ ਰਹੀ ਸੀ! 70 ਸਾਲ ਪਹਿਲਾਂ ਬਾਬਲ ਵਿਚ ਕੈਦੀਆਂ ਵਜੋਂ ਆਏ ਯਹੂਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਦੇਸ਼ ਇਜ਼ਰਾਈਲ ਵਾਪਸ ਜਾਣ ਦੀ ਇਜਾਜ਼ਤ ਮਿਲ ਗਈ ਸੀ। (ਅਜ਼ਰਾ 1:2-4 ਪੜ੍ਹੋ।) ਸਿਰਫ਼ ਯਹੋਵਾਹ ਹੀ ਇਹ ਕਰ ਸਕਦਾ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਬਾਬਲੀ ਆਪਣੇ ਕੈਦੀਆਂ ਨੂੰ ਕਦੇ ਆਜ਼ਾਦ ਨਹੀਂ ਕਰਦੇ ਸਨ। (ਯਸਾ. 14:4, 17) ਪਰ ਇਕ ਦੂਜੀ ਹਕੂਮਤ ਨੇ ਬਾਬਲੀਆਂ ਦਾ ਤਖ਼ਤਾ ਪਲਟ ਦਿੱਤਾ ਅਤੇ ਨਵੇਂ ਰਾਜੇ ਨੇ ਯਹੂਦੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ। ਇਸ ਕਰਕੇ ਹੁਣ ਹਰ ਯਹੂਦੀ ਪਰਿਵਾਰ ਦੇ ਮੁਖੀ ਨੂੰ ਇਹ ਫ਼ੈਸਲਾ ਕਰਨਾ ਪੈਣਾ ਸੀ ਕਿ ਉਹ ਬਾਬਲ ਛੱਡੇਗਾ ਜਾਂ ਉੱਥੇ ਹੀ ਰਹੇਗਾ। ਸ਼ਾਇਦ ਇਹ ਫ਼ੈਸਲਾ ਕਰਨਾ ਇੰਨਾ ਸੌਖਾ ਨਹੀਂ ਸੀ। ਉਹ ਕਿਉਂ?
2 ਕਈ ਯਹੂਦੀ ਸਿਆਣੀ ਉਮਰ ਦੇ ਹੋ ਗਏ ਸਨ। ਇਸ ਕਰਕੇ ਉਨ੍ਹਾਂ ਲਈ ਇੰਨਾ ਲੰਬਾ ਸਫ਼ਰ ਤੈਅ ਕਰਨਾ ਬਹੁਤ ਔਖਾ ਹੋਣਾ ਸੀ। ਨਾਲੇ ਕੁਝ ਯਹੂਦੀ ਬਾਬਲ ਵਿਚ ਹੀ ਪੈਦਾ ਹੋਏ ਸਨ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਇਹੀ ਉਨ੍ਹਾਂ ਦਾ ਘਰ ਸੀ। ਇਜ਼ਰਾਈਲ ਤਾਂ ਉਨ੍ਹਾਂ ਦੇ ਪਿਓ-ਦਾਦਿਆਂ ਦਾ ਦੇਸ਼ ਸੀ। ਇਸ ਤੋਂ ਇਲਾਵਾ, ਕੁਝ ਯਹੂਦੀ ਬਾਬਲ ਵਿਚ ਬਹੁਤ ਅਮੀਰ ਹੋ ਗਏ ਸਨ ਅਤੇ ਆਰਾਮਦਾਇਕ ਜ਼ਿੰਦਗੀ ਜੀ ਰਹੇ ਸਨ। ਇਸ ਲਈ ਸ਼ਾਇਦ ਉਨ੍ਹਾਂ ਦੇ ਮਨ ਵਿਚ ਆਇਆ ਹੋਣਾ ਕਿ ਇੱਥੇ ਤਾਂ ਉਨ੍ਹਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਹੈ ਅਤੇ ਆਪਣੇ ਕਾਰੋਬਾਰ ਨੂੰ ਛੱਡ ਕੇ ਅਣਜਾਣ ਦੇਸ਼ ਵਿਚ ਜਾ ਕੇ ਵੱਸਣਾ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ।
3. ਇਜ਼ਰਾਈਲ ਵਾਪਸ ਜਾਣ ਵਾਲੇ ਵਫ਼ਾਦਾਰ ਯਹੂਦੀਆਂ ਨੂੰ ਕਿਹੜੀ ਬਰਕਤ ਮਿਲਣੀ ਸੀ?
3 ਵਫ਼ਾਦਾਰ ਯਹੂਦੀ ਜਾਣਦੇ ਸਨ ਕਿ ਇਜ਼ਰਾਈਲ ਜਾਣ ਲਈ ਉਹ ਜੋ ਵੀ ਕੁਰਬਾਨੀਆਂ ਕਰਨਗੇ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ। ਸਭ ਤੋਂ ਵੱਡੀ ਬਰਕਤ ਉਨ੍ਹਾਂ ਨੂੰ ਇਹ ਮਿਲਣੀ ਸੀ ਕਿ ਉੱਥੇ ਜਾ ਕੇ ਉਹ ਯਹੋਵਾਹ ਦੀ ਭਗਤੀ ਕਰ ਸਕਦੇ ਸਨ। ਭਾਵੇਂ ਕਿ ਬਾਬਲ ਵਿਚ 50 ਤੋਂ ਜ਼ਿਆਦਾ ਝੂਠੇ ਦੇਵੀ-ਦੇਵਤਿਆਂ ਦੇ ਮੰਦਰ ਸਨ, ਪਰ ਉਸ ਸ਼ਹਿਰ ਵਿਚ ਯਹੋਵਾਹ ਦਾ ਇਕ ਵੀ ਮੰਦਰ ਨਹੀਂ ਸੀ। ਉੱਥੇ ਯਹੋਵਾਹ ਦੀ ਇਕ ਵੀ ਵੇਦੀ ਨਹੀਂ ਸੀ ਜਿੱਥੇ ਇਜ਼ਰਾਈਲੀ ਮੂਸਾ ਦੇ ਕਾਨੂੰਨ ਮੁਤਾਬਕ ਬਲ਼ੀਆਂ ਚੜ੍ਹਾ ਸਕਦੇ ਸਨ। ਨਾਲੇ ਬਲ਼ੀਆਂ ਚੜ੍ਹਾਉਣ ਲਈ ਪੁਜਾਰੀ ਦਲ ਦਾ ਵੀ ਪ੍ਰਬੰਧ ਨਹੀਂ ਸੀ। ਇਸ ਤੋਂ ਇਲਾਵਾ, ਯਹੋਵਾਹ ਦੇ ਲੋਕ ਝੂਠੀ ਭਗਤੀ ਕਰਨ ਵਾਲੇ ਲੋਕਾਂ ਨਾਲ ਘਿਰੇ ਹੋਏ ਸਨ ਜੋ ਨਾ ਤਾਂ ਯਹੋਵਾਹ ਦਾ ਤੇ ਨਾ ਹੀ ਉਸ ਦੇ ਮਿਆਰਾਂ ਦਾ ਕੋਈ ਆਦਰ ਕਰਦੇ ਸਨ। ਇਸ ਲਈ ਪਰਮੇਸ਼ੁਰ ਤੋਂ ਡਰਨ ਵਾਲੇ ਹਜ਼ਾਰਾਂ ਹੀ ਯਹੂਦੀ ਬੇਸਬਰੀ ਨਾਲ ਆਪਣੇ ਦੇਸ਼ ਜਾਣ ਦੀ ਉਡੀਕ ਕਰ ਰਹੇ ਸਨ ਜਿੱਥੇ ਜਾ ਕੇ ਉਹ ਦੁਬਾਰਾ ਸ਼ੁੱਧ ਭਗਤੀ ਕਰ ਸਕਦੇ ਸਨ।
4. ਯਹੋਵਾਹ ਨੇ ਇਜ਼ਰਾਈਲ ਵਾਪਸ ਜਾਣ ਵਾਲੇ ਯਹੂਦੀਆਂ ਨਾਲ ਕੀ ਵਾਅਦਾ ਕੀਤਾ?
4 ਬਾਬਲ ਤੋਂ ਇਜ਼ਰਾਈਲ ਤਕ ਦਾ ਔਖਾ ਸਫ਼ਰ ਤੈਅ ਕਰਨ ਵਿਚ ਲਗਭਗ ਚਾਰ ਮਹੀਨੇ ਲੱਗ ਸਕਦੇ ਸਨ। ਪਰ ਯਹੋਵਾਹ ਨੇ ਯਹੂਦੀਆਂ ਨਾਲ ਵਾਅਦਾ ਕੀਤਾ ਕਿ ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਕੇ ਉਨ੍ਹਾਂ ਦੇ ਰਾਹ ਨੂੰ ਪੱਧਰਾ ਕਰ ਦੇਵੇਗਾ। ਯਸਾਯਾਹ ਨੇ ਲਿਖਿਆ: “ਯਹੋਵਾਹ ਦਾ ਰਸਤਾ ਪੱਧਰਾ ਕਰੋ! ਸਾਡੇ ਪਰਮੇਸ਼ੁਰ ਲਈ ਰੇਗਿਸਤਾਨ ਥਾਣੀਂ ਇਕ ਸਿੱਧਾ ਰਾਜਮਾਰਗ ਬਣਾਓ। . . . ਉੱਚੀ-ਨੀਵੀਂ ਜ਼ਮੀਨ ਪੱਧਰੀ ਕੀਤੀ ਜਾਵੇ ਅਤੇ ਉਬੜ-ਖਾਬੜ ਜ਼ਮੀਨ ਨੂੰ ਮੈਦਾਨ ਬਣਾ ਦਿੱਤਾ ਜਾਵੇ।” (ਯਸਾ. 40:3, 4) ਜ਼ਰਾ ਕਲਪਨਾ ਕਰੋ: ਰੇਗਿਸਤਾਨ ਜਾਂ ਉਜਾੜ ਥਾਣੀਂ ਇਕ ਰਾਜਮਾਰਗ ਨਿਕਲ ਰਿਹਾ ਹੈ ਅਤੇ ਰਾਹ ਬਿਲਕੁਲ ਵੀ ਉਬੜ-ਖਾਬੜ ਨਹੀਂ ਹੈ। ਇਸ ʼਤੇ ਸਫ਼ਰ ਕਰਨ ਵਾਲਿਆਂ ਨੂੰ ਪਹਾੜ-ਪਹਾੜੀਆਂ ਉੱਤੇ ਚੜ੍ਹਨਾ-ਉਤਰਨਾ ਨਹੀਂ ਪੈਣਾ ਸੀ ਅਤੇ ਨਾ ਹੀ ਘਾਟੀਆਂ ਵਿੱਚੋਂ ਦੀ ਘੁੰਮ-ਘੁਮਾ ਕੇ ਜਾਣਾ ਪੈਣਾ ਸੀ। ਇਸ ਦੀ ਬਜਾਇ, ਉਹ ਸਿੱਧੇ-ਸਿੱਧੇ ਤੁਰਦੇ ਜਾ ਸਕਦੇ ਸਨ। ਇਸ ਰਾਜਮਾਰਗ ʼਤੇ ਸਫ਼ਰ ਕਰਨਾ ਕਿੰਨਾ ਮਜ਼ੇਦਾਰ ਹੋਣਾ ਸੀ ਅਤੇ ਉਹ ਆਪਣੀ ਮੰਜ਼ਲ ਤਕ ਕਿੰਨੀ ਜਲਦੀ ਪਹੁੰਚ ਸਕਦੇ ਸਨ।
5. ਬਾਬਲ ਤੋਂ ਇਜ਼ਰਾਈਲ ਤਕ ਜੋ ਰਾਜਮਾਰਗ ਸੀ, ਉਸ ਨੂੰ ਕੀ ਨਾਂ ਦਿੱਤਾ ਗਿਆ ਸੀ?
5 ਅੱਜ ਬਹੁਤ ਸਾਰੇ ਰਾਜਮਾਰਗਾਂ (ਹਾਈਵੇ) ਨੂੰ ਨਾਂ ਜਾਂ ਨੰਬਰ ਦਿੱਤੇ ਜਾਂਦੇ ਹਨ। ਯਸਾਯਾਹ ਨੇ ਜਿਸ ਰਾਜਮਾਰਗ ਬਾਰੇ ਦੱਸਿਆ ਸੀ, ਉਸ ਦਾ ਵੀ ਇਕ ਨਾਂ ਸੀ। ਅਸੀਂ ਪੜ੍ਹਦੇ ਹਾਂ: “ਉੱਥੇ ਇਕ ਰਾਜਮਾਰਗ ਹੋਵੇਗਾ, ਹਾਂ, ਇਕ ਰਾਹ ਜੋ ਪਵਿੱਤਰ ਰਾਹ ਕਹਾਉਂਦਾ ਹੈ। ਕੋਈ ਵੀ ਅਸ਼ੁੱਧ ਵਿਅਕਤੀ ਉਸ ਉੱਤੇ ਨਹੀਂ ਚੱਲੇਗਾ।” (ਯਸਾ. 35:8) ਉਸ ਸਮੇਂ ਦੇ ਇਜ਼ਰਾਈਲੀਆਂ ਲਈ ਇਹ ਵਾਅਦਾ ਕੀ ਮਾਅਨੇ ਰੱਖਦਾ ਸੀ? ਨਾਲੇ ਅੱਜ ਇਹ ਵਾਅਦਾ ਸਾਡੇ ਲਈ ਕੀ ਮਾਅਨੇ ਰੱਖਦਾ ਹੈ?
“ਪਵਿੱਤਰ ਰਾਹ”—ਉਦੋਂ ਅਤੇ ਅੱਜ
6. ਇਸ ਰਾਹ ਨੂੰ ਪਵਿੱਤਰ ਕਿਉਂ ਕਿਹਾ ਗਿਆ ਸੀ?
6 ਇਸ ਰਾਜਮਾਰਗ ਦਾ ਕਿੰਨਾ ਹੀ ਸੋਹਣਾ ਨਾਂ ਹੈ, “ਪਵਿੱਤਰ ਰਾਹ!” ਇਸ ਰਾਹ ਨੂੰ ਪਵਿੱਤਰ ਕਿਉਂ ਕਿਹਾ ਗਿਆ ਸੀ? ਕਿਉਂਕਿ ਕਿਸੇ ਵੀ “ਅਸ਼ੁੱਧ ਵਿਅਕਤੀ” ਨੂੰ ਇਸ ਰਾਜਮਾਰਗ ʼਤੇ ਚੱਲਣ ਦੀ ਇਜਾਜ਼ਤ ਨਹੀਂ ਸੀ। ਇਸ ਦਾ ਮਤਲਬ ਸੀ ਕਿ ਜੇ ਕੋਈ ਯਹੂਦੀ ਅਨੈਤਿਕ ਕੰਮ, ਮੂਰਤੀ-ਪੂਜਾ ਜਾਂ ਕੋਈ ਹੋਰ ਗੰਭੀਰ ਪਾਪ ਕਰਨੇ ਨਹੀਂ ਛੱਡਦਾ, ਤਾਂ ਉਸ ਨੂੰ ਦੁਬਾਰਾ ਵਸਾਏ ਗਏ ਇਜ਼ਰਾਈਲ ਦੇਸ਼ ਵਿਚ ਰਹਿਣ ਦਾ ਮੌਕਾ ਨਹੀਂ ਮਿਲਣਾ ਸੀ। ਆਪਣੇ ਦੇਸ਼ ਵਾਪਸ ਜਾ ਰਹੇ ਯਹੂਦੀਆਂ ਨੇ ਪਰਮੇਸ਼ੁਰ ਲਈ ਇਕ “ਪਵਿੱਤਰ ਪਰਜਾ” ਬਣਨਾ ਸੀ। (ਬਿਵ. 7:6) ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਹੁਣ ਉਨ੍ਹਾਂ ਨੂੰ ਕੋਈ ਬਦਲਾਅ ਕਰਨ ਦੀ ਲੋੜ ਨਹੀਂ ਸੀ।
7. ਕੁਝ ਯਹੂਦੀਆਂ ਨੂੰ ਕਿਹੜੇ ਬਦਲਾਅ ਕਰਨੇ ਪੈਣੇ ਸਨ? ਇਕ ਉਦਾਹਰਣ ਦਿਓ।
7 ਜਿੱਦਾਂ ਅਸੀਂ ਪਹਿਲਾਂ ਦੇਖਿਆ ਸੀ ਕਿ ਜ਼ਿਆਦਾਤਰ ਯਹੂਦੀਆਂ ਦਾ ਜਨਮ ਬਾਬਲ ਵਿਚ ਹੋਇਆ ਸੀ, ਇਸ ਕਰਕੇ ਬਹੁਤ ਸਾਰੇ ਯਹੂਦੀਆਂ ਦੀ ਸੋਚ ਅਤੇ ਤੌਰ-ਤਰੀਕੇ ਬਾਬਲੀਆਂ ਵਰਗੇ ਹੋ ਗਏ ਸਨ। ਜਦੋਂ ਯਹੂਦੀਆਂ ਦਾ ਪਹਿਲਾ ਗਰੁੱਪ ਇਜ਼ਰਾਈਲ ਵਾਪਸ ਗਿਆ, ਤਾਂ ਉਸ ਤੋਂ 69 ਸਾਲਾਂ ਬਾਅਦ ਅਜ਼ਰਾ ਨੂੰ ਪਤਾ ਲੱਗਾ ਕਿ ਕੁਝ ਯਹੂਦੀਆਂ ਨੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਵਾਲੀਆਂ ਔਰਤਾਂ ਨਾਲ ਵਿਆਹ ਕਰਵਾਏ ਸਨ। (ਕੂਚ 34:15, 16; ਅਜ਼. 9:1, 2) ਬਾਅਦ ਵਿਚ ਜਦੋਂ ਰਾਜਪਾਲ ਨਹਮਯਾਹ ਆਇਆ, ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਇਜ਼ਰਾਈਲ ਵਿਚ ਪੈਦਾ ਹੋਏ ਬੱਚਿਆਂ ਨੂੰ ਤਾਂ ਯਹੂਦੀਆਂ ਦੀ ਭਾਸ਼ਾ ਵੀ ਨਹੀਂ ਆਉਂਦੀ ਸੀ। (ਬਿਵ. 6:6, 7; ਨਹ. 13:23, 24) ਪਰਮੇਸ਼ੁਰ ਦੇ ਬਚਨ ਦਾ ਜ਼ਿਆਦਾਤਰ ਹਿੱਸਾ ਇਬਰਾਨੀ ਭਾਸ਼ਾ ਵਿਚ ਲਿਖਿਆ ਸੀ, ਪਰ ਇਨ੍ਹਾਂ ਬੱਚਿਆਂ ਨੂੰ ਤਾਂ ਇਬਰਾਨੀ ਭਾਸ਼ਾ ਸਮਝ ਹੀ ਨਹੀਂ ਆਉਂਦੀ ਸੀ। ਤਾਂ ਫਿਰ, ਉਹ ਕਿੱਦਾਂ ਯਹੋਵਾਹ ਨੂੰ ਪਿਆਰ ਕਰਨਾ ਅਤੇ ਉਸ ਦੀ ਭਗਤੀ ਕਰਨੀ ਸਿੱਖ ਸਕਦੇ ਸਨ? (ਅਜ਼. 10:3, 44) ਇਨ੍ਹਾਂ ਉਦਾਹਰਣਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਜ਼ਰਾਈਲ ਵਾਪਸ ਆਏ ਯਹੂਦੀਆਂ ਨੂੰ ਆਪਣੇ ਅੰਦਰ ਵੱਡੇ-ਵੱਡੇ ਬਦਲਾਅ ਕਰਨੇ ਪੈਣੇ ਸਨ। ਪਰ ਉਨ੍ਹਾਂ ਲਈ ਇਜ਼ਰਾਈਲ ਵਿਚ ਰਹਿ ਕੇ ਇਹ ਬਦਲਾਅ ਕਰਨੇ ਸੌਖੇ ਹੋਣੇ ਸਨ ਜਿੱਥੇ ਸ਼ੁੱਧ ਭਗਤੀ ਹੌਲੀ-ਹੌਲੀ ਬਹਾਲ ਹੋ ਰਹੀ ਸੀ।—ਨਹ. 8:8, 9.
8. ਹਜ਼ਾਰਾਂ ਸਾਲ ਪਹਿਲਾਂ ਹੋਈਆਂ ਘਟਨਾਵਾਂ ਦਾ ਅੱਜ ਸਾਡੇ ਨਾਲ ਕੀ ਲੈਣਾ-ਦੇਣਾ ਹੈ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
8 ਕੁਝ ਜਣੇ ਸ਼ਾਇਦ ਕਹਿਣ, ‘ਇਹ ਸਫ਼ਰ ਤਾਂ ਬਹੁਤ ਦਿਲਚਸਪ ਹੈ, ਪਰ ਯਹੂਦੀਆਂ ਨਾਲ ਜੋ ਹਜ਼ਾਰਾਂ ਸਾਲ ਪਹਿਲਾਂ ਹੋਇਆ, ਉਸ ਦਾ ਸਾਡੇ ਨਾਲ ਕੀ ਲੈਣਾ-ਦੇਣਾ?’ ਸਾਡੇ ਨਾਲ ਲੈਣਾ-ਦੇਣਾ ਹੈ ਕਿਉਂਕਿ ਅਸੀਂ ਵੀ ਇਕ ਤਰ੍ਹਾਂ ਨਾਲ “ਪਵਿੱਤਰ ਰਾਹ” ਉੱਤੇ ਤੁਰ ਰਹੇ ਹਾਂ। ਚਾਹੇ ਅਸੀਂ ਚੁਣੇ ਹੋਏ ਮਸੀਹੀ ਹੋਈਏ ਜਾਂ ਹੋਰ ਭੇਡਾਂ, ਸਾਨੂੰ ਸਾਰਿਆਂ ਨੂੰ “ਪਵਿੱਤਰ ਰਾਹ” ਉੱਤੇ ਤੁਰਦੇ ਰਹਿਣ ਦੀ ਲੋੜ ਹੈ। ਇਸ ʼਤੇ ਤੁਰਨ ਕਰਕੇ ਅਸੀਂ ਅੱਜ ਅਤੇ ਭਵਿੱਖ ਵਿਚ ਯਹੋਵਾਹ ਦੀ ਭਗਤੀ ਕਰਦੇ ਰਹਿ ਸਕਾਂਗੇ ਜਦੋਂ ਉਸ ਦੇ ਰਾਜ ਅਧੀਨ ਸਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ।b (ਯੂਹੰ. 10:16) 1919 ਤੋਂ ਲੱਖਾਂ ਹੀ ਆਦਮੀ, ਔਰਤਾਂ ਅਤੇ ਬੱਚੇ ਮਹਾਂ ਬਾਬਲ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਵਿੱਚੋਂ ਨਿਕਲੇ ਹਨ ਅਤੇ ਉਨ੍ਹਾਂ ਨੇ ਇਸ ਰਾਹ ʼਤੇ ਤੁਰਨਾ ਸ਼ੁਰੂ ਕੀਤਾ ਹੈ। ਬਿਨਾਂ ਸ਼ੱਕ, ਤੁਸੀਂ ਵੀ ਉਨ੍ਹਾਂ ਵਿੱਚੋਂ ਇਕ ਹੋਣੇ। ਚਾਹੇ ਕਿ ਇਹ ਰਾਹ ਲਗਭਗ 100 ਸਾਲ ਪਹਿਲਾਂ ਹੀ ਖੁੱਲ੍ਹਿਆ ਸੀ, ਪਰ ਇਸ ਨੂੰ ਤਿਆਰ ਕਰਨ ਦਾ ਕੰਮ ਸਦੀਆਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ।
ਰਾਹ ਤਿਆਰ ਕੀਤਾ ਗਿਆ
9. ਯਸਾਯਾਹ 57:14 ਵਿਚ “ਪਵਿੱਤਰ ਰਾਹ” ਤਿਆਰ ਕਰਨ ਦੀ ਜੋ ਗੱਲ ਕੀਤੀ ਗਈ ਹੈ, ਉਹ ਸਾਡੇ ਸਮੇਂ ਵਿਚ ਕਿੱਦਾਂ ਪੂਰੀ ਹੋਈ?
9 ਯਹੋਵਾਹ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਜਿਹੜੇ ਯਹੂਦੀ ਬਾਬਲ ਛੱਡ ਰਹੇ ਸਨ, ਉਨ੍ਹਾਂ ਦੇ ਰਾਹ ਵਿੱਚੋਂ ਹਰ ਰੁਕਾਵਟ ਦੂਰ ਕੀਤੀ ਜਾਵੇ। (ਯਸਾਯਾਹ 57:14 ਪੜ੍ਹੋ।) ਅੱਜ ਯਹੋਵਾਹ ਨੇ “ਪਵਿੱਤਰ ਰਾਹ” ਵਿੱਚੋਂ ਹਰ ਰੁਕਾਵਟ ਕਿਵੇਂ ਦੂਰ ਕੀਤੀ ਹੈ? 1919 ਤੋਂ ਸਦੀਆਂ ਪਹਿਲਾਂ ਸੱਚੇ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਆਦਮੀਆਂ ਰਾਹੀਂ ਮਹਾਂ ਬਾਬਲ ਵਿੱਚੋਂ ਨਿਕਲਣ ਦਾ ਰਾਹ ਤਿਆਰ ਕੀਤਾ ਗਿਆ। ਯਹੋਵਾਹ ਨੇ ਉਨ੍ਹਾਂ ਰਾਹੀਂ ਮਹਾਂ ਬਾਬਲ ਵਿੱਚੋਂ ਨਿਕਲਣ ਦਾ ਰਾਹ ਤਿਆਰ ਕੀਤਾ। (ਯਸਾਯਾਹ 40:3 ਵਿਚ ਨੁਕਤਾ ਦੇਖੋ।) ਉਨ੍ਹਾਂ ਨੇ ਇਹ ਰਾਹ ਤਿਆਰ ਕਰਨ ਲਈ ਸਖ਼ਤ ਮਿਹਨਤ ਕੀਤੀ। ਇਸ ਕਰਕੇ ਆਉਣ ਵਾਲੇ ਸਮੇਂ ਵਿਚ ਨੇਕਦਿਲ ਲੋਕ ਮਹਾਂ ਬਾਬਲ ਵਿੱਚੋਂ ਨਿਕਲ ਸਕੇ ਅਤੇ ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਸ਼ੁੱਧ ਭਗਤੀ ਕਰ ਸਕੇ। ਇਹ ਰਾਹ ਤਿਆਰ ਕਰਨ ਲਈ ਬਹੁਤ ਕੁਝ ਕੀਤਾ ਗਿਆ। ਆਓ ਆਪਾਂ ਕੁਝ ਕੰਮਾਂ ʼਤੇ ਗੌਰ ਕਰੀਏ।
10-11. ਬਾਈਬਲ ਦੀ ਛਪਾਈ ਅਤੇ ਅਨੁਵਾਦ ਕਰਕੇ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਲੋਕ ਬਾਈਬਲ ਦੀਆਂ ਸੱਚਾਈਆਂ ਜਾਣ ਸਕੇ? (ਤਸਵੀਰ ਵੀ ਦੇਖੋ।)
10 ਬਾਈਬਲ ਦੀ ਛਪਾਈ। ਲਗਭਗ 1450 ਈਸਵੀ ਤਕ ਬਾਈਬਲ ਦੀਆਂ ਨਕਲਾਂ ਹੱਥ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ। ਇਸ ਵਿਚ ਬਹੁਤ ਸਮਾਂ ਲੱਗਦਾ ਸੀ। ਇਸ ਲਈ ਬਾਈਬਲ ਦੀਆਂ ਜ਼ਿਆਦਾ ਨਕਲਾਂ ਨਹੀਂ ਸਨ ਅਤੇ ਜੋ ਸਨ, ਉਹ ਬਹੁਤ ਮਹਿੰਗੀਆਂ ਸਨ। ਪਰ ਜਦੋਂ ਛਪਾਈ ਦੀਆਂ ਮਸ਼ੀਨਾਂ ਆ ਗਈਆਂ, ਤਾਂ ਘੱਟ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਬਾਈਬਲਾਂ ਛਾਪੀਆਂ ਅਤੇ ਵੰਡੀਆਂ ਜਾਣ ਲੱਗੀਆਂ।
11 ਬਾਈਬਲ ਦਾ ਅਨੁਵਾਦ। ਕਈ ਸਦੀਆਂ ਤਕ ਬਾਈਬਲ ਖ਼ਾਸ ਕਰਕੇ ਲਾਤੀਨੀ ਭਾਸ਼ਾ ਵਿਚ ਹੀ ਉਪਲਬਧ ਸੀ ਜਿਸ ਨੂੰ ਸਿਰਫ਼ ਪੜ੍ਹੇ-ਲਿਖੇ ਲੋਕ ਹੀ ਸਮਝ ਸਕਦੇ ਸਨ। ਪਰ ਜਦੋਂ ਛਪਾਈ ਦੀਆਂ ਮਸ਼ੀਨਾਂ ਆਈਆਂ, ਤਾਂ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਬਾਈਬਲ ਦਾ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਨ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਨੇ ਇਸ ਨੂੰ ਆਮ ਲੋਕਾਂ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ। ਹੁਣ ਲੋਕ ਆਪ ਬਾਈਬਲ ਪੜ੍ਹ ਸਕਦੇ ਸਨ ਅਤੇ ਦੇਖ ਸਕਦੇ ਸਨ ਕਿ ਉਨ੍ਹਾਂ ਨੂੰ ਚਰਚ ਵਿਚ ਜੋ ਸਿਖਾਇਆ ਜਾ ਰਿਹਾ ਸੀ, ਉਹ ਬਾਈਬਲ ਮੁਤਾਬਕ ਸੀ ਜਾਂ ਨਹੀਂ।
12-13. ਸਾਲ 1835 ਤੋਂ ਬਾਈਬਲ ਦਾ ਧਿਆਨ ਨਾਲ ਅਧਿਐਨ ਕਰਨ ਵਾਲਿਆਂ ਨੇ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕਿਵੇਂ ਕੀਤਾ? ਇਕ ਉਦਾਹਰਣ ਦਿਓ।
12 ਬਾਈਬਲ ਦਾ ਅਧਿਐਨ ਕਰਨ ਲਈ ਪ੍ਰਕਾਸ਼ਨ। ਕੁਝ ਲੋਕਾਂ ਨੇ ਬਾਈਬਲ ਦਾ ਬੜੇ ਧਿਆਨ ਨਾਲ ਅਧਿਐਨ ਕੀਤਾ। ਇਸ ਕਰਕੇ ਉਨ੍ਹਾਂ ਨੂੰ ਬਾਈਬਲ ਦੀਆਂ ਬਹੁਤ ਸਾਰੀਆਂ ਸੱਚਾਈਆਂ ਪਤਾ ਲੱਗੀਆਂ। ਉਹ ਜੋ ਵੀ ਸਿੱਖਦੇ ਸਨ, ਉਹ ਦੂਜਿਆਂ ਨੂੰ ਵੀ ਦੱਸਦੇ ਸਨ। ਇਹ ਦੇਖ ਕੇ ਕਈ ਪਾਦਰੀਆਂ ਨੂੰ ਉਨ੍ਹਾਂ ʼਤੇ ਬਹੁਤ ਗੁੱਸਾ ਆਇਆ। ਉਦਾਹਰਣ ਲਈ, ਲਗਭਗ 1835 ਤੋਂ ਕੁਝ ਨੇਕਦਿਲ ਲੋਕਾਂ ਨੇ ਅਜਿਹੇ ਪਰਚੇ ਛਾਪਣੇ ਸ਼ੁਰੂ ਕੀਤੇ ਜਿਨ੍ਹਾਂ ਕਰਕੇ ਚਰਚਾਂ ਦੀਆਂ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਹੋਇਆ।
13 ਲਗਭਗ 1835 ਵਿਚ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਆਦਮੀ ਹੈਨਰੀ ਗਰੂ ਨੇ ਇਕ ਪਰਚਾ ਛਾਪਿਆ। ਇਸ ਪਰਚੇ ਵਿਚ ਦੱਸਿਆ ਗਿਆ ਸੀ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ। ਇਸ ਪਰਚੇ ਵਿਚ ਉਸ ਨੇ ਬਾਈਬਲ ਦੀਆਂ ਆਇਤਾਂ ਤੋਂ ਇਹ ਸਾਬਤ ਕੀਤਾ ਕਿ ਚਰਚਾਂ ਵਿਚ ਦਿੱਤੀ ਜਾਂਦੀ ਅਮਰ ਆਤਮਾ ਦੀ ਸਿੱਖਿਆ ਬਿਲਕੁਲ ਗ਼ਲਤ ਹੈ। ਅਮਰ ਜ਼ਿੰਦਗੀ ਸਿਰਫ਼ ਉਨ੍ਹਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਇਸ ਦਾ ਵਰਦਾਨ ਦਿੰਦਾ ਹੈ। ਫਿਰ 1837 ਵਿਚ ਜਦੋਂ ਜੋਰਜ ਸਟੋਰਜ਼ ਨਾਂ ਦਾ ਇਕ ਪਾਦਰੀ ਟ੍ਰੇਨ ਵਿਚ ਸਫ਼ਰ ਕਰ ਰਿਹਾ ਸੀ, ਤਾਂ ਉਸ ਨੂੰ ਇਹ ਪਰਚਾ ਮਿਲਿਆ। ਇਹ ਪਰਚਾ ਪੜ੍ਹ ਕੇ ਉਸ ਨੂੰ ਯਕੀਨ ਹੋ ਗਿਆ ਕਿ ਉਸ ਨੂੰ ਇਕ ਅਹਿਮ ਸੱਚਾਈ ਪਤਾ ਲੱਗੀ ਸੀ। ਉਸ ਨੇ ਇਹ ਸੱਚਾਈ ਦੂਜਿਆਂ ਨੂੰ ਵੀ ਦੱਸਣ ਦਾ ਫ਼ੈਸਲਾ ਕੀਤਾ। ਇਸ ਲਈ 1842 ਵਿਚ ਉਸ ਨੇ ਇਕ ਦਿਲਚਸਪ ਵਿਸ਼ੇ ʼਤੇ ਇਕ ਤੋਂ ਬਾਅਦ ਇਕ ਭਾਸ਼ਣ ਦਿੱਤੇ। ਉਹ ਵਿਸ਼ਾ ਸੀ: “ਇਕ ਜਾਂਚ-ਪੜਤਾਲ—ਕੀ ਦੁਸ਼ਟ ਲੋਕ ਅਮਰ ਹਨ?” ਜੋਰਜ ਸਟੋਰਜ਼ ਨੇ ਜੋ ਸਿੱਖਿਆ, ਉਨ੍ਹਾਂ ਗੱਲਾਂ ਨੂੰ ਛਾਪਿਆ ਵੀ। ਉਸ ਦੀਆਂ ਗੱਲਾਂ ਦਾ ਇਕ ਨੌਜਵਾਨ ʼਤੇ ਗਹਿਰਾ ਅਸਰ ਪਿਆ। ਉਸ ਨੌਜਵਾਨ ਦਾ ਨਾਂ ਸੀ, ਚਾਰਲਸ ਟੇਜ਼ ਰਸਲ।
14. ਬੀਤੇ ਸਮੇਂ ਵਿਚ ਪਵਿੱਤਰ ਰਾਹ ਤਿਆਰ ਕਰਨ ਲਈ ਜੋ ਮਿਹਨਤ ਕੀਤੀ ਗਈ ਸੀ, ਉਸ ਤੋਂ ਭਰਾ ਰਸਲ ਅਤੇ ਉਸ ਦੇ ਸਾਥੀਆਂ ਨੂੰ ਕੀ ਫ਼ਾਇਦਾ ਹੋਇਆ? (ਤਸਵੀਰ ਵੀ ਦੇਖੋ।)
14 ਪਵਿੱਤਰ ਰਾਹ ਤਿਆਰ ਕਰਨ ਲਈ ਪਹਿਲਾਂ ਜੋ ਮਿਹਨਤ ਕੀਤੀ ਗਈ ਸੀ, ਉਸ ਤੋਂ ਭਰਾ ਰਸਲ ਅਤੇ ਉਸ ਦੇ ਸਾਥੀਆਂ ਨੂੰ ਕੀ ਫ਼ਾਇਦਾ ਹੋਇਆ? ਅਧਿਐਨ ਕਰਦਿਆਂ ਉਹ ਬਾਈਬਲ ਦੇ ਅਲੱਗ-ਅਲੱਗ ਅਨੁਵਾਦਾਂ, ਸ਼ਬਦ-ਕੋਸ਼ਾਂ ਅਤੇ ਸ਼ਬਦ-ਸੂਚੀਆਂ ਨੂੰ ਵਰਤਦੇ ਸਨ। ਇਹ ਪ੍ਰਕਾਸ਼ਨ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਤਿਆਰ ਕੀਤੇ ਗਏ ਸਨ। ਇਸ ਤੋਂ ਇਲਾਵਾ, ਹੈਨਰੀ ਗਰੂ, ਜੋਰਜ ਸਟੋਰਜ਼ ਅਤੇ ਹੋਰ ਲੋਕਾਂ ਨੇ ਖੋਜਬੀਨ ਕਰ ਕੇ ਬਾਈਬਲ ਦੀਆਂ ਜੋ ਸੱਚਾਈਆਂ ਪਤਾ ਲਗਾਈਆਂ ਸਨ, ਉਨ੍ਹਾਂ ਤੋਂ ਵੀ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ। ਭਰਾ ਰਸਲ ਅਤੇ ਉਸ ਦੇ ਸਾਥੀਆਂ ਨੇ ਆਪ ਵੀ ਬਹੁਤ ਸਾਰੀਆਂ ਕਿਤਾਬਾਂ ਅਤੇ ਪਰਚੇ ਛਾਪੇ ਸਨ। ਇਨ੍ਹਾਂ ਵਿਚ ਬਾਈਬਲ ਦੇ ਅਲੱਗ-ਅਲੱਗ ਵਿਸ਼ਿਆਂ ਬਾਰੇ ਦੱਸਿਆ ਗਿਆ ਸੀ। ਇਸ ਤਰ੍ਹਾਂ ਉਨ੍ਹਾਂ ਨੇ ਪਵਿੱਤਰ ਰਾਹ ਤਿਆਰ ਕਰਨ ਵਿਚ ਹੱਥ ਵਟਾਇਆ।
15. ਸਾਲ 1919 ਵਿਚ ਕੀ-ਕੀ ਹੋਇਆ?
15 ਸਾਲ 1919 ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਇਆ ਗਿਆ। ਇਸੇ ਸਾਲ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕੀਤਾ ਗਿਆ। ਇਹ ਬਿਲਕੁਲ ਸਹੀ ਸਮਾਂ ਸੀ ਕਿਉਂਕਿ ਹੁਣ ਇਹ ਨੌਕਰ ਨੇਕਦਿਲ ਲੋਕਾਂ ਦੀ ਇਸ ਨਵੇਂ “ਪਵਿੱਤਰ ਰਾਹ” ਉੱਤੇ ਚੱਲਣ ਵਿਚ ਮਦਦ ਕਰ ਸਕਦਾ ਸੀ। (ਮੱਤੀ 24:45-47) ਬੀਤੇ ਸਮੇਂ ਵਿਚ ਵਫ਼ਾਦਾਰ ਲੋਕਾਂ ਨੇ “ਪਵਿੱਤਰ ਰਾਹ” ਤਿਆਰ ਕਰਨ ਲਈ ਜੋ ਮਿਹਨਤ ਕੀਤੀ ਸੀ, ਉਸ ਕਰਕੇ ਇਸ ਰਾਹ ʼਤੇ ਚੱਲਣ ਵਾਲੇ ਨਵੇਂ ਲੋਕ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਹੋਰ ਵੀ ਜ਼ਿਆਦਾ ਸਿੱਖ ਸਕੇ। (ਕਹਾ. 4:18) ਨਾਲੇ ਉਨ੍ਹਾਂ ਨੇ ਯਹੋਵਾਹ ਦੇ ਮਿਆਰਾਂ ਮੁਤਾਬਕ ਆਪਣੀ ਜ਼ਿੰਦਗੀ ਵਿਚ ਕਈ ਬਦਲਾਅ ਵੀ ਕੀਤੇ। ਯਹੋਵਾਹ ਨੇ ਆਪਣੇ ਲੋਕਾਂ ਤੋਂ ਇਹ ਉਮੀਦ ਨਹੀਂ ਰੱਖੀ ਸੀ ਕਿ ਉਹ ਰਾਤੋ-ਰਾਤ ਇਹ ਸਾਰੇ ਬਦਲਾਅ ਕਰ ਲੈਣ। ਇਸ ਦੀ ਬਜਾਇ, ਉਸ ਨੇ ਹੌਲੀ-ਹੌਲੀ ਉਨ੍ਹਾਂ ਦੀ ਸੋਚ ਸੁਧਾਰੀ। (“ਯਹੋਵਾਹ ਹੌਲੀ-ਹੌਲੀ ਆਪਣੇ ਲੋਕਾਂ ਦੀ ਸੋਚ ਸੁਧਾਰਦਾ ਹੈ” ਨਾਂ ਦੀ ਡੱਬੀ ਦੇਖੋ।) ਬਹੁਤ ਜਲਦੀ ਉਹ ਸਮਾਂ ਆਵੇਗਾ ਜਦੋਂ ਅਸੀਂ ਆਪਣੇ ਹਰ ਕੰਮ ਨਾਲ ਯਹੋਵਾਹ ਨੂੰ ਖ਼ੁਸ਼ ਕਰ ਸਕਾਂਗੇ!—ਕੁਲੁ. 1:10.
“ਪਵਿੱਤਰ ਰਾਹ” ਅਜੇ ਵੀ ਖੁੱਲ੍ਹਾ ਹੈ
16. ਸਾਲ 1919 ਤੋਂ “ਪਵਿੱਤਰ ਰਾਹ” ਉੱਤੇ ਕਿਹੜਾ ਕੰਮ ਕੀਤਾ ਜਾ ਰਿਹਾ ਹੈ? (ਯਸਾਯਾਹ 48:17; 60:17)
16 ਸੜਕਾਂ ਦੀ ਬਾਕਾਇਦਾ ਮੁਰੰਮਤ ਕਰਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ 1919 ਤੋਂ “ਪਵਿੱਤਰ ਰਾਹ” ਉੱਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤਾਂਕਿ ਹੋਰ ਵੀ ਨੇਕਦਿਲ ਲੋਕ ਮਹਾਂ ਬਾਬਲ ਵਿੱਚੋਂ ਨਿਕਲ ਕੇ ਇਸ ਰਾਹ ʼਤੇ ਤੁਰ ਸਕਣ। ਜਦੋਂ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕੀਤਾ ਗਿਆ, ਉਦੋਂ ਹੀ ਉਹ ਕੰਮ ʼਤੇ ਲੱਗ ਗਿਆ। 1921 ਵਿਚ ਉਨ੍ਹਾਂ ਨੇ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਨਾਂ ਦੀ ਇਕ ਕਿਤਾਬ ਤਿਆਰ ਕੀਤੀ। ਇਸ ਕਿਤਾਬ ਦੀ ਸਟੱਡੀ ਕਰ ਕੇ ਲੋਕ ਬਾਈਬਲ ਦੀਆਂ ਸੱਚਾਈਆਂ ਜਾਣ ਸਕਦੇ ਸਨ। ਬਾਅਦ ਵਿਚ ਇਸ ਕਿਤਾਬ ਦਾ 36 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਅਤੇ ਇਸ ਦੀਆਂ ਲਗਭਗ 60 ਲੱਖ ਕਾਪੀਆਂ ਛਾਪੀਆਂ ਗਈਆਂ। ਇਸ ਕਿਤਾਬ ਤੋਂ ਬਹੁਤ ਸਾਰੇ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਪਤਾ ਲੱਗੀਆਂ। ਹਾਲ ਹੀ ਵਿਚ ਬਾਈਬਲ ਸਟੱਡੀ ਕਰਾਉਣ ਲਈ ਇਕ ਹੋਰ ਪ੍ਰਕਾਸ਼ਨ ਤਿਆਰ ਕੀਤਾ ਗਿਆ ਜਿਸ ਦਾ ਨਾਂ ਹੈ, ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਇਨ੍ਹਾਂ ਆਖ਼ਰੀ ਦਿਨਾਂ ਵਿਚ ਵੀ ਯਹੋਵਾਹ ਨੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ “ਪਵਿੱਤਰ ਰਾਹ” ਉੱਤੇ ਕੰਮ ਹੁੰਦਾ ਰਹੇ। ਉਹ ਆਪਣੇ ਸੰਗਠਨ ਰਾਹੀਂ ਲਗਾਤਾਰ ਆਪਣੇ ਬਚਨ ਤੋਂ ਹਿਦਾਇਤਾਂ ਦੇ ਰਿਹਾ ਹੈ ਤਾਂਕਿ ਅਸੀਂ ਸਾਰੇ ਇਸ ਰਾਹ ʼਤੇ ਚੱਲਦੇ ਰਹੀਏ।—ਯਸਾਯਾਹ 48:17; 60:17 ਪੜ੍ਹੋ।
17-18. “ਪਵਿੱਤਰ ਰਾਹ” ਸਾਨੂੰ ਕਿੱਥੇ ਲੈ ਜਾਵੇਗਾ?
17 ਜਦੋਂ ਇਕ ਵਿਅਕਤੀ ਬਾਈਬਲ ਸਟੱਡੀ ਕਰਨ ਲੱਗਦਾ ਹੈ, ਤਾਂ ਉਸ ਕੋਲ “ਪਵਿੱਤਰ ਰਾਹ” ਉੱਤੇ ਚੱਲਣ ਦਾ ਮੌਕਾ ਹੁੰਦਾ ਹੈ। ਕੁਝ ਲੋਕ ਥੋੜ੍ਹੀ ਦੂਰ ਤਕ ਹੀ ਇਸ ਰਾਹ ʼਤੇ ਚੱਲਦੇ ਹਨ ਅਤੇ ਫਿਰ ਇਸ ਨੂੰ ਛੱਡ ਦਿੰਦੇ ਹਨ। ਪਰ ਦੂਜੇ ਪਾਸੇ, ਕੁਝ ਲੋਕਾਂ ਨੇ ਪੱਕਾ ਇਰਾਦਾ ਕੀਤਾ ਹੈ ਕਿ ਜਦ ਤਕ ਉਹ ਆਪਣੀ ਮੰਜ਼ਲ ʼਤੇ ਨਹੀਂ ਪਹੁੰਚ ਜਾਂਦੇ, ਤਦ ਤਕ ਉਹ ਇਸ ਰਾਹ ʼਤੇ ਚੱਲਦੇ ਰਹਿਣਗੇ। ਆਖ਼ਰ, ਉਹ ਮੰਜ਼ਲ ਹੈ ਕੀ?
18 ਜਿਨ੍ਹਾਂ ਕੋਲ ਸਵਰਗ ਜਾਣ ਦੀ ਉਮੀਦ ਹੈ, ਉਨ੍ਹਾਂ ਨੂੰ ਇਹ “ਪਵਿੱਤਰ ਰਾਹ” ਸਵਰਗ ਵਿਚ “ਪਰਮੇਸ਼ੁਰ ਦੇ ਬਾਗ਼” ਵਿਚ ਲੈ ਜਾਵੇਗਾ। (ਪ੍ਰਕਾ. 2:7) ਪਰ ਜਿਨ੍ਹਾਂ ਕੋਲ ਧਰਤੀ ʼਤੇ ਰਹਿਣ ਦੀ ਉਮੀਦ ਹੈ, ਉਹ ਇਸ ਰਾਹ ʼਤੇ ਲਗਾਤਾਰ ਚੱਲਦੇ ਹੋਏ ਮਸੀਹ ਦੇ ਹਜ਼ਾਰ ਸਾਲ ਦੇ ਅਖ਼ੀਰ ਤਕ ਮੁਕੰਮਲ ਹੋ ਜਾਣਗੇ। ਜੇ ਅੱਜ ਤੁਸੀਂ ਇਸ ਰਾਜਮਾਰਗ ʼਤੇ ਚੱਲ ਰਹੇ ਹੋ, ਤਾਂ ਪਿੱਛੇ ਮੁੜ ਕੇ ਨਾ ਦੇਖੋ। ਜਦ ਤਕ ਤੁਹਾਡਾ ਸਫ਼ਰ ਪੂਰਾ ਨਹੀਂ ਹੋ ਜਾਂਦਾ ਅਤੇ ਤੁਸੀਂ ਨਵੀਂ ਦੁਨੀਆਂ ਵਿਚ ਨਹੀਂ ਪਹੁੰਚ ਜਾਂਦੇ, ਤਦ ਤਕ ਇਸ ʼਤੇ ਚੱਲਦੇ ਰਹੋ। ਸਾਡੀ ਦੁਆ ਹੈ ਕਿ ਤੁਹਾਡਾ “ਸਫ਼ਰ ਵਧੀਆ” ਰਹੇ।
ਗੀਤ 24 ਆਓ ਯਹੋਵਾਹ ਦੇ ਪਹਾੜ
a ਯਹੋਵਾਹ ਨੇ ਬਾਬਲ ਤੋਂ ਇਜ਼ਰਾਈਲ ਜਾਣ ਵਾਲੇ ਰਾਹ ਨੂੰ “ਪਵਿੱਤਰ ਰਾਹ” ਕਿਹਾ। ਕੀ ਅੱਜ ਦੇ ਜ਼ਮਾਨੇ ਵਿਚ ਵੀ ਯਹੋਵਾਹ ਨੇ ਇਸੇ ਤਰ੍ਹਾਂ ਆਪਣੇ ਲੋਕਾਂ ਲਈ ਕੋਈ ਰਾਹ ਪੱਧਰਾ ਕੀਤਾ ਹੈ? ਜੀ ਹਾਂ! ਸਾਲ 1919 ਤੋਂ ਲੱਖਾਂ ਹੀ ਲੋਕਾਂ ਨੇ ਮਹਾਂ ਬਾਬਲ ਨੂੰ ਛੱਡ ਕੇ “ਪਵਿੱਤਰ ਰਾਹ” ਉੱਤੇ ਚੱਲਣਾ ਸ਼ੁਰੂ ਕੀਤਾ ਹੈ। ਸਾਨੂੰ ਇਸ ਰਾਹ ʼਤੇ ਚੱਲਦੇ ਰਹਿਣਾ ਚਾਹੀਦਾ ਹੈ ਜਦ ਤਕ ਅਸੀਂ ਆਪਣੀ ਆਖ਼ਰੀ ਮੰਜ਼ਲ ਤਕ ਨਹੀਂ ਪਹੁੰਚ ਜਾਂਦੇ।
c ਤਸਵੀਰ ਬਾਰੇ ਜਾਣਕਾਰੀ: ਭਰਾ ਰਸਲ ਅਤੇ ਉਸ ਦੇ ਸਾਥੀ ਬਾਈਬਲ ਅਧਿਐਨ ਕਰਨ ਲਈ ਉਹ ਪ੍ਰਕਾਸ਼ਨ ਵਰਤਦੇ ਹੋਏ ਜੋ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਤਿਆਰ ਕੀਤੇ ਗਏ ਸਨ।