ਮਹਾਂ ਦੂਤ ਮੀਕਾਏਲ ਕੌਣ ਹੈ?
ਬਾਈਬਲ ਕਹਿੰਦੀ ਹੈ
ਸਵਰਗ ਵਿਚ ਯਿਸੂ ਦਾ ਨਾਂ ਮੀਕਾਏਲ ਹੈ। ਇਹ ਨਾਂ ਉਸ ਨੂੰ ਧਰਤੀ ʼਤੇ ਆਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਦਿੱਤਾ ਗਿਆ ਸੀ।a ਕੁਝ ਈਸਾਈ ਧਰਮ “ਸੰਤ ਮੀਕਾਏਲ” ਵੀ ਕਹਿੰਦੇ ਹਨ। ਮੀਕਾਏਲ ਨੇ ਮੂਸਾ ਦੀ ਮੌਤ ਤੋਂ ਬਾਅਦ ਸ਼ੈਤਾਨ ਨਾਲ ਬਹਿਸ ਕੀਤੀ ਸੀ ਅਤੇ ਉਸ ਨੇ ਦਾਨੀਏਲ ਨਬੀ ਤਕ ਪਰਮੇਸ਼ੁਰ ਦਾ ਸੰਦੇਸ਼ ਪਹੁੰਚਾਉਣ ਵਿਚ ਇਕ ਦੂਤ ਦੀ ਮਦਦ ਕੀਤੀ ਸੀ। (ਦਾਨੀਏਲ 10:13, 21; ਯਹੂਦਾਹ 9) ਮੀਕਾਏਲ ਨਾਂ ਦਾ ਮਤਲਬ ਹੈ, “ਪਰਮੇਸ਼ੁਰ ਵਰਗਾ ਕੌਣ ਹੈ?” ਉਹ ਪਰਮੇਸ਼ੁਰ ਦੀ ਹਕੂਮਤ ਦੇ ਪੱਖ ਵਿਚ ਖੜ੍ਹਾ ਹੋ ਕੇ ਅਤੇ ਉਸ ਦੇ ਦੁਸ਼ਮਣਾਂ ਨਾਲ ਲੜਾਈ ਕਰ ਕੇ ਆਪਣੇ ਨਾਂ ʼਤੇ ਬਿਲਕੁਲ ਖਰਾ ਉਤਰਦਾ ਹੈ।—ਦਾਨੀਏਲ 12:1; ਪ੍ਰਕਾਸ਼ ਦੀ ਕਿਤਾਬ 12:7.
ਇਹ ਕਹਿਣਾ ਸਹੀ ਕਿਉਂ ਹੈ ਕਿ ਯਿਸੂ ਹੀ ਮਹਾਂ ਦੂਤ ਮੀਕਾਏਲ ਹੈ? ਆਓ ਦੇਖੀਏ।
ਮੀਕਾਏਲ ਹੀ “ਮਹਾਂ ਦੂਤ” ਹੈ। (ਯਹੂਦਾਹ 9) ਬਾਈਬਲ ਦੀਆਂ ਸਿਰਫ਼ ਦੋ ਆਇਤਾਂ ਵਿਚ “ਮਹਾਂ ਦੂਤ” ਸ਼ਬਦ ਆਉਂਦੇ ਹਨ ਜਿਨ੍ਹਾਂ ਦਾ ਮਤਲਬ ਹੈ, “ਦੂਤਾਂ ਦਾ ਮੁਖੀ।” ਦੋਵਾਂ ਆਇਤਾਂ ਵਿਚ ਇਹ ਸ਼ਬਦ ਇਕਵਚਨ ਰੂਪ ਵਿਚ ਵਰਤੇ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਖ਼ਿਤਾਬ ਸਿਰਫ਼ ਇਕ ਦੂਤ ਨੂੰ ਦਿੱਤਾ ਗਿਆ ਹੈ। ਉਨ੍ਹਾਂ ਵਿੱਚੋਂ ਇਕ ਆਇਤ ਵਿਚ ਦੱਸਿਆ ਗਿਆ ਹੈ ਕਿ ਜੀਉਂਦਾ ਕੀਤਾ ਗਿਆ ਪ੍ਰਭੂ ਯਿਸੂ ਹੀ “ਮਹਾਂ ਦੂਤ ਵਜੋਂ ਹੁਕਮ ਦਿੰਦਾ ਹੋਇਆ . . . ਸਵਰਗੋਂ ਥੱਲੇ ਆਵੇਗਾ।” (1 ਥੱਸਲੁਨੀਕੀਆਂ 4:16) ਯਿਸੂ “ਮਹਾਂ ਦੂਤ ਵਜੋਂ ਹੁਕਮ ਦਿੰਦਾ” ਹੈ ਕਿਉਂਕਿ ਉਹੀ ਮਹਾਂ ਦੂਤ ਮੀਕਾਏਲ ਹੈ।
ਮੀਕਾਏਲ ਦੂਤਾਂ ਦੀ ਫ਼ੌਜ ਦਾ ਮੁਖੀ ਹੈ। “ਮੀਕਾਏਲ ਅਤੇ ਉਸ ਦੇ ਦੂਤ ਅਜਗਰ [ਯਾਨੀ ਸ਼ੈਤਾਨ] ਨਾਲ ਲੜੇ।” (ਪ੍ਰਕਾਸ਼ ਦੀ ਕਿਤਾਬ 12:7) ਮੀਕਾਏਲ “ਮੁੱਖ ਹਾਕਮਾਂ ਵਿੱਚੋਂ” ਹੈ ਅਤੇ ਉਸ ਨੂੰ “ਮਹਾਨ ਹਾਕਮ” ਕਿਹਾ ਗਿਆ ਹੈ, ਇਸ ਲਈ ਉਸ ਕੋਲ ਦੂਤਾਂ ʼਤੇ ਵੱਡਾ ਅਧਿਕਾਰ ਹੈ। (ਦਾਨੀਏਲ 10:13, 21; 12:1) ਯੂਨਾਨੀ ਲਿਖਤਾਂ ਦੇ ਵਿਦਵਾਨ ਡੇਵਿਡ ਈ. ਔਨ ਨੇ ਕਿਹਾ ਕਿ ਇਨ੍ਹਾਂ ਖ਼ਿਤਾਬਾਂ ਮੁਤਾਬਕ ਮੀਕਾਏਲ “ਦੂਤਾਂ ਦੀ ਫ਼ੌਜ ਦਾ ਮੁਖੀ ਹੈ।”
ਬਾਈਬਲ ਵਿਚ ਦੂਤਾਂ ਦੇ ਮੁਖੀ ਦਾ ਇਕ ਹੋਰ ਨਾਂ ਦੱਸਿਆ ਗਿਆ ਹੈ: “ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਅੱਗ ਵਿਚ ਸਵਰਗੋਂ ਪ੍ਰਗਟ ਹੋਵੇਗਾ।” (2 ਥੱਸਲੁਨੀਕੀਆਂ 1:7, 8; ਮੱਤੀ 16:27) “ਯਿਸੂ ਸਵਰਗ ਨੂੰ ਚਲਾ ਗਿਆ ਹੈ . . . ਦੂਤ ਅਤੇ ਅਧਿਕਾਰ ਅਤੇ ਤਾਕਤ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।” (1 ਪਤਰਸ 3:21, 22) ਕੀ ਪਰਮੇਸ਼ੁਰ ਨੇ ਯਿਸੂ ਅਤੇ ਮੀਕਾਏਲ ਦੋਵਾਂ ਨੂੰ ਦੂਤਾਂ ਦੀ ਫ਼ੌਜ ਦੇ ਮੁਖੀ ਬਣਾਇਆ ਹੈ ਜਿਸ ਕਰਕੇ ਉਨ੍ਹਾਂ ਵਿਚ ਸ਼ਾਇਦ ਮੁਕਾਬਲਾ ਹੋਵੇ? ਨਹੀਂ। ਇਸ ਦੀ ਬਜਾਇ, ਇਹ ਕਹਿਣਾ ਸਹੀ ਹੋਵੇਗਾ ਕਿ ਯਿਸੂ ਅਤੇ ਮੀਕਾਏਲ ਦੋਵੇਂ ਇੱਕੋ ਹੀ ਮੁਖੀ ਦੇ ਨਾਂ ਹਨ।
ਮੀਕਾਏਲ ‘ਕਸ਼ਟ ਦੇ ਸਮੇਂ’ ਦੌਰਾਨ “ਖੜ੍ਹਾ ਹੋਵੇਗਾ।” (ਦਾਨੀਏਲ 12:1) ਦਾਨੀਏਲ ਦੀ ਕਿਤਾਬ ਵਿਚ “ਖੜ੍ਹਾ ਹੋਇਆ” ਸ਼ਬਦ ਉਸ ਵੇਲੇ ਵਰਤੇ ਜਾਂਦੇ ਸਨ ਜਦੋਂ ਕਿਸੇ ਦੇਸ਼ ਦਾ ਰਾਜਾ ਕੋਈ ਖ਼ਾਸ ਕਦਮ ਚੁੱਕਦਾ ਸੀ। (ਦਾਨੀਏਲ 11:2-4, 21) ਯਿਸੂ ਮਸੀਹ ਜਿਸ ਨੂੰ “ਪਰਮੇਸ਼ੁਰ ਦਾ ਸ਼ਬਦ” ਕਿਹਾ ਗਿਆ ਹੈ, ‘ਰਾਜਿਆਂ ਦੇ ਰਾਜੇ’ ਵਜੋਂ ਪਰਮੇਸ਼ੁਰ ਦੇ ਦੁਸ਼ਮਣਾਂ ਦਾ ਨਾਮੋ-ਨਿਸ਼ਾਨ ਮਿਟਾਉਣ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਬਚਾਉਣ ਲਈ ਖ਼ਾਸ ਕਦਮ ਚੁੱਕੇਗਾ। (ਪ੍ਰਕਾਸ਼ ਦੀ ਕਿਤਾਬ 19:11-16) ਹਾਂ, ਉਹ “ਮਹਾਂਕਸ਼ਟ” ਦੌਰਾਨ ਖੜ੍ਹਾ ਹੋਵੇਗਾ ਜੋ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਕਦੇ ਨਹੀਂ ਆਇਆ ਹੈ।—ਮੱਤੀ 24:21, 42.
a ਬਾਈਬਲ ਵਿਚ ਹੋਰ ਵਿਅਕਤੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਬਹੁਤ ਸਾਰੇ ਨਾਵਾਂ ਨਾਲ ਬੁਲਾਇਆ ਜਾਂਦਾ ਸੀ, ਜਿਵੇਂ ਯਾਕੂਬ (ਉਸ ਨੂੰ ਇਜ਼ਰਾਈਲ ਵੀ ਕਿਹਾ ਜਾਂਦਾ ਸੀ), ਪਤਰਸ (ਉਸ ਨੂੰ ਸ਼ਿਮਓਨ ਵੀ ਕਿਹਾ ਜਾਂਦਾ ਸੀ) ਅਤੇ ਥੱਦਈ (ਉਸ ਨੂੰ ਯਹੂਦਾਹ ਵੀ ਕਿਹਾ ਜਾਂਦਾ ਸੀ)।—ਉਤਪਤ 49:1, 2; ਮੱਤੀ 10:2, 3; ਮਰਕੁਸ 3:18; ਰਸੂਲਾਂ ਦੇ ਕੰਮ 1:13.