ਦਾਨੀਏਲ
10 ਫਾਰਸ ਦੇ ਰਾਜਾ ਖੋਰਸ ਦੇ ਰਾਜ ਦੇ ਤੀਜੇ ਸਾਲ+ ਦਾਨੀਏਲ, ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ,+ ਨੂੰ ਇਕ ਸੰਦੇਸ਼ ਮਿਲਿਆ। ਇਹ ਸੰਦੇਸ਼ ਸੱਚਾ ਸੀ ਅਤੇ ਇਹ ਇਕ ਵੱਡੀ ਲੜਾਈ ਬਾਰੇ ਸੀ। ਦਾਨੀਏਲ ਇਹ ਸੰਦੇਸ਼ ਸਮਝ ਗਿਆ ਅਤੇ ਜੋ ਉਸ ਨੇ ਦੇਖਿਆ ਸੀ, ਉਸ ਬਾਰੇ ਉਸ ਨੂੰ ਸਮਝ ਦਿੱਤੀ ਗਈ।
2 ਮੈਂ ਦਾਨੀਏਲ ਉਨ੍ਹਾਂ ਦਿਨਾਂ ਵਿਚ ਪੂਰੇ ਤਿੰਨ ਹਫ਼ਤਿਆਂ ਤੋਂ ਸੋਗ ਮਨਾ ਰਿਹਾ ਸੀ।+ 3 ਮੈਂ ਪੂਰੇ ਤਿੰਨ ਹਫ਼ਤੇ ਨਾ ਤਾਂ ਪਕਵਾਨ ਖਾਧੇ, ਨਾ ਮੀਟ ਖਾਧਾ, ਨਾ ਦਾਖਰਸ ਪੀਤਾ ਅਤੇ ਨਾ ਹੀ ਆਪਣੇ ਸਰੀਰ ʼਤੇ ਤੇਲ ਮਲ਼ਿਆ। 4 ਪਹਿਲੇ ਮਹੀਨੇ ਦੀ 24 ਤਾਰੀਖ਼ ਨੂੰ ਮੈਂ ਵੱਡੇ ਦਰਿਆ ਟਾਈਗ੍ਰਿਸ* ਦੇ ਕੰਢੇ ʼਤੇ ਸੀ।+ 5 ਜਦ ਮੈਂ ਆਪਣੀਆਂ ਨਜ਼ਰਾਂ ਚੁੱਕੀਆਂ, ਤਾਂ ਮੈਂ ਇਕ ਆਦਮੀ ਨੂੰ ਦੇਖਿਆ ਜਿਸ ਨੇ ਮਲਮਲ ਦੇ ਕੱਪੜੇ ਪਾਏ ਹੋਏ ਸਨ+ ਅਤੇ ਲੱਕ ਦੁਆਲੇ ਊਫਾਜ਼ ਦੇ ਸੋਨੇ ਦਾ ਕਮਰਬੰਦ ਬੰਨ੍ਹਿਆ ਹੋਇਆ ਸੀ। 6 ਉਸ ਦਾ ਸਰੀਰ ਪੀਲ਼ੇ ਪਾਰਦਰਸ਼ੀ ਕੀਮਤੀ ਪੱਥਰ* ਵਾਂਗ ਚਮਕ ਰਿਹਾ ਸੀ,+ ਉਸ ਦਾ ਚਿਹਰਾ ਬਿਜਲੀ ਵਾਂਗ ਲਿਸ਼ਕ ਰਿਹਾ ਸੀ, ਉਸ ਦੀਆਂ ਅੱਖਾਂ ਬਲ਼ਦੀਆਂ ਹੋਈਆਂ ਮਸ਼ਾਲਾਂ ਵਾਂਗ ਸਨ, ਉਸ ਦੀਆਂ ਬਾਹਾਂ ਅਤੇ ਪੈਰ ਚਮਕਦੇ ਹੋਏ ਤਾਂਬੇ ਵਰਗੇ ਸਨ+ ਅਤੇ ਉਸ ਦੀ ਆਵਾਜ਼ ਇੰਨੀ ਉੱਚੀ ਸੀ ਜਿਵੇਂ ਬਹੁਤ ਸਾਰੇ ਲੋਕ ਬੋਲ ਰਹੇ ਹੋਣ। 7 ਇਹ ਦਰਸ਼ਣ ਸਿਰਫ਼ ਮੈਂ ਦਾਨੀਏਲ ਨੇ ਦੇਖਿਆ ਅਤੇ ਮੇਰੇ ਨਾਲ ਦੇ ਆਦਮੀਆਂ ਨੇ ਇਸ ਨੂੰ ਨਹੀਂ ਦੇਖਿਆ।+ ਫਿਰ ਵੀ ਉਹ ਥਰ-ਥਰ ਕੰਬਣ ਲੱਗੇ ਅਤੇ ਭੱਜ ਕੇ ਕਿਤੇ ਲੁਕ ਗਏ।
8 ਫਿਰ ਮੈਂ ਇਕੱਲਾ ਰਹਿ ਗਿਆ ਅਤੇ ਇਹ ਸ਼ਾਨਦਾਰ ਦਰਸ਼ਣ ਦੇਖਣ ਕਰਕੇ ਮੇਰੇ ਵਿਚ ਕੋਈ ਤਾਕਤ ਨਾ ਰਹੀ ਅਤੇ ਮੇਰਾ ਚਿਹਰਾ ਬਹੁਤ ਪੀਲ਼ਾ ਪੈ ਗਿਆ ਅਤੇ ਮੇਰੇ ਵਿਚ ਜਾਨ ਨਾ ਰਹੀ।+ 9 ਇਸ ਤੋਂ ਬਾਅਦ ਮੈਂ ਉਸ ਆਦਮੀ ਨੂੰ ਬੋਲਦੇ ਹੋਏ ਸੁਣਿਆ, ਪਰ ਜਦ ਉਹ ਬੋਲ ਰਿਹਾ ਸੀ, ਤਾਂ ਮੈਂ ਢਿੱਡ ਦੇ ਭਾਰ ਜ਼ਮੀਨ ʼਤੇ ਗਹਿਰੀ ਨੀਂਦ ਸੌਂ ਗਿਆ।+ 10 ਪਰ ਕਿਸੇ ਦੇ ਹੱਥ ਨੇ ਮੈਨੂੰ ਛੋਹਿਆ+ ਅਤੇ ਹਿਲਾਇਆ ਤਾਂਕਿ ਮੈਂ ਆਪਣੇ ਹੱਥਾਂ ਅਤੇ ਗੋਡਿਆਂ ਦੇ ਭਾਰ ਉੱਠਾਂ। 11 ਫਿਰ ਉਸ ਨੇ ਮੈਨੂੰ ਕਿਹਾ:
“ਹੇ ਦਾਨੀਏਲ, ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ* ਹੈਂ।+ ਜੋ ਗੱਲਾਂ ਮੈਂ ਤੈਨੂੰ ਦੱਸਣ ਜਾ ਰਿਹਾ ਹਾਂ, ਉਨ੍ਹਾਂ ਨੂੰ ਧਿਆਨ ਨਾਲ ਸੁਣ। ਹੁਣ ਤੂੰ ਆਪਣੀ ਜਗ੍ਹਾ ʼਤੇ ਖੜ੍ਹਾ ਹੋ ਜਾ ਕਿਉਂਕਿ ਮੈਨੂੰ ਤੇਰੇ ਕੋਲ ਭੇਜਿਆ ਗਿਆ ਹੈ।”
ਜਦ ਉਸ ਨੇ ਮੈਨੂੰ ਇਹ ਗੱਲ ਕਹੀ, ਤਾਂ ਮੈਂ ਕੰਬਦੇ-ਕੰਬਦੇ ਖੜ੍ਹਾ ਹੋ ਗਿਆ।
12 ਫਿਰ ਉਸ ਨੇ ਮੈਨੂੰ ਕਿਹਾ: “ਹੇ ਦਾਨੀਏਲ, ਨਾ ਡਰ।+ ਜਿਸ ਦਿਨ ਤੋਂ ਤੂੰ ਦਿਲ ਲਾ ਕੇ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਸਾਮ੍ਹਣੇ ਨਿਮਰ ਕੀਤਾ ਹੈ, ਉਸ ਦਿਨ ਤੋਂ ਤੇਰੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ ਹਨ ਅਤੇ ਮੈਂ ਇਸੇ ਕਰਕੇ ਤੇਰੇ ਕੋਲ ਆਇਆ ਹਾਂ।+ 13 ਪਰ ਫਾਰਸ ਰਾਜ ਦਾ ਹਾਕਮ+ 21 ਦਿਨਾਂ ਤਕ ਮੇਰਾ ਵਿਰੋਧ ਕਰਦਾ ਰਿਹਾ। ਫਿਰ ਮੀਕਾਏਲ*+ ਜੋ ਮੁੱਖ ਹਾਕਮਾਂ ਵਿੱਚੋਂ ਹੈ,* ਮੇਰੀ ਮਦਦ ਕਰਨ ਆਇਆ ਅਤੇ ਮੈਂ ਉੱਥੇ ਹੀ ਫਾਰਸ ਦੇ ਰਾਜਿਆਂ ਕੋਲ ਰਿਹਾ। 14 ਮੈਂ ਤੈਨੂੰ ਇਹ ਸਮਝਾਉਣ ਆਇਆਂ ਹਾਂ ਕਿ ਆਖ਼ਰੀ ਦਿਨਾਂ ਵਿਚ ਤੇਰੀ ਕੌਮ ਦੇ ਲੋਕਾਂ ʼਤੇ ਕੀ ਬੀਤੇਗੀ+ ਕਿਉਂਕਿ ਇਹ ਦਰਸ਼ਣ ਭਵਿੱਖ ਵਿਚ ਪੂਰਾ ਹੋਵੇਗਾ।”+
15 ਜਦ ਉਹ ਮੈਨੂੰ ਇਹ ਗੱਲਾਂ ਕਹਿ ਚੁੱਕਾ, ਤਾਂ ਮੈਂ ਆਪਣਾ ਸਿਰ ਹੇਠਾਂ ਨੂੰ ਝੁਕਾਇਆ ਅਤੇ ਮੈਂ ਕੁਝ ਵੀ ਬੋਲ ਨਾ ਸਕਿਆ। 16 ਫਿਰ ਉਸ ਨੇ, ਜੋ ਆਦਮੀ ਵਰਗਾ ਲੱਗਦਾ ਸੀ ਅਤੇ ਮੇਰੇ ਸਾਮ੍ਹਣੇ ਖੜ੍ਹਾ ਸੀ, ਮੇਰੇ ਬੁੱਲ੍ਹਾਂ ਨੂੰ ਛੋਹਿਆ+ ਅਤੇ ਮੈਂ ਬੋਲਣ ਲੱਗ ਪਿਆ। ਮੈਂ ਉਸ ਨੂੰ ਕਿਹਾ: “ਹੇ ਮੇਰੇ ਪ੍ਰਭੂ, ਮੈਂ ਇਸ ਦਰਸ਼ਣ ਕਾਰਨ ਥਰ-ਥਰ ਕੰਬ ਰਿਹਾ ਹਾਂ ਅਤੇ ਮੇਰੇ ਵਿਚ ਜ਼ਰਾ ਵੀ ਜਾਨ ਨਹੀਂ ਰਹੀ।+ 17 ਇਸ ਲਈ ਮੈਂ ਤੇਰਾ ਦਾਸ ਆਪਣੇ ਪ੍ਰਭੂ ਨਾਲ ਕਿਵੇਂ ਗੱਲ ਕਰ ਸਕਦਾ ਹਾਂ?+ ਹੁਣ ਮੇਰੇ ਵਿਚ ਬਿਲਕੁਲ ਤਾਕਤ ਅਤੇ ਸਾਹ-ਸਤ ਨਹੀਂ ਰਿਹਾ।”+
18 ਫਿਰ ਉਸ ਨੇ, ਜੋ ਆਦਮੀ ਵਰਗਾ ਲੱਗਦਾ ਸੀ, ਮੈਨੂੰ ਦੁਬਾਰਾ ਛੋਹ ਕੇ ਤਕੜਾ ਕੀਤਾ।+ 19 ਫਿਰ ਉਸ ਨੇ ਕਿਹਾ: “ਤੂੰ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ* ਹੈਂ,+ ਨਾ ਡਰ।+ ਰੱਬ ਤੈਨੂੰ ਸ਼ਾਂਤੀ ਬਖ਼ਸ਼ੇ।+ ਤਕੜਾ ਹੋ, ਹਾਂ, ਤਕੜਾ ਹੋ।” ਉਸ ਦੀ ਇਹ ਗੱਲ ਸੁਣ ਕੇ ਮੇਰੇ ਵਿਚ ਤਾਕਤ ਆ ਗਈ ਅਤੇ ਮੈਂ ਕਿਹਾ: “ਮੇਰੇ ਪ੍ਰਭੂ, ਹੁਣ ਤੂੰ ਦੱਸ ਕਿਉਂਕਿ ਤੂੰ ਮੈਨੂੰ ਤਕੜਾ ਕੀਤਾ ਹੈ।”
20 ਫਿਰ ਉਸ ਨੇ ਕਿਹਾ: “ਕੀ ਤੈਨੂੰ ਪਤਾ ਕਿ ਮੈਂ ਤੇਰੇ ਕੋਲ ਕਿਉਂ ਆਇਆ ਹਾਂ? ਮੈਂ ਵਾਪਸ ਜਾ ਕੇ ਫਾਰਸ ਦੇ ਹਾਕਮ ਨਾਲ ਲੜਾਂਗਾ।+ ਜਦ ਮੈਂ ਚਲਾ ਜਾਵਾਂਗਾ, ਤਾਂ ਯੂਨਾਨ ਦਾ ਹਾਕਮ ਆਵੇਗਾ। 21 ਪਰ ਮੈਂ ਤੈਨੂੰ ਸੱਚਾਈ ਦੀ ਕਿਤਾਬ ਵਿਚ ਦਰਜ ਗੱਲਾਂ ਦੱਸਾਂਗਾ। ਤੇਰੇ ਹਾਕਮ ਮੀਕਾਏਲ+ ਤੋਂ ਸਿਵਾਇ ਹੋਰ ਕੋਈ ਇਨ੍ਹਾਂ ਮਾਮਲਿਆਂ ਵਿਚ ਮੇਰਾ ਸਾਥ ਨਹੀਂ ਦੇ ਰਿਹਾ।+