ਕੀ ਤੁਹਾਡੇ ਹਾਲਾਤਾਂ ਨੇ ਤੁਹਾਨੂੰ ਆਪਣੀ ਪਕੜ ਵਿਚ ਲਿਆ ਹੋਇਆ ਹੈ?
ਇਨ੍ਹਾਂ ‘ਭੈੜੇ ਸਮਿਆਂ’ ਵਿਚ ਅਸੀਂ ਤਣਾਅ-ਭਰੇ ਹਾਲਾਤਾਂ ਅਤੇ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਾਂ। (2 ਤਿਮੋਥਿਉਸ 3:1) ਕੁਝ ਮੁਸ਼ਕਲਾਂ ਸ਼ਾਇਦ ਥੋੜ੍ਹੇ ਚਿਰ ਬਾਅਦ ਖ਼ਤਮ ਹੋ ਜਾਣ। ਹੋਰ ਮੁਸ਼ਕਲਾਂ ਕਈ ਮਹੀਨੇ ਜਾਂ ਸਾਲੋਂ-ਸਾਲ ਰਹਿੰਦੀਆਂ ਹਨ। ਨਤੀਜੇ ਵਜੋਂ, ਬਹੁਤ ਸਾਰੇ ਲੋਕ ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਯਹੋਵਾਹ ਅੱਗੇ ਤਰਲੇ ਕਰਦੇ ਹਨ: “ਮੇਰੇ ਮਨ ਦੇ ਸੰਕਟ ਵਧ ਗਏ ਹਨ, ਮੇਰਿਆਂ ਭੈਜਲਾਂ ਤੋਂ ਮੈਨੂੰ ਬਾਹਰ ਕੱਢ।”—ਜ਼ਬੂਰਾਂ ਦੀ ਪੋਥੀ 25:17.
ਕੀ ਤੁਸੀਂ ਮੁਸ਼ਕਲਾਂ ਦੇ ਹੜ੍ਹ ਵਿਚ ਡੁੱਬ ਰਹੇ ਹੋ? ਹੌਸਲਾ ਨਾ ਹਾਰੋ, ਬਾਈਬਲ ਵਿੱਚੋਂ ਤੁਹਾਨੂੰ ਮਦਦ ਮਿਲ ਸਕਦੀ ਹੈ। ਆਓ ਆਪਾਂ ਯਹੋਵਾਹ ਦੇ ਦੋ ਵਫ਼ਾਦਾਰ ਸੇਵਕਾਂ ਵੱਲ ਧਿਆਨ ਦੇਈਏ ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਸਾਮ੍ਹਣੇ ਹਾਰ ਨਹੀਂ ਮੰਨੀ ਸੀ: ਯੂਸੁਫ਼ ਅਤੇ ਦਾਊਦ। ਆਓ ਆਪਾਂ ਗੌਰ ਕਰੀਏ ਕਿ ਇਨ੍ਹਾਂ ਨੇ ਮੁਸ਼ਕਲਾਂ ਆਉਣ ਤੇ ਕੀ ਕੀਤਾ ਸੀ। ਇਸ ਤਰ੍ਹਾਂ ਸਾਨੂੰ ਉਨ੍ਹਾਂ ਵਰਗੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲੇਗੀ।
ਗੰਭੀਰ ਮੁਸ਼ਕਲਾਂ
ਸਤਾਰਾਂ ਸਾਲ ਦੀ ਉਮਰ ਤਕ ਯੂਸੁਫ਼ ਆਪਣੇ ਹੀ ਘਰ ਵਿਚ ਇਕ ਗੰਭੀਰ ਮੁਸ਼ਕਲ ਸਹਿ ਰਿਹਾ ਸੀ। ਉਸ ਦੇ ਵੱਡੇ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦਾ ਪਿਤਾ ਯਾਕੂਬ ਯੂਸੁਫ਼ ਨੂੰ “ਉਹ ਦੇ ਸਾਰੇ ਭਰਾਵਾਂ ਨਾਲੋਂ ਵੱਧ ਤੇਹ ਕਰਦਾ ਹੈ ਤਾਂ ਓਹ ਉਸ ਦੇ ਨਾਲ ਵੈਰ ਰੱਖਣ ਲੱਗੇ ਅਰ ਉਹ ਦੇ ਨਾਲ ਸ਼ਾਂਤੀ ਨਾਲ ਨਹੀਂ ਬੋਲ ਸੱਕਦੇ ਸਨ।” (ਉਤਪਤ 37:4) ਅਸੀਂ ਸਮਝ ਸਕਦੇ ਹਾਂ ਕਿ ਇਸ ਹਾਲਤ ਕਾਰਨ ਯੂਸੁਫ਼ ਕਿੰਨਾ ਪਰੇਸ਼ਾਨ ਹੋਇਆ ਹੋਣਾ। ਉਸ ਦੇ ਭਰਾ ਉਸ ਨਾਲ ਇੰਨੀ ਨਫ਼ਰਤ ਕਰਨ ਲੱਗੇ ਕਿ ਉਨ੍ਹਾਂ ਨੇ ਉਸ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ।—ਉਤਪਤ 37:26-33.
ਯੂਸੁਫ਼ ਮਿਸਰ ਵਿਚ ਗ਼ੁਲਾਮੀ ਕਰਨ ਲੱਗ ਪਿਆ। ਉੱਥੇ ਉਸ ਨੂੰ ਆਪਣੇ ਮਾਲਕ ਦੀ ਤੀਵੀਂ ਦੀ ਮਾੜੀ ਨੀਅਤ ਤੋਂ ਬਚਣਾ ਪਿਆ। ਠੁਕਰਾਏ ਜਾਣ ਕਾਰਨ ਉਸ ਤੀਵੀਂ ਨੇ ਯੂਸੁਫ਼ ਤੇ ਬਲਾਤਕਾਰ ਦਾ ਝੂਠਾ ਇਲਜ਼ਾਮ ਲਾਇਆ। ਨਤੀਜੇ ਵਜੋਂ, ਉਹ “ਕੈਦ ਵਿੱਚ ਪਾ ਦਿੱਤਾ” ਗਿਆ ਜਿੱਥੇ “ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁਖ ਦਿੱਤਾ, ਉਹ ਲੋਹੇ ਵਿੱਚ ਜਕੜਿਆ ਗਿਆ।” (ਉਤਪਤ 39:7-20; ਜ਼ਬੂਰਾਂ ਦੀ ਪੋਥੀ 105:17, 18) ਇਹ ਸਮਾਂ ਉਸ ਲਈ ਕਿੰਨਾ ਔਖਾ ਸੀ! ਤਕਰੀਬਨ 13 ਸਾਲਾਂ ਤਕ ਯੂਸੁਫ਼ ਜਾਂ ਤਾਂ ਇਕ ਗ਼ੁਲਾਮ ਰਿਹਾ ਸੀ ਜਾਂ ਕੈਦੀ। ਇਹ ਸਾਰੇ ਅਨਿਆਂ ਉਸ ਨੂੰ ਆਪਣੇ ਘਰ ਦੇ ਜੀਆਂ ਅਤੇ ਹੋਰਨਾਂ ਲੋਕਾਂ ਕਰਕੇ ਸਹਿਣੇ ਪਏ ਸਨ।—ਉਤਪਤ 37:2; 41:46.
ਦਾਊਦ ਨੇ ਵੀ ਜਵਾਨੀ ਵਿਚ ਬਹੁਤ ਦੁੱਖ ਦੇਖੇ ਸਨ। ਕਈ ਸਾਲ ਉਸ ਨੂੰ ਸ਼ਾਊਲ ਪਾਤਸ਼ਾਹ ਅੱਗੋਂ ਇਕ ਜਾਨਵਰ ਵਾਂਗ ਭੱਜਣਾ ਪਿਆ ਸੀ। ਉਸ ਦੀ ਜਾਨ ਹਰ ਵੇਲੇ ਖ਼ਤਰੇ ਵਿਚ ਰਹਿੰਦੀ ਸੀ। ਇਕ ਵਾਰ ਦਾਊਦ ਅਹੀਮਲਕ ਜਾਜਕ ਦੇ ਕੋਲੋਂ ਖਾਣ-ਪੀਣ ਵਾਸਤੇ ਕੁਝ ਲੈਣ ਨੂੰ ਗਿਆ। (1 ਸਮੂਏਲ 21:1-7) ਜਦ ਸ਼ਾਊਲ ਨੂੰ ਪਤਾ ਲੱਗਾ ਕਿ ਅਹੀਮਲਕ ਨੇ ਦਾਊਦ ਦੀ ਮਦਦ ਕੀਤੀ ਸੀ, ਤਾਂ ਉਸ ਨੇ ਨਾ ਸਿਰਫ਼ ਅਹੀਮਲਕ ਦੀ ਜਾਨ ਲਈ, ਸਗੋਂ ਬਾਕੀ ਦੇ ਸਾਰੇ ਜਾਜਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜਾਨਾਂ ਵੀ ਲੈ ਲਈਆਂ। (1 ਸਮੂਏਲ 22:12-19) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਸ ਬਾਰੇ ਸੁਣ ਕੇ ਦਾਊਦ ਤੇ ਕੀ ਬੀਤੀ ਹੋਵੇਗੀ? ਉਸ ਨੇ ਇਸ ਖ਼ੂਨ-ਖ਼ਰਾਬੇ ਲਈ ਆਪਣੇ ਆਪ ਨੂੰ ਜ਼ਰੂਰ ਦੋਸ਼ੀ ਸਮਝਿਆ ਹੋਣਾ।
ਜ਼ਰਾ ਸੋਚੋ ਕਿ ਯੂਸੁਫ਼ ਅਤੇ ਦਾਊਦ ਨੇ ਕਿੰਨੇ ਸਾਲ ਦੁੱਖ-ਤਕਲੀਫ਼ ਅਤੇ ਬਦਸਲੂਕੀ ਸਹੀ ਸੀ। ਜਿਸ ਤਰੀਕੇ ਨਾਲ ਉਨ੍ਹਾਂ ਨੇ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕੀਤਾ, ਉਸ ਤੋਂ ਅਸੀਂ ਚੰਗੇ ਸਬਕ ਸਿੱਖ ਸਕਦੇ ਹਾਂ। ਆਓ ਆਪਾਂ ਉਨ੍ਹਾਂ ਤਿੰਨ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਵਿਚ ਅਸੀਂ ਇਨ੍ਹਾਂ ਦੋਹਾਂ ਦੀ ਨਕਲ ਕਰ ਸਕਦੇ ਹਾਂ।
ਨਾਰਾਜ਼ਗੀ ਤੇ ਗੁੱਸੇ ਨੂੰ ਛੱਡੋ
ਪਹਿਲੀ ਗੱਲ ਹੈ ਕਿ ਇਨ੍ਹਾਂ ਵਫ਼ਾਦਾਰ ਆਦਮੀਆਂ ਨੇ ਆਪਣੇ ਆਪ ਨੂੰ ਨਾਰਾਜ਼ਗੀ ਅਤੇ ਗੁੱਸੇ ਦੇ ਖੂਹ ਵਿਚ ਡੁੱਬਣ ਨਹੀਂ ਦਿੱਤਾ। ਜਦ ਯੂਸੁਫ਼ ਕੈਦ ਵਿਚ ਸੀ, ਤਾਂ ਉਹ ਬੈਠਾ-ਬੈਠਾ ਇਹੀ ਸੋਚਦਾ ਰਹਿ ਸਕਦਾ ਸੀ ਕਿ ਉਸ ਦੇ ਭਰਾਵਾਂ ਨੇ ਕਿਸ ਤਰ੍ਹਾਂ ਉਸ ਨਾਲ ਧੋਖਾ ਕੀਤਾ ਸੀ। ਉਹ ਸ਼ਾਇਦ ਇਹ ਵੀ ਸੋਚ ਸਕਦਾ ਸੀ ਕਿ ਜਦ ਉਹ ਉਨ੍ਹਾਂ ਨੂੰ ਫਿਰ ਕਦੇ ਮਿਲਿਆ, ਤਾਂ ਉਹ ਬਦਲਾ ਜ਼ਰੂਰ ਲਵੇਗਾ। ਪਰ ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਉਸ ਨੇ ਇਸ ਤਰ੍ਹਾਂ ਨਹੀਂ ਸੋਚਿਆ ਸੀ? ਜ਼ਰਾ ਗੌਰ ਕਰੋ ਕਿ ਜਦ ਉਸ ਦੇ ਭਰਾ ਮਿਸਰ ਵਿਚ ਅਨਾਜ ਖ਼ਰੀਦਣ ਆਏ ਸਨ ਤੇ ਯੂਸੁਫ਼ ਨੂੰ ਬਦਲਾ ਲੈਣ ਦਾ ਮੌਕਾ ਮਿਲਿਆ ਸੀ, ਤਾਂ ਉਸ ਨੇ ਕੀ ਕੀਤਾ ਸੀ। ਬਾਈਬਲ ਸਾਨੂੰ ਦੱਸਦੀ ਹੈ: “ਯੂਸਫ਼ ਉਹਨਾਂ ਦੀਆਂ ਸੁਣ ਕੇ ਉਥੋਂ ਇਕਾਂਤ ਵਿਚ ਚਲਾ ਗਿਆ ਅਤੇ ਉਥੇ ਜਾ ਕੇ ਰੋਇਆ। . . . ਫਿਰ ਯੂਸਫ਼ ਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ, ਕਿ ਉਹਨਾਂ ਦੇ ਬੋਰੇ ਅਨਾਜ ਨਾਲ ਭਰ ਦਿਓ ਅਤੇ ਉਹਨਾਂ ਦਾ ਪੈਸਾ ਵੀ ਵਾਪਸ ਬੋਰਿਆਂ ਦੇ ਮੂੰਹ ਵਿਚ ਹੀ ਬੰਦ ਕਰ ਦਿਓ। ਨਾਲੇ ਉਹਨਾਂ ਨੂੰ ਰਾਹ ਦੇ ਲਈ ਭੋਜਨ ਵੀ ਦੇ ਦਿਓ।” ਬਾਅਦ ਵਿਚ ਜਦ ਉਹ ਆਪਣੇ ਭਰਾਵਾਂ ਨੂੰ ਉਨ੍ਹਾਂ ਦੇ ਪਿਤਾ ਨੂੰ ਮਿਸਰ ਲੈ ਆਉਣ ਲਈ ਵਿਦਿਆ ਕਰ ਰਿਹਾ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਰਾਹ ਵਿਚ ਲੜਾਈ ਝਗੜਾ ਨਾ ਕਰਨਾ।” ਯੂਸੁਫ਼ ਨੇ ਆਪਣੀ ਕਹਿਣੀ ਤੇ ਕਰਨੀ ਦੁਆਰਾ ਸਾਬਤ ਕੀਤਾ ਕਿ ਉਸ ਨੇ ਗੁੱਸੇ ਅਤੇ ਨਾਰਾਜ਼ਗੀ ਨੂੰ ਆਪਣੀ ਜ਼ਿੰਦਗੀ ਵਿਚ ਜ਼ਹਿਰ ਨਹੀਂ ਘੋਲਣ ਦਿੱਤਾ।—ਉਤਪਤ 42:24, 25; 45:24, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਇਸੇ ਤਰ੍ਹਾਂ, ਸ਼ਾਊਲ ਪਾਤਸ਼ਾਹ ਦੇ ਕਾਰਨ ਦਾਊਦ ਨੇ ਆਪਣੇ ਆਪ ਨੂੰ ਅੰਦਰੋਂ-ਅੰਦਰੀਂ ਕੁੜ੍ਹਨ ਨਹੀਂ ਦਿੱਤਾ ਸੀ। ਉਸ ਨੂੰ ਸ਼ਾਊਲ ਦੀ ਜਾਨ ਲੈਣ ਦੇ ਦੋ ਮੌਕੇ ਮਿਲੇ ਸਨ। ਪਰ ਜਦ ਉਸ ਦੇ ਆਦਮੀਆਂ ਨੇ ਉਸ ਨੂੰ ਸ਼ਾਊਲ ਨੂੰ ਮਾਰਨ ਲਈ ਕਿਹਾ, ਤਾਂ ਦਾਊਦ ਨੇ ਜਵਾਬ ਦਿੱਤਾ: “ਯਹੋਵਾਹ ਨਾ ਕਰੇ ਭਈ ਮੈਂ ਆਪਣੇ ਸੁਆਮੀ ਨਾਲ ਜੋ ਯਹੋਵਾਹ ਵੱਲੋਂ ਮਸਹ ਹੋਇਆ ਹੈ ਅਜਿਹਾ ਕੰਮ ਕਰਾਂ ਜੋ ਆਪਣਾ ਹੱਥ ਉਹ ਦੇ ਵਿਰੁੱਧ ਚਲਾਵਾਂ ਕਿਉਂ ਜੋ ਉਹ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਹੈ।” ਦਾਊਦ ਨੇ ਇਹ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਕੇ ਆਪਣੇ ਆਦਮੀਆਂ ਨੂੰ ਕਿਹਾ: “ਜੀਉਂਦੇ ਯਹੋਵਾਹ ਦੀ ਸੌਂਹ, ਜਾਂ ਤਾਂ ਉਹ ਨੂੰ ਯਹੋਵਾਹ ਆਪ ਮਾਰੇਗਾ ਯਾ ਉਹ ਦੇ ਮਰਨ ਦਾ ਦਿਨ ਆਵੇਗਾ ਜਾਂ ਉਹ ਲੜਾਈ ਵਿੱਚ ਜਾ ਕੇ ਮਾਰਿਆ ਜਾਵੇਗਾ।” ਬਾਅਦ ਵਿਚ ਦਾਊਦ ਨੇ ਸ਼ਾਊਲ ਤੇ ਉਸ ਦੇ ਪੁੱਤਰ ਯੋਨਾਥਾਨ ਦੀ ਮੌਤ ਹੋਣ ਤੇ ਸੋਗ ਦਾ ਇਕ ਗੀਤ ਵੀ ਲਿਖਿਆ। ਯੂਸੁਫ਼ ਵਾਂਗ ਦਾਊਦ ਨੇ ਵੀ ਆਪਣੇ ਆਪ ਨੂੰ ਕ੍ਰੋਧ ਦੀ ਅੱਗ ਵਿਚ ਨਹੀਂ ਸੜਨ ਦਿੱਤਾ।—1 ਸਮੂਏਲ 24:3-6; 26:7-13; 2 ਸਮੂਏਲ 1:17-27.
ਜਦੋਂ ਕਿਸੇ ਅਨਿਆਂ ਦੇ ਕਾਰਨ ਸਾਨੂੰ ਦੁੱਖ ਪਹੁੰਚਦਾ ਹੈ, ਤਾਂ ਕੀ ਅਸੀਂ ਨਾਰਾਜ਼ਗੀ ਅਤੇ ਕ੍ਰੋਧ ਦੇ ਕਾਰਨ ਅੰਦਰੋਂ-ਅੰਦਰੀਂ ਸੜ-ਬਲ ਜਾਂਦੇ ਹਾਂ? ਇਸ ਤਰ੍ਹਾਂ ਆਸਾਨੀ ਨਾਲ ਹੋ ਸਕਦਾ ਹੈ। ਜੇ ਅਸੀਂ ਆਪਣੇ ਜਜ਼ਬਾਤਾਂ ਉੱਤੇ ਕਾਬੂ ਨਾ ਰੱਖੀਏ, ਤਾਂ ਗੁੱਸੇ ਦੇ ਨਤੀਜੇ ਅਨਿਆਂ ਦੇ ਨਤੀਜਿਆਂ ਨਾਲੋਂ ਬੁਰੇ ਹੋ ਸਕਦੇ ਹਨ। (ਅਫ਼ਸੀਆਂ 4:26, 27) ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਹੋਰ ਨੂੰ ਰੋਕ ਨਹੀਂ ਸਕਦੇ ਕਿ ਉਹ ਕੀ ਕਰਦਾ ਜਾਂ ਕਹਿੰਦਾ ਹੈ। ਪਰ ਉਸ ਦੇ ਜਵਾਬ ਵਿਚ ਅਸੀਂ ਜੋ ਕਰਾਂਗੇ, ਉਸ ਬਾਰੇ ਅਸੀਂ ਜ਼ਰੂਰ ਕੁਝ ਕਰ ਸਕਦੇ ਹਾਂ। ਕੀ ਰੋਸੇ ਤੇ ਕੁੜੱਤਣ ਨੂੰ ਦਿਲ ਵਿੱਚੋਂ ਕੱਢਿਆ ਜਾ ਸਕਦਾ ਹੈ? ਜੀ ਹਾਂ, ਜੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਆਪਣੇ ਸਮੇਂ ਤੇ ਸਾਰੇ ਮਸਲੇ ਸੁਧਾਰ ਦੇਵੇਗਾ।—ਰੋਮੀਆਂ 12:17-19.
ਉਹ ਕਰੋ ਜੋ ਤੁਸੀਂ ਕਰ ਸਕਦੇ ਹੋ
ਦੂਜੀ ਗੱਲ ਹੈ ਕਿ ਸਾਨੂੰ ਆਪਣੇ ਆਪ ਨੂੰ ਆਪਣੇ ਹਾਲਾਤਾਂ ਦੇ ਹੱਥ-ਵੱਸ ਨਹੀਂ ਛੱਡ ਦੇਣਾ ਚਾਹੀਦਾ। ਜੇ ਅਸੀਂ ਪੂਰਾ ਸਮਾਂ ਇਹ ਸੋਚਣ ਵਿਚ ਲਾ ਦੇਈਏ ਕਿ ਅਸੀਂ ਕੁਝ ਨਹੀਂ ਕਰ ਸਕਦੇ, ਤਾਂ ਅਸੀਂ ਉਨ੍ਹਾਂ ਮੌਕਿਆਂ ਨੂੰ ਗੁਆ ਸਕਦੇ ਹਾਂ ਜਿਨ੍ਹਾਂ ਵਿਚ ਅਸੀਂ ਕੁਝ ਕਰ ਸਕਦੇ ਹਾਂ। ਇਸ ਤਰ੍ਹਾਂ ਸਾਡੇ ਹਾਲਾਤ ਸਾਨੂੰ ਆਪਣੀ ਪਕੜ ਵਿਚ ਲੈਣਾ ਸ਼ੁਰੂ ਕਰ ਦੇਣਗੇ। ਯੂਸੁਫ਼ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਸੀ। ਪਰ ਉਸ ਨੇ ਉਹ ਕੀਤਾ ਜੋ ਉਹ ਕਰ ਸਕਦਾ ਸੀ। ਜਦ ਉਹ ਗ਼ੁਲਾਮ ਸੀ, ਤਾਂ “ਯੂਸੁਫ਼ ਉੱਤੇ ਉਹ [ਦੇ ਮਾਲਕ] ਦੀ ਦਯਾ ਦੀ ਨਿਗਾਹ ਹੋਈ। ਉਸ ਨੇ ਉਹ ਦੀ ਸੇਵਾ ਕੀਤੀ ਅਤੇ ਉਸ ਨੇ ਉਹ ਨੂੰ ਆਪਣੇ ਘਰ ਦਾ ਮੁਖਤਿਆਰ ਬਣਾ ਦਿੱਤਾ।” ਕੈਦ ਵਿਚ ਵੀ ਯੂਸੁਫ਼ ਨੇ ਇਸੇ ਤਰ੍ਹਾਂ ਕੀਤਾ ਸੀ। ਯਹੋਵਾਹ ਦੇ ਆਸ਼ੀਰਵਾਦ ਅਤੇ ਯੂਸੁਫ਼ ਦੀ ਮਿਹਨਤ ਦੇ ਕਾਰਨ “ਦਰੋਗ਼ੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਕੈਦ ਵਿੱਚ ਸਨ ਯੂਸੁਫ਼ ਦੇ ਹੱਥ ਵਿੱਚ ਦੇ ਦਿੱਤਾ ਅਰ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ ਉਹੋ ਚਲਾਉਂਦਾ ਸੀ।”—ਉਤਪਤ 39:4, 21-23.
ਉਨ੍ਹਾਂ ਸਾਲਾਂ ਦੌਰਾਨ ਜਦ ਦਾਊਦ ਸ਼ਾਊਲ ਪਾਤਸ਼ਾਹ ਤੋਂ ਇੱਧਰ-ਉੱਧਰ ਭੱਜ ਰਿਹਾ ਸੀ, ਤਾਂ ਉਸ ਨੇ ਵੀ ਆਪਣੇ ਹਾਲਾਤਾਂ ਮੁਤਾਬਕ ਉਹ ਕੀਤਾ ਜੋ ਉਹ ਕਰ ਸਕਦਾ ਸੀ। ਜਦ ਉਹ ਪਾਰਾਨ ਦੀ ਉਜਾੜ ਵਿਚ ਰਹਿੰਦਾ ਸੀ, ਤਾਂ ਉਸ ਨੇ ਅਤੇ ਉਸ ਦੇ ਆਦਮੀਆਂ ਨੇ ਡਾਕੂਆਂ ਤੋਂ ਨਾਬਾਲ ਦੀਆਂ ਭੇਡਾਂ-ਬੱਕਰੀਆਂ ਦੀ ਰਾਖੀ ਕੀਤੀ ਸੀ। ਨਾਬਾਲ ਦੇ ਇਕ ਬੰਦੇ ਨੇ ਦਾਊਦ ਅਤੇ ਉਸ ਦੇ ਆਦਮੀਆਂ ਬਾਰੇ ਕਿਹਾ: “ਰਾਤ ਨੂੰ ਵੀ ਅਤੇ ਦਿਨ ਨੂੰ ਵੀ ਅਸੀਂ ਕੰਧ ਵਰਗੀ ਓਟ ਵਿੱਚ ਸਾਂ।” (1 ਸਮੂਏਲ 25:16) ਬਾਅਦ ਵਿਚ ਸਿਕਲਗ ਵਿਚ ਰਹਿੰਦੇ ਹੋਏ ਦਾਊਦ ਨੇ ਯਹੂਦਾਹ ਦੇ ਉਨ੍ਹਾਂ ਦੱਖਣੀ ਸ਼ਹਿਰਾਂ ਤੇ ਚੜ੍ਹਾਈ ਕੀਤੀ ਜਿਨ੍ਹਾਂ ਉੱਤੇ ਇਸਰਾਏਲ ਦੇ ਵੈਰੀਆਂ ਨੇ ਕਬਜ਼ਾ ਕੀਤਾ ਹੋਇਆ ਸੀ। ਇਸ ਤਰ੍ਹਾਂ ਉਹ ਯਹੂਦਾਹ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖ ਸਕਿਆ ਸੀ।—1 ਸਮੂਏਲ 27:8; 1 ਇਤਹਾਸ 12:20-22.
ਕੀ ਸਾਨੂੰ ਆਪਣੇ ਹਾਲਾਤਾਂ ਦਾ ਲਾਹਾ ਲੈਣ ਲਈ ਹੋਰ ਮਿਹਨਤ ਕਰਨ ਦੀ ਲੋੜ ਹੈ? ਭਾਵੇਂ ਇਸ ਤਰ੍ਹਾਂ ਕਰਨਾ ਸੌਖਾ ਨਾ ਵੀ ਹੋਵੇ, ਫਿਰ ਵੀ ਅਸੀਂ ਕਾਮਯਾਬ ਹੋ ਸਕਦੇ ਹਾਂ। ਆਪਣੀ ਜ਼ਿੰਦਗੀ ਬਾਰੇ ਸੋਚਦੇ ਹੋਏ ਪੌਲੁਸ ਰਸੂਲ ਕਹਿ ਸਕਿਆ ਸੀ: “ਮੈਂ ਇਹ ਸਿੱਖ ਲਿਆ ਹੈ ਭਈ ਜਿਸ ਹਾਲ ਵਿੱਚ ਹੋਵਾਂ ਓਸੇ ਵਿੱਚ ਸੰਤੋਖ ਰੱਖਾਂ। . . . ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ।” ਪੌਲੁਸ ਨੇ ਇਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਸਿੱਖਿਆ ਸੀ? ਯਹੋਵਾਹ ਉੱਤੇ ਹਮੇਸ਼ਾ ਭਰੋਸਾ ਰੱਖ ਕੇ। ਉਸ ਨੇ ਕਿਹਾ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:11-13.
ਯਹੋਵਾਹ ਦੀ ਉਡੀਕ ਕਰੋ
ਤੀਜੀ ਗੱਲ ਹੈ ਕਿ ਸਾਨੂੰ ਆਪਣੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਵਿਚ ਉਹ ਨਹੀਂ ਕਰਨਾ ਚਾਹੀਦਾ ਜੋ ਬਾਈਬਲ ਦੀ ਸਲਾਹ ਅਨੁਸਾਰ ਨਹੀਂ ਹੈ। ਇਸ ਦੀ ਬਜਾਇ ਸਾਨੂੰ ਯਹੋਵਾਹ ਦੀ ਉਡੀਕ ਕਰਨੀ ਚਾਹੀਦੀ ਹੈ। ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ।” (ਯਾਕੂਬ 1:4) ਸਭ ਲੋਕ ਚਾਹੁੰਦੇ ਹਨ ਕਿ ਕੋਈ ਔਖੀ ਘੜੀ ਜਲਦੀ ਦੇਣੀ ਲੰਘ ਜਾਵੇ। ਪਰ ਧੀਰਜ ‘ਆਪਣਾ ਕੰਮ’ ਸਿਰਫ਼ ਉਦੋਂ ਪੂਰਾ ਕਰ ਸਕਦਾ ਹੈ ਜਦੋਂ ਅਸੀਂ ਆਪਣੇ ਮਸੀਹੀ ਮਿਆਰਾਂ ਦਾ ਸਮਝੌਤਾ ਕੀਤੇ ਬਿਨਾਂ ਆਪਣੀ ਮੁਸੀਬਤ ਦੇ ਅੰਤ ਤਕ ਸਬਰ ਕਰਦੇ ਹਾਂ। ਫਿਰ ਸਾਡੀ ਨਿਹਚਾ ਪਰਖੀ ਤੇ ਨਿਖਰੀ ਹੋਈ ਹੋਵੇਗੀ ਅਤੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਵਿਚ ਸਹਿਣ ਦੀ ਸ਼ਕਤੀ ਹੈ। ਯੂਸੁਫ਼ ਅਤੇ ਦਾਊਦ ਵਿਚ ਇਸੇ ਤਰ੍ਹਾਂ ਦਾ ਧੀਰਜ ਸੀ। ਉਨ੍ਹਾਂ ਨੇ ਇਸ ਤਰ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਤੋਂ ਯਹੋਵਾਹ ਨਾਰਾਜ਼ ਹੋ ਸਕਦਾ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਆਪਣੇ ਹਾਲਾਤਾਂ ਮੁਤਾਬਕ ਉਹ ਕੀਤਾ ਜੋ ਉਹ ਕਰ ਸਕਦੇ ਸਨ। ਉਹ ਯਹੋਵਾਹ ਦੀ ਉਡੀਕ ਕਰਦੇ ਰਹੇ ਅਤੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਬੇਹੱਦ ਬਰਕਤਾਂ ਮਿਲੀਆਂ। ਯਹੋਵਾਹ ਨੇ ਉਨ੍ਹਾਂ ਦੋਹਾਂ ਨੂੰ ਆਪਣੇ ਲੋਕਾਂ ਦੀ ਅਗਵਾਈ ਕਰਨ ਅਤੇ ਬਚਾਉਣ ਲਈ ਵਰਤਿਆ ਸੀ।—ਉਤਪਤ 41:39-41; 45:5; 2 ਸਮੂਏਲ 5:4, 5.
ਸਾਡੇ ਉੱਤੇ ਵੀ ਅਜਿਹੀਆਂ ਸਮੱਸਿਆਵਾਂ ਆ ਸਕਦੀਆਂ ਹਨ ਜਿਨ੍ਹਾਂ ਦਾ ਹੱਲ ਲੱਭਣ ਲਈ ਅਸੀਂ ਕੋਈ ਗ਼ਲਤ ਕਦਮ ਚੁੱਕ ਸਕਦੇ ਹਾਂ। ਮਿਸਾਲ ਲਈ, ਕੀ ਤੁਸੀਂ ਨਿਰਾਸ਼ ਹੋ ਕਿਉਂਕਿ ਤੁਹਾਨੂੰ ਸੱਚਾਈ ਵਿਚ ਕੋਈ ਜੀਵਨ ਸਾਥੀ ਨਹੀਂ ਮਿਲ ਰਿਹਾ? ਹਿੰਮਤ ਹਾਰ ਕੇ ਯਹੋਵਾਹ ਦਾ ਇਹ ਹੁਕਮ ਤੋੜਨ ਤੋਂ ਬਚੋ ਕਿ ਤੁਸੀਂ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰਾਓ। (1 ਕੁਰਿੰਥੀਆਂ 7:39) ਕੀ ਤੁਹਾਡੇ ਪਤੀ-ਪਤਨੀ ਦੇ ਰਿਸ਼ਤੇ ਵਿਚ ਕੋਈ ਮੁਸ਼ਕਲ ਹੈ? ਦੁਨੀਆਂ ਦੇ ਲੋਕਾਂ ਵਾਂਗ ਅਲੱਗ ਹੋਣ ਜਾਂ ਤਲਾਕ ਲੈਣ ਦੀ ਬਜਾਇ ਆਪਣੇ ਵਿਆਹ ਨੂੰ ਕਾਮਯਾਬ ਬਣਾਉਣ ਦੀ ਪੂਰੀ ਕੋਸ਼ਿਸ਼ ਕਰੋ। (ਮਲਾਕੀ 2:16; ਅਫ਼ਸੀਆਂ 5:21-33) ਕੀ ਤੁਹਾਡੇ ਲਈ ਆਪਣੇ ਘਰ ਦਾ ਗੁਜ਼ਾਰਾ ਤੋਰਨਾ ਮੁਸ਼ਕਲ ਹੋ ਰਿਹਾ ਹੈ? ਯਹੋਵਾਹ ਦੀ ਉਡੀਕ ਕਰਨ ਦਾ ਮਤਲਬ ਹੈ ਕਿ ਅਸੀਂ ਕੋਈ ਗ਼ਲਤ ਕਦਮ ਚੁੱਕ ਕੇ ਜਾਂ ਕਿਸੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ। (ਜ਼ਬੂਰਾਂ ਦੀ ਪੋਥੀ 37:25; ਇਬਰਾਨੀਆਂ 13:18) ਜੀ ਹਾਂ, ਸਾਨੂੰ ਸਾਰਿਆਂ ਨੂੰ ਆਪਣੇ ਹਾਲਾਤਾਂ ਦਾ ਲਾਹਾ ਲੈਂਦੇ ਹੋਏ ਸਹੀ ਰਾਹ ਤੁਰਦੇ ਰਹਿਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਯਹੋਵਾਹ ਸਾਡੇ ਜਤਨਾਂ ਤੇ ਬਰਕਤ ਪਾ ਸਕੇ। ਇਸ ਤਰ੍ਹਾਂ ਕਰਦੇ ਹੋਏ, ਆਓ ਆਪਾਂ ਠਾਣ ਲਈਏ ਕਿ ਅਸੀਂ ਹੱਲ ਵਾਸਤੇ ਯਹੋਵਾਹ ਦੀ ਉਡੀਕ ਕਰਦੇ ਰਹਾਂਗੇ।—ਮੀਕਾਹ 7:7.
ਯਹੋਵਾਹ ਤੁਹਾਨੂੰ ਸਹਾਰਾ ਦੇਵੇਗਾ
ਬਾਈਬਲ ਵਿੱਚੋਂ ਯੂਸੁਫ਼ ਅਤੇ ਦਾਊਦ ਵਰਗੇ ਇਨਸਾਨਾਂ ਦੀ ਜ਼ਿੰਦਗੀ ਉੱਤੇ ਮਨਨ ਕਰਨ ਨਾਲ ਸਾਡੇ ਤੇ ਚੰਗਾ ਅਸਰ ਪੈ ਸਕਦਾ ਹੈ। ਅਸੀਂ ਦੇਖ ਸਕਦੇ ਹਾਂ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਦੌਰਾਨ ਕੀ ਕੀਤਾ ਸੀ। ਭਾਵੇਂ ਉਨ੍ਹਾਂ ਦੀ ਕਹਾਣੀ ਬਾਈਬਲ ਦੇ ਥੋੜ੍ਹੇ ਜਿਹੇ ਸਫ਼ਿਆਂ ਉੱਤੇ ਦੱਸੀ ਗਈ ਹੈ, ਪਰ ਉਨ੍ਹਾਂ ਦੀਆਂ ਸਮੱਸਿਆਵਾਂ ਕਈ ਸਾਲ ਚੱਲਦੀਆਂ ਰਹੀਆਂ। ਉਨ੍ਹਾਂ ਕਹਾਣੀਆਂ ਨੂੰ ਪੜ੍ਹਦੇ ਸਮੇਂ ਆਪਣੇ ਆਪ ਨੂੰ ਪੁੱਛੋ: ‘ਪਰਮੇਸ਼ੁਰ ਦੇ ਉਨ੍ਹਾਂ ਸੇਵਕਾਂ ਨੇ ਮੁਸ਼ਕਲ ਹਾਲਾਤਾਂ ਵਿਚ ਸਬਰ ਦਾ ਘੁੱਟ ਭਰਨਾ ਕਿਵੇਂ ਸਿੱਖਿਆ ਸੀ? ਉਨ੍ਹਾਂ ਨੇ ਆਸ ਕਿਉਂ ਨਹੀਂ ਛੱਡੀ ਸੀ? ਉਨ੍ਹਾਂ ਨੂੰ ਆਪਣੇ ਵਿਚ ਕਿਹੋ ਜਿਹੇ ਗੁਣ ਪੈਦਾ ਕਰਨੇ ਪਏ ਸਨ?’
ਅੱਜ ਵੀ ਯਹੋਵਾਹ ਦੇ ਕਈ ਵਫ਼ਾਦਾਰ ਸੇਵਕ ਹਨ ਜਿਨ੍ਹਾਂ ਦੇ ਧੀਰਜ ਉੱਤੇ ਵੀ ਸਾਨੂੰ ਗੌਰ ਕਰਨਾ ਚਾਹੀਦਾ ਹੈ। (1 ਪਤਰਸ 5:9) ਹਰ ਸਾਲ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਕਈ ਜੀਵਨੀਆਂ ਆਉਂਦੀਆਂ ਹਨ। ਕੀ ਤੁਸੀਂ ਆਪਣੇ ਇਨ੍ਹਾਂ ਵਫ਼ਾਦਾਰ ਭੈਣ-ਭਾਈਆਂ ਦੀਆਂ ਮਿਸਾਲਾਂ ਪੜ੍ਹ ਕੇ ਉਨ੍ਹਾਂ ਉੱਤੇ ਮਨਨ ਕਰਦੇ ਹੋ? ਇਸ ਤੋਂ ਇਲਾਵਾ, ਸਾਡੀਆਂ ਕਲੀਸਿਯਾਵਾਂ ਵਿਚ ਵੀ ਕਈ ਭੈਣ-ਭਰਾ ਹਨ ਜੋ ਵਫ਼ਾਦਾਰੀ ਨਾਲ ਮੁਸੀਬਤਾਂ ਦਾ ਸਾਮ੍ਹਣਾ ਕਰ ਰਹੇ ਹਨ। ਕੀ ਤੁਸੀਂ ਬਾਕਾਇਦਾ ਉਨ੍ਹਾਂ ਨਾਲ ਸੰਗਤ ਕਰਦੇ ਹੋ ਅਤੇ ਕਲੀਸਿਯਾ ਦੀਆਂ ਮੀਟਿੰਗਾਂ ਵਿਚ ਉਨ੍ਹਾਂ ਤੋਂ ਸਿੱਖਦੇ ਹੋ?—ਇਬਰਾਨੀਆਂ 10:24, 25.
ਜਦ ਸਮੱਸਿਆਵਾਂ ਤੁਹਾਨੂੰ ਘੇਰ ਲੈਂਦੀਆਂ ਹਨ, ਤਾਂ ਯਾਦ ਰੱਖੋ ਕਿ ਯਹੋਵਾਹ ਨੂੰ ਤੁਹਾਡੀ ਚਿੰਤਾ ਹੈ ਤੇ ਉਹ ਤੁਹਾਨੂੰ ਸਹਾਰਾ ਦੇਵੇਗਾ। (1 ਪਤਰਸ 5:6-10) ਪੂਰੀ ਕੋਸ਼ਿਸ਼ ਕਰੋ ਕਿ ਤੁਹਾਡੇ ਹਾਲਾਤ ਤੁਹਾਨੂੰ ਆਪਣੀ ਪਕੜ ਵਿਚ ਨਾ ਰੱਖਣ। ਯੂਸੁਫ਼, ਦਾਊਦ ਅਤੇ ਹੋਰਨਾਂ ਦੀ ਨਕਲ ਕਰ ਕੇ ਆਪਣੇ ਆਪ ਨੂੰ ਗੁੱਸੇ ਦੀ ਅੱਗ ਵਿਚ ਸੜਨ ਨਾ ਦਿਓ, ਆਪਣੇ ਹਾਲਾਤਾਂ ਦਾ ਲਾਹਾ ਲੈਂਦੇ ਹੋਏ ਉਹ ਕਰੋ ਜੋ ਤੁਸੀਂ ਕਰ ਸਕਦੇ ਹੋ ਅਤੇ ਆਪਣੇ ਮਸਲਿਆਂ ਦੇ ਹੱਲ ਲਈ ਯਹੋਵਾਹ ਦੀ ਉਡੀਕ ਕਰੋ। ਪ੍ਰਾਰਥਨਾ ਅਤੇ ਰੱਬ ਦੀ ਸੇਵਾ ਵਿਚ ਕੰਮ-ਕਾਰ ਕਰ ਕੇ ਉਸ ਦੇ ਨਜ਼ਦੀਕ ਹੋਵੋ। ਇਸ ਤਰੀਕੇ ਨਾਲ ਤੁਸੀਂ ਦੇਖ ਸਕੋਗੇ ਕਿ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਵੀ ਤੁਸੀਂ ਹਿੰਮਤ ਹਾਰਨ ਤੋਂ ਬਿਨਾਂ ਖ਼ੁਸ਼ ਰਹਿ ਸਕਦੇ ਹੋ।—ਜ਼ਬੂਰਾਂ ਦੀ ਪੋਥੀ 34:8.
[ਸਫ਼ੇ 20, 21 ਉੱਤੇ ਤਸਵੀਰ]
ਯੂਸੁਫ਼ ਨੇ ਆਪਣੇ ਮਾੜੇ ਹਾਲਾਤਾਂ ਦੇ ਬਾਵਜੂਦ ਹਿੰਮਤ ਨਹੀਂ ਹਾਰੀ ਸੀ
[ਸਫ਼ੇ 23 ਉੱਤੇ ਤਸਵੀਰ]
ਦਾਊਦ ਨੇ ਆਪਣੀਆਂ ਮੁਸੀਬਤਾਂ ਦੇ ਹੱਲ ਲਈ ਯਹੋਵਾਹ ਦੀ ਉਡੀਕ ਕੀਤੀ ਸੀ