“ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ”
“ਕੈਥੋਲਿਕ ਧਰਮ ਚਾਰ ਚੀਜ਼ਾਂ ਦਾ ਜ਼ਿਕਰ ਕਰਦਾ ਹੈ: ਮੌਤ, ਨਿਆਂ, ਨਰਕ ਅਤੇ ਸਵਰਗ।”—ਜਾਰਜ ਬ੍ਰੈਂਟਲ ਦੁਆਰਾ ਸੰਪਾਦਿਤ ਕਿਤਾਬ ਕੈਥੋਲਿਕ ਧਰਮ।
ਧਿਆਨ ਦਿਓ ਕਿ ਇਨ੍ਹਾਂ ਚਾਰ ਚੀਜ਼ਾਂ ਵਿਚ ਧਰਤੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਪਰ ਇਹ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਕਿਉਂਕਿ ਹੋਰਨਾਂ ਕਈ ਧਰਮਾਂ ਦੀ ਤਰ੍ਹਾਂ ਕੈਥੋਲਿਕ ਧਰਮ ਦਾ ਵੀ ਇਹੋ ਮੰਨਣਾ ਹੈ ਕਿ ਧਰਤੀ ਇਕ ਦਿਨ ਨਾਸ਼ ਕਰ ਦਿੱਤੀ ਜਾਵੇਗੀ। ਇਕ ਕੈਥੋਲਿਕ ਕਿਤਾਬ ਵਿਚ “ਦੁਨੀਆਂ ਦਾ ਅੰਤ” ਸਿਰਲੇਖ ਥੱਲੇ ਸਾਫ਼ ਲਿਖਿਆ ਹੈ: “ਕੈਥੋਲਿਕ ਧਰਮ ਇਹ ਮੰਨਦਾ ਅਤੇ ਸਿਖਾਉਂਦਾ ਹੈ ਕਿ ਅੱਜ ਦੀ ਦੁਨੀਆਂ . . . ਹਮੇਸ਼ਾ ਲਈ ਨਹੀਂ ਰਹੇਗੀ।” (ਡੀਕਸੌਨੇਰ ਡ ਤੇਓਲੋਜ਼ੀ ਕਾਤੋਲੀਕ) ਕੈਥੋਲਿਕਾਂ ਦੀ ਇਕ ਧਾਰਮਿਕ ਕਿਤਾਬ ਦੱਸਦੀ ਹੈ: “ਸਾਡੀ ਧਰਤੀ . . . ਨਾਸ਼ ਹੋਣ ਵਾਲੀ ਹੈ।” ਪਰ ਜੇ ਇਹ ਸੱਚ ਹੈ, ਤਾਂ ਧਰਤੀ ਨੂੰ ਫਿਰਦੌਸ ਬਣਾਉਣ ਦੇ ਬਾਈਬਲ ਦੇ ਵਾਅਦੇ ਬਾਰੇ ਕੀ?
ਬਾਈਬਲ ਵਿਚ ਸਾਫ਼ ਦੱਸਿਆ ਗਿਆ ਹੈ ਕਿ ਇਕ ਦਿਨ ਧਰਤੀ ਦੇ ਹਾਲਾਤਾਂ ਨੂੰ ਸੁਧਾਰ ਦਿੱਤਾ ਜਾਵੇਗਾ। ਇਨ੍ਹਾਂ ਹਾਲਾਤਾਂ ਅਤੇ ਧਰਤੀ ਦੇ ਵਾਸੀਆਂ ਦਾ ਵਰਣਨ ਯਸਾਯਾਹ ਨਬੀ ਨੇ ਕੁਝ ਇਸ ਤਰ੍ਹਾਂ ਕੀਤਾ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।” (ਯਸਾਯਾਹ 65:21, 22) ਇਹ ਵਾਅਦੇ ਪਰਮੇਸ਼ੁਰ ਨੇ ਯਹੂਦੀਆਂ ਨਾਲ ਕੀਤੇ ਸਨ। ਉਹ ਮੰਨਦੇ ਸਨ ਕਿ ਉਨ੍ਹਾਂ ਦਾ ਦੇਸ਼ ਅਤੇ ਇਕ ਦਿਨ ਸਾਰੀ ਧਰਤੀ ਖ਼ੂਬਸੂਰਤ ਬਣ ਜਾਵੇਗੀ ਜਿੱਥੇ ਇਨਸਾਨ ਸੁੱਖ-ਸ਼ਾਂਤੀ ਨਾਲ ਹਮੇਸ਼ਾ ਲਈ ਰਹਿਣਗੇ।
ਜ਼ਬੂਰਾਂ ਦੀ ਪੋਥੀ ਦੇ 37ਵੇਂ ਅਧਿਆਇ ਵਿਚ ਵੀ ਇਸ ਉਮੀਦ ਬਾਰੇ ਦੱਸਿਆ ਗਿਆ ਹੈ: “ਅਧੀਨ ਧਰਤੀ ਦੇ ਵਾਰਸ ਹੋਣਗੇ।” (ਜ਼ਬੂਰਾਂ ਦੀ ਪੋਥੀ 37:11) ਇਹ ਆਇਤ ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਆਪਣੇ ਦੇਸ਼ ਵਾਪਸ ਆਏ ਇਸਰਾਏਲੀਆਂ ਦੀ ਗੱਲ ਨਹੀਂ ਕਰ ਰਹੀ। ਇਸੇ ਜ਼ਬੂਰ ਵਿਚ ਅੱਗੇ ਦੱਸਿਆ ਗਿਆ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰਾਂ ਦੀ ਪੋਥੀ 37:29)a ਧਿਆਨ ਦਿਓ ਕਿ ਇਸ ਜ਼ਬੂਰ ਵਿਚ ਲਿਖਿਆ ਗਿਆ ਹੈ ਕਿ “ਅਧੀਨ” ਯਾਨੀ ਹਲੀਮ ਲੋਕਾਂ ਨੂੰ ਇਨਾਮ ਵਜੋਂ ਇਸ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਜਾਵੇਗੀ। ਇਕ ਫ਼ਰਾਂਸੀਸੀ ਬਾਈਬਲ ਵਿਚ ਇਸ ਆਇਤ ਉੱਤੇ ਟਿੱਪਣੀ ਕੀਤੀ ਗਈ ਹੈ ਕਿ ਇੱਥੇ ‘“ਹਲੀਮ” ਸ਼ਬਦ ਦਾ ਬਹੁਤ ਹੀ ਗਹਿਰਾ ਅਰਥ ਹੈ; ਹਲੀਮਾਂ ਵਿਚ ਉਹ ਲੋਕ ਆਉਂਦੇ ਹਨ ਜੋ ਦੁਖੀ ਹਨ, ਜੋ ਯਾਹਵੇਹ [ਇਬਰਾਨੀ ਭਾਸ਼ਾ ਵਿਚ ਯਹੋਵਾਹ ਪਰਮੇਸ਼ੁਰ ਦਾ ਨਾਂ] ਦੀ ਖ਼ਾਤਰ ਸਤਾਏ ਜਾਂਦੇ ਹਨ ਤੇ ਜੋ ਪਰਮੇਸ਼ੁਰ ਦਾ ਦਿਲੋਂ ਕਹਿਣਾ ਮੰਨਦੇ ਹਨ।’
ਧਰਤੀ ਤੇ ਜਾਂ ਸਵਰਗ ਵਿਚ?
ਇਕ ਪ੍ਰਸਿੱਧ ਉਪਦੇਸ਼ ਵਿਚ ਯਿਸੂ ਨੇ ਜੋ ਵਾਅਦਾ ਕੀਤਾ ਸੀ, ਉਹ ਸਾਨੂੰ ਉੱਪਰ ਜ਼ਿਕਰ ਕੀਤੀਆਂ ਆਇਤਾਂ ਚੇਤੇ ਕਰਾਉਂਦਾ ਹੈ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਇੱਥੇ ਵੀ ਕਿਹਾ ਗਿਆ ਹੈ ਕਿ ਵਫ਼ਾਦਾਰ ਲੋਕ ਹਮੇਸ਼ਾ ਲਈ ਧਰਤੀ ਉੱਤੇ ਵੱਸਣਗੇ। ਪਰ ਯਿਸੂ ਨੇ ਤਾਂ ਆਪਣੇ ਰਸੂਲਾਂ ਨੂੰ ਸਾਫ਼ ਕਿਹਾ ਸੀ ਕਿ ਉਹ ਉਨ੍ਹਾਂ ਲਈ ‘ਆਪਣੇ ਪਿਤਾ ਦੇ ਘਰ’ ਜਗ੍ਹਾ ਤਿਆਰ ਕਰਨ ਜਾ ਰਿਹਾ ਸੀ ਅਤੇ ਕਿ ਉਹ ਉਸ ਨਾਲ ਸਵਰਗ ਵਿਚ ਹੋਣਗੇ। (ਯੂਹੰਨਾ 14:1, 2; ਲੂਕਾ 12:32; 1 ਪਤਰਸ 1:3, 4) ਤਾਂ ਫਿਰ ਸਾਨੂੰ ਧਰਤੀ ਸੰਬੰਧੀ ਵਾਅਦਿਆਂ ਨੂੰ ਕਿਵੇਂ ਸਮਝਣਾ ਚਾਹੀਦਾ ਹੈ? ਕੀ ਇਹ ਸਾਡੇ ਲਈ ਕੋਈ ਮਾਅਨੇ ਰੱਖਦੇ ਹਨ? ਅਤੇ ਧਰਤੀ ਉੱਤੇ ਕੌਣ ਰਹਿਣਗੇ?
ਵੱਖੋ-ਵੱਖਰੇ ਬਾਈਬਲ ਵਿਦਵਾਨ ਕਹਿੰਦੇ ਹਨ ਕਿ ਅਸਲ ਵਿਚ ਮੱਤੀ ਦੇ 5ਵੇਂ ਅਧਿਆਇ ਅਤੇ ਜ਼ਬੂਰਾਂ ਦੀ ਪੋਥੀ 37 ਵਿਚ “ਧਰਤੀ” ਦੀ ਗੱਲ ਨਹੀਂ ਕੀਤੀ ਗਈ। ਬੀਬਲ ਡ ਗਲੇਰ ਨਾਂ ਦੀ ਬਾਈਬਲ ਵਿਚ ਐੱਫ਼. ਵਿਗੂਰੂ ਨੇ ਕਿਹਾ ਕਿ ਇਨ੍ਹਾਂ ਆਇਤਾਂ ਵਿਚ “ਸਵਰਗ ਅਤੇ ਚਰਚ ਦੀ ਗੱਲ ਕੀਤੀ ਗਈ ਹੈ।” ਇਕ ਫਰਾਂਸੀਸੀ ਬਾਈਬਲ ਖੋਜਕਾਰ ਐੱਮ. ਲਗਰੌਂਜ਼ ਕਹਿੰਦਾ ਹੈ ਕਿ ਇਹ ਵਾਅਦਾ “ਹਲੀਮਾਂ ਨੂੰ ਇਹ ਧਰਤੀ ਦੇਣ ਦਾ ਨਹੀਂ ਹੈ। ਉਹ ਨਾ ਤਾਂ ਇਸ ਜ਼ਮਾਨੇ ਵਿਚ ਤੇ ਨਾ ਹੀ ਭਵਿੱਖ ਵਿਚ ਇਸ ਧਰਤੀ ਦੇ ਵਾਰਸ ਹੋਣਗੇ, ਬਲਕਿ ਉਨ੍ਹਾਂ ਨੂੰ ਸਵਰਗ ਦਾ ਰਾਜ ਦੇਣ ਦਾ ਵਾਅਦਾ ਕੀਤਾ ਗਿਆ ਹੈ ਭਾਵੇਂ ਇਹ ਜਿੱਥੇ ਮਰਜ਼ੀ ਹੋਵੇ।” ਇਕ ਹੋਰ ਖੋਜਕਾਰ ਮੁਤਾਬਕ, ਬਾਈਬਲ ਵਿਚ ਧਰਤੀ ਨਾਲ ਜੁੜੇ ਸ਼ਬਦਾਂ ਦੀ ਵਰਤੋਂ ਸਵਰਗ ਨੂੰ ਸਮਝਾਉਣ ਲਈ ਕੀਤੀ ਗਈ ਹੈ। ਕੁਝ ਹੋਰ ਖੋਜਕਾਰਾਂ ਦਾ ਕਹਿਣਾ ਹੈ ਕਿ “ਇਸਰਾਏਲੀਆਂ ਨੂੰ ਦਿੱਤਾ ਗਿਆ ਦੇਸ਼ ਕਨਾਨ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ ਜੋ ਹਲੀਮ ਲੋਕਾਂ ਨੂੰ ਦਿੱਤਾ ਜਾਵੇਗਾ। ਜ਼ਬੂਰ 37 ਅਤੇ ਹੋਰਨਾਂ ਆਇਤਾਂ ਦਾ ਵੀ ਇਹੀ ਮਤਲਬ ਹੈ।” ਤਾਂ ਫਿਰ ਕੀ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਪਰਮੇਸ਼ੁਰ ਇਸ ਧਰਤੀ ਨੂੰ ਫਿਰਦੌਸ ਬਣਾਉਣ ਦਾ ਕੋਈ ਇਰਾਦਾ ਨਹੀਂ ਰੱਖਦਾ?
ਧਰਤੀ ਲਈ ਮੁਢਲਾ ਮਕਸਦ
ਪਰਮੇਸ਼ੁਰ ਨੇ ਧਰਤੀ ਨੂੰ ਸਿਰਜਣ ਲੱਗਿਆਂ ਹੀ ਠਾਣ ਲਿਆ ਸੀ ਕਿ ਇਹ ਇਨਸਾਨਾਂ ਦਾ ਘਰ ਹੋਵੇਗੀ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ।” (ਜ਼ਬੂਰਾਂ ਦੀ ਪੋਥੀ 115:16) ਤਾਂ ਫਿਰ ਮਨੁੱਖਜਾਤੀ ਲਈ ਪਰਮੇਸ਼ੁਰ ਦਾ ਮੁਢਲਾ ਮਕਸਦ ਸਵਰਗ ਨਾਲ ਨਹੀਂ, ਬਲਕਿ ਧਰਤੀ ਨਾਲ ਜੁੜਿਆ ਹੋਇਆ ਸੀ। ਯਹੋਵਾਹ ਨੇ ਪਹਿਲੇ ਮਨੁੱਖੀ ਜੋੜੇ ਆਦਮ ਅਤੇ ਹੱਵਾਹ ਨੂੰ ਕੰਮ ਦਿੱਤਾ ਸੀ ਕਿ ਉਹ ਪੂਰੀ ਧਰਤੀ ਨੂੰ ਆਪਣੇ ਘਰ ਅਦਨ ਦੇ ਬਾਗ਼ ਵਰਗਾ ਸੁੰਦਰ ਬਣਾਉਣ। (ਉਤਪਤ 1:28) ਪਰਮੇਸ਼ੁਰ ਦਾ ਇਹ ਮਕਸਦ ਥੋੜ੍ਹੇ ਚਿਰ ਵਾਸਤੇ ਨਹੀਂ ਸੀ। ਯਹੋਵਾਹ ਆਪਣੇ ਬਚਨ ਬਾਈਬਲ ਵਿਚ ਦਾਅਵੇ ਨਾਲ ਕਹਿੰਦਾ ਹੈ ਕਿ ਧਰਤੀ ਹਮੇਸ਼ਾ ਲਈ ਰਹੇਗੀ: “ਇੱਕ ਪੀੜ੍ਹੀ ਚੱਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਹੈ।”—ਉਪਦੇਸ਼ਕ ਦੀ ਪੋਥੀ 1:4; 1 ਇਤਹਾਸ 16:30; ਯਸਾਯਾਹ 45:18.
ਪਰਮੇਸ਼ੁਰ ਦੇ ਵਾਅਦੇ ਕਦੇ ਅਧੂਰੇ ਨਹੀਂ ਰਹਿੰਦੇ ਕਿਉਂਕਿ ਉਹ ਸਰਬਸ਼ਕਤੀਮਾਨ ਹੈ ਅਤੇ ਆਪਣੇ ਵਾਅਦੇ ਪੂਰੇ ਕਰ ਕੇ ਹੀ ਰਹਿੰਦਾ ਹੈ। ਪਾਣੀ ਦੇ ਕੁਦਰਤੀ ਚੱਕਰ ਦੀ ਉਦਾਹਰਣ ਇਸਤੇਮਾਲ ਕਰਦੇ ਹੋਏ ਬਾਈਬਲ ਸਮਝਾਉਂਦੀ ਹੈ ਕਿ ਪਰਮੇਸ਼ੁਰ ਦੇ ਵਾਅਦੇ ਅਟੱਲ ਹਨ: “ਜਿਵੇਂ ਤਾਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਨੂੰ ਮੁੜ ਨਹੀ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਐਉਂ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, ਤਿਵੇਂ ਮੇਰਾ [ਪਰਮੇਸ਼ੁਰ ਦਾ] ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।” (ਯਸਾਯਾਹ 55:10, 11) ਇਨਸਾਨਾਂ ਨਾਲ ਕੀਤੇ ਪਰਮੇਸ਼ੁਰ ਦੇ ਵਾਅਦੇ ਖੋਖਲੇ ਨਹੀਂ ਹਨ, ਇਹ ਪੂਰੇ ਹੋ ਕੇ ਹੀ ਰਹਿਣਗੇ ਭਾਵੇਂ ਇਨ੍ਹਾਂ ਨੂੰ ਕੁਝ ਜਾਂ ਕਾਫ਼ੀ ਸਮਾਂ ਕਿਉਂ ਨਾ ਲੱਗੇ। ਪਰਮੇਸ਼ੁਰ ਆਪਣੇ ਵਾਅਦੇ ਅਨੁਸਾਰ ਆਪਣਾ ਮਕਸਦ ਪੂਰਾ ਕਰ ਕੇ ਰਹਿੰਦਾ ਹੈ।
ਮਨੁੱਖਜਾਤੀ ਲਈ ਧਰਤੀ ਸ੍ਰਿਸ਼ਟ ਕਰ ਕੇ ਯਹੋਵਾਹ ਨੂੰ ਬੜੀ ਖ਼ੁਸ਼ੀ ਹੋਈ ਸੀ। ਸ੍ਰਿਸ਼ਟੀ ਕਰਨ ਦੇ ਛੇਵੇਂ ਦਿਨ ਦੇ ਅਖ਼ੀਰ ਤੇ ਉਸ ਨੇ ਕਿਹਾ ਸੀ ਕਿ ਸਭ ਕੁਝ “ਬਹੁਤ ਹੀ ਚੰਗਾ” ਸੀ। (ਉਤਪਤ 1:31) ਉਹ ਧਰਤੀ ਨੂੰ ਖ਼ੂਬਸੂਰਤ ਬਣਾਉਣ ਦਾ ਮਕਸਦ ਰੱਖਦਾ ਸੀ ਜੋ ਅਜੇ ਪੂਰਾ ਨਹੀਂ ਹੋਇਆ ਹੈ। ਉਸ ਦਾ ਇਹ ਮਕਸਦ “ਅਵਿਰਥਾ” ਨਹੀਂ ਹੋਵੇਗਾ। ਧਰਤੀ ਉੱਤੇ ਇਨਸਾਨਾਂ ਨੂੰ ਮੁਕੰਮਲ ਤੇ ਵਧੀਆ ਜ਼ਿੰਦਗੀ ਦੇਣ ਦੇ ਉਸ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ। ਉਸ ਵੇਲੇ ਲੋਕ ਸੁਖ-ਸ਼ਾਂਤੀ ਨਾਲ ਰਹਿਣਗੇ।—ਜ਼ਬੂਰਾਂ ਦੀ ਪੋਥੀ 135:6; ਯਸਾਯਾਹ 46:10.
ਪਰਮੇਸ਼ੁਰ ਦਾ ਮਕਸਦ ਪੂਰਾ ਹੋਵੇਗਾ
ਧਰਤੀ ਨੂੰ ਫਿਰਦੌਸ ਬਣਾਉਣ ਦੇ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਵਿਚ ਥੋੜ੍ਹੇ ਚਿਰ ਵਾਸਤੇ ਇਕ ਰੁਕਾਵਟ ਖੜ੍ਹੀ ਹੋ ਗਈ ਸੀ। ਸਾਡੇ ਮੁਢਲੇ ਮਾਪੇ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦਾ ਹੁਕਮ ਤੋੜ ਕੇ ਪਾਪ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਗਿਆ। ਇਸ ਤਰ੍ਹਾਂ ਉਹ ਪਰਮੇਸ਼ੁਰ ਦੁਆਰਾ ਧਰਤੀ ਉੱਤੇ ਇਨਸਾਨਾਂ ਨੂੰ ਮੁਕੰਮਲ ਜ਼ਿੰਦਗੀ ਦੇਣ ਦੇ ਮੁਢਲੇ ਮਕਸਦ ਨੂੰ ਪੂਰਾ ਕਰਨ ਵਿਚ ਯੋਗਦਾਨ ਪਾਉਣ ਦੇ ਆਪਣੇ ਸਨਮਾਨ ਨੂੰ ਗੁਆ ਬੈਠੇ। ਪਰ ਪਰਮੇਸ਼ੁਰ ਨੇ ਇਸ ਮਕਸਦ ਨੂੰ ਅਧੂਰਾ ਨਹੀਂ ਛੱਡਿਆ, ਇਸ ਨੂੰ ਪੂਰਾ ਕਰਨ ਲਈ ਉਸ ਨੇ ਕੁਝ ਇੰਤਜ਼ਾਮ ਕੀਤੇ। ਕਿਹੜੇ ਇੰਤਜ਼ਾਮ?—ਉਤਪਤ 3:17-19, 23.
ਅਦਨ ਦੇ ਬਾਗ਼ ਵਿਚਲੀ ਹਾਲਤ ਉਸ ਆਦਮੀ ਵਰਗੀ ਸੀ ਜੋ ਬਹੁਤ ਸੋਹਣੀ ਥਾਂ ਤੇ ਘਰ ਬਣਾਉਣਾ ਸ਼ੁਰੂ ਕਰਦਾ ਹੈ। ਜਿਉਂ ਹੀ ਉਸ ਆਦਮੀ ਨੇ ਘਰ ਦੀ ਨੀਂਹ ਧਰੀ, ਕਿਸੇ ਨੇ ਆ ਕੇ ਉਸ ਨੀਂਹ ਨੂੰ ਢਾਹ ਦਿੱਤਾ। ਘਰ ਬਣਾਉਣ ਦਾ ਇਰਾਦਾ ਛੱਡਣ ਦੀ ਬਜਾਇ, ਇਹ ਆਦਮੀ ਕੁਝ ਠੋਸ ਕਦਮ ਉਠਾਉਂਦਾ ਹੈ ਤਾਂਕਿ ਉਹ ਆਪਣੀ ਮਰਜ਼ੀ ਮੁਤਾਬਕ ਘਰ ਬਣਾ ਸਕੇ। ਇਸ ਤਰ੍ਹਾਂ ਕਰਨ ਨਾਲ ਉਸ ਦਾ ਖ਼ਰਚਾ ਤਾਂ ਜ਼ਿਆਦਾ ਹੋਵੇਗਾ ਹੀ, ਪਰ ਕੰਮ ਪੂਰਾ ਨਾ ਹੋਣ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਘਰ ਬਿਲਕੁਲ ਉਸ ਦੇ ਮੁਢਲੇ ਇਰਾਦੇ ਮੁਤਾਬਕ ਬਣ ਕੇ ਤਿਆਰ ਹੋ ਜਾਵੇਗਾ।
ਇਸੇ ਤਰ੍ਹਾਂ, ਪਰਮੇਸ਼ੁਰ ਨੇ ਵੀ ਆਪਣਾ ਮਕਸਦ ਪੂਰਾ ਕਰਨ ਲਈ ਇੰਤਜ਼ਾਮ ਕੀਤੇ ਯਾਨੀ ਠੋਸ ਕਦਮ ਚੁੱਕੇ ਹਨ। ਆਦਮ ਤੇ ਹੱਵਾਹ ਦੇ ਪਾਪ ਕਰਨ ਤੋਂ ਜਲਦੀ ਬਾਅਦ ਉਸ ਨੇ ਉਨ੍ਹਾਂ ਦੀ ਔਲਾਦ ਲਈ ਉਮੀਦ ਦੀ ਕਿਰਣ ਜਗਾਈ। ਉਸ ਨੇ ਇਕ “ਅੰਸ” ਦਾ ਇੰਤਜ਼ਾਮ ਕੀਤਾ ਜੋ ਆਦਮ ਤੇ ਹੱਵਾਹ ਦੇ ਪਾਪ ਕਾਰਨ ਹੋਏ ਸਾਰੇ ਨੁਕਸਾਨ ਨੂੰ ਭਰੇਗੀ। ਭਵਿੱਖਬਾਣੀ ਅਨੁਸਾਰ ਮੁੱਖ ਅੰਸ ਪਰਮੇਸ਼ੁਰ ਦਾ ਪੁੱਤਰ ਯਿਸੂ ਸਾਬਤ ਹੋਇਆ ਜਿਸ ਨੇ ਧਰਤੀ ਉੱਤੇ ਆ ਕੇ ਮਨੁੱਖਜਾਤੀ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ। (ਗਲਾਤੀਆਂ 3:16; ਮੱਤੀ 20:28) ਜਦ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਸਵਰਗੀ ਜੀਵਨ ਲਈ ਦੁਬਾਰਾ ਜੀਉਂਦਾ ਕੀਤਾ, ਤਾਂ ਉਸ ਨੇ ਯਿਸੂ ਨੂੰ ਆਪਣੇ ਸਵਰਗੀ ਰਾਜ ਦਾ ਰਾਜਾ ਨਿਯੁਕਤ ਕੀਤਾ। ਇਸ ਤਰ੍ਹਾਂ ਪਰਮੇਸ਼ੁਰ ਦੀ ਨਿਗਾਹ ਵਿਚ ਸਭ ਤੋਂ ਹਲੀਮ ਵਿਅਕਤੀ ਯਿਸੂ ਸੀ ਜਿਸ ਨੂੰ ਧਰਤੀ ਦਾ ਪਹਿਲਾ ਵਾਰਸ ਬਣਾਇਆ ਗਿਆ। ਯਿਸੂ ਦੇ ਨਾਲ ਉਹ ਵਫ਼ਾਦਾਰ ਲੋਕ ਵੀ ਹਨ ਜਿਨ੍ਹਾਂ ਨੂੰ ਮੌਤ ਤੋਂ ਬਾਅਦ ਦੁਬਾਰਾ ਜੀਉਂਦਾ ਕਰ ਕੇ ਸਵਰਗ ਲੈ ਜਾਇਆ ਜਾਵੇਗਾ ਤੇ ਉਹ ਉਸ ਨਾਲ ਰਾਜ ਕਰਨਗੇ। (ਜ਼ਬੂਰਾਂ ਦੀ ਪੋਥੀ 2:6-9) ਯਿਸੂ ਤੇ ਉਸ ਦੇ ਸਾਥੀਆਂ ਦੀ ਬਣੀ ਇਹ ਸਰਕਾਰ ਧਰਤੀ ਦੇ ਮਸਲਿਆਂ ਨੂੰ ਆਪਣੇ ਹੱਥ ਵਿਚ ਲੈ ਲਵੇਗੀ ਅਤੇ ਪਰਮੇਸ਼ੁਰ ਦੇ ਮਕਸਦ ਅਨੁਸਾਰ ਧਰਤੀ ਦੇ ਹਾਲਾਤਾਂ ਨੂੰ ਸੁਧਾਰ ਕੇ ਧਰਤੀ ਦੀ ਕਾਇਆਂ ਹੀ ਬਦਲ ਦੇਵੇਗੀ। ਧਰਤੀ ਤੇ ਰਹਿੰਦੇ ਲੱਖਾਂ ਹੀ ਹਲੀਮ ਲੋਕ ਇਸ ਅਰਥ ਵਿਚ “ਧਰਤੀ ਦੇ ਵਾਰਸ” ਹਨ ਕਿ ਉਨ੍ਹਾਂ ਨੂੰ ਯਿਸੂ ਅਤੇ ਉਸ ਦੇ ਸਾਥੀਆਂ ਦੇ ਸ਼ਾਸਨ ਦੇ ਸਦਕਾ ਅਣਗਿਣਤ ਬਰਕਤਾਂ ਮਿਲਣਗੀਆਂ।—ਉਤਪਤ 3:15; ਦਾਨੀਏਲ 2:44; ਰਸੂਲਾਂ ਦੇ ਕਰਤੱਬ 2:32, 33; ਪਰਕਾਸ਼ ਦੀ ਪੋਥੀ 20:5, 6.
“ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ”
ਯੂਹੰਨਾ ਰਸੂਲ ਨੇ ਦਰਸ਼ਣ ਵਿਚ ਦੇਖਿਆ ਸੀ ਕਿ ਕੁਝ ਲੋਕ ਸਵਰਗ ਜਾਣਗੇ ਅਤੇ ਜ਼ਿਆਦਾਤਰ ਲੋਕ ਇਸ ਧਰਤੀ ਉੱਤੇ ਰਹਿਣਗੇ। ਉਸ ਨੇ ਦੇਖਿਆ ਕਿ ਸਵਰਗੀ ਸਿੰਘਾਸਣਾਂ ਉੱਤੇ ਰਾਜੇ ਬੈਠੇ ਹੋਏ ਹਨ ਜੋ ਮਸੀਹ ਦੇ ਵਫ਼ਾਦਾਰ ਚੇਲਿਆਂ ਵਿੱਚੋਂ ਚੁਣੇ ਗਏ ਹਨ। ਮਸੀਹ ਦੇ ਇਨ੍ਹਾਂ ਸਾਥੀਆਂ ਬਾਰੇ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ “ਓਹ ਧਰਤੀ ਉੱਤੇ ਰਾਜ ਕਰਨਗੇ।” (ਪਰਕਾਸ਼ ਦੀ ਪੋਥੀ 5:9, 10) ਧਿਆਨ ਦਿਓ ਕਿ ਪਰਮੇਸ਼ੁਰ ਦੇ ਮਕਸਦ ਦੇ ਦੋ ਪਹਿਲੂ ਹਨ—ਇਕ, ਸਵਰਗੀ ਰਾਜ ਜਿਸ ਵਿਚ ਯਿਸੂ ਮਸੀਹ ਅਤੇ ਉਸ ਦੇ ਸਾਥੀ ਰਾਜ ਕਰਨਗੇ ਅਤੇ ਦੂਜਾ, ਉਨ੍ਹਾਂ ਦੀ ਅਗਵਾਈ ਹੇਠ ਇਸ ਧਰਤੀ ਉੱਤੇ ਵਧੀਆ ਹਾਲਾਤ ਪੈਦਾ ਕੀਤੇ ਜਾਣਗੇ। ਪਰਮੇਸ਼ੁਰ ਦੇ ਇਨ੍ਹਾਂ ਇੰਤਜ਼ਾਮਾਂ ਦੀ ਬਦੌਲਤ ਉਸ ਦੇ ਮੁਢਲੇ ਮਕਸਦ ਅਨੁਸਾਰ ਧਰਤੀ ਨੂੰ ਫਿਰਦੌਸ ਵਿਚ ਬਦਲ ਦਿੱਤਾ ਜਾਵੇਗਾ।
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਕਿ ਜਿਵੇਂ ਉਸ ਦੀ ਮਰਜ਼ੀ “ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਕੀ ਇਨ੍ਹਾਂ ਸ਼ਬਦਾਂ ਦੀ ਕੋਈ ਤੁਕ ਬਣਦੀ ਹੈ ਜੇ ਧਰਤੀ ਨੂੰ ਨਾਸ਼ ਕਰ ਦਿੱਤਾ ਜਾਵੇ ਜਾਂ ਫਿਰ ਜੇ ਇਹ ਮੰਨਿਆ ਜਾਵੇ ਕਿ ਧਰਤੀ ਸਵਰਗ ਨੂੰ ਦਰਸਾਉਂਦੀ ਹੈ? ਇਸੇ ਤਰ੍ਹਾਂ, ਕੀ ਇਹ ਲਫ਼ਜ਼ ਕੋਈ ਮਾਅਨੇ ਰੱਖਣਗੇ ਜੇ ਸਾਰੇ ਹੀ ਧਰਮੀ ਲੋਕ ਸਵਰਗ ਨੂੰ ਚਲੇ ਜਾਣ? ਬਾਈਬਲ ਵਿਚ ਸ੍ਰਿਸ਼ਟੀ ਦੇ ਬਿਰਤਾਂਤ ਤੋਂ ਲੈ ਕੇ ਪਰਕਾਸ਼ ਦੀ ਪੋਥੀ ਦੇ ਦਰਸ਼ਣਾਂ ਵਿਚ ਧਰਤੀ ਸੰਬੰਧੀ ਪਰਮੇਸ਼ੁਰ ਦੀ ਮਰਜ਼ੀ ਸਾਫ਼-ਸਾਫ਼ ਦੱਸੀ ਗਈ ਹੈ। ਪਰਮੇਸ਼ੁਰ ਆਪਣੇ ਮਕਸਦ ਮੁਤਾਬਕ ਇਸ ਧਰਤੀ ਨੂੰ ਫਿਰਦੌਸ ਬਣਾ ਕੇ ਹੀ ਰਹੇਗਾ। ਇਹੀ ਉਸ ਦੀ ਮਰਜ਼ੀ ਹੈ ਜੋ ਪੂਰੀ ਹੋ ਕੇ ਰਹੇਗੀ। ਉਸ ਦੇ ਵਫ਼ਾਦਾਰ ਭਗਤ ਇਸੇ ਮਰਜ਼ੀ ਬਾਰੇ ਉਸ ਨੂੰ ਪ੍ਰਾਰਥਨਾ ਕਰਦੇ ਹਨ।
ਸਾਡਾ ਸਿਰਜਣਹਾਰ ਆਪਣੇ ਵਾਅਦਿਆਂ ਦਾ ਪੱਕਾ ਹੈ। ਉਹ ਸ਼ੁਰੂ ਤੋਂ ਹੀ ਚਾਹੁੰਦਾ ਸੀ ਕਿ ਇਨਸਾਨ ਧਰਤੀ ਉੱਤੇ ਹਮੇਸ਼ਾ ਲਈ ਜੀਣ। (ਮਲਾਕੀ 3:6; ਯੂਹੰਨਾ 17:3; ਯਾਕੂਬ 1:17) ਸੌ ਤੋਂ ਵੀ ਜ਼ਿਆਦਾ ਸਾਲਾਂ ਤੋਂ ਪਹਿਰਾਬੁਰਜ ਰਸਾਲਾ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਤੇ ਰੌਸ਼ਨੀ ਪਾਉਂਦਾ ਆਇਆ ਹੈ ਕਿ ਕੁਝ ਗਿਣੇ-ਚੁਣੇ ਇਨਸਾਨ ਸਵਰਗ ਨੂੰ ਜਾਣਗੇ ਅਤੇ ਬਾਕੀ ਦੇ ਧਰਤੀ ਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ। ਪਹਿਰਾਬੁਰਜ ਰਾਹੀਂ ਸਾਨੂੰ ਬਾਈਬਲ ਵਿਚ ਪਾਏ ਜਾਂਦੇ ਧਰਤੀ ਸੰਬੰਧੀ ਵਾਅਦਿਆਂ ਨੂੰ ਸਮਝਣ ਵਿਚ ਮਦਦ ਮਿਲਦੀ ਹੈ। ਅਸੀਂ ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਲੈਣ ਦਾ ਸੱਦਾ ਦਿੰਦੇ ਹਾਂ। ਤੁਸੀਂ ਇਸ ਬਾਰੇ ਜਾਂ ਤਾਂ ਯਹੋਵਾਹ ਦੇ ਗਵਾਹਾਂ ਨਾਲ ਗੱਲ ਕਰ ਸਕਦੇ ਹੋ ਜਾਂ ਫਿਰ ਇਸ ਰਸਾਲੇ ਦੇ ਪ੍ਰਕਾਸ਼ਕਾਂ ਨਾਲ ਸੰਪਰਕ ਕਰ ਸਕਦੇ ਹੋ।
[ਫੁਟਨੋਟ]
a ਬਾਈਬਲ ਦੇ ਕਈ ਤਰਜਮਿਆਂ ਵਿਚ ਇਬਰਾਨੀ ਸ਼ਬਦ ਈਰੈੱਟਸ ਨੂੰ “ਧਰਤੀ” ਅਨੁਵਾਦ ਕਰਨ ਦੀ ਬਜਾਇ “ਦੇਸ਼” ਅਨੁਵਾਦ ਕੀਤਾ ਗਿਆ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜ਼ਬੂਰਾਂ ਦੀ ਪੋਥੀ 37:11, 29 ਵਿਚ ਈਰੈੱਟਸ ਸ਼ਬਦ ਸਿਰਫ਼ ਉਸ ਦੇਸ਼ ਲਈ ਵਰਤਿਆ ਗਿਆ ਹੈ ਜੋ ਇਸਰਾਏਲ ਕੌਮ ਨੂੰ ਦਿੱਤਾ ਗਿਆ ਸੀ। ਵਿਲੀਅਮ ਵਿਲਸਨ ਦੀ ਕਿਤਾਬ ਓਲਡ ਟੈਸਟਾਮੈਂਟ ਵਰਡ ਸਟੱਡੀਜ਼ ਈਰੈੱਟਸ ਸ਼ਬਦ ਦੀ ਇਹ ਪਰਿਭਾਸ਼ਾ ਦਿੰਦੀ ਹੈ, ‘ਇਹ ਮੁੱਖ ਤੌਰ ਤੇ ਪੂਰੀ ਧਰਤੀ ਨੂੰ ਦਰਸਾਉਂਦਾ ਹੈ। ਕਦੇ-ਕਦੇ ਇਹ ਸ਼ਬਦ ਧਰਤੀ ਉੱਤੇ ਕਿਸੇ ਰਾਜ ਜਾਂ ਦੇਸ਼ ਲਈ ਵੀ ਇਸਤੇਮਾਲ ਹੁੰਦਾ ਹੈ।’ ਇਸ ਲਈ ਇਸ ਇਬਰਾਨੀ ਸ਼ਬਦ ਦਾ ਮੂਲ ਅਰਥ ਸਾਡਾ ਗ੍ਰਹਿ ਯਾਨੀ ਧਰਤੀ ਹੈ।
[ਸਫ਼ਾ 4 ਉੱਤੇ ਤਸਵੀਰ]
ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਧਰਤੀ ਨੂੰ ਬਾਗ਼ ਵਰਗਾ ਸੁੰਦਰ ਬਣਾਇਆ ਜਾਵੇਗਾ
[ਸਫ਼ਾ 7 ਉੱਤੇ ਤਸਵੀਰ]
ਕੀ ਯਿਸੂ ਦੀ ਆਦਰਸ਼ ਪ੍ਰਾਰਥਨਾ ਦੀ ਕੋਈ ਤੁਕ ਬਣਦੀ ਹੈ ਜੇ ਧਰਤੀ ਨੂੰ ਨਾਸ਼ ਕਰ ਦਿੱਤਾ ਜਾਵੇ?