ਪਰਮੇਸ਼ੁਰ ਨੂੰ ਜਾਣੋ
ਯਹੋਵਾਹ ਸਾਥੋਂ ਕੀ ਚਾਹੁੰਦਾ ਹੈ?
ਕਹਿਣਾ ਮੰਨੀਏ ਜਾਂ ਨਾ ਮੰਨੀਏ—ਇਹ ਫ਼ੈਸਲਾ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਮਿਸਾਲ ਲਈ, ਜਦ ਕੋਈ ਅਧਿਕਾਰੀ ਜਾਂ ਹਾਕਮ ਦੂਜਿਆਂ ਉੱਤੇ ਰੋਹਬ ਜਮਾਉਂਦਾ ਹੈ, ਤਾਂ ਲੋਕ ਖ਼ੁਸ਼ੀ-ਖ਼ੁਸ਼ੀ ਜਾਂ ਦਿਲੋਂ ਉਸ ਦਾ ਕਹਿਣਾ ਨਹੀਂ ਮੰਨਦੇ। ਪਰ ਯਹੋਵਾਹ ਪਰਮੇਸ਼ੁਰ ਦੇ ਲੋਕ ਮਜਬੂਰ ਹੋ ਕੇ ਨਹੀਂ, ਸਗੋਂ ਖ਼ੁਸ਼ੀ ਨਾਲ ਉਸ ਦਾ ਕਹਿਣਾ ਮੰਨਦੇ ਹਨ। ਕਿਉਂ? ਇਸ ਦਾ ਜਵਾਬ ਪਾਉਣ ਲਈ ਆਓ ਆਪਾਂ ਬਿਵਸਥਾ ਸਾਰ 10:12, 13 ਵਿਚ ਮੂਸਾ ਦੀਆਂ ਗੱਲਾਂ ਵੱਲ ਧਿਆਨ ਦੇਈਏ।a
ਪਰਮੇਸ਼ੁਰ ਦੀਆਂ ਮੰਗਾਂ ਦਾ ਨਿਚੋੜ ਦਿੰਦੇ ਹੋਏ ਮੂਸਾ ਨੇ ਇਕ ਅਹਿਮ ਸਵਾਲ ਕੀਤਾ: ‘ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਥੋਂ ਕੀ ਚਾਹੁੰਦਾ ਹੈ?’ (ਆਇਤ 12) ਸਰਬਸ਼ਕਤੀਮਾਨ ਅਤੇ ਜੀਵਨ ਦਾ ਸੋਮਾ ਹੋਣ ਕਰਕੇ ਪਰਮੇਸ਼ੁਰ ਦਾ ਸਾਡੇ ਤੋਂ ਜੋ ਮਰਜ਼ੀ ਪੁੱਛਣ ਦਾ ਹੱਕ ਹੈ। (ਜ਼ਬੂਰਾਂ ਦੀ ਪੋਥੀ 36:9; ਯਸਾਯਾਹ 33:22) ਇਸ ਲਈ ਯਹੋਵਾਹ ਆਪਣਾ ਹੱਕ ਜਤਾ ਕੇ ਸਾਨੂੰ ਉਸ ਦਾ ਕਹਿਣਾ ਮੰਨਣ ਲਈ ਮਜਬੂਰ ਕਰ ਸਕਦਾ ਹੈ। ਪਰ ਉਹ ਇਸ ਤਰ੍ਹਾਂ ਨਹੀਂ ਕਰਦਾ। ਤਾਂ ਫਿਰ ਉਹ ਸਾਡੇ ਤੋਂ ਕੀ ਚਾਹੁੰਦਾ ਹੈ? ਇਹ ਕਿ ਅਸੀਂ “ਮਨੋਂ ਉਹ ਦੇ ਆਗਿਆਕਾਰ” ਹੋਈਏ।—ਰੋਮੀਆਂ 6:17.
ਪਰਮੇਸ਼ੁਰ ਦਾ ਕਹਿਣਾ ਮੰਨਣ ਲਈ ਸਾਨੂੰ ਕਿਹੜੀ ਗੱਲ ਪ੍ਰੇਰ ਸਕਦੀ ਹੈ? ਮੂਸਾ ਨੇ ਇਕ ਗੱਲ ਦੱਸੀ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਭੈ ਖਾਓ।”b (ਆਇਤ 12) ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਪਰਮੇਸ਼ੁਰ ਵੱਲੋਂ ਸਜ਼ਾ ਭੋਗਣ ਦਾ ਡਰ ਹੋਣਾ ਚਾਹੀਦਾ, ਸਗੋਂ ਅਸੀਂ ਉਸ ਲਈ ਸ਼ਰਧਾ ਰੱਖਦੇ ਹਾਂ ਕਿਉਂਕਿ ਉਸ ਦੇ ਰਾਹ ਸਹੀ ਹਨ। ਜਦੋਂ ਅਸੀਂ ਅਜਿਹਾ ਭੈ ਰੱਖਦੇ ਹਾਂ, ਤਾਂ ਅਸੀਂ ਉਸ ਨੂੰ ਨਾਰਾਜ਼ ਨਹੀਂ ਕਰਾਂਗੇ।
ਪਰ ਸਾਨੂੰ ਸਿਰਫ਼ ਭੈ ਰੱਖਣ ਕਰਕੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਣਾ ਚਾਹੀਦਾ। ਮੂਸਾ ਨੇ ਲਿਖਿਆ ਕਿ ਯਹੋਵਾਹ “ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ।” (ਆਇਤ 12) ਪਰਮੇਸ਼ੁਰ ਨੂੰ ਪਿਆਰ ਕਰਨ ਵਿਚ ਸਿਰਫ਼ ਸਾਡੇ ਜਜ਼ਬਾਤ ਨਹੀਂ ਸ਼ਾਮਲ। ਇਸ ਬਾਰੇ ਇਕ ਕਿਤਾਬ ਕਹਿੰਦੀ ਹੈ: “ਇਬਰਾਨੀ ਭਾਸ਼ਾ ਵਿਚ ਜਜ਼ਬਾਤਾਂ ਲਈ ਵਰਤੀਆਂ ਗਈਆਂ ਕ੍ਰਿਆਵਾਂ ਕਦੇ-ਕਦੇ ਕੰਮਾਂ ਨੂੰ ਵੀ ਸੰਕੇਤ ਕਰਦੀਆਂ ਹਨ।” ਇਹੀ ਕਿਤਾਬ ਕਹਿੰਦੀ ਹੈ ਕਿ ਪਰਮੇਸ਼ੁਰ ਨੂੰ ਪਿਆਰ ਕਰਨ ਦਾ ਮਤਲਬ ਹੈ ਉਸ ਲਈ ਆਪਣਾ “ਪਿਆਰ ਜ਼ਾਹਰ ਕਰਨਾ।” ਕਹਿਣ ਦਾ ਮਤਲਬ ਹੈ ਕਿ ਜੇ ਅਸੀਂ ਪਰਮੇਸ਼ੁਰ ਨੂੰ ਸੱਚ-ਮੁੱਚ ਪਿਆਰ ਕਰਦੇ ਹਾਂ, ਤਾਂ ਅਸੀਂ ਉਹੀ ਕੰਮ ਕਰਾਂਗੇ ਜੋ ਉਸ ਨੂੰ ਮਨਜ਼ੂਰ ਹਨ।—ਕਹਾਉਤਾਂ 27:11.
ਸਾਨੂੰ ਕਿਸ ਹੱਦ ਤਕ ਪਰਮੇਸ਼ੁਰ ਦਾ ਕਹਿਣਾ ਮੰਨਣਾ ਚਾਹੀਦਾ ਹੈ? ਮੂਸਾ ਨੇ ਕਿਹਾ: “ਉਸ ਦੇ ਸਾਰੇ ਰਾਹਾਂ ਉੱਤੇ ਚੱਲੋ।” (ਆਇਤ 12) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਹੀ ਕਰੀਏ ਜੋ ਉਹ ਕਹਿੰਦਾ ਹੈ। ਪਰ ਹਮੇਸ਼ਾ ਉਸ ਦਾ ਕਹਿਣਾ ਮੰਨ ਕੇ ਕੀ ਸਾਡਾ ਕਦੇ ਨੁਕਸਾਨ ਵੀ ਹੋ ਸਕਦਾ ਹੈ? ਬਿਲਕੁਲ ਨਹੀਂ।
ਖ਼ੁਸ਼ੀ-ਖ਼ੁਸ਼ੀ ਯਹੋਵਾਹ ਦਾ ਕਹਿਣਾ ਮੰਨ ਕੇ ਸਾਨੂੰ ਬਰਕਤਾਂ ਮਿਲਣਗੀਆਂ। ਮੂਸਾ ਨੇ ਲਿਖਿਆ ਕਿ ਉਨ੍ਹਾਂ “ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਡੀ ਭਲਿਆਈ ਲਈ ਤੁਹਾਨੂੰ ਹੁਕਮ ਦਿੰਦਾ ਹਾਂ।” (ਆਇਤ 13) ਹਾਂ, ਯਹੋਵਾਹ ਦੇ ਸਾਰੇ ਹੁਕਮ ਯਾਨੀ ਜੋ ਵੀ ਉਹ ਸਾਥੋਂ ਮੰਗਦਾ ਹੈ, ਹਮੇਸ਼ਾ ਸਾਡੇ ਫ਼ਾਇਦੇ ਲਈ ਹੁੰਦਾ ਹੈ। ਕੀ ਬਾਈਬਲ ਇਹ ਨਹੀਂ ਕਹਿੰਦੀ ਕਿ “ਪਰਮੇਸ਼ੁਰ ਪ੍ਰੇਮ ਹੈ”? (1 ਯੂਹੰਨਾ 4:8) ਸੋ ਉਸ ਦੇ ਹੁਕਮ ਸਾਡੇ ਫ਼ਾਇਦੇ ਲਈ ਹੀ ਹੋਣਗੇ, ਅੱਜ ਵੀ ਅਤੇ ਆਉਣ ਵਾਲੇ ਸਮੇਂ ਵਿਚ ਵੀ। (ਯਸਾਯਾਹ 48:17) ਜੇ ਅਸੀਂ ਉਹੀ ਕਰਦੇ ਰਹਾਂਗੇ ਜੋ ਪਰਮੇਸ਼ੁਰ ਕਹਿੰਦਾ ਹੈ, ਤਾਂ ਸਾਨੂੰ ਘੱਟ ਮੁਸ਼ਕਲਾਂ ਆਉਣਗੀਆਂ ਅਤੇ ਉਸ ਦੇ ਰਾਜ ਅਧੀਨ ਅਸੀਂ ਬੇਅੰਤ ਖ਼ੁਸ਼ੀਆਂ ਪਾਵਾਂਗੇ।c
ਤਾਂ ਫਿਰ ਕਹਿਣਾ ਮੰਨੀਏ ਜਾਂ ਨਾ ਮੰਨੀਏ? ਜਿੱਥੇ ਯਹੋਵਾਹ ਦਾ ਕਹਿਣਾ ਮੰਨਣ ਦੀ ਗੱਲ ਆਉਂਦੀ ਹੈ, ਉੱਥੇ ਇੱਕੋ ਹੀ ਫ਼ੈਸਲਾ ਸਹੀ ਹੋਵੇਗਾ। ਪੂਰੀ ਤਰ੍ਹਾਂ ਅਤੇ ਦਿਲੋਂ ਯਹੋਵਾਹ ਦਾ ਕਹਿਣਾ ਮੰਨਣ ਨਾਲ ਸਾਡਾ ਹਮੇਸ਼ਾ ਭਲਾ ਹੋਵੇਗਾ। ਇਸ ਤਰ੍ਹਾਂ ਕਰਨ ਨਾਲ ਅਸੀਂ ਯਹੋਵਾਹ ਦੇ ਹੋਰ ਵੀ ਨਜ਼ਦੀਕ ਹੁੰਦੇ ਜਾਵਾਂਗੇ ਕਿਉਂਕਿ ਉਹ ਹਮੇਸ਼ਾ ਸਾਡਾ ਭਲਾ ਚਾਹੁੰਦਾ ਹੈ। (w09-E 10/01)
[ਫੁਟਨੋਟ]
a ਭਾਵੇਂ ਮੂਸਾ ਦੀਆਂ ਗੱਲਾਂ ਇਸਰਾਏਲ ਕੌਮ ਲਈ ਲਿਖੀਆਂ ਗਈਆਂ ਸਨ, ਪਰ ਇਹ ਗੱਲਾਂ ਅੱਜ ਉਨ੍ਹਾਂ ਸਾਰਿਆਂ ʼਤੇ ਲਾਗੂ ਹੁੰਦੀਆਂ ਹਨ ਜੋ ਰੱਬ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ।—ਰੋਮੀਆਂ 15:4.
b ਬਿਵਸਥਾ ਸਾਰ ਦੀ ਕਿਤਾਬ ਵਿਚ ਮੂਸਾ ਨੇ ਵਾਰ-ਵਾਰ ਕਿਹਾ ਕਿ ਪਰਮੇਸ਼ੁਰ ਦੇ ਹਰੇਕ ਸੇਵਕ ਨੂੰ ਉਸ ਦਾ ਭੈ ਰੱਖਣਾ ਚਾਹੀਦਾ ਹੈ।—ਬਿਵਸਥਾ ਸਾਰ 4:10; 6:13, 24; 8:6; 13:4; 31:12, 13.
c ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਤੀਜਾ ਅਧਿਆਇ, “ਧਰਤੀ ਲਈ ਯਹੋਵਾਹ ਦਾ ਕੀ ਮਕਸਦ ਹੈ?” ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।